ਮਜ਼ਾਹੀਆ ਖ਼ਤ
ਕਾੜ੍ਹਨੀ ਦੇ ਦੁੱਧ ਵਰਗੀ - ਪ੍ਰਤਾਪੀਏ !
ਛਿੱਦੀ ਹੋਏ ਤੇਰੇ ਬਿਸ਼ਨੇ ਵਲੋਂ , ਤੈਨੂੰ ਤੋਕੜ ਮੱਝ ਦੇ ਡੋਕਿਆਂ ਵਰਗਾ ਪਿਆਰ !!
ਜੇ ਮੈਂ ਪ੍ਰਤਾਪੋ ਆਖਾਂ ਕਿ 'ਕੀ ਹੋਇਆ ਹੁਣ ਮਿਲਦੀ ਨਹੀਂ !' ਤੇ ਤੂੰ ਅੱਗੋਂ ਕਹਿ ਦੇਣੈ, “ਕਿਹੜੀ ਮਿਲਣ ਵਾਲੀ ਗੱਲ ਰਹੀ !”
ਪਰ ਸੱਚੀਂ ਪਿੜਾਂ 'ਚ ਡਾਹੇ ਮੰਜੇ ਦੀ ਢਿੱਲੀ ਦੌਣ ਦੀ ਸੌਂਹ ! ਕੰਨ ਤਰਸੇ ਪਏ ਨੇ- ਤੇਰੇ ਬੋਲਾਂ ਨੂੰ ! ਤੈਨੂੰ ਯਾਦ ਏ ਨਾ, ਜਦੋਂ ਤੂੰ ਕਹਿੰਦੀ ਹੁੰਦੀ ਸੀ , 'ਕੁੱਤੀ ਭੌਂਕਦੀ ਟਟੀਰੀ ਬੋਲੇ... ਹੌਲੀ ਹਾਕ ਮਾਰ ਮਿੱਤਰਾ !!'
ਪਰ ਕਿੱਥੇ ਚੰਦਰੀਏ ! ਲਗਦੈ , ਹੁਣ ਤਾਂ ਤੈਨੂੰ ਪਿਨਸ਼ਨ ਵਾਲੀਆਂ ਚਿਕਾਂ ਹੀ ਯਾਦ ਆਉਂਦੀਆਂ ਨੇ !
ਬਿਸ਼ਨਾ ਤਾਂ ਤੂੰ ਜਿੰਦਗੀ 'ਚੋਂ ਰਟੈਰ ਈ ਕਰ 'ਤਾ !
ਬੇਸ਼ੱਕ, ਮੈਂ ਤੇਰੇ ਕਿਸੇ ਕੰਮ ਦਾ ਤਾਂ ਨਹੀਂ ਰਿਹਾ, ਪਰ ਡੁੱਬ ਜਾਣੀਏ ! ਮੈਂ ਤਾਂ ਤੈਨੂੰ ਇੱਕ ਦਿਨ ਵੀ ਜ਼ਿੰਦਗੀ 'ਚੋਂ ਲੇਅ ਔਫ ਨਈਂ ਕੀਤਾ।
----
ਤੇਰੀ ਯਾਦ ਮੇਰੀ ਖੰਘ ਦੇ ਨਾਲ ਖੰਘਦੀ ਮੈਨੂੰ ਟਿੱਚਰਾਂ ਕਰਦੀ ਰਹਿੰਦੀ ਆ , ਕਦੇ ਪੱਸਲੀਆਂ ਚੋਂ ਨਮੂਨੀਆ ਹਾਸਾ ਹੱਸਦੀ ਹਨੋਰੇ ਮਾਰਦੀ ਕਹਿੰਦੀ , 'ਇਸ ਦਮ ਦਾ ਕੀ ਵਸਾਹ ! ਦਮ ਆਵੇ ਨਾ ਆਵੇ !!'
ਪਰ ਕਦੇ ਕਦੇ ਮੇਰਾ ਜੀਅ ਕਰਦੈ - ਤੇਰੀ ਨਿਰਮੋਹੀ ਯਾਦ ਨੂੰ ਗੁੱਤੋਂ ਫੜ੍ਹ ਕੇ ਪੁੱਛਾਂ, ਕਿ ਸੱਜਣਾਂ ਬਾਝੋਂ ਇਹ ਦਮ -ਕਿਸ ਦੇ ਕੰਮ ?'
ਪ੍ਰਤਾਪੀਏ ! ਤੂੰ ਕਹਿਣੈ ਬਿਸ਼ਨਾ ਆਵਦੇ ਈ ਢਿੱਡ ਦੀਆਂ ਫੋਲਣ ਲੱਗ ਪਿਆ । ਇਹ ਢਿੱਡ ਦੀਆਂ ਕੀ ਦੱਸਾਂ ? ਢਿੱਡ 'ਤੇ ਧੋੜੀਆਂ ਜਿਹੀਆਂ ਆਂਏ ਬਣੀਆਂ ਪਈਆਂ ; ਜਿਵੇਂ : ਦਰਿਆ ਚੜ੍ਹ ਕੇ ਉੱਤਰ ਗਿਆ ਹੋਵੇ ।
ਹੋਰ ਤੂੰ ਸੁਣਾ ! ਕੀ ਹਾਲ-ਚਾਲ ਐ ? ਹਾਂ ਸੱਚ ! ਓਦਣ ਤੈਨੂੰ ਹਸਪਤਾਲੋਂ ਨਿਕਲਦੀ ਨੂੰ ਦੇਖਿਆ ਸੀ, ਤੂੰ ਢਿੱਲੀ-ਮੱਠੀ ਹੋ ਗਈ ਸੀ ? ਤੈਨੂੰ ਦੇਖ ਕੇ ਤਾਂ ਮੇਰੀ ਸੁਰਤ ਹੀ ਭਮੱਤਰ ਗਈ । ਫੇਰ ਚਾਣਚੱਕ ਝੱਟਕਾ ਜਿਹਾ ਲੱਗਾ, ਜਿਵੇਂ ਤੂੰ ਮੇਰੀਆਂ ਲੀਖਾਂ ਖਿੱਚਦੀ ਨੇ ਵਾਲ ਮੁੱਢੋਂ ਹੀ ਪੱਟ ਦਿੱਤਾ ਹੋਵੇ । ਪਰ ਤੇਰੇ ਮੋਹ ਕਰਕੇ ਫਿਰ ਵੀ ਧਾਰ ਚੁੱਲ੍ਹੇ 'ਚ ਡਿੱਗਦੀ ਰਹਿ ਗਈ, ਨਹੀਂ ਤਾਂ ਟਿੰਡਾਂ ਖਾਲੀ ਖੜਕਦੀਆਂ ਰਹਿ ਜਾਣੀਆਂ ਸੀ ।
ਊਂ ਤੇਰੀ ਚਿੱਟੀ ਚੁੰਨੀ 'ਤੇ ਪਾਏ ਫੁੱਲ ਬੂਟੇ ਮੈਨੂੰ ਬਲਾਅ ਸੋਹਣੇ ਲੱਗਦੇ ਸੀ , ਕਿਤੇ ਬੇਰੀ ਤੋੜ ਕੇ ਚੁੰਨੀ ਦੇ ਪੱਲੇ 'ਚ ਤਾਂ ਨਹੀਂ ਪਾਉਂਦੀ ਰਹੀ ?
ਪਰ ਤੇਰੇ ਦਰਸ਼ਨ ਕਰਕੇ ਘਰੇ ਆਕੇ ਜੀਅ ਕਰੇ ਕਿ ਮੈਂ ਜਕੂਜ਼ੀ 'ਚ ਬਬਲ ਬਾਥ ਪਾ ਪਾ ਕੇ ਨਹਾਵਾਂ । ਹੀਰ ਦੀਆਂ ਕਲੀਆਂ ਗਾਵਾਂ। ਤੇੜ ਪਰਨਾ ਬੰਨ੍ਹ ਕੇ ਗਾਰਡਨ 'ਚ ਤਿਤਲੀਆਂ ਫੜਾਂ । ਵੇਲਾਂ ਥੱਲੇ ਮੰਜਾ ਡਾਹ ਕੇ ਢਿੱਡ 'ਤੇ ਰੇਡੂਆ ਰੱਖ ਕੇ ਆਲਮ ਲੁਹਾਰ ਸੁਣਾਂ ।
----
ਪਰ ਕੀ ਕਰਾਂ ? ਡਾਕਦਾਰਾਂ ਨੇ ਮੇਰੇ ਵੀ ਵੀਹ ਤਾਂ ਨਾਲੀਆਂ ਟੂਟੀਆਂ ਸਰੀਰ 'ਤੇ ਲਾਈਆਂ ਪਈਆਂ ਨੇ । ਭਲਾ ਕੋਈ ਇਨ੍ਹਾਂ ਨੂੰ ਪੁੱਛਣ ਵਾਲਾ ਹੋਵੇ ; ਬਈ ਐਸ ਉਮਰੇ ਤੁਸੀਂ ਕੀ ਬੁੜੇ 'ਚੋਂ ਜੂਸ ਕੱਢਣੈ !
ਜੇ ਭਲਾ ਇਹ ਲਾਹ ਵੀ ਦੇਓਂਗੇ , ਤਾਂ ਮੈਂ ਕਿਹੜਾ ਪੀਟਰ ਇੰਜਣ ਵਾਂਗੂੰ ਖੁੱਲ੍ਹਣ ਲੱਗਾਂ ।
ਹੁਣ ਤਾਂ ਸਾਰਾ ਟੱਬਰ ਵੀ ਪ੍ਰਤਾਪੀਏ ! ਮੈਥੋਂ ਆਏਂ ਦੂਰ ਭੱਜ – ਭੱਜ ਕੇ ਜਾਂਦੈ ; ਜਿਵੇਂ : ਇੰਜਣ ਸਟ੍ਰਾਟ ਕਰਨ ਲੱਗਿਆਂ ਵਿੱਚ ਹੈਂਡਲ ਰਹਿ ਗਿਆ ਹੋਵੇ !
ਪਰ ਦੇਖ ਲੈ, ਉਹ ਵੀ ਦਿਨ ਸੀ , ਜਦੋਂ ਮੈਂ ਜਗਰਾਵਾਂ ਵਾਲੀ ਰੌਸ਼ਨੀ ਤੋਂ ਪੱਟ 'ਤੇ ਮੋਰਨੀ ਤੇ ਡੌਲੇ 'ਤੇ ਸ਼ੇਰ ਖੁਣਵਾਕੇ ਆਇਆ ਸੀ । ਹੁਣ ਤਾਂ ਮੋਰਨੀ ਦਾ ਆਹ ! ਹਾਲ ਹੋਇਆ ਪਿਆ ਹੈ ; ਜਿਵੇਂ : ਬੋਸ਼ਕੀ ਦਾ ਪਜਾਮਾ ਤੱਤੇ ਪਾਣੀ 'ਚ ਧੋਤਾ ਹੋਵੇ । ਮੋਰਨੀ ਪੱਟ 'ਤੇ ਠੂੰਗੇ ਮਾਰ ਕੇ ਕਹਿੰਦੀ ਆ, 'ਕਲੈਹਰੀਆ ਮੋਰਾ ਵੇ ! ਹੁਣ ਮੈਂ ਨਾ ਤੇਰੇ ਰਹਿੰਦੀ ।'
'ਤੇ ਅੱਗੋਂ ਮੈਂ ਵੀ ਕਹਿ ਦਿੰਨਾਂ, 'ਅੜੀਏ ਹੁਣ ਤਾਂ ਮੈਥੋਂ ਵੀ ਪੈਲ਼ਾਂ ਨਹੀਂ ਪਾਈਆਂ ਜਾਂਦੀਆਂ, ਚੱਲ 'ਕੱਠੇ ਈ ਚੱਲਦੈ ਆਂ !!'
'ਤੇ ਆਹ ਦੇਖ ਲੈ ! ਡੌਲੇ ਦਾ ਸ਼ੇਰ ਵੀ ਸੁੰਗੜ ਕੇ ਭਿੱਜੀ ਬਿੱਲ਼ੀ ਬਣਿਆ ਪਿਐ ।
----
ਪ੍ਰਤਾਪੀਏ ! ਤੂੰ ਕਹਿਣੈ ਬਿਸ਼ਨਾ ਆਵਦੇ ਈ ਦੁੱਖ ਰੋਈ ਜਾਂਦੈ ! ਹੋਰ ਤੂੰ ਸੁਣਾ ! ਪਰ ਅਜੇ ਵੀ ਇੱਕ ਗੱਲ ਮੇਰੇ ਬੁੱਟਾਂ ਤੇ ਰੜਕੀ ਜਾਂਦੀ ਐ , ਕਿ ਜੇ ਤੂੰ ਮੇਰੀ ਘਰਵਾਲੀ ਨਹੀਂ ਸੀ ਬਣ ਸਕੀ, ਤਾਂ ਚੰਦਰੀਏ ! ਕੁੜਮਣੀ ਹੀ ਬਣ ਜਾਂਦੀ , ਕਿਤੇ 'ਕੱਲੇ ਬਹਿ ਕੇ ਫਿਲਮ-ਫੁਲਮ ਈ ਦੇਖ ਲਿਆ ਕਰਦੇ !
ਹੁਣ ਜੇ ਕਦੇ ਟੈਲੀਵੀਜ਼ਨ ਲਾ ਕੇ ਬੈਠੇ ਨੂੰ ਮੇਰੀ ਕੁੜਮਣੀ ਦੇਖ ਲਵੇ , ਤਾਂ ਪਤੈ ਕੀ ਕਹਿੰਦੀ ਆ ? ਚੱਲ ਛੱਡ ! ਓਹਦਾ ਕੀ ਕਹਿਣਾ ? ਨਾਲੇ ਓਹਦੀ ਧੀ ਉਦੂੰ ਵੀ ਵੱਧ ! ਪਰ ਪੈਸਾ ਤਾਂ ਸਾਡਾ ਈ ਖੋਟਾ ਏ । ਮੇਰੇ ਮੁੰਡੇ ਦਾ ਐਨਾ ਵੀ ਹੀਆ ਨਹੀਂ ਪੈਂਦਾ ਕਿ ਕਹਿ ਦੇਵੇ, 'ਬਾਪੂ ਦਾ ਖੂੰਡਾ ਕੱਢ ਦੂ ਤੇਰੀਆਂ ਰੜਕਾਂ !'
ਪਰ ਰੜਕਾਂ ਤਾਂ ਉਹ ਕੱਢੀ ਜਾਂਦੀ ਆ ! ਸਾਰਾ ਟੱਬਰ ਕਲੈਹਣੀ ਨੇ ਵਾਹਣੀ ਪਾਇਆ ਪਿਐ !
ਅਖੇ, ਬੁੜ੍ਹਾ ਖੰਘਦਾ ਬਹੁਤ ਰਹਿੰਦੈ ! ਭਲਾ ਕੋਈ ਏਹਨੂੰ ਪੁੱਛਣ ਵਾਲਾ ਹੋਵੇ ! ਐਸ ਉਮਰੇ ਹੁਣ ਖੰਘਣਾ ਈ ਆ ! ਹੋਰ ਕਿਹੜਾ ਮੈਂ ਦੁੱਲੇ ਭੱਟੀ ਦੀਆਂ ਵਾਰਾਂ ਗਾਉਣੀਆਂ ।
----
ਪ੍ਰਤਾਪੋ ! ਸ਼ੌਂਕਣ ਧੀ ਦੀ ਮਾਂ 'ਤੇ ਵੀ ਕਨੇਡਾ ਆਕੇ ਜਵਾਨੀ ਵਾਲਾ ਸ਼ੌਂਕ ਚੜ੍ਹ ਗਿਆ ਲਗਦੈ ।
ਤੀਜੇ ਦਿਨ ਆਹ ! ਬਿਉਟੀ ਪਾਰਲਾਂ 'ਤੇ ਜਾ ਕੇ ਮੂੰਹ 'ਤੇ ਰੰਦਾ ਜਿਹਾ ਫਿਰਾ ਆਉਂਦੀ ਆ ।
ਇੱਕ ਦਿਨ ਮੇਰੇ ਵੱਡੇ-ਵੱਡੇ ਭਰਵੱਟੇ ਜਿਹੇ ਦੇਖ ਕੇ ਕਹਿੰਦੀ, 'ਲਗਦੈ ਥੋਡੇ ਬੁੜ੍ਹੇ ਦੀ ਆਈ-ਬਰੋਅ ਕਰੌਣ ਆਲੀ ਆ !'
ਗੱਲ ਮੇਰੇ ਕੰਨੀਂ ਪੈ'ਗੀ ! ਮੈਂ ਕਿਹਾ, 'ਕੁੜਮਣੀਏ ਕਰਵਾ ਤਾਂ ਲਵਾਂ ! ਫੇਰ ਤੂੰ ਕਹਿਣੈ , 'ਬੁੜ੍ਹਾ ਅੱਖ ਮਟੱਕੇ ਲਾਉਂਦੈ!'
ਕੀ ਦੱਸਾਂ ਪ੍ਰਤਾਪੋ । ਇੱਕ ਦਿਨ ਮੇਰਾ ਸਿਰ ਦੁਖੇ । ਮੈਂ ਮੁੰਡੇ ਤੋਂ ਗੋਲੀ ਮੰਗੀ । ਉਹ ਪੁੱਛਦੈ, ' ਬਾਪੂ ਸਿਰ ਕਿਉਂ ਦੁਖਦੈ ?' ਹਾਲੇ ਮੈਨੂੰ ਤਾਂ ਬੋਲਣ ਨਾ ਦਿੱਤਾ । ਨੂੰਹ ਵਿੱਚੋਂ ਈ ਬੋਲ ਪਈ , ਕਹਿੰਦੀ , ' ਲਗਦੈ ਬਾਪੂ ਆਪਣਾ ਉਤਲੀਆਂ ਦੰਦੀਆਂ ਕੱਢਦੈ !'
ਮੈਂ ਕਿਹਾ , 'ਫਿਰ ਗੋਲੀ ਨੂੰ ਰਹਿਣ ਦਿਓ । ਮੈਨੂੰ ਟੈਂਪਰਾ ਈ ਦੇ ਦਿਓ !'
----
ਨਾਲੇ ਹੁਣ ਤਾਂ ਮਾੜੇ ਢੱਗੇ ਵਾਂਗੂੰ ਸਾਰਾ ਸਰੀਰ ਕੰਬੀ ਜਾਂਦੈ । ਸਿਰ ਅੱਡ ਹਿੱਲੀ ਜਾਂਦੈ । ਧੀ ਵਾਂਗੂੰ ਮਾਂ ਨੇ ਤਾਂ ਆਪੇ ਮਸ਼ਕਰੀਆਂ ਕਰਨੀਆਂ । ਮੇਰਾ ਸਿਰ ਹਿੱਲਦਾ ਵੇਖ ਕੇ ਕਹਿੰਦੀ , 'ਮੇਰੇ ਕੁੜਮ ਦਾ ਟਾਈਰਾਡ ਖੁੱਲ ਗਿਆ ਲਗਦੈ !' ਸਿਆਣੀ ਬਿਆਣੀ ਨੂੰ ਕਿਵੇਂ ਸਮਝਾਵਾਂ ਕਿ ਏਹਦਾ ਇਹ ਮਤਲਬ ਤਾਂ ਨਹੀਂ, ਕਿ ਮੇਰੀ ਨਾਂਹ-ਨਾਂਹ ਮੈਨੂੰ ਛੇੜੀਂ ਨਾ ! ਦਿਲ ਤਾਂ ਅਜੇ ਵੀ ਡੁੱਬ ਜਾਣੀਏ ! ਨਾਈਆਂ ਦੀ ਕੱਟੀ ਵਾਂਗੂੰ ਮੂਹਰਲੀਆਂ ਲੱਤਾਂ 'ਤੇ ਛਾਲਾਂ ਲਾਉਣ ਨੂੰ ਫਿਰਦੈ ।'
ਅੱਗੋਂ ਮੇਰੇ ਪੁੱਤ ਦਾ ਸਾਲਾ ਕਹਿੰਦਾ , “ਨਹੀਂ – ਨਹੀਂ ! ਮਾਸੜ ਜੀ ਤਾਂ ਵਾਈਬਰੇਟ 'ਤੇ ਲਾਇਆ ਹੋਇਐ !”
ਹੋਰ ਤਾਂ ਹੋਰ ! ਮੇਰਾ ਕੁੜਮ ਵੀ ਚੱਕਵੀਂ ਗੱਲ ਕਰਦੈ । ਕਹਿੰਦਾ,' ਅੱਜਕਲ ਬਾਪੂ ਥੋਡਾ ਬਲੋਅ ਬੜੀ ਮਾਰਨ ਲੱਗ ਪਿਐ । ਲਗਦੈ , ਐਤਕੀਂ ਇਹ ਵੀ ਏਅਰ – ਕੇਅਰ 'ਚੋਂ ਪਾਸ ਨਹੀਂ ਹੁੰਦਾ । ਯੰਕ ਯਾਰਡ ਵਾਲਿਆਂ ਨੂੰ ਹੀ ਟੋਅ ਕਰਵਾਉਣਾ ਪੈਣੈ !!'
ਇਨ੍ਹਾਂ ਨੇ ਤਾਂ ਮੇਰੀ ਸਿੰਘਣੀ ਨੂੰ ਵੀ ਟਿੱਚਰਾਂ ਕਰਨ ਸਿਖਾ ਦਿੱਤੈ । ਇੱਕ ਦਿਨ ਮੈਂ ਉਹਨੂੰ ਕਿਹਾ, ' ਮੇਰਾ ਨੁਹਾਉਣ ਨੂੰ ਜੀਅ ਕਰਦੈ , ਤੱਤੇ ਪਾਣੀ ਦੀ ਬਾਲਟੀ ਭਰ ਕੇ ਰੱਖ ।'
ਅੱਗੋ ਕਹਿੰਦੀ , ' ਨਹਾਉਣ ਨੂੰ ਰਹਿਣ ਦੇ , ਮੈਂ ਤੇਰੀ ਵੈਅਕੁਮ ਈ ਕਰ ਦਿੰਨੀ ਆਂ ।'
----
ਮੈਂ ਤਾਂ ਹੁਣ ਹਾਰ ਕੇ ਆਵਦਾ ਮੰਜਾ ਗੈਰਾਜ 'ਚ ਹੀ ਡਾਹ ਲਿਐ ।
ਜੇ ਕੋਈ ਪੁੱਛਦੈ, 'ਬਈ ਥੋਡਾ ਬੁੜ੍ਹਾ ਕਿੱਥੇ ਆ ? ਤਾਂ ਅੱਗੋਂ ਕਹਿ ਦਿੰਦੇ ਆ; 'ਗੈਰਾਜ 'ਚ ਪਾਰਕ ਕੀਤੈ ।'
ਇੱਕ ਦਿਨ ਧੁੱਪ ਨਿਕਲੀ ! ਮੈਂ ਕੁਰਸੀ ਡਾਹ ਕੇ ਡਰਾਈਵੇ 'ਚ ਬਹਿ ਗਿਆ ! ਗੁਆਂਢਣ ਨਿਹਾਲੋ ਪੁੱਛਦੀ, 'ਭਾਈ ਜੀ ! ਅੱਜ ਕਿਵੇਂ ਬਾਹਰ ਬੈਠੇ ਓ ?'
ਮੈਂ ਕਿਹਾ , 'ਕੀ ਦੱਸਾਂ ? ਮਾੜੀ ਔਲਾਦ ਨੇ ਬੁੜ੍ਹੇ ਦੀ 'ਗੈਰਾਜ ਸੇਲ' ਲਾਈ ਆ । ਜੇ ਤੈਨੂੰ ਕੋਈ ਸਮਾਨ ਚਾਹੀਦੈ , ਤਾਂ ਲੈ ਜਾ ਛਾਂਟ ਕੇ !' ਅੱਗੋਂ ਉਹ ਕਿਹੜਾ ਘੱਟ ਸੀ । ਕਹਿੰਦੀ ' 'ਬਿਸ਼ਨਿਆ ਲੈ ਤਾਂ ਜਾਵਾਂ , ਪਰ ਡੀ ਟੀ ਚੌਦਾਂ ਦੇ ਪੁਰਜੇ ਮਰੂਤੀ 'ਚ ਕਾਹਨੂੰ ਫਿੱਟ ਹੁੰਦੇ ਆ ? '
----
ਪ੍ਰਤਾਪੀਏ ! ਇੱਕ ਦਿਨ ਮੈਂ ਸਾਰਿਆਂ ਨੂੰ ਬਿਠਾ ਕੇ ਕਿਹਾ , 'ਬੱਦਲਾਂ ਦੀ ਛਾਂ ਮਾਪੇ - ਜੱਗ 'ਤੇ ਬੈਠ ਸਦਾ ਨਹੀਂ ਰਹਿੰਦੇ !'
ਨੂੰਹ ਬੋਲੀ , 'ਬਹੁਤੀ ਬੱਦਲਵਾਈ ਦੀ ਲੋੜ ਨਹੀਂ ਸਾਨੂੰ ! ਕਦੇ ਸੂਰਜ ਵੀ ਵੇਖ ਲੈਣ ਦਿਓ !'
ਚੱਲ ਛੱਡ ! ਪਰ ਕਦੇ ਕਦੇ ਮੇਰਾ ਜੀਅ ਕਰਦੈ , ਮੈਂ ਤੇਰੀ ਵ੍ਹੀਲ ਚੇਅਰ ਈ ਬਣ ਜਾਵਾਂ । ਭਾਵੇਂ ਸਾਰਾ ਦਿਨ ਉੱਤੇ ਬੈਠ ਕੇ ਝੂਟੇ ਲੈਂਦੀ ਰਿਹਾ ਕਰੀਂ , ਸੱਚੀਂ ਨਾਂਹ ਨਹੀਂ ਕਰੂੰਗਾ । ਤੇਰੇ ਲਈ ਤਾਂ ਜਾਨ ਵੀ ਹਾਜਰ ਐ । ਭਾਵੇਂ ਹੱਥੀਂ ਫੂਕ ਦੇਵੀਂ ।
ਪਰ ਪ੍ਰਤਾਪੋ ! ਮੇਰਾ ਬੜਾ ਜੀਅ ਕਰਦੈ , ਕਿ ਕਿਤੇ 'ਕੱਲੇ ਬਹਿ ਕੇ ਆਪਾਂ ਗੋਲੀ ਆਲੇ ਬੱਤੇ ਪੀਈਏ ।
ਗੋਰਿਆਂ ਦੇ ਮੁਲਕ 'ਚ ਰਹਿੰਦੇ ਆਂ , ਐਤਕੀਂ ਚਿੱਤ ਕਰਦੈ ਤੈਨੂੰ ਕ੍ਰਿਸਮਿਸ 'ਤੇ ਵਿਟਾਮਨ ਦੀਆਂ ਚਾਰ ਸ਼ੀਸ਼ੀਆਂ ਲੈ ਕੇ ਦੇਵਾਂ ।
ਇਸ ਦੇ ਬਦਲੇ ਤੂੰ ਕੈਮ ਹੋ ਕੇ ਮੈਨੂੰ ਬੇਸ਼ੱਕ ਇੰਡੀਆ ਦੀ ਟਿਕਟ ਲੈ ਕੇ ਦੇ ਦੇਵੀਂ , ਸੱਚੀਂ ਨਾਂਹ ਨਹੀਂ ਕਰੂੰਗਾ ।
'ਤੇ ਪਿੰਡ ਜਾ ਕੇ 'ਕੋਟ ਵਾਲਾ' ਸਾਰਾ ਮੁਰੱਬਾ ਤੇਰੇ ਨਾਂ ਕਰਕੇ ਤੇਰੇ ਕੀਤੇ ਅਹਿਸਾਨਾਂ ਦਾ ਪਾਈ- ਪਾਈ ਹਿਸਾਬ ਚੁਕਾ ਕੇ ਜਨਮ ਭੂਮੀ ਨੂੰ ਤਨ ਦੀ ਮਿੱਟੀ ਸੌਂਪ ਕੇ ਦੁਨੀਆ ਤੋਂ ਰੁਖ਼ਸਤ ਹੋ ਜਾਊਂਗਾ ।
----
ਪਰ ਮਰਨ ਤੋਂ ਪਹਿਲਾਂ ਤੈਥੋਂ ਇੱਕ ਵਾਅਦਾ ਲਊਂਗਾ , ਕਿ ਤੂੰ ਓਸ ਜ਼ਮੀਨ 'ਤੇ ਇੱਕ ਬਿਰਧ ਆਸ਼ਰਮ ਬਣਾ ਕੇ ਮੇਰੇ ਕੋਲ ਆਵੇਂਗੀ ! ਪਰ ਆਸ਼ਰਮ ਦੀ ਸਾਂਭ ਸੰਭਾਲ ਵਾਲਿਆਂ ਤੋਂ ਇੱਕ ਲਿਖਤ ਕਰਾਵੇਂਗੀ , ਕਿ ਜੇ ਬਿਸ਼ਨੇ ਦੇ ਧੀਆਂ ਪੁੱਤ ਬੁੜ੍ਹੇ ਹੋ ਕੇ ਇਸ ਆਸ਼ਰਮ 'ਤੇ ਆਉਣਾ ਚਾਹੁੰਣ ਤਾਂ , ਉਨ੍ਹਾਂ ਨੂੰ ਇਸ ਆਸ਼ਰਮ ਦੇ ਅੰਦਰ ਤਾਂ ਕੀ ? ਇਹਦੀਆਂ ਕੰਧਾਂ ਦੇ ਪ੍ਰਛਾਵਿਆਂ ਥੱਲੇ ਵੀ ਨਾ ਬਹਿਣ ਦੇਣਾ । 'ਤੇ ਫੇਰ ਮੇਰੀ ਆਤਮਾ ਏਨ੍ਹਾਂ ਨੂੰ ਪੁੱਛੂਗੀ , 'ਓਏ ਵੱਡਿਓ ! ਸੂਰਜਾਂ ਦੇ ਸੇਕਾਂ ਨੂੰ ਮਾਨਣ ਵਾਲਿਓ !! ਹੁਣ ਕਿਉਂ ਨਹੀਂ ਸੂਰਜਾਂ ਦਾ ਸੇਕ ਝੱਲ ਸਕਦੇ ? ਹੁਣ ਕਿਉਂ ਪ੍ਰਛਾਂਵੇ ਲੱਭਦੇ ਫਿਰਦੇ ਓ ?? ਹੁਣ ਪਤਾ ਲੱਗਾ, ਕਿ ਬੱਦਲਾਂ ਦੀ ਛਾਂ ਅਤੇ ਮਾਪਿਆ ਦਾ ਛਾਇਆ ਕੀ ਹੁੰਦੈ ?........ਚੱਲ ਚੰਗਾ, ਬਾਕੀ ਫੇਰ ਸਹੀ । ਹਾਲ ਦੀ ਘੜੀ- ਸਾਸਰੀ ਕਾਲ !!
ਇਸ ਜਨਮ ਤੇਰਾ ਹੋ ਕੇ ਵੀ ਨਾ ਹੋ ਸਕਣ ਵਾਲਾ ,
ਪਰ ਅਗਲੇ ਜਨਮ ,
ਤੇਰਾ ਹੋਣ ਦੇ ਵਾਅਦੇ ਨਾਲ ;
ਬੋਹੜ ਦੀ ਛਾਂ ਵਰਗਾ,
ਤੇਰਾ ਬਿਸ਼ਨਾ ਬੇਲੀ ! ...
ਨੇੜੇ ਸੀਨੀਅਰ ਸੈਂਟਰ ਤੇ ਫਿਊਨਰਲ ਹੋਮ
ਸਰੀ, ਬੀ . ਸੀ . ਕਨੇਡਾ !!
9 comments:
ਤਨਦੀਪ, ਗੁਰਮੇਲ ਨੇ ਚਿੱਠੀ ਲਿਖਕੇ ਚਿਰਾਂ ਦੀ ਰੜਕ ਕੱਢ ਦਿੱਤੀ ਹੈ। ਮੈਂ ਹੱਸ-ਹੱਸ ਲੋਟ-ਪੋਟ ਹੋ ਰਿਹਾ ਸੀ ਕਿ ਅੰਤ 'ਚ ਜਿਹੜਾ ਸੰਦੇਸ਼ ਦਿੱਤਾ ਹੈ, ਉਹਨੇ ਗੰਭੀਰ ਕਰਕੇ ਸੋਚਣ ਲਾ ਦਿੱਤਾ।
ਮੁਬਾਰਕ ਗੁਰਮੇਲ । ਵਿਅੰਗ ਲਿਖਣਾ ਹਰੇਕ ਦੇ ਵੱਸ ਦੀ ਗੱਲ ਨਹੀਂ। ਤੇਰੀ ਕਲਮ ਤੇ ਸਰਸਵਤੀ ਦੀ ਮਿਹਰ ਹੈ।
ਜਸਵੰਤ ਸਿੱਧੂ
ਸਰੀ
ਕੈਨੇਡਾ
ਜਿੱਥੇ ਗੁਰਮੇਲ ਬਦੇਸ਼ਾ ਮੇਰਾ ਜਿਗਰੀ ਯਾਰ ਅਤੇ ਨਿੱਕਾ ਵੀਰ ਹੈ, ਉਥੇ ਮੈਂ ਉਸ ਦੀ ਕਲਮ ਦਾ ਕਾਇਲ ਹਾਂ! ਲਿਖਣ ਦਾ ਉਸ ਨੂੰ ਵੱਲ ਵੀ ਹੈ ਅਤੇ ਤਜ਼ਰਬਾ ਵੀ! ਤੇਰੇ ਵਰਗਾ ਮਜ਼ਾਹੀਆ ਖ਼ਤ ਨਹੀਂ ਕੋਈ ਲਿਖ ਸਕਦਾ ਗੁਰਮੇਲ! ਇਤਨਾ ਪਾਏਦਾਰ ਅਤੇ ਧੜ੍ਹੱਲੇਦਾਰ ਲਿਖਣ ਲਈ ਵੱਡੇ ਬਾਈ ਦੀ ਵਧਾਈ ਕਬੂਲ ਕਰ! ਪਰ ਇਕ ਤੈਨੂੰ ਕੰਨ ਜਿਹੇ ਵੀ ਕਰ ਦੇਵਾਂ, ਤੋਕੜ ਮੱਝ ਵਾਂਗੂੰ ਤੂੰ ਵੀ ਲੰਗੇ ਡੰਗ ਪੈ ਗਿਆ, ਬੰਦਾ ਬਣਜਾ, ਤੈਨੂੰ ਮੋੜ ਕੇ ਕਿਤੇ ਫ਼ੇਰ ਨਾ ਮੁਕਤਸਰ ਵਾੜਨਾ ਪਵੇ!
ਸ਼ੁੱਭ ਇੱਛਾਵਾਂ ਅਤੇ ਆਸ਼ੀਰਵਾਦ ਨਾਲ਼
ਤੇਰਾ ਬਾਈ,
ਸ਼ਿਵਚਰਨ ਜੱਗੀ ਕੁੱਸਾ
ਲੰਡਨ, ਯੂ.ਕੇ.
ਗੁਰਮੇਲ ਬਾਈ! ਤੇਰੀ ਚਿੱਠੀ ਪੜ੍ਹ ਕੇ ਤਾਂ ਸਵੇਰੇ ਸਾਰ ਚਿੱਤ ਰਾਜੀ ਹੋ ਗਿਆ। ਮੈਂ ਤਾਂ ਅੱਜ ਸੁਸਤ ਜਿਹਾ ਹੀ ਉੱਠਿਆ ਸੀ। ਆਰਸੀ ਤੇ ਲੱਗੀ ਸੂਚਨਾ ਪੜ੍ਹ ਕੇ ਤੁਰੰਤ ਏਧਰ ਆ ਗਿਆ। ਹੁਣੇ ਸਾਰਿਆ ਨੂੰ ਈਮੇਲ ਕਰਤੀ ਬਈ ਆਰਸੀ ਦੇਖੋ। ਬਾਈ ਕਲਾਮ ਦਾ ਲਿਖਿਆ ।ਸਾਡੇ ਸਾਰਿਆਂ ਵੱਲੋਂ ਆਰਸੀ ਨੂੰ, ਤੈਨੂੰ, ਤਮੰਨਾ ਜੀ ਨੂੰ ਬਹੁਤੀਆਂ ਬਹੁਤੀਆਂ ਵਧਾਈਆਂ।
ਮਨਧੀਰ ਦਿਓਲ
ਕੈਨੇਡਾ
Gurmail Badesha ji. I received Aarsi link just yesterday. I finished reading funny letter written by you. I have no words to praise the way you write. Writing such letters is a unique art and putting smile on people's faces, even bigger art. Congatulations.
Raaz Sandhu
Brapmton
Canada
Thank You All For The Great Comments!
..........mera hausla hor vi vadh gia hai !
lagde hun babe Bishne de khat da jawaab Partapo darling valon vi likhna paina a
thanks again; from gurmail badesha
Gurmail ji Jawabi khat tan hun likhana hi painna hai. Babe Bishney nu vi jawab di udeek hou na. I read this love letter numerous times today. Thanks to you and Tamanna ji. Tamanna ji I am unable to post this comment directly on Aarsi Rishman for some reason. Please post it there for me.
Harpreet Sidhu
United Kingdom
-------
Thnak you Harpreet ji. Your comment has been posted. I guess Google is having some problem for the last few days. Thanks for visting Aarsi.
Best Regards
Tandeep Tamanna
ਤਨਦੀਪ ਜੀ। ਸਤਿ ਸ਼੍ਰੀ ਅਕਾਲ। ਮਨਧੀਰ ਦੀ ਲੌਂਗ ਡਿਸਟੈਂਸ ਕਾਲ ਆਈ ਕਿ ਨਰਿੰਦਰ ਆਰਸੀ ਖੋਲ੍ਹ ਕੇ ਦੇਖ ਬਦੇਸ਼ਾ ਜੀ ਦੀ ਮਜ਼ਾਹੀਆ ਚਿੱਠੀ ਲੱਗੀ ਹੈ। ਉਹ ਫੋਨ ਤੇ ਹੀ ਚਿੱਠੀ ਸੁਣਾਉਂਣ ਨੂੰ ਕਾਹਲਾ ਸੀ, ਮੈਂ ਕਿਹਾ ਮੇਰਾ ਸਵਾਦ ਕਿਉਂ ਖਰਾਬ ਕਰਦੈਂ, ਮੈਨੂੰ ਆਪ ਪੜ੍ਹਨ ਦੇ। ਓਦੋਂ ਹੀ ਨੈੱਟ ਤੇ ਗਿਆ ਤੇ ਚਿੱਠੀ ਪੜ੍ਹੀ,ਫੇਰ ਪੜ੍ਹੀ, ਫੇਰ ਪੜ੍ਹੀ, ਤੇ ਪਤਾ ਨਹੀਂ ਕਿੰਨੀ ਵਾਰ ਪੜ੍ਹੀ। ਮੂੰਹੋਂ ਹਰ ਵਾਰ ਨਿੱਕਲਿਆ ਕਿ ਬਦੇਸ਼ਾ ਜੀ ਤੁਹਾਡਾ ਜਵਾਬ ਨਹੀਂ। ਐਵੇਂ ਤਾਂ ਨਹੀਂ ਤੁਹਾਨੂੰ ਤਨਦੀਪ ਜੀ ਨੇ ਮਜ਼ਾਹੀਆ ਚਿੱਠੀਆਂ ਲਿਖਣ ਦੀ ਚੈਂਪੀਅਨਸ਼ਿਪ ਦਿੱਤੀ ਹੋਈ। ਤੁਸੀਂ ਸਾਡੇ ਕੁਮੈਂਟ ਆਉਂਣ ਸਾਰ ਚਿੱਠੀ ਭੇਜ ਦਿੱਤੀ, ਤੁਹਾਡਾ ਧੰਨਵਾਦ ਕਿੰਝ ਕਰੀਏ। ਮੈਂ ਤੇ ਮਨਧੀਰ ਨੇ ਪਤਾ ਨਹੀਂ ਕੀਹਨੂੰ ਕੀਹਨੂੰ ਈਮੇਲਾਂ ਕਰ ਦਿੱਤੀਆਂ ਕਿ ਚਿੱਠੀ ਪੜ੍ਹ ਕੇ ਦੇਖੋ ਤੇ ਦਿਲ ਖੋਲ੍ਹ ਕੇ ਹੱਸੋ। ਤੁਹਾਡੀ ਲਿਖਤ ਲਾਜਵਾਬ ਹੈ। ਮੁਬਾਰਕਾਂ।ਮੁਬਾਰਕਾਂ।
ਨਰਿੰਦਰਪਾਲ ਸਿੰਘ
ਯੂ.ਐੱਸ.ਏ.
Vir ji, chha gae, je kite Great Indian Laughter Challenge te ih khat parhia jave taa Navjot Sidhu ate Shekhar Suman permanently hassan lagg painge ate parliament ch dono hi 5 saal hassan te hi laonge, tuhade shabdaan de flow ate meaning kamaal de han, kaee shabd parh ke bhulli hoi punjabi yad aa gaee, pind yaad aa gia, Darshan Darvesh ji nu keh ke ohna di agli film vichle comedy scenes tuhade kolon hi likhvaone chahide han, Tamanna didi nu sifarish kar dinde haan taa ki tuhadi is kala nu hor ujagar kita jaae ate saare punjabi ral ke hassan ate harek taraan de yoga nu maat den, hun udeekde haan ki Partapi bhala ki kehndi hai........
Gurmail ji tusi ena sohna likhiya ke tareef lai sabad chote pai gaye hann.Bare chira pichhon eni sohni likhat padan nu mili. Pakistani writer Amin Malik to baad ajj tohanu par ke eh mehssos hoiya ke sadi boli kinni ameer hai jisnu akhaouti pariya likhiya ne kinna gareb bana ditta hai.jinna lafza nu eh pendu boli keh ke nazar-andaaz karde ne , tusi ohna nu apni likhat ch' mundri de nageeniya wang jariya hai.tohadiya likhtan par ke paathhkan de sabad bhandar ch' jaroor vada hovega.
Baki gall kehen da ta tohada koe jawab nahi.tohade kol kehen lai bahut kuz hai ate tohanu kehna ve aounda:
ਪਰ ਤੇਰੇ ਦਰਸ਼ਨ ਕਰਕੇ ਘਰੇ ਆਕੇ ਜੀਅ ਕਰੇ ਕਿ ਮੈਂ ਜਕੂਜ਼ੀ 'ਚ ਬਬਲ ਬਾਥ ਪਾ ਪਾ ਕੇ ਨਹਾਵਾਂ । ਹੀਰ ਦੀਆਂ ਕਲੀਆਂ ਗਾਵਾਂ। ਤੇੜ ਪਰਨਾ ਬੰਨ੍ਹ ਕੇ ਗਾਰਡਨ 'ਚ ਤਿਤਲੀਆਂ ਫੜਾਂ । ਵੇਲਾਂ ਥੱਲੇ ਮੰਜਾ ਡਾਹ ਕੇ ਢਿੱਡ 'ਤੇ ਰੇਡੂਆ ਰੱਖ ਕੇ ਆਲਮ ਲੁਹਾਰ ਸੁਣਾਂ ।
Wah kiya baat hai!Bazurgan de ehsaasa nu tusi mazahiya rang vich rang ke bakhoobi pesh kita hai.Toahde varge lekhka di punjabi boli nu bahut lor hai.Jeonde vasde raho.Partapi de jawab di sanu bari shiddat na udeek hai.
Post a Comment