ਲੇਖ
ਕੈਨੇਡੀਅਨ ਪੰਜਾਬੀ ਸ਼ਾਇਰ ਕੇਸਰ ਸਿੰਘ ਨੀਰ ਨੇ 2006 ਵਿੱਚ ਪ੍ਰਕਾਸ਼ਿਤ ਕੀਤੇ ਆਪਣੇ ਕਾਵਿ-ਸੰਗ੍ਰਹਿ ‘ਨੈਣਾਂ ਦੇ ਮੋਤੀ’ ਵਿੱਚ ਆਪਣੀਆਂ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੀਆਂ ਕਾਵਿ ਪੁਸਤਕਾਂ ‘ਕਸਕਾਂ’, ‘ਗ਼ਮ ਨਹੀਂ’, ‘ਕਿਰਨਾਂ ਦੇ ਬੋਲ’ ਅਤੇ ‘ਅਣਵਗੇ ਅੱਥਰੂ’ ਨੂੰ ਇੱਕ ਥਾਂ ਇੱਕਠੀਆਂ ਕਰਕੇ ਪੰਜਾਬੀ ਕਵਿਤਾ ਦੇ ਪਾਠਕਾਂ ਦੇ ਰੂ-ਬ-ਰੂ ਕੀਤਾ ਸੀ।
----
ਕੇਸਰ ਸਿੰਘ ਨੀਰ ਨੇ 1960 ਦੇ ਆਸ ਪਾਸ ਜਦੋਂ ਕਾਵਿ-ਖੇਤਰ ਵਿੱਚ ਪ੍ਰਵੇਸ਼ ਕੀਤਾ ਤਾਂ ਹਰ ਪਾਸੇ ਵਿਸ਼ਵ-ਅਮਨ ਲਹਿਰ ਦਾ ਬੋਲਬਾਲਾ ਸੀ। ਰੂਸ, ਚੀਨ ਅਤੇ ਹਿੰਦੁਸਤਾਨ ਵਿਸ਼ਵ-ਅਮਨ ਲਹਿਰ ਦੀ ਰਹਿਨੁਮਾਈ ਕਰ ਰਹੇ ਸਨ। ਉਸ ਸਮੇਂ ਭਾਵੇਂ ਕਿ ਵਿਸ਼ਵ ਦੀਆਂ ਦੋ ਵੱਡੀਆਂ ਐਟਮੀ ਤਾਕਤਾਂ ਸੋਵੀਅਤ ਯੂਨੀਅਨ ਅਤੇ ਅਮਰੀਕਾ ਵੱਲੋਂ ਕਦਮ ਕਦਮ ਉੱਤੇ ਆਪਣੀ ਤਾਕਤ ਦਾ ਮੁਜਾਹਰਾ ਕਰਨ ਸਦਕਾ ਉਨ੍ਹਾਂ ਦਰਮਿਆਨ ਠੰਢੀ ਜੰਗ ਚੱਲ ਰਹੀ ਸੀ; ਪਰ ਇਸਦੇ ਨਾਲ ਨਾਲ ਹੀ ਵਿਸ਼ਵ ਪੱਧਰ ਉੱਤੇ ਉਹ ਲੋਕ ਵੀ ਵੱਡੀ ਗਿਣਤੀ ਵਿੱਚ ਸਰਗਰਮ ਸਨ ਜੋ ਕਿ ‘ਜੀਓ ਅਤੇ ਜੀਣ ਦਿਓ’ ਦੇ ਸਿਧਾਂਤ ਦਾ ਪੂਰੀ ਸ਼ਿੱਦਤ ਨਾਲ ਪ੍ਰਚਾਰ ਕਰ ਰਹੇ ਸਨ।
----
ਆਪਣੇ ਪਹਿਲੇ ਕਾਵਿ-ਸੰਗ੍ਰਹਿ ‘ਕਸਕਾਂ’ ਵਿੱਚ ਕੇਸਰ ਸਿੰਘ ਨੀਰ ਮੁੱਖ ਤੌਰ ਉੱਤੇ ਕਵਿਤਾ ਦੇ ਤਿੰਨ ਰੂਪਾਂ ਟੱਪੇ, ਗੀਤ ਅਤੇ ਗ਼ਜ਼ਲਾਂ ਰਾਹੀਂ ਆਪਣੇ ਵਿਚਾਰ ਪੇਸ਼ ਕਰਦਾ ਹੈ। ਪੰਜਾਬੀ ਸਾਹਿਤ ਦੀ ਉਤਪਤੀ ਦੇ ਇਤਿਹਾਸ ਵਿੱਚ ਇਹ ਉਹ ਸਮਾਂ ਸੀ ਜਦੋਂ ਕਿ ਪੰਜਾਬੀ ਸਾਹਿਤਕਾਰ ਸਾਹਿਤ ਦੇ ਵੱਖੋ ਵੱਖ ਰੂਪਾਂ ਰਾਹੀਂ ਸਮਾਜ ਦਾ ਰੋਮਾਂਸਵਾਦੀ ਚਿਤਰਣ ਕਰ ਰਹੇ ਸਨ। ਉਨ੍ਹਾਂ ਸਮਿਆਂ ਵਿੱਚ ਸਰਗਰਮ ਪੰਜਾਬੀ ਸ਼ਾਇਰਾਂ ਦੀ ਸੋਚ ਦਾ ਅਹਿਸਾਸ ਕਰਨ ਲਈ ਕੇਸਰ ਸਿੰਘ ਨੀਰ ਦੇ ‘ਅਮਨ ਦੇ ਟੱਪੇ’ ਸਾਡੀ ਮੱਦਦ ਕਰ ਸਕਦੇ ਹਨ:
1.
ਅਮਨਾਂ ਦੀਆਂ ਸ਼ਾਨਾਂ ਨੇ,
ਬਾਲਾਂ ਦੇ ਹੋਠਾਂ ਤੇ, ਮਿੱਠੀਆਂ ਮੁਸਕਾਨਾਂ ਨੇ
2.
ਦੋ ਪੱਤੀਆਂ ਗੁਲਾਬ ਦੀਆਂ,
ਅਮਨਾਂ ‘ਚ ਹੋਈਆਂ ਦੂਣੀਆਂ, ਸ਼ਾਨਾਂ ਪੰਜਾਬ ਦੀਆਂ
3.
ਇੱਕ ਰਾਹ ਦੇ ਰਾਹੀ ਨੇ,
ਹਿੰਦ, ਚੀਨ, ਰੂਸ ਬਣੇ, ਅੱਜ ਅਮਨ-ਸਿਪਾਹੀ ਨੇ
----
ਰੋਮਾਂਸਵਾਦੀ ਸੋਚ ਵਾਲੇ ਅਜਿਹੇ ਸਾਹਿਤਕਾਰ ਪ੍ਰਗਤੀਵਾਦੀ ਸੋਚ ਨਾਲ ਜੁੜੇ ਹੋਏ ਸਨ। ਉਹ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਸੁਪਣੇ ਲੈਂਦੇ ਸਨ। ਇੱਕ ਅਜਿਹਾ ਸਮਾਜ ਜਿਸ ਦਾ ਸੁਪਣਾ ਹਿੰਦੁਸਤਾਨ ਦੇ ਮਹਾਨ ਕਰਾਂਤੀਕਾਰੀਆਂ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਲਿਆ ਸੀ। ਪਰ ਭਾਰਤ ਨੂੰ ਅੰਗਰੇਜ਼ਾਂ ਤੋਂ ਆਖੌਤੀ ਆਜ਼ਾਦੀ ਮਿਲਣ ਤੋਂ ਬਾਹਦ ਸਮਾਜਵਾਦੀ ਸੋਚ ਵਾਲੇ ਪੰਜਾਬੀ ਰੋਮਾਂਸਵਾਦੀ ਸਾਹਿਤਕਾਰ ਆਪਣੀਆਂ ਸਾਹਿਤਕ ਕਿਰਤਾਂ ਵਿੱਚ ਇੱਕ ਲੋਕ-ਪੱਖੀ ਸਮਾਜ ਦੀ ਸਿਰਜਣਾ ਦੇ ਮਹਿਜ਼ ਸੁਪਨੇ ਲੈਣ ਜੋਗੇ ਹੀ ਰਹਿ ਗਏ ਸਨ। ਕਿਉਂਕਿ ਸਮਾਜਵਾਦੀ ਕਰਾਂਤੀਕਾਰੀ ਆਗੂਆਂ ਨੇ ਸਾਧਾਰਨ ਜਨਤਾ ਨੂੰ ਇੱਕ ਸਮਾਜਵਾਦੀ ਸਮਾਜ ਦੀ ਉਸਾਰੀ ਦੇ ਸੁਪਣੇ ਲੈਣ ਦੇ ਨਾਹਰੇ ਲਗਾਉਣ ਤੋਂ ਅੱਗੇ ਵਧਣ ਦਾ ਰਾਹ ਨਹੀਂ ਦੱਸਿਆ ਸੀ। ਭਾਰਤ ਵੱਲੋਂ ਆਖੌਤੀ ਆਜ਼ਾਦੀ ਪ੍ਰਾਪਤ ਕਰ ਲੈਣ ਤੋਂ ਬਾਹਦ ਕਰਾਂਤੀਕਾਰੀ ਲਹਿਰ ਅੰਦਰ ਉੱਭਰੇ ਭਾਰਤੀ ਰਹਿਨੁਮਾਵਾਂ ਕੋਲ ਨਾ ਤਾਂ ਅਜਿਹੀ ਕੋਈ ਚੇਤਨਾ ਹੀ ਸੀ ਅਤੇ ਨਾ ਹੀ ਕੋਈ ਸਪੱਸ਼ਟ ਉਦੇਸ਼। ਕੇਸਰ ਸਿੰਘ ਨੀਰ ਦੀਆਂ ਇਨ੍ਹਾਂ ਕਾਵਿ ਸਤਰਾਂ ਤੋਂ ਅਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਧਾਰਨ ਜਨਤਾ ਵਿੱਚ ਇੱਕ ਸੁਹਣੇ ਸਮਾਜ ਦੀ ਉਸਾਰੀ ਕਰਨ ਲਈ ਕਿੰਨਾ ਉਤਸ਼ਾਹ ਸੀ:
1.
ਕੱਲੇ ਕੱਲੇ ਤੁਰਨ ਦਾ ਨਾ ਹੁਣ ਸਮਾਂ,
ਹੁਣ ਸਮਾਂ ਤੁਰੀਏ ਬਣਾ ਕੇ ਕਾਫ਼ਲੇ
2.
ਜਬਰਾਂ ਭਲਾ ਕੀ ਰੋਕਣੇ ਸਿਦਕਾਂ ਦੇ ਕਾਫ਼ਲੇ
ਪਰਚੰਡ ਹੋਰ ਵੀ ਸਗੋਂ ਸੰਗਰਾਮ ਹੋ ਗਿਆ
3.
ਭਗਤ, ਸਰਾਭੇ ਦੇ ਹਾਂ ਵਾਰਿਸ, ਸਾਡੀ ਸ਼ਕਤੀ ਸਾਹਵੇਂ,
ਦੱਸੋ ਕੀਕਰ ਟਿਕਣ ਗੀਆਂ, ਇਹ ਰੇਤ ਦੀਆਂ ਦੀਵਾਰਾਂ
----
ਅੰਗਰੇਜ਼ਾਂ ਦੀ ਹਕੂਮਤ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਜੂਝ ਰਹੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਕਰਾਂਤੀਕਾਰੀ ਸਾਥੀ ਬੜੇ ਸਪੱਸ਼ਟ ਉਦੇਸ਼ ਨੂੰ ਸਾਹਮਣੇ ਰੱਖ ਕੇ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਸਨ। ਉਨ੍ਹਾਂ ਦਾ ਉਦੇਸ਼ ਅੰਗਰੇਜ਼ਾਂ ਦੀ ਹਕੂਮਤ ਤੋਂ ਆਜ਼ਾਦੀ ਪ੍ਰਾਪਤ ਕਰਕੇ ਭਾਰਤ ਵਿੱਚ ਮਜ਼ਦੂਰਾਂ-ਕਿਸਾਨਾਂ ਦਾ ਸਮਾਜਵਾਦੀ ਨੁਹਾਰ ਵਾਲਾ ਰਾਜ ਸਥਾਪਤ ਕਰਨਾ ਸੀ। ਇੱਕ ਅਜਿਹੇ ਸਮਾਜ ਦੀ ਉਸਾਰੀ ਕਰਨੀ ਜਿਸ ਵਿੱਚ ਨ ਸਿਰਫ਼ ਸਮਾਜਿਕ ਤੌਰ ਉੱਤੇ ਹੀ ਹਰ ਕੋਈ ਬਰਾਬਰ ਹੋਵੇ; ਬਲਕਿ ਆਰਥਿਕ ਤੌਰ ਉੱਤੇ ਵੀ ਬਰਾਬਰੀ ਹੋਵੇ। ਇੱਕ ਅਜਿਹਾ ਸਮਾਜ ਜਿਸ ਵਿੱਚ ਮੁੱਠੀ ਕੁ ਭਰ ਅਮੀਰ, ਦੇਸ ਦੇ ਕਰੋੜਾਂ ਮਜ਼ਦੂਰਾਂ/ਕਿਸਾਨਾਂ ਨਾਲ ਭੇਡਾਂ/ਬੱਕਰੀਆਂ ਵਾਂਗ ਵਰਤਾਓ ਨਾ ਕਰਦੇ ਹੋਣ; ਬਲਕਿ ਦੇਸ ਦੀ ਵਾਗ ਡੋਰ ਲੱਖਾਂ/ਕਰੋੜਾਂ ਮਜ਼ਦੂਰਾਂ/ਕਿਸਾਨਾਂ ਦੇ ਹੱਥ ਵਿੱਚ ਹੋਵੇ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅੰਗਰੇਜ਼ ਹਕੂਮਤ ਨੇ ਭਾਰਤ ਨੂੰ ਆਜ਼ਾਦੀ ਦੇਣ ਵੇਲੇ ਦੇਸ ਦੀ ਵਾਗ ਡੋਰ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਕਰਾਂਤੀਕਾਰੀ ਸਾਥੀਆਂ ਦੇ ਹੱਥਾਂ ਵਿੱਚ ਫੜਾਉਣ ਦੀ ਥਾਂ ਬਿਰਲੇ-ਟਾਟੇ ਵਰਗੇ ਹਿੰਦੁਸਤਾਨ ਦੇ ਧਨਾਢਾਂ ਦੇ ਹੱਥਾਂ ਵਿੱਚ ਪੁਤਲੀਆਂ ਵਾਂਗ ਨਾਚ ਕਰਦੇ ‘ਨਹਿਰੂ-ਗਾਂਧੀ’ ਟੋਲੇ ਦੇ ਹੱਥਾਂ ਵਿੱਚ ਹੀ ਫੜਾਈ ਜੋ ਕਿ ਮਾਨਸਿਕ ਤੌਰ ਉੱਤੇ ਅੰਗਰੇਜ਼ੀ ਸਭਿਆਚਾਰ ਦੇ ਹੀ ਗੁਲਾਮ ਸਨ। ਅਜਿਹੇ ਧਨਾਢ ਟੋਲੇ ਦੇ ਰਾਜਨੀਤੀਵਾਨਾਂ ਤੋਂ ਕਦੀ ਵੀ ਇਹ ਉਮੀਦ ਨਹੀਂ ਰੱਖੀ ਜਾ ਸਕਦੀ ਸੀ ਕਿ ਉਹ ਦੇਸ਼ ਦੀਆਂ ਅਜਿਹੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਕ, ਆਰਥਿਕ ਜਾਂ ਵਿੱਦਿਅਕ ਨੀਤੀਆਂ ਬਨਾਉਣਗੇ ਜਿਨ੍ਹਾਂ ਨਾਲ ਦੇਸ਼ ਦੇ ਕਰੋੜਾਂ ਸਾਧਾਰਣ ਲੋਕਾਂ ਦੀ ਜ਼ਿੰਦਗੀ ਵਿੱਚ ਵੀ ਖ਼ੁਸ਼ੀ ਅਤੇ ਖ਼ੁਸ਼ਹਾਲੀ ਆਵੇਗੀ। ਕੇਸਰ ਸਿੰਘ ਨੀਰ ਵੀ ਆਪਣੀ ਕਵਿਤਾ ‘ਸੰਗ੍ਰਾਮਾਂ ਦੀਆਂ ਗੱਲਾਂ’ ਦੀਆਂ ਇਨ੍ਹਾਂ ਕਾਵਿ-ਸਤਰਾਂ ਰਾਹੀਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਰਾਹੀਂ ਇਸ ਗੱਲ ਦਾ ਇਜ਼ਹਾਰ ਕਰਦਾ ਹੈ:
ਖੁਸ਼ੀ ਦੀ ਗੱਲ, ਨਸ਼ੇ ਦੀ ਗੱਲ ਅਤੇ ਗੱਲ ਐਸ਼ ਇਸ਼ਰਤ ਦੀ,
ਉਨ੍ਹਾਂ ਦੇ ਮਨ ਨੂੰ ਮੋਂਹਦੀ ਏ ਜਿਨ੍ਹਾਂ ਦੇ ਪੇਟ ਨਹੀਂ ਖ਼ਾਲੀ;
ਭਲਾ ਕਿੰਜ ਨਿਰਧਣਾਂ ਦੇ ਮਨ ਖਿੜਾਵਣ ਦਾ ਬਣਨ ਸਾਧਨ?
ਮਨ ਨੂੰ ਮੋਹਣੀਆਂ ਮਿੱਠੀਆਂ ਇਹ ਧਨਵਾਨਾਂ ਦੀਆਂ ਗੱਲਾਂ
----
ਨੀਰ ਇਹ ਗੱਲ ਵੀ ਬੜੇ ਸਪੱਸ਼ਟ ਰੂਪ ਵਿੱਚ ਸਮਝਦਾ ਹੈ ਕਿ ਜਿਸ ਤਰ੍ਹਾਂ ਭਾਰਤੀ ਲੋਕਾਂ ਨੇ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਇੱਕ-ਮੁੱਠ ਹੋ ਕੇ ਆਜ਼ਾਦੀ ਦੀ ਜੰਗ ਲੜੀ ਸੀ; ਬਿਲਕੁਲ ਇਸੀ ਤਰ੍ਹਾਂ ਹੀ ਭਾਰਤੀ ਹਕੂਮਤ ਉੱਤੇ ਕਾਬਜ ਹੋ ਚੁੱਕੇ ਅੰਗਰੇਜ਼ਾਂ ਦੇ ਮਾਨਸਿਕ ਤੌਰ ਉੱਤੇ ਗੁਲਾਮ ਅਮੀਰਾਂ ਦੇ ਟੋਲੇ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਵੀ ਭਾਰਤ ਦੇ ਕਰੋੜਾਂ ਸਾਧਾਰਨ ਲੋਕਾਂ, ਮਜ਼ਦੂਰਾਂ, ਕਿਸਾਨਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ, ਇੱਕ-ਮੁੱਠ ਹੋ ਕੇ, ਸਮਾਜਵਾਦੀ ਕ੍ਰਾਂਤੀਕਾਰੀ ਯੁੱਧ ਲੜਨਾ ਪਵੇਗਾ। ਕੇਸਰ ਸਿੰਘ ਨੀਰ ਦੀਆਂ ਕਵਿਤਾਵਾਂ ਦੀ ਇਹ ਸਿਫਤ ਹੈ ਕਿ ਉਹ ਆਪਣੀ ਗੱਲ ਕਹਿਣ ਵੇਲੇ ਕੋਈ ਲੁਕਾ-ਛਿਪਾ ਨਹੀਂ ਰੱਖਦਾ। ਕ੍ਰਾਂਤੀਕਾਰੀ ਕਵਿਤਾ ਆਪਣੇ ਉਦੇਸ਼ ਪ੍ਰਤੀ ਪ੍ਰਗਟਾਈ ਗਈ ਅਜਿਹੀ ਸਪੱਸ਼ਟ ਸੋਚ ਸਦਕਾ ਹੀ ਆਪਣੇ ਪਾਠਕਾਂ ਅੰਦਰ ਸ਼ਕਤੀ, ਵਿਸ਼ਵਾਸ਼ ਅਤੇ ਦਲੇਰੀ ਦੇ ਬੀਜ ਬੀਜਣ ਵਿੱਚ ਕਾਮਿਯਾਬ ਹੁੰਦੀ ਹੈ। ਨੀਰ ਦੇ ਦੋ ਗੀਤਾਂ ‘ਗੀਤ’ ਅਤੇ ‘ਬੇਰੁਜ਼ਗਾਰਾਂ ਦਾ ਗੀਤ’ ਵਿਚਲੀਆਂ ਇਨ੍ਹਾਂ ਕਾਵਿ-ਸਤਰਾਂ ਵਿੱਚੋਂ ਵੀ ਇਹ ਗੁਣ ਸਹਿਜੇ ਹੀ ਪਹਿਚਾਣਿਆ ਜਾ ਸਕਦਾ ਹੈ:
1.
ਉੱਠੋ ! ਰਲ ਕੇ ਹਾਣੀਓਂ !
ਕੋਈ ਕਰੀਏ ਚਾਰਾ.
ਹੂੰਝ ਦੇਈਏ ਸਰਮਾਏ ਦਾ
ਇਹ ਕੂੜ-ਪਸਾਰਾ।
‘ਨੀਰ’ ਮਿਲੇ ਫਿਰ ਕਿਰਤ ਨੂੰ,
ਗੌਰਵ ਲਾਸਾਨੀ।
ਕਿੰਜ ਰੋਕੋਗੇ ਜਾਬਰੋ।
ਇਹ ਹੜ੍ਹ ਦਾ ਪਾਣੀ?
(ਗੀਤ)
2.
ਉੱਠੋ ! ਇਸ ਧਰਤੀ ਦੇ ਲਾਲੋ,
ਧਾਰੋ ਰੂਪ ਹਨ੍ਹੇਰੀ ਦਾ।
ਜਥੇਬੰਦੀ ਹੈ ਨਾਂ ਸ਼ਕਤੀ ਦਾ,
ਜਿੱਤ, ਵਿਸ਼ਵਾਸ਼, ਦਲੇਰੀ ਦਾ।
ਏਕੇ ਦੇ ਮੱਥੇ ਤੇ ਲਿਸ਼ਕੇ,
ਕਿਸਮਤ ਜਿੱਤਾਂ ਹਾਰਾਂ ਦੀ।
ਜੱਗ ਦੇ ਉੱਤੇ ਕੀ ਜ਼ਿੰਦਗਾਨੀ
ਦੱਸੋ ਬੇਰੁਜ਼ਗਾਰਾਂ ਦੀ।
ਆਸ ਸਹਾਰੇ ਥਾਂ, ਥਾਂ ਰੁਲਦੇ,
ਹੀਰੇ, ਲਾਲ ਜਵਾਹਰਾਂ ਦੀ।
(ਬੇਰੁਜ਼ਗਾਰਾਂ ਦਾ ਗੀਤ)
----
ਪਰ 1980 ਦੇ ਸਮੇਂ ਤੱਕ ਪਹੁੰਚਦਿਆਂ ਪਹੁੰਚਦਿਆਂ ਭਾਰਤ ਦੀ ਕ੍ਰਾਂਤੀਕਾਰੀ ਲਹਿਰ ਦੇ ਰਹਿਨੁਮਾ ਭਾਰਤ ਵਿੱਚ ਸਮਾਜਵਾਦੀ ਕ੍ਰਾਂਤੀ ਲਿਆਉਣ ਦੇ ਆਪਣੇ ਮੁੱਖ ਉਦੇਸ਼ ਤੋਂ ਨਾ ਸਿਰਫ਼ ਭਟਕਣੇ ਹੀ ਸ਼ੁਰੂ ਹੋ ਗਏ; ਬਲਕਿ ਉਹ ਨਿੱਕੇ ਨਿੱਕੇ ਰਾਜਨੀਤਿਕ ਵਖਰੇਂਵਿਆਂ ਨੂੰ ਲੈ ਕੇ ਆਪਸੀ ਘਰੇਲੂ ਯੁੱਧ ਵਿੱਚ ਲੀਨ ਹੋ ਗਏ। ਜਿਸ ਕਾਰਨ ਨ ਸਿਰਫ ਭਾਰਤ ਦੀ ਕ੍ਰਾਂਤੀਕਾਰੀ ਲਹਿਰ ਹੀ ਨਿੱਕੇ ਨਿੱਕੇ ਟੁੱਕੜਿਆਂ ਵਿੱਚ ਹੀ ਵੰਡੀ ਗਈ, ਬਲਕਿ ਭਾਰਤ ਦੇ ਲੱਖਾਂ ਕਰੋੜਾਂ ਸਾਧਾਰਣ ਲੋਕ ਵੀ ਭਾਰਤ ਦੇ ਅਜਿਹੇ ਕ੍ਰਾਂਤੀਕਾਰੀ ਨੇਤਾਵਾਂ ਨੂੰ ਅਲਵਿਦਾ ਕਹਿ ਕੇ ਘਰਾਂ ਵਿੱਚ ਬੈਠ ਗਏ। ਜਿਹੜੇ ਨੇਤਾ ਆਪਸ ਵਿੱਚ ਇਕੱਠੇ ਹੋ ਕੇ ਨਹੀਂ ਤੁਰ ਸਕਦੇ ਉਹ ਦੇਸ ਦੇ ਲੱਖਾਂ ਕਰੋੜਾਂ ਦੱਬੇ-ਕੁਚਲੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਕਿਵੇਂ ਤੁਰ ਸਕਦੇ ਸਨ? ਕੇਸਰ ਸਿੰਘ ਨੀਰ ਅਜਿਹੇ ਮੁਖੌਟਾਧਾਰੀ ਰਾਜਨੀਤਿਕ ਆਗੂਆਂ ਬਾਰੇ ਜਦੋਂ ਅਜਿਹੇ ਸਪੱਸ਼ਟਵਾਦੀ ਸ਼ਿਅਰ ਕਹਿੰਦਾ ਹੈ ਤਾਂ ਉਹ ਕੋਈ ਝੂਠ ਨਹੀਂ ਕਹਿ ਰਿਹਾ:
1.
ਥਾ ਥਾਂ ‘ਤੇ ਭਾਰੂ ਹੋ ਗਈ ਏ,
ਚੌਧਰਾਂ ਦੀ ਲਾਲਸਾ,
ਸਾਨੂੰ ਤਾਂ ਏਨ੍ਹਾਂ ਚੌਧਰਾਂ ਦੇ
ਪਿਆਰਿਆਂ ਨੇ ਮਾਰਿਆ।
2.
ਨਾਂ ਲੈ ਕੇ ਵੇਖੋ ‘ਏਕਤਾ’ ਦਾ ਲੋਕਤਾ ਨੂੰ ਵੰਡਿਆ,
ਸਾਨੂੰ ਤਾਂ ਏਨ੍ਹਾਂ ‘ਏਕਤਾ’ ਦੇ ਨਾਅਰਿਆਂ ਨੇ ਮਾਰਿਆ
----
ਭਾਰਤ ਦੀ ਕ੍ਰਾਂਤੀਕਾਰੀ ਲਹਿਰ ਵਿੱਚ ਅੰਦਰੂਨੀ ਫੁੱਟ ਪੈ ਜਾਣ ਦਾ ਵੱਡਾ ਨੁਕਸਾਨ ਇਹ ਹੋਇਆ ਕਿ ਮੌਕਾਪ੍ਰਸਤ ਸ਼ਕਤੀਆਂ ਨੇ ਲੋਕਾਂ ਨੂੰ ਭਾਸ਼ਾ ਅਤੇ ਧਰਮ ਦੇ ਨਾਮ ਉੱਤੇ ਵੰਡ ਕੇ ਲੋਕ ਏਕਤਾ ਨੂੰ ਖੇਰੂੰ ਖੇਰੂੰ ਕਰ ਦਿੱਤਾ। ਥਾਂ ਥਾਂ ਧਰਮ ਦੀਆਂ ਦੁਕਾਨਾਂ ਖੁੱਲ੍ਹ ਗਈਆਂ। ਅਨਪੜ੍ਹ ਅਤੇ ਵਿਹਲੜ ਸਾਧ/ਸੰਤ ਲੋਕਾਂ ਦੇ ਰਹਿਨੁਮਾ ਬਣ ਬੈਠੇ। ਮੱਕਾਰ ਰਾਜਨੀਤੀਵਾਨ ਆਪਣੇ ਰਾਜਨੀਤਿਕ ਮੰਤਵਾਂ ਦੀ ਪ੍ਰਾਪਤੀ ਖਾਤਰ ਲੋਕਾਂ ਵਿੱਚ ਵੰਡੀਆਂ ਪਾਉਣ ਲਈ, ਦੰਗੇ ਫਸਾਦ ਕਰਵਾਉਣ ਅਤੇ ਧਰਮ ਦੇ ਨਾਮ ਉੱਤੇ ਇੱਕ ਦੂਜੇ ਦਾ ਕਤਲ ਕਰਵਾਉਣ ਲਈ ਇਨ੍ਹਾਂ ਨਵੇਂ ਉੱਭਰੇ ਧਾਰਮਿਕ ਲੁਟੇਰਿਆਂ ਨੂੰ ਸ਼ਤਰੰਜ ਦੇ ਮੁਹਰਿਆਂ ਵਾਂਗ ਵਰਤਣ ਲੱਗੇ। ਕੇਸਰ ਸਿੰਘ ਨੀਰ ਅਜਿਹੇ ਤੱਥਾਂ ਅਤੇ ਸਮਾਜਿਕ ਹਕੀਕਤਾਂ ਨੂੰ ਇਨ੍ਹਾਂ ਕਾਵਿ ਸਤਰਾਂ ਵਿੱਚ ਬੜੀ ਕਾਮਯਾਬੀ ਨਾਲ ਉਭਾਰਦਾ ਹੈ:
1.
ਜੇਕਰ ਕਦੇ ਬਚ ਵੀ ਗਏ ਹਾਂ, ਰਹਿਬਰਾਂ ਦੇ ਰਾਹ ‘ਚੋਂ
ਸਾਨੂੰ ਤਾਂ ਭਾਈਆਂ, ਪੰਡਤਾਂ, ਮੌਲਾਨਿਆਂ ਨੇ ਮਾਰਿਆ
2.
ਅਸੀਂ ਤਾਂ ਬੁੱਧ, ਨਾਨਕ, ਰਾਮ ਦੇ ਸਾਰੇ ਉਪਾਸ਼ਕ ਹਾਂ
ਬਿਦੋਸ਼ੇ ਕਤਲ ਕਰਨਾ, ਏਨ੍ਹਾਂ ਦਾ ਫਰਮਾਨ ਕਿੱਥੇ ਹੈ?
3.
ਕਿਹੜਾ ਧਰਮ ਸਿਖਾਵੇ ਨਫ਼ਰਤ ਮਾਨਵ ਥੀਂ
ਕੀ ਮਾਨਵ ਦਾ ਇੱਕੋ ਹੀ ਪਰਿਵਾਰ ਨਹੀਂ
4.
ਅਸੀਂ ਜੋ ਵਸ ਰਹੇ ਹਾਂ ਏਥੇ
ਹਿੰਦੂ, ਸਿੱਖ, ਮੁਸਲਿਮ ਹੀ,
ਤੁਸੀਂ ਦੱਸੋ ਅਸਾਡੇ ਵਿੱਚ
ਫਿਰ ਇਨਸਾਨ ਕਿੱਥੇ ਹੈ?
----
ਅਜੋਕੇ ਸਮਿਆਂ ਵਿੱਚ ਮਨੁੱਖ ਲਈ ਸਭ ਤੋਂ ਵੱਡੀ ਚੁਣੌਤੀ ਮਨੁੱਖ ਬਣੇ ਰਹਿਣ ਦੀ ਹੈ। ਮੰਡੀ ਸਭਿਆਚਾਰ ਮਨੁੱਖੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਦਖਲਅੰਦਾਜ਼ੀ ਕਰਕੇ ਮਨੁੱਖੀ ਰਿਸ਼ਤਿਆਂ ਨੂੰ ਮੰਡੀ ਦੀ ਵਸਤ ਬਣਾ ਰਿਹਾ ਹੈ। ਮੰਡੀ ਸਭਿਆਚਾਰ ਵਿੱਚ ਹਰ ਚੀਜ਼ ਵਿਕਾਊ ਹੁੰਦੀ ਹੈ। ਯੋਗ ਸਮੇਂ ਉੱਤੇ, ਯੋਗ ਕੀਮਤ ਅਦਾ ਕਰਨ ਵਾਲਾ ਵਿਅਕਤੀ ਕੋਈ ਵੀ ਵਸਤ ਖ੍ਰੀਦ ਸਕਦਾ ਹੈ। ਮੰਡੀ ਸਭਿਆਚਾਰ ਬਾਰੇ ਜਦੋਂ ਕੇਸਰ ਸਿੰਘ ਨੀਰ ਸ਼ਿਅਰ ਕਹਿੰਦਾ ਹੈ ਤਾਂ ਉਹ ਸਾਡੇ ਸਮੇਂ ਦੀਆਂ ਹਕੀਕਤਾਂ ਹੀ ਬਿਆਨ ਕਰ ਰਿਹਾ ਹੈ:
ਹੁਣ ਪਿਆਰ, ਮਜ਼ਹਬ, ਰੱਬ ਤੇ ਇਨਸਾਨ ਵੀ ਹੈ ਵਿਕ ਰਿਹਾ;
ਦੁਨੀਆਂ ਜਿਵੇਂ ਹੁਣ ਦੋਸਤਾ ! ਬਾਜ਼ਾਰ ਬਣ ਕੇ ਰਹਿ ਗਈ
ਮੰਡੀ ਸਭਿਆਚਾਰ ਵਿੱਚ ਨਾ ਸਿਰਫ ਹਰ ਵਸਤ ਵਿਕਾਊ ਬਣ ਜਾਂਦੀ ਹੈ; ਬਲਕਿ ਅਜਿਹੇ ਸਭਿਆਚਾਰ ਵਿੱਚ ਨਕਲੀ ਵਸਤਾਂ ਦੀ ਵਿਕਰੀ ਵਧੇਰੇ ਹੁੰਦੀ ਹੈ। ਕਿਉਂਕਿ ਉਨ੍ਹਾਂ ਦੀ ਮਸ਼ਹੂਰੀ ਵਧੇਰੇ ਪ੍ਰਭਾਵਸ਼ਾਲੀ ਢੰਗ ਰਾਹੀਂ ਕੀਤੀ ਜਾਂਦੀ ਹੈ। ਇਹ ਗੱਲ ਕੇਸਰ ਸਿੰਘ ਨੀਰ ਵੀ ਕਹਿ ਰਿਹਾ ਹੈ:
1.
ਯਾਰ ਅਸਾਡਾ ਜਿੱਧਰ ਜਾਵੇ, ਹੱਥੀਂ ਛਾਵਾਂ ਹੋਵਣ
ਹੋਠਾਂ ਉੱਤੇ ਨਕਲੀ ਹਾਸਾ, ਉਸ ਨੇ ਇੰਜ ਸਜਾਇਆ
2.
ਬੋਲ ਬਾਲਾ ਹੈ ਬਨੌਟੀ ਸ਼ਾਨ ਦਾ
ਮਾਣ ਮਿੱਟੀ ਮਿਲ ਰਿਹਾ ਇਨਸਾਨ ਦਾ
----
ਰਿਸ਼ਤੇ-ਨਾਤੇ, ਕਦਰਾਂ-ਕੀਮਤਾਂ, ਬੋਲ-ਚਾਲ - ਹਰ ਚੀਜ਼ ਹੀ ਹੁਣ ਮੰਡੀ ਸਭਿਆਚਾਰ ਦੇ ਰੰਗ ਵਿੱਚ ਰੰਗੇ ਜਾ ਚੁੱਕੇ ਹਨ। ਮੰਡੀ ਸਭਿਆਚਾਰ ਲਈ ਕੋਈ ਵੀ ਚੀਜ਼ ਏਨੀ ਪਵਿੱਤਰ ਨਹੀਂ ਹੁੰਦੀ ਕਿ ਉਸਦਾ ਮੰਡੀ ਵਿੱਚ ਮੁੱਲ ਨਾ ਪਾਇਆ ਜਾ ਸਕੇ। ਅਜਿਹੇ ਸਭਿਆਚਾਰ ਵਿੱਚ ਉਹੀ ਵਿਅਕਤੀ ਵਧੇਰੇ ਅਮੀਰ, ਸ਼ਕਤੀਸ਼ਾਲੀ, ਮਾਨ-ਸਨਮਾਨ ਵਾਲਾ ਅਤੇ ਸ਼ਕਤੀਮਾਨ ਹੁੰਦਾ ਹੈ ਜਿਸ ਕੋਲ ਆਰਥਿਕ ਮੁੱਲ ਦੀਆਂ ਵਧੇਰੇ ਚੀਜ਼ਾਂ ਹੁੰਦੀਆਂ ਹਨ। ਪ੍ਰਵਾਰਿਕ ਰਿਸ਼ਤੇ ਵੀ ਆਰਥਿਕ ਮੁੱਲਾਂ ਦੁਆਰਾ ਹੀ ਨਿਰਧਾਰਤ ਕੀਤੇ ਜਾਂਦੇ ਹਨ। ਕੇਸਰ ਸਿੰਘ ਨੀਰ ਵੀ ਅਜਿਹਾ ਹੀ ਮਹਿਸੂਸ ਕਰ ਰਿਹਾ ਜਾਪਦਾ ਹੈ; ਜਦੋਂ ਉਹ ਆਪਣੇ ਸ਼ਿਅਰਾਂ ਵਿੱਚ ਕਹਿੰਦਾ ਹੈ:
1.
ਤੇਰਾ ਸ਼ਿਕਵਾ ਰਿਸ਼ਤੇਦਾਰਾਂ ‘ਤੇ,
ਹੁਣ ਤਾਂ ਰਿਸ਼ਤੇ, ਨਾਤੇ ਨੇ ਵਿਉਪਾਰਾਂ ਵਾਂਗ
2.
ਹੈ ਸੀ ਸਮਾਂ ਉਹ ਹੋਰ, ਸਭ ਕੁਝ ਵਾਰਦਾ ਸੀ ਯਾਰ
ਹੁਣ ਦੇ ਸਮੇਂ ਤਾਂ ਯਾਰ ਨੂੰ ਮਰਵਾ ਰਿਹਾ ਏ ਯਾਰ !
3.
ਦੋਸਤਾਂ ਦੇ ਬੋਲ ‘ਚੋਂ ਹੁਣ ਦੋਸਤੀ ਨਹੀਂ ਬੋਲਦੀ,
ਕਿੰਜ ਜਿਗਰੀ ਯਾਰ ਵੀ ਹੁਣ ਮਾਰਦੇ ਨੇ ਡੰਗ ਦੇਖ
----
ਭਾਸ਼ਾ, ਧਰਮ, ਜ਼ਾਤ-ਪਾਤ, ਰੰਗ, ਨਸਲ ਦੇ ਨਾਮ ਉੱਤੇ ਲੋਕਾਂ ਵਿੱਚ ਵੰਡੀਆਂ ਪਾਉਣ ਵਾਲਿਆਂ ਅਤੇ ਨਫ਼ਰਤ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਫਿਟਕਾਰ ਦਿੰਦਾ ਹੋਇਆ ਕੇਸਰ ਸਿੰਘ ਨੀਰ ਪੁੱਛਦਾ ਹੈ ਕਿ ਜਦੋਂ ਕਿ ਇਸ ਧਰਤੀ ਉੱਤੇ ਤੁਰੇ ਫਿਰਦੇ ਹਰ ਮਨੁੱਖ ਦੀਆਂ ਰਗਾਂ ਵਿੱਚ ਇੱਕੋ ਜਿਹਾ ਹੀ ਖ਼ੂਨ ਵਗਦਾ ਹੈ ਤਾਂ ਫਿਰ ਤੁਸੀਂ ਇੱਕ ਦੂਜੇ ਦਰਮਿਆਨ ਨਫ਼ਰਤ ਦੀਆਂ ਦੀਵਾਰਾਂ ਕਿਉਂ ਖੜ੍ਹੀਆਂ ਕਰਦੇ ਹੋ? ਹਰ ਮਨੁੱਖਵਾਦੀ ਲੇਖਕ, ਚਿੰਤਕ ਵਾਂਗ ਕੇਸਰ ਸਿੰਘ ਨੀਰ ਵੀ ਇਸ ਮਹੱਤਵ-ਪੂਰਨ ਸੁਆਲ ਨੂੰ ਆਪਣੀ ਕਵਿਤਾ ਦੇ ਇਸ ਸ਼ਿਅਰ ਰਾਹੀਂ ਪੇਸ਼ ਕਰਦਾ ਹੈ:
ਰੰਗ ਖ਼ੂਨ ਦਾ ਇੱਕੋ ਹੀ ਹੈ,
ਇੱਕੋ ਨਿੱਘ ਪਿਆਰਾਂ ਦਾ,
ਕਿਉਂ ਆਪਣੇ ਵਿੱਚ ਖੜ੍ਹੀਆਂ
ਕਰਦੇ ਹੋ ਨਫ਼ਰਤਾਂ ਦੀਵਾਰਾਂ ਨੂੰ
-----
ਅਜਿਹੇ ਮਨੁੱਖਵਾਦੀ ਵਿਚਾਰਾਂ ਨੂੰ ਇੱਕ ਹੋਰ ਅੰਦਾਜ਼ ਵਿੱਚ ਪੇਸ਼ ਕਰਦਿਆਂ ਕੇਸਰ ਸਿੰਘ ਨੀਰ ਇਸ ਗੱਲ ਨੂੰ ਉਭਾਰਦਾ ਹੈ ਕਿ ਮਨੁੱਖ ਅੱਜ ਭਾਵੇਂ ਚੰਨ ਉੱਤੇ ਪਹੁੰਚਣ ਦੇ ਦਾਹਵੇ ਕਰ ਰਿਹਾ ਹੈ; ਪਰ ਧਰਤੀ ਉੱਤੇ ਵਸਦੇ ਮਨੁੱਖਾਂ ਦੀਆਂ ਕੁੱਲੀ, ਜੁੱਲੀ, ਗੁੱਲੀ ਨਾਲ ਸਬੰਧਤ ਸਮੱਸਿਆਵਾਂ ਦਾ ਸੰਤੁਸ਼ਟੀਜਨਕ ਕੋਈ ਹੱਲ ਨਹੀਂ ਲੱਭਿਆ ਜਾ ਸਕਿਆ। ਇਸ ਤੋਂ ਵੀ ਚਿੰਤਾਜਨਕ ਗੱਲ ਇਹ ਹੈ ਕਿ ਨੈਤਿਕ ਤੌਰ ਉੱਤੇ ਵੀ ਮਨੁੱਖ ਗਿਰਾਵਟ ਵੱਲ ਜਾ ਰਿਹਾ ਹੈ। ਅਜਿਹੇ ਵਿਚਾਰਾਂ ਨੂੰ ਪ੍ਰਗਟ ਕਰਦਾ ਕੇਸਰ ਸਿੰਘ ਨੀਰ ਦਾ ਇਹ ਸ਼ਿਅਰ ਮੈਨੂੰ ਬਹੁਤ ਖ਼ੂਬਸੂਰਤ ਜਾਪਿਆ ਹੈ:
ਭਾਵੇਂ ਆਦਮ ਚੰਨ ਦੇ ਉੱਤੇ ਜਾ ਪੁੱਜਾ
ਉਸ ਦੇ ਵਿਕਦੇ ਈਮਾਨਾਂ ਦਾ ਕੀ ਕਰੀਏ
----
ਕੇਸਰ ਸਿੰਘ ਨੀਰ ਇੱਕ ਇਤਿਹਾਸਵਾਦੀ ਸ਼ਾਇਰ ਹੈ। ਇਤਿਹਾਸਕ ਤੱਥਾਂ ਦੀ ਗਵਾਹੀ ਦਿੰਦਾ ਹੋਇਆ ਉਹ ਕਹਿੰਦਾ ਹੈ ਕਿ ਮਨੁੱਖੀ ਇਤਿਹਾਸ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ ਕਿ ਜਿਨ੍ਹਾਂ ਮਨੁੱਖਾਂ ਨੇ ਵੀ ਸਾਧਾਰਨ ਲੋਕਾਂ ਦੇ ਦਿਲਾਂ ਨੂੰ ਜਿੱਤਿਆ ਹੈ - ਉਹੀ ਮਨੁੱਖ ਆਮ ਲੋਕਾਂ ਦੇ ਪਿਆਰ ਦੇ ਕਾਬਿਲ ਹੋ ਸਕੇ ਹਨ। ਅਜਿਹੀਆਂ ਇਤਿਹਾਸਕ ਗਵਾਹੀਆਂ ਪੇਸ਼ ਕਰਦਾ ਹੋਇਆ ਨੀਰ ਧਰਤੀ ਦੇ ਅਨੇਕਾਂ ਹਿੱਸਿਆਂ ਦੀਆਂ ਉਦਾਹਰਣਾਂ ਦਿੰਦਾ ਹੈ:
ਉਸੇ ਨੇ ਹੀ ਸਦਾ ਲੋਕਾਂ ਦੇ ਦਿਲ ‘ਤੇ ਰਾਜ ਕਰਨਾ ਹੈ
ਬਣੇ ‘ਗੋਬਿੰਦ’, ‘ਲੈਨਿਨ’, ‘ਭਗਤ’ ਜਾਂ ‘ਕਰਤਾਰ’ ਲੋਕਾਂ ਦਾ
----
ਸਾਡੇ ਸਮਿਆਂ ਵਿੱਚ ਜਿੱਥੇ ਕਿ ਮੌਕਾਪ੍ਰਸਤ ਤਾਕਤਾਂ ਲੋਕਾਂ ਨੂੰ ਭਾਸ਼ਾ, ਧਰਮ, ਜ਼ਾਤ-ਪਾਤ, ਰੰਗ, ਨਸਲ ਦੇ ਨਾਮ ਉੱਤੇ ਵੰਡ ਰਹੀਆਂ ਹਨ; ਉੱਥੇ ਹੀ ਕੁਝ ਸ਼ਕਤੀਆਂ ਲੋਕਾਂ ਨੂੰ ‘ਮਰਦ’, ਔਰਤ’ ਦੇ ਨਾਮ ਉੱਤੇ ਵੀ ਵੰਡ ਰਹੀਆਂ ਹਨ। ਇੱਥੇ ਇਹ ਤੱਥ ਸਵੀਕਾਰ ਕਰ ਲੈਣ ਵਿੱਚ ਵੀ ਕੋਈ ਹਰਜ਼ ਨਹੀਂ ਕਿ ਅਜਿਹੀਆਂ ਸ਼ਕਤੀਆਂ ਇਸ ਗੱਲ ਦਾ ਲਾਭ ਉਠਾ ਰਹੀਆਂ ਹਨ ਕਿ ਮਰਦ-ਪ੍ਰਧਾਨ ਸਮਾਜ ਨੇ ਸਦੀਆਂ ਤੋਂ ਔਰਤ ਜ਼ਾਤ ਨਾਲ ਵਧੀਕੀਆਂ ਕੀਤੀਆਂ ਹਨ ਅਤੇ ਉਸ ਉੱਤੇ ਅਨੇਕਾਂ ਤਰ੍ਹਾਂ ਦੇ ਅਤਿਆਚਾਰ ਕਰਕੇ ਉਸ ਨੂੰ ਆਪਣੀ ਗੁਲਾਮ ਬਣਾ ਕੇ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਅਜਿਹੇ ਕੁਰੀਤੀਆਂ ਭਰੇ ਸਮਾਜ ਦੀ ਜਿੰਨੀ ਵੀ ਆਲੋਚਨਾ ਕੀਤੀ ਜਾ ਸਕੇ ਕਰਨੀ ਜ਼ਰੂਰੀ ਹੈ ਅਤੇ ਅਜਿਹੇ ਸਮਾਜ ਦੀ ਉਸਾਰੀ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਜਿਸ ਵਿੱਚ ਮਰਦ ਅਤੇ ਔਰਤ ਦੇ ਬਰਾਬਰੀ ਦੇ ਹੱਕ ਹੋਣ। ਅਜਿਹੀਆਂ ਭ੍ਰਿਸ਼ਟ ਤਾਕਤਾਂ ਨੂੰ ਭਾਂਜ ਦੇਣ ਲਈ ਅਤੇ ਇੱਕ ਅਜਿਹੇ ਖੂਬਸੂਰਤ ਸਮਾਜ ਦੀ ਉਸਾਰੀ ਕਰਨ ਲਈ ਜਿਸ ਵਿੱਚ ਔਰਤ ਅਤੇ ਮਰਦ ਇੱਕ ਦੂਜੇ ਦੇ ਦੁੱਖਾਂ-ਦਰਦਾਂ ਨੂੰ ਸਮਝਦੇ ਹੋਣ ਔਰਤ ਅਤੇ ਮਰਦ ਨੂੰ ਕਦਮ ਨਾਲ ਕਦਮ ਮਿਲਾਕੇ ਤੁਰਨ ਦੀ ਲੋੜ ਹੈ। ਕੁਝ ਅਜਿਹੀ ਹੀ ਗੱਲ ਕੇਸਰ ਸਿੰਘ ਨੀਰ ਵੀ ਆਪਣੇ ਇਸ ਸ਼ਿਅਰ ਵਿੱਚ ਕਹਿ ਰਿਹਾ ਹੈ:
ਤੂੰ ਤੇ ਮੈਂ ਆ ਰਲਕੇ ਦੋਵੇਂ, ਕਰੀਏ ਕੋਈ ਹੀਲਾ
ਮਜਬੂਰੀ ਦਾ ਪਿੰਜਰਾ ਏਹੋ, ਕਰੀਏ ਤੀਲਾ ਤੀਲਾ
‘ਨੈਣਾਂ ਦੇ ਮੋਤੀ’ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਕਰਕੇ ਕੇਸਰ ਸਿੰਘ ਨੀਰ ਆਪਣੇ ਆਪਨੂੰ ਅਜਿਹੇ ਕੈਨੇਡੀਅਨ ਪੰਜਾਬੀ ਸ਼ਾਇਰਾਂ ਦੀ ਕਤਾਰ ਵਿੱਚ ਖੜ੍ਹਾ ਕਰ ਲੈਂਦਾ ਹੈ ਜੋ ਕੈਨੇਡਾ ਦੇ ਚੇਤੰਨ, ਜਾਗਰੂਕ ਅਤੇ ਕ੍ਰਾਂਤੀਕਾਰੀ ਸ਼ਾਇਰਾਂ ਦੇ ਤੌਰ ਉੱਤੇ ਜਾਣੇ ਜਾਂਦੇ ਹਨ। ਕੈਨੇਡਾ ਦੇ ਅਜਿਹੇ ਜਾਗਰੂਕ ਪੰਜਾਬੀ ਸ਼ਾਇਰ ਦੇ ਇਸ ਖ਼ੂਬਸੂਰਤ ਕਾਵਿ-ਸੰਗ੍ਰਹਿ ਦਾ ਸੁਆਗਤ ਕਰਨਾ ਬਣਦਾ ਹੈ।
No comments:
Post a Comment