ਇਹ ਘਟਨਾ 1946 ਦੀ ਹੈ। ਬਾਪੂ, ਮਾਂ ਅਤੇ ਮੈਂ ਤੀਰਥ ਅਸਥਾਨਾਂ ਦੀ ਯਾਤਰਾ ਕਰ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਬੈਠੇ ਲਾਹੌਰ ਜਾਣ ਵਾਲੀ ਗੱਡੀ ਦਾ ਇੰਤਜ਼ਾਰ ਕਰ ਰਹੇ ਸਾਂ। ਮੈਂ ਪਲੇਟਫਾਰਮ ਤੇ ਪਈਆਂ ਗੀਟੀਆਂ ਨਾਲ ਖੇਡ ਰਿਹਾ ਸਾਂ। ਬਾਪੂ ਮਾਂ ਨਾਲ ਵਿਚਾਰ ਕਰ ਰਿਹਾ ਸੀ ਕਿ ਲਾਹੌਰ ਵੱਡੇ ਸਟੇਸ਼ਨ ਤੇ ਉੱਤਰ ਕੇ ਨੌ-ਲੱਖਾ ਬਾਜ਼ਾਰ ਵਿਚ ਪੈਂਦੇ ਸ਼ਹੀਦਗੰਜ ਗੁਰਦਵਾਰੇ ਜਿਸ ਵਿਚ ਇਕ ਬਹੁਤ ਵੱਡਾ ਖੂਹ ਸੀ ਤੇ ਹਜ਼ਾਰਾਂ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਕਈਆਂ ਨੂੰ ਜ਼ਿੰਦਾ ਉਸ ਖੂਹ ਵਿਚ ਸੁੱਟ ਦਿੱਤਾ ਗਿਆ ਸੀ, ਦੇ ਦਰਸ਼ਨ ਵੀ ਕਰ ਚੱਲੀਏ ਤੇ ਗੁਰਦਵਾਰਾ ਡੇਰਾ ਸਾਹਿਬ ਜਿਥੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਵੀ ਮੱਥਾ ਟੇਕ ਚੱਲੀਏ ਜਾਂ ਲਾਹੌਰੋਂ ਲਾਇਲਪੁਰ ਨੂੰ ਜਾਣ ਵਾਲੀ ਮਾੜੀ ਇੰਡਸ ਗੱਡੀ ਫੜ ਕੇ ਮੰਡੀ ਢਾਬਾਂ ਸਿੰਘ ਦੇ ਸਟੇਸ਼ਨ ਤੇ ਉੱਤਰ ਕੇ ਸਿੱਧੇ ਪਿੰਡ ਪਹੁੰਚ ਜਾਈਏ।
-----
ਅਜੇ ਇਹ ਸਲਾਹਾਂ ਹੋ ਹੀ ਰਹੀਆਂ ਸਨ ਕਿ ਇਕ ਅਪ ਟੂ ਡੇਟ ਸਰਦਾਰ ਜਿਸ ਨਾਲ ਉਹਦੀ ਘਰਵਾਲੀ ਵੀ ਸੀ। ਜਿਨ੍ਹਾਂ ਦੇ ਹੱਥ ਵਿਚ ਫਲਾਂ ਦੀ ਨਿਕੀ ਟੋਕਰੀ ਅਤੇ ਝੋਲੇ ਸਨ, ਮੇਰੇ ਬਾਪੂ ਨੂੰ ਆਖਣ ਲੱਗਾ ਕਿ ਮੇਰੀ ਜੇਬ ਕੱਟੀ ਗਈ ਆ ਤੇ ਅਸੀਂ ਲਾਇਲਪੁਰ ਜਾਣਾ ਏ। ਸਾਡੇ ਕੋਲ ਕਿਰਾਏ ਲਈ ਪੈਸੇ ਨਹੀਂ ਹਨ। ਸਾਡੇ ਕੋਲੋਂ ਇਹ ਫਲ ਲੈ ਲਵੋ ਤੇ ਸਾਨੂੰ ਕੁਝ ਪੈਸੇ ਦੇ ਦਿਓ। ਅਸੀਂ ਲਾਇਲਪੁਰ ਦੀਆਂ ਟਿਕਟਾਂ ਖਰੀਦ ਲਈਏ। ਬਾਪੂ ਨੇ ਓਸ ਨੂੰ ਕੋਈ ਠੱਗ ਸਮਝ ਪੈਸੇ ਦੇਣੋ ਨਾਂਹ ਕਰ ਦਿਤੀ। ਇਸ ਗੱਲ ਦਾ ਮੇਰੇ ਬਾਲ ਮਨ ਤੇ ਕਾਫ਼ੀ ਅਸਰ ਹੋਇਆ ਅਤੇ ਮੈਂ ਲੰਮਾ ਸਮਾਂ ਇਸ ਘਟਨਾ ਨੂੰ ਭੁੱਲ ਨਾ ਸਕਿਆ। ਮੇਰੇ ਖਿਆਲ ਅਨੁਸਾਰ ਉਹ ਬੰਦਾ ਠੱਗ ਨਹੀਂ ਸੀ ਤੇ ਵਾਕਿਆ ਈ ਉਹਦੀ ਜੇਬ ਕੱਟੀ ਗਈ ਹੋਣੀ ਆ। ਬਾਪੂ ਨੂੰ ਓਸ ਨੂੰ ਕਿਰਾਏ ਲਈ ਮੰਗੇ ਪੈਸੇ ਜ਼ਰੂਰ ਦੇ ਦੇਣੇ ਚਾਹੀਦੇ ਸਨ। ਜੀਵਨ ਵਿਚ ਮੈਂ ਜੋ ਪਹਿਲੀ ਕਹਾਣੀ “ਠੀਕ ਓਵੇਂ ਹੀ” ਲਿਖੀ ਤੇ ਦਸੰਬਰ 1950 ਵਿਚ ਅਮਰ ਕਹਾਣੀਆਂ ਵਿਚ ਛਪੀ, ਦਾ ਸਬੰਧ ਇਸ ਘਟਨਾ ਨਾਲ ਹੀ ਸੀ।
----
ਹਾਂ ਤਾਂ ਦੂਸਰੀ ਸੰਸਾਰ ਜੰਗ ਤੋਂ ਬਾਅਦ ਮਿੱਟੀ ਦੇ ਤੇਲ ਦੀ ਬੜੀ ਕਿੱਲਤ ਸੀ। ਵੈਸੇ ਤਾਂ ਹਿੰਦੋਸਤਾਨ ਵਿਚ ਮਿੱਟੀ ਦੇ ਤੇਲ ਦੀ ਕਿੱਲਤ ਸਦਾ ਹੀ ਰਹੀ ਹੈ। ਜਦੋਂ ਮਿੱਟੀ ਦਾ ਤੇਲ ਐਜਾਦ ਨਹੀਂ ਸੀ ਹੋਇਆ ਤੇ ਬਿਜਲੀ ਵੀ ਨਹੀਂ ਸੀ ਆਈ। ਅਕਸਰ ਲੋਕ ਰਾਤ ਪੈਣ ਤੋਂ ਪਹਿਲਾਂ ਖਾ ਪੀ ਕੇ ਸੌਂ ਜਾਂਦੇ ਅਤੇ ਸਵੇਰੇ ਸੂਰਜ ਦੀ ਲੋਅ ਨਾਲ ਉਠ ਖਲੋਂਦੇ। ਵਾਰਸ ਸ਼ਾਹ ਨੇ ਆਪਣੇ ਹੀਰ ਦੇ ਮਸ਼ਹੂਰ ਕਿੱਸੇ ਵਿਚ ਏਸੇ ਲਈ ਲਿਖਿਆ ਸੀ ਕਿ “ਚਿੜੀ ਚੂਕਦੀ ਨਾਲ ਜਾਂ ਤੇਰੇ ਪਾਂਧੀ, ਪਈਆਂ ਦੁਧ ਦੇ ਵਿਚ ਮਧਾਣੀਆਂ ਨੇ।” ਚਾਨਣ ਲਈ ਮੋਮ ਬੱਤੀਆਂ ਜਾਂ ਸਰ੍ਹੋਂ ਦੇ ਤੇਲ ਦਾ ਦੀਵਾ ਬਾਲਿਆ ਜਾਂਦਾ ਜਿਸ ਵਿਚ ਰੂੰ ਦੀਆਂ ਵੱਟੀਆਂ ਵੱਟ ਕੇ ਪਾਈਆਂ ਜਾਂਦੀਆਂ। ਤੇਜ਼ ਹਵਾ ਚਲਦੀ ਤਾਂ ਇਹ ਦੀਵਾ ਅਕਸਰ ਬੁਝ ਜਾਂਦਾ। ਗਾਣਾ “ਦੀਵਾ ਬਾਲ ਕੇ ਬਨੇਰੇ ਉਤੇ ਰੱਖਦੀ ਹਾਂ, ਕਿਤੇ ਭੁੱਲ ਨਾ ਜਾਵੇ ਚੰਨ ਮੇਰਾ” ਇਹਨਾਂ ਦੀਵਿਆਂ ਦੀ ਉਪਜ ਹੀ ਹੈ।
----
ਸਿਆਲਾਂ ਦੀਆਂ ਰਾਤਾਂ ਨੂੰ ਘਰ ਅੰਦਰ ਬਣੀ ਦੀਵੇ ਵਾਲੀ ਥਾਂ ਦੀਵੇ ਦੀ ਲਾਟ ਨਾਲ ਕਾਲੀ ਹੋਈ ਹੁੰਦੀ। ਕਈ ਵਾਰ ਸਵੇਰੇ ਨੱਕ ਸੁਣਕਦਿਆਂ ਨੱਕ ਵਿਚੋਂ ਕਾਲਖ ਨਿਕਲਦੀ। ਕਈ ਵਾਰ ਕਿਸੇ ਖ਼ਾਸ ਖੁਸ਼ੀ ਦੇ ਮੌਕੇ ਤੇ ਘਿਓ ਦੇ ਦੀਵੇ ਵੀ ਬਾਲੇ ਜਾਂਦੇ। ਜਦੋਂ ਰਾਸਧਾਰੀਏ ਪਿੰਡ ਵਿਚ ਰਾਸ ਪੌਣ ਆਉਂਦੇ ਤਾਂ ਵੜੇਵਿਆਂ ਵਿਚ ਤੇਲ ਪਾ ਕੇ ਮਿਸ਼ਾਲਾਂ ਜਗਾਈਆਂ ਜਾਂਦੀਆਂ ਜੋ ਨਚਾਰਾਂ ਦੇ ਚਿਹਰਿਆਂ ਲਾਗੇ ਲਿਜਾ ਕੇ ਉਹਨਾਂ ਦੇ ਚੋਪੜਿਆਂ ਮੁੱਖੜਿਆਂ ਨੂੰ ਹੋਰ ਉਤੇਜਿਤ ਕਰਦੀਆਂ। ਰਾਸ ਪੈਣ ਵੇਲੇ ਜੋ ਉਸ ਵੇਲੇ ਦੇ ਨਾਟਕ ਹੀ ਸਨ, ਕੁੜੀ ਦਾ ਰੋਲ ਮੁੰਡੇ ਹੀ ਕਰਦੇ ਸਨ ਪਰ ਮੁੰਡਿਆਂ ਨੇ ਵਹੁਟੀਆਂ ਵਾਲੇ ਕੱਪੜੇ ਪਾਏ ਹੁੰਦੇ ਜੋ ਸ਼ਰਾਬੀ ਦਰਸ਼ਕਾਂ ਨੂੰ ਪਹਿਲਾਂ ਮੁੰਡਿਆਂ ਤੋਂ ਬਣੀਆਂ ਕੁੜੀਆਂ ਕੂਲੇ ਕੂਲੇ ਮੁੰਡੇ ਲੱਗਦੀਆਂ ਪਰ ਪਿਛੋਂ ਦਾਰੂ ਦੀ ਲੋਰ ਵਿਚ ਆ ਕੇ ਉਹਨਾਂ ਨੂੰ ਉਹ ਮੁੰਡੇ ਕੁੜੀਆਂ ਲੱਗਣ ਲੱਗ ਪੈਂਦੀਆਂ ਤੇ ਉਹਨਾਂ ਦੇ ਸਿਰਾਂ ਤੇ ਅਠਿਆਨੀ ਜਾਂ ਰੁਪਈਏ ਦੀ ਵੇਲ ਕਰਾਈ ਜਾਂਦੀ। ਵੇਲਾਂ ਵਧ ਚੜ੍ਹ ਕੇ ਹੁੰਦੀਆਂ ਤੇ ਓਨਾ ਚਿਰ ਨਾਟਕ ਅਗੇ ਨਾ ਤੁਰਦਾ। ਕਈ ਵਾਰ ਇਸ ਮੌਕੇ ਡਾਂਗਾਂ, ਖੂੰਡੇ ਅਤੇ ਤਲਵਾਰਾਂ ਵੀ ਚੱਲ ਪੈਂਦੀਆਂ। ਖ਼ੂਨ ਖਰਾਬੇ ਹੋ ਜਾਂਦੇ ਜਿਸ ਕਰ ਕੇ ਸਾਡੇ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਕਿ ਅਗੇ ਤੋਂ ਜਦੋਂ ਵੀ ਰਾਸਧਾਰੀਏ ਰਾਸ ਪਾਉਣ ਲਈ ਆਇਆ ਕਰਨਗੇ, ਉਹਨਾਂ ਨੂੰ ਪਿੰਡ ਤੋਂ ਬਾਹਰ ਰੋੜਾਂ ਵਾਲੇ ਮੈਦਾਨ ਵਿਚ ਰਾਸ ਪਾਉਣ ਦਿੱਤੀ ਜਾਵੇਗੀ ਨਾ ਕਿ ਪਿੰਡ ਦੇ ਵਿਚਕਾਰ ਜਿਥੇ ਲੋਕਾਂ ਤੇ ਪਰ੍ਹੇ ਦੇ ਬੈਠਣ ਲਈ ਤਖ਼ਤਪੋਸ਼ ਪਏ ਹੁੰਦੇ ਸਨ।
----
ਗਰਮੀਆਂ ਵਿਚ ਜਦੋਂ ਪੱਕੇ ਡਲੇ ਦਾ ਮੇਲਾ ਲਗਦਾ ਤਾਂ ਨੂੰ ਨਿੱਕੀ ਨਹਿਰ ਦੇ ਕੰਢੇ ਤੀਆਂ ਵੀ ਲਗਦੀਆਂ। ਘੋਲ, ਕੁਸ਼ਤੀਆਂ ਤੇ ਕੌਡੀ ਵੀ ਪੈਂਦੀ। ਵੀਣੀਆਂ ਫੜਨ ਦੇ ਮੁਕਾਬਲੇ ਵੀ ਹੁੰਦੇ। ਜਵਾਨ ਤੇਲ ਮਲਦੇ, ਬੈਠਕਾਂ ਕੱਢਦੇ, ਡੰਡ ਪੇਲਦੇ, ਵਰਜ਼ਸ਼ਾਂ ਕਰਦੇ ਤੇ ਗਰਮ ਗਰਮ ਪਕੌੜੇ, ਲੱਡੂ, ਜਲੇਬੀਆਂ, ਫਲੂਦਾ, ਬਰਫ ਦੇ ਗੋਲੇ, ਹਦਵਾਣੇ ਤੇ ਹੋਰ ਕਈ ਕੁਝ ਖਾਣ ਦੀਆਂ ਦੁਕਾਨਾਂ ਲਗਦੀਆਂ। ਏਥੇ ਪੱਕੇ ਡਲੇ ਦੇ ਜੰਗਲ ਵਿਚ ਨਿਕੀ ਨਹਿਰ ਦੇ ਪੁਲ ਤੋਂ ਧੁੱਪ ਸੜੀ ਜਾਣ ਵਾਲੇ ਪਹੇ ਦੇ ਮੁੱਢ ਵਿਚ ਪੀਰਾਂ ਫਕੀਰਾਂ ਦੇ ਡੇਰੇ ਸਨ ਜਿਥੇ ਹਰੇ ਚੋਗਿਆਂ ਵਾਲੇ ਪੀਰ ਫਕੀਰ ਗਲ਼ਾਂ ਵਿਚ ਮੋਟੇ ਮੋਟੇ ਮਣਕਿਆਂ ਦੀਆ ਮਾਲਾਂ ਪਾ ਕੇ ਰਖਦੇ ਅਤੇ ਚਿਲਮਾਂ ਦੇ ਸੂਟੇ ਲਾਉਂਦੇ। ਉਹਨਾਂ ਦੇ ਵਾਲ ਪਿਛਾਂਹ ਨੂੰ ਸੁਟੇ ਹੁੰਦੇ ਤੇ ਹਾਲ ਖੇਡੇ ਜਾਂਦੇ, ਕਵਾਲਾਂ ਦੀਆਂ ਟੋਲੀਆਂ ਦੇ ਕਵਾਲੀਆਂ ਗਾਣ ਦੇ ਮੁਕਾਬਲੇ ਹੁੰਦੇ।
----
ਗੱਲ ਚੱਲ ਰਹੀ ਸੀ ਕਿ ਸਾਨੂੰ ਸਕੂਲ ਦੀ ਪੜ੍ਹਾਈ ਕਰਨ ਲਈ ਰਾਤ ਨੂੰ ਲਾਲਟੈਣ ਜਾਂ ਮਿੱਟੀ ਦੇ ਤੇਲ ਦਾ ਛੋਟਾ ਦੀਵਾ ਜਗਾਉਣ ਲਈ ਮਿੱਟੀ ਦੇ ਤੇਲ ਦੀ ਲੋੜ ਪੈਂਦੀ ਸੀ। ਤੇਲ ਦਾ ਰਾਸ਼ਨ ਸੀ ਅਤੇ ਇਸਦੀ ਮਨਜ਼ੂਰੀ ਤਹਿਸੀਲਦਾਰ ਨੂੰ ਅਰਜ਼ੀ ਦੇ ਕੇ ਇਕ ਬੋਤਲ ਮਿਲਦੀ ਹੁੰਦੀ ਸੀ। ਤਹਿਸੀਲਦਾਰ ਦਾ ਦਫ਼ਤਰ ਸ਼ੇਖੂਪੁਰੇ ਸੀ ਜੋ ਸਾਡੇ ਪਿੰਡ ਨੂੰ ਲਗਦੇ ਰੇਲਵੇ ਸਟੇਸ਼ਨ ਮੰਡੀ ਢਾਬਾਂ ਸਿੰਘ ਤੋਂ ਲਾਹੌਰ ਨੂੰ ਜਾਣ ਵਾਲੀ ਲਾਈਨ ਤੇ ਪੰਜਵਾਂ ਸਟੇਸ਼ਨ ਸੀ। ਮੈਂ ਓਦੋਂ ਸੱਤਵੀਂ ਵਿਚ ਪੜ੍ਹਦਾ ਸਾਂ ਜਦੋਂ ਮੈਂ, ਪਟਵਾਰੀਆਂ ਦਾ ਚੰਨੀ, ਰੇਲਵੇ ਸਟੇਸ਼ਨ ਤੇ ਕੰਮ ਕਰਦੇ ਬਾਬੂ ਦਾ ਮੁੰਡਾ ਸਤੀਸ਼, ਮਾਸਟਰ ਜਗਤ ਸਿੰਘ ਦਾ ਮੁੰਡਾ ਜੀਤ, ਉੱਜਲ, ਦੀਪਾ ਢਾਡੀ, ਮੁੱਖਾ ਤੇ ਕੁਝ ਹੋਰ ਹਾਣੀ ਉਰਦੂ ਵਿਚ ਮਿੱਟੀ ਦੇ ਤੇਲ ਦੀ ਬੋਤਲ ਲੈਣ ਲਈ ਦਰਖ਼ਾਸਤ ਲਿਖ ਕੇ ਬਿਨ ਟਿਕਟੇ ਗੱਡੀ ਚੜ੍ਹ ਕੇ ਸ਼ੇਖੂਪਰੇ ਜਾ ਉਤਰਦੇ ਅਤੇ ਸਟੇਸ਼ਨ ਤੋਂ ਭੱਜ ਕੇ ਜਾ ਕੇ ਤਹਿਸੀਲਦਾਰ ਦੇ ਪੇਸ਼ ਹੋ ਜਾਂਦੇ। ਸਟੂਡੈਂਟ ਹੋਣ ਕਰ ਕੇ ਸਾਨੂੰ ਮਿੱਟੀ ਦੇ ਤੇਲ ਦੀ ਇਕ ਇਕ ਬੋਤਲ ਦੇਣ ਦਾ ਹੁਕਮ ਅਰਜ਼ੀ ਉਤੇ ਹੋ ਜਾਂਦਾ। ਫਿਰ ਇਹ ਅਰਜ਼ੀ ਲੈ ਕੇ ਅਸੀਂ ਭੱਜ ਕੇ ਤੇਲ ਵਾਲੇ ਡੀਪੋ ਤੋਂ ਤੇਲ ਦੀ ਬੋਤਲ ਭਰਵਾ ਕੇ ਵਾਪਸ ਜਾਣ ਵਾਲੀ ਗੱਡੀ ਫੜਨ ਲਈ ਸਟੇਸ਼ਨ ਤੇ ਆ ਜਾਂਦੇ। ਜ਼ਿਆਦਾ ਭੱਜ ਨੱਠ ਇਸ ਲਈ ਹੁੰਦੀ ਕਿ ਵਾਪਸ ਜਾਣ ਵਾਲੀ ਗੱਡੀ ਲੰਘ ਨਾ ਜਾਵੇ।
----
ਕਈ ਵਾਰ ਗੱਡੀ ਲੰਘ ਵੀ ਜਾਂਦੀ ਤੇ ਅਗਲੀ ਗੱਡੀ ਛੇ ਘੰਟਿਆਂ ਬਾਅਦ ਰਾਤ ਨੂੰ ਆਉਂਦੀ ਸੀ ਤੇ ਇਹ ਸਾਰਾ ਵਕਤ ਸਟੇਸ਼ਨ ਤੇ ਗੁਜ਼ਾਰਨਾ ਪੈਂਦਾ ਸੀ। ਭਾਵੇਂ ਬੋਤਲ ਨੂੰ ਮੱਕੀ ਦੇ ਤੁੱਕੇ ਦਾ ਗੁੱਲ ਫਸਾ ਕੇ ਬੰਦ ਵੀ ਕੀਤਾ ਹੁੰਦਾ ਪਰ ਇਸ ਦੌੜ ਭੱਜ ਵਿਚ ਕਈ ਵਾਰ ਬੋਤਲ ਵਿਚੋਂ ਕਿੰਨਾ ਸਾਰਾ ਤੇਲ ਡੁੱਲ੍ਹ ਵੀ ਜਾਂਦਾ। ਪਟਵਾਰੀਆਂ ਦੀ ਬੈਠਕ ਵਿਚ ਜਿੱਥੇ ਅਸੀਂ ਰਾਤ ਨੂੰ ਪੜ੍ਹਦੇ ਤੇ ਮੰਜੇ ਬਿਸਤਰੇ ਵੀ ਓਥੇ ਲਾਏ ਹੁੰਦੇ, ਇਕ ਦੂਜੇ ਦਾ ਤੇਲ ਚੋਰੀ ਵੀ ਹੋ ਜਾਂਦਾ। ਲਾਲਟੈਣ ਦੀ ਬੱਤੀ ਉਚੀ ਨੀਵੀਂ ਕਰਨੀ ਜਾਂ ਚਿਮਨੀ ਸਾਫ਼ ਕਰਨ ਦਾ ਕੰਮ ਵੀ ਵੰਡਿਆ ਹੁੰਦਾ ਸੀ। ਕਈ ਵਾਰ ਜਦ ਤੇਲ ਮੁੱਕ ਜਾਂਦਾ ਤਾਂ ਚੰਦ ਜਾਂ ਤਾਰਿਆਂ ਦੀ ਲੋਅ ਵਿਚ ਵੀ ਪੜ੍ਹਾਈ ਕਰਦੇ। ਅੱਜ ਦੇ ਅਤੇ ਓਸ ਵੇਲੇ ਦੇ ਸਮੇਂ ਵਿਚ ਕਿੰਨਾ ਫ਼ਰਕ ਸੀ। ਹੁਣ ਤਾਂ ਪਿੰਡਾਂ ਵਿਚ ਵੀ ਬਿਜਲੀ ਦੇ ਲਾਟੂ ਜਗ ਪਏ ਹਨ ਪਰ ਉਹਨਾਂ ਸਮਿਆਂ ਦੇ ਗਵਾਚੇ ਨਕਸ਼ ਜੋ ਹਨੇਰਿਆਂ ਵਿਚ ਵੀ ਦਿਸਦੇ ਸਨ, ਹੁਣ ਦੇ ਯੁਗ ਵਿਚ ਐਨੇ ਗਵਾਚ ਗਏ ਹਨ ਕਿ ਬਿਜਲੀ ਦੀ ਤੇਜ਼ ਰੋਸ਼ਨੀ ਵਿਚ ਵੀ ਨਹੀਂ ਦਿਸਦੇ।
----
ਹਾਂ ਅਜੇ ਬਾਰ ਵਾਲੇ ਨਵੇਂ ਪਿੰਡ ਚੱਕ ਨੰਬਰ 78 ਨੂੰ ਛੱਡਣ ਦੀ ਚੱਲ ਰਹੀ ਸੀ ਪਰ ਹਾਲੇ ਤਕ ਪਾਕਿਸਤਾਨ ਬਣਨ ਦਾ ਐਲਾਨ ਸੀ ਹਇਆ। ਜਿੰਨਾ ਚਿਰ ਐਲਾਨ ਨਹੀਂ ਸੀ ਹੁੰਦਾ, ਓਨਾ ਚਿਰ ਤਕ ਇਹ ਪਤਾ ਨਹੀਂ ਚਲ ਸਕਦਾ ਸੀ ਕਿ ਸਾਡਾ ਪਿੰਡ ਕਿਸ ਪਾਸੇ ਵਲ ਜਾ ਰਿਹਾ ਹੈ। ਨਨਕਾਣਾ ਸਾਹਿਬ ਗੁਰਦਵਾਰਾ ਜ਼ਿਲ੍ਹਾ ਸ਼ੇਖੂਪੁਰਾ ਵਿਚ ਹੋਣ ਕਰ ਕੇ ਬਹਤਿਆਂ ਦਾ ਖ਼ਿਆਲ ਸੀ ਇਹ ਜ਼ਿਲ੍ਹਾ ਪਾਕਿਸਤਾਨ ਵਿਚ ਨਹੀਂ ਜਾਵੇਗਾ। ਹੈਡਮਾਸਟਰ ਹਰਨਾਮ ਸਿੰਘ ਦੀ ਬੈਠਕ ਅੱਗੇ ਬਣੇ ਥੜ੍ਹੇ ਤੇ ਸ਼ਾਮੀਂ ਜਦੋਂ ਲਾਹੌਰ ਤੋਂ ਖਬਰਾਂ ਆਉਂਦੀਆਂ ਤਾਂ ਉਹ ਜ਼ਿਆਦਾ ਵੱਢ ਟੁਕ, ਛੁਰੇਬਾਜ਼ੀ ਅਤੇ ਅੱਗਾਂ ਲੱਗਣ ਦੀਆਂ ਹੀ ਹੁੰਦੀਆਂ ਸਨ। ਆਖਰ 14 ਅਗਸਤ, 1947 ਦੀ ਰਾਤ ਨੂੰ ਹਿੰਦੋਸਤਾਨ ਨੂੰ ਵੰਡ ਕੇ ਆਜ਼ਾਦ ਕਰਨ ਦਾ ਐਲਾਨ ਕਰ ਦਿਤਾ ਗਿਆ। ਸਾਡਾ ਜ਼ਿਲ੍ਹਾ ਸ਼ੇਖੂਪੁਰਾ ਤਾਂ ਕੀ, ਲਾਹੌਰ ਦਾ ਜ਼ਿਲ੍ਹਾ ਵੀ ਪਾਕਿਸਤਾਨ ਵਿਚ ਆ ਗਿਆ ਸੀ। ਰਾਵੀ ਅਤੇ ਸਤਲੁਜ ਦਰਿਆਵਾਂ ਨੂੰ ਕਿਸੇ ਹਦ ਤਕ ਕੁਦਰਤੀ ਹੱਦਾਂ ਮੰਨ ਲਿਆ ਗਿਆ ਸੀ। ਸਾਰੇ ਪਿੰਡ ਦੇ ਲੋਕਾਂ ਦੇ ਸਿਰਾਂ ਉਤੇ ਸੌ ਘੜਾ ਪਾਣੀ ਦਾ ਪੈ ਗਿਆ ਸੀ। ਇਹ ਪਿੰਡ ਛੱਡ ਕੇ ਚਲੇ ਜਾਣਾ ਹੈ ਜਾਂ ਇਥੇ ਰਹਿਣਾ ਹੈ, ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਸੀ। ਲੁੱਟ ਖੋਹ ਤੇ ਕਤਲੋ ਗਾਰਤ ਦੀਆਂ ਵਾਰਦਾਤਾਂ ਵਿਚ ਵਾਧਾ ਹੋਣ ਲਗ ਪਿਆ ਸੀ। ਲਾਗਲੇ ਪਿੰਡਾਂ ਦੇ ਲੋਕ ਉੱਠਣੇ ਸ਼ੁਰੂ ਹੋ ਗਏ ਸਨ ਅਤੇ ਗੱਡਿਆਂ ਦੇ ਕਾਫ਼ਲੇ ਬਣਾ ਕੇ ਕੁਝ ਬਣੇ ਕੈਂਪਾਂ ਵੱਲ ਜਾ ਰਹੇ ਸਨ ਅਤੇ ਕਈ ਹਿੰਦੋਸਤਾਨ ਦੀ ਹੱਦ ਵੱਲ ਵਧ ਰਹੇ ਸਨ। ਇਹਨਾਂ ਕਾਫਲਿਆਂ ਰਸਤੇ ਵਿਚ ਧਾੜਵੀ ਲੁਟ ਰਹੇ ਸਨ ਅਤੇ ਮਾਰ ਵੀ। ਔਰਤਾਂ ਵੀ ਖੋਹੀਆਂ ਜਾ ਰਹੀਆਂ ਸਨ।
----
ਅਗਸਤ ਦਾ ਸਾਰਾ ਮਹੀਨਾ ਬੀਤ ਚਲਿਆ ਸੀ। ਪਿੰਡ ਅਜੇ ਤਕ ਇਹ ਫੈਸਲਾ ਨਹੀਂ ਕਰ ਸਕਿਆ ਸੀ ਕਿ ਹੁਣ ਕੀ ਕਰਨਾ ਹੈ? ਏਥੇ ਰਹਿਣਾ ਹੈ ਜਾਂ ਇਹ ਪਿੰਡ ਛੱਡ ਕੇ ਚਲੇ ਜਾਣਾ ਹੈ। ਵੱਢ ਟੁੱਕ ਦੀਆਂ ਖ਼ਬਰਾਂ ਤੇਜ਼ ਹੋ ਗਈਆਂ ਸਨ। ਸਾਲਮ ਸਿੱਖਾਂ ਦੇ ਪਿੰਡਾਂ ਤੇ ਬਲਵੇ ਹੋਣ ਤੇ ਅੱਗ ਲਾਉਣ ਦੀਆਂ ਵਾਰਦਾਤਾਂ ਵਿਚ ਵਾਧੇ ਹੋਣ ਲਗ ਪਏ ਸਨ। ਪੀਤੂ ਲੁਹਾਰ ਦੀ ਭਠੀ ਤੇ ਰੋਜ਼ ਕਿਰਪਾਨਾਂ ਬਨਣ ਵਿਚ ਵਾਧਾ ਹੋ ਰਿਹਾ ਸੀ। ਮੈਂ ਵੀ ਆਪਣਾ ਕਮਾਨੀ ਵਾਲਾ ਚਾਕੂ ਜੋ ਮੈਨੂੰ ਬਾਪੂ ਨੇ ਪਿਸ਼ੌਰ ਤੋਂ ਲੈ ਕੇ ਦਿੱਤਾ ਸੀ, ਸਾਣ ਤੇ ਲੁਆ ਕੇ ਤਿੱਖਾ ਕਰ ਲਿਆ ਸੀ ਤੇ ਹਰ ਵੇਲੇ ਕੋਲ ਰੱਖਦਾ ਸਾਂ। ਰਾਤ ਨੂੰ ਗਰਮੀ ਹੋਣ ਦੇ ਬਾਵਜੂਦ ਪਿੰਡ ਦੇ ਬਾਕੀ ਲੋਕਾਂ ਵਾਂਗ ਦੋ ਦੋ ਝਗੇੱ ਪਾ ਕੇ ਸੌਂਦਾ ਕਿ ਪਤਾ ਨਹੀਂ ਕਿਹੜੇ ਵੇਲੇ ਭੱਜਣਾ ਪੈ ਜਾਣਾ ਹੈ।
----
ਮੰਡੀ ਢਾਬਾਂ ਸਿੰਘ ਦੇ ਪਰਲੇ ਪਾਰ ਮਜ਼੍ਹਬੀ ਸਿੱਖ ਸਰਦਾਰਾਂ ਦੇ ਸੱਤ ਪਿੰਡ ਸਨ ਜੋ ਉਹਨਾਂ ਨੂੰ ਪਹਿਲੇ ਸੰਸਾਰ ਯੁੱਧ ਵਿਚ ਵਿਖਾਈ ਬਹਾਦਰੀ ਸਦਕਾ ਮਿਲੇ ਸਨ। ਇਹਨਾਂ ਨੂੰ ਜਾਂ ਇਹਨਾਂ ਦੇ ਪਰਵਾਰਾਂ ਨੂੰ ਫੌਜੀ ਪੈਨਸ਼ਨਾਂ ਵੀ ਮਿਲਦੀਆਂ ਸਨ। ਇਹ ਹੱਥੀਂ ਵਾਹੀ ਵੀ ਨਹੀਂ ਕਰਦੇ ਸਨ ਅਤੇ ਕਾਫੀ ਸ਼ਾਹਾਨਾ ਜੀਵਨ ਬਿਤਾਉਂਦੇ ਸਨ। ਬੱਕਰੇ ਝਟਕਾਉਣੇ, ਮੁਰਗੇ ਭੁੰਨਣੇ ਤੇ ਦਾਰੂ ਪੀਣੀ ਇਹਨਾਂ ਦੇ ਸ਼ੁਗਲ ਵਿਚ ਸ਼ਾਮਲ ਸਨ। ਇਹਨਾਂ ਦੇ ਕੱਪੜੇ ਵੀ ਸਾਫ ਧੋਤੇ ਹੋਏ ਤੇ ਕਈ ਵਾਰ ਪ੍ਰੈਸ ਕੀਤੇ ਹੁੰਦੇ ਸਨ। ਇਹਨਾਂ ਦੀਆਂ ਘਰਾਂ ਵਾਲੀਆਂ ਜਿਨ੍ਹਾਂ ਦੇ ਰੰਗ ਭਾਵੇਂ ਥੋੜ੍ਹੇ ਪਕੇ ਸਨ, ਪਰ ਮੰਡੀ ਵਿਚ ਪੂਰਾ ਬਣ ਫਬ ਕੇ ਔਂਦੀਆਂ ਤੇ ਖ਼ੂਬ ਖਰੀਦੋ ਫਰੋਖਤ ਕਰਦੀਆਂ। ਕਈ ਵਾਰਾਂ ਮੇਰੇ ਬਾਲ ਮਨ ਵਿਚ ਆਉਂਦਾ ਕਿ ਜਿਵੇਂ ਅਸੀਂ ਗਰੀਬ ਹੋਈਏ ਤੇ ਇਹ ਅਮੀਰ ਹੋਣ। ਇਹਨਾਂ ਵਿਚੋਂ ਕਈ ਜ਼ਮੀਨਾਂ ਵੇਚ ਕੇ ਵੀ ਖਾ ਪੀ ਜਾਂਦੇ ਸਨ। ਇਹਨਾਂ ਵਿਚੋਂ ਕਈਆਂ ਕੋਲ ਲਾਸੰਸੀ ਤੇ ਨਾਜਾਇਜ਼ ਹਥਿਆਰ ਵੀ ਸਨ ਅਤੇ ਫੌਜੀ ਪਿਛੋਕੜ ਹੋਣ ਕਰ ਕੇ ਲੜਨ ਮਰਨ ਤੋਂ ਨਹੀਂ ਡਰਦੇ ਸਨ। ਇਹਨਾਂ ਦੇ ਪਿੰਡਾਂ ਵਿਚੋਂ ਆਵਾਜ਼ ਆ ਰਹੀ ਸੀ ਕਿ ਅਸੀਂ ਆਪਣੇ ਪਿੰਡ ਛੱਡ ਕੇ ਨਹੀਂ ਜਾਵਾਂਗੇ ਅਤੇ ਜੇ ਮੁਸਲਮਾਨਾਂ ਨੇ ਉਹਨਾਂ ਤੇ ਹਮਲਾ ਕੀਤਾ ਤਾਂ ਪੂਰਾ ਡਟ ਕੇ ਮੁਕਾਬਲਾ ਕਰਾਂਗੇ। ਪਰ “ਸਿੱਖਾਂ ਦੇ ਪਾਕਿਸਤਾਨ ਵਿਚੋਂ ਨਿਕਲਣ ਦੀ ਗਾਥਾ” ਦੇ ਵਿਦਵਾਨ ਲੇਖਕ ਡਾ: ਕਿਰਪਾਲ ਸਿੰਘ ਨੇ ਲਿਖਿਆ ਹੈ ਕਿ “ਸਿੱਖਾਂ ਦੇ ਪਾਕਿਸਤਾਨ ਵਿਚੋਂ ਨਿਕਲਣ ਦੇ ਕਈ ਕਾਰਨ ਸਨ। ਸਭ ਤੋਂ ਵੱਡਾ ਕਾਰਨ ਪਾਕਿਸਤਾਨ ਸਰਕਾਰ ਦੀ ਮੰਦ ਭਾਵਨਾ ਸੀ। ਪਛਮੀ ਪੰਜਾਬ ਦੇ ਗਵਰਨਰ ਸਰ ਫਰਾਂਸਿਸ ਮੂਡੀ ਨੇ ਪਾਕਿਸਤਾਨ ਦੇ ਗਵਰਨਰ ਜਨਰਲ ਮੁਹੰਮਦ ਅਲੀ ਜਿਨਾਹ ਨੂੰ ਲਿਖਿਆ, ਸਿੱਖ ਭਾਵੇਂ ਕਿਸੇ ਤਰ੍ਹਾਂ ਵੀ ਪਾਕਿਸਤਾਨੋਂ ਜਾਣ, ਉਨ੍ਹਾਂ ਤੋਂ ਛੇਤੀ ਤੋਂ ਛੇਤੀ ਛੁਟਕਾਰਾ ਪਾਉਣਾ ਚਹੁੰਦਾ ਹਾਂ ਕਿਉਂਕਿ ਸਿੱਖਾਂ ਕਰ ਕੇ ਅਮਨ ਭੰਗ ਹੁੰਦਾ ਸੀ। ਦੂਜੇ ਲਾਰਡ ਮਾਊਂਟ ਬੈਟਨ ਦੇ ਚੀਫ ਆਫ ਸਟਾਫ ਲਾਡਰ ਇਸਮੇਂ ਨੇ ਦਸਿਆ ਕਿ ਉਨ੍ਹਾਂ ਬਹੁਤ ਜ਼ੋਰ ਲਾਇਆ ਕਿ ਜਿਨਾਹ ਬਿਆਨ ਦੇਵੇ ਕਿ ਪਾਕਿਸਤਾਨ ਸਿੱਖਾਂ ਦਾ ਵੀ ਓਨਾ ਹੀ ਹੈ ਜਿੰਨਾ ਮੁਸਲਮਾਨਾਂ ਦਾ ਪਰ ਜਿਨਾਹ ਨਾ ਮੰਨਿਆ। ਜਿਨਾਹ ਕਹਿੰਦਾ ਸੀ ਕਿ ਕਿ ਸਿੱਖ ਪਾਕਿਸਤਾਨ ਨਹੀਂ ਮੰਨਦੇ, ਇਸ ਲਈ ਉਹਨਾਂ ਨੂੰ ਕੋਈ ਰਿਐਤ ਨਹੀਂ ਦਿਤੀ ਜਾ ਸਕਦੀ।”
---
ਆਖਰ ਪਹਿਲੀ ਸਤੰਬਰ, 1947 ਨੂੰ ਬਾਪੂ ਨੇ ਪੰਚਾਇਤ ਵਿਚੋਂ ਆ ਕੇ ਫੈਸਲਾ ਸੁਣਾ ਦਿਤਾ ਕਿ ਸਵੇਰੇ ਸਾਰਿਆਂ ਨੇ ਇਕ ਦੋ ਦਿਨਾਂ ਵਿਚ ਆਪਣੇ ਘਰ ਬਾਰ ਅਤੇ ਇਹ ਪਿੰਡ ਖਾਲੀ ਕਰ ਦੇਣਾ ਹੈ। ਪਿਛੋਂ ਖਾਲੀ ਹੋ ਰਹੇ ਸਿੱਖਾਂ ਅਤੇ ਹਿੰਦੂਆਂ ਦੇ ਪਿੰਡਾਂ ਵਿਚੋਂ ਆਉਂਦੇ ਕਾਫਲਿਆਂ ਦੇ ਨਾਲ ਆਪਣੇ ਗੱਡੇ ਰਲਾ ਕੇ ਸਚੇ ਸੌਦੇ ਬਣੇ ਕੈਂਪ ਪੁੱਜਣਾ ਹੈ। ਇਸ ਕੈਂਪ ਵਿਚ ਹਿੰਦੂ ਸਿੱਖਾਂ ਦੀ ਹਿਫ਼ਾਜ਼ਤ ਲਈ ਹਿੰਦੋਸਤਾਨੀ ਫੌਜ ਦੇ ਕੁਝ ਦਸਤੇ ਮੌਜੂਦ ਹਨ ਜੋ ਕੈਂਪ ਦੀ ਰਾਖੀ ਕਰਦੇ ਹਨ। ਇਥੋਂ ਅਗੇ ਹੌਲੀ ਹੌਲੀ ਟਰੱਕਾਂ ਅਤੇ ਗੱਡੀਆਂ ਵਿਚ ਲੋਕਾਂ ਨੂੰ ਹਿੰਦੋਸਤਾਨ ਪੁਚਾਇਆ ਜਾ ਰਿਹਾ ਹੈ।
( ਅਗਲੀ ਵਾਰ ਪੜ੍ਹੋ:- 3 ਸਤੰਬਰ, 1947 ਨੂੰ ਪਿੰਡ ਛੱਡਣ ਦਾ ਦਰਦਨਾਕ ਹਾਲ )
1 comment:
Momo ji,
Hello,Pehla ta mia tuhanu dass deva eh orange pagg tuhadey te khoob sajj rahi hia.Thgank you again for your 5th lariwar kishat,you providing so much information about Paksatan.I am getting lots of knowledge tharough reading it.
Your writing is so intesresting that you have chubak vargi kich that you keep your pathak on a track.I look forward for the next kishat.
Thanks
Davinder
california
Post a Comment