ਲੇਖ
“ਰਾਜ ਕਰੇਗਾ ਖਾਲਸਾ” ਅਰਦਾਸ ਕਰਦਿਆਂ ਹਰ ਗੁਰੂ ਘਰ ਵਿੱਚ ਸੰਗਤਾਂ ਸੁਣਦੀਆਂ ਤੇ ਆਮ ਤੌਰ ਤੇ ਦਿਲੋ-ਦਿਲ ਇਹ ਹੀ ਵਿਚਾਰ ਆਉਂਦਾ ਕਿ ਸ਼ਾਇਦ ਕਿਸੇ ਦਿਨ ਸਾਰੀ ਦੁਨੀਆਂ ਵਿੱਚ ਸਾਡਾ ਰਾਜ ਹੋ ਜਾਣੈ। ਕਿਉਂਕਿ ਅਸੀਂ ਆਪਣੇ ਆਪ ਨੂੰ ਖਾਲਸਾ ਸਮਝੀ ਬੈਠੇ ਹਾਂ। ਖਾਲਸਾ ਸਮਝਣਾ ਕੋਈ ਗਲਤ ਗੱਲ ਨਹੀਂ ਹੈ ਖਾਲਸਾ ਬਨਣ ਦੀ ਕੋਸ਼ਿਸ਼ ਵੀ ਬਹੁਤ ਵਧੀਆ ਗੱਲ ਹੈ। ਲੇਕਿਨ ਖਾਲਸੇ ਦੇ ਅਰਥ ਸਮਝਣ ਦਾ ਵੀ ਯਤਨ ਕਰਨਾ ਜ਼ਰੂਰੀ ਹੈ। ਜਿਸ ਵਿੱਚ ਮਿਲਾਵਟ ਨਹੀਂ ਹੈ, ਖਾਲਸ ਹੈ ਜੋ, ਜਿਸ ਵਿੱਚੋਂ 'ਮੈਂ' ਦੀ ਮੁਸ਼ਕ ਨਹੀਂ ਆਉਂਦੀ। ਪੰਜ ਕੱਕਾਰ ਪਹਿਨ ਲੈਣ ਨਾਲ ਖਾਲਸਾ ਨਹੀਂ ਬਣ ਜਾਂਦਾ ਕੋਈ, “ਰਹਿਣੀ ਰਹੇ ਸੋਈ ਸਿੱਖ ਮੇਰਾ” ਸਿੱਖ ਕੌਮ ਵਿੱਚ ਰਹਿਣੀ ਰਹਿਣ ਦੀ ਮਹਿਕ ਬਰਕਰਾਰ ਹੈ। ਦੁਨੀਆਂ ਦੇ ਹਰ ਵਿਕਸਤ ਦੇਸ਼ ਵਿੱਚ ਸਿੱਖ ਹਰ ਉਚਾਈ ਤੱਕ ਪਹੁੰਚ ਰਹੇ ਹਨ। ਸਿਰਫ ਰੋਜ਼ੀ ਰੋਟੀ ਵਾਸਤੇ ਹੀ ਨਹੀਂ ਸਾਰੀ ਦੁਨੀਆਂ ਵਿੱਚ ਭੱਜੇ ਫਿਰਦੇ ਸਿੱਖ, ਸਿੱਖਾਂ ਵਿੱਚੋਂ ਸਿੱਖੀ ਦੀ ਮਹਿਕ ਵੀ ਆਉਂਦੀ ਹੈ। ਤਵੱਜੋ ਦੇਣ ਵਾਲੀ, ਫ਼ਿਕਰ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਕਿਤੇ ਸਾਡੇ ਵਿੱਚੋਂ ਆਉਂਦੀ ਮਹਿਕ ਘਟ ਤਾਂ ਨਹੀਂ ਰਹੀ। ਕੀ ਸਾਨੂੰ ਪਤਾ ਵੀ ਹੈ ਕਿ ਗੁਰੂ ਨਾਨਕ ਦੀ ਇਸ ਫੁਲਵਾੜੀ ਤੇ ਜੋ ਦਸਵੇਂ ਨਾਨਕ ਨੇ ਇਤਰ ਛਿੜਕਿਆ ਸੀ ਉਸ ਇਤਰ ਦੀ ਮਹਿਕ ਨੂੰ ਅਸੀਂ ਸੰਭਾਲਣਾ ਵੀ ਹੈ। ਪੰਜ ਨਿਸ਼ਾਨੀਆਂ ਲਾ ਕੇ, ਪੰਜ ਸਟਾਰ ਲਾ ਕੇ ਜੇ ਕਿਸੇ ਨੂੰ ਜਰਨੈਲ ਬਣਾ ਦਿੱਤਾ ਜਾਵੇ ਤਾਂ ਉਸ ਰੁਤਬੇ ਨੂੰ ਨਿਭਾਉਣ ਦਾ ਸਲੀਕਾ ਵੀ ਹਮੇਸ਼ਾ ਯਾਦ ਰੱਖਣਾ ਪਵੇਗਾ ਨਹੀਂ ਤਾਂ ਜਰਨੈਲ ਬਹੁਤਾ ਚਿਰ ਜਰਨੈਲੀ ਨਹੀਂ ਰੱਖ ਸਕਦਾ। ਹਰ ਸਿੱਖ ਖਾਲਸੇ ਦਾ ਤਹਿ ਦਿਲੋਂ ਸਤਿਕਾਰ ਕਰਦਾ ਹੈ, ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਲੇਕਿਨ ਘਰੋਂ ਬਾਹਰ ਓਪਰੇ ਲੋਕਾਂ ਨੇ ਤਾਂ ਸਟਾਰ ਦੇਖ ਕੇ ਹੀ ਅੰਦਾਜ਼ਾ ਲਾ ਸਕਣਾ ਕਿ ਇਹ ਕਿੰਨਾ ਵੱਢਾ ਰੁਤਬਾ ਰੱਖਦਾ ਹੈ। ਜੇਬੀ ਵਿੱਚ ਭਾਵੇਂ ਜਿੰਨੇ ਮਰਜ਼ੀ ਸਟਾਰ ਹੋਣ, ਜਿੰਨਾ ਚਿਰ ਕਿਸੇ ਨੂੰ ਦਿਸਦੇ ਨਹੀਂ ਕਿਸੇ ਨੂੰ ਕੀ ਪਤਾ ਤੁਸੀਂ ਕੌਣ ਹੋ।
----
ਸਟਾਰ ਹਰ ਕਿਸੇ ਦੇ ਕਰਮਾਂ ਵਿੱਚ ਨਹੀਂ ਹੋ ਸਕਦੇ। ਜੇ ਧਰਤੀ ਨੂੰ ਸਾਫ ਸੁਥਰਾ ਨਾ ਕੀਤਾ ਹੋਵੇ, ਪੂਰਾ ਤਿਆਰ ਨਾ ਕੀਤਾ ਹੋਵੇ, ਵਧੀਆ ਬੀਜ ਨਾ ਬੀਜਿਆ ਹੋਵੇ, ਸਹੀ ਤਰੀਕੇ ਨਾਲ ਕਿਆਰੇ ਪਾ ਕੇ ਲੋੜ ਅਨੁਸਾਰ ਸਿੰਜਿਆ ਨਾ ਹੋਵੇ ਤਾਂ ਫ਼ਸਲ ਵਧੀਆ ਕਿਵੇਂ ਹੋ ਸਕਦੀ ਹੈ। ਖਾਲਸਾ ਪੰਥ ਵਿੱਚ ਰਲਣ ਲਈ, ਖਾਲਸਾਈ ਸ਼ਾਨ ਵਿੱਚ ਦਿਸਣ ਲਈ ਪਹਿਲਾਂ ਗੁਰੂ ਨਾਨਕ ਦੀ ਬਾਣੀ ਵਿੱਚੋਂ ਸੇਧ ਲੈ ਕੇ ਮਨ ਤਨ ਦੇ ਇਸ ਕਿਆਰੇ ਨੂੰ ਨਿਰਮਲ ਕਰਨਾ ਪਵੇਗਾ। ਤਿਆਰ ਕੀਤੀ ਹੋਈ ਸਰੀਰਕ ਧਰਤੀ ਵਿੱਚ ਸਮੇਂ ਸਿਰ ਵਧੀਆ ਬੀਜ ਬੀਜਣਾ ਪਵੇਗਾ, ਬਾਣੀ ਦਾ ਫੁਰਮਾਨ ਹੈ, “ਕਰੁਤਾ ਬੀਜ ਬੀਜੇ ਨਾ ਜਨਮੇ” ਸਮੇਂ ਸਿਰ ਬੀਜਿਆ, ਸਿੰਜਿਆ ਸੰਵਾਰਿਆ ਬੀਜ ਹੀ ਤਾਂ ਵਧੀਆ ਬੂਟਾ ਬਣਦਾ ਹੈ। ਵਧੀਆ ਬੂਟਿਆਂ ਨੂੰ ਫੁੱਲ ਫਲ ਵੀ ਵਧੀਆ ਲਗਦੇ ਨੇ ਕਹਿੰਦੇ “ਨਾਲੇ ਪੁੰਨ ਤੇ ਨਾਲੇ ਫਲੀਆਂ“। ਦੂਰੋਂ ਪਹਿਚਾਣ ਹੋ ਜਾਂਦੀ ਹੈ ਵਧੀਆ ਵਸਤਾਂ ਦੀ, ਵਧੀਆ ਲੋਕਾਂ ਦੀ। ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਖਾਲਸਾ ਜੀ ਆਓ ਸਾਰੇ ਪਹਿਲਾਂ ਗੁਰੂ ਨਾਨਕ ਦੀ ਦਰਸਾਈ ਸੀਰਤ ਸਮਝਣ ਦਾ ਯਤਨ ਕਰੀਏ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੇ ਕਰ ਕਮਲਾਂ ਨਾਲ ਚੁਣੀ ਹੋਈ ਸੂਰਤ ਵਿੱਚ ਦ੍ਰਿਸ਼ਟਮਾਨ ਹੋਈਏ।
-----
ਅਸੀਂ ਸਿਰਫ਼ ਇਸ ਗੱਲ ਦਾ ਹੀ ਮਾਣ ਕਰਦੇ ਰਹਿੰਦੇ ਹਾਂ ਕਿ ਅਸੀਂ ਸਿੱਖ ਹਾਂ। ਸਿੱਖ ਹੋਣ ਦਾ ਮਾਣ ਕਰਨਾ ਵੀ ਚੰਗੀ ਗੱਲ ਹੈ ਪਰ ਕੀ ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਸਿਧਾਂਤ ਨੂੰ ਅਸੀਂ ਆਪਣੇ ਜੀਵਨ ਵਿੱਚ ਕਿੰਨਾ ਕੁ ਅਪਣਾਇਆ ਹੈ? ਕਹਿਣ ਨੂੰ ਤਾਂ ਸਿੱਖ ਦਾ ਅਰਥ ਵਿਦਿਆਰਥੀ ਮੰਨਦੇ ਹਾਂ ਪਰ ਹਾਂ ਅਸੀਂ ਸਾਰੇ ਅਧਿਆਪਕ। ਮੈਨੂੰ ਤਾਂ ਕੋਈ ਵਿਦਿਆਰਥੀ ਮਿਲਿਆ ਨਹੀਂ ਅੱਜ ਤੱਕ। ਇਹ ਤਾਂ ਅਸੀਂ ਜਾਣਦੇ ਹਾਂ ਕਿ ਰਾਹ ਕਿਹੜਾ ਹੈ। ਪਰ ਉਸ ਰਸਤੇ ਦੀਆਂ ਸਿਫਤਾਂ ਕਰੀ ਜਾਣ ਨਾਲ, ਜਾਂ ਕਮਾਲ ਦੇ ਰਸਤੇ ਦਾ ਲੋਕਾਂ ਵਿੱਚ ਪ੍ਰਚਾਰ ਕਰਨ ਨਾਲ ਹੀ ਗੱਲ ਨਹੀਂ ਬਣ ਸਕਦੀ। ਉਸ ਰਸਤੇ ਤੇ ਤੁਰਨਾ ਵੀ ਪਵੇਗਾ। ਬਾਕੀਆਂ ਨੂੰ ਰਸਤਾ ਦੱਸਣਾ ਤੁਰਨਾ ਸਿਖਾਉਣਾ ਵੀ ਚੰਗੀ ਗੱਲ ਹੈ ਪਰ ਤਰਨਾ ਸਿਖਾਉਣ ਵਾਲਾ ਜੇ ਆਪ ਵੀ ਦੋ ਤਾਰੀਆਂ ਤਰ ਕੇ ਦੇਖ ਲਵੇ ਤਾ ਕਿੰਨਾਂ ਚੰਗਾ ਹੋਵੇ। ਸਿਰਜਣਹਾਰ ਜਿਸ ਨੇ ਸਾਰੀ ਸਿਰਜਣਾ ਕੀਤੀ ਉਸਨੂੰ ਸਿਰਜ ਸਕਣ ਦੀ ਸਾਡੀ ਓਕਾਤ ਨਹੀਂ ਹੈ। ਉਸ ਦਾ ਸ਼ੁਕਰਾਨਾ ਕਰਨ ਦਾ ਰਸਤਾ ਸਾਨੂੰ ਸਭ ਨੂੰ ਪਤਾ ਹੈ। ਅਸੀਂ ਜਾਣਦੇ ਹਾਂ ਕਿ ਸ਼ਬਦ ਗੁਰੂ ਸਤਿ ਮਾਰਗ ਦਾ ਮਾਰਗ ਦਰਸ਼ਣ ਹੈ। ਪਰ ਕੀ ਅਸੀਂ ਜਾਚ ਹੀ ਸਿੱਖਦੇ ਸਿਖਾਉਂਦੇ ਰਹਾਂਗੇ ਜਾਂ ਦੋ ਕਦਮ ਚੱਲ ਕੇ ਵੀ ਆਨੰਦ ਲਵਾਂਗੇ? ਸਿੱਖੀ ਸੀਰਤ ਵਿੱਚ ਸਮਾ ਕੇ ਹੀ ਸਿੱਖ ਪਦਵੀ ਹਾਸਲ ਹੁੰਦੀ ਹੈ।
----
ਸੀਰਤ ਵਾਲਿਆਂ ਦੀ ਸੂਰਤ ਕਿਵੇਂ ਬਣਦੀ ਹੈ ਇਹ ਦਸਵੇਂ ਪਾਤਸ਼ਾਹ ਤੋਂ ਵੱਧ ਭਲਾ ਕੌਣ ਜਾਣੇ। ਜੇ ਅਕਾਲ ਪੁਰਖੀ ਸੀਰਤ, ਅਮਰ ਸੀਰਤ ਵਿੱਚ ਸੂਰਤ ਨੂੰ ਸ਼ਾਮਲ ਕਰਨਾ ਹੋਵੇ, ਸੂਰਤ ਨੂੰ ਵੀ ਅਮਰ ਕਰਨਾ ਹੋਵੇ ਤਾਂ ਕਿਵੇਂ ਹੋ ਸਕਦੀ ਹੈ। ਦਸਵੇਂ ਪਾਤਸ਼ਾਹ ਸੀਸ ਦੀ ਮੰਗ ਕਰਦੇ ਹਨ, ਪੰਜ ਸੀਸ ਹੀ ਕਿਉਂ ਮੰਗੇ। ਜਿਸਮ ਦਾ ਕੋਈ ਹੋਰ ਅੰਗ ਕਿਉਂ ਨਹੀਂ ਮੰਗ ਲਿਆ। ਸਿਰ ਤੋਂ ਸਿਵਾ ਹੋਰ ਕਿਸੇ ਵੀ ਅੰਗ ਵਿੱਚ ‘ਮੈਂ’ ਨਹੀਂ ਹੈ। ‘ਮੈਂ’ ਮੇਟਣੀ ਹੈ ਤਾਂ ਸਿਰ ਦੇ ਹੁੰਦਿਆਂ ਨਹੀਂ ਮਿਟ ਸਕਦੀ। ਸੀਸ ਸਤਿਗੁਰ ਨੂੰ ਵੇਚ ਕੇ ਹੀ ਸਾਰੀਆਂ ਨਿਆਮਤਾਂ ਮਿਲਦੀਆਂ ਹਨ। ਪੰਜ ਸੀਸ ਗੁਰੂ ਦੀ ਭੇਂਟ ਚੜ੍ਹੇ, ਪਰਵਾਨ ਹੋਏ, ਅਮਰ ਹੋ ਗਏ। ਖਾਲਸਾ ਅਮਰ ਹੋ ਗਿਆ, ਖਾਲਸਾ ਤਾਂ ਅਮਰ ਹੈ। ਖਾਲਸੇ ਨੇ ਤਾਂ ਅਵਤਾਰ ਧਾਰਿਆ, ਪ੍ਰਗਟ ਹੋਇਆ ਖਾਲਸਾ। ਕੋਈ ਦਿਨ ਐਸਾ ਹੋ ਹੀ ਨਹੀਂ ਸਕਦਾ ਜਿਸ ਦਿਨ ਕੋਈ ਕਹੇ ਕਿ ਖਾਲਸਾ ਖਤਮ ਹੋ ਗਿਆ। ਅਮਰ ਵਿਅਕਤੀ ਨਹੀਂ ਸ਼ਕਤੀ ਹੁੰਦੀ ਹੈ। ਕੋਈ ਵਿਅਕਤੀ ਹੈ ਤਾਂ ਉਸਦਾ ਖਤਮ ਹੋਣਾ ਲਾਜਮੀ ਹੈ। ਵਿਅਕਤੀ ਵਿੱਚ ਸ਼ਕਤੀ ਪੈਦਾ ਕਰਨ ਦੀ ਜਾਚ ਤਾਂ ਪੰਜ ਪਿਆਰੇ ਸਾਜ ਕੇ ਗੁਰਾਂ ਨੇ ਸਿਖਾਈ ਸੀ। ਕੀ ਸਾਡਾ ਸੀਸ ਵੇਚ ਕੇ ਸਰ ਸਕਦਾ ਹੈ ਕਿ ਨਹੀਂ? ਇਹ ਤਾਂ ਅਸੀਂ ਜਾਣਦੇ ਹਾਂ ਕਿ ਸਤਿਗੁਰ ਅੱਗੇ ਸੀਸ ਭੇਂਟ ਕਰਨਾ ਠੀਕ ਹੈ ਪਰ ਕੀ ਅਸੀਂ ਸਿਰ ਤੋਂ ਬਿਨਾ ਦੁਨਿਆਵੀ ਕੰਮ ਚਲਾ ਸਕਦੇ ਹਾਂ? ਸਿਰ ਦੀ ਲੋੜ ਹੈ ਕਿ ਸਤਿਗੁਰ ਦੀ, ਇੱਕ ਦੀ ਹੀ ਪਰਾਪਤੀ ਹੋ ਸਕਦੀ ਹੇ ਸੀਸ ਜਾਂ ਫਿਰ ਸਤਿਗੁਰ। ਅਸੀਂ ਇੱਛਾਧਾਰੀ ਨਹੀਂ ਹਾਂ, ਜਿੰਨਾ ਚਿਰ ਇੱਛਾ ਹੈ ਅਮਰ ਪਦਵੀ ਨਹੀਂ ਮਿਲ ਸਕਦੀ। ਖਾਲਸਾ ਅਮਰ ਹੈ ਪਰ ਅਸੀਂ ਕਿੰਨੇ ਕੁ ਅਮਰ ਹਾਂ ਇਹ ਸਾਡੇ ਤੋਂ ਵੱਧ ਹੋਰ ਕਿਸ ਨੂੰ ਪਤਾ।
----
ਇਨਸਾਨ ਦੀ ਸੀਰਤ ਅਤੇ ਸੂਰਤ ਨੂੰ ਕੱਚੇ ਕਸੁੰਭ ਰੰਗਾਂ ਚੋਂ ਕੱਢਣ ਦਾ ਵਿਧੀ ਵਿਧਾਨ ਸਿਰਫ ਗੁਰੂ ਕੋਲ ਹੀ ਹੈ। ਗੁਰੂ ਦਾ ਖਾਲਸਾ ਪੰਥ ਤਾਂ ਗੁਰੂ ਦੇ ਦਰਸਾਏ ਰਸਤੇ ਤੇ ਚੱਲਣ ਵਾਲਾ ਹੀ ਹੋ ਸਕਦਾ ਹੈ। ਅਸੀਂ ਜੇ ਰੰਗ ਮਜੀਠ ਵਿੱਚ ਆਪਣੇ ਆਪ ਨੂੰ ਰੰਗਣਾ ਚਾਹੰਦੇ ਹਾਂ ਤਾਂ ਮੱਥਾ ਟੇਕ ਦੇਣ ਨਾਲ ਜਾਂ ਨੱਕ ਰਗੜਣ ਨਾਲ ਹੀ ਗੱਲ ਨਹੀਂ ਬਣ ਸਕਦੀ।ਸੀਰਤ ਸਹੀ ਨਹੀਂ ਹੈ ਤਾਂ ਸੂਰਤ ਦੇ ਕੋਈ ਅਰਥ ਹੀ ਨਹੀਂ ਬਣਦੇ। ਸੀਰਤ ਸੂਰਤ ਵਿੱਚ ਪ੍ਰਗਟ ਹੁੰਦੀ ਹੋਵੇ, ਦਰਸ਼ਣ ਕਰਕੇ ਹੀ ਪਤਾ ਲੱਗ ਜਾਵੇ ਕਿ ਇਹ ਗੁਰੂ ਦਾ ਰੂਪ ਹੈ। “ਖਾਲਸਾ ਮੇਰੋ ਰੂਪ ਹੈ ਖਾਸ” ਕੀਰਤਨ ਕਰਨ ਨਾਲ ਜਾਂ ਸੁਣ ਕੇ ਸ਼ਬਦ ਭੇਂਟਾ ਕਰਨ ਨਾਲ ਹੀ ਗੱਲ ਨਹੀਂ ਬਣ ਸਕਦੀ। ਸੱਚੀ ਮੁੱਚੀ ਖਾਲਸਾ ਰੂਪ ਹੈ ਤਾਂ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀ। ਹਰ ਲਫ਼ਜ਼ ਵਿੱਚੋਂ ਗੁਰੂ ਦੀ ਮਹਿਕ ਆਵੇਗੀ। ਬਾਣੀ ਗੁਰੂ ਵਾਲੀ ਹੋ ਜਾਵੇ ਤਾਂ ਗੁਰਬਾਣੀ ਵਿੱਚ ਤੇ ਗੁਰੂ ਵਿੱਚ ਜਿਵੇਂ ਕੋਈ ਫ਼ਰਕ ਨਹੀਂ ਉਸ ਅਵਸਥਾ ਵਿੱਚ ਆ ਜਾਈਏ।“ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ” ਗਾਉਣਾ ਬਹੁਤ ਹੀ ਚੰਗੀ ਗੱਲ ਹੈ। ਪਰ ਚੰਗਿਆਈਆਂ ਜਿੰਨਾਂ ਚਿਰ ਸਾਡੇ ਵਿੱਚੋਂ ਮਹਿਕਦੀਆਂ ਨਹੀਂ, ਸਾਫ਼ ਦਿਸਦੀਆਂ ਨਹੀਂ ਓਨਾ ਚਿਰ ਹਿਟਲਰ ਦੀ ਫੋਜ ਦੇ ਹਾਰੇ ਹੋਏ ਜਰਨੈਲ ਜੋ ਵਰਦੀਆਂ ਵਿੱਚ ਤਾਂ ਸੀ ਪਰ ਵਰਦੀਆਂ ਦੇ ਕੋਈ ਅਰਥ ਨਹੀਂ ਸੀ ਬਣਦੇ ਉਹ ਅਵਸਥਾ ਹੀ ਰਹੇਗੀ। ਸਾਨੂੰ ਕਿਸੇ ਨੇ ਨਹੀਂ ਹਰਾਇਆ, ਪੂਰੀ ਤਰਾਂ ਹਰੇ ਵੀ ਨਹੀਂ ਅਸੀਂ, ਹਰ ਸਕਦੇ ਵੀ ਨਹੀਂ। ਲੇਕਿਨ ਜਿਸ ਦੇਸ਼ ਦਾ ਹਰ ਵਾਸੀ ਰਾਜਾ ਹੋਵੇ ਉਹ ਹੋਰ ਕਿਸੇ ਦੇਸ਼ ਨਾਲ ਕਿਵੇਂ ਲੜ ਸਕਦਾ ਹੈ। ਕਹਿਣ ਨੂੰ ਤਾਂ ਗੁਰੂ ਨਾਨਕ ਨੂੰ ਅਸੀਂ “ਸਰਬੱਤ ਦਾ ਭਲਾ” ਮੰਗਣ ਵਾਲਾ ਬਾਬਾ ਆਖਦੇ ਹਾਂ। ਸਰਬ ਸਾਂਝਾ ਬਾਬਾ ਹੈ ਤਾਂ ਉਸ ਦੀ ਵਡਿਆਈ ਦੀਆਂ ਵੰਡ ਵੰਡਾਈਆਂ ਕਿਉਂ? ਜੱਟਾਂ ਦਾ ਗੁਰਦੁਆਰਾ, ਇਹ ਮਿਸਤਰੀਆਂ ਦਾ, ਉਹ ਲੁਬਾਣਿਆਂ ਦਾ, ਔਹ ਰਵਿਦਾਸੀਆਂ ਦਾ ਕਿਉਂ? ਪੰਜਾਬ ਦੀਆਂ ਵੰਡੀਆਂ, ਪੰਜਾਬੀ ਬੋਲੀ ਦੀਆਂ ਵੰਡੀਆਂ ਭਲਾ ਕਿਉਂ? ਪੰਜਾਬੀ ਭਾਸ਼ਾ ਹੀ ਇੱਕ ਵਾਹਿਦ ਭਾਸ਼ਾ ਹੈ ਜਿਸ ਨੂੰ ਗੁਰਮੁਖੀ, ਸ਼ਾਹਮੁਖੀ, ਹਿੰਦੀ, ਸਿੰਧੀ ਆਦਿ ਕਈ ਲਿੱਪੀਆਂ ਵਿੱਚ ਲਿਖਿਆ ਜਾਂਦਾ ਹੈ। ਅੱਜ ਕੰਮਪਿਊਟਰ ਦਾ ਯੁੱਗ ਹੈ, ਪੰਜਾਬੀਆਂ ਨੇ ਸਤਲੁਜ, ਚਾਤ੍ਰਿਕ, ਅਮਰ ਲਿੱਪੀ, ਗੁਰਬਾਣੀ ਲਿੱਪੀ ਪਤਾ ਨਹੀਂ ਸੈਂਕੜੇ ਫੌਂਟਸ ਕਿਉਂ ਬਣਾ ਲਈਆਂ ਕਿ ਇੱਕ ਦੂਜੇ ਦੀ ਗੱਲ ਸਮਝਣ ਵਾਸਤੇ ਫੌਂਟ ਕਨਵਰਟਰ ਚਾਹੀਦੇ ਨੇਂ। ਕੀ ਇਹ ਹੀ ਖਾਲਸਾ ਪੰਥ ਹੈ?
-----
“ਦੇਂਦਾ ਦੇ ਲੈਂਦੇ ਥੱਕ ਪਾਏ” ਗੁਰੂ ਤਾਂ ਦੇਣ ਵਾਲਾ ਹੋ ਸਕਦਾ ਹੈ ਵੰਡੀਆਂ ਪਾਉਣ ਵਾਲਾ ਨਹੀਂ। ਜੇ ਗੁਰੂ ਖਾਲਸਾ ਕਹਾਉਣ ਨੂੰ ਚਿੱਤ ਕਰਦਾ ਹੈ ਤਾਂ ਗੁਰਮਤ ਗ੍ਰਹਿਣ ਕਰਨੀ ਪਵੇਗੀ। ਗੁਰੂ ਨੇ ਸਿਰਫ ਗੁਰਮਤ ਦਾ ਪ੍ਰਚਾਰ ਹੀ ਨਹੀਂ ਕੀਤਾ, ਸਤਿ ਮਾਰਗ ਤੇ ਚੱਲ ਕੇ ਵੀ ਵਿਖਾਇਆ। ਗੁਰੂ ਨੇ ਸਿਰਫ ਖਾਲਸਾ ਸਾਜਿਆ ਹੀ ਨਹੀਂ, ਖਾਲਸਾਈ ਸ਼ਾਨ ਵਿੱਚ ਸਜ ਕੇ ਵੀ ਵਿਖਾਇਆ। ਗੁਰੂ ਸਿਰਫ ਗੁਰਦੁਆਰੇ ਵਿੱਚ ਸਿਮਟ ਕੇ ਨਹੀਂ ਬੈਠਾ, ਗੁਰੂ ਤਾਂ ਘਰ ਘਰ ਜਾ ਕੇ ਨਗਰ ਕੀਰਤਨ ਕਰਦਾ ਹੈ। ਆਪ ਚੱਲ ਕੇ ਕਿਸੇ ਦੇ ਕੋਲ ਜਾਣਾ ਤੇ ਉਸਦੀ ਦੁਬਿਧਾ ਦੂਰ ਕਰਨੀ ਇਹ ਗੁਰੂ ਦੀ ਹੀ ਕਰਨੀ ਹੈ। ਗੁਨਾਹਗਾਰ ਗਨਕਾ, ਵਲੀ ਕੰਧਾਰੀ ਵਰਗੇ ਹੰਕਾਰੀ, ਭੀਮਿਏਂ ਚੋਰ ਜਾਂ ਸੱਜਣ ਠੱਗ ਵਰਗੇ, ਕੌਡੇ ਰਾਕਸ਼ ਵਰਗੇ ਭਲਾ ਗੁਰੂ ਕੋਲ ਕਿਉਂ ਜਾਣ। ਗੁਰੂ ਦਾ ਆਪ ਚੱਲ ਕੇ ਸਭਨਾ ਦੇ ਦੁੱਖ ਦੂਰ ਕਰਨਾ ਹੈ ਨਗਰ ਕੀਰਤਨ। ਗੁਰੂ ਬਾਬੇ ਦੀਆਂ ਚਾਰ ਉਦਾਸੀਆਂ ਹਨ ਨਗਰ ਕੀਰਤਨ। ਸਿੱਧ ਗੋਸ਼ਟ ਹੈ ਨਗਰ ਕੀਰਤਨ। ਜਗਨਨਾਥ ਪੁਰੀ ਦੇ ਪੁਜਾਰੀਆਂ ਨੂੰ “ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ” ਆਰਤੀ ਕਰਨੀ ਸਿਖਾਉਣ ਜਾਣਾ ਹੈ ਨਗਰ ਕੀਰਤਨ। ਮਲਕ ਭਾਗੋ ਦੇ ਨਾਨਾ ਪਰਕਾਰ ਦੇ ਭੋਜਨ ਨਹੀਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਸ਼ਕਣ ਜਾਣਾ ਹੈ ਨਗਰ ਕੀਰਤਨ। ਨਗਰ ਕੀਰਤਨ ਕੋਈ ਵੱਢੇ ਬਣ ਕੇ ਦਿਖਾਵਾ ਕਰਨ ਨੂੰ ਨਹੀਂ ਆਖਦੇ। ਘਰ ਘਰ ਜਾ ਕੇ ਗੁਰੂ ਦੀ ਮਹਿਕ ਵੰਡਣਾ ਹੈ ਨਗਰ ਕੀਰਤਨ। ਸਤਿਗੁਰਾਂ ਦੀ ਲਾਈ ਹੋਈ ਇਹ ਖ਼ੂਬਸੂਰਤ ਫੁਲਵਾੜੀ ਦੀਆਂ ਮਹਿਕਾਂ ਧਰਤੀ ਦੇ ਹਰ ਕੋਨੇ ਵਿੱਚੋਂ ਆ ਰਹੀਆਂ ਹਨ। ਇਹ ਮਹਿਕ ਸਦਾ ਆਉਂਦੀ ਰਹੇਗੀ ਲੇਕਿਨ ਜੇ ਅਸੀਂ ਇਸ ਫੁਲਵਾੜੀ ਨੂੰ ਸਿੰਜਦੇ ਸੰਵਾਰਦੇ ਰਹੇ ਤਾਂ ਸਾਰੀ ਦੁਨੀਆਂ ਇਸ ਮਹਿਕ ਨਾਲ ਝੂੰਮ ਉੱਠੇਗੀ। ਅਰਦਾਸ ਹੈ ਸਾਨੂੰ ਇੱਕ ਮੁੱਠ ਹੋ ਕੇ ਰਲ ਕੇ ਚੱਲਣ ਦੀ ਸੋਝੀ ਆ ਜਾਏ। ਕਦਮ ਨਾਲ ਕਦਮ ਮਿਲਾ ਕੇ ਚੱਲਾਂਗੇ ਤਾਂ ਸਾਡਾ ਸਾਰਾ ਜੀਵਨ ਨਗਰ ਕੀਰਤਨ ਬਣ ਜਾਊ। ਇਕੱਲਾ ਤਾਂ ਕਹਿੰਦੇ ਰੁੱਖ ਵੀ ਨਾ ਹੋਵੇ। ਰੱਬ ਸੁਮੱਤ ਬਖ਼ਸ਼ੇ ਰਾਜਨੀਤੀ ਧਰਮ ਚਲਾੳਣ ਲਈ ਜ਼ਰੂਰੀ ਹੈ ਪਰ ਜੇ ਰਾਜਾ ਧਰਮੀ ਹੋ ਜਾਵੇ ਤਾਂ ਆਪੇ ਧਰਮਰਾਜ ਹੋ ਜਾਵੇ। ਹਰ ਘਰ ਧਰਮਸਾਲ ਹੋ ਜਾਵੇ।
ਦਾਸਨ ਦਾਸ
ਸੁਰਿੰਦਰ ਸਿੰਘ ਸੁੱਨੜ
No comments:
Post a Comment