ਲੇਖ
ਪੈਸੇ ਦੀ ਕੀਮਤ ਸਮੇਂ ਦੇ ਨਾਲ ਨਾਲ ਬਦਲਦੀ ਰਹਿੰਦੀ ਹੈ।ਪਿਛਲੀ ਸਦੀ ਦੇ ਛੇਵੇਂ, ਸੱਤਵੇਂ ਦਹਾਕੇ ਵਿਚ ਮਹਿੰਗਾਈ ਉਤੇ ਇਕ ਗਾਣਾ ਹੁੰਦਾ ਸੀ, ਜਿਸ ਵਿਚ ਟਾਂਚ ਨਾਲ ਕਿਹਾ ਗਿਆ ਸੀ, ‘ਸੋਨਾ ਹੋ ਗਿਆ, ਇੱਕ ਸੋ ਚਾਲੀ' ਇੱਕ ਸੌ ਚਾਲੀ ਰੁਪਏ ਤੋਲਾ ਜੇ ਅੱਜ ਸੋਨਾ ਹੋਵੇ ਤਾਂ ਲੋਕ ਲੜ ਲੜ ਮਰ ਜਾਣ। ਅੱਜ ਇੱਕ ਸੋ ਚਾਲੀ ਨੂੰ ਸੋ ਨਾਲ ਹੀ ਜਰਬ ਆਈ ਹੋਈ ਹੈ। 30–40 ਸਾਲਾਂ ਵਿਚ ਸੋ ਗੁਣਾ ਕੀਮਤ ਵਧ ਗਈ ਹੈ। ਇਸੇ ਤਰ੍ਹਾਂ ਬਾਕੀ ਚੀਜ਼ਾਂ ਨਾਲ ਵੀ ਹੋਇਆ ਹੈ, ਚਾਂਦੀ ਦੇ ਗਹਿਣੇ ਗਰੀਬੀ ਦੀ ਨਿਸ਼ਾਨੀ ਗਿਣੇ ਜਾਂਦੇ ਸਨ, ਪਰ ਅੱਜ ਚਾਂਦੀ ਵੀ 20,000 ਰੁਪਏ ਕਿੱਲੋ ਦੇ ਨੇੜੇ ਤੇੜੇ ਹੋਈ ਫਿਰਦੀ ਹੈ। 1972 ਵਿਚ ਨਵੀਂ ਫੀਏਟ ਕਾਰ 20,000 ਰੁਪਏ ਵਿਚ ਆ ਜਾਂਦੀ ਸੀ, ਅੱਜ ਕਾਰ ਦੇ ਚਾਰ ਟਾਇਰ ਹੀ ਇੰਨ੍ਹੇ ਰੁਪਏ ਖਾ ਜਾਂਦੇ ਹਨ।
----
ਹਰ ਚੀਜ਼ ਦੀ ਕੀਮਤ ਵਧੀ ਹੈ। ਹੁਣ ਜੇਕਰ ਕੀਮਤ ਵਧੀ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਮਹਿੰਗੀਆਂ ਚੀਜ਼ਾਂ ਖਰੀਦੀਆਂ ਵੀ ਜਾਂਦੀਆਂ ਹੋਣਗੀਆਂ। ਜੇਕਰ ਸੁਨਿਆਰੇ ਦੀ ਆਮਦਨ ਵਧੀ ਹੈ ਤਾਂ ਖਰਚੇ ਵੀ ਵਧੇ ਹਨ। ਕੱਪੜਾ, ਅਨਾਜ ਵੀ ਉਸੇ ਹਿਸਾਬ ਵਧਿਆ ਹੈ। ਸਾਰਿਆਂ ਲਈ ਹੀ ਮੁਨਾਫੇ ਵਧੇ ਹਨ ਤੇ ਸਾਰਿਆਂ ਲਈ ਹੀ ਖਰਚੇ ਵਧੇ ਹਨ। ਕਦੇ ਕਦੇ ਮੈਨੂੰ ਇੰਜ ਲੱਗਦਾ ਹੈ ਕਿ ਅਸੀਂ ਹੇਠਲੀ ਪੌੜੀ ਤੇ ਬੈਠੇ ਬੈਠੇ, ਉਤਲੀਆਂ ਪੌੜੀਆਂ ਤੇ ਆ ਗਏ ਹਾਂ। ਉਹੋ ਹੀ ਪੈਸਾ ਸਾਡੇ ਵਿਚ ਘੁੰਮੀ ਜਾ ਰਿਹਾ ਹੈ। ਨਾ ਸਾਡਾ ਆਦਿ ਬਦਲਿਆ ਹੈ ਨਾ ਸਾਡਾ ਅੰਤ। ਮਿਸਾਲ ਦੇ ਤੌਰ ਤੇ ਫਲਾਂ, ਸਬਜ਼ੀਆਂ ਨੇ ਪੌਦਿਆਂ ਨੂੰ ਲੱਗਣਾ ਘੱਟ ਨਹੀਂ ਕੀਤਾ। ਉਹਨਾਂ ਕਦੇ ਜਵਾਬ ਨਹੀਂ ਦਿੱਤਾ ਕਿ ਸਾਡੀ ਕੀਮਤ ਵਧਾ ਦੇਵੋ, ਤਾਂ ਹੀ ਅਸੀਂ ਲੱਗਾਂਗੇ। ਉਹਨਾਂ ਨੇ ਤਾਂ ਕੁਦਰਤ ਦੇ ਕਿਸੇ ਅਸੂਲ ਨੂੰ ਭੰਗ ਨਹੀਂ ਕੀਤਾ। ਅਸੀਂ ਹੀ ਹਾਂ ਜੋ ਲਾਲਸਾ ਤੇ ਲਾਲਚ ਦੇ ਲਈ ਇਹਨਾਂ ਮੁਫਤ ਮਿਲਣ ਵਾਲੀਆਂ ਨਿਆਮਤਾਂ ਨੂੰ ਮਹਿੰਗੇ ਸਸਤੇ ਕਰਦੇ ਰਹਿੰਦੇ ਹਾਂ। ਮੈਂ ਤੁਹਾਨੂੰ ਇੱਕ ਮਿਸਾਲ ਦੇਂਦਾ ਹਾਂ। ਸਾਡੇ ਘਰ ਗਿੰਨੀ ਪਿੱਗ (ਨਿੱਕੇ ਖਰਗੋਸ਼ ਨੁਮਾ ਜਾਨਵਰ) ਰੱਖੇ ਹੋਏ ਹਨ। ਉਹਨਾਂ ਨੂੰ ਸਾਰਾ ਸਾਲ ਪਾਲਕ, ਗਾਜਰਾਂ ਜਾਂ ਖੀਰੇ ਚਾਹੀਦੇ ਹਨ। ਇਹ ਨਿੱਤ ਦਿਨ ਦਾ ਖਰਚਾ ਹੈ। ਇਸ ਲਈ ਮੈਨੂੰ ਲਗਭਗ ਰੋਜ਼ ਸਬਜੀਆਂ ਵਾਲਿਆਂ ਕੋਲ ਜਾਣਾ ਪੈਂਦਾ ਹੈ। ਉਹ ਕਦੇ ਰੇਟ ਨਹੀਂ ਘੱਟ ਕਰਦੇ। ਉਹਨਾਂ ਦੇ ਬਹਾਨੇ ਬੜੇ ਅਜੀਬ ਹਨ।
* ਦੇਖੋ, ਸਰਦਾਰ ਜੀ ਗਰਮੀ ਕਿੰਨੀ ਪੈ ਰਹੀ ਹੈ।
* ਆਹ ਤਾਂ ਅੱਜ ਮੀਂਹ ਕਰਕੇ ਮਹਿੰਗੇ ਹੋ ਗਏ
*ਪਿੱਛੇ ਜੀ ਪਹਾੜ ਵਿਚ ਸੋਕਾ ਹੀ ਬਹੁਤ ਹੈ।
* ਸਰਦੀ ਦੇ ਕਰਕੇ ਇਹ ਤਾਂ ਜੀ ਮਹਿੰਗੇ ਹੋ ਹੀ ਜਾਂਦੇ ਹਨ।
* ਲਓ ਜੀ ਵਰਤਾਂ ਦੇ ਦਿਨਾਂ 'ਚ ਮਹਿੰਗੇ ਨੀ ਹੋਣੇ ਤਾਂ ਫੇਰ ਕਦ ਹੋਣੇ।
* ਵਿਆਹਾਂ ਦਾ ਸੀਜ਼ਨ ਹੈ ਜੀ, ਸ਼ੁਕਰ ਕਰੋ ਮਿਲ ਗਏ।
* ਦੁਸਿਹਰੇ ਤੋਂ ਦੀਵਾਲੀ ਤੱਕ ਤਾਂ ਰੇਟ ਨਾ ਪੁੱਛੋ ਜੀ।
* ਸਰਦਾਰ ਜੀ ਬਿਜਲੀ ਸਪਲਾਈ ਆਉਂਦੀ ਨਹੀਂ, ਮਹਿੰਗੇ ਭਾਅ ਦੇ ਡੀਜ਼ਲ ਇੰਜਣ ਚਲਾ ਕੇ ਪਾਲਣੇ ਪੈਂਦੇ ਹਨ।
----
ਗੱਲ ਕੀ ! ਜੋ ਵੀ ਮੌਸਮ ਹੈ ਜਾਂ ਦਿਨ, ਉਹੀ ਗਾਹਕ ਲਈ ਮਹਿੰਗਾਈ ਦਾ ਕਾਰਣ ਹੈ। ਇੰਜ ਸਾਰੇ ਕਿੱਤਿਆਂ ਵਿਚ ਲਗਭਗ ਇਹੀ ਕੁਝ ਹੋ ਰਿਹਾ ਹੈ। ਇਹ ਪੈਸੇ ਦਾ ਬੇਲੋੜਾ ਪਸਾਰ ਹਰ ਥਾਂ ਪਸਰ ਰਿਹਾ ਹੈ। ਵਿਦਿਆ ਦੇਣਾ ਹੁਣ ਭਾਵਨਾ ਨਹੀਂ, ਮੋਟਾ ਵਪਾਰ ਬਣ ਗਈ ਹੈ। ਏਨੇ ਪੈਸੇ ਖਰਚ ਕਿ ਵੀ ਵਿੱਦਿਆ ਨਾਲ ਬੌਧਿਕਤਾ ਨਹੀਂ ਵਧਾਈ ਜਾ ਰਹੀ। ਚੰਗੇ ਨਤੀਜੇ ਦਿਖਾਉਣ ਲਈ ਨਕਲ ਦਾ ਸਹਾਰਾ ਲਿਆ ਜਾ ਰਿਹਾ ਹੈ। ਅਸੀਂ ਆਪਣੀ ਮੂਲ ਨੀਂਹ ਹੀ ਕੱਚੀ ਇੱਟ ਦੀ ਬਣਾਈ ਜਾ ਰਹੇ ਹਾਂ। ਮਨੁੱਖ ਇਹ ਭੁੱਲ ਹੀ ਗਿਆ ਹੈ ਕਿ ਉਹ ਇਸ ਧਰਤੀ ਤੇ ਜਿਊਣ ਲਈ ਆਇਆ ਹੈ, ਪੈਸੇ ਕਮਾਉਣ ਲਈ ਨਹੀਂ। ਅਗਲੀਆਂ ਪੀੜੀਆਂ ਲਈ ਪੈਸੇ ਇਕੱਠੇ ਕਰਦਾ ਕਰਦਾ ਇਨਸਾਨ ਆਪਣੀ ਜਿੰਦਗੀ ਤਾਂ ਬਰਬਾਦ ਜਾਂ ਕਿਸੇ ਕਿੱਤੇ ਵਿਚ ਕੈਦ ਹੀ ਕਰ ਲੈਂਦਾ ਹੈ, ਨਾਲ ਹੀ ਨਾਲ ਆਪਣੀ ਅਗਲੀ ਪੀੜ੍ਹੀ ਨੂੰ ਨਿਕੰਮੀ ਵੀ ਕਰ ਦੇਂਦਾ ਹੈ। ਫੇਰ ਜੋ ਅੱਜ ਇਹ ਪਰਿਵਾਰਾਂ ਵਿਚ ਹੋ ਰਹੇ ਗਹਿਰੇ ਜ਼ਖ਼ਮ ਅਸੀਂ ਦੇਖਦੇ ਹਾਂ, ਇਸੇ ਦਾ ਨਤੀਜਾ ਹੈ। ਮੇਰੇ ਕੋਲ ਇਕ ਦਿਨ ਇਕ ਬੜਾ ਹੀ ਅਮੀਰ ਨਾਮੀ ਬੰਦਾ ਆਇਆ। ਉਹ ਬਹੁਤ ਚਿੰਤਤ ਸੀ ਕਿ ਉਸਦਾ ਕੰਮ ਜਲਦੀ ਹੋ ਜਾਵੇ। ਮੈਂ ਉਸਨੂੰ ਜਦੋਂ ਕਾਰਣ ਪੁੱਛਿਆ ਤਾਂ ਉਸ ਨੇ ਕਿਹਾ ਕਿ ਹੁਣ ਉਸਦੀ ਆਪਣੇ ਪੁੱਤਰਾਂ ਨਾਲ ਨਹੀਂ ਬਣਦੀ। ਉਹ ਘਰ ਦੇ ਇਕ ਕਮਰੇ ਵਿਚ ਇਕੱਲਾ ਹੀ ਰਹਿ ਰਿਹਾ ਹੈ ਤੇ ਉਸਨੂੰ ਲੱਗਦਾ ਹੈ ਕਿ ਉਸ ਨੇ ਜਲਦੀ ਹੀ ਮਰ ਜਾਣਾ ਹੈ। ਮੈਂ ਕਿਹਾ ਕਿ ਤੁਸੀਂ ਜਲਦੀ ਨਹੀਂ ਮਰਨਾ, ਜਿੰਨੀ ਦੇਰ ਤੁਸੀਂ ਆਪਣੇ ਪਾਪਾਂ ਦਾ ਹਿਸਾਬ ਨਹੀਂ ਚੁਕਾਉਂਦੇ, ਤੁਸੀਂ ਇਸ ਦੁਨੀਆਂ 'ਚੋਂ ਨਹੀਂ ਜਾ ਸਕਦੇ। ਉਹ ਠਠੰਬਰ ਗਿਆ ਤੇ ਪੁੱਛਿਆ ਕਿ ਉਸ ਨੇ ਕੋਈ ਪਾਪ ਨਹੀਂ ਕੀਤਾ। ਉਸ ਨੇ ਸਗੋਂ ਗਰੀਬੀ 'ਚੋਂ ਉੱਠ ਕਿ ਚੰਗੇ ਪੈਸੇ ਕਮਾਏ ਹਨ। ਚੰਗੀ ਜਾਇਦਾਦ ਬਣਾਈ ਹੈ। ਬੱਚਿਆਂ ਨੂੰ ਹਰ ਸ਼ੈਅ ਦਿੱਤੀ ਹੇ। ਬਣਿਆਂ ਬਣਾਇਆ ਵਪਾਰ ਦਿੱਤਾ ਹੈ। ਇਹ ਪਾਪ ਕਿਵੇਂ ਹੋਇਆ? ਮੈਂ ਆਖਿਆ, ਇਹੋ ਤਾਂ ਪਾਪ ਕੀਤਾ, ਤੁਸੀਂ ਸਭ ਕੁਝ ਦਿੱਤਾ ਪਰ ਉਹਨਾਂ ਨੂੰ ਆਪਣੇ ਆਪ ਦੁਨੀਆਂ ਨਾਲ ਜੂਝ ਕੇ, ਮਾਣ ਨਾਲ ਖੜ੍ਹੇ ਹੋਣ ਦਾ ਮੌਕਾ ਨਹੀਂ ਦਿੱਤਾ। ਤੁਸੀਂ ਉਹਨਾਂ ਤੋਂ ਉਹ ਖੁਸ਼ੀ ਖੋਹ ਲਈ ਜੋ ਉਹਨਾਂ ਨੇ ਸਾਰੀ ਜਿੰਦਗੀ ਇਹ ਕਹਿ ਕੇ ਲੈਣੀ ਸੀ। ਮੈਂ ਸੈਲਫਮੇਡ ਹਾਂ। ਉਹਨਾਂ ਨੂੰ ਮੁਸ਼ਕਲਾਂ ਨਾਲ ਲੜਨ ਦੀ ਸਿੱਖਿਆ ਹੀ ਨਹੀਂ ਮਿਲੀ, ਇਸੇ ਲਈ ਉਹਨਾਂ ਲਈ ਮਨੁੱਖੀ ਰਿਸ਼ਤੇ ਭਾਵੁਕਤਾ ਰਹਿਤ ਹਨ। ਉਹਨਾਂ ਲਈ ਦੂਸਰਾ ਮਨੁੱਖ ਸਿਰਫ ਵਸਤੂ ਹੈ, ਚਾਹੇ ਉਹ ਬਾਪ ਹੀ ਕਿਉਂ ਨਾ ਹੋਵੇ? ਉਸਨੂੰ ਮੇਰੀ ਗੱਲ ਸਮਝ ਲੱਗ ਰਹੀ ਸੀ ਪਰ ਹੁਣ ਉਸਦਾ ਸਮਾਂ ਹੀ ਨਹੀਂ ਸੀ ਕਿ ਉਹ ਕੁਝ ਕਰ ਸਕਦਾ।
----
ਅੱਧੀ ਸਦੀ ਪਹਿਲਾਂ ਲੱਖਪਤੀ ਹੋਣਾ ਇਕ ਸੁਪਨਾ ਸੀ। ਫੇਰ ਚੱਪਾ ਸਦੀ ਪਹਿਲੋਂ ਕਰੋੜਪਤੀ ਹੋਣਾ ਵੱਡੀ ਗੱਲ ਸੀ, ਅੱਜ ਜੇ ਚੋਣਾਂ 'ਚ ਖੜ੍ਹੇ ਕਿਸੇ ਉਮੀਦਵਾਰ ਵਲੋਂ ਆਪਣੀ ਜਾਇਦਾਦ 500 ਕਰੋੜ ਵੀ ਦੱਸੀ ਜਾਂਦੀ ਹੈ ਤਾਂ ਲੋਕਾਂ ਨੂੰ ਬਾਹਲੀ ਹੈਰਾਨੀ ਨਹੀਂ ਹੁੰਦੀ। ਸਗੋਂ ਜਿਹਨਾਂ ਨੇ ਸਿਰਫ ਇਕ, ਦੋ ਕਰੋੜ ਹੀ ਦੱਸੇ ਹੁੰਦੇ ਹਨ, ਉਹਨਾਂ ਤੇ ਸ਼ੱਕ ਕਰਦੇ ਹਨ ਕਿ ‘ਇਹ ਕੀ ਚੋਣਾਂ ਲੜਨਗੇ'। ਅੱਜ ਸ਼ਹਿਰਾਂ ਦੇ ਕਿਸੇ ਵੀ ਹਿੱਸੇ ਵਿਚ ਇਕ ਕਰੋੜ ਦੇ ਨਾਲ 1000 ਗਜ਼ ਦਾ ਪਲਾਟ ਵੀ ਨਹੀਂ ਖਰੀਦਿਆ ਜਾ ਸਕਦਾ। ਹੁਣ ਤਾਂ ਲੱਗਦਾ ਹੈ ਕਿ ਅਰਬਪਤੀ ਦੀ ਕੋਈ ਗੱਲ ਨਹੀਂ ਕਰੇਗਾ। ਖਰਬਪਤੀ ਕੋਈ ਹੋਵੇਗਾ, ਇਹ ਸੁਪਨਾ ਵੀ ਸ਼ੁਰੂ ਹੋ ਚੁੱਕਾ ਹੈ। ਇਹ ਦੌੜ ਕਿੱਥੇ ਜਾਕੇ ਖੜ੍ਹੇਗੀ? ਜਾਂ ਫੇਰ ਸਾਰਾ ਕੁਝ ਹੀ ਢਹਿ ਢੇਰੀ ਹੋ ਜਾਵੇਗਾ। ਇਹ ਤਾਂ ਭਵਿੱਖ ਹੀ ਨਿਰਧਾਰਤ ਕਰੇਗਾ, ਤਦ ਤੱਕ ਆਪਾਂ ਤਾਂ ਅਰਾਮ ਨਾਲ ਸੌਂਦੇ ਹਾਂ।
No comments:
Post a Comment