ਉਸ ਦਿਨ ਤੋਂ ਬਾਅਦ
ਅੰਦਾਜ਼ਨ ਮੇਰਾ ਜਨਮ ਸੰਨ 1935 ਵਿਚ ਰਿਆਸਤ ਫਰੀਦਕੋਟ ਹੁਣ ਜ਼ਿਲ੍ਹਾ ਬਠਿੰਡਾ ਲਾਗੇ ਇਕ ਪੱਛੜੇ ਪਿੰਡ ਵਿਚ ਆਪਣੇ ਨਾਨਕੇ ਘਰ ਮੱਘਰ ਦੇ ਮਹੀਨੇ ਵਿਚ ਹੋਇਆ। ਮਾਂ ਦਸਦੀ ਕਿ ਵੀਰਵਾਰ ਦੀ ਰਾਤ ਨੂੰ ਜਦੋਂ ਸਵੇਰੇ 4 ਵਜੇ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਗੱਡੀ ਲੰਘੀ ਸੀ, ਮੇਰਾ ਜਨਮ ਉਸ ਵੇਲੇ ਦਾ ਹੈ। ਵੀਰਵਾਰ ਜਨਮ ਹੋਣ ਕਰ ਕੇ ਮੇਰਾ ਨਾਂ ਬਲਬੀਰ ਸਿੰਘ ਰੱਖ ਦਿੱਤਾ ਗਿਆ। ਮੱਘਰ ਮਹੀਨੇ ਦਾ ਕਿਹੜੀ ਤਾਰੀਖ ਸੀ, ਇਸ ਬਾਰੇ ਕੋਈ ਪਤਾ ਨਹੀਂ ਕਿਉਂਕਿ ਮੇਰੀ ਮਾਂ ਨੂੰ ਦਸ ਤੋਂ ਅੱਗੇ ਗਿਣਤੀ ਨਹੀਂ ਆਉਂਦੀ ਸੀ। 1947 ਵਿਚ ਪਾਕਿਸਤਾਨ ਵਿਚੋਂ ਉੱਜੜ ਕੇ ਜਦੋਂ ਮੈਂ ਸ਼ਵਿੰਦਰਾ ਹਾਈ ਸਕੂਲ ਗੋਨਿਆਣਾ ਮੰਡੀ ਵਿਚ ਅੱਠਵੀਂ ਵਿਚ ਦਾਖਲ ਹੋਣ ਗਿਆ ਤਾਂ ਪਿਛਲੇ ਸਕੂਲ ਦੀ ਪੜ੍ਹਾਈ ਦਾ ਕੋਈ ਸਰਟੀਫਿਕੇਟ ਨਾ ਹੋਣ ਕਾਰਨ ਜਨਮ ਮਿਤੀ ਪੁੱਛੀ ਤਾਂ ਮੈਂ ਆਪਣੀ ਮਾੜੀ ਮੋਟੀ ਸਮਝ ਅਨੁਸਾਰ 20 ਨਵੰਬਰ, 1935 ਲਿਖ ਦਿੱਤੀ। 1977 ਵਿਚ ਜਦੋਂ ਪੰਜਾਬ ਸਰਕਾਰ ਵੱਲੋਂ ਮੇਰੀ ਡਿਊਟੀ ਇਕ ਕੇਂਦਰੀ ਮੰਤਰੀ ਨਾਲ ਲੱਗੀ ਹੋਈ ਸੀ ਤਾਂ ਮਨਿਸਟਰ ਸਟਾਫ ਦੇ ਇਕ ਬਹੁਤ ਜ਼ਿਆਦਾ ਹੋਸ਼ਿਆਰ ਕਰਮਚਾਰੀ ਤੋਂ ਪਤਾ ਲੱਗਾ ਕਿ ਵੀਰਵਾਰ ਤਾਂ 21 ਨਵੰਬਰ, 1935 ਨੂੰ ਪੈਂਦਾ ਹੈ। 20 ਨਵੰਬਰ, 1935 ਨੂੰ ਤਾਂ ਬੁੱਧਵਾਰ ਸੀ। ਇਸ ਲਈ ਸਹੀ ਜਨਮ ਤਾਰੀਖ਼ ਦਾ ਤਾਂ ਸਿਰਫ਼ ਮੈਨੂੰ ਹੀ ਨਹੀਂ, ਭਾਰਤ ਦੀ ਅੱਧੀ ਆਬਾਦੀ ਦੇ ਲੋਕਾਂ ਨੂੰ ਵੀ ਪਤਾ ਨਹੀਂ ਹੈ।
----
ਬਾਪੂ ਨੇ ਆਪਣੇ ਬਾਰ ਦੇ ਮੁਰੱਬਿਆਂ ਵਾਲੇ ਨਵਾਂ ਪਿੰਡ ਚੱਕ ਨੰਬਰ 78 ਵਿਚ ਪੁਤਰ ਜੰਮਣ ਦੀ ਬੜੀ ਖੁਸ਼ੀ ਮਨਾਈ। ਚੌਕੀਦਾਰ ਵੱਲੋਂ ਪਿੰਡ ਵਿਚ ਡੌਂਡੀ ਪਿੱਟੀ ਗਈ। ਪਿੰਡ ਦੇ ਗੁਰਦਵਾਰੇ ਵਿਚ ਪਾਠ ਕਰਾਇਆ ਗਿਆ ਤੇ ਕਈ ਦਿਨ ਸਾਡੇ ਘਰ ਬਿਨ ਬਾਂਗੇ ਮੁਰਗੇ ਤੇ ਦੇਸੀ ਸ਼ਰਾਬ ਦੇ ਦੌਰ ਚਲਦੇ ਰਹੇ। ਮੇਰੇ ਖ਼ਿਆਲ ਵਿਚ ਓਦੋਂ ਸਰਕਾਰੀ ਸ਼ਰਾਬ ਦੇ ਠੇਕੇ ਕਿਤੇ ਦੂਰ ਦੂਰ ਹੀ ਹੁੰਦੇ ਸਨ। ਮੈਂ ਆਪਣੇ ਬਚਪਨ ਵਿਚ ਕਦੀ ਠੇਕੇ ਦੀ ਸ਼ਰਾਬ ਨਹੀਂ ਵੇਖੀ ਸੀ। ਹਾਂ ਏਨਾ ਕੁ ਯਾਦ ਆਉਂਦਾ ਏ ਕਿ ਕਦੀ ਕਦੀ ਸਾਂਗਲਾ ਹਿੱਲ ਠਾਣੇ ਦੀ ਪੁਲਸ ਘਰ ਦੀ ਸ਼ਰਾਬ ਕੱਢਣ ਵਾਲਿਆਂ ਤੇ ਛਾਪੇ ਮਾਰਦੀ ਹੁੰਦੀ ਸੀ। ਬਾਪੂ ਤੋਂ ਮੈਂ ਕਈ ਵਾਰ ਸੁਣਿਆ ਸੀ ਕਿ ਜੇਕਰ ਘਰ ਵਿਚ ਰੋਟੀ ਪਕਾ ਕੇ ਖਾਣ ਦੀ ਖੁੱਲ੍ਹ ਸੀ ਤਾਂ ਘਰ ਦੀ ਸ਼ਰਾਬ ਕੱਢ ਕੇ ਪੀਣ ਦੀ ਖੁੱਲ੍ਹ ਕਿਉਂ ਨਹੀਂ ਸੀ। ਇਕ ਵਾਰ ਬਾਪੂ ਤੇ ਤਾਇਆ ਰੂੜੀ ਵਿਚ ਦੱਬੇ ਮੱਟ ਕੱਢ ਕੇ ਜਿਨ੍ਹਾਂ ਵਿਚ ਕਿੱਕਰਾਂ ਦੇ ਸੱਕ, ਗੁੜ, ਬਿਨ ਬਾਂਗੇ ਮੁਰਗੇ, ਗਿਰੀ, ਛੁਹਾਰੇ ਤੇ ਸੌਗੀ ਤੋਂ ਇਲਾਵਾ ਅੰਗੂਰ ਵੀ ਸੁਟੇ ਹੋਏ ਸਨ, ਨਾਲਾਂ ਜੋੜ ਕੇ ਸ਼ਰਾਬ ਕੱਢ ਰਹੇ ਸਨ। ਮੈਂ ਸ਼ਰਾਬ ਦੀ ਭੱਠੀ ਨੂੰ ਕਮਾਦ ਦੀ ਖੋਰੀ ਤੇ ਵੇਲਣੇ ਵਿਚੋਂ ਕੱਢੀਆਂ ਸੁੱਕੀਆਂ ਪੱਛੀਆਂ ਦਾ ਝੋਕਾ ਦੇ ਰਿਹਾ ਸਾਂ। ਗਰਮ ਗਰਮ ਸ਼ਰਾਬ ਤੁਪਕਾ ਤੁਪਕਾ ਕਰ ਕੇ ਨਿੱਕਲ਼ ਰਹੀ ਸੀ। ਠੰਢੀ ਹੋਣ ਤੇ ਬੋਤਲਾਂ ਵਿਚ ਪਾ ਲਈ ਜਾਂਦੀ ਸੀ। ਵਿਚ ਵਿਚ ਬਾਪੂ ਤੇ ਤਾਇਆ ਇਕ ਇਕ ਹਾੜਾ ਤੱਤੀ ਸ਼ਰਾਬ ਦਾ ਵੀ ਲਾ ਲੈਂਦੇ ਸਨ। ਤਿੰਨ ਕੁ ਪਹਿਲੇ ਤੋੜ ਦੀਆਂ ਬੋਤਲਾਂ ਤਿਆਰ ਹੋ ਚੁਕੀਆਂ ਸਨ ਕਿ ਘੋੜਿਆਂ ਵਾਲੀ ਪੁਲਸ ਦਾ ਛਾਪਾ ਪੈ ਗਿਆ। ਬਾਪੂ ਨੇ ਭੱਠੀ ਪੈਰ ਮਾਰ ਕੇ ਭੰਨ ਦਿੱਤੀ, ਨਾਲਾਂ ਅਲੱਗ ਕਰ ਦਿੱਤੀਆਂ। ਚੁੱਲ੍ਹਾ ਤੋੜ ਦਿੱਤਾ ਤੇ ਬਾਕੀ ਕੁਝ ਡੋਲ੍ਹ ਦਿੱਤਾ। ਬਾਪੂ ਤੇ ਤਾਇਆ ਇਕ ਇਕ ਬੋਤਲ ਲੈ ਕੇ ਸੰਘਣੇ ਕਮਾਦ ਵਿਚੋਂ ਦੀ ਵਿਰਕਾਂ ਦੀ ਜੂਹ ਵੱਲ ਨੱਸ ਗਏ। ਪਤਾ ਨਹੀਂ ਓਸ ਵੇਲੇ ਮੇਰੇ ਅੰਦਰ ਐਨੀ ਫੁਰਤੀ ਕਿਥੋਂ ਆ ਗਈ ਕਿ ਮੈਂ ਇਕ ਬੋਤਲ ਜਿਸ ਵਿਚ ਪੂਰੇ ਜ਼ੋਰ ਨਾਲ ਮੱਕੀ ਦਾ ਗੁੱਲ ਦਿਤਾ ਹੋਇਆ ਸੀ, ਕੱਛੇ ਮਾਰ ਕੇ ਕਵਾਣੇ ਦੇ ਪਿਛਲੇ ਪਾਸੇ ਵਾਲੇ ਵੱਡੇ ਬੋਹੜ ਤੇ ਗਾਲੜ੍ਹ ਵਾਂਗ ਚੜ੍ਹ ਕੇ ਧੁਰ ਟੀਸੀ ਦੇ ਸੰਘਣੇ ਪਤਿਆਂ ਵਾਲੀ ਟਹਿਣੀਆਂ ਵਿਚ ਲੁਕ ਗਿਆ। ਪੁਲਸ ਵਾਲਿਆਂ ਨੇ ਮੈਨੁੰ ਭੱਜਦੇ ਨੂੰ ਤਾਂ ਵੇਖ ਲਿਆ ਸੀ ਪਰ ਮੈਂ ਕਿਥੇ ਛਪਣ ਛਊਆ ਹੋ ਗਿਆ ਸਾਂ, ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ। ਉਹ ਥੱਲੇ ਘੋੜਿਆਂ ਤੇ ਚੜ੍ਹੇ ਮੈਨੂੰ, ਮੇਰੇ ਬਾਪੂ ਤੇ ਮੇਰੇ ਤਾਏ ਨੂੰ ਗਾਲਾਂ ਕਢ ਰਹੇ ਸਨ। ਕੁਝ ਦਿਨਾਂ ਬਾਅਦ ਬਾਪੂ ਤੇ ਤਾਇਆ ਪਿੰਡ ਦੇ ਨੰਬਰਦਾਰ ਸੁਰੈਨ ਸਿੰਘ ਨੂੰ ਨਾਲ ਲੈ ਕੇ ਸਾਂਗਲਾ ਹਿੱਲ ਜਾ ਕੇ ਥਾਣੇਦਾਰ ਦੇ ਪੇਸ਼ ਹੋ ਗਏ ਸਨ ਤੇ ਥਾਣੇਦਾਰ ਨੂੰ ਦੇਸੀ ਘਿਓ ਦਾ ਪੀਪਾ ਦੇਣ ਪਿਛੋਂ ਉਹਨਾਂ ਦੀ ਜਾਨ ਛੁੱਟ ਗਈ ਸੀ। ਮੈਂ ਜਿਹੜੀ ਬੋਤਲ ਬੋਹੜ ਦੇ ਪੱਤਿਆਂ ਵਿਚ ਲੁਕੋ ਕੇ ਬੋਹੜ ਦੀਆਂ ਮੋਟੀਆਂ ਟਹਿਣੀਆਂ ਵਿਚ ਲੁਕਾ ਆਇਆ ਸਾਂ, ਪਿਛੋਂ ਬਾਪੂ, ਤਾਏ ਅਤੇ ਨੰਬਰਦਾਰ ਨੇ ਪਹਿਲੇ ਤੋੜ ਦੀ ਉਹ ਬੋਤਲ ਬੜੀਆਂ ਚੁਸਕੀਆਂ ਲੈ ਲੈ ਕੇ ਪੀਤੀ ਸੀ ਕਿਉਂਕਿ ਨਿੱਕੀ ਨਹਿਰ ਦੇ ਪੁਲ ਲਾਗਿਉਂ ਨਾਮ੍ਹੇ ਆਥੜੀ ਵੱਲੋਂ ਫੜੀ ਮੁਰਗਾਬੀ ਵੀ ਬਾਪੂ ਨੇ ਬੜੀ ਰੀਝ ਨਾਲ ਵਧੀਆ ਮਸਾਲੇ ਵਿਚ ਭੁੰਨੀ ਸੀ ਜਿਸ ਦੇ ਖਸਤਾ ਮੀਟ ਦੀਆਂ ਗੱਲਾਂ ਨੰਬਰਦਾਰ ਸੁਰੈਨ ਸਿੰਘ ਦਾਰੂ ਪੀਣ ਪਿਛੋਂ ਬਾਰ ਬਾਰ ਕਰ ਰਿਹਾ ਸੀ।
----
ਮੇਥੋਂ ਪਿਛੋਂ ਦੋ ਦੋ ਸਾਲ ਦੀ ਵਿੱਥ ਤੇ ਹੋਏ ਮੇਰੇ ਦੋ ਛੋਟੇ ਭਰਾ ਅਜੀਤ ਤੇ ਮੋਹਨ ਜੋ ਥੋੜ੍ਹੀ ਥੋੜ੍ਹੀ ਉਮਰ ਭੋਗ ਕੇ ਮਰ ਗਏ ਸਨ। ਇਕ ਨੂੰ ਠੰਢ ਲੱਗੀ ਸੀ ਭਾਵ ਡਬਲ ਨਮੂਨੀਆ ਹੋਇਆ ਸੀ ਕਿਉਂਕਿ ਮੈਂ ਭਾਵੇਂ ਬਹੁਤ ਛੋਟਾ ਸਾਂ ਪਰ ਮੈਨੂੰ ਏਨਾ ਯਾਦ ਹੈ ਕਿ ਹਕੀਮ ਨੇ ਕਿਹਾ ਸੀ ਕਿ ਇਹਦੇ ਲਾਗੇ ਪਾਥੀਆਂ ਦੀ ਅੱਗ ਨਾ ਬੁਝਣ ਦਿਓ। ਇਹ ਠੰਢ ਦੇ ਘਰ ਵਿਚ ਜਾ ਚੁੱਕਾ ਹੈ। ਹਕੀਮ ਦੇ ਦਿੱਤੇ ਕੁਸ਼ਤੇ ਵੀ ਉਹਨੂੰ ਬਚਾ ਨਾ ਸਕੇ। ਦੂਜਾ ਭਰਾ ਮੋਹਰਕੇ ਦਾ ਤਾਪ ਚੜ੍ਹਨ ਨਾਲ ਮਰ ਗਿਆ ਸੀ। ਉਹਨਾਂ ਦੇ ਮਰਨ ਤੋਂ ਬਾਅਦ ਮਾਂ ਉਹਨਾਂ ਦੇ ਨਾਂ ਲੈ ਲੈ ਕੇ ਉੱਚੇ ਉੱਚੇ ਵੈਣ ਪਾਉਂਦੀ ਤੇ ਰੋਂਦੀ ਰਹਿੰਦੀ। ਇਕ ਦਿਨ ਇਕ ਸੰਤ ਬੂਹੇ ਤੇ ਬਗਲੀ ਪਾਈਂ ਖੈਰ ਮੰਗਣ ਆਇਆ ਕਹਿ ਗਿਆ ਬੀਬੀ ਹੁਣ ਮੋਹਨ ਤੇ ਜੀਤ ਨੇ ਨਹੀਂ ਮੁੜਨਾ, ਤੂੰ ਛੇਹਰਟਾ ਸਾਹਿਬ ਦੀਆਂ ਪੰਚਮੀਆਂ ਸੁੱਖ। ਘਰ ਅੱਗੋਂ ਲੰਘਣ ਵਾਲੇ ਰਾਹੀਆਂ ਪਾਂਧੀਆਂ ਨੂੰ ਪਰਸ਼ਾਦਾ ਛਕਾਇਆ ਕਰ। ਜਦੋਂ ਊਠਾਂ ਜਾਂ ਘੋੜਿਆਂ ਵਾਲੇ ਲੰਘਣ ਤੇ ਤੇਰੇ ਘਰ ਅੱਗੇ ਪਿੱਪਲਾਂ ਤੇ ਬੋਹੜਾਂ ਦੀ ਛਾਂ ਹੇਠਾਂ ਬੇਜ਼ਬਾਨਿਆਂ ਨੂੰ ਘੜੀ ਆਰਾਮ ਕਰਨ ਲਈ ਖਲ੍ਹਾਰਣ ਤਾਂ ਪਸੂਆਂ ਨੂੰ ਦਾਣਾ ਪਾਉਂਣਾ ਤੇ ਪਾਣੀ ਪਿਲਾਉਂਣਾ ਨਾ ਭੁਲੀਂ। ਤੇਰੇ ਘਰ ਔਲਾਦ ਦਾ ਘਾਟਾ ਨਹੀਂ ਰਹੇਗਾ।
----
ਇਹ ਗੱਲ 1944-1945 ਦੀ ਹੋ ਸਕਦੀ ਹੈ। ਮੈਂ ਬਾਪੂ ਤੇ ਮਾਂ ਮੰਡੀ ਢਾਬਾਂ ਸਿੰਘ ਦੇ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਫੜ ਕੇ ਲਾਹੌਰ ਜਾਂਦੇ। ਮੈਂ ਰਾਹ ਵਿਚ ਆਉਂਦੇ ਸਾਰੇ ਸਟੇਸ਼ਨ ਗਿਣੀ ਜਾਂਦਾ ਜਿਵੇਂ ਬਹਾਲੀਕੇ, ਸੱਚਾ ਸੌਦਾ, ਚੂਹੜਕਾਣਾ, ਚੀਚੋ ਕੀਆਂ ਮਲੀਆਂ, ਸ਼ੇਖੂਪੁਰਾ, ਸ਼ਾਹਦਰਾ, ਬਾਦਾਮੀ ਬਾਗ, ਲਾਹੌਰ ਆਦਿ ਤੇ ਇਹ ਸਾਰੇ ਸਟੇਸ਼ਨਾਂ ਦੇ ਨਾਂ ਮੈਨੂੰ ਜ਼ਬਾਨੀ ਯਾਦ ਹੋ ਜਾਂਦੇ। ਲਾਹੌਰੋਂ ਅੰਮ੍ਰਿਤਸਰ ਵਾਲੀ ਗੱਡੀ ਪਕੜ ਕੇ ਮੁਗਲਸਰਾਏ, ਮੀਆਂ ਮੀਰ, ਅਟਾਰੀ ਤੇ ਛੇਹਰਟਾ ਸਾਹਿਬ ਸਟੇਸ਼ਨ ਆਦਿ। ਗੱਡੀ ਅਕਸਰ ਛੇਹਰਟਾ ਸਾਹਿਬ ਨਹੀਂ ਖਲੋਂਦੀ ਸੀ। ਅੰਮ੍ਰਿਤਸਰੋਂ ਫਿਰ ਛੇਹਰਟਾ ਸਾਹਿਬ ਆਉਣ ਲਈ ਲਾਹੌਰ ਨੂੰ ਜਾਂਦੀ ਪੈਸਿੰਜਰ ਗੱਡੀ ਫੜ ਕੇ ਛੇਹਰਟੇ ਆ ਜਾਂਦੇ ਜਿਥੇ ਛੇ ਮਾਹਲਾਂ ਵਾਲਾ ਖੂਹ ਚੱਲਦਾ ਸੀ ਤੇ ਛੇਵੀਂ ਪਾਤਸ਼ਾਹੀ ਦਾ ਗੁਰਦਵਾਰਾ ਸੀ। ਮੈਂ ਥੱਕ ਜਾਂਦਾ ਤਾਂ ਬਾਪੂ ਮੈਨੂੰ ਆਪਣੇ ਮੋਢਿਆਂ ਤੇ ਚੁੱਕ ਲੈਂਦਾ। ਇੰਜ ਮੋਢਿਆਂ ਤੇ ਚੜ੍ਹ ਕੇ ਮੈਨੂੰ ਪੰਚਮੀ ਦਾ ਮੇਲਾ ਵੇਖਣ ਦਾ ਬੜਾ ਸਵਾਦ ਆਉਂਦਾ। ਮਾਂ ਪੋਣੇ ਵਿਚ ਇਸ਼ਨਾਨ ਕਰ ਕੇ ਆਪਣੀ ਸੁੱਖਣਾ ਲਾਹੁਣ ਲਈ ਗੁਰਦਵਾਰੇ ਮੱਥਾ ਟੇਕਣ ਚਲੀ ਜਾਂਦੀ। ਮੈਨੂੰ ਛੇਹਰਟਾ ਸਾਹਿਬ ਦਾ ਏਡਾ ਵਡਾ ਖੂਹ ਸੋਹਣਾ ਵੀ ਲੱਗਦਾ ਤੇ ਡਰਾਉਣਾ ਵੀ।
----
ਪੰਚਮੀ ਨਹਾ ਕੇ ਅਸੀਂ ਫਿਰ ਅਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਤੇ ਰਾਤ ਸਰਾਂ ਵਿਚ ਠਹਿਰਦੇ। ਫਿਰ ਤਰਨ ਤਾਰਨ ਵੀ ਮੱਥਾ ਟੇਕਣ ਤੇ ਅਸ਼ਨਾਨ ਕਰਨ ਜਾਂਦੇ। ਤਰਨ ਤਾਰਨ ਕੰਬੋਆਂ ਦਾ ਬੁੰਗਾ ਬਣਿਆ ਹੋਇਆ ਸੀ ਜਿਥੇ ਸਾਡਾ ਪੱਕਾ ਟਿਕਾਣਾ ਹੁੰਦਾ। ਮੇਰਾ ਤਾਇਆ ਗਿਆਨੀ ਗਿਆਨ ਸਿੰਘ ਜਿਸ ਨੇ ਢਾਬਾਂ ਸਿੰਘ ਰਾਇਟ ਕੇਸ ਵਿਚ ਪਹਿਲਾਂ ਫਾਂਸੀ ਤੇ ਫਿਰ ਕਾਲੇ ਪਾਣੀ ਸਜ਼ਾ ਕੱਟੀ ਸੀ, ਪਾਠੀ ਬਣ ਕੇ ਇਸ ਬੁੰਗੇ ਵਿਚ ਰਹਿਣ ਲੱਗ ਪਿਆ ਸੀ ਤੇ ਉਹਨੇ ਇਕ ਬੜੀ ਖ਼ੂਬਸੂਰਤ ਗੋਰੀ ਚਿੱਟੀ ਖਤਰਾਣੀ ਨਾਲ ਵਿਆਹ ਕਰਵਾ ਲਿਆ ਸੀ। ਫਿਰ ਉਹ ਬੁੰਗਾ ਛੱਡ ਬਹਾਵਲਪੁਰ ਚਲਾ ਗਿਆ ਜਿਥੇ ਉਹਨੇ ਕੁਝ ਜ਼ਮੀਨ ਲੈ ਕੇ ਵਾਹੀ ਕਰਨੀ ਸ਼ੁਰੂ ਕਰ ਦਿਤੀ ਸੀ। ਉਹਦੀਆਂ ਦੋ ਕੁੜੀਆਂ ਇਕ ਮੇਰੇ ਹਾਣ ਦੀ ਤੇ ਦੂਜੀ ਥੋੜ੍ਹੀ ਛੋਟੀ ਸੀ। ਆਜ਼ਾਦੀ ਘੁਲਾਟੀਆ ਹੋਣ ਕਰ ਕੇ ਉਹਦੀ ਸਾਰੀ ਬਰਾਦਰੀ ਵਿਚ ਬੜੀ ਕਦਰ ਸੀ। ਜਦੋਂ ਕਦੇ ਤਾਏ ਦਾ ਇਹ ਪਰਿਵਾਰ ਸਾਡੇ ਬਾਰ ਵਾਲੇ ਨਵੇਂ ਪਿੰਡ ਆਉਂਦਾ ਤਾਂ ਕਈ ਕਈ ਦਿਨ ਸਾਡੇ ਘਰ ਹੀ ਠਹਿਰਦਾ ਤੇ ਤਾਇਆ ਤੇ ਬਾਪੂ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨਾਲ ਜੋ ਸ਼ਰੀਕੇ ਚੋਂ ਮੇਰੇ ਭਰਾ ਤੇਜਾ ਸਿੰਘ ਮੋਮੀ ਦਾ ਸਹੁਰਾ ਤੇ ਭਾਬੀ ਜੀਤ ਕੌਰ ਦਾ ਪਿਤਾ ਸੀ, ਅਕਾਲੀ ਕਾਨਫਰੰਸਾਂ ਵਿਚ ਹਿੱਸਾ ਲੈਣ ਲਈ ਚਲੇ ਜਾਂਦੇ। ਤਾਈ ਦਾ ਤੇ ਉਹਦੀਆਂ ਕੁੜੀਆਂ ਦਾ ਮੇਰੇ ਨਾਲ ਬੜਾ ਮੋਹ ਸੀ।
----
ਤਰਨਤਾਰਨ ਇਸ਼ਨਾਨ ਕਰ ਕੇ ਤੇ ਮੱਥਾ ਟੇਕ ਕੇ ਅਸੀਂ ਆਪਣੇ ਪਿਛਲੇ ਨਵਾਂ ਪਿੰਡ ਪੈਦਲ ਤੁਰ ਕੇ ਆ ਜਾਂਦੇ। ਭਾਵੇਂ ਏਸ ਪਿੰਡ ਵਿਚੋਂ ਸਾਡੇ ਸ਼ਰੀਕੇ ਦੇ ਜ਼ਿਆਦਾ ਕੰਬੋ ਬਾਰ ਵਾਲੇ ਪਿੰਡ ਨਵਾਂ ਪਿੰਡ ਚੱਕ ਨੰਬਰ 78 ਜਾ ਵਸੇ ਸਨ ਪਰ ਕੁਝ ਘਰ ਅਜੇ ਏਥੇ ਰਹਿੰਦੇ ਸਨ ਜੋ ਸਾਡੀ ਪੁਰਾਣੀ ਜ਼ਮੀਨ ਠੇਕੇ ਤੇ ਲੈ ਲੈਂਦੇ ਸਨ। ਇੰਜ ਦੋ ਕੁ ਹਫਤਿਆਂ ਦਾ ਗੇੜਾ ਕਢ ਕੇ ਅਸੀਂ ਫਿਰ ਵਾਪਸ ਆਪਣੇ ਪਿੰਡ ਆ ਜਾਂਦੇ। ਇਕ ਵਾਰ ਬਾਪੂ ਵਾਹੀ ਵਿਚ ਜ਼ਿਆਦਾ ਰੁੱਝਾ ਹੋਣ ਕਰ ਕੇ ਅੰਮ੍ਰਿਤਸਰ ਦੀ ਦੀਵਾਲੀ ਤੇ ਸਾਡੇ ਨਾਲ ਨਾ ਜਾ ਸਕਿਆ। ਸ਼ਾਇਦ ਇਹ 1946 ਦੀ ਦੀਵਾਲੀ ਸੀ। ਬਾਪੂ ਮਾਂ ਨੂੰ ਕਹਿਣ ਲਗਾ ਕਿ ਹੁਣ ਤੇਰਾ ਮੁੰਡਾ ਸਿਆਣਾ ਹੋ ਗਿਆ ਏ। ਤੁਸੀਂ ਦੋਵੇਂ ਮਾਂ ਪੁੱਤ ਚਲੇ ਜਾਓ। ਮੈਂ ਓਦੋਂ ਗਿਆਰਾਂ ਬਾਰਾਂ ਸਾਲਾਂ ਦੇ ਵਿਚਕਾਰ ਹੋਵਾਂਗਾ। ਅਸੀਂ ਚਲੇ ਤਾਂ ਗਏ ਪਰ ਜੋ ਮਜ਼ਾ ਬਾਪੂ ਨਾਲ ਮੇਲਿਆਂ ਤੇ ਜਾਣ ਦਾ ਆਉਂਦਾ ਸੀ, ਉਹ ਮਾਂ ਨਾਲ ਜਾ ਕੇ ਨਹੀਂ ਸੀ। ਮੈਂ ਜੋ ਮੰਗਦਾ ਬਾਪੂ ਉਹ ਲੈ ਕੇ ਦੇ ਦੇਂਦਾ ਪਰ ਮਾਂ ਕੁਝ ਲੈ ਕੇ ਨਾ ਦੇਂਦੀ। ਮਾਂ ਹਰ ਵੇਲੇ ਘਬਰਾਈ ਹੋਈ ਰਹਿੰਦੀ। ਦੀਵਾਲੀ ਤੇ ਸਵੇਰੇ ਸਵੇਰੇ ਥੋੜ੍ਹੀ ਥੋੜ੍ਹੀ ਠੰਡ ਹੋ ਜਾਂਦੀ ਸੀ। ਮਾਂ ਮੈਨੂੰ ਅਖਾਂ ਮਲਦੇ ਨੂੰ ਗੁਰੂ ਰਾਮਦਾਸ ਸਰਾਂ ਚੋਂ ਉਠਾ ਕੇ ਜਦ ਅਜੇ ਦਿਨ ਵੀ ਨਹੀਂ ਚੜ੍ਹਿਆ ਸੀ, ਇਸ਼ਨਾਨ ਕਰਨ ਲਈ ਦੁਖ ਭੰਜਨੀ ਬੇਰੀ ਲਾਗੇ ਬਣੇ ਜਨਾਨੀਆਂ ਦੇ ਬੁੰਗੇ ਵਿਚ ਲੈ ਵੜੀ ਤੇ ਦਵਾ ਦਵ ਕੱਪੜੇ ਲਾਹ ਕੇ ਤਲਾ ਵਿਚ ਵੜ ਗਈ ਤੇ ਮੈਨੂੰ ਆਪਣੇ ਕੱਪੜਿਆਂ ਕੋਲ ਖੜ੍ਹਾ ਕਰ ਦਿਤਾ। ਇਕ ਦਮ ਹੀ ਕਈ ਅਰਧ ਵਸਤਰ ਜ਼ਨਾਨੀਆਂ ਮੇਰੀ ਮਾਂ ਦੇ ਗਲ ਪੈ ਗਈਆਂ ਤੇ ਉੱਚੀ ਉੱਚੀ ਕਹਿਣ ਲਗੀਆਂ, “ਨੀ ਭੈਣੇ ਤੇਰਾ ਮੁੰਡਾ ਹੁਣ ਸਿਆਣਾ ਹੋ ਗਿਆ ਆ। ਇਹਨੂੰ ਬਾਹਰ ਖਲੋਣ ਲਈ ਕਹੁ” ਤੇ ਮਾਂ ਨੇ ਮੈਨੂੰ ਦੁਖ ਭੰਜਨੀ ਬੇਰੀ ਹੇਠਾਂ ਖਲੋਣ ਲਈ ਕਹਿ ਤੇ ਕਿਤੇ ਗੁੰਮ ਨਾ ਹੋਣ ਦੀ ਚਿਤਾਵਨੀ ਦੇ ਕੇ ਪੋਣੇ ਵਿਚੋਂ ਇਕ ਦਮ ਬਾਹਰ ਕੱਢ ਦਿੱਤਾ। ਭਾਵੇਂ ਉਹ ਇਸ਼ਨਾਨ ਕਰ ਤੇ ਜਲਦੀ ਕੱਪੜੇ ਪਾ ਕੇ ਬਾਹਰ ਆ ਗਈ ਪਰ ਮੈਨੂੰ ਪੋਣੇ ਵਿਚੋਂ ਬਾਹਰ ਕਿਉਂ ਕੱਢ ਦਿਤਾ ਗਿਆ ਸੀ। ਪੋਣੇ ਦੇ ਅੰਦਰ ਕੀ ਸੀ? ਇਹ ਫ਼ਰਕ ਦਾ ਪਤਾ ਮੈਨੂੰ ਉਸ ਦਿਨ ਤੋਂ ਬਾਅਦ ਹੀ ਲੱਗਾ।
1 comment:
Momi ji tuhidiyaa jeevan gathaa bahut rochek han.Dil karda pari jaoo.
Davinder Kaur
California
Post a Comment