ਮੇਰੀ ਯਾਦੋਂ ਕੇ ਪਿਆਲੇ ਮੇਂ ਭਰੋ ਫਿਰ ਕੋਈ ਮੈਅ - ਡਾ: ਰਾਹੀ ਮਾਸੂਮ ਰਜ਼ਾ ਦੀਆਂ ਯਾਦਾਂ
ਲੇਖ
ਮੂਲ ਲੇਖਕ: ਪ੍ਰੋ: ਕੁੰਵਰਪਾਲ ਸਿੰਘ
ਪੰਜਾਬੀ ਰੂਪ- ਕੇਹਰ ਸ਼ਰੀਫ਼
ਰਾਹੀ ਜਦੋਂ ਅਲੀਗੜ੍ਹ ਆਏ ਉਦੋਂ ਉਨ੍ਹਾਂ ਦਾ ਨਾਂ ਉੱਘੇ ਸ਼ਾਇਰਾਂ ਵਿਚ ਗਿਣਿਆ ਜਾਂਦਾ ਸੀ। ਉਹ ਬਹੁਤ ਹੀ ਦੋਸਤੀ ਪਸੰਦ ਇਨਸਾਨ ਸਨ। ਮੈਂ ਆਪਣੇ ਪੂਰੇ ਯੂਨੀਵਰਸਿਟੀ ਜੀਵਨ ਵਿਚ ਉਨ੍ਹਾਂ ਨੂੰ ਇਕੱਲੇ ਨਹੀਂ ਦੇਖਿਆ। ਉਨ੍ਹੀਂ ਦਿਨੀਂ ਰਾਹੀ ਆਪਣੇ ਵੱਡੇ ਭਰਾ ਮੂਨਿਸ ਰਜ਼ਾ ਦੇ ਨਾਲ ਵਾਲੀ ਮੰਜ਼ਿਲ ਵਿਚ ਰਹਿੰਦੇ ਸਨ। ਵਿਭਾਗ ਤੋਂ ਘਰ ਤੱਕ ਦੀ ਕਾਫੀ ਦੂਰੀ ਸੀ ਪਰ ਕਿਸੇ ਮੁੱਦੇ ’ਤੇ ਬਹਿਸ ਹੁੰਦੀ ਰਹਿੰਦੀ ਅਤੇ ਰਾਹ ਮੁੱਕਦੀ ਰਹਿੰਦੀ।
----
ਰਾਹੀ ਦੀ ਸਭ ਤੋਂ ਵੱਡੀ ਖ਼ੂਬੀ ਸੀ ਬੇਬਾਕ ਹੋਣਾ। ਇਸ ਨੂੰ ਸਭ ਤੋਂ ਵੱਡੀ ਖ਼ੂਬੀ ਮੈਂ ਇਸ ਕਰਕੇ ਮੰਨਦਾ ਹਾਂ ਕਿ ਇਸ ਜ਼ਮਾਨੇ ਵਿਚ ਬਹੁਤ ਹੀ ਥੋੜੇ ਲੋਕ ਹਨ ਜੋ ਸਾਫ ਅਤੇ ਖੁੱਲ੍ਹ ਕੇ ਕਹਿੰਦੇ ਹਨ। ਇਸ ਵਿਚ ਉਹ ਆਪਣੇ ਦੋਸਤ, ਪਰਿਵਾਰ ਦੀ ਵੀ ਚਿੰਤਾ ਨਹੀਂ ਕਰਦੇ ਸਨ ਕਿ ਇਹ ਗੱਲ ਕਿਸਨੂੰ ਪਸੰਦ ਹੈ ਕਿਸਨੂੰ ਨਹੀਂ। ਲੋਕ ਉਹਨੂੰ ਉਰਦੂ ਦਾ ਬਾਇਰਨ ਕਿਹਾ ਕਰਦੇ ਸਨ। ਉਹਦੇ ਸ਼ਿਅਰ ਹਰ ਕਿਸੇ ਦੇ ਦਿਲ ਨੂੰ ਧੂਹ ਪਾਉਂਦੇ ਸਨ। ਉਹਦੀਆਂ ਗਜ਼ਲਾਂ ਨੇ ਲੰਮੇ ਅਰਸੇ ਤੱਕ ਲੋਕਾਂ ਵਿਚ ਅਧਿਕਾਰ ਹੀ ਜਮਾ ਲਿਆ ਸੀ।
ਅਜਨਬੀ ਸ਼ਹਿਰ ਮੇਂ ਅਜਨਬੀ ਰਾਸਤੇ,
ਮੇਰੀ ਤਨਹਾਈਉਂ ਪਰ ਮੁਸਕਰਾਤੇ ਰਹੇ।
-----
ਮੈਂ ਬਹੁਤ ਦੇਰ ਤੱਕ ਯੂੰ ਹੀ ਚਲਤਾ ਰਹਾ,
ਤੁਮ ਬਹੁਤ ਦੇਰ ਤੱਕ ਯਾਦ ਆਤੇ ਰਹੇ।
----
ਜ਼ਖ਼ਮ ਜਬ ਭੀ ਕਭੀ ਮੇਰੇ ਦਿਲ ਪਰ ਲਗਾ,
ਜ਼ਿੰਦਗੀ ਕੀ ਤਰਫ਼ ਏਕ ਦਰੀਬਾ ਖੁਲਾ।
----
ਹਮ ਭੀ ਗੋਯਾ ਕਿਸੀ ਸਾਜ਼ ਕੇ ਤਾਰ ਹੈਂ,
ਚੋਟ ਖਾਤੇ ਰਹੇ, ਗੁਨਗੁਨਾਤੇ ਰਹੇ।
----
ਜਦੋਂ ਉਹ ਇਹ ਗਜ਼ਲ ਤਰੰਨੁੰਮ ਵਿਚ ਗਾਉਂਦੇ ਸਨ ਤਾਂ ਵਾਰ ਵਾਰ ਇਸੇ ਨੂੰ ਹੀ ਮੁੜ ਗਾਉਣ ਦੀ ਫ਼ਰਮਾਇਸ਼ ਹੁੰਦੀ ਸੀ ਅਤੇ ਲੋਕ ਕੀਲੇ ਜਾਂਦੇ ਸਨ। ਰਾਹੀ ਗਭਰੇਟ ਉਮਰ ਤੋਂ ਹੀ ਖੱਬੇ ਪੱਖੀ ਵਿਚਾਰਧਾਰਾ ਦੇ ਸਮਰਥਕ ਸਨ। ਉਹ ਇਕ ਅਗਾਂਹਵਧੂ ਕਵੀ ਦੇ ਤੌਰ ਤੇ ਜਾਣੇ ਜਾਂਦੇ ਸਨ। 1957 ਵਿਚ ਰਾਹੀ ਯੂਨੀਵਰਸਿਟੀ ਵਿਚ ਆਏ। ਇੱਥੇ ਸਟੂਡੈਂਟ ਫੈਡਰੇਸ਼ਨ ਨਾਲ ਸਰਗਰਮੀ ਨਾਲ ਜੁੜ ਗਏ। ਉਨ੍ਹਾਂ ਦਿਨਾਂ ਵਿਚ ਇਹ ਬਹੁਤ ਮਜਬੂਤ ਜਥੇਬੰਦੀ ਸੀ। ਵਿਚਾਰਾਂ ਵਿਚ ਤਿੱਖਾਪਨ ਅਤੇ ਸੇਧ ਤਾਂ ਉਨ੍ਹਾਂ ਅੰਦਰ ਬਚਪਨ ਤੋਂ ਹੀ ਸੀ। 1955 ਵਿਚ ਲਿਖੀ ਇਕ ਗਜ਼ਲ ਦਾ ਸ਼ਿਅਰ ਯਾਦ ਆ ਰਿਹਾ ਹੈ।
ਕਿਉਂਕਿ ਜ਼ਿੰਦਗੀ ਮੇਰੀ ਜ਼ੇਹਦ ਕੀ ਅਲਾਮਤ ਹੈ।
ਇਨਕਲਾਬੇ ਫਰਦਾ ਕੀ ਏਕ ਬੜੀ ਅਮਾਨਤ ਹੈ।
----
ਰਾਹੀ ਨਾਲ ਮੇਰੀ ਪਹਿਲੀ ਮੁਲਾਕਾਤ ਇਕ ਸਟੂਡੈਂਟ ਮੀਟਿੰਗ ਵਿਚ ਹੋਈ। ਉਨ੍ਹਾਂ ਦਿਨਾਂ ਵਿਚ ਉਹ ਸੱਭਿਅਚਾਰਕ ਫਰੰਟ ਦੇ ਇੰਚਾਰਜ ਸਨ। ਗਾਉਣ ਅਤੇ ਡਰਾਮੇ ਦੀ ਟੀਮ ਤਿਆਰ ਕਰ ਰਹੇ ਸਨ। ਉਨ੍ਹਾ ਦੇ ਨਾਲ ਹਕੀਮ ਮਹਿਬੂਬ ਆਲਮ, ਖ਼ਾਲਿਦ ਸੁਲਤਾਨ, ਬਾਕਰ ਮੁਸਤਫ਼ਾ ਵਰਗੇ ਰੰਗ ਕਰਮੀ ਜੁੜੇ ਹੋਏ ਸਨ। ਮੈਂ ਵੀ ਟੀਮ ਦਾ ਸਹਿਯੋਗੀ ਬਣ ਗਿਆ। ਇਸ ਫਰੰਟ ਦਾ ਮੁੱਖ ਉਦੇਸ਼ ਨਾਟਕ ਅਤੇ ਕਵਿਤਾ ਦੇ ਮਾਧਿਅਮ ਰਾਹੀਂ ਸੰਕੀਰਣਤਾ, ਕੁਰੀਤੀਆਂ, ਅੰਧਵਿਸ਼ਵਾਸਾਂ ਅਤੇ ਅਨਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰਿਤ ਕਰਨਾ ਸੀ ਅਤੇ ਰਾਜਨੀਤਕ ਗੱਲਾਂ ਵੀ ਇਸ ਮਾਧਿਅਮ ਰਾਹੀਂ ਕੀਤੀਆ ਜਾ ਸਕਦੀਆਂ ਸਨ।
----
ਅੱਜ ਵੀ ਮੈਂ ਇਹ ਹੀ ਮੰਨਦਾ ਹਾਂ ਕਿ ਸੱਭਿਆਚਾਰਕ ਖੜੋਤ ਤੋੜੇ ਬਿਨਾਂ ਅਗਾਂਹਵਧੂ ਰਾਜਨੀਤੀ ਕਰਨਾ ਅਸੰਭਵ ਹੈ। ਹਿੰਦੀ ਖੇਤਰ ਹੁਣ ਜਿਸ ਸੱਭਿਆਚਾਰ ਅਤੇ ਖੜੋਤ ਦਾ ਸ਼ਿਕਾਰ ਹੈ ਇਸ ਸਥਿਤੀ ਵਿਚ ਤਾਂ ਪਿਛਾਖੜੀ/ਵਿਨਾਸ਼ਕਾਰੀ ਰਾਜਨੀਤੀ ਹੀ ਸਰਗਰਮ ਹੋਵੇਗੀ। ਇਸ ਦਾ ਵਿਰੋਧ ਸੱਭਿਆਚਾਰਕ ਪੱਧਰ ਤੇ ਕੀਤਾ ਜਾਣਾ ਚਾਹੀਦਾ ਹੈ। ਸਾਡੀਆਂ ਗੋਸ਼ਟੀਆਂ ਸ਼ਾਮ ਵੇਲੇ ਜਾਵੇਦ ਕਮਾਲ ਦੀ ਕੈਨਟੀਨ ਤੇ ਹੁੰਦੀਆ ਸਨ।
----
ਜਾਵੇਦ ਕਮਾਲ ਖ਼ੁਦ ਵੀ ਉਰਦੂ ਦੇ ਸਮਰੱਥ ਕਵੀ ਤੇ ਵਿਅਕਤੀ ਸਨ। ਉਹ ਉਰਦੂ ਵਿਚ ਐਮ.ਏ ਕਰਨ ਤੋਂ ਬਾਅਦ ਕੈਨਟੀਨ ਚਲਾ ਰਹੇ ਸਨ। ਯੂਨੀਵਰਸਿਟੀ ਦੇ ਸਾਰੇ ਸਾਹਿਤਕਾਰ, ਰੰਗਕਰਮੀ, ਰਾਜਨੀਤਕ ਆਦਿ ਸਭ ਜਾਵੇਦ ਕਮਾਲ ਦੀ ਕੈਨਟੀਨ ਤੇ ਇਕੱਠੇ ਹੁੰਦੇ ਸਨ। ਇੱਥੇ ਸਾਹਿਤ, ਕਲਾ, ਦੇਸ-ਵਿਦੇਸ ਦੀ ਰਾਜਨੀਤੀ, ਯੂਨੀਵਰਸਿਟੀ ਵਿਚ ਚੱਲ ਰਹੇ ਵਰਤਾਰੇ, ਵਿਅਕਤੀ, ਸਮਾਜ ਅਤੇ ਸਕੈਂਡਲ ਆਦਿ ਮੁੱਖ ਚਰਚਾ ਵਿਚ ਹੁੰਦੇ ਸਨ। ਅਧਿਆਪਕ ਅਤੇ ਵਿਦਿਆਰਥੀ ਦੋਹਾਂ ਦਾ ਹੀ ਇਨ੍ਹਾਂ ਸ਼ਾਮ ਦੀਆਂ ਸਭਾਵਾਂ ਵਿਚ ਬਰਾਬਰ ਦਾ ਦਰਜਾ ਹੁੰਦਾ ਸੀ।
----
ਰਾਹੀ ਜਿੱਥੇ ਵੀ ਹੋਣ ਪ੍ਰਮੁੱਖ ਖਿੱਚ ਦਾ ਕੇਂਦਰ ਨਾ ਹੋਣ ਇਹ ਅਸੰਭਵ ਸੀ। ਸਾਹਿਤਕਾਰਾਂ ਵਿਚ ਖਲੀਲ-ਉਰ-ਰਹਿਮਾਨ ਆਜ਼ਮੀ, ਸ਼ਹਿਰਯਾਰ ਤਾਂ ਅਕਸਰ ਹੁੰਦੇ ਸਨ। ਕਦੇ ਕਦੇ ਜਜ਼ਬੀ ਸਾਹਿਬ, ਵਾਮਿਕ ਜੌਨਪੁਰੀ, ਡਾ: ਮੁਨੀਬਰ ਰਹਿਮਾਨ, ਵਰਗੇ ਉੱਘੇ ਸ਼ਾਇਰ ਵੀ ਸ਼ਾਮਲ ਹੁੰਦੇ ਸਨ। ਇਹ ਸਭ ਸੰਨ 1965 ਤੱਕ ਜਾਰੀ ਰਿਹਾ ਕਿਉਂਕਿ ਸੰਨ 1966 ਵਿਚ ਰਾਹੀ ਬੰਬਈ ਚਲੇ ਗਏ ਅਤੇ ਇਹ ਗੋਸ਼ਟੀਆਂ ਵੀ ਇਤਿਹਾਸ ਬਣ ਗਈਆਂ। ਅਸੀਂ ਇਨ੍ਹਾਂ ਨੂੰ ਗੱਪ ਗੋਸ਼ਟੀਆਂ ਦਾ ਨਾਮ ਦਿੱਤਾ ਸੀ।
----
ਸੰਨ 1962 ਵਿਚ ਇਕ ਦਿਨ ਰਾਹੀ ਨੂੰ ਮੈਂ ਬੜੀ ਗੰਭੀਰਤਾ ਨਾਲ ਕਿਹਾ ਕਿ ਕਦੋਂ ਤੱਕ ਤੁਸੀਂ ਗੁੰਮਨਾਮ ਨਾਵਲ ਲਿਖਦੇ ਰਹੋਗੇ, ਕਿਉਂ ਨਹੀਂ ਕੋਈ ਗੰਭੀਰ ਨਾਵਲ ਲਿਖਦੇ? ਤੁਹਾਡੇ ਕੋਲ ਜੋ ਭਾਸ਼ਾ-ਸ਼ੈਲੀ ਹੈ ਉਸਦਾ ਉਪਯੋਗ ਕਿਉਂ ਨਹੀਂ ਕਿਸੇ ਉੱਤਮ ਰਚਨਾ ਲਈ ਕਰਦੇ? ਉਨ੍ਹਾਂ ਨੇ ਕਿਹਾ, ਯਾਰ ਕੇ.ਪੀ ਛਾਪੇਗਾ ਕੌਣ? ਉਰਦੂ ਵਿਚ ਤਾਂ ਛਾਪਣ ਤੋਂ ਰਿਹਾ ਕੋਈ? ਮੈਂ ਕਿਹਾ ਲਿਖੋ ਤਾਂ ਸਈ ਕਿਧਰੇ ਨਾ ਕਿਧਰੇ ਛਪ ਜਾਏਗਾ। ਇਸ ਤਰ੍ਹਾਂ ‘ਆਧਾ ਗਾਂਵ’ ਦਾ ਲਿਖਣਾ ਹੌਲੀ ਹੌਲੀ ਸ਼ੁਰੂ ਹੋਇਆ। ਜਿੰਨਾ ਹਿੱਸਾ ਲਿਖਦੇ ਸਨ ਹਫਤੇ ਵਿਚ ਇਕ ਦਿਨ ਜਾਵੇਦ ਕਮਾਲ ਦੀ ਕੈਨਟੀਨ ’ਤੇ ਮਿੱਤਰ ਮੰਡਲੀ ਵਿਚ ਸੁਣਾ ਦਿੰਦੇ ਸਨ। ਉਸ ’ਤੇ ਬਹਿਸ ਹੁੰਦੀ ਸੀ। ਭਾਸ਼ਾ ਪਾਤਰ ਅਤੇ ਘਟਨਾਵਾਂ ਉੱਤੇ। ਰਾਹੀ ਬਹੁਤ ਧਿਆਨ ਨਾਲ ਸਵਾਲਾਂ ਨੂੰ ਸੁਣਦੇ ਸਨ ਤੇ ਹਰ ਸਵਾਲ ਦਾ ਜਵਾਬ ਦਿੰਦੇ ਸਨ ਅਤੇ ਜੋ ਗੰਭੀਰ ਸਵਾਲ ਹੁੰਦੇ ਸਨ ਜਿਨ੍ਹਾਂ ਦੇ ਉਸ ਸਮੇਂ ਉੱਤਰ ਨਹੀਂ ਸਨ ਉਨ੍ਹਾਂ ਨੂੰ ਰਾਹੀ ਨੋਟ ਕਰ ਲੈਂਦੇ ਸਨ ਅਤੇ ਬਾਅਦ ਵਿਚ ਵਿਚਾਰ ਕਰਕੇ ਜਰੂਰੀ ਸੁਧਾਈ ਅਤੇ ਸੁਧਾਰ ਵੀ ਕਰਦੇ ਸਨ। ਇਹ ਕੰਮ ਦੋ ਸਾਲ ਤੱਕ ਚਲਦਾ ਰਿਹਾ, ਇਸ ਤਰ੍ਹਾਂ ‘ਆਧਾ ਗਾਂਵ’ ਸੰਨ 1964 ਦੇ ਅੰਤ ਤੱਕ ਪੂਰਾ ਹੋ ਗਿਆ।
----
‘ਆਧਾ ਗਾਂਵ’ ਲਿਖਦਿਆਂ ਕਈ ਦਿਲਚਸਪ ਗੱਲਾਂ ਹੋਈਆਂ। ਇਸੇ ਦਰਮਿਆਨ ਮੈਂ ਵੀ ਉਸੇ ਮੰਜ਼ਿਲ ’ਤੇ ਰਾਹੀ ਸਾਹਿਬ ਕੋਲ ਰਹਿਣ ਲੱਗਾ। ਫੁੰਨਨ ਮੀਆਂ ਇਸ ਨਾਵਲ ਦੇ ਬਹੁਤ ਜਾਨਦਾਰ ਪਾਤਰ ਹਨ। ਹਿੰਦੀ ਨਾਵਲ ਵਿਚ ਅਜਿਹੇ ਪਾਤਰ ਆਜ਼ਾਦੀ ਤੋਂ ਬਾਅਦ ਘੱਟ ਹੀ ਦੇਖਣ ਨੂੰ ਮਿਲਦੇ ਹਨ। ਨਾਵਲ ਵਿਚ ਫੁੰਨਨ ਮੀਆਂ ਦੀ ਮੌਤ ਨੂੰ ਲੈ ਕੇ ਮੇਰੇ ਅਤੇ ਰਾਹੀ ਦੇ ਵਿਚਕਾਰ ਕਾਫ਼ੀ ਮੱਤਭੇਦ ਰਹੇ। ਮੇਰੀ ਰਾਇ ਸੀ ਕਿ ਫੁੰਨਨ ਮੀਆਂ ਨੂੰ ਮਰਨਾ ਨਹੀਂ ਚਾਹੀਦਾ ਅਤੇ ਰਾਹੀ ਕਹਿੰਦੇ ਸਨ ਕਿ ਫੁੰਨਨ ਮੀਆਂ ਦੀ ਭੂਮਿਕਾ ਖ਼ਤਮ ਹੋ ਗਈ ਹੈ ਤੇ ਕਹਾਣੀ ਦੀ ਮੰਗ ਦੇ ਅਨੁਸਾਰ ਤੁਸੀਂ ਫੁੰਨਨ ਮੀਆਂ ਨੂੰ ਜੀਊਂਦਾ ਨਹੀਂ ਰੱਖ ਸਕਦੇ। ਬਹਿਸ ਕਰਦੇ ਕਰਦੇ ਸਾਡੇ ਵਿਚਕਾਰ ਝਗੜਾ ਹੋਇਆ, ਤਿੰਨ ਦਿਨ ਤੱਕ ਇਕ ਵੀ ਸ਼ਬਦ ਨਾ ਲਿਖਿਆ ਗਿਆ ਅਤੇ ਨਾ ਹੀ ਅਸੀਂ ਕੋਈ ਗੱਲਬਾਤ ਕੀਤੀ।
-----
ਚੌਥੇ ਦਿਨ ਬੈਠ ਕੇ ਸਮਝੌਤਾ ਵਾਰਤਾ ਹੋਈ। ਰਾਹੀ ਨੇ ਕਿਹਾ ਕਿ ਫੁੰਨਨ ਮੀਆਂ ਨਾਲ ਮੇਰਾ ਵੀ ਬਹੁਤ ਮੋਹ ਹੈ। ਹੁਣ ਤੁਸੀਂ ਹੀ ਦੱਸੋ ਕਿ ਉਹਨੂੰ ਕਿਵੇਂ ਜੀਵਤ ਰੱਖਿਆ ਜਾ ਸਕਦਾ ਹੈ। ਮੈਂ ਨਿਰ-ਉੱਤਰ ਹੋ ਗਿਆ ਅਤੇ ਕਹਾਣੀ ਅੱਗੇ ਤੁਰੀ। ਫੁੰਨਨ ਹੀ ਸਨ ਜਿਨ੍ਹਾਂ ਨੇ ਅਜਾਦੀ ਤੋਂ ਬਾਅਦ ਭਾਰਤੀ ਰਾਜਨੀਤੀ ਵਿਚ ਫਿਰਕਾਪ੍ਰਸਤੀ ਵੱਲ ਇਸ਼ਾਰਾ ਕੀਤਾ ਸੀ। ਕਾਂਗਰਸ ਦੇ ਇਕ ਮੰਤਰੀ 1942 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਐਲਾਨ ਕਰਦੇ ਹਨ ਅਤੇ ਸਾਰੇ ਸ਼ਹੀਦਾਂ ਦਾ ਨਾਮ ਲੈਂਦੇ ਹਨ ਪਰ ਜਦੋਂ ਅੱਬਾਸ ਦਾ (ਜੋ ਉਸੇ ਥਾਂ ’ਤੇ ਪੁਲੀਸ ਦੀ ਗੋਲੀ ਦਾ ਸ਼ਿਕਾਰ ਹੋਇਆ ਸੀ) ਕੋਈ ਬੁਲਾਰਾ ਨਾਮ ਨਹੀਂ ਲੈਂਦਾ ਤਾਂ ਫੁੰਨਨ ਮੀਆਂ ਬਹੁਤ ਹੀ ਹੈਰਾਨ ਹੁੰਦੇ ਹਨ ਅਤੇ ਇਕ ਦਮ ਉੱਚੀ ਆਵਾਜ਼ ਵਿਚ ਕਹਿੰਦੇ ਹਨ – ‘ਇੱਥੇ ਤਾਂ ਸਾਡੇ ਅੱਬਾਸ ਵੀ ਮਰੇ ਸਨ’।
----
ਦੂਸਰਾ ਵਿਵਾਦ ਸਾਡੇ ਵਿਚਕਾਰ ‘ਆਧਾ ਗਾਂਵ’ ਵਿਚ ਆਉਂਦੀਆਂ ਗਾਲ੍ਹਾਂ ਨੂੰ ਲੈ ਕੇ ਸੀ। ਪਾਠਕ ਜਾਣਦੇ ਹਨ ਕਿ ਵਿਗੜੇ ਹੋਏ ਜਗੀਰਦਾਰ ਕਿਸ ਤਰ੍ਹਾਂ ਗਾਲ੍ਹਾਂ ਕਢਦੇ ਹਨ। ਉਹ ਇਸ ਅੰਦਰ ਮੂਲ਼ ਰੂਪ ਵਿਚ ਮੌਜੂਦ ਹਨ। ਪੂਰੇ ਲਿਖਣ ਸਮੇਂ ਦੌਰਾਨ ਇਸ ’ਤੇ ਵਾਰ ਵਾਰ ਵਿਵਾਦ ਰਿਹਾ ਕਿ ਕੀ ਗਾਲ੍ਹਾਂ ਇਸ ਕਥਾ ਦਾ ਹਿੱਸਾ ਹਨ। ਇਸ ਬਹਿਸ ਦਾ ਇਹ ਨਤੀਜਾ ਹੋਇਆ ਕਿ ਜਿੱਥੇ ਕਿਤੇ ਵੀ ਗੈਰ ਜ਼ਰੂਰੀ ਗਾਲ੍ਹਾਂ ਦੀ ਵਰਤੋਂ ਹੈ ਉਹ ਦੂਜੀ ਵਾਰ ਤਿਆਰ ਕੀਤੇ ਖਰੜੇ ਵਿਚ ਘਟਾ ਦਿੱਤੀ ਗਈ। ਮੈਂ ਅੱਜ ਮਹਿਸੂਸ ਕਰਦਾ ਹਾਂ ਕਿ ਇਹ ਗਾਲ੍ਹਾਂ ਕਹਾਣੀ ਦਾ ਜ਼ਰੂਰੀ ਅੰਗ ਹਨ। ਇਹ ਪਾਤਰਾਂ ਨੂੰ ਵਧੇਰੇ ਪ੍ਰਭਾਵਿਤ ਅਤੇ ਸਾਰਥਕ ਬਣਾਉਂਦੀਆਂ ਹਨ। ਜਿਨ੍ਹਾਂ ਦਾ ਜੀਵਨ ਖ਼ੁਦ ਇਕ ਘਟੀਆ ਗਾਲ੍ਹ ਤੋਂ ਵੱਧ ਨਹੀਂ ਹੈ। ਅਜਿਹੇ ਪੌਂਗਾ ਪੰਡਿਤਾਂ ਨੇ ਜੋਧਪੁਰ ਯੂਨੀਵਰਸਿਟੀ ਵਿਚ ‘ਆਂਧਾ ਗਾਂਵ’ ਦੇ ਖ਼ਿਲਾਫ਼ ਘਟੀਆ ਪ੍ਰਚਾਰ ਕਰਕੇ ਇਸ ਨਾਵਲ ਨੂੰ ਅਸ਼ਲੀਲ ਸਿੱਧ ਕਰਨ ਦਾ ਅਸਫਲ ਜਤਨ ਕੀਤਾ।
----
ਅਸਲ ਵਿਚ ਇਹ ਆਪਣੀ ਅਸ਼ਲੀਲ ਰਾਜਨੀਤੀ ਨੂੰ ਲੁਕਾਉਣ ਦਾ ਤਲਿੱਸਮੀ ਤਰੀਕਾ ਸੀ। ‘ਆਧਾ ਗਾਂਵ’ ਦਾ ਕੁੱਝ ਹਿੱਸਾ ਫਾਰਸੀ ਲਿੱਪੀ ਤੋਂ ਮੈਂ ਅਤੇ ਰਾਹੀ ਨੇ ਦੇਵਨਾਗਰੀ ਵਿਚ ਕਰਕੇ ਤਜੁਰਬੇ ਵਜੋਂ ਉਸ ਸਮੇਂ ਦੀ ਪਰਸਿੱਧ ਪੱਤ੍ਰਿਕਾ ‘ਗਿਆਨੋਦੋਯ’ ਨੂੰ ਭੇਜ ਦਿੱਤਾ। ਇਹ ਹਿੱਸਾ ਸੰਪਾਦਕ ਨੂੰ ਬਹੁਤ ਪਸੰਦ ਆਇਆ, ਉਨ੍ਹਾਂ ਨੇ ‘ਗਿਆਨੋਦੋਯ’ ਵਿਚ 1965 ਦੇ ਸ਼ੁਰੂ ’ਚ ਪ੍ਰਮੁੱਖਤਾ ਨਾਲ ਇਸਨੂੰ ਛਾਪਿਆ। ਇਸ ਨਾਲ ਰਾਹੀ ਬਹੁਤ ਉਤਸ਼ਾਹਿਤ ਹੋਏ। ਉਰਦੂ ਦਾ ਇਸਤੋਂ ਪੂਰਾ ਲਿੱਪੀਅੰਤਰ ਕੀਤਾ ਗਿਆ। ਅਪਰੈਲ 1965 ਵਿਚ ਕਮਲੇਸ਼ਵਰ ਲਖਨਊ ਆਏ ਸਨ। ਮੈਂ ਕਮਲੇਸ਼ਵਰ ਨੂੰ ਕਿਹਾ ਕਿ ਰਾਹੀ ਨੇ ਬਹੁਤ ਚੰਗਾ ਨਾਵਲ ਲਿਖਿਆ ਹੈ। ਇਕ ਦਮ ਵੱਖਰਾ, ਹਿੰਦੀ ਵਿਚ ਇਸ ਵਿਸ਼ੇ-ਵਸਤੂ ’ਤੇ ਹੁਣ ਤੱਕ ਕੋਈ ਨਾਵਲ ਨਹੀਂ ਹੈ। ਭਾਸ਼ਾ ਅਤੇ ਸ਼ਿਲਪ ਦੀ ਦ੍ਰਿਸ਼ਟੀ ਤੋਂ ਵੀ ਅਦਭੁੱਤ ਹੈ। ਹਿੰਦੀ ਦੇ ਪਾਠਕਾਂ ਨੂੰ ਪਸੰਦ ਆਵੇਗਾ।
----
ਕਮਲੇਸ਼ਵਰ ਨੇ ਕੁੱਝ ਹਿੱਸੇ ਸੁਣੇ। ਰਾਹੀ ਨਾਲ ਗੱਲਬਾਤ ਕੀਤੀ ਅਤੇ ਉਸੇ ਦਿਨ ਖਰੜਾ ਲੈ ਕੇ ਦਿੱਲੀ ਚਲੇ ਗਏ। 1966 ਵਿਚ ‘ਅਕਸ਼ਰ’ ਪ੍ਰਕਾਸ਼ਨ ਵਲੋਂ ਨਾਵਲ ਪ੍ਰਕਾਸ਼ਿਤ ਹੋਇਆ। ਹਿੰਦੀ ਦੇ ਪਾਠਕਾਂ ਅਤੇ ਅਧਿਆਪਕਾਂ ਨੇ ਇਸ ਦਾ ਭਰਪੂਰ ਸਵਾਗਤ ਕੀਤਾ। ਪ੍ਰਮੁੱਖ ਅਖਬਾਰਾਂ, ਰਸਾਲਿਆਂ ਵਿਚ ਇਸ ਦੀ ਵੱਡੇ ਪੱਧਰ ਤੇ ਚਰਚਾ ਹੋਈ। ਇਕ ਸਾਲ ਵਿਚ ਹੀ ਰਾਹੀ ਹਿੰਦੀ ਦੇ ਪ੍ਰਮੁੱਖ ਨਾਵਲਕਾਰ ਬਣ ਗਏ। ਪ੍ਰਕਾਸ਼ਕਾਂ ਦੀ ਸਿਆਸਤ ਦੇ ਕਾਰਨ ਇਹਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਨਹੀਂ ਮਿਲਿਆ। ਪਰ ਨਿਰਵਿਵਾਦ ਰੂਪ ਵਿਚ ਹਿੰਦੀ ਦੇ ਦਸ ਵਧੀਆ ਨਾਵਲਾਂ ਵਿਚ ‘ਆਧਾ ਗਾਂਵ’ ਇਕ ਹੈ।
----
1965 ਦੀ ਇਕ ਦਿਲਚਸਪ ਘਟਨਾ ਦਾ ਜ਼ਿਕਰ ਕਰਨਾ ਰਾਹੀ ਨੂੰ ਸਮਝਣ ਵਾਸਤੇ ਜ਼ਰੂਰੀ ਹੈ। ਹਿੰਦੁਸਤਾਨ-ਪਾਕਿਸਤਾਨ ਦੇ ਦਰਮਿਆਨ ਭਿਆਨਕ ਜੰਗ ਛਿੜੀ ਸੀ । ਰਾਹੀ ਜੰਗ ਲਈ ਪਾਕਿਸਤਾਨ ਦੇ ਫੌਜੀ ਤਾਨਾਸ਼ਾਹਾਂ ਨੂੰ ਪੂਰਨ ਰੂਪ ਵਿਚ ਜ਼ਿੰਮੇਵਾਰ ਸਮਝਦੇ ਸਨ ਅਤੇ ਖੁੱਲ੍ਹ ਕੇ ਇਹ ਗੱਲ ਯੂਨਵਿਰਸਿਟੀ ਵਿਚ ਕਹਿੰਦੇ ਸਨ ਕਿ ਪਾਕਿਸਤਾਨ ਦੇ ਲੋਕਾਂ ਵਾਸਤੇ ਫੋਜੀ ਤਾਨਾਸ਼ਾਹਾਂ ਦੀ ਹਾਰ ਜ਼ਰੂਰੀ ਹੈ। ਮੇਰੀ ਰਾਇ ਸੀ ਕਿ ਜੰਗ ਨਾਲ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ, ਇਸ ਕਰਕੇ ਸਾਨੂੰ ਸਭ ਨੂੰ ਮਿਲ ਕੇ ਸ਼ਾਂਤੀ ਦਾ ਜਤਨ ਕਰਨਾ ਚਾਹੀਦਾ ਹੈ। ਜੰਗ ਦੇ ਦਿਨਾਂ ਵਿਚ ਇਸ ਸਵਾਲ ’ਤੇ ਸਾਡੇ ਵਿਚਕਾਰ ਦੇਰ ਤੱਕ ਵਿਵਾਦ ਹੁੰਦਾ ਰਿਹਾ। ਰਾਹੀ ਦੀ ਦਲੀਲ ਸੀ ਕਿ ਧਰਮ ਦੇ ਅਧਾਰ ’ਤੇ ਨਾ ਦੇਸ਼ ਚੱਲ ਸਕਦਾ ਹੈ ਨਾ ਰਾਜਨੀਤੀ। ਪਾਕਿਸਤਾਨ ਦੇ ਹਾਕਮ ਦੋਵੇਂ ਕੰਮ ਕਰ ਰਹੇ ਹਨ।
----
1965 ਵਿਚ ਹੀ ਉਨ੍ਹਾਂ ਨੇ ਪਰਮਵੀਰ ਚੱਕਰ ਅਬਦੁੱਲ ਹਮੀਦ ਦੀ ਜੀਵਨੀ ਲਿਖੀ “ਛੋਟੇ ਆਦਮੀ ਦੀ ਵੱਡੀ ਕਹਾਣੀ” ਕਿਸੇ ਸਧਾਰਨ ਆਦਮੀ ਦੀ ਕਿਸੇ ਪ੍ਰਸਿੱਧ ਲੇਖਕ ਵਲੋਂ ਲਿਖੀ ਗਈ ਇਹ ਮਹੱਤਵਪੂਰਨ ਜੀਵਨੀ ਹੈ। ਉਨ੍ਹਾਂ ਦਿਨਾਂ ਵਿਚ ਹੀ ਰਾਹੀ ਨੇ ਇਕ ਕਵਿਤਾ ਲਿਖੀ “ਸਭ ਤੋਂ ਛੋਟੀ ਘੱਟਗਿਣਤੀ” ਰਾਹੀ ਨੂੰ ਇਹ ਕਵਿਤਾ ਬਹੁਤ ਪਿਆਰੀ ਸੀ । ਉਹ ਵਾਰ ਵਾਰ ਇਸ ਕਵਿਤਾ ਨੂੰ ਦੁਹਰਾਉਂਦੇ ਸਨ, ਕਹਿੰਦੇ ਸਨ ਕਿ ਸਭ ਤੋਂ ਛੋਟੀ ਘੱਟ-ਗਿਣਤੀ ਹਿੰਦੁਸਤਾਨੀਆਂ ਦੀ ਹੈ। ਲੋਕ ਹਿੰਦੂ ਹਨ, ਸਿੱਖ ਹਨ, ਈਸਾਈ ਹਨ, ਬੰਗਾਲੀ ਹਨ, ਪੰਜਾਬੀ ਹਨ, ਮਰਾਠੀ ਹਨ ਪਰ ਹਿੰਦੁਸਤਾਨੀਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਘੱਟ ਹੁੰਦੀ ਜਾ ਰਹੀ ਹੈ।
ਨਾਗਫਨੀ ਕੇ ਇਸ ਜੰਗਲ ਮੇਂ
ਜੈਸੇ ਹਰਸਿੰਗਾਰ ਕੀ ਕੋਂਪਲ
----
ਰਾਹੀ ਦਾ ਵਿਚਾਰ ਸੀ ਕਿ ਖ਼ੂਬਸੂਰਤ ਫੁੱਲਾਂ ਦੀ ਥਾਂ ਝਾੜ ਬੂਟੇ ਲੈ ਰਹੇ ਹਨ। ਅਜਿਹੇ ਜੰਗਲ਼ ਨੂੰ ਅੱਗੇ ਵਧਣੋ ਰੋਕੇ ਬਿਨ੍ਹਾ ਭਾਰਤ ਦੀ ਏਕਤਾ, ਅਖੰਡਤਾ ਅਤੇ ਸੱਭਿਆਚਾਰ ਦੀ ਰਾਖੀ ਨਹੀਂ ਹੋ ਸਕਦੀ। ਲੋਕ ਹੈਰਾਨ ਹੁੰਦੇ ਹਨ ਅਤੇ ਮੌਤ ਤੋਂ ਬਾਅਦ ਉਰਦੂ ਦੇ ਅਨੇਕ ਲੋਕਾਂ ਨੇ ਕਿਹਾ ਵੀ ਹੈ ਕਿ ਉਰਦੂ ਵਿਭਾਗ ਵਿਚ ਰਾਹੀ ਨਾਲ ਜੋ ਹੋਇਆ, ਦੂਸਰੇ ਸਥਾਨਾਂ ’ਤੇ ਇਸ ਨਾਲ ਮਿਲਦੀਆਂ ਜੁਲਦੀਆਂ ਘਟਨਾਵਾਂ ਹੋਰ ਪ੍ਰਤਿਭਾਵਾਨ ਅਧਿਆਪਕਾਂ ਅਤੇ ਸਾਹਿਤਕਾਰਾਂ ਨਾਲ ਆਏ ਦਿਨ ਹੁੰਦੀਆਂ ਰਹਿੰਦੀਆਂ ਹਨ। ਅਸਲ ਵਿਚ ਸਾਡੇ ਵਿਸ਼ਵ ਵਿਦਿਆਲਿਆਂ ਵਿਚ ਪਿੱਛੇ ਦੇ ਦਰਵਾਜ਼ੇ ਰਾਹੀਂ ਚਤਰਾਈ (ਤਿਕੜਮਬਾਜ਼ੀ) ਅਤੇ ਸਿਫਾਰਸ਼ ਨਾਲ ਜੋ ਲੋਕ ਪਹੁੰਚਦੇ ਹਨ ਉਹ ਇਕ ਕਿਸਮ ਦੀ ਹੀਣ ਭਾਵਨਾ ਨਾਲ ਸਦਾ ਹੀ ਪੀੜਤ ਰਹਿੰਦੇ ਸਨ। ਉਹ ਆਪਣੇ ਤੋਂ ਅੱਗੇ, ਬਰਾਬਰ ਜਾਂ ਉਨ੍ਹਾਂ ਦੀ ਹਸਤੀ ਨੂੰ ਚੁਣੌਤੀ ਦੇਣ ਵਾਲੇ ਕਿਸੇ ਵਿਅਕਤੀ ਨੂੰ ਵਿਭਾਗ ਵਿਚ ਨਹੀਂ ਆਉਣ ਦਿੰਦੇ।
----
ਰਾਹੀ ਅਸਥਾਈ ਅਧਿਆਪਕ ਸਨ ਪਰ ਆਪਣੀ ਪ੍ਰਤਿਭਾ ਅਤੇ ਸ਼ੋਹਰਤ ਵਿਚ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੋਂ ਦੋ ਕਦਮ ਅੱਗੇ ਸਨ। ਯੂਨੀਵਰਸਿਟੀ ਦੇ ਉਸ ਵੇਲੇ ਦੇ ਉਪ-ਕੁਲਪਤੀ ਬਦਰੂਦੀਨ ਤਈਅਬ ਉਨ੍ਹਾਂ ਦੀ ਪ੍ਰਤਿਭਾ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਦਾ ਬਹੁਤ ਸਨਮਾਨ ਕਰਦੇ ਸਨ। ਬਜ਼ੁਰਗਾਂ ਵਾਸਤੇ ਇਹ ਵੀ ਇਕ ਈਰਖਾ ਦਾ ਕਾਰਨ ਸੀ। ਪਰ ਉਨ੍ਹਾਂ ਦਾ ਹਿੰਦੀ ਵਿਚ ਆਉਣ ਦਾ ਕਿੱਸਾ ਬਿਲਕੁੱਲ ਵੱਖਰਾ ਹੈ। ਜਦੋਂ ਉਹ ਖੋਜ ਕਰ ਰਹੇ ਸਨ ਉਦੋਂ ਹੀ ਉਨ੍ਹਾਂ ਨੇ ਅਨੁਭਵ ਕੀਤਾ ਸੀ ਕਿ ਉਰਦੂ ਨੇ ਜੇ ਭਾਸ਼ਾ ਦੇ ਰੂਪ ਵਿਚ ਜੀਵਤ ਰਹਿਣਾ ਹੈ ਤਾਂ ਇਸਨੂੰ ਦੇਵਨਾਗਰੀ ਲਿੱਪੀ ਅਪਨਾਉਣੀ ਪਵੇਗੀ। ਇਹ ਬਹਿਸ ਉਨ੍ਹਾਂ ਨੇ 1960 ਵਿਚ ਹੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਰਦੂ ਵਾਲਿਆਂ ਦਾ ਡਰ ਵਿਅਰਥ ਹੈ ਕਿ ਲਿੱਪੀ ਬਦਲਣ ਨਾਲ ਭਾਸ਼ਾ ਖਤਮ ਹੋ ਜਾਂਦੀ ਹੈ। ਜੇ ਅਜਿਹਾ ਹੁੰਦਾ ਤਾਂ ਮਰਾਠੀ ਅਤੇ ਨੇਪਾਲੀ ਦੇਵਨਾਗਰੀ ਵਿਚ ਲਿਖੀਆਂ ਜਾਂਦੀਆਂ ਹਨ ਅਤੇ ਵੱਖਰੀਆਂ ਭਾਸ਼ਾਵਾਂ ਦੇ ਰੂਪ ਵਿਚ ਉਨ੍ਹਾਂ ਦੀ ਪਹਿਚਾਣ ਹੈ ਅਤੇ ਵਿਕਾਸ ਹੋਇਆ ਹੈ।
----
ਕਸ਼ਮੀਰੀ, ਸਿੰਧੀ ਅਤੇ ਪਾਕਿਸਤਾਨ ਵਿਚ ਪੰਜਾਬੀ , ਫਾਰਸੀ ਲਿੱਪੀ ਵਿਚ ਲਿਖੀ ਜਾਂਦੀ ਹੈ ਤਾਂ ਇੰਜ ਭਾਸ਼ਾ ਦੀ ਪਹਿਚਾਣ ਤਾਂ ਖਤਮ ਨਹੀਂ ਹੋ ਜਾਂਦੀ। ਦਰਅਸਲ ਦੇਵਨਾਗਰੀ ਵਿਚ ਉਰਦੂ ਸਾਹਿਤ ਆ ਜਾਵੇਗਾ ਅਤੇ ਇਹਨੂੰ ਕਰੋੜਾਂ ਪਾਠਕ ਮਿਲਣਗੇ ਇਸ ਤਰ੍ਹਾਂ ਉਰਦੂ ਸਾਹਿਤ ਵੱਡੇ ਪਾਠਕ ਵਰਗ ਤੱਕ ਪਹੁੰਚੇਗਾ। ਉਸਦਾ ਸੀਮਤ ਸੰਸਾਰ ਸਮਾਪਤ ਹੋ ਜਾਵੇਗਾ ਅਤੇ ਖੜੋਤ ਵੀ ਖ਼ਤਮ ਹੋਵੇਗੀ। ਉਰਦੂ ਵਿਚ ਉਨ੍ਹਾਂ ਦੀ ਇਸ ਗੱਲ ’ਤੇ ਤਿੱਖਾ ਵਿਰੋਧ ਹੋਇਆ। ਉਨ੍ਹਾਂ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਏ ਗਏ ਅਤੇ ਇਹ ਵੀ ਕਿਹਾ ਗਿਆ ਕਿ ਰਾਹੀ ਮੌਕਾਪ੍ਰਸਤੀ ਕਰ ਰਹੇ ਹਨ ਅਤੇ ਸਸਤੀ ਸ਼ੋਹਰਤ ਪਰਾਪਤ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਪਰ ਰਾਹੀ ਇਕ ਵਿਸ਼ਾਲ ਅਸੂਲੀ ਸਿਧਾਂਤ ਦੇ ਅਧਾਰ ’ਤੇ ਇਹ ਗੱਲ ਕਰ ਰਹੇ ਸਨ। ਉਹ ਇਹ ਮਹਿਸੂਸ ਕਰ ਰਹੇ ਸਨ ਕਿ ਇਸ ਨਾਲ ਭਾਸ਼ਾ ਦੀ ਸਿਆਸਤ ਕਰਨ ਵਾਲੇ ਸਵਾਰਥੀ ਹਿੱਤ ਕਮਜ਼ੋਰ ਹੋਣਗੇ।
----
24 ਨਵੰਬਰ 1991 ਨੂੰ ਰਾਹੀ ਆਖਰੀ ਵਾਰ ਅਲੀਗੜ੍ਹ ਆਏ। ਇਸ ਵਾਰ ਆਪਣੇ ਨਾਲ ਉਹ ਇਕ ਨਵਾਂ ਸੁਝਾਅ ਲਿਆਏ “ਸਿਨਮੇ ਨੂੰ ਸਾਹਿਤਕ ਪਾਠਕ੍ਰਮ ਦਾ ਅੰਗ ਬਣਾਇਆ ਜਾਣਾ ਚਾਹੀਦਾ”। ਅਸੀਂ ਸਾਰੇ ਫਿਲਮਾਂ ’ਤੇ ਚਰਚਾ ਕਰਦੇ ਹਾਂ। ਉਨ੍ਹਾਂ ਦੇ ਨੀਵੇਂ ਪੱਧਰ ’ਤੇ ਨੱਕ-ਮੂੰਹ ਚਾੜ੍ਹਦੇ ਹਾਂ। ਪਰ ਸਾਡੀਆਂ ਯੂਨੀਵਰਸਿਟੀਆਂ ਇਸ ਪਾਸੇ ਵਿਸ਼ੇਸ਼ ਪੱਧਰ ’ਤੇ ਗੰਭੀਰ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਫਿਲਮ ਅਜਿਹਾ ਸ਼ਕਤੀਸ਼ਾਲੀ ਮਾਧਿਅਮ ਹੈ ਜੋ ਹਰ ਇਕ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਨੱਕ-ਮੂੰਹ ਚੜ੍ਹਾਉਣ ਨਾਲ ਜਾਂ ਸਿਨਮੇ ਨੂੰ ਅਛੂਤ ਮੰਨਣ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ।
----
ਅੱਜ ਸਿਨਮਾ ਛਪੀਆਂ ਹੋਈਆਂ ਕਿਤਾਬਾਂ ਅਤੇ ਰਸਾਲਿਆਂ ਤੋਂ ਕਈ ਗੁਣਾ ਵੱਧ ਸ਼ਕਤੀਸ਼ਾਲੀ ਹੈ। ਇਸ ਕਰਕੇ ਯੂਨੀਵਰਸਿਟੀਆਂ ਨੂੰ ਗੰਭੀਰ ਰੂਪ ਵਿਚ ਇਸ ਪਾਸੇ ਸੋਚਣਾ ਚਾਹੀਦਾ ਹੈ। ਹੁਣ ਉਹ ਸਿਨਮੇ ਨੂੰ ਆਪਣੇ ਪਾਠਕ੍ਰਮਾ ਵਿਚ ਸ਼ਾਮਲ ਕਰਨ। ਉਨ੍ਹਾਂ ਨੇ ਬਹਿਸ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ‘ਪੱਤਰਕਾਰੀ ਅਤੇ ਖੇਡਾਂ ਵੀ ਕਦੇ ਸਾਡੇ ਪਾਠਕ੍ਰਮਾਂ ਦਾ ਹਿੱਸਾ ਨਹੀਂ ਸਨ ਪਰ ਅੱਜ ਉਹ ਵੀ ਪਾਠਕ੍ਰਮਾ ਦੇ ਹਿੱਸੇ ਹਨ’। ਹਮੇਸ਼ਾ ਵਾਂਗ ਸ਼ਾਮ ਨੂੰ ਜਦੋਂ ਉਹ ਘਰ ਆਏ ਤਾਂ ਹਿੰਦੀ-ਉਰਦੂ ਪਾਠਕ੍ਰਮ ’ਤੇ ਮੇਰੇ ਨਾਲ ਬਹੁਤ ਦੇਰ ਤੱਕ ਗੱਲਾਂ ਕਰਦੇ ਰਹੇ। ਉਨ੍ਹਾਂ ਕਿਹਾ –“ਯਾਰ! ਉਰਦੂ ਵਾਲੇ ਨਹੀਂ ਕੁੱਝ ਕਰਦੇ ਤਾਂ ਤੁਸੀਂ ਹੀ ਕੁੱਝ ਕਰੋ। ਉਰਦੂ ਦੇ ਕਵੀਆਂ ਨੂੰ ਹਿੰਦੀ ਵਿਚ ਪੜ੍ਹਾਉਣਾ ਸ਼ੁਰੂ ਕਰੋ। ਹਿੰਦੀ ਵਾਲਿਆਂ ਦੀ ਇਹ ਬੜੀ ਬੇਈਮਾਨੀ ਵਾਲੀ ਗੱਲ ਹੈ ਕਿ ਉਹ ਉਰਦੂ ਨੂੰ ਹਿੰਦੀ ਦੀ ਇਕ ਸ਼ੈਲੀ ਤਾਂ ਮੰਨਦੇ ਹਨ ਅਤੇ ਮੈਂ ਵੀ ਮੰਨਦਾ ਹਾਂ ਕਿ ਉਰਦੂ ਹਿੰਦੀ ਦੀ ਇਕ ਸ਼ੈਲੀ ਹੈ। ਇਹ ਗੱਲ ਲੋਕ ਪੰਜਾਹ ਸਾਲ ਤੋਂ ਕਹਿ ਰਹੇ ਹਨ। ਪਰ ਵਿਹਾਰ ਵਿਚ ਕਿਸੇ ਵੀ ਯੂਨੀਵਰਸਿਟੀ ਨੇ ਉਰਦੂ ਦੇ ਸਾਹਿਤਕਾਰਾਂ ਨੂੰ ਆਪਣੇ ਪਾਠਕ੍ਰਮਾਂ ਵਿਚ ਸ਼ਾਮਲ ਨਹੀਂ ਕੀਤਾ। ਤੁਸੀਂ ਰਾਜਸਥਾਨੀ, ਬ੍ਰਿਜ, ਅਵਧੀ, ਭੋਜਪੁਰੀ ਤੇ ਮੈਥਿਲੀ ਆਦਿ ਦੇ ਕਵੀਆਂ ਨੂੰ ਆਪਣੇ ਪਾਠਕ੍ਰਮਾਂ ਵਿਚ ਪੜ੍ਹਾ ਰਹੇ ਹੋ ਤਾਂ ਵਲੀ ਦੱਖਣੀ, ਮੀਰ, ਅਨੀਸ, ਗਾਲਿਬ ਤੇ ਨਜ਼ੀਰ ਅਕਬਰਾਵਾਦੀ ਨੂੰ ਜੋ ਉਨ੍ਹਾਂ ਦੇ ਮੁਕਾਬਲੇ ਵਧੇਰੇ ਸੌਖੇ ਹਨ, ਕਿਉਂ ਨਹੀਂ ਪੜ੍ਹਾਉਂਦੇ? ਅਸਲ ਵਿਚ ਇਕ ਅਜਿਹਾ ਪਾਠਕ੍ਰਮ ਤਿਆਰ ਕੀਤਾ ਜਾਣਾ ਚਾਹੀਦਾ ਹੈ ਜਿਸ ਵਿਚ ਉਰਦੂ ਦੇ ਇਨ੍ਹਾਂ ਪ੍ਰਸਿੱਧ ਲੇਖਕਾਂ ਦੀਆਂ ਪ੍ਰਤੀਨਿੱਧ ਰਚਨਾਵਾਂ ਬਾਰੇ ਜਾਣਕਾਰੀ ਵਿਦਿਆਰਥੀਆਂ ਨੂੰ ਮਿਲ ਸਕੇ। ਦੀਵਾਰਾਂ ਨੂੰ ਤੋੜਨ ਦਾ ਇਸ ਤੋਂ ਬਿਨਾ ਕੋਈ ਤਰੀਕਾ ਨਹੀਂ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇਸ ਕੰਮ ਵਿਚ ਸਹਿਯੋਗ ਦੇ ਸਕਦੇ ਸੀ ਪਰ ਤੁਸੀਂ ਇੰਨੇ ਰੁੱਝੇ ਹੋਏ ਹੋ ਕਿ ਚਾਹੁੰਦੇ ਹੋਏ ਵੀ ਤੁਸੀਂ ਕੁੱਝ ਨਹੀਂ ਕਰ ਰਹੇ। ਉਹ ਗੰਭੀਰ ਹੋ ਕੇ ਮੈਨੂੰ ਕਹਿਣ ਲੱਗੇ – ਇਹ ਕੰਮ ਤਾਂ ਪਹਿਲ ਦੇ ਅਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ।
----
ਰਾਹੀ ਜ਼ਿੱਦੀ ਸੁਭਾਅ ਦੇ ਸਨ। ਇਕ ਗੱਲ ਯਾਦ ਆ ਰਹੀ ਹੈ। ਜਦੋਂ ਬੀ. ਆਰ. ਚੋਪੜਾ ਨੇ ਉਨ੍ਹਾਂ ਨੂੰ ਮਹਾਂਭਾਰਤ ਦੀ ਪਟਕਥਾ ਲਿਖਣ ਲਈ ਕਿਹਾ ਤਾਂ ਉਨ੍ਹਾਂ ਜਵਾਬ ਦੇ ਦਿੱਤਾ ਕਿ ਕਿਸੇ ਹੋਰ ਤੋਂ ਲਿਖਵਾ ਲਉ। ਇਕ ਦਿਨ ਉਹ (ਬੀ.ਆਰ.ਚੋਪੜਾ) ਆਪਣੇ ਨਾਲ ਇਕ ਖ਼ਤ ਲੈ ਕੇ ਆਏ ਜੋ ਇਕ ਉੱਘੇ ਪਾਰਲੀਮੈਂਟ ਮੈਂਬਰ ਦਾ ਸੀ ਜਿਸ ਵਿਚ ਲਿਖਿਆ ਹੋਇਆ ਸੀ ਕਿ ਤੁਹਾਨੂੰ ਮੁਸਲਮਾਨ ਹੀ ਮਿਲਿਆ ਹੈ ਮਹਾਂਭਾਰਤ ਦੀ ਪਟਕਥਾ ਲਿਖਣ ਵਾਸਤੇ। ਬਸ! ਫੇਰ ਕੀ ਸੀ। ਇਹ ਗੱਲ ਰਾਹੀ ਦੇ ਮਨ ਨੂੰ ਲੱਗ ਗਈ। ਉਸੇ ਵੇਲੇ ਉਨ੍ਹਾਂ ਨੇ ਚੋਪੜਾ ਜੀ ਨੂੰ ਕਿਹਾ ਕਿ ਹੁਣ ਰਾਹੀ ਹੀ ਪਟਕਥਾ ਲਿਖੇਗਾ। ਮਹਾਂਭਾਰਤ ਬਾਰੇ ਸਾਰੇ ਹੀ ਗ੍ਰੰਥ ਜਿੱਥੋਂ ਵੀ ਮਿਲੇ ਮੰਗਵਾਏ। ਉਨ੍ਹਾਂ ਨੂੰ ਪੜ੍ਹਿਆ, ਸਮਝਿਆ। ਰਾਹੀ ਕਹਿੰਦੇ ਸਨ ਕਿ ਮਹਾਂਭਾਰਤ ਮੇਰੇ ਸੱਭਿਆਚਾਰ ਦਾ ਹਿੱਸਾ ਹੈ ਤਾਂ ਮੈਂ ਕਿਉਂ ਨਹੀਂ ਪੜ੍ਹ ਸਕਦਾ ਇਹਦੇ ਬਾਰੇ।
----
ਉਨ੍ਹਾਂ ਦਾ ਸਭ ਤੋਂ ਵੱਡਾ ਤੇ ਔਖਾ ਕੰਮ ਸੀ ‘ਮਹਾਂਭਾਰਤ’ ਦੀ ਪਟਕਥਾ ਲਿਖਣੀ। ਕਈ ਵਾਰ ਮਹਾਂਭਾਰਤ ਦੇ ਪ੍ਰਸੰਗਾਂ ਬਾਰੇ ਸਾਡੀ ਆਪਸ ਵਿਚ ਗੱਲਬਾਤ ਹੋਈ ਮੇਰੇ ਵਲੋਂ ਦਿੱਤੇ ਸੁਝਾਅ ਉਨ੍ਹਾਂ ਨੇ ਸਵੀਕਾਰ ਕੀਤੇ। ਪੁਰਾਤਨ ਢਾਂਚੇ ਲਈ ਉਹ ਪੰਡਿਤ ਨਰੇਂਦਰ ਸ਼ਰਮਾ ਨੂੰ ਮਿਲਦੇ ਸਨ। ਖਾਸ ਕਰਕੇ ਗੀਤਾ ਉਪਦੇਸ਼ ਵਾਲੇ ਐਪੀਸੋਡ ਦੇ ਸਬੰਧ ’ਚ। ਉਨ੍ਹਾਂ ਨੂੰ ਇਹ ਡਰ ਸੀ ਕਿ ਅੱਜ ਦੇ ਸ਼ਰਾਰਤੀ ਰਾਜਨੇਤਾ ਕਿਧਰੇ ਸ਼ਬਦਾਂ ਨਾਲ ਰਾਜਨੀਤੀ ਨਾ ਕਰਨ, ਇਸ ਸਬੰਧੀ ਸੰਵਾਦਾਂ ਬਾਰੇ ਕਈ ਦਿਨਾਂ ਤੱਕ ਸਾਡੇ ਵਿਚਕਾਰ ਲੰਬੀਆਂ ਗੱਲਾਂ-ਬਾਤਾਂ ਹੋਈਆਂ। ਉਨ੍ਹਾਂ ਵਲੋਂ ਫਰਵਰੀ ਵਿਚ ਆਉਣ ਦਾ ਵਾਅਦਾ ਸੀ। ਕਈ ਮਹੱਤਵਪੂਰਨ ਕੰਮਾਂ ਨੂੰ ਨਿਬੇੜਨਾ ਸੀ। ਪਰ ਜਨਵਰੀ ਵਿਚ ਪਤਾ ਲੱਗਾ ਕਿ ਉਨ੍ਹਾਂ ਨੂੰ ਗਲ਼ ਦਾ ਕੈਂਸਰ ਹੈ। ਅਪਰੇਸ਼ਨ ਵੀ ਕਰਵਾ ਲਿਆ, ਘਰ ਤੋਂ ਮੈਨੂੰ ਫੋਨ ਵੀ ਕੀਤਾ ਕਿ ਫਰਵਰੀ ਵਿਚ ਮੈਂ ਲਖਨਊ ਆ ਰਿਹਾ ਹਾਂ। ਸਾਰੇ ਕਾਗਜ਼-ਪੱਤਰ ਇਕੱਠੇ ਕਰ ਲੈਣੇ। ਅਗਲੀ ਵਾਰ ਫੇਰ ਮੈਂ ਫੋਨ ’ਤੇ ਰਾਹੀ ਤੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਤਾਂ ਕਹਿਣ ਲੱਗੇ ‘ਉਸ ਕੰਮ ਵਿਚ ਕੀ ਪ੍ਰਗਤੀ ਹੋਈ? ਸਾਰੀਆਂ ਕਿਤਾਬਾਂ ਮਿਲੀਆਂ?’ ਮੈਂ ਕਿਹਾ ‘ਉਹ ਤਾਂ ਸਭ ਹੋ ਜਾਏਗਾ ਤੁਸੀਂ ਪਹਿਲਾਂ ਤੰਦਰੁਸਤ ਤਾਂ ਹੋ ਜਾਉ’। ਕਹਿਣ ਲੱਗੇ ‘ਜਦੋਂ ਵੀ ਡਾਕਟਰ ਇਜਾਜ਼ਤ ਦੇਣਗੇ ਮੈਂ ਤੁਰੰਤ ਹੀ ਅਲੀਗੜ੍ਹ ਆ ਜਾਵਾਂਗਾ।
----
ਮੈਂ ਉਨ੍ਹਾਂ ਨੂੰ ਯਕੀਨ ਦੁਆਇਆ ਅਤੇ ਸਿਹਤ ਵਲ ਖਾਸ ਧਿਆਨ ਦੇਣ ਲਈ ਕਿਹਾ। ਉਹ ਜਾਣਦੇ ਸਨ ਕਿ ਉਹ ਹਾਰੀ ਹੋਈ ਲੜਾਈ ਲੜ ਰਹੇ ਹਨ, ਅਤੇ ਮੌਤ ਨਾਲ ਲੜਦੇ ਹੋਏ ਵੀ ਰਾਹੀ ‘ਏਕਤਾ ਦੀਆਂ ਤੰਦਾਂ ਕਿਵੇਂ ਮਜਬੂਤ ਹੋਣਗੀਆਂ? ਇਸ ਬਾਰੇ ਹੀ ਲਗਾਤਾਰ ਸੋਚ ਰਹੇ ਸਨ। ਕੌਮੀ ਏਕਤਾ ਲਈ ਯਥਾਰਥਕ ਪੱਧਰ ’ਤੇ ਕੰਮ ਕਰਨ ਵਾਸਤੇ ਜ਼ੋਰ ਦਿੰਦੇ ਸਨ। ਉਹ ਪਾਕਿਸਤਾਨ ਦੇ ਬਣਨ ਅਤੇ ਫੇਰ ਉਸਦੇ ਦਰਸ਼ਨ ਦੇ ਬੁਰੀ ਤਰ੍ਹਾਂ ਵਿਰੁੱਧ ਸਨ। ਅੰਤ ਵਿਚ ਉਨ੍ਹਾਂ ਦਾ ਹੀ ਇਕ ਸ਼ਿਅਰ ਯਾਦ ਆ ਰਿਹਾ ਹੈ :-
ਅਪਨੇ ਸਾਏ ਕੀ ਤਰਫ਼ ਦੇਖ ਕਰ ਡਰ ਜਾਤਾ ਹੈ
ਇਤਨਾ ਤਨਹਾ ਨਾ ਥਾ ਇਨਸਾਨ, ਨਾ ਜਾਨੇ ਕਿਆ ਹੋ।
*********
No comments:
Post a Comment