ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, April 21, 2009

ਸੁਖਿੰਦਰ - ਲੇਖ

ਚਿੱਟੀ ਮੌਤ ਦੇ ਵਣਜਾਰੇ ਨਦੀਮ ਪਰਮਾਰ

ਲੇਖ

ਏਡਜ਼ ਦੀ ਭਿਆਨਕ ਬੀਮਾਰੀ ਨਾਲ ਭਾਵੇਂ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਹਰ ਸਾਲ ਲੱਖਾਂ ਲੋਕ ਮਰ ਰਹੇ ਹਨ ਪਰ ਪੰਜਾਬੀ ਲੇਖਕਾਂ ਨੇ ਇਸ ਮਹੱਤਵ-ਪੂਰਨ ਵਿਸ਼ੇ ਨੂੰ ਆਪਣੀਆਂ ਲਿਖਤਾਂ ਦਾ ਵਿਸ਼ਾ ਬਨਾਉਣ ਦੀ ਲੋੜ ਮਹਿਸੂਸ ਨਹੀਂ ਕੀਤੀ; ਇਹ ਗੱਲ ਪੰਜਾਬੀ ਲੇਖਕਾਂ ਵੱਲੋਂ ਸਮਾਜਿਕ ਸਮੱਸਿਆਵਾਂ ਵੱਲ ਦਿਖਾਈ ਜਾ ਰਹੀ ਬੇਰੁਖ਼ੀ ਦਾ ਵੀ ਅਹਿਸਾਸ ਕਰਵਾਉਂਦੀ ਹੈ।

----

ਕੈਨੇਡੀਅਨ ਪੰਜਾਬੀ ਸਾਹਿਤਕਾਰ ਨਦੀਮ ਪਰਮਾਰ ਨੇ ਆਪਣੀ ਅਜਿਹੀ ਜਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਏਡਜ਼ ਦੀ ਬੀਮਾਰੀ ਬਾਰੇ ਲੋਕ-ਚੇਤਨਾ ਪੈਦਾ ਕਰਨ ਲਈ ਚਿੱਟੀ ਮੌਤਨਾਮ ਹੇਠ ਇੱਕ ਨਾਵਲ ਦੀ ਪ੍ਰਕਾਸ਼ਨਾ ਕੀਤੀ ਹੈ। ਇਸ ਨਾਵਲ ਵਿੱਚ ਪਰਮਾਰ ਨੇ ਇਸ ਖਤਰਨਾਕ ਬੀਮਾਰੀ ਲਈ ਜਿੰਮੇਵਾਰ ਕਾਰਨਾਂ ਬਾਰੇ ਵੀ ਰੌਸ਼ਨੀ ਪਾਈ ਹੈ। ਪਰਮਾਰ ਇਸ ਨਾਵਲ ਵਿੱਚ ਇਹ ਗੱਲ ਵੀ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ ਕਿ ਸਮਾਜਿਕ ਪ੍ਰਸਥਿਤੀਆਂ ਮਨੁੱਖ ਨੂੰ ਅਜਿਹੀਆਂ ਹਾਲਤਾਂ ਵਿੱਚ ਧੱਕਣ ਲਈ ਵੀ ਬਹੁਤ ਹੱਦ ਤੱਕ ਜਿੰਮੇਵਾਰ ਬਣਦੀਆਂ ਹਨ। ਅਨੇਕਾਂ ਹਾਲਤਾਂ ਵਿੱਚ ਮਨੁੱਖ ਅਜਿਹੀਆਂ ਹਾਲਤਾਂ ਚੋਂ ਬਾਹਰ ਵੀ ਨਿਕਲਣਾ ਚਾਹੁੰਦਾ ਹੈ - ਪਰ ਖ਼ੁਦਗਰਜ਼ ਸ਼ਕਤੀਆਂ ਆਪਣੇ ਵਹਿਸ਼ੀਪੁਣੇ ਕਾਰਨ ਉਸਨੂੰ ਇਸ ਖੂਹ ਵੱਲ ਧੱਕਦੀਆਂ ਹੀ ਜਾਂਦੀਆਂ ਹਨ - ਉਦੋਂ ਤੱਕ ਜਦੋਂ ਤੱਕ ਕਿ ਉਹ ਮਰਨ ਕਿਨਾਰੇ ਨਹੀਂ ਪਹੁੰਚ ਜਾਂਦਾ। ਇਸ ਤਰ੍ਹਾਂ ਨਦੀਮ ਪਰਮਾਰ ਇੱਕ ਚੇਤੰਨ ਲੇਖਕ ਹੋਣ ਵਜੋਂ ਨਾਵਲ ਦੇ ਪਾਠਕ ਦੇ ਮਨ ਵਿੱਚ ਇਸ ਗੱਲ ਦਾ ਅਹਿਸਾਸ ਜਗਾਉਂਦਾ ਹੈ ਕਿ ਸਾਡਾ ਚੌਗਿਰਦਾ ਸਾਡੀ ਜਿ਼ੰਦਗੀ ਦੀ ਦਿਸ਼ਾ ਨਿਰਧਾਰਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਮਨੁੱਖ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜੇਕਰ ਮਨੁੱਖ ਦੇ ਚੌਗਿਰਦੇ ਨੂੰ ਖ਼ੂਬਸੂਰਤ ਬਣਾਉਣ ਤੋਂ ਗੱਲ ਸ਼ੁਰੂ ਕੀਤੀ ਜਾਵੇ ਤਾਂ ਅੱਧੀਆਂ ਸਮੱਸਿਆਵਾਂ ਤਾਂ ਪਹਿਲਾਂ ਹੀ ਹੱਲ ਹੋ ਸਕਦੀਆਂ ਹਨ। ਕਈ ਵਾਰੀ ਤਾਂ ਸਮੱਸਿਆਵਾਂ ਦੀਆਂ ਮੂਲ ਜੜਾਂ ਮਨੁੱਖ ਦੇ ਚੌਗਿਰਦੇ ਵਿੱਚ ਹੀ ਪਈਆਂ ਹੁੰਦੀਆਂ ਹਨ। ਇਸ ਨਾਵਲ ਦੇ ਮੁੱਖ ਪਾਤਰ ਵੇਨ ਵੱਲੋਂ ਆਪਣੀ ਜ਼ਿੰਦਗੀ ਵਿੱਚ ਪੇਸ਼ ਆਈਆਂ ਦੁਸ਼ਟ ਤਾਕਤਾਂ ਬਾਰੇ ਦਿੱਤੇ ਗਏ ਬਿਆਨ ਨਾਲ ਹੀ ਚਿੱਟੀ ਮੌਤਨਾਵਲ ਬਾਰੇ ਚਰਚਾ ਸ਼ੁਰੂ ਕੀਤਾ ਜਾ ਸਕਦਾ ਹੈ:

ਕਾਬੀਲ, ਮੈਂ ਇਕ ਯਤੀਮ ਬੱਚਾ ਹਾਂ। ਮੈਨੂੰ ਤਾਂ ਆਪਣੀ ਜਨਮ ਦੇਣ ਵਾਲੀ ਮਾਂ ਦਾ ਵੀ ਪਤਾ ਨਹੀਂ ਕਿ ਉਹ ਕੌਣ ਸੀ। ਸੀ ਵੀ ਕਿ ਨਹੀਂ। ਹਾਲੇ ਜੀਉਂਦੀ ਹੈ ਕਿ ਨਹੀਂ? ਨਾ ਹੀ ਮੈਨੂੰ ਆਪਣੇ ਪਿਉ ਦਾ ਪਤਾ ਹੈ ਕਿ ਉਹ ਕੌਣ ਸੀ? ਪਰ ਜਦ ਮੈਂ ਸੁਰਤ ਸੰਭਾਲੀ, ਮੈਂ ਯਤੀਮਖਾਨੇ ਵਿੱਚ ਸਾਂ. ਉਸ ਦੇ ਸਕੂਲ ਵਿਚ ਰੋਜ਼ ਧਾਰਮਿਕ ਸਿ਼ਕਸ਼ਾ ਲੈਂਦਾ ਸਾਂ। ਉਥੇ ਇਕ ਪਾਦਰੀ ਸੀ ਜੋ ਸਾਡੀ ਦੇਖਭਾਲ ਕਰਿਆ ਕਰਦਾ ਸੀ, ਪਰ ਮੇਰੇ ਨਾਲ ਰੋਜ਼ ਸ਼ਾਮ ਨੂੰ ਸੌਣ ਤੋਂ ਪਹਿਲਾਂ ਬਦਫੈਲੀ ਕਰਦਾ ਸੀ। ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਜਾਂਦਾ ਸੀ। ਕਦੀ ਮੈਨੂੰ ਅਨੀਮਾ ਕਰਨ ਦੇ ਬਹਾਨੇ ਜਾਂ ਕਦੀ ਮੇਰੇ ਢਿੱਡ ਵਿੱਚ ਮਲ੍ਹਪਾਂ ਦੇ ਬਹਾਨੇ ਮੇਰੇ ਨਾਲ ਬਦਫੈਲੀ ਕਰਕੇ ਆਪਣੀ ਕਾਮਵਾਸਨਾ ਪੂਰੀ ਕਰਦਾ ਸੀ। ਜੇਕਰ ਮੈਂ ਰੋਂਦਾ ਜਾਂ ਚੀਕਾਂ ਮਾਰਦਾ ਤੇ ਮੇਰੀਆਂ ਚੀਕਾਂ ਸੁਣ ਕੇ ਸਕੂਲ ਦਾ ਕੋਈ ਹੋਰ ਅਧਿਕਾਰੀ ਆ ਕੇ ਦਰਵਾਜ਼ਾ ਖੜਕਾਂਦਾ ਜਾਂ ਪੁੱਛਦਾ ਤੇ ਉਹ ਅੰਦਰੋਂ ਜਵਾਬ ਦਿੰਦਾ ਕਿ ਉਹ ਮੇਰਾ ਅਨੀਮਾ ਕਰ ਰਿਹਾ ਹੈ ਕਿਉਂਕਿ ਮੇਰੇ ਪੇਟ ਵਿੱਚ ਸੁੱਡੇ ਹਨ ਤੇ ਨਾਲ ਮਲ੍ਹਪ ਵੀ। ਕਦੀ ਕਦੀ ਉਹ ਮੇਰਾ ਮੂੰਹ ਵੀ ਬੰਨ੍ਹ ਦਿੰਦਾ ਸੀ ਤਾਂ ਜੋ ਮੇਰੀਆਂ ਚੀਕਾਂ ਜਾਂ ਰੋਣ ਦੀ ਆਵਾਜ਼ ਬਾਹਰ ਨਾ ਜਾ ਸਕੇ ਤੇ ਕੋਈ ਹੋਰ ਅਧਿਕਾਰੀ ਉਸਦੀ ਕਰਤੂਤ ਨੂੰ ਨਾ ਫੜ ਲਵੇ। ਕਈ ਵਾਰ ਤਾਂ ਮੇਰੀਆਂ ਇੰਨੀਆਂ ਚੀਕਾਂ ਨਿਕਲਦੀਆਂ ਸਨ, ਕਿ ਨਾਲ ਦੇ ਕਮਰੇ ਵਿੱਚ ਸੁੱਤੇ ਮੁੰਡੇ ਉਠ ਕੇ ਰੋਣ ਲੱਗ ਪੈਂਦੇ। ਪਰ ਪਾਦਰੀ ਦੇ ਡਰ ਦੇ ਮਾਰੇ ਚੁੱਪ ਹੋ ਜਾਂਦੇ ਸਨ ਤੇ ਕੁਸਕਦੇ ਤਕ ਨਹੀਂ ਸਨ। ਕਿਉਂਕਿ ਰੋਣ ਨਾਲ ਉਨ੍ਹਾਂ ਨਾਲ ਵੀ ਮੇਰੇ ਵਰਗਾ ਵਰਤਾਓ ਹੁੰਦਾ ਸੀ...ਮੇਰੀ ਉਮਰ ਉਸ ਵਕਤ, ਪਾਦਰੀ ਦੇ ਦਸਣ ਮੁਤਾਬਕ ਪੰਜ ਸਾਲ ਤੋਂ ਉੱਤੇ ਸੀ।

----

ਇਹ ਸਮਾਜਿਕ ਪ੍ਰਸਥਿਤੀਆਂ ਜ਼ਿੰਦਗੀ ਭਰ ਵੇਨ ਦਾ ਪਿੱਛਾ ਕਰਦੀਆਂ ਹਨ। ਉਹ ਜਿੱਥੇ ਜਿੱਥੇ ਵੀ ਜਾਂਦਾ ਹੈ ਉਹ ਪ੍ਰਛਾਵੇਂ ਵਾਂਗ ਉਸਦੇ ਨਾਲ ਨਾਲ ਜਾਂਦੀਆਂ ਹਨ। ਗਿਰਜੇ ਦੇ ਧਾਰਮਿਕ ਪਾਦਰੀਆਂ ਵੱਲੋਂ ਵੇਨ ਦੀ ਬਚਪਨ ਵਿੱਚ ਹੀ ਕੀਤੀ ਗਈ ਮਾਨਸਿਕ ਅਤੇ ਸਰੀਰਕ ਤਬਾਹੀ ਨਾ ਸਿਰਫ਼ ਉਸਦਾ ਬਚਪਨ ਹੀ ਤਬਾਹ ਕਰਦੀ ਹੈ - ਉਸਦੀ ਜਵਾਨੀ ਵੀ ਤਬਾਹ ਕਰ ਦਿੰਦੀ ਹੈ। ਧਾਰਮਿਕ ਅਦਾਰਿਆਂ ਦੇ ਇਹ ਪਾਦਰੀ ਜੋ ਆਪਣੇ ਚਿਹਰਿਆਂ ਉੱਤੇ ਹਰ ਸਮੇਂ ਹਸੂੰ ਹਸੂੰ ਕਰਦਿਆਂ ਦੇ ਮੁਖੌਟੇ ਪਾਈ ਰੱਖਦੇ ਹਨ - ਅੰਦਰੋਂ ਇਹ ਕਿਸ ਤਰ੍ਹਾਂ ਖੂੰਖਾਰ ਬਘਿਆੜ ਹੁੰਦੇ ਹਨ - ਇਸ ਗੱਲ ਦਾ ਆਮ ਆਦਮੀ ਕਦੀ ਅੰਦਾਜ਼ਾ ਵੀ ਨਹੀਂ ਲਗਾ ਸਕਦਾ।

----

ਬਚਪਨ ਵਿੱਚ ਧਾਰਮਿਕ ਸਕੂਲ ਦੇ ਪਾਦਰੀ ਰੂਪੀ ਫੰਨੀਅਰ ਸੱਪ ਦਾ ਡੰਗਿਆ ਵੇਨ ਮੁੜ ਕਦੀ ਸੰਭਲ ਨਾ ਸਕਿਆ। ਪਾਦਰੀ ਵੱਲੋਂ ਵੇਨ ਨਾਲ ਕੀਤੇ ਕੁਕਰਮਾਂ ਦੀ ਬਦਬੋਅ ਵੇਨ ਦੇ ਜਿਸਮ ਨਾਲ ਐਸੀ ਚਿੰਬੜੀ ਕਿ ਉਹ ਜਿੱਥੇ ਵੀ ਗਿਆ ਜੋਕਾਂ ਉਸਦਾ ਖ਼ੂਨ ਪੀਣ ਲਈ ਉਸਦੇ ਜਿਸਮ ਨੂੰ ਚੰਬੜਦੀਆਂ ਗਈਆਂ। ਯਤੀਮਖਾਨੇ ਦੇ ਸਕੂਲ ਤੋਂ ਵੇਨ ਜੂਨੀਅਰ ਸਕੂਲ ਪਹੁੰਚਿਆ ਤਾਂ ਜਿਨਸੀ ਹਵਸ ਦੇ ਭੁੱਖੇ ਵਹਿਸ਼ੀਆਂ ਨੇ ਉਸ ਨੂੰ ਉੱਥੇ ਵੀ ਆ ਦਬੋਚਿਆ। ਅਜਿਹੀਆਂ ਖ਼ੂਨ ਪੀਣੀਆਂ ਜਿਨਸੀ ਹਵਸ ਦੀਆਂ ਭੁੱਖੀਆਂ ਜੋਕਾਂ ਦਾ ਜਿ਼ਕਰ ਨਦੀਮ ਪਰਮਾਰ ਕੁਝ ਇਸ ਤਰ੍ਹਾਂ ਕਰਦਾ ਹੈ:

ਜਦ ਮੈਂ ਜੂਨੀਅਰ ਹਾਈ ਸਕੂਲ ਚ ਗਿਆ ਤਾਂ ਉੱਥੇ ਇਕ ਮੁੰਡਾ ਜਿਸ ਦਾ ਨਾਂ ਨੀਲ ਸੀ ਆ ਗਿਆ। ਨੀਲ ਮੇਰੇ ਧਾਰਮਿਕ ਸਕੂਲ ਦਾ ਰਹਿਣ ਵਾਲਾ ਸੀ। ਉਸ ਨੂੰ ਮੇਰੇ ਨਾਲ ਬਚਪਨ ਵਿਚ ਹੋਏ ਵਰਤਾਓ ਦਾ ਪਤਾ ਸੀ ਤੇ ਮੇਰੇ ਨਾਲ ਹੋਈਆਂ ਬਦਫੈਲੀਆਂ ਦਾ ਸਾਰਾ ਕਿੱਸਾ ਪਤਾ ਸੀ। ਨੀਲ ਨੇ ਉਨ੍ਹਾਂ ਦਾ ਨਾਜਾਇਜ਼ ਫਾਇਦਾ ਉਠਾਣ ਲਈ ਮੈਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਆਪਣੀ ਜਿਨਸੀ ਹਵਸ ਦਾ ਸ਼ਿਕਾਰ ਬਣਾ ਲਿਆ। ਉਸ ਤੋਂ ਬਾਅਦ ਉਹ ਮੈਨੂੰ ਮਾਰਨ ਕੁੱਟਣ ਵੀ ਲੱਗ ਪਿਆ, ਜਦ ਕਦੀ ਮੈਂ ਉਸਦੀ ਮਰਜ਼ੀ ਪੂਰੀ ਨਹੀਂ ਸੀ ਕਰਦਾ। ਹੌਲੀ ਹੌਲੀ ਉਸਦੇ ਸਾਥੀ ਵੀ ਮੇਰੇ ਨਾਲ ਬਦਫੈਲੀ ਕਰਨ ਲੱਗ ਪਏ ਤੇ ਮੈਂ ਸਕੂਲ ਵਿਚ ਫੇਅਰ ਲੇਡੀ ਦੇ ਨਾਂ ਨਾਲ ਮਸ਼ਹੂਰ ਹੋ ਗਿਆ।

----

ਵੇਨ ਦੀ ਜ਼ਿੰਦਗੀ ਵਿੱਚ ਵਾਪਰੀ ਤੀਜੀ ਘਟਨਾ ਉਸਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਕਾਫੀ ਸੀ। ਆਪਣੀ ਜਿਨਸੀ ਭੁੱਖ ਨੂੰ ਮਿਟਾਉਣ ਲਈ ਵੇਨ ਨੂੰ ਵਰਤਣ ਵਾਲੇ ਗੁੰਡਾ ਗਰੋਹ ਨੇ ਉਸਨੂੰ ਡਰੱਗਜ਼ ਦੀ ਵਰਤੋਂ ਕਰਨ ਅਤੇ ਡਰੱਗਜ਼ ਦਾ ਧੰਦਾ ਕਰਨ ਦਾ ਵੀ ਭੁੱਸ ਪਾ ਦਿੱਤਾ। ਨੌਜਵਾਨ ਮਰਦਾਂ / ਔਰਤਾਂ ਨੂੰ ਰੰਡੀਬਾਜ਼ੀ ਦੇ ਧੰਦੇ ਵਿੱਚ ਪਾਉਣ ਵਾਲੇ ਦੱਲੇ ਵੀ ਇਹੀ ਕੁਝ ਕਰਦੇ ਹਨ ਉਹ ਨੌਜਵਾਨ ਮਰਦਾਂ / ਔਰਤਾਂ ਨੂੰ ਪਹਿਲਾਂ ਤਾਂ ਡਰੱਗਜ਼ ਖਾਣ ਦੀ ਆਦਤ ਪਾਂਦੇ ਹਨ ਅਤੇ ਫਿਰ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਨੌਜਵਾਨ ਮਰਦਾਂ / ਔਰਤਾਂ ਦੇ ਸਮੂਹਕ ਬਲਾਤਕਾਰ ਕਰਦੇ ਹਨ। ਮੁੜ ਉਨ੍ਹਾਂ ਮਾਸੂਮ ਮਰਦਾਂ / ਔਰਤਾਂ ਨੂੰ ਇਸ ਗੱਲ ਦਾ ਡਰਾਵਾ ਦੇ ਕੇ ਕਿ ਉਹ ਇਹ ਗੱਲ ਉਨ੍ਹਾਂ ਦੇ ਪ੍ਰਵਾਰਾਂ ਨੂੰ ਦਸ ਦੇਣਗੇ ਉਨ੍ਹਾਂ ਨੂੰ ਬਲੈਕਮੇਲ ਕਰਦੇ ਹਨ ਅਤੇ ਰੰਡੀਬਾਜ਼ੀ ਦੇ ਧੰਦੇ ਵਿੱਚ ਧਕੇਲ ਦਿੰਦੇ ਹਨ। ਕੁਝ ਇਸ ਤਰ੍ਹਾਂ ਹੀ ਵਾਪਰਿਆ ਇਸ ਨਾਵਲ ਦੇ ਮੁੱਖ ਪਾਤਰ ਵੇਨ ਨਾਲ ਵੀ। ਸੁਣੋ ਵੇਨ ਦੀ ਹੀ ਜ਼ੁਬਾਨੀ:

ਮੇਰੇ ਪਿਉ ਦਾ ਇਕ ਦੋਸਤ ਬਿੱਲੀ ਜੋਨਜ਼ ਸੀ। ਉਹ ਸਾਡੇ ਘਰ ਮੇਰੇ ਪਿਉ ਨਾਲ ਆਇਆ ਕਰਦਾ ਸੀ। ਮੇਰੇ ਪਿਉ ਦੀ ਦੁਕਾਨ ਤੇ ਬਿੱਲੀ ਜੋਨਜ਼ ਸਿਰਫ ਆਵਾਰਾ ਮੁੰਡਿਆਂ ਨਾਲ ਹੀ ਗੱਲਬਾਤ ਕਰਦਾ ਸੀ ਪਰ ਜਦੋਂ ਉਹ ਘਰ ਆਂਦਾ ਤਾਂ ਮੈਨੂੰ ਆਪਣੇ ਕੋਲ ਬਿਠਾ ਕੇ ਬਹੁਤ ਪਿਆਰ ਕਰਦਾ। ਉਸਦਾ ਪਿਆਰ ਕਿਹੜਾ ਸੀ ਉਹ ਮੈਂ ਸਮਝਦਾ ਸੀ ਤੇ ਮੇਰੀ ਮਾਂ ਨੂੰ ਵੀ ਉਸਦੀ ਨੀਅਤ ਦਾ ਪਤਾ ਸੀ। ਉਹ ਮੈਨੂੰ ਕਿਸੇ ਬਹਾਨੇ ਉਥੋਂ ਉਠਾਲ ਦਿੰਦੀ। ਗਰਮੀਆਂ ਦੀਆਂ ਛੁੱਟੀਆਂ ਕਰਕੇ ਸਕੂਲ ਬੰਦ ਸਨ ਤੇ ਮੈਂ ਆਪਣੇ ਪਿਉ ਨਾਲ ਦੁਕਾਨ ਦੇ ਕੰਮ ਵਿਚ ਹੱਥ ਵਟਾਂਦਾ ਸੀ। ਇਕ ਦਿਨ ਮੇਰਾ ਪਿਉ ਕਿਸੇ ਕੰਮ ਕਾਰਨ ਕਿਤੇ ਗਿਆ ਹੋਇਆ ਸੀ. ਉਥੇ ਬਿੱਲੀ ਜੋਨਜ਼ ਆ ਗਿਆ। ਉਸ ਵੇਲੇ ਦੁਕਾਨ ਤੇ ਨਾ ਉਹ ਆਵਾਰਾ ਮੁੰਡੇ ਤੇ ਨਾ ਹੀ ਕੋਈ ਗਾਹਕ ਸੀ। ਮੈਂ ਕੱਲਾ ਹੀ ਸੀ। ਬਿੱਲੀ ਜੋਨਜ਼ ਆ ਕੇ ਮੇਰੇ ਨਾਲ ਗੱਲਬਾਤ ਕਰਨ ਲੱਗ ਪਿਆ ਤੇ ਪੁੱਛਣ ਲੱਗਾ, “ਵੇਨ, ਤੇਰਾ ਜੇਬ ਖਰਚ ਕਿਸ ਤਰ੍ਹਾਂ ਚਲਦਾ ਹੈ?”

ਮੈਂ ਜਵਾਬ ਦਿੱਤਾ, “ਕਦੀ ਮਾਂ ਦੇ ਦਿੰਦੀ ਹੈ ਤੇ ਕਦੀ ਪਿਉ।

ਤੂੰ ਆਪਣਾ ਕਾਰੋਬਾਰ ਕਿਉਂ ਨਹੀਂ ਕਰਦਾ?” ਬਿੱਲੀ ਜੋਨਜ਼ ਨੇ ਆਖਿਆ।

ਉਹ ਕਿਹੜਾ?” ਮੈਂ ਪੁੱਛਿਆ।

ਬਿੱਲੀ ਜੋਨਜ਼ ਨੇ ਆਲਾ ਦੁਆਲਾ ਦੇਖਿਆ ਤੇ ਪੈਕਟ ਆਪਣੀ ਸਮਰ ਜੈਕਟ ਵਿਚੋਂ ਕੱਢ ਕੇ ਮੈਨੂੰ ਦਿਖਾ ਕੇ ਬੋਲਿਆ, “ਇਹ ਗਰਾਸ ਹੈ। ਇਹ ਸੌ ਡਾਲਰ ਦਾ ਪੈਕਟ ਹੈ। ਜੇਕਰ ਤੂੰ ਇਹ ਵੇਚ ਦੇਵੇਂ ਤਾਂ ਚੌਥਾ ਹਿੱਸਾ ਤੇਰਾ ਹੈ। ਇਹ ਜੋ ਮੁੰਡੇ ਇੱਥੇ ਆਉਂਦੇ ਨੇ, ਉਹ ਮੇਰੀ ਬਜਾਇ ਤੇਰੇ ਕੋਲੋਂ ਖਰੀਦਣਗੇ ਤੇ ਤੂੰ ਇਹ ਪੈਸੇ ਮੈਨੂੰ ਦੇਵੇਂਗਾ। ਕੁਲ ਬਿਕਰੀ ਦਾ ਚੌਥਾ ਹਿੱਸਾ ਆਪ ਰੱਖੇਂਗਾ।

ਮੈਂ ਏਨੀ ਵੱਡੀ ਰਕਮ ਕਦੀ ਨਹੀਂ ਸੀ ਦੇਖੀ ਤੇ ਨਾ ਹੀ ਕਦੀ ਸੋਚਿਆ ਸੀ। ਮੈਂ ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ। ਉਸ ਦਿਨ ਤੋਂ ਮੈਂ ਡਰੱਗ ਵੇਚਣ ਲੱਗ ਪਿਆ। ਫਿਰ ਇਕ ਦਿਨ ਬਿੱਲੀ ਨੇ ਮੈਨੂੰ ਇਸਦਾ ਪ੍ਰਯੋਗ ਕਰਨ ਲਈ ਮਜਬੂਰ ਕੀਤਾ ਤੇ ਆਖਿਆ, “ਜਦ ਤੂੰ ਆਪ ਨਹੀਂ ਪੀਂਦਾ ਤੇ ਹੋਰਨਾਂ ਨੂੰ ਕਿਵੇਂ ਵੇਚੇਂਗਾ।ਮੈਨੂੰ ਫਿਰ ਗਰਾਸ ਦਾ ਭੁਸ ਪੈ ਗਿਆ। ਬਜਾਏ ਵੇਚਣ ਦੇ ਆਪ ਹੀ ਖਰੀਦਣ ਲੱਗ ਪਿਆ।

----

ਡਰੱਗ ਦੀ ਵਰਤੋਂ ਕਰਨ ਦੀ ਆਦਤ ਪੈ ਜਾਣ ਤੋਂ ਬਾਹਦ ਸਾਧਾਰਨ ਔਰਤਾਂ ਅਤੇ ਮਰਦਾਂ ਕੋਲ ਦੋ ਹੀ ਰਾਹ ਬਾਕੀ ਰਹਿ ਜਾਂਦੇ ਹਨ। ਜਾਂ ਤਾਂ ਉਹ ਡਰੱਗਜ਼ ਦੇ ਭਾਰੀ ਖਰਚਿਆਂ ਲਈ ਚੋਰੀਆਂ/ਡਾਕੇ ਮਾਰਨ ਅਤੇ ਜਾਂ ਰੰਡੀਬਾਜ਼ੀ ਦਾ ਧੰਦਾ ਕਰਨ। ਕੁਝ ਲੋਕ ਭਾਵੇਂ ਕਿ ਸ਼ੁਰੂਆਤ ਤਾਂ ਚੋਰੀਆਂ/ਡਾਕਿਆਂ ਤੋਂ ਹੀ ਕਰਦੇ ਹਨ ਪਰ ਉਨ੍ਹਾਂ ਦਾ ਅੰਤ ਰੰਡੀਬਾਜ਼ੀ ਦੇ ਧੰਦੇ ਵਿੱਚ ਫਸਣ ਨਾਲ ਹੀ ਹੁੰਦਾ ਹੈ। ਵੇਨ ਨਾਲ ਵੀ ਕੁਝ ਇੰਜ ਹੀ ਵਾਪਰਿਆ:

ਇਕ ਦਿਨ ਮੇਰਾ ਪਿਉ ਦੁਕਾਨ ਬੰਦ ਕਰਕੇ ਆਇਆ ਉਹ ਕਿਸੇ ਕਾਰਨ ਬੈਂਕ ਨਾ ਜਾ ਸਕਿਆ। ਉਸਨੇ ਬਹੁਤ ਸਾਰੀ ਰਕਮ ਮੇਰੇ ਸਾਹਮਣੇ ਕੱਢ ਕੇ ਮੇਰੀ ਮਾਂ ਨੂੰ ਦਿੱਤੀ। ਮੈਂ ਚੋਰ ਅੱਖ ਨਾਲ ਦੇਖਦਾ ਰਿਹਾ ਕਿ ਮਾਂ ਨੇ ਪੈਸੇ ਕਿੱਥੇ ਰੱਖੇ ਨੇ। ਰਾਤ ਨੂੰ ਜਦ ਸਾਰੇ ਸੌਂ ਗਏ, ਮੈਂ ਆਪਣਾ ਬੈਕ ਪੈਕ ਤਿਆਰ ਕੀਤਾ, ਹੌਲੀ ਹੌਲੀ ਦੇਣੀ ਮਾਂ ਦਾ ਦਰਵਾਜ਼ਾ ਖੋਲ੍ਹ ਕੇ ਉਸਦੇ ਡਰੈਸਰ ਚੋਂ ਸਾਰੀ ਰਕਮ ਕੱਢ ਲਈ ਤੇ ਦੱਬੇ ਪੈਰੀਂ ਘਰੋਂ ਬਾਹਰ ਨਿਕਲ ਆਇਆ। ਰਾਤ ਦਾ ਕੋਈ ਇੱਕ ਵੱਜਿਆ ਸੀ। ਕੋਈ ਬੱਸ ਨਹੀਂ ਸੀ ਚਲਦੀ ਤੇ ਨਾ ਹੀ ਕੋਈ ਕਾਰ ਸੜਕ ਤੇ ਸੀ। ਮੈਂ ਡਾਊਨ ਟਾਊਨ ਵੱਲ ਤੁਰ ਪਿਆ। ਇੰਨੇ ਚਿਰ ਨੂੰ ਇਕ ਕਾਰ ਮੇਰੇ ਬਰਾਬਰ ਆ ਕੇ ਰੁਕੀ। ਉਸ ਵਿਚ ਨੀਲ ਤੇ ਉਸ ਦੇ ਸਾਥੀ ਸਨ। ਉਨ੍ਹਾਂ ਨੇ ਮੈਨੂੰ ਕਾਰ ਵਿੱਚ ਬੈਠਣ ਲਈ ਆਖਿਆ। ਪਹਿਲਾਂ ਤੇ ਮੈਂ ਨਾਂਹ ਕਰ ਦਿੱਤੀ ਪਰ ਜਦ ਉਸ ਨੇ ਮੈਨੂੰ ਧਮਕੀ ਦਿੱਤੀ ਕਿ ਉਹ ਮੈਨੂੰ ਪੁਲਿਸ ਨੂੰ ਫੜਾ ਦੇਵੇਗਾ ਤੇ ਮੈਂ ਡਰਦਾ ਮਾਰਾ ਉਨ੍ਹਾਂ ਦੀ ਕਾਰ ਵਿੱਚ ਬੈਠ ਗਿਆ। ਉਹ ਮੈਨੂੰ ਲੈ ਕੇ ਇਧਰ ਉਧਰ ਫਿਰਦੇ ਰਹੇ। ਫਿਰ ਮੈਨੂੰ ਆਪਣੇ ਘਰ ਲੈ ਗਏ। ਜਿੱਥੇ ਸਾਰਿਆਂ ਨੇ ਇਕ ਇਕ ਬੀਅਰ ਪੀਤੀ। ਮੈਨੂੰ ਵੀ ਪੀਣ ਨੂੰ ਦਿੱਤੀ। ਥੋੜ੍ਹੀ ਦੇਰ ਬਾਅਦ ਸਾਰਿਆਂ ਨੇ ਰਲ ਕੇ ਮੇਰੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਵਾਰੋ ਵਾਰੀ ਮੇਰੇ ਨਾਲ ਬਦਫੈਲੀ ਕੀਤੀ। ਮੈਂ ਬੇਬਸ ਹੋ ਕੇ ਸਾਰਾ ਸਰੀਰਕ ਦੁੱਖ ਜਰਿਆ ਤੇ ਕੁਝ ਨਾ ਬੋਲਿਆ। ਇਹ ਜਿਸਮਾਨੀ ਜ਼ੁਲਮ ਸਹਿ ਕੇ ਵੀ ਚੁੱਪ ਰਿਹਾ। ਮੈਂ ਸਾਰੀ ਰਾਤ ਸੌਂ ਨਾ ਸਕਿਆ।

----

ਨਾਵਲ ਦੇ ਮੁੱਖ ਪਾਤਰ ਵੇਨ ਨਾਲ ਵਾਪਰੀ ਇਹ ਘਟਨਾ ਕੈਨੇਡੀਅਨ ਸਮਾਜ ਨਾਲ ਸਬੰਧਤ ਅਨੇਕਾਂ ਹੋਰ ਸਮੱਸਿਆਵਾਂ ਬਾਰੇ ਵੀ ਸਾਨੂੰ ਜਾਗ੍ਰਿਤ ਕਰਦੀ ਹੈ। ਕੈਨੇਡੀਅਨ ਸਕੂਲਾਂ ਵਿੱਚ ਗੈਂਗਵਾਰ ਚੱਲਦੀ ਹੈ। ਸਕੂਲਾਂ ਦੇ ਵਿਦਿਆਰਥੀ ਬਿਨ੍ਹਾਂ ਕਿਸੀ ਡਰ ਦੇ ਪਿਸਤੌਲਾਂ, ਬੰਦੂਕਾਂ ਅਤੇ ਛੁਰਿਆਂ ਦੀ ਵਰਤੋਂ ਕਰਕੇ ਇੱਕ ਦੂਜੇ ਦਾ ਕਤਲ ਕਰ ਰਹੇ ਹਨ। ਇਨ੍ਹਾਂ ਮਾਰੇ ਜਾਣ ਵਾਲੇ ਵਿਦਿਆਰਥੀਆਂ ਵਿੱਚ ਅਨੇਕਾਂ ਵਿਦਿਆਰਥੀ ਅਜਿਹੇ ਵੀ ਹੋਣਗੇ ਜਿਨ੍ਹਾਂ ਨਾਲ ਡਰੱਗ ਸਮਗਲਰਾਂ/ਪਿੰਪਸ ਨੇ ਆਪਣੀ ਜਿਨਸੀ ਭੁੱਖ ਪੂਰੀ ਕਰਨ ਲਈ ਜ਼ਬਰਦਸਤੀ ਵੀ ਕੀਤੀ ਹੋਵੇਗੀ ਅਤੇ ਉਨ੍ਹਾਂ ਉੱਤੇ ਡਰੱਗ ਵੇਚਣ ਦੇ ਧੰਦੇ ਵਿੱਚ ਸ਼ਾਮਿਲ ਹੋਣ ਲਈ ਅਨੇਕਾਂ ਤਰ੍ਹਾਂ ਦਾ ਦਬਾਅ ਵੀ ਪਾਇਆ ਹੋਵੇਗਾ। ਇਨ੍ਹਾਂ ਭੋਲੇ ਭਾਲੇ ਵਿਦਿਆਰਥੀਆਂ ਵੱਲੋਂ ਇਸ ਧੰਦੇ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰਨ ਉੱਤੇ ਉਨ੍ਹਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਹੋਣਗੇ। ਕੈਨੇਡੀਅਨ ਸਮਾਜ ਦਾ ਯਥਾਰਥਵਾਦੀ ਚਿਤ੍ਰਣ ਕਰਦਾ ਇਸ ਨਾਵਲ ਵਿਚਲਾ ਇਹ ਦ੍ਰਿਸ਼ ਬੜੀ ਖੂਬਸੂਰਤੀ ਨਾਲ ਬਿਆਨ ਕਰਦਾ ਹੈ ਕਿ ਵੇਨ ਕਿਵੇਂ ਪ੍ਰਸਥਿਤੀਆਂ ਵਿੱਚ ਘਿਰਦਾ ਜਾ ਰਿਹਾ ਹੈ:

ਮੈਂ ਸਕੂਲ ਬਾਕਾਇਦਾ ਜਾਣ ਲੱਗ ਪਿਆ। ਹਾਲੇ ਦੋ ਕੁ ਮਹੀਨੇ ਹੀ ਹੋਏ ਸੀ ਕਿ ਇਕ ਦਿਨ ਨੀਲ ਦੇ ਸਾਥੀ ਰੌਬ ਤੇ ਡੇਲ ਆ ਗਏ। ਮੈਨੂੰ ਉਨ੍ਹਾਂ ਨੇ ਸਕੂਲ ਦੀ ਗਰਾਊਂਡ ਵਿਚ ਘੇਰ ਲਿਆ। ਮੈਂ ਉਨ੍ਹਾਂ ਤੋਂ ਬਚਣ ਲਈ ਦੂਜੇ ਪਾਸੇ ਨੂੰ ਜਾਣ ਲੱਗਾ ਤਾਂ ਉਨ੍ਹਾਂ ਨੇ ਨੱਠ ਕੇ ਮੈਨੂੰ ਫੜ ਲਿਆ ਤੇ ਆਖਿਆ, “ਵੇਨ, ਸਾਨੂੰ ਤੇਰੀ ਮੱਦਦ ਦੀ ਲੋੜ ਹੈ। ਅਸੀਂ ਐਲ.ਐਸ.ਡੀ. ਵੇਚਣੀ ਹੈ ਤੇ ਸਕੂਲ ਦੇ ਮੁੰਡਿਆਂ ਵਿੱਚ ਤੂੰ ਹੀ ਵੇਚੇਂਗਾ।

----

ਮੈਂ ਸੋਚਣ ਲੱਗ ਪਿਆ। ਪਹਿਲਾਂ ਤੇ ਖ਼ਿਆਲ ਆਇਆ ਕਿ ਮੈੰ ਉਨ੍ਹਾਂ ਨੂੰ ਨਾਂਹ ਕਰ ਦੇਵਾਂ ਪਰ ਮੈਨੂੰ ਉਨ੍ਹਾਂ ਦੀ ਮਾਰ ਤੇ ਬਦਫੈਲੀ ਦਾ ਖਿਆਲ ਆਇਆ। ਨਾਲ ਹੀ ਇਹ ਖ਼ੌਫ਼ ਵੀ ਉੱਠਿਆ ਕਿ ਇਹ ਜਾ ਕੇ ਮੇਰੇ ਬਾਰੇ ਮੇਰੇ ਪਿਉ ਨੂੰ ਦੱਸਣਗੇ ਜਾਂ ਫਿਰ ਮੈਨੂੰ ਬਦਨਾਮ ਕਰਨਗੇ। ਕਿਉਂਕਿ ਇਹ ਬਿੱਲੀ ਜੋਨਜ਼ ਨਾਲ ਵੀ ਕੰਮ ਕਰਦੇ ਨੇ ਤੇ ਉਹ ਮੇਰੇ ਪਿਉ ਦਾ ਦੋਸਤ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਡਰਦੇ ਨੇ ਮੈਂ ਉਨ੍ਹਾਂ ਨੂੰ ਹਾਂ ਕਰ ਦਿੱਤੀ। ਉਨ੍ਹਾਂ ਨੇ ਇਕ ਪੈਕਟ ਮੇਰੇ ਹੱਥ ਵਿਚ ਫੜਾ ਕੇ ਆਖਿਆ, “ਬਹੁਤ ਅੱਛਾ। ਸਾਨੂੰ ਤੈਥੋਂ ਇਹੀ ਆਸ ਸੀ। ਇਹ ਪੈਕਟ ਸੌ ਡਾਲਰ ਦਾ ਹੈ। ਇਸ ਹਫਤੇ ਦੇ ਆਖੀਰ ਤੱਕ ਵੇਚਣ ਤੇ ਚੌਥਾ ਹਿੱਸਾ ਤੇਰਾ ਹੈ।ਇੰਨਾ ਆਖ ਕੇ ਉਨ੍ਹਾਂ ਨੇ ਮੇਰੀ ਗੱਲ੍ਹ ਦੀ ਚੂੰਡੀ ਭਰੀ ਤੇ ਚਲੇ ਗਏ। ਮੇਰੀ ਚੂੰਡੀ ਨਾਲ ਚੀਕ ਨਿਕਲ ਗਈ। ਪਹਿਲਾਂ ਤੇ ਦਿਲ ਵਿਚ ਆਇਆ ਕਿ ਪੈਕਟ ਵਗਾਹ ਕੇ ਉਨ੍ਹਾਂ ਦੀ ਪਿੱਠ ਤੇ ਮਾਰਾਂ। ਫਿਰ ਡਰਦੇ ਨੇ ਆਪਣੇ ਸਕੂਲ ਪੈਕ ਵਿੱਚ ਪਾ ਲਿਆ ਤੇ ਘਰ ਨੂੰ ਆ ਗਿਆ।

----

ਡਰੱਗ ਮਾਫੀਆ, ਸੈਕਸ ਮਾਫੀਆ ਅਤੇ ਹਥਿਆਰ ਮਾਫੀਆ - ਇਨ੍ਹਾਂ ਸਭਨਾਂ ਦੀਆਂ ਤੰਦਾਂ ਬੜੀ ਗੂੜ੍ਹੀ ਤਰ੍ਹਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ। ਜਿਹੜਾ ਵਿਅਕਤੀ ਇਨ੍ਹਾਂ ਚੋਂ ਕਿਸੇ ਇੱਕ ਵਿੱਚ ਵੀ ਉਲਝ ਗਿਆ - ਉਹ ਹੌਲੀ ਹੌਲੀ ਬਾਕੀਆਂ ਵਿੱਚ ਵੀ ਉਲਝਦਾ ਹੀ ਜਾਂਦਾ ਹੈ। ਕੁਝ ਇਸ ਤਰ੍ਹਾਂ ਹੀ ਵੇਨ ਨਾਲ ਵੀ ਵਾਪਰਦਾ ਗਿਆ:

ਮੈਂ ਕਈ ਵਾਰ ਟੋਨੀ, ਨੀਲ ਤੇ ਉਨ੍ਹਾਂ ਦੇ ਸਾਥੀਆਂ ਦੀ ਹਵਸ ਦਾ ਸਿ਼ਕਾਰ ਵੀ ਹੋਇਆ। ਉਹ ਜਦੋਂ ਵੀ ਮੈਨੂੰ ਕੱਲਾ ਦੇਖਦੇ ਮੈਨੂੰ ਦਬੋਚ ਲੈਂਦੇ ਤੇ ਮੇਰੇ ਨਾਲ ਬਦਫੈਲੀ ਕਰਦੇ। ਕਈ ਵਾਰ ਉਹ ਇਹ ਆਖ ਕੇ ਮੇਰੀਆਂ ਖਾਖਾਂ ਪੁੱਟਦੇ, “ਕਾਸ਼ ਤੂੰ ਕੁੜੀ ਹੁੰਦਾ। ਪਰ ਕੋਈ ਗੱਲ ਨਹੀਂ, ਤੂੰ ਇਸ ਤਰ੍ਹਾਂ ਵੀ ਸਾਨੂੰ ਪਸੰਦ ਏਂ।

ਮੇਰੇ ਕਦੀ ਸੈਰ੍ਹਾ ਜਾਂ ਹੋਰ ਕੁੜੀਆਂ ਦੇ ਕੱਪੜੇ ਪਵਾ ਕੇ ਮੈਥੋਂ ਸਟਰਿਪ ਨਾਚ ਕਰਵਾਂਦੇ। ਮੈਂ ਇਹ ਸਭ ਆਪਣੀ ਜਾਨ ਬਚਾਣ ਖਾਤਰ ਕਰਦਾ ਪਰ ਅੰਦਰੇ ਅੰਦਰ ਦੁਖੀ ਹੋ ਹੋ ਰੋਂਦਾ। ਇੱਕ ਵਾਰ ਕੀ ਕਈ ਵਾਰ ਰੋਟੀ ਖਾਤਰ ਸੜਕ ਤੇ ਖਲੋ ਕੇ ਆਪਣਾ ਸਰੀਰ ਵੀ ਵੇਚਿਆ ਤੇ ਮੇਲ ਪ੍ਰੋਸਟੀਚੀਊਟ ਬਣ ਗਿਆ।

----

ਇੱਕ ਚੇਤੰਨ ਲੇਖਕ ਵਾਂਗ ਨਦੀਮ ਪਰਮਾਰ ਬੀਮਾਰੀ ਦੀ ਜੜ੍ਹ ਤੱਕ ਜਾਂਦਾ ਹੈ। ਉਨ੍ਹਾਂ ਕਾਰਨਾਂ ਦੀ ਤਲਾਸ਼ ਕਰਦਾ ਹੈ, ਉਨ੍ਹਾਂ ਪ੍ਰਸਥਿਤੀਆਂ ਦੀ ਤਲਾਸ਼ ਕਰਦਾ ਹੈ ਜੋ ਏਡਜ਼ ਦੀ ਬੀਮਾਰੀ ਨੂੰ ਜਨਮ ਦਿੰਦੀਆਂ ਹਨ। ਏਡਜ਼ ਦੀ ਬੀਮਾਰੀ ਦਾ ਇਲਾਜ ਕਰਨ ਲਈ ਮਹਿਜ਼ ਮਰੀਜ਼ਾਂ ਨੂੰ ਦਵਾਈਆਂ ਦੇਣ ਦੀ ਹੀ ਲੋੜ ਨਹੀਂ - ਬਲਕਿ ਇਸ ਤੋਂ ਵੀ ਵੱਧ ਜ਼ਰੂਰੀ ਹੈ ਸਮਾਜ ਵਿਚਲੇ ਉਨ੍ਹਾਂ ਕਾਰਨਾਂ ਦੀ ਤਲਾਸ਼ ਕਰਨੀ ਜੋ ਇਸ ਬੀਮਾਰੀ ਦਾ ਮੂਲ ਕਾਰਨ ਬਣਦੇ ਹਨ ਅਤੇ ਉਨ੍ਹਾਂ ਪ੍ਰਸਥਿਤੀਆਂ ਨੂੰ ਬਦਲਣ ਲਈ ਲੋੜੀਂਦੇ ਕਦਮ ਚੁੱਕਣੇ ਜੋ ਇਸ ਬੀਮਾਰੀ ਨੂੰ ਜਨਮ ਦੇਣ ਵਿੱਚ ਮੁੱਖ ਭੁਮਿਕਾ ਨਿਭਾਉਂਦੀਆਂ ਹਨ।

----

ਨਦੀਮ ਪਰਮਾਰ ਇਸ ਨਾਵਲ ਰਾਹੀਂ ਏਡਜ਼ ਦੀ ਬੀਮਾਰੀ ਬਾਰੇ ਆਮ ਲੋਕਾਂ ਦੇ ਮਨਾਂ ਵਿੱਚ ਪਏ ਹੋਏ ਅਨੇਕਾਂ ਤਰ੍ਹਾਂ ਦੇ ਭੁਲੇਖੇ ਵੀ ਦੂਰ ਕਰਦਾ ਹੈ। ਬਹੁਤ ਸਾਰੇ ਲੋਕ ਏਡਜ਼ ਦੀ ਬੀਮਾਰੀ ਨੂੰ ਛੂਤ ਛਾਤ ਦੀ ਬੀਮਾਰੀ ਹੀ ਸਮਝਦੇ ਹਨ ਅਤੇ ਏਡਜ਼ ਦੇ ਰੋਗੀਆਂ ਦੇ ਨੇੜੇ ਆਉਣ ਤੋਂ ਵੀ ਡਰਦੇ ਹਨ। ਏਡਜ਼ ਦੇ ਮਰੀਜ਼ਾਂ ਨਾਲ ਸਮਾਜ ਵਿੱਚ ਇਸ ਤਰ੍ਹਾਂ ਹੀ ਵਿਤਕਰਾ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਭਾਰਤੀ ਸਮਾਜ ਵਿੱਚ ਕੁਝ ਲੋਕਾਂ ਨੂੰ ਅਛੂਤਕਹਿਕੇ ਸਦੀਆਂ ਤੋਂ ਦੁਰਕਾਰਿਆ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਮਨੁੱਖੀ ਹੱਕਾਂ ਤੋਂ ਵੀ ਵਾਂਝੇ ਰੱਖਿਆ ਜਾਂਦਾ ਰਿਹਾ ਹੈ। ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਨਾਵਲ ਚਿੱਟੀ ਮੌਤਦੇ ਦੋ ਪਾਤਰ ਗੋਰਡ ਅਤੇ ਵੇਨ ਸਮਾਜ ਵਿੱਚ ਆਪਣੀ ਸਥਿਤੀ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ:

ਵੇਨ, ਅਸੀਂ ਰੋਜ਼ ਅਖਬਾਰਾਂ ਚ ਪੜ੍ਹਦੇ ਹਾਂ, ਏਡਜ਼ ਦੇ ਮਰੀਜ਼ਾਂ ਦਾ ਕੰਮਾਂ ਤੇ ਕੀ ਹਾਲ ਹੁੰਦਾ ਹੈ। ਉਨ੍ਹਾਂ ਨੂੰ ਕਿਸ ਨਫ਼ਰਤ ਤੇ ਹਿਕਰਤ ਨਾਲ ਦੇਖਿਆ ਜਾਂਦਾ ਹੈ। ਉਨ੍ਹਾਂ ਨੂੰ ਅਛੂਤ ਸਮਝ ਕੇ ਲੋਕੀ ਇਸ ਤਰ੍ਹਾਂ ਉਨ੍ਹਾਂ ਤੋਂ ਪਰੇ ਰਹਿੰਦੇ ਨੇ ਤੇ ਉਨ੍ਹਾਂ ਦੇ ਪਰਛਾਵੇਂ ਤੋਂ ਵੀ ਭੈਅ ਖਾਂਦੇ ਨੇ। ਕੋਈ ਉਨ੍ਹਾਂ ਕੋਲ ਬੈਠਣਾ ਪਸੰਦ ਨਹੀਂ ਕਰਦਾ। ਆਪਣੇ ਸਕੇ ਸੰਬੰਧੀ ਵੀ ਕੋਲ ਨਹੀਂ ਆਉਂਦੇ। ਬੱਸਾਂ ਵਿਚ ਲੋਕ, ਜੇਕਰ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਬਸ ਵਿਚ ਕੋਈ ਏਡਜ਼ ਦਾ ਮਰੀਜ਼ ਬੈਠਾ ਹੈ, ਉੱਠ ਕੇ ਪਿਛਲੀ ਸੀਟ ਤੇ ਬੈਠ ਜਾਂਦੇ ਨੇ, ਚਾਹੇ ਉਨ੍ਹਾਂ ਦਾ ਉਥੇ ਬੈਠਣ ਨੂੰ ਦਿਲ ਕਰੇ ਜਾਂ ਨਾ ਕਰੇ। ਕਈ ਤੇ ਬਸ ਚੋਂ ਹੀ ਉਤਰ ਜਾਂਦੇ ਨੇ।

----

ਏਡਜ਼ ਦੀ ਬੀਮਾਰੀ ਕਿਵੇਂ ਫੈਲਦੀ ਹੈ, ਉਸ ਬਾਰੇ ਵੀ ਨਾਵਲਕਾਰ ਬੜੇ ਹੀ ਸਪੱਸ਼ਟ ਸ਼ਬਦਾਂ ਵਿੱਚ ਇੱਕ ਵਿਗਿਆਨੀ ਜਾਂ ਡਾਕਟਰ ਵਾਂਗ ਜਾਣਕਾਰੀ ਪੇਸ਼ ਕਰਦਾ ਹੈ:

“...ਨਾਲੇ ਏਡਜ਼ ਓਨਾਂ ਚਿਰ ਨਹੀਂ ਹੁੰਦੀ ਜਿੰਨਾ ਚਿਰ ਤੁਸੀਂ ਕਿਸੇ ਏਡਜ਼ ਦੇ ਮਰੀਜ਼ ਨਾਲ ਭੋਗ ਨਹੀਂ ਕਰਦੇ ਜਾਂ ਏਡਜ਼ ਵਾਲੇ ਦਾ ਖ਼ੂਨ ਤੁਹਾਡੇ ਨਾਲ ਨਹੀਂ ਰਲਦਾ। ਹੱਥ ਲਾਣ, ਬੀਮਾਰ ਦੇ ਬਰਤਨਾਂ ਵਿੱਚ ਖਾਣ ਪੀਣ ਨਾਲ, ਨਾ ਹੀ ਮਰੀਜ਼ ਦਾ ਚੁੰਮਣ ਲੈਣ ਨਾਲ ਇਹ ਬੀਮਾਰੀ ਹੁੰਦੀ ਹੈ। ਇੱਕ ਹੋਰ ਸੂਰਤ ਹੈ ਉਹ ਇਹ ਹੈ ਕਿ ਜੇ ਤੁਹਾਡੇ ਮਾਂ ਪਿਉ ਨੂੰ ਹੈ ਤਾਂ ਤੁਹਾਨੂੰ ਏਡਜ਼ ਹੋ ਸਕਦੀ ਹੈ, ਨਹੀਂ ਤੇ ਨਹੀਂ।

ਚਿੱਟੀ ਮੌਤਨਾਵਲ ਵਿੱਚ ਨਦੀਮ ਪਰਮਾਰ ਨੇ ਬੜੀ ਹੀ ਖੂਬਸੂਰਤੀ ਨਾਲ ਉਨ੍ਹਾਂ ਕਾਰਨਾਂ ਅਤੇ ਪ੍ਰਸਥਿਤੀਆਂ ਨੂੰ ਬਿਆਨ ਕੀਤਾ ਹੈ ਜੋ ਏਡਜ਼ ਦੀ ਬੀਮਾਰੀ ਨੂੰ ਜਨਮ ਦਿੰਦੀਆਂ ਅਤੇ ਇਸਦਾ ਪਾਸਾਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ; ਪਰ ਉਹ ਇਸ ਨਾਵਲ ਦੇ ਅਜਿਹੇ ਪੱਖ ਵੱਲ ਧਿਆਨ ਨਹੀਂ ਦੇ ਸਕਿਆ ਜਿਸ ਵਿੱਚ ਇਹ ਦੱਸਿਆ ਜਾਣਾ ਵੀ ਜ਼ਰੂਰੀ ਸੀ ਕਿ ਇਸ ਬੀਮਾਰੀ ਦੇ ਨਾਮ ਉੱਤੇ ਦੁਨੀਆਂ ਭਰ ਦੀਆਂ ਦਵਾਈਆਂ ਬਨਾਉਣ ਵਾਲੀਆਂ ਮੈਗਾ ਕੰਪਨੀਆਂ ਗਰੀਬ ਦੇਸ਼ਾਂ ਦੇ ਗਰੀਬ ਲੋਕਾਂ ਦੀ ਆਰਥਿਕ ਲੁੱਟ ਕਰਦੀਆਂ ਹਨ।

----

ਅਫਰੀਕਾ ਮਹਾਂ ਦੀਪ ਅਤੇ ਏਸ਼ੀਆ ਦੇ ਅਨੇਕਾਂ ਦੇਸ਼ਾਂ ਵਿੱਚ ਕਰੋੜਾਂ ਲੋਕ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਹਨ. ਉਨ੍ਹਾਂ ਗਰੀਬ ਲੋਕਾਂ ਕੋਲ ਇਸ ਬੀਮਾਰੀ ਦੀਆਂ ਮਹਿੰਗੀਆਂ ਦਵਾਈਆਂ ਖਰੀਦਣ ਲਈ ਪੈਸੇ ਨਹੀਂ। ਅਮੀਰ ਦੇਸ਼ ਆਪਣੇ ਮੁਨਾਫ਼ੇ ਨੂੰ ਮੁੱਖ ਰੱਖ ਕੇ ਗਰੀਬ ਦੇਸ਼ਾਂ ਨੂੰ ਏਡਜ਼ ਦੀਆਂ ਸਸਤੇ ਮੁੱਲ ਦੀਆਂ ਦਵਾਈਆਂ ਬਨਾਉਣ ਦੇ ਕਾਰਖਾਨੇ ਲਗਾਉਣ ਦੇ ਲਾਇਸੈਂਸ ਦੇਣ ਲਈ ਤਿਆਰ ਨਹੀਂ। ਗਰੀਬ ਦੇਸ਼ਾਂ ਦੇ ਗਰੀਬ ਲੋਕਾਂ ਦੀ ਅਜਿਹੇ ਗ਼ੈਰ-ਮਾਨਵੀ ਢੰਗ ਵਰਤਕੇ ਕੀਤੀ ਜਾ ਰਹੀ ਆਰਥਿਕ ਲੁੱਟ ਨੂੰ ਯੂ.ਐਨ.ਓ. ਵਰਗੀਆਂ ਸੰਸਥਾਵਾਂ ਵੀ ਰੋਕ ਨਹੀਂ ਸਕਦੀਆਂ। ਕਿਉਂਕਿ ਯੂ.ਐਨ.ਓ. ਵੀ ਅਮੀਰ ਦੇਸ਼ਾਂ ਦੇ ਹੱਥਾਂ ਵਿੱਚ ਪੁਤਲੀ ਬਣ ਕੇ ਨਾਚ ਕਰ ਰਹੀ ਹੈ। ਇਹ ਸੰਸਥਾ ਵੀ ਤਕਾਤਵਰ ਅਤੇ ਅਮੀਰ ਦੇਸ਼ਾ ਦੇ ਹੱਕਾਂ ਦੀ ਹੀ ਰਾਖੀ ਕਰਦੀ ਹੈ।

----

ਚਿੱਟੀ ਮੌਤਨਾਵਲ ਦੀ ਪ੍ਰਕਾਸ਼ਨਾ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜਿ਼ਕਰਯੋਗ ਵਾਧਾ ਹੋਇਆ ਹੈ। ਨਦੀਮ ਪਰਮਾਰ ਨੇ ਮਾਨਵਜਾਤੀ ਸਾਹਮਣੇ ਪੇਸ਼ ਇੱਕ ਗੰਭੀਰ ਸਮੱਸਿਆ ਨੂੰ ਆਪਣੇ ਨਾਵਲ ਦਾ ਵਿਸ਼ਾ ਬਣਾ ਕੇ, ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਨੂੰ ਇੱਕ ਚੁਣੌਤੀ ਦਿੱਤੀ ਹੈ ਕਿ ਮਹਿਜ਼ ਸ਼ਬਦ ਜੋੜੀ ਜਾਣ ਨਾਲ ਹੀ ਕੋਈ ਕਿਰਤ ਸਾਹਿਤਕ ਕਿਰਤ ਨਹੀਂ ਬਣ ਜਾਂਦੀ - ਇਸ ਕਿਰਤ ਵਿੱਚ ਵਰਤੇ ਗਏ ਸ਼ਬਦ ਮਨੁੱਖੀ ਜ਼ਿੰਦਗੀ ਨੂੰ ਹੋਰ ਵਧੇਰੇ ਖ਼ੂਬਸੂਰਤ ਬਨਾਉਣ ਵਿੱਚ ਕੀ ਯੋਗਦਾਨ ਪਾਉਂਦੇ ਹਨ - ਇਹ ਗੱਲ ਹੀ ਵਧੇਰੇ ਮਹੱਤਵ ਰੱਖਦੀ ਹੈ।

ਪੰਜਾਬੀ ਪਾਠਕਾਂ ਵੱਲੋਂ ਚਿਟੀ ਮੌਤਨਾਵਲ ਦਾ ਸਵਾਗਤ ਕਰਨਾ ਬਣਦਾ ਹੈ। ਨਿਰਸੰਦੇਹ, ਨਦੀਮ ਪਰਮਾਰ ਦਾ ਇਹ ਨਾਵਲ ਹੋਰਨਾਂ ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਨੂੰ ਵੀ ਉਤਸਾਂਹ ਦੇਵੇਗਾ ਅਤੇ ਉਹ ਵੀ ਕੈਨੇਡੀਅਨ ਸਮਾਜ ਸਾਹਮਣੇ ਪੇਸ਼ ਆ ਰਹੀਆਂ ਮਹੱਤਵ-ਪੂਰਨ ਸਮੱਸਿਆਵਾਂ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾਉਣ ਲੱਈ ਅੱਗੇ ਆਉਣਗੇ।

ਨਦੀਮ ਪਰਮਾਰ ਨੂੰ ਇੱਕ ਖ਼ੂਬਸੂਰਤ ਨਾਵਲ ਲਿਖਣ ਲਈ ਮੇਰੇ ਵੱਲੋਂ ਵੀ ਮੁਬਾਰਕਾਂ।


No comments: