“ਸੱਤਿਆ ਉਹ ਕੌਣ ਸਨ, ਜਿਨ੍ਹਾਂ ਨੇ ਸੰਤਾ ਸਿੰਘ,ਭਾਗ ਮੱਲ ਤੇ ਮੇਰੇ ਜਿਹੇ ਲੱਖਾਂ ਨੂੰ ਉਹਨਾਂ ਦੀਆਂ ਜੰਮਣ-ਭੋਆਂ ਤੋਂ ਵਿਛੋੜ ਦਿੱਤਾ ਸੀ?”
“ਅੰਗਰੇਜ਼ ਹੋਰ ਕੌਣ!” ਸੱਤੇ ਨੇ ਝੱਟ-ਪਟ ਉੱਤਰ ਦਿੱਤਾ।
“ਨਹੀਂ ਸੱਤਿਆ ਨਹੀਂ।ਜਦੋਂ ਲਾਣੇਦਾਰ ਅਕਲਮੰਦ ਤੇ ਜ਼ੋਰਾਵਰ ਹੋਏ, ਤੇ ਘਰ ਦੇ ਜੀਆਂ ਦੇ ਮਨ ਸਾਫ਼ ਹੋਣ ਤਾਂ ਕਿਸੇ ਬਾਹਰਲੇ ਦੀ ਕੀ ਹਿੰਮਤ ਕਿ ਵਿਹੜੇ ’ਚ ਕੰਧ ਖੜ੍ਹੀ ਕਰ ਦੇਵੇ।”
ਸੱਤਾ ਨਿਰ-ਉੱਤਰ ਹੋ ਗਿਆ।
“ਸੱਤਿਆ ਉਹ ਕਿਹੜੀ ਹਵਾ ਸੀ ਜ੍ਹਿਨੇ ਮਨੁੱਖਾਂ ਨੂੰ ਹੈਵਾਨ ਤੋਂ ਵੀ ਬਦਤਰ ਬਣਾ ਦਿੱਤਾ ਸੀ?”
ਸੱਤਾ ਤਾਂ ਚੁੱਪ ਹੀ ਰਿਹਾ, ਪਰ ਕਮਰੇ ’ਚੋਂ ਨਿਕਲ ਕੇ, ਫ਼ਜ਼ਲੇ ਦੀ ਪੁਆਂਦੀ ਬੈਠਦਿਆਂ ਅਮੋਲਕ ਬੋਲਿਆ,“ਇਸ ਦੇ ਕਿਤੇ ਇੱਕਾ-ਦੁੱਕਾ ਕਾਰਨ ਥੋੜ੍ਹੋ ਸੀ ਚਾਚਾ।”
ਬਜ਼ੁਰਗ ਨੌਜਵਾਨ ਦੀ ਗੱਲ ਧਿਆਨ ਨਾਲ਼ ਸੁਣਨ ਲੱਗੇ।
“ਵੱਧ ਖਾਣ,ਪੀਣ ਤੇ ਹੰਢਾਣ ਦਾ ਲੋਭ ਆ ਚਾਚਾ ਜਿਹੜਾ ਬੰਦੇ ਨੂੰ ਵਹਿਸ਼ੀ ਜਿਹਾ ਬਣਾ ਦਿੰਦਾ।...”
ਅਮੋਲਕ ਪਲ ਕੁ ਲਈ ਚੁੱਪ ਕਰ ਗਿਆ।
“...ਆਮ ਹਾਲਾਤ ’ਚ ਬੰਦਾ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ’ਚ ਇਕ ਬੈਲੇਂਸ ਰੱਖੀ ਤੁਰਦਾ।ਪਰ ਲੀਡਰਾਂ ਦੇ ਨਿੱਜੀ ਮੁਫ਼ਾਦਾਂ ਤੇ ਧਾਰਮਿਕ ਆਗੂਆਂ ਦੇ ਕੱਟੜਵਾਦੀ ਰੋਲ ਕਾਰਨ ਬੰਦਾ ਪਹਿਲਾਂ ਤਾਂ ਭੰਬਲਭੂਸੇ ’ਚ ਪੈਂਦਾਂ ਫਿਰ ਅਣ-ਮਨੁੱਖੀ ਕੰਮਾਂ ’ਚ ਪੈ ਜਾਂਦਾ।ਇਮਤਿਹਾਨ ਦੀ ਘੜੀ ’ਚ ਸਾਰੇ ਵਿਚਾਰ ਲੋਕਾਂ ਦੀਆਂ ਜ਼ਿੰਦਗੀਆਂ ’ਚੋਂ ਨਿਕਲ ਕੇ ਚੁੱਪ-ਚਾਪ ਧਾਰਮਿਕ ਗ੍ਰੰਥਾਂ ਵਲ ਪਰਤ ਜਾਂਦੇ ਆ।ਬੱਸ ਬੰਦਾ ਪਸ਼ੂਆਂ ਨੂੰ ਵੀ ਸ਼ਰਮਿੰਦਾ ਕਰ ਦਿੰਦਾ।”
“ਇਸ ਸਭ ਕੁਸ਼ ਦਾ ਇਲਾਜ?” ਫ਼ਜ਼ਲਾ ਸੱਚ-ਮੁੱਚ ਹੀ ਅਮੋਲਕ ਨੂੰ ਸਿਆਣਾ ਸਮਝਣ ਲੱਗ ਪਿਆ ਸੀ।
“ਧਰਮ ਦੀ ਸਹੀ ਵਿਆਖਿਆ,ਪੜੇ-ਲਿਖੇ ਲੋਕਾਂ ਦਾ ਸਹੀ ਰੋਲ।ਦੂਸਰਿਆਂ ਦੇ ਵਿਚਾਰਾਂ ਤੇ ਵਿਸ਼ਵਾਸਾਂ ਨੂੰ ਮਾਨਤਾ ਦਿੱਤੀ ਜਾਏ।ਇਹ ਸਮਝਿਆ ਜਾਏ ਕਿ ਦੂਸਰਿਆਂ ਨੂੰ ਵੀ ਅੱਗ ਤੋਂ ਸੇਕ ਆਉਂਦਾ।ਉਹਨਾਂ ਨੂੰ ਵੀ ਆਪਣਿਆਂ ਦੀ ਮੌਤ ਦਾ ਦੁੱਖ ਹੁੰਦਾ।ਬਸ ਆਪਣੇ ਜਿਹਾ ਮੰਨਿਆਂ ਜਾਏ ਸਾਰਿਆਂ ਨੂੰ।” ਸੱਤਾ ਵੀ ਆਪਣੇ ਪੁੱਤਰ ਦੀ ਸੋਚ ’ਤੇ ਹੈਰਾਨ ਹੋਈ ਜਾ ਰਿਹਾ ਸੀ।
“ਸ਼ਾਵਾ ਪੁੱਤਰਾ! ਬੋਲ।” ਫ਼ਜ਼ਲੇ ਦੀ ਗੱਲ ਸੁਣਕੇ ਅਮੋਲਕ ਫਿਰ ਬੋਲਿਆ,
“ਬੱਸ ਬੰਦਾ ਸਵਾਲ ਕਰ ਸਕੇ।ਐਨਾ ਤਾਂ ਪੁੱਛ ਸਕੇ ਕਿ ਮੈਂ ਕਿਸੇ ਨੂੰ ਕਿਉਂ ਮਾਰਾਂ।ਚਾਚਾ ਇਹਨਾਂ ਸਵਾਲਾਂ ਨੇ ਸਭ ਦੰਗਿਆਂ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਣੀਆਂ ਨੇ।” ਇਹ ਕਹਿ ਕੇ ਅਮੋਲਕ ਚੁੱਪ ਕਰ ਗਿਆ।
ਫ਼ਜ਼ਲੇ ਨੇ ਸੋਚਿਆ,‘ਕਾਸ਼ ਕੋਈ ਧਾੜਵੀਆਂ ਨੂੰ ਪੁੱਛ ਸਕਦਾ ਕਿ ਮੇਰਾ ਅੱਬਾ ਔਰੰਗਜ਼ੇਬ ਨੂੰ ਸਲਾਹਾਂ ਦਿੰਦਾ ਰਿਹਾ ਸੀ।ਅਸਲਮ ਮੋਚੀ ਜਹਾਂਗੀਰ ਦਾ ਵਜ਼ੀਰ ਸੀ ਜਾਂ ਮਿਹਰਦੀਨ ਲੰਬੜ ਜ਼ਕਰੀਆ ਖ਼ਾਨ ਨਾਲ਼ ਪੜ੍ਹਦਾ ਰਿਹਾ ਸੀ।’
“ਉਹ ਤਾਂ ਠੀਕ ਆ ਪੁੱਤਰਾ,ਪਰ ਅੱਗ ਵਰ੍ਹੀ ਤੇ ਕੌਣ ਪ੍ਰਸ਼ਨ ਕਰਦਾ ਤੇ ਕਿਹੜਾ ਉੱਤਰ ਦਿੰਦਾ?” ਫ਼ਜ਼ਲਾ ਹੌਲ਼ੀ ਜਿਹੀ ਬੋਲਿਆ।
“ਚਾਚਾ,ਇਹ ‘ਕਿਉਂ’ ਬੱਚਿਆਂ ’ਚ ਪੈਦਾ ਕੀਤੀ ਜਾਏ।ਇਹ ਮਾਪਿਆਂ ਤੇ ਅਧਿਆਪਕਾਂ ਦਾ .ਫਰਜ਼ ਬਣਦਾ ਕਿ ਬੱਚਿਆਂ ’ਚ ਇਕ ਲੌਜਿਕ ਡਿਵੈਲਪ ਕਰਨ।ਉਹਨਾਂ ਨੂੰ ਅੰਨ੍ਹੀ ਭੀੜ ਦਾ ਹਿੱਸਾ ਨਹੀਂ ਸਗੋਂ ਇਕ ਚੇਤੰਨ ਵਿਅਕਤੀਗਤ ਹੋਂਦ ਬਣਾਇਆ ਜਾਏ।ਜੇ ਆਪਾਂ ਇਹ ਨਾ ਕਰ ਸਕੇ ਤਾਂ ਸੰਤਾਲ਼ੀ ਤੇ ਚੁਰਾਸੀ ਜਿਹੀਆਂ ਮਨਹੂਸ ਘਟਨਾਵਾਂ ਘੱਟਦੀਆਂ ਰਹਿਣਗੀਆਂ।ਬੱਚਿਆਂ ਨੂੰ ਸੰਭਾਲ਼ ਕੇ ਅਸੀਂ ਦੇਸ਼ ਤੇ ਦੁਨੀਆਂ ਨੂੰ ਸੰਭਾਲ਼ ਸਕਦੇ ਹਾਂ।”
ਅਮੋਲਕ ਦੀ ਇਸ ਗੱਲ ਨੇ ਫ਼ਜ਼ਲੇ ਦੇ ਸਿਰ ’ਤੇ ਚਿਰਾਂ ਤੋਂ ਬੋਝ ਬਣੇ ਪ੍ਰਸ਼ਨ ਇਕ ਸੁਖਾਵੀਂ ਜਿਹੀ ਆਸ ’ਚ ਬਦਲ ਦਿੱਤਾ।ਉਸਨੇ ਆਉਣ ਵਾਲੀਆਂ ਨਸਲਾਂ ’ਤੇ ਇਕ ਮਾਣ ਜਿਹਾ ਮਹਿਸੂਸ ਕੀਤਾ।
----
ਅਗਲੀ ਸਵੇਰ ਫ਼ਜ਼ਲਾ ਇਕ ਵਾਰ ਫਿਰ ਮੀਏਂ ਦੀ ਹਵੇਲੀ ਗਿਆ।ਉਸ ਦੇ ਪੈਰ ਉਸ ਥਾਂ ਰੁਕ ਗਏ,ਜਿੱਥੇ ਖੜ੍ਹੇ ਨੂੰ ਨਫ਼ੀਸਾਂ ਨੇ ਕਦੇ ਪਿਆਰ ਭਰੀ ਨਜ਼ਰ ਨਾਲ਼ ਤੱਕਿਆ ਸੀ।
“ਬਾਪੂ ਜੀ ਬਾਹਰ ਆਇਓ,ਬਾਬਾ ਜੀ ਆਏ ਜੇ,ਪਾਕਿਸਤਾਨ ਵਾਲ਼ੇ।”
ਉਸਨੇ ਨਜ਼ਰ ਉਠਾਈ ਤਾਂ ਖਿੜਕੀ ’ਚ ਸੰਤਾ ਸਿੰਘ ਦੀ ਪੋਤਰੀ ਖੜੀ ਸੀ।ਉਹ ਖਿੜਖਿੜਾ ਕੇ ਹੱਸ ਪਿਆ।ਪਤਾ ਨਹੀਂ ਕੁੜੀ ਦੀ ਗੱਲ ਤੋਂ ਜਾਂ ਵਕਤ ਦੇ ਵਹਿਣ ਤੋਂ।
ਉਹ ਤੇ ਸੰਤਾ ਸਿੰਘ ਦੁਪਹਿਰ ਤੱਕ ਲੀਕੋਂ ਆਰ-ਪਾਰ ਦੀਆਂ ਗੱਲਾਂ ਕਰਦੇ ਰਹੇ।
ਫਿਰ ਉਹ ‘ਆਪਣੇ ਘਰ’ ਚਲਾ ਗਿਆ, ਤੇ ਦੁਪਹਿਰ ਤੱਕ ਓਥੇ ਹੀ ਰੁਕਿਆ ਰਿਹਾ।
ਭਾਗ ਮੱਲ ਝਾਂਗੀ ਆਪਣੇ ਵਿਛੜੇ ਵਤਨ ਨੂੰ ਯਾਦ ਕਰਕੇ ਰੋਂਦਾ ਰਿਹਾ।
ਸੱਤੇ ਦੇ ਘਰ ਵਲ ਮੁੜਦਿਆਂ ਉਸਨੂੰ ਬੂਟਾ ਸਿੰਘ ਕਲੇਰ ਮਿਲ ਗਿਆ।
“ਵੇਖ ਲਓ ਨਸੀਬਾਂ ਦੇ ਖੇਡ।ਕੇਡੀ ਸ੍ਹੋਣੀ ਤੇ ਪੁੱਜ ਕੇ ਤੱਕੜੀ ਭੋਈਂ ਨਾਲੋਂ ਵਿਛੋੜ ਕੇ ਏਸ ਬੰਜਰ ਜਿਹੀ ਜ਼ਮੀਨ ’ਚ ਸੁੱਟ ਦਿੱਤਾ ਜੇ।”
ਫ਼ਜ਼ਲੇ ਕੋਲੋਂ ਕੁਝ ਵੀ ਨਾ ਬੋਲਿਆ ਗਿਆ।
‘ਕਿਤੇ ਕੋਈ ਸਾਡੇ ਦਿਲ ਨੂੰ ਪੁੱਛ ਕੇ ਦੇਖੇ ਏਸ ਬੰਜਰ ਜ਼ਮੀਨ ਦੀ ਅਹਿਮੀਅਤ।’ ਕੁਝ ਇਸ ਤਰ੍ਹਾਂ ਦਾ ਸੋਚਦਾ ਉਹ ਸੱਤੇ ਦੇ ਘਰ ਵਲ ਤੁਰ ਪਿਆ।
----
ਸੱਤੇ ਕੋਲ਼ ਹੰਸਾ ਬਾਮ੍ਹਣ ਬੈਠਾ ਗੱਲੀਂ ਰੁੱਝਿਆ ਪਿਆ ਸੀ।ਵਿਗੜਦੇ ਹਾਲਾਤ ਕਾਰਨ ਉਸਨੇ ਪਿੰਡ ਛੱਡ ਕੇ ਸ਼ਹਿਰ ਰਹਿਣਾ ਸ਼ੁਰੂ ਕਰ ਦਿੱਤਾ ਸੀ।ਉਹ ਦਸੀਂ-ਪੰਦਰੀਂ ਦਿਨੀਂ ਪਿੰਡ ਗੇੜਾ ਮਾਰਦਾ।ਅੱਜ ਦੁਪਹਿਰ ਤੋਂ ਉਹ ਸੱਤੇ ਦੇ ਘਰ ਬੈਠਾ ਫ਼ਜ਼ਲੇ ਦੀ ਉਡੀਕ ਕਰ ਰਿਹਾ ਸੀ।
‘ਹਿੰਦੋਸਤਾਨ ਹਿੰਦੂ ਸਟੇਟ,ਪਾਕਿਸਤਾਨ ਮੁਸਲਿਮ ਸਟੇਟ।’ ਵੰਡ ਦੇ ਇਸ ਆਧਾਰ ’ਤੇ ਅਮਲ ਕਰਦਿਆਂ ਉਸਨੇ ਜੱਟਾਂ ਮੂਹਰੇ ਲੱਗ ਕੇ ਹਜ਼ਾਰਾਂ ਮੁਸਲਮਾਨ ਦੁੜਾਏ ਤੇ ਕਈ ਕਤਲ ਕਤਲ ਕੀਤੇ ਸਨ। ਫ਼ਜ਼ਲੇ ਨਾਲੋਂ ਇਹ ਪੰਜ-ਸੱਤ ਸਾਲ ਵੱਡਾ ਸੀ। ਫ਼ਜ਼ਲਾ ਉਸਨੂੰ ਪਛਾਣ ਨਾ ਸਕਿਆ।
ਸੱਤੇ ਨੇ ਤੁਆਰਫ਼ ਕਰਵਾਇਆ ਤਾਂ ਫ਼ਜ਼ਲੇ ਨੇ ਉਸਨੂੰ ਬਾਹਵਾਂ ’ਚ ਲੈ ਲਿਆ।ਪਰ ਹੰਸੇ ਦੀਆਂ ਬਾਹਵਾਂ ਆਕੜੀਆਂ ਹੀ ਰਹੀਆਂ।ਉਸਦਾ ਚਿਹਰਾ ਉਵੇਂ ਹੀ ਖ਼ੁਸ਼ਕ ਤੇ ਅੱਖਾਂ ਬੇਜਾਨ ਤੇ ਅੱਪਣਤ ਵਿਹੂਣੀਆਂ ਰਹੀਆਂ।
“ਕੀ ਹਾਲ ਆ ਤੁਹਾਡੇ ਪਾਕਿਸਤਾਨ ਦਾ?” ਫ਼ਜ਼ਲੇ ਨੂੰ ਹੰਸੇ ਦੀ ਗੱਲ ’ਚ ਇਕ ਰੁੱਖਾਪਨ ਮਹਿਸੂਸ ਹੋਇਆ।
“ਏਦਾਂ ਦਾ ਈ ਆ ਭਰਾਵਾ।ਸਭ ਪਾਸੇ ‘ਰਹਿਬਰ’ ਭੋਲ਼ੀ-ਭਾਲ਼ੀ ਜਨਤਾ ਨੂੰ ਲੁੱਟੀ ਜਾਂਦੇ ਆ।ਤੁਹਾਡੇ ਦੁੱਖਾਂ ਦੀ ਸਾਨੂੰ ਸਾਰ ਆ ਤੇ ਸਾਡੇ ਦੁੱਖ ਤੁਹਾਡੇ ਕੋਲੋਂ ਲੁਕੇ ਨਈਂ।ਹਮਸਾਇਆਂ ਨੂੰ ਹਊਆ ਬਣਾ ਕੇ ਸਾਡੇ ਲੀਡਰ ਕੁਰਸੀਆਂ ’ਤੇ ਕਾਇਮ ਹੋਈ ਬੈਠੇ ਆ।”
ਹੰਸਾ ਅਣਮੰਨੇ ਜਿਹੇ ਮਨ ਨਾਲ ਫ਼ਜ਼ਲੇ ਦੀ ਗੱਲ ਸੁਣਦਾ ਸਿਰ ਮਾਰੀ ਗਿਆ।
“ਫ਼ਜ਼ਲਦੀਨ।ਮਨ ਨੂੰ ਚੈਨ ਨਈਂ ਮਿਲਦੀ:ਪਿੰਡ ਛੁੱਟ ਗਿਆ,ਭਾਈਚਾਰਾ ਛੁੱਟ ਗਿਆ।ਬੜਾ ਸ੍ਹੋਣਾ ਘਰ-ਬਾਰ ਛੱਡ ਕੇ ਕਿਰਾਏ ’ਤੇ ਰ੍ਹੈਣਾ ਪੈ ਗਿਆ।ਹੁਣ ਤਾਂ ਢਿੱਡ ਭਰਨਾ ਵੀ ਇਕ ਮਸਲਾ ਬਣਿਆ ਪਿਆ।ਸੋਨੇ ਅਰਗੇ ਪੋਤੇ ਪੜ੍ਹਾਈਆਂ ਛੁਡਾ ਕੇ ਲਾਲਿਆਂ ਦੀਆਂ ਦੁਕਾਨਾਂ ’ਤੇ ਕਰਿਆਨਾ ਫੜ੍ਹਾਉਣ ਲਾ ਦਿੱਤੇ ਆ।”
ਹੰਸੇ ਦੀ ਆਵਾਜ਼ ਵਿਚਲਾ ਰੁੱਖਾਪਨ ਡੂੰਘੀ ਉਦਾਸੀ ਤੇ ਚਿੰਤਾ ’ਚ ਡੁੱਬਦਾ ਗਿਆ।
ਕੁਝ ਦੇਰ ਲਈ ਇਕ ਚੁੱਪ ਪਸਰੀ ਰਹੀ।
“ਵੇਲੇ ਵੇਲੇ ਦੀਆਂ ਗੱਲਾਂ ਨੇ ਪੰਡਤ ਜੀ।ਕੀ ਪਤਾ ਸੀ ਆਹ ਵੇਲੇ ਵੀ ਆਉਣਗੇ?” ਸੱਤੇ ਨੇ ਅਫ਼ਸੋਸ ਜਿਹੇ ’ਚ ਕਿਹਾ।
“ਉਦੋਂ ਤਾਂ ਅਸੀਂ ਵੀ ਇਹੋ ਸੋਚਦੇ ਸੀ ਕਿ ‘ਇਹਨਾਂ’ ਨੂੰ ਭੇਜ ਕੇ ਹੀ ਸਾਡੇ ਦੇਸ਼ ਦੀ ਤਰੱਕੀ ਹੋਣੀ ਆ। ਅਣਦੇਖਿਆਂ ਦੀਆਂ ਪੁੱਠੀਆਂ ਫਿਲਾਸਫੀਆਂ ਪਿੱਛੇ ਲੱਗ ਕੇ ਅਸੀਂ ਸਦੀਆਂ ਦੀਆਂ ਸਾਂਝਾਂ ਈ ਕਤਲ ਕਰ ਦਿੱਤੀਆਂ।
ਹੁਣ ਸਿਰ ’ਤੇ ਪਈਆਂ ਤਾਂ ਪਤਾ ਲੱਗਾ ਕਿ ਆਪਣੇ ਆਲ੍ਹਣਿਆਂ ਦਾ ਆਪਣਾ ਈ ਨਿੱਘ ਹੁੰਦਾ।ਆਲ੍ਹਣਿਆਂ ਤੋਂ ਵਿਛੜੇ ਪਰਿੰਦਿਆਂ ਦੀ ਪੀੜ ਵੀ ਹੁਣੇ ਸਮਝ ਆਈ ਆ।”
ਫ਼ਜ਼ਲਾ ਉਸਦੀਆਂ ਗੱਲਾਂ ਚੁੱਪਚਾਪ ਸੁਣਦਾ ਰਿਹਾ।
“ਪੰਡਤ ਜੀ ਆਹ ਤਾਂ ਚਾਰ ਦਿਨਾਂ ਦੀ ’ਨੇਰੀ ਆ।ਆਪੇ ਠੀਕ ਹੋ ਜਾਣਾ ਸਭ ਕੁਝ।ਵਰ੍ਹੋਲ਼ੇ ਕ੍ਹੇੜੇ ਸਦਾ ਇੱਕ ਜਗ੍ਹਾ ਟਿਕੇ ਰਹਿੰਦੇ ਆ! ” ਸੱਤੇ ਨੇ ਹੰਸੇ ਨੂੰ ਧੀਰਜ ਬੰਨਾਉਂਦਿਆਂ ਕਿਹਾ।
‘ਅਸੀਂ ਵੀ ਪਿੰਡ ਛੱਡਦਿਆਂ ਇਹੋ ਸੋਚਿਆ ਸੀ।ਅੱਲਾ ਕਰੇ,ਇਹ ’ਨ੍ਹੇਰੀ ਚਾਰ ਦਿਨਾਂ ਦੀ ਹੀ ਹੋਵੇ।’ .ਫਜ਼ਲੇ ਨੇ ਸੋਚਿਆ ਸੀ।ਉਸਦੇ ਹੱਥ ਆਪ-ਮੁਹਾਰੇ ਦੁਆ ’ਚ ਜੁੜ ਗਏ।
“ਰੱਬ ਕਰੇ ਤੁਸੀਂ ਆਪਣੇ ਘਰਾਂ ਨੂੰ ਛੇਤੀ ਤੋਂ ਛੇਤੀ ਪਰਤੋ।ਤੁਹਾਨੂੰ ਆਪਣੇ ਘਰਾਂ ’ਚ ਰਹਿਣਾ ਨਸੀਬ ਹੋਵੇ।ਅੱਲਾ ਕਰੇ ਇਹ ਵਰ੍ਹੋਲੇ ਦੁਨੀਆਂ ’ਚ ਕਿਤੇ ਵੀ ਨਾ ਪੈਦਾ ਹੋਣ।”
ਉਸਦੀ ਦੁਆ ਸੁਣ ਕੇ ਹੰਸਾ ਧੁਰ ਅੰਦਰ ਤੱਕ ਹਲੂਣਿਆ ਗਿਆ।ਹੰਸੇ ਨੇ ਫ਼ਜ਼ਲੇ ਨੂੰ ਹੈਰਾਨੀ ਨਾਲ ਵੇਖਿਆ ਤੇ ਹੌਲ਼ੀ ਜਿਹੀ ਬੋਲਿਆ,“ਵਾਹ ਉਏ ਖੁਦਾ ਦਿਆ ਬੰਦਿਆ!ਕ੍ਹੇੜੀ ਮਿੱਟੀ ਦਾ ਬਣਿਆ ਏ ਤੂੰ ਫ਼ਜ਼ਲਿਆ? ਅਸੀਂ ਤਾਂ ਅੱਜ ਤੱਕ ਧਰਮਾਂ-ਕਰਮਾਂ ਦੇ ਗੇੜਾਂ ’ਚ ਈ ਫਸੇ ਰਹੇ।ਤੂੰ ਤਾਂ ਸਾਨੂੰ ਜੰਮਣ ਤੋਂ ਵੀ ਛੋਟਾ ਕਰ ਚੱਲਿਆਂ।”
ਉਹ ਕੁਝ ਦੇਰ ਨੀਵੀਂ ਪਾਈ ਜ਼ਮੀਨ ਵਲ ਵੇਖਦਾ ਰਿਹਾ। ਤੇ ਫਿਰ ਉਹ ਡੁੱਬਦੇ ਸੂਰਜ ਵਲ ਵੇਖਦਿਆਂ ਮੰਜੇ ਤੋਂ ਉੱਠ ਖੜ੍ਹਾ ਹੋਇਆ।
“ਪੰਡਤ ਜੀ ਅੱਜ ਰਹੋ ਸਾਡੇ ਕੋਲ਼।” ਸੱਤੇ ਨੇ ਆਖਿਆ ਤਾਂ ਉਸਦੀਆਂ ਅੱਖਾਂ ਭਰ ਆਈਆਂ ਸਨ।
“ਰਹਾਗੇ ਜੇ ਫ਼ਜ਼ਲੇ ਦੀ ਦੁਆ ਕਬੂਲ ਹੋ ਗਈ ਤਾਂ।” ਇਹ ਆਖ ਉਸਨੇ ਅਚਾਨਕ .ਫਜ਼ਲੇ ਅੱਗੇ ਬਾਹਵਾਂ ਖੋਹਲ ਦਿੱਤੀਆਂ।
“ਆ ਉਏ ਫ਼ਜ਼ਲਿਆ!ਅਸੀਂ ਤਾਂ ਇੱਕੋ ਅੱਗ ਦੇ ਸਾੜੇ ਹੋਏ ਆਂ।” ਉਸਨੇ .ਫਜ਼ਲੇ ਨੂੰ ਬੁੱਢੀਆਂ ਬਾਹਵਾਂ ’ਚ ਘੁੱਟ ਲਿਆ।
“ਘਰਾਂ ਨੂੰ ਛੱਡਣਾ ਬੜਾ ਔਖਾ ਹੁੰਦਾ ……।” ਉਸਦੀਆਂ ਅੱਖਾਂ ’ਚੋਂ ਪਰਲ-ਪਰਲ ਅੱਥਰੂ ਵਹਿਣ ਲੱਗੇ।
ਫ਼ਜ਼ਲੇ ਕੋਲੋਂ ਵਿਛੜ ਕੇ ਅੱਡੇ ਵਲ ਤੁਰਦਿਆਂ ਹੰਸਾ ਸੋਚ ਰਿਹਾ ਸੀ,‘ਧਰਮ ਬੰਦਿਆਂ ਨਾਲੋਂ ਵੱਡਾ ਨਈਂ ਹੁੰਦਾ।ਬੰਦਿਆਂ ਦੇ ਦਿਲ ਦੁਖਾਣ,ਘਰ ਖੋਹਣ ਤੇ ਉਨ੍ਹਾਂ ਨੂੰ ਕਤਲ ਕਰਨ ਵਾਲੇ ਕਦੇ ਵੀ ਧਾਰਮਿਕ ਨਈਂ ਹੋ ਸਕਦੇ।ਮੈਂ ਤਾਂ ਪਾਗਲ ਸਾਂ ਜੋ ਮੁਸਲਮਾਨਾਂ ਦੇ ਕੀਤੇ ਕਤਲਾਂ ’ਤੇ ਫ਼ਖ਼ਰ ਕਰਦਾ ਰਿਹਾ।ਉਨ੍ਹਾਂ ’ਤੇ ਕੀਤੇ ਜ਼ੁਲਮਾਂ ਦੇ ਕਿੱਸੇ ਸੁਣਾ-ਸੁਣਾ ਫੁੱਲਦਾ ਰਿਹਾ।ਨਿਰਦੋਸ਼ ਵੀਰੇ ਦੇ ਕਤਲ ਨੇ ਮੇਰੀਆਂ ਅੱਖਾਂ ਤਾਂ ਖੋਲ੍ਹੀਆਂ ਸਨ,ਘਰ ਨੂੰ ਜੰਦਰਾ ਮਾਰਦੇ ਸਮੇਂ ਵੀ ਕੀਤੀਆਂ ਭੁੱਲਾਂ ਦਾ ਅਹਿਸਾਸ ਤਾਂ ਹੋਇਆ ਸੀ,ਪਰ .ਫਜ਼ਲਦੀਨ ਦੀ ਦੁਆ ਨੇ ਤਾਂ ਮੈਨੂੰ ਜਿਉਂਦੇ ਜੀ ਹੀ ਮਾਰ ਸੁੱਟਿਆ।’
ਉਹ ਅੱਡੇ ’ਤੇ ਖੜ੍ਹ ਕੇ ਬੱਸ ਦੀ ਉਡੀਕ ਕਰਨ ਲੱਗਾ।
‘ਫ਼ਜ਼ਲੇ ਦੇ ਦੁੱਖ ਸ੍ਹਾਮਣੇ ਕੇਡਾ ਛੋਟਾ ਏ ਮੇਰਾ ਦੁੱਖ..ਤੇ ਉਸਦੀ ਸ਼ਖ਼ਸੀਅਤ ਦੇ ਸ੍ਹਾਮਣੇ ਮੈਂ ਕੇਡਾ ਬੌਣਾ ਆਂ।’
ਉਸਨੇ ਆਪਣੇ-ਆਪ ਨੂੰ ਸੱਚ-ਮੁੱਚ ਹੀ ਛੋਟਾ ਮਹਿਸੂਸ ਕੀਤਾ।
‘ਐ ਭਗਵਾਨ ਸਹੀ ਸਲਾਮਤ ਘਰ ਪਹੁੰਚਾ ਦਈਂ।’ ਉਸਨੇ ਬੱਸ ’ਚ ਬੈਠ ਕੇ ਮਨੋ-ਮਨੀ ਦੁਆ ਕੀਤੀ ਤੇ ਇਕ ਡਰ ਨਾਲ ਪਲ-ਪਲ ਪਸਰ ਰਹੇ ਹਨੇਰੇ ਨੂੰ ਕੋਸਣ ਲੱਗਾ।
----
ਉਸ ਰਾਤ ਫ਼ਜ਼ਲਾ ਬੜੀ ਦੇਰ ਚੁੱਪ ਰਿਹਾ।ਕੁਝ ਨਾ ਬੋਲਿਆ।
“ਸੱਤਿਆ ਧੰਨਾ ਹੈਗਾ ਭਲਾ?” ਫਿਰ ਉਸਨੇ ਹੌਲ਼ੀ ਜਿਹੀ ਪੁੱਛਿਆ ।
“ਹੈਗਾ,ਪਰ ਨਾ ਹੋਇਆਂ ਨਾਲ਼ ਦਾ।ਇਕ ਦਿਨ ਹਸਪਤਾਲ ਵੇਖਿਆ ਸੀ।ਭਤੀਜੇ ਲੈ ਕੇ ਆਏ ਸੀ,ਗੱਡੇ ’ਤੇ ਪਾ ਕੇ।ਪਿੰਡਾ ਜ਼ਖ਼ਮਾਂ ਨਾਲ਼ ਭਰਿਆ ਪਿਆ ਸੀ।ਪਿਛਲੇ ਤੋਂ ਪਿਛਲੇ ਸਾਲ ਈ ਆਇਆ ਦਿੱਲੀਓ ਉੱਜੜ ਕੇ।”
“ਸਵੇਰੇ ਮਿਲਣ ਜਾਣਾ ਉਹਨੂੰ।”
ਦੇਰ ਰਾਤ ਤੱਕ ਫ਼ਜ਼ਲੇ ਨੂੰ ਹੰਸੇ ਬਾਹਮਣ ਦੀਆਂ ਗੱਲਾਂ ਦੁਖੀ ਕਰਦੀਆਂ ਰਹੀਆਂ।ਇਸ ਕੁੜੱਤਣ-ਭਰੀ ਕੈਫੀਅਤ ਤੋਂ ਉੱਪਰ ਉੱਠਣ ਦੇ ਲਈ ਆਪਣੇ ਬਚਪਨ ਦੇ ਆੜੀ ਧੰਨੇ ਦਾ ਚਿਹਰਾ-ਮੋਹਰਾ ਯਾਦ ਕਰਨ ਲੱਗ ਪਿਆ।ਧੰਨੇ ਵਲੋਂ ਕੀਤੇ ਧਰੋਹ ਦੀ ਯਾਦ ਨੇ ਕੁੜੱਤਣ ਹੋਰ ਵਧਾ ਦਿੱਤੀ।
‘ਆਉਣ ਵਾਲੀਆਂ ਨਸਲਾਂ ’ਤੇ ਈ ਭਰੋਸਾ ਏ ਹੁਣ ਤਾਂ।’ ਇਹ ਸੋਚਦਿਆਂ ਕੁੜੱਤਣ ਹੌਲ਼ੀ-ਹੌਲ਼ੀ ਘਟਣ ਲੱਗੀ ਤੇ ਉਹ ਨੀਂਦ ਦੀ ਬੁੱਕਲ ’ਚ ਜਾ ਪਿਆ।
----
ਅਗਲੀ ਸਵੇਰ ਦੋਵੇਂ ਦੋਸਤ ਸੁਵੱਖਤੇ ਉੱਠ ਕੇ ਲਹਿਲੀ ਵਲ ਤੁਰ ਪਏ।
ਕੱਚੀ ਰਾਹ ਪੱਕੀ ਸੜਕ ਬਣ ਗਈ ਸੀ। ਤਕੀਆ ਛੱਤ-ਵਿਹੂਣਾ ਹੋ ਚੁੱਕਾ ਸੀ। ਫ਼ਜ਼ਲੇ ਨੂੰ ਉਹ ਇਕ ਨਿੱਕਾ ਜਿਹਾ ਥੇਹ ਲੱਗਿਆ।ਉਸਨੇ ਅੱਖਾਂ ਮੀਟ ਕੇ ਸਜਦਾ ਕੀਤਾ ਤਾਂ ਬੀਤੇ ਜ਼ਮਾਨੇ ਦੀਆਂ ਰੌਣਕਾਂ-ਭਰੇ ਦ੍ਰਿਸ਼ ਉੱਭਰਨ ਲੱਗੇ।ਉਹ ਮਰਾਸੀਆਂ ਦੀਆਂ ਨਕਲਾਂ,ਕੱਵਾਲਾਂ ਦੇ ਮੁਕਾਬਲੇ,ਚਿਰਾਗਾਂ ਦਾ ਮੇਲਾ, ਨਿਆਜ਼ਾਂ ਦੀ ਖ਼ੁਸ਼ਬੂ ਤੇ ਰੁਪਇਆਂ ਦਾ ਮੀਂਹ ਵਰਾਉਂਦਾ ਮੀਆਂ ਮੁਹੰਮਦ ਬਖ਼ਸ਼।ਅਚਾਨਕ ਤਕੀਏ ਦੇ ਪੈਰਾਂ ’ਚ ਪਈ ਇਕ ਲਾਸ਼ ਦੀ ਯਾਦ ਨੇ ਉਸਨੂੰ ਤੜਫਾ ਸੁੱਟਿਆ।
ਉਹ ਮੁੜ ਸੜਕੇ ਪੈ ਗਏ।
“ਸੱਤਿਆ ਓਥੇ ਅੰਬਾਂ ਦਾ ਇਕ ਝੁਰਮਟ ਜਿਹਾ ਹੁੰਦਾ ਸੀ ਨਾ।ਸਕੂਲੋਂ ਦੌੜ ਕੇ ਅਸੀਂ ਬਹੁਤ ਵਾਰੀ ਇੱਥੇ ਈ ਲੁਕਦੇ ਹੁੰਦੇ ਸੀ।” ਬਸੀ ਕਲਾਂ ਵਾਲ਼ਾ ਚੋਅ ਲੰਘਦਿਆਂ ਫ਼ਜ਼ਲਾ ਹੋਈਆਂ-ਬੀਤੀਆਂ ਕਹਾਣੀਆਂ ਸੁਣਾਉਣ ਲੱਗ ਪਿਆ ਸੀ।
“ਇਕ ਵਾਰ ਧੰਨੇ ਦੇ ਪੈਰ ਦੇ ਅੰਗੂਠੇ ’ਚ ਪਹਾੜੀ ਕਿੱਕਰ ਦੀ ਸੂਲ਼ ਲੰਘ ਗਈ ਸੀ।ਮੈਂ ਅੱਜ ਵੀ ਲਾਹੌਰ ’ਚ ਬੈਠਾ ਓਸ ਵਾਕੂਏ ਨੂੰ ਯਾਦ ਕਰਕੇ ਕੰਬ ਉੱਠਦਾਂ।ਮੈਂ ਰੋਂਦੇ-ਕੁਰਲੋਂਦੇ ਨੂੰ ਕੰਧਾੜੀ ਚੁੱਕ ਕੇ ਪਿੰਡ ਛੱਡਣ ਤੁਰ ਪਿਆਂ ਸੀ।ਤਾਏ ਨੇ ਸਾਡੇ ਏਡੀ ਜ਼ੋਰ ਦੀ ਦੋ-ਦੋ ਥੱਪੜ ਮਾਰੇ ਕਿ ਅੱਜ ਵੀ ਸੋਚਾਂ ਤਾਂ ਗੱਲ ’ਚੋਂ ਸੇਕ ਨਿਕਲਦਾ ਮਹਿਸੂਸ ਹੁੰਦਾ।ਜੱਟ ਦਾ ਕਿਤੇ ਹੱਥ ਸੀ!ਅਸੀਂ ਮੁੜ ਨਾ ਸਕੂਲੋਂ ਭੱਜੇ।ਉਂਝ ਫੇਲ਼ ਹੋ ਕੇ ਪੱਕੇ ਈ ਹੱਟ ਗਏ ਬਾਦ ’ਚ ਤਾਂ।”
ਇਹ ਕਹਿੰਦਿਆਂ ਫ਼ਜ਼ਲਾ ਅਚਾਨਕ ਹੱਸ ਪਿਆ।
ਲਹਿਲੀ ਖੁਰਦ ਦੀ ਜੂਹ ’ਚ ਦਾਖਲ ਹੁੰਦਿਆਂ ਜਦੋਂ ਫ਼ਜ਼ਲੇ ਨੇ ਧਰਤੀ ਨੂੰ ਸੱਜਦਾ ਕੀਤਾ ਤਾਂ ਸੱਤਾ ਉਸਦੀ ਏਸ ਹਰਕਤ ਨੂੰ ਸਮਝ ਨਾ ਸਕਿਆ।ਉਹ ਹੈਰਾਨ ਹੋ ਕੇ ਰਹਿ ਗਿਆ।
----
ਧੰਨੇ ਦਾ ਉਹੀ ਪੁਰਾਣਾ ਘਰ ਸੀ।ਵਕਤ ਨੇ ਸਗੋਂ ਹੋਰ ਵੀ ਖਸਤਾ ਹਾਲ ਕਰ ਛੱਡਿਆ ਸੀ।ਸੱਤਾ ਦਰਾਂ ’ਤੇ ਖੜ੍ਹੋ ਕੇ ਕੁੰਡਾ ਖੜਕਾਉਣ ਲੱਗਿਆ ਹੀ ਸੀ ਕਿ ਫ਼ਜ਼ਲਾ ਬੋਲਿਆ, “ਓਏ ਮੈਨੂੰ ਦੱਸ ਕਿ ਆਪਣੇ ਘਰ ਵੀ ਦਸਤਕ ਦੇਣ ਦੀ ਲੋੜ ਹੁੰਦੀ ਆ ਕਿਤੇ।”
ਦੋਵੇਂ ਅੰਦਰ ਲੰਘ ਗਏ।ਦਲਾਨ ’ਚ ਡੱਠੇ ਵੱਡੇ-ਵੱਡੇ ਪਾਵਿਆਂ ਵਾਲ਼ੇ ਨਵਾਰੀ ਮੰਜੇ ’ਤੇ ਇਕ ਹੱਡੀਆਂ ਦੀ ਮੁੱਠ ਹੋਇਆ ਬੰਦਾ ਟੇਢਾ ਜਿਹਾ ਹੋ ਕੇ ਲੰਮਾ ਪਿਆ ਹੋਇਆ ਸੀ।
“ਓਏ ਜੱਟਾ।” ਫ਼ਜ਼ਲੇ ਨੇ ਪਾਵੇ ’ਤੇ ਹੱਥ ਧਰ ਕੇ ਥੋੜ੍ਹਾ ਝੁਕਦਿਆਂ ਆਖਿਆ।
“ਇਹ ਕੀ ਪਿਆਂ ਓਏ ਸਿੰਘਾ ਮਰੀਅਲਾਂ ਆਂਗੂ।ਉੱਠ ਕੇ ਬੈਠ ਤੇ ਛੱਡ ਜੈਕਾਰਾ।”
ਧੰਨੇ ਨੇ ਦੇਹ ਨੂੰ ਸਿੱਧੀ ਕਰਨ ਦੀ ਕੋਸ਼ਿਸ਼ ਕੀਤੀ,ਪਰ ਉਹ ਕਰਾਹ ਕੇ ਬੇਹਰਕਤ ਹੋ ਗਿਆ।
“ਸਿਆਣਿਆ ਨਹੀਂ ਮੈਂ ਤੁਹਾਨੂੰ।” ਉਸਨੇ ਸਿਰ ’ਤੇ ਝੁਕੇ ਚਿਹਰੇ ਨੂੰ ਨੀਝ ਲਗਾ ਕੇ ਵੇਖਦਿਆਂ ਕਿਹਾ।
“ਸਾਨੂੰ ਲਾਗੀਆਂ ਨੂੰ ਕ੍ਹਾਤੋਂ ਸਿਆਣਦਾ ਤੂੰ ਢੋਡਰ ਕਾਵਾਂ।” ਜਮਾਤੀਆਂ ਨੇ ਫ਼ਜ਼ਲੇ ਦੀ ਅੱਲ ‘ਲਾਗੀ’ ਤੇ
ਧੰਨੇ ਦੀ ‘ਢੋਡਰ ਕਾਂ’ ਪਾਈ ਹੁੰਦੀ ਸੀ।
ਧੰਨੇ ਨੂੰ ਅਤੀਤ ’ਚੋਂ ਕੁਝ ਧੁੰਦਲਾ-ਧੁੰਦਲਾ ਯਾਦ ਤਾਂ ਆਇਆ,ਪਰ ਉਸਨੇ ਸੋਚਿਆ,‘ਨਹੀਂ,ਇਹ ਨਹੀਂ ਹੋ
ਸਕਦਾ।’ ਫਿਰ ਵੀ ਇਕ ਸੰਦੇਹ ਜਿਹਾ ਉਸਦੇ ਮਨ-ਮਸਤਕ ’ਚ ਉੱਗ ਆਇਆ।
“ਕਿਹੜੇ ਪਿੰਡੋਂ ਆਂ ਭਾਈ?” ਇਹ ਪੁੱਛਦਿਆਂ ਉਸਦੀ ਜ਼ੁਬਾਨ ਥਥਲਾ ਗਈ।
“ਨਾਰੂ ਨੰਗਲੋਂ ਆਏ ਆਂ ਜੱਟਾ।ਦੱਸ ਤੂੰ ਸੁਣਿਆਂ ਕਦੇ ਏਸ ਪਿੰਡ ਦਾ ਨਾਂ?” ਫ਼ਜ਼ਲੇ ਦੀ ਇਸ ਗੱਲ ’ਚ ਮੋਹ
ਤੇ ਹਿਰਖ ਰਲੇ-ਮਿਲੇ ਸਨ।
“ਹੈਂਅ!” ਧੰਨੇ ਦੀਆਂ ਡੂੰਘੀਆਂ,ਡਰੀਆਂ-ਡਰੀਆਂ ਤੇ ਵੈਰਾਨ ਜਿਹੀਆਂ ਅੱਖਾਂ ਅੱਥਰੂਆਂ ਨਾਲ਼ ਭਰ ਗਈਆਂ।
“ਫਅ…ਜ..ਲਿਆ ਤੂੰ…ਓਏ?” ਉਸਦੀ ਲੇਰ ਸੁਣ ਕੇ ਫ਼ਜ਼ਲੇ ਦੀ ਵੀ ਭੁੱਬ ਨਿਕਲ ਗਈ।
ਦੋਵੇਂ ਕਾਫੀ ਦੇਰ ਰੋਂਦੇ ਰਹੇ।
“ਹੋਸ਼ ਕਰੋ।ਕੋਈ ਗੱਲ-ਗੁੱਲ ਕਰੋ ਯਾਰ।” ਸੱਤੇ ਨੇ ਗੱਲ ਦਾ ਰੁੱਖ ਬਦਲਦਿਆਂ ਕਿਹਾ।
ਧੰਨਾ ਮੈਲ਼ੀ ਪੱਗ ਦੇ ਲੜ ਨਾਲ਼ ਅੱਥਰੂ ਪੂੰਝਦਿਆਂ ਬੋਲਿਆ,“ਆਹ ਤਾਂ ਕਮਾਲਾਂ ਹੋ ਗਈਆਂ ਭਾਈ।ਮੈਂ
ਤਾਂ ਪੱਲਾ ਅੱਡ ਕੇ ਮਾਫੀਆਂ ਮੰਗਦਾਂ। ਫਜਲਦੀਨਾ ਜੁੱਤੀਆਂ ਮਾਰ ਮੇਰੇ ਸਿਰ ’ਤੇ।” …ਤੇ ਉਹ ਬੱਚਿਆਂ
ਵਾਂਗ ਲੇਲੜੀਆਂ ਕੱਢਣ ਲੱਗ ਪਿਆ।
“ਰੋਣਾ-ਧੋਣਾ ਛੱਡ,ਹੋਰ ਘਰ-ਪਰਵਾਰ ਦਾ ਸੁਣਾ।” ਫ਼ਜ਼ਲੇ ਨੇ ਉਸਦੀ ਪੁਆਂਦੀ ਬੈਠਦਿਆਂ ਕਿਹਾ।
“ਘਰ! ਕ੍ਹਾਦਾ ਘਰ? ਘਰ ਸਾਮ੍ਹਣੇ ਈ ਆ ਤੇਰੇ।ਧੀ ਰੰਡੀ ਹੋ ਕੇ ਘਰ ਬੈਠੀ ਆ।ਪਰ੍ਹੋਣਾ ਗੱਡੀ ਚਲੌਂਦਾ ਸੀ,ਪਰਾਰ ਦਿੱਲੀ’ਚ ਮਾਰਿਆ ਗਿਆ।ਵੱਡਾ ਮੁੰਡਾ ਮੈਂ ਅੱਖੀਂ ਦੇਖਿਆ ਸੜਦਾ।ਪਾਪੀਆਂ ਨੇ ਗਲ਼ ’ਚ ਟੈਰ ਪਾ ਕੇ ਸਾੜਿਆ।ਨੂੰਹ ਆਪਣੇ ਪੇਕੇ ਬੈਠੀ ਆ।ਬਥੇਰੀ ਵਾਹ ਲਾਈ ਆ ਕਿ ਛੋਟੇ ਦੇ ਬਹਿ ਜਾਏ, ਪਰ ਅਗਲੇ ਵੀ ਕੀ ਕਰਨ? ਸਾਲਾ ਇੱਕ ਨੰਬਰ ਦਾ ਨਸ਼ੇੜੀ ਆ ਮਾਂ ਆਪਣੀ ਦਾ …।” ਧੰਨੇ ਦੀ ਆਵਾਜ਼ ਫਿਕਰਾਂ ਦੇ ਭਾਰ ਹੇਠ ਦਮ ਤੋੜ ਗਈ।
“ਖੇਤੀ-ਬਾੜੀ?” ਫ਼ਜ਼ਲੇ ਨੇ ਗੱਲ ਦਾ ਰੁੱਖ ਬਦਲਿਆ।
“ਜ਼ਮੀਨ!ਕਿੜ੍ਹੀ ਜਮੀਨ? ਜਮੀਨ ਤਾਂ ਕਦੋਂ ਦੀ ਵਿਕ-ਵੁਕ ਗਈ ਆ।ਹੁਣ ਤਾਂ ਰੋਟੀ ਤੋਂ ਵੀ ਅਵਾਜਾਰ ਹੋਈ ਫਿਰਦੇ ਆਂ।”
ਕੁਝ ਦੇਰ ਲਈ ਚੁੱਪ ਪਸਰੀ ਰਹੀ। ਫ਼ਜ਼ਲੇ ਨੇ ਹੋਰ ਸਵਾਲ ਕਰਨ ਦੀ ਹਿੰਮਤ ਨਾ ਕੀਤੀ।
“ਤੇਰੇ ਮੂਹਰੇ ਕ੍ਹਾਦਾ ਲਕੋ।ਛੋਟੀ ਕੁੜੀ ਸੀ ਜਵਾਨ-ਜਹਾਨ,ਭੈਣ ਆਪਣੀ ਦੇ…,ਘਰੋਂ ਚੁੱਕ ਕੇ ਲੈ ਗਏ।ਬੜੀ ਸੋਹਣੀ ਸੀ ਆਪਣੀ ਮਾਂ ਅਰਗੀ।ਉਹਦੀ ਮਾਂ ਨੂੰ ਵੀ ਮੈਂ ਏਦਾਂ ਈ ਚੁੱਕ ਕੇ ਲਿਆਇਆ ਸੀ ਭੁੱਲੇਆਲ਼ ਰਾਠਾਂ ਤੋਂ।ਪਿਛਲੇ ਸਾਲ ਈ ਪੂਰੀ ਹੋਈ ਆ।ਰਾਠਾਂ ਦੀ ਧੀ ਭੁੱਖਾਂ ਕੱਟਦੀ ਮਰ ਗਈ।ਆਖਰੀ ਦਿਨ ਤੱਕ ਮੈਨੂੰ ਮਿਹਣੇ ਮਾਰਦੀ ਰਹੀ ਕਿ ਹੁਣ ਪਤਾ ਲੱਗਾ,ਧੀ ਨੂੰ ਉਧਾਲਣ ਦਾ ਦੁੱਖ।”
ਫ਼ਜ਼ਲਾ ਤੇ ਸੱਤਾ ਚੁੱਪਚਾਪ ਸੁਣਦੇ ਰਹੇ।
“ਫਜਲਿਆ ਇਕ ਮੌਕਾ ਮਿਲੇ ਤਾਂ ਮੈਂ ਤ੍ਹਾਢੇ ਸਾਹਵੇਂ ਛਾਤੀ ਡਾਹ ਕੇ ਖੜ੍ਹ ਜਾਵਾਂ।ਪਰ ਕੀ ਫੈਦਾ ਹੁਣ ਇਹੋ ਜਹੀਆਂ ਗੱਲਾਂ ਕਰਨ ਦਾ।ਅਸੀਂ ਜੇਹੋ ਜਹੀਆਂ ਕੀਤੀਆਂ ਓਹੋ ਜਹੀਆਂ ਪਾ ਲਈਆਂ।ਕੰਡੇ ਬੀਜੇ ਸੀ ਕਿੱਕਰਾਂ ਪਾ ਲਈਆਂ।”
ਧੰਨੇ ਦੀ ਧੀ ਚਾਹ ਦੇ ਗਿਲਾਸ ਲੈ ਆਈ।ਮੁਟਿਆਰ ਕੁੜੀ ਦੇ ਸਿਰ ’ਤੇ ਚਿੱਟੀ ਚੁੰਨੀ ਵੇਖ ਫ਼ਜ਼ਲੇ ਦਾ ਦਿਲ ਤੜਫ ਉੱਠਿਆ।
“ਦੀਪੋ ਆ ਤੇਰਾ ਚਾਚਾ ਆ ਫ਼ਜ਼ਲਦੀਨ ।” ਧੰਨੇ ਦੀ ਗੱਲ ਸੁਣ ਕੇ ਮੁੜਦੀ-ਮੁੜਦੀ ਕੁੜੀ ਰੁਕ ਗਈ।
ਫ਼ਜ਼ਲਾ ਉੱਠਿਆ ਤੇ ਕੁੜੀ ਦੇ ਸਿਰ ’ਤੇ ਪਿਆਰ ਦਿੰਦਿਆਂ ਬੋਲਿਆ, “ਮੈਂ ਤੇ ਤੇਰਾ ਪਿਉ ’ਕੱਠੇ ਪੜ੍ਹਦੇ ਰਹੇ ਆਂ।ਕਦੇ ਦੱਸਿਆ ਈ ਨਹੀਂ ਹੋਣਾ ਇਹਨੇ।”
ਚਾਹ ਦੀਆਂ ਚੁਸਕੀਆਂ ਭਰਦਿਆਂ ਫ਼ਜ਼ਲੇ ਦੀ ਨਜ਼ਰ ਅਚਾਨਕ ਦਲਾਨ ਦੇ ਖੂੰਜੇ ਪਏ ਸੰਦੂਕ ’ਤੇ ਜਾ ਪਈ।ਉਸਦੇ ਦਿਲ ਦਾ ਰੁੱਗ ਭਰਿਆ ਗਿਆ।ਇਹ ਤਾਂ ਉਹਨਾਂ ਵਾਲ਼ਾ ਸੰਦੂਕ ਸੀ।ਉਸਦੀ ਮਾਂ ਦੇ ਦਾਜ ਵਾਲ਼ਾ।
“ਮੈਂ ਪਿੰਡ ’ਚ ਪਹਿਲੀ ਲਾਗਣ ਸੀ ਜਿਹੜੀ ਦਾਜ ’ਚ ਸੰਦੂਖ ਲੈ ਕੇ ਆਈ ਸੀ,ਨਿੰਮ ਦਾ ਸੰਦੂਕ ਸੀ।”
ਉਸਦੀ ਮਾਂ ਮਰਦੇ ਦਮ ਤੱਕ ਇਸ ਸੰਦੂਕ ਨੂੰ ਯਾਦ ਕਰਦੀ ਰਹੀ ਸੀ।
ਫ਼ਜ਼ਲਾ ਹਰ ਸ਼ੈਅ ਨੂੰ ਧਿਆਨ ਨਾਲ਼ ਵੇਖਣ ਲੱਗਾ।ਧੰਨੇ ਨੇ ਵੀ ਉਸਦੀ ਨਜ਼ਰ ਨੂੰ ਪੜ੍ਹ ਲਿਆ ਸੀ।ਉਸ ਨੇ ਮੰਜੇ ਦੇ ਨੰਗੇ ਪਾਵੇ ’ਤੇ ਆਪਣੇ ਸੱਜੇ ਪੈਰ ਨਾਲ਼ ਚਾਦਰ ਦੇਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਜ਼ਖ਼ਮਾਂ ਨਾਲ਼ ਭਰੀ ਲੱਤ ਨੇ ਉਸਦਾ ਸਾਥ ਨਾ ਦਿੱਤਾ।
---
ਫ਼ਜ਼ਲੇ ਨੇ ਪਾਵਿਆਂ ’ਤੇ ਜੜੀ ਕੋਕਿਆਂ ਦੀ ਇਬਾਰਤ ਪਛਾਣ ਲਈ।ਉਸਨੇ ਧੰਨੇ ਤੇ ਸੱਤੇ ਕੋਲੋਂ ਅੱਖ ਬਚਾ ਕੇ ਪਾਵੇ ’ਤੇ ਪੋਲਾ-ਪੋਲਾ ਹੱਥ ਫੇਰਿਆ।ਉਸਦਾ ਦਿਲ ਤਾਂ ਕਰਦਾ ਸੀ ਕਿ ਸੰਦੂਕ ਨੂੰ ਵੀ ਛੋਹੇ,ਪਰ ਬਿਮਾਰ ਧੰਨੇ ਦੇ ਦਿਲ ਬਾਰੇ ਸੋਚਦਿਆਂ ਉਸਨੇ ਇਹ ਖ਼ਾਹਸ਼ ਦਿਲ ’ਚ ਹੀ ਦਬਾ ਲਈ।
ਤੁਰਨ ਲੱਗਿਆ ਉਸ ਧੰਨੇ ਦੀ ਧੀ ਨੂੰ ਗਿਆਰਾਂ ਰੁਪਏ ਪਿਆਰ ਦਿੱਤਾ ਤੇ ਕਮੀਜ਼ ਦੀ ਜੇਬ ’ਚੋਂ ਮਲਕੜੇ ਜਿਹੇ ਮੱਲ੍ਹਮ ਦੀ ਡੱਬੀ ਕੱਢੀ ਤੇ ਧੰਨੇ ਦੇ ਜ਼ਖ਼ਮਾਂ ਭਰੇ ਹੱਥਾਂ ’ਤੇ ਰੱਖ ਦਿੱਤੀ।
“ਓਏ ਜ਼ਖ਼ਮਾਂ ਬਦਲੇ ਮੱਲ੍ਹਮ ਦੇ ਚੱਲਿਆਂ ਭੈੜਿਆ।ਇਹ ਕਿਹੜੀ ਮੌਤ ਮਾਰ ਚੱਲਿਆ ਓਏ ਅੱਜ ਅੱਧੀ ਸਦੀ ਦੇ ਬਾਦ।ਮਿੱਤਰਾ ਇਕ ਵਾਰ ਮਾਫ਼ ਤਾਂ ਕਰ ਦੇ।” ਧੰਨੇ ਦੇ ਕੰਬਦੇ ਹੱਥ ਜੁੜ ਗਏ ਸਨ।
“ਖੁਸ਼ ਰਹਿ ਧੰਨਿਆਂ! ਤੈਨੂੰ ਇੱਕ ਵਾਰ ਨਹੀਂ ਹਜ਼ਾਰ ਵਾਰ ਮੁਆਫ਼ ਕੀਤਾ।ਨੌਂ-ਬਰ-ਨੌਂ ਹੋ ਤੇ ਆਪਣਾ ਘਰ ਸੰਭਾਲ਼।ਚੰਗਾ ਖ਼ੁਦਾ ਹਾਫ਼ਿਜ਼!” ਫ਼ਜ਼ਲੇ ਨੇ ਲੰਬੇ ਪਏ ਸੱਤੇ ਦਾ ਕਲ਼ਾਵਾ ਭਰਦਿਆਂ ਕਿਹਾ।ਇਸ ਤੋਂ ਅਗਾਂਹ ਉਹ ਕੁਝ ਨਾ ਬੋਲ ਸਕਿਆ ਤੇ ਅੱਥਰੂ ਕੇਰਦਾ ਘਰੋਂ ਬਾਹਰ ਹੋ ਗਿਆ।
ਧੰਨੇ ਦੀਆਂ ਵਿਲਕਣੀਆਂ ਦੂਰ ਤੱਕ ਉਹਨਾਂ ਦਾ ਪਿੱਛਾ ਕਰਦੀਆਂ ਰਹੀਆਂ।
ਪਿੰਡ ਵਲ ਮੁੜਦਿਆਂ ਫ਼ਜ਼ਲੇ ਨੇ ਸੱਤੇ ਨੂੰ ਕਿਹਾ,“ਸੱਤਿਆ ਏਡੀ ਤੇਰੀ ਵਾਕਫ਼ੀ ਆ।ਤੂੰ ਧੰਨੇ ਦੀ ਧੀ ਵਾਸਤੇ ਕੋਈ ਲੋੜਵੰਦ ਜੱਟਾਂ ਦਾ ਮੁੰਡਾ ਤਾਂ ਵੇਖ।ਦੱਸ ਧੰਨੇ ਦੀ ਧੀ ਤੇ ਸਾਡੀ ਧੀ ’ਚ ਕੋਈ ਫ਼ਰਕ ਆ?”
“ਮੈਂ ਛੇਤੀਂ ਦੇਖਦਾਂ।” ਸੱਤੇ ਨੇ ਪੂਰੀ ਦ੍ਰਿੜਤਾ ਨਾਲ਼ ਉੱਤਰ ਦਿੱਤਾ ਸੀ।
----
ਅਗਲੀ ਸਵੇਰ ਖੈਰੂ ਲੁਬਾਣੇ ਦਾ ਮੁੰਡਾ ਸੁਰਜਣ, ਦੱਸੇ ਵਕਤ ਤੋਂ ਰਤਾ ਪਹਿਲਾਂ ਹੀ ਟਾਂਗਾ ਲੈ ਕੇ ਪਹੁੰਚ ਗਿਆ ਸੀ।ਅੱਧਾ ਕੁ ਪਿੰਡ ਫ਼ਜ਼ਲੇ ਨੂੰ ਤੋਰਨ ਲਈ ਚੱਕੀ ਅੱਗੇ ਜੁੜਿਆ ਪਿਆ ਸੀ।ਹਰ ਕੋਈ ਉਸਨੂੰ ਕੋਈ ਨਾ ਕੋਈ ਸੁਗਾਤ ਭੇਂਟ ਕਰ ਰਿਹਾ ਸੀ।
ਭੀੜ ’ਚੋਂ ਇਕ ਓਪਰੇ ਜਿਹੇ ਸ਼ਖ਼ਸ ਨੇ ਅਗਾਂਹ ਵੱਧ ਕੇ ਪੱਗ ਉਸਦੇ ਹੱਥਾਂ ’ਤੇ ਧਰ ਦਿੱਤੀ, “ਇਹ ਧੰਨਾ ਸਿੰਘ ਨੇ ਭੇਜੀ ਆ ਜੀ ਲਹਿਲੀਓਂ।”
.ਫਜ਼ਲੇ ਨੇ ਪੱਗ ਨੂੰ ਚੁੰਮਿਆਂ,ਕੁਝ ਪਲਾਂ ਲਈ ਸਿਰ ’ਤੇ ਰੱਖਿਆ ਤੇ ਸੋਚਿਆ,‘ਸਾਡੀਆਂ ਇੱਜ਼ਤਾਂ ਕੱਲ੍ਹ ਵੀ ਸਾਂਝੀਆਂ ਸਨ,ਅੱਜ ਵੀ ਸਾਂਝੀਆਂ ਨੇ ਤੇ ਮੌਲਾ ਕਰੇ ਰਹਿੰਦੀ ਦੁਨੀਆਂ ਤੱਕ ਸਾਂਝੀਆਂ ਰਹਿਣ।’
ਸਿਆਲਕੋਟੀਆਂ ਨੇ ਫ਼ਜ਼ਲੇ ਨੂੰ ਰਾਵੀ ਪਾਰਲੀ ਧਰਤੀ ਨੂੰ ਉਹਨਾਂ ਵਲੋਂ ਸਜਦਾ ਕਰਨ ਲਈ ਕਿਹਾ।
ਫ਼ਜ਼ਲੇ ਨੇ ਸਭ ਨਾਲ਼ ਦੁਆ-ਸਲਾਮ ਕੀਤੀ ਤੇ ਉਹ ਚਾਣਚੱਕ ਪੈਰਾਂ ਭਾਰ ਬੈਠ ਗਿਆ,ਸਿਰ ਝੁਕਾ ਕੇ ਪਿੰਡ ਦੀ ਮਿੱਟੀ ਨੂੰ ਸਜਦਾ ਕੀਤਾ ਤੇ ਚੁੰਮਿਆ।ਦੋਵੇਂ ਦੋਸਤ ਟਾਂਗੇ ’ਚ ਬੈਠ ਗਏ।ਸੱਤਾ ਉਸ ਨਾਲ਼ ਰੇਲਵੇ ਸਟੇਸ਼ਨ ਤੱਕ ਜਾ ਰਿਹਾ ਸੀ।ਸੁਰਜਣ ਟਾਂਗਾ ਤੋਰਨ ਲਈ ਹੁਕਮ ਦੀ ਉਡੀਕ ਕਰਨ ਲੱਗਾ।
“ਪਿੰਡ ਵਾਲਿਓ।...” ਫ਼ਜ਼ਲਾ ਬੋਲਿਆ ਤਾਂ ਉਸਦੀ ਗੱਲ ਸੁਣਨ ਲਈ ਸਾਰੇ ਚੁੱਪ ਕਰ ਗਏ।
“...ਆਪਣੇ ਬੱਚਿਆਂ ਨੂੰ ਸਾਡੀ ਦਾਸਤਾਨ ਜ਼ਰੂਰ ਸੁਣਾਉਣੀ,ਦਾਦੀ-ਮਾਂ ਦੀਆਂ ਬਾਤਾਂ ਵਾਂਗਰ।ਉਹਨਾਂ ਅੰਦਰ ‘ਕਿਉਂ’ ਪੈਦਾ ਕਰਨੀ।ਉਹਨਾਂ ਨੂੰ ਚੰਗੇ ਇਨਸਾਨ ਬਣੌਣਾ।” ਉਸਦੀ ਅਵਾਜ਼ ਭਾਰੀ ਹੁੰਦੀ ਗਈ।
“ਅੱਲਾ ਕਰੇ ਕਿਸੇ ਨੂੰ ਕੋਈ ਜ਼ਖ਼ਮ ਨਾ ਮਿਲੇ।ਜੇ ਮਿਲੇ ਤਾਂ ਇਹ ਮੱਲ੍ਹਮ ਉਸਨੂੰ ਨੂੰ ਜ਼ਰੂਰ ਭਰ ਦਏ।ਮੈਂ ਅਮੋਲਕ ਨੂੰ ਮੱਲ੍ਹਮ ਦਾ ਨੁਸਖਾ ਦੇ ਚੱਲਿਆਂ।ਚੰਗਾ ਅਲਵਿਦਾ!” ਤੇ ਫ਼ਜ਼ਲੇ ਨੇ ਛਲਕਦੀਆਂ ਅੱਖਾਂ ਨੂੰ ਧੰਨੇ ਵਲੋਂ ਭੇਜੀ ਪੱਗ ’ਚ ਲੁਕੋ ਲਿਆ।
ਵਿਦਾ ਕਰਨ ਆਈ ਹਰ ਅੱਖ ਰੋ ਪਈ।
ਸੁਰਜਣ ਨੇ ਟਾਂਗਾ ਤੋਰ ਦਿੱਤਾ…ਤੇ ਹੌਲ਼ੀ-ਹੌਲ਼ੀ ਤੁਰਦਾ ਟਾਂਗਾ ਅੱਖਾਂ ਤੋਂ ਓਝਲ ਹੋ ਗਿਆ।
******************
ਸਮਾਪਤ
1 comment:
Tandeep ji Malhm kahani post karn lai tohada bahut bahut shukriya.Tohanu vaddiyan cheeza de soojh ve hai te kadar ve.Tusi bahut vaddi sewa kar rahe ho.
Post a Comment