ਲੇਖ
ਜ਼ਿੰਦਗੀ ਦਾ ਕੋਈ ਵੀ ਖੇਤਰ ਜਦੋਂ ਕਿ ਰਾਜਨੀਤੀ ਦੇ ਪ੍ਰਭਾਵ ਤੋਂ ਬਚ ਨਹੀਂ ਸਕਿਆ ਤਾਂ ਵਿਸ਼ਵ ਪੰਜਾਬੀ ਕਾਨਫਰੰਸਾਂ ਰਾਜਨੀਤੀ ਦੇ ਪ੍ਰਭਾਵ ਤੋਂ ਕਿਵੇਂ ਬਚ ਸਕਦੀਆਂ ਹਨ?
ਹੁਣੇ ਜਿਹੇ ਹੋਈ ‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਨਾਲ ਸਬੰਧਤ ਸਾਹਿਤਕ ਰਾਜਨੀਤੀ ਨੂੰ ਲੈ ਕੇ ਕੈਨੇਡੀਅਨ ਪੰਜਾਬੀ ਲੇਖਕਾਂ ਵਿੱਚ ਸੰਵਾਦ ਸ਼ੁਰੂ ਹੋ ਗਿਆ ਹੈ। ਵਿਸ਼ਵ ਪੰਜਾਬੀ ਕਾਨਫਰੰਸਾਂ ਬਾਰੇ ਸੰਵਾਦ ਛੇੜਨਾ ਕੋਈ ਮਾੜੀ ਗੱਲ ਨਹੀਂ; ਪਰ ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਸੰਵਾਦ ਤਰਕਸ਼ੀਲ ਹੋਵੇ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਅਤੇ ਪੰਜਾਬੀ ਸਾਹਿਤਕ ਸਭਿਆਚਾਰ ਲਈ ਹੋਰ ਵਧੇਰੇ ਸਿਹਤਮੰਦ ਮਾਹੌਲ ਉਸਾਰਨ ਵਿੱਚ ਮੱਦਦ ਕਰਦਾ ਹੋਵੇ।
---
ਕੈਨੇਡਾ ਵਿੱਚ ਹੋਈ ‘ਵਿਸ਼ਵ ਪੰਜਾਬੀ ਕਾਨਫਰੰਸ’ ਨੂੰ ਉਸ ਦੀਆਂ ਪ੍ਰਾਪਤੀਆਂ/ਅਪ੍ਰਾਪਤੀਆਂ ਦੇ ਸੰਦਰਭ ਵਿੱਚ ਰੱਖ ਕੇ ਅਤੇ ਨਿਰਪੱਖ ਹੋ ਕੇ ਹੀ ਵਿਚਾਰਿਆ ਜਾਣਾ ਚਾਹੀਦਾ ਹੈ; ਤਾਂ ਜੋ ਭਵਿੱਖ ਵਿੱਚ ਹੋਣ ਵਾਲੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਹੋਰ ਵਧੇਰੇ ਚੰਗੀ ਤਰ੍ਹਾਂ ਆਯੋਜਿਤ ਕੀਤੀਆਂ ਜਾ ਸਕਣ।
‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਬਾਰੇ ਹੁਣ ਤੱਕ ਛਿੜੀ ਬਹਿਸ ਵਿੱਚ ਇੱਕ ਮੁੱਦਾ ਇਹ ਉਠਾਇਆ ਗਿਆ ਹੈ ਕਿ ਇਸ ਕਾਨਫਰੰਸ ਦੇ ਪ੍ਰਬੰਧਕਾਂ ਨੇ ਪਹਿਲਾਂ ਹੀ ਸਰਗਰਮ ਕੈਨੇਡੀਅਨ ਪੰਜਾਬੀ ਸਾਹਿਤਕ ਸਭਾਵਾਂ ਨੂੰ ਆਪਣੇ ਨਾਲ ਲੈਣ ਦੀ ਥਾਂ ‘ਕਲਮ’ ਨਾਮ ਦੀ ਇੱਕ ਆਖੌਤੀ ਸਾਹਿਤ ਸਭਾ ਬਣਾ ਕੇ ਇਹ ਦਿਖਾਣ ਦੀ ਕੋਸ਼ਿਸ਼ ਕੀਤੀ ਹੈ ਕਿ ਕੈਨੇਡਾ ਦੇ ਬਹੁਤ ਸਾਰੇ ਪੰਜਾਬੀ ਸਾਹਿਤਕਾਰ ਕਾਨਫਰੰਸ ਦੇ ਆਯੋਜਿਕਾਂ ਦੇ ਨਾਲ ਹਨ; ਜਦੋਂ ਕਿ ਹਕੀਕਤ ਇਹ ਨਹੀਂ ਸੀ।
----
‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਦੇ ਆਯੋਜਕਾਂ ਨਾਲ ਕੁਝ ਸਮਾਂ ਮੈਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਸ ਲਈ ਮੈਂ ਸਭ ਤੋਂ ਪਹਿਲਾਂ ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਅਤੇ ਸਾਹਿਤ ਸਭਾਵਾਂ ਵੱਲੋਂ ਪਾਏ ਜਾ ਰਹੇ ਸਾਹਿਤਕ ਯੋਗਦਾਨ ਬਾਰੇ ਹੀ ਗੱਲ ਕਰਨੀ ਚਾਹਾਂਗਾ।
ਭਾਵੇਂ ਕਿ ਮੈਂ ‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਦੇ ਮੁੱਖ ਸਪਾਂਸਰ ‘ਅਜੀਤ’ ਅਖਬਾਰ ਵੱਲੋਂ ਬਣਾਈ ਗਈ ਪੰਜਾਬੀ ਸਾਹਿਤ ਸਭਾ ‘ਕਲਮ’ ਦਾ ਮੈਂਬਰ ਨਹੀਂ ਸਾਂ, ਪਰ ਮੈਂ ਇਸ ਸਭਾ ਦੀਆਂ ਦੋ ਮੀਟਿੰਗਾਂ ਵਿੱਚ ਸ਼ਮੂਲੀਅਤ ਕੀਤੀ ਸੀ। ‘ਕਲਮ’ ਨਾਲ ਜੁੜੇ ਸਾਹਿਤਕਾਰਾਂ ਦੀ ਮੀਟਿੰਗ ‘ਅਜੀਤ’ ਅਖਬਾਰ ਦੇ ਦਫਤਰ ਵਿੱਚ ਹਰ ਮਹੀਨੇ ਇੱਕ ਵਾਰ ਹੁੰਦੀ ਸੀ। ‘ਕਲਮ’ ਦੀ ਇੱਕ ਮੀਟਿੰਗ ਵਿੱਚ ਬੋਲਦਿਆਂ ਮੈਂ ਕਿਹਾ ਸੀ ਕਿ ਵਿਸ਼ਵ ਪੰਜਾਬੀ ਕਾਨਫਰੰਸ ਦੇ ਆਯੋਜਿਕਾਂ ਨੂੰ ਚਾਹੀਦਾ ਹੈ ਕਿ ਉਹ ਕੈਨੇਡਾ/ਅਮਰੀਕਾ ਦੇ ਵੱਧ ਤੋਂ ਵੱਧ ਪੰਜਾਬੀ ਲੇਖਕਾਂ/ਚਿੰਤਕਾਂ/ਬੁੱਧੀਜੀਵੀਆਂ/ਰੰਗਕਰਮੀਆਂ ਨੂੰ ਕਾਨਫਰੰਸ ਵਿੱਚ ਆਉਣ ਦਾ ਸੱਦਾ ਭੇਜਣ। ਇਸ ਸਿਲਸਿਲੇ ਵਿੱਚ ਮੈਂ ਉਨ੍ਹਾਂ ਨੂੰ ਤਕਰੀਬਨ 100 ਕੈਨੇਡੀਅਨ/ਅਮਰੀਕਨ ਪੰਜਾਬੀ ਲੇਖਕਾਂ ਦੇ ਨਾਮ ਵੀ ਦਿੱਤੇ ਸਨ। ਪਰ ਮੈਨੂੰ ਨਹੀਂ ਪਤਾ ਕਿ ਕਾਨਫਰੰਸ ਦੇ ਆਯੋਜਿਕਾਂ ਨੇ ਉਨ੍ਹਾਂ ਲੇਖਕਾਂ ਵਿੱਚੋਂ ਕਿੰਨੇ ਲੇਖਕਾਂ ਨੂੰ ਕਾਨਫਰੰਸ ਵਿੱਚ ਆਉਣ ਲਈ ਸੱਦਾ ਭੇਜਿਆ ਸੀ ਜਾਂ ਕਿ ਨਹੀਂ। ਇਸ ਗੱਲ ਬਾਰੇ ਤਾਂ ਕਾਨਫਰੰਸ ਦੇ ਮੁੱਖ ਕੋਆਰਡੀਨੇਟਰ ਡਾ. ਦਰਸ਼ਨ ਸਿੰਘ, ਮੁੱਖ ਸੰਪਾਦਕ: ‘ਅਜੀਤ’ ਨੂੰ ਹੀ ਪਤਾ ਹੋਵੇਗਾ।
----
ਹਾਂ, ਜਿੱਥੋਂ ਤੱਕ ਕੈਨੇਡਾ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੀ ਰਾਜਨੀਤੀ ਦਾ ਸੁਆਲ ਹੈ - ਉਸ ਬਾਰੇ ਮੈਂ ਗੱਲ ਜ਼ਰੂਰ ਕਰਨੀ ਚਾਹਾਂਗਾ। ਕਿਉਂਕਿ ‘ਆਰਸੀ ਲੇਖਕ ਬਲਾਗ’ ਉੱਤੇ ਓਨਟਾਰੀਓ ਦੇ ਇੱਕ ਪੰਜਾਬੀ ਲੇਖਕ ਓਂਕਾਰਪ੍ਰੀਤ ਨੇ ਇੱਕ ਲੰਬਾ ਖ਼ਤ ਲਿਖ ਕੇ ਬਹਿਸ ਛੇੜੀ ਹੈ।
ਕੈਨੇਡੀਅਨ ਪੰਜਾਬੀ ਸਾਹਿਤਕ ਸੰਸਥਾਵਾਂ ਕਿਸ ਹੱਦ ਤੱਕ ਤੰਗ ਸੋਚ ਦੀਆਂ ਮਾਲਿਕ ਹਨ ਉਸ ਬਾਰੇ ਮੈਂ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ ਉੱਤੇ ਹੀ ਗੱਲ ਕਰਨੀ ਚਾਹਾਂਗਾ ਕਿ ਇਹ ਸਾਹਿਤ ਸੰਸਥਾਵਾਂ ਦੇ ਚੌਧਰੀਆਂ ਨੇ ਚਿਹਰਿਆਂ ਉੱਤੇ ਕਿਹੋ ਜਿਹੇ ਮੁਖੌਟੇ ਪਾਏ ਹੋਏ ਹਨ ਅਤੇ ਉਨ੍ਹਾਂ ਦੇ ਅਸਲੀ ਚਿਹਰਿਆਂ ਦੀ ਹਕੀਕਤ ਕੀ ਹੈ?
‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਲਈ ਮੈਂ ਕੁਝ ਸਮੇਂ ਲਈ ‘ਲੇਖਕ ਸਲਾਹਕਾਰ ਕਮੇਟੀ ਦਾ ਕੋਆਰਡੀਨੇਟਰ’ ਬਣਿਆ ਸੀ। ਮੈਂ ਕੈਨੇਡਾ ਦੇ ਵੱਧ ਤੋਂ ਵੱਧ ਪੰਜਾਬੀ ਲੇਖਕਾਂ ਨੂੰ ਕਾਨਫਰੰਸ ਵਿੱਚ ਬੁਲਾਉਣ ਦੀ ਸ਼ਿਫਾਰਸ਼ ਕੀਤੀ ਸੀ ਅਤੇ ਆਪਣੀ ਸਲਾਹਕਾਰ ਕਮੇਟੀ ਵਿੱਚ ਵੀਹ ਤੋਂ ਵੱਧ ਕੈਨੇਡੀਅਨ ਪੰਜਾਬੀ ਲੇਖਕਾਂ ਨੂੰ ਲਿਆ ਸੀ। ਪਰ ਮੈਨੂੰ ਜਦੋਂ ‘ਕਲਮ’ ਦੇ ਪ੍ਰਧਾਨ ਪਿਆਰਾ ਸਿੰਘ ਕੱਦੋਵਾਲ ਨੇ ਇੱਕ ਨਿੱਜੀ ਗੱਲਬਾਤ ਵਿੱਚ ਦੱਸਿਆ ਕਿ ਇੱਕ ਪੰਜਾਬੀ ਲੇਖਕ ਨੇ ਕਿਹਾ ਹੈ ਕਿ ਅਸੀਂ ਵੈਨਕੂਵਰ ਦੇ ਪੰਜਾਬੀ ਲੇਖਕਾਂ ਨੇ ਓਨਟਾਰੀਓ ਦੇ ਲੇਖਕ ਸੁਖਿੰਦਰ ਦਾ ਬਾਈਕਾਟ ਕੀਤਾ ਹੋਇਆ ਹੈ ਅਤੇ ਉਹ ਤੁਹਾਡੀ ਸਲਾਹਕਾਰ ਕਮੇਟੀ ਦਾ ਕੋਆਰਡੀਨੇਟਰ ਹੈ - ਇਸ ਲਈ ਅਸੀਂ ਤੁਹਾਡੀ ਕਾਨਫਰੰਸ ਵਿੱਚ ਸ਼ਾਮਿਲ ਨਹੀਂ ਹੋਵਾਂਗੇ ਤਾਂ ਮੈਂ ਉਸੀ ਸਮੇਂ ਇਸ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ। ਮੈਂ ਇਸ ਵਿਸ਼ਵਾਸ ਦਾ ਧਾਰਨੀ ਸਾਂ ਕਿ ਜੇਕਰ ਮੇਰੇ ਪਿੱਛੇ ਹਟ ਜਾਣ ਨਾਲ ਵੈਨਕੂਵਰ ਦੇ ਪੰਜਾਬੀ ਲੇਖਕ ਕਾਨਫਰੰਸ ਵਿੱਚ ਆ ਜਾਣਗੇ ਤਾਂ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੋਵੇਗੀ। ਪਰ ਵੈਨਕੂਵਰ ਦੇ ਲੇਖਕ ਮੇਰੇ ਵੱਲੋਂ ਅਸਤੀਫਾ ਦੇਣ ਦੇ ਬਾਵਜੂਦ ਵੀ ਕਾਨਫਰੰਸ ਵਿੱਚ ਨਾ ਆਏ।
-----
‘ਕਲਮਾਂ ਦਾ ਕਾਫ਼ਲਾ’ ਸਾਹਿਤ ਸਭਾ ਦਾ ਕਈ ਸਾਲ ਤੱਕ ਕੋਆਰਡੀਨੇਟਰ ਰਿਹਾ ਓਂਕਾਰਪ੍ਰੀਤ ਜੋ ਕਿ ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ ਦੇ ਆਯੋਜਿਕਾਂ ਨੂੰ ਅਨੇਕਾਂ ਤਰ੍ਹਾਂ ਦੇ ਸੁਆਲ ਪੁੱਛਦਾ ਹੋਇਆ ਕਹਿੰਦਾ ਹੈ ਕਿ ਵਿਸ਼ਵ ਪੰਜਾਬੀ ਕਾਨਫਰੰਸ ਦੇ ਆਯੋਜਿਕਾਂ ਨੇ ‘ਕਲਮਾਂ ਦਾ ਕਾਫ਼ਲਾ’ ਨਾਲ ਸਬੰਧਤ ਲੇਖਕਾਂ ਨੂੰ ਕਾਨਫਰੰਸ ਵਿੱਚ ਨਾ ਬੁਲਾ ਕੇ ਬੜੀ ਤੰਗ ਸੋਚ ਦਾ ਸਬੂਤ ਦਿੱਤਾ ਹੈ ਅਤੇ ਉਨ੍ਹਾਂ ਨੇ ਪੰਜਾਬੀਅਤ ਦੇ ਸੱਚੇ ਝੰਡਾਬਰਦਾਰ ਹੋਣ ਦਾ ਸਬੂਤ ਨਹੀਂ ਦਿੱਤਾ। ਕੈਨੇਡਾ ਦੀਆਂ ਪੰਜਾਬੀ ਸਾਹਿਤਕ ਸਭਾਵਾਂ ਵੱਲੋਂ ਅਪਣਾਈ ਜਾਂਦੀ ਅਜਿਹੀ ਗੰਦੀ ਰਾਜਨੀਤੀ ਦੀਆਂ ਇੱਥੇ ਉਦਾਹਰਣਾਂ ਦੇਣ ਦਾ ਮੇਰਾ ਮੰਤਵ ਸਿਰਫ ਇੰਨਾ ਕੁ ਹੀ ਦੱਸਣਾ ਹੈ ਕਿ ‘ਵਿਸ਼ਵ ਪੰਜਾਬੀ ਕਾਨਫਰੰਸਾਂ’ ਵੀ ਅਕਸਰ ਭ੍ਰਿਸ਼ਟ ਰਾਜਨੀਤੀ ਖੇਡਣ ਵਾਲੀਆਂ ਅਜਿਹੀਆਂ ਸਾਹਿਤਕ ਸੰਸਥਾਵਾਂ ਵੱਲੋਂ ਹੀ ਆਯਜਿਤ ਕੀਤੀਆਂ ਜਾਂਦੀਆਂ ਹਨ। ਇਸ ਲਈ ਜੇਕਰ ਇਨ੍ਹਾਂ ਵਿਸ਼ਵ ਕਾਨਫਰੰਸ ਦੇ ਆਯੋਜਿਕਾਂ ਵੱਲੋਂ ਕਿਸੀ-ਨ-ਕਿਸੀ ਤਰ੍ਹਾਂ ਦੀ ਤੰਗ ਸੋਚ ਵਾਲੀ ਰਾਜਨੀਤੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਕਿਸੇ ਨੂੰ ਕੋਈ ਵਧੇਰੇ ਹੈਰਾਨੀ ਨਹੀਂ ਹੋਣੀ ਚਾਹੀਦੀ।
----
ਪੰਜਾਬੀ ਕਾਨਫਰੰਸਾਂ ਦੀ ਰਾਜਨੀਤੀ ਬਾਰੇ ਗੱਲ ਚੱਲੀ ਹੈ ਤਾਂ ਮੈਂ ਕੁਝ ਹੋਰ ਉਦਾਹਰਣਾਂ ਵੀ ਦੇਣੀਆਂ ਚਾਹਾਂਗਾ; ਤਾਂ ਕਿ ਪਤਾ ਲੱਗ ਸਕੇ ਕਿ ਇਸ ਹਮਾਮ ਵਿੱਚ ਸਭ ਨੰਗੇ ਹਨ। ਇਸ ਸਾਲ ਮਈ ਦੇ ਮਹੀਨੇ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ‘ਅੰਤਰ-ਰਾਸ਼ਟਰੀ ਪੰਜਾਬੀ ਕਾਨਫਰੰਸ’ ਆਯੋਜਿਤ ਕੀਤੀ ਗਈ ਸੀ। ਮੈਂ ਕੈਨੇਡਾ ਵਿੱਚ ਪਿਛਲੇ 35 ਸਾਲ ਤੋਂ ਸਾਹਿਤਕ ਖੇਤਰ ਵਿੱਚ ਸਰਗਰਮ ਹਾਂ। ਕੈਨੇਡਾ ਦੇ ਚੋਣਵੇਂ ਨਾਮਵਰ ਲੇਖਕਾਂ ਵਿੱਚ ਮੇਰਾ ਵੀ ਨਾਮ ਸ਼ਾਮਿਲ ਕੀਤਾ ਜਾਂਦਾ ਹੈ। ਪਰ ਔਟਵਾ ਕਾਨਫਰੰਸ ਦੇ ਪ੍ਰਬੰਧਕਾਂ ਨੇ ਇਸ ਅੰਤਰ-ਰਾਸ਼ਟਰੀ ਪੰਜਾਬੀ ਕਾਨਫਰੰਸ ਦਾ ਮੈਨੂੰ ਵੀ ਕੋਈ ਸੱਦਾ ਪੱਤਰ ਨਹੀਂ ਸੀ ਭੇਜਿਆ। ਉਨ੍ਹਾਂ ਦੀ ਕਾਨਫਰੰਸ ਵਿੱਚ ਉਨ੍ਹਾਂ ਦੇ ਧੜੇ ਦੇ ਕੁਝ ਕੁ ਓਨਟਾਰੀਓ ਵਿੱਚੋਂ ਅਤੇ ਕੁਝ ਕੁ ਬ੍ਰਿਟਿਸ਼ ਕੋਲੰਬੀਆ ਦੇ ਲੇਖਕ ਹੀ ਸ਼ਾਮਿਲ ਸਨ। ਦੋ ਦਿਨ ਦੀ ਇਸ ਕਾਨਫਰੰਸ ਦੀ ਸਮਾਪਤੀ ਤੋਂ ਬਾਹਦ ਬਰੈਮਪਟਨ ਵਾਪਸ ਆਏ ਦੋ ਲੇਖਕਾਂ ਨੂੰ ਮੈਂ ਜਦੋਂ ਪੁੱਛਿਆ ਕਿ ਔਟਵਾ ਦੀ ‘ਅੰਤਰ-ਰਾਸ਼ਟਰੀ ਪੰਜਾਬੀ ਕਾਨਫਰੰਸ’ ਵਿੱਚ ਤੁਸੀਂ 600 ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਉਚੇਚੇ ਤੌਰ ਉੱਤੇ ਸ਼ਮੂਲੀਅਤ ਕਰਕੇ ਆਏ ਹੋ। ਕੀ ਤੁਸੀਂ ਦੱਸਣਾ ਚਾਹੋਗੇ ਕਿ ਤੁਹਾਨੂੰ ਉੱਥੇ ਕਿਹੜੀ ਕਿਹੜੀ ਗੱਲ ਚੰਗੀ ਲੱਗੀ? ਤਾਂ ਉਨ੍ਹਾਂ ਦਾ ਜੁਆਬ ਸੀ ਕਿ ਉੱਥੇ ਤੀਹ ਕੁ ਲੇਖਕ ਆਪਣੇ ਆਪਣੇ ਧੜੇ ਬਣਾ ਕੇ ਖੜ੍ਹੇ ਸਨ। ਜਦੋਂ ਮੈਂ ਫਿਰ ਪੁੱਛਿਆ ਕਿ ਆਖਰ ਤੁਹਾਨੂੰ ਇਸ ‘ਅੰਤਰ-ਰਾਸ਼ਟਰੀ ਕਾਨਫਰੰਸ’ ਵਿੱਚ ਕੋਈ ਨ ਕੋਈ ਗੱਲ ਵਿਸ਼ੇਸ ਤੌਰ ਉੱਤੇ ਜ਼ਰੂਰ ਪਸੰਦ ਆਈ ਹੋਵੇਗੀ? ਕਿਉਂਕਿ ਏਨੇ ਲੇਖਕਾਂ ਨੇ ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਖੋਜ ਪੱਤਰ ਪੇਸ਼ ਕੀਤੇ ਹਨ? ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਸੱਚੀ ਗੱਲ ਪੁੱਛਦੇ ਹੋ ਤਾਂ ਉੱਥੇ ਵੇਸਣ ਦੀ ਬਰਫ਼ੀ ਕਾਨਫਰੰਸ ਦੇ ਦੋਨੋਂ ਦਿਨ ਹੀ ਮਿਲ ਰਹੀ ਸੀ। ਏਨਾਂ ਹੀ ਨਹੀਂ, ਬਲਕਿ ਤੁਸੀਂ ਜਿੰਨੀ ਚਾਹੋ ਜੀਅ ਭਰ ਕੇ ਵੇਸਣ ਦੀ ਬਰਫ਼ੀ ਖਾ ਸਕਦੇ ਸੀ। ਸਾਨੂੰ ਤਾਂ ਇਹੀ ਗੱਲ ਸਭ ਤੋਂ ਵੱਧ ਪਸੰਦ ਆਈ ਸੀ। ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਔਟਵਾ ‘ਅੰਤਰ-ਰਾਸ਼ਟਰੀ ਪੰਜਾਬੀ ਕਾਨਫਰੰਸ’ ਕਰਵਾਉਣ ਵਾਲਿਆਂ ਦੀ ਰਾਜਨੀਤੀ ਕੀ ਸੀ, ਉਸ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲਿਆਂ ਅਤੇ ਕਾਨਫਰੰਸ ਕਰਵਾਉਣ ਵਾਲਿਆਂ ਦਾ ਉਦੇਸ਼ ਕੀ ਸੀ।
----
ਔਟਵਾ ਕਾਨਫਰੰਸ ਤੋਂ ਬਾਅਦ ਇਸ ਸਾਲ ਜੂਨ ਦੇ ਮਹੀਨੇ ਕੈਲਗਰੀ ਵਿੱਚ ਵੀ ਇੱਕ ਪੰਜਾਬੀ ਕਾਨਫਰੰਸ ਆਯੋਜਿਤ ਕੀਤੀ ਗਈ ਸੀ। ਉਸ ਕਾਨਫਰੰਸ ਦੇ ਪ੍ਰਬੰਧਕ ਦੋਸਤਾਂ ਨੇ ਮੈਨੂੰ ਪਹਿਲਾਂ ਹੀ ਸਮਝਾਅ ਦਿੱਤਾ ਸੀ ਕਿ ਕੈਲਗਰੀ ਪੰਜਾਬੀ ਸਾਹਿਤਕ ਕਾਨਫਰੰਸ ਵਿੱਚ ਉਨ੍ਹਾਂ ਦੀ ਸਾਹਿਤ ਸਭਾ ਵੱਲੋਂ ਓਨਟਾਰੀਓ ਦੇ ਇੱਕ ਕਵੀਸ਼ਰ ਨੂੰ ਸਨਮਾਨਤ ਕੀਤਾ ਜਾਣਾ ਹੈ। ਇਸ ਲਈ ਇਸ ਕਾਨਫਰੰਸ ਵਿੱਚ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵੀ ਸਿਰਫ ਉਨ੍ਹਾਂ ਲੇਖਕਾਂ ਨੂੰ ਹੀ ਬੁਲਾਇਆ ਗਿਆ ਹੈ ਜੋ ਕਵੀਸ਼ਰੀ ਨਾਲ ਮੋਹ ਰੱਖਦੇ ਹਨ ਅਤੇ ਸਨਮਾਨਤ ਕੀਤੇ ਜਾਣ ਵਾਲੇ ਕਵੀਸ਼ਰ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਸਕਣ। ਇਸ ਲਈ ਤੂੰ ਕਾਨਫਰੰਸ ਵਿੱਚ ਨ ਹੀ ਆਵੇਂ ਤਾਂ ਚੰਗਾ ਰਹੇਗਾ। ਕੈਲਗਰੀ ਦੇ ਪੰਜਾਬੀ ਲੇਖਕਾਂ ਦਾ ਕਵੀਸ਼ਰੀ ਲਈ ਮੋਹ ਅਤੇ ਉਨ੍ਹਾਂ ਦੀ ਸਾਹਿਤਕ ਰਾਜਨੀਤੀ ਨੂੰ ਸਮਝਦਾ ਹੋਇਆ ਮੈਂ ਉਨ੍ਹਾਂ ਦੀ ਸਾਹਿਤਕ ਕਾਨਫਰੰਸ ਵਿੱਚ ਸ਼ਾਮਿਲ ਹੋਣ ਦਾ ਇਰਾਦਾ ਰੱਖਦਾ ਹੋਇਆ ਵੀ ਉੱਥੇ ਨਾ ਗਿਆ।
ਕੈਲਗਰੀ ਦੀ ਕਾਨਫਰੰਸ ਖ਼ਤਮ ਹੁੰਦਿਆਂ ਹੀ ਜੂਨ ਦੇ ਅਖੀਰਲੇ ਹਫਤੇ ‘ਪੰਜਾਬੀ ਲੇਖਕ ਮੰਚ, ਵੈਨਕੂਵਰ’ ਵਾਲਿਆਂ ਨੇ ਵੀ ‘ਉੱਤਰੀ ਅਮਰੀਕਾ ਦਾ ਪੰਜਾਬੀ ਸਾਹਿਤ’ ਨਾਮ ਹੇਠ ਇੱਕ ਅੰਤਰ-ਰਾਸ਼ਟਰੀ ਪੰਜਾਬੀ ਕਾਨਫਰੰਸ ਬੁਲਾ ਲਈ। ਉਨ੍ਹਾਂ ਨੇ ਵੀ ਆਪਣੀ ਸਾਹਿਤਕ ਰਾਜਨੀਤੀ ਅਨੁਸਾਰ ਆਪਣੀ ਹੀ ਜੁੰਡਲੀ ਦੇ ਮੁੱਠੀ ਕੁ ਭਰ ਲੇਖਕਾਂ ਨੂੰ ਹੀ ਕਾਨਫਰੰਸ ਵਿੱਚ ਆਉਣ ਦਾ ਸੱਦਾ ਭੇਜਿਆ।
----
ਇਹ ਸਭ ਉਦਾਹਰਣਾਂ ਦੇਣ ਦਾ ਮੇਰਾ ਮੰਤਵ ਇੰਨਾ ਕੁ ਹੀ ਸਪੱਸ਼ਟ ਕਰਨਾ ਹੈ ਕਿ ਕੈਨੇਡੀਅਨ ਪੰਜਾਬੀ ਸਾਹਿਤਕਾਰ ਅਤੇ ਸੰਸਥਾਵਾਂ ਦੇ ਅਹੁਦੇਦਾਰ ਕੈਨੇਡੀਅਨ ਪੰਜਾਬੀ ਲੇਖਕਾਂ ਦੀ ਏਕਤਾ ਦੀਆਂ, ਸਾਂਝੀਵਾਲਤਾ ਦੀਆਂ ਜਾਂ ਪੰਜਾਬੀਅਤ ਦੀਆਂ ਗੱਲਾਂ ਕਰਨ ਲੱਗੇ ਤਾਂ ਅਸਮਾਨ ਤੋਂ ਤਾਰੇ ਤੋੜਨ ਤੱਕ ਜਾਂਦੇ ਹਨ; ਪਰ ਜਦੋਂ ਤੁਸੀਂ ਉਨ੍ਹਾਂ ਦਾ ਆਪਣਾ ਵਤੀਰਾ ਦੇਖੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਆਪ ਕਿੰਨੀ ਤੰਗ ਸੋਚ ਦੇ ਮਾਲਿਕ ਹਨ।
ਕੈਨੇਡਾ ਦੇ ਪੰਜਾਬੀ ਸਾਹਿਤਕਾਰਾਂ ਅਤੇ ਸਾਹਿਤਕ ਸੰਸਥਾਵਾਂ ਦੀ ਰਾਜਨੀਤੀ ਦੀ ਗੱਲ ਕਰਨ ਤੋਂ ਬਾਅਦ ਮੈ ਕੁਝ ਗੱਲਾਂ ‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਬਾਰੇ ਵੀ ਕਰਨੀਆਂ ਚਾਹਾਂਗਾ। ਕਿਉਂਕਿ ਇਸ ਕਾਨਫਰੰਸ ਵਿੱਚ ਬਹਿਸ-ਪੱਤਰ ਪੇਸ਼ ਕਰਨ ਵਾਲੇ ਲੇਖਕਾਂ ਵਿੱਚ ਮੈਂ ਵੀ ਸ਼ਾਮਿਲ ਸਾਂ।
----
ਟੋਰਾਂਟੋ ਵਿਸ਼ਵ ਪੰਜਾਬੀ ਕਾਨਫਰੰਸ ਦੀ ਮੁੱਖ ਪ੍ਰਾਪਤੀ ਇਹ ਸੀ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਕੈਨੇਡਾ ਵਿੱਚ ਹੋਈਆਂ ਪੰਜਾਬੀ ਸਾਹਿਤਕ ਕਾਨਫਰੰਸਾਂ ਦੇ ਮੁਕਾਬਲੇ ਵਿੱਚ ਇਹ ਪੰਜਾਬੀ ਸਾਹਿਤਕ ਕਾਨਫਰੰਸ ਸਭ ਤੋਂ ਵੱਧ ਭੀੜ ਭੜੱਕੇ ਵਾਲੀ ਕਾਨਫਰੰਸ ਸੀ। ਕਾਨਫਰੰਸ ਵਿੱਚ ਕਾਨਫਰੰਸ ਦੇ ਆਯੋਜਿਕਾਂ ਦੀ ਉਮੀਦ ਨਾਲੋਂ ਵੀ ਬਹੁਤ ਜ਼ਿਆਦਾ ਲੋਕ ਆ ਜਾਣ ਕਰਕੇ ਜਿੱਥੇ ਕਿ ਉਨ੍ਹਾਂ ਲਈ ਇਹ ਖੁਸ਼ੀ ਦੀ ਵੀ ਗੱਲ ਸੀ ਉੱਥੇ ਹੀ ਉਨ੍ਹਾਂ ਲਈ ਇੱਕ ਵਾਰੀ ਇਹ ਸਮੱਸਿਆ ਵੀ ਬਣ ਗਈ ਸੀ। 125 ਵਿਅਕਤੀਆਂ ਦੇ ਬੈਠਣ ਵਾਲੇ ਲੈਕਚਰ ਹਾਲ ਵਿੱਚ 175 ਤੋਂ ਵੱਧ ਵਿਅਕਤੀ ਪਹੁੰਚ ਚੁੱਕੇ ਸਨ ਅਤੇ ਸੈਰੇਡਨ ਕਾਲਿਜ ਦੇ ਸਕਿਉਰਟੀ ਵਿਭਾਗ ਨੇ ਆ ਕੇ ਧਮਕੀ ਵੀ ਦੇ ਦਿੱਤੀ ਸੀ ਕਿ ਅਸੀਂ ਸਕਿਉਰਟੀ ਦੇ ਕਾਨੂੰਨਾਂ ਦੀ ਉਲੰਘਨਾ ਹੋ ਜਾਣ ਕਰਕੇ ਸਭ ਨੂੰ ਲੈਕਚਰ ਹਾਲ ਵਿੱਚੋਂ ਬਾਹਰ ਕੱਢ ਦਿਆਂਗੇ।
----
ਕਾਨਫਰੰਸ ਦੀ ਇੱਕ ਹੋਰ ਵੱਡੀ ਪ੍ਰਾਪਤੀ ਇਹ ਸੀ ਕਿ ਸਾਰੀ ਹੀ ਕਾਨਫਰੰਸ ਬੜੇ ਚੰਗੇ ਮਾਹੌਲ ਵਿੱਚ ਹੋਈ ਸੀ ਅਤੇ ਕਿਸੇ ਵੀ ਵਿਅਕਤੀ ਵੱਲੋਂ ਮਾਹੌਲ ਨੂੰ ਵਿਗਾੜਨ ਦੀ ਕਸ਼ਿਸ਼ ਨਹੀਂ ਕੀਤੀ ਗਈ ਸੀ। ਕਾਨਫਰੰਸ ਦੀ ਇਹ ਵੀ ਇੱਕ ਪ੍ਰਾਪਤੀ ਸੀ ਕਿ ਇੰਡੀਆ ਤੋਂ ਆਏ ਭਾਰਤੀ ਲੇਖਕਾਂ ਦੇ ਡੈਲੀਗੇਸ਼ਨ ਵਿੱਚ ਡਾ. ਸੁਤਿੰਦਰ ਸਿੰਘ ਨੂਰ, ਡਾ. ਵਨੀਤਾ, ਡਾ. ਜਗਬੀਰ ਸਿੰਘ ਅਤੇ ਡਾ. ਦੀਪਕ ਮਨਮੋਹਨ ਸਿੰਘ ਵਰਗੇ ਨਾਮਵਰ ਪੰਜਾਬੀ ਆਲੋਚਕ ਵੀ ਸ਼ਾਮਿਲ ਸਨ।
----
ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ ਦੀਆਂ ਅਪ੍ਰਾਪਤੀਆਂ ਬਾਰੇ ਅਸੀਂ ਜਦੋਂ ਸੋਚਦੇ ਹਾਂ ਤਾਂ ਵਧੇਰੇ ਕਮਜ਼ੋਰੀਆਂ ਪ੍ਰਬੰਧਕੀ ਪੱਧਰ ਦੀਆਂ ਹੀ ਸਾਹਮਣੇ ਆਉਂਦੀਆਂ ਹਨ।ਸਭ ਤੋਂ ਪਹਿਲੀ ਵੱਡੀ ਕਮਜ਼ੋਰੀ ਤਾਂ ਇਹ ਸੀ ਕਿ ‘ਵਿਸ਼ਵ ਪੰਜਾਬੀ ਕਾਨਫਰੰਸ’ ਬਾਰੇ ਜਾਣਕਾਰੀ ਅੰਗਰੇਜ਼ੀ ਵਿੱਚ ਹੀ ਦਿੱਤੀ ਜਾ ਰਹੀ ਸੀ। ਜੋ ਕਿ ਵਿਸ਼ਵ ਪੰਜਾਬੀ ਕਾਨਫਰੰਸ ਸ਼ਬਦ ਦਾ ਹੀ ਮਜ਼ਾਕ ਉਡਾਇਆ ਜਾ ਰਿਹਾ ਸੀ ਅਤੇ ਇਹ ਕਾਨਫਰੰਸ ਦੇ ਪ੍ਰਬੰਧਕਾਂ ਲਈ ਸ਼ਰਮਿੰਦਗੀ ਵਾਲੀ ਵੀ ਗੱਲ ਸੀ।
ਕਾਨਫਰੰਸ ਵਿੱਚ ਆਉਣ ਵਾਲੇ ਲੇਖਕਾਂ/ਸਰੋਤਿਆਂ ਦਾ ਸੁਆਗਤ ਕਰਨ ਲਈ ਕੈਨੇਡਾ ਦੇ ਪੰਜਾਬੀ ਲੇਖਕਾਂ ਦੀ ਜਿੰਮੇਵਾਰੀ ਲਗਾਉਣ ਦੀ ਥਾਂ ਕਾਨਫਰੰਸ ਦੇ ਪ੍ਰਬੰਧਕਾਂ ਨੇ ਆਪਣੇ ਹੀ ਧੀਆਂ/ਪੁੱਤਰਾਂ/ਪਤਨੀਆਂ ਨੂੰ ਅੱਗੇ ਕੀਤਾ ਹੋਇਆ ਸੀ। ਜੋ ਕਿ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਆਏ ਲੋਕਾਂ ਨਾਲ ਬਾਲੀਵੁੱਡ ਸਟਾਈਲ ਅੰਗਰੇਜ਼ੀ ਬੋਲਦੇ ਹੋਏ ਇੰਜ ਜਾਪ ਰਹੇ ਸਨ ਜਿਵੇਂ ਕਿਤੇ ਉਹ ਆਏ ਹੋਏ ਮਹਿਮਾਨਾਂ ਸਾਹਮਣੇ ਕੋਈ ਪੰਜਾਬੀ ਕਾਰਟੂਨ ਸ਼ੌਅ ਪੇਸ਼ ਕਰ ਰਹੇ ਹੋਣ ਅਤੇ ਉਹ ਮਹਿਮਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋਣ ਕਿ ਤੁਸੀਂ ਪੰਜਾਬੀ ਬੋਲਣ ਵਾਲੇ ਲੋਕ ਤਾਂ ਅਨਪੜ੍ਹ ਅਤੇ ਗੰਵਾਰ ਕਿਸਮ ਦੇ ਲੋਕ ਹੋ।
----
ਕਾਨਫਰੰਸ ਦੀਆਂ ਕਮਜ਼ੋਰੀਆਂ ਦੀ ਗੱਲ ਕਰਨ ਲੱਗੇ ਇਹ ਵੀ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਕਾਨਫਰੰਸ ਦੇ ਸੈਸ਼ਨਾਂ ਦੀ ਠੀਕ ਤਰ੍ਹਾਂ ਨਾਲ ਵਿਉਂਤਬੰਦੀ ਨਹੀਂ ਕੀਤੀ ਗਈ ਸੀ। ਕਾਨਫਰੰਸ ਦੇ ਚਾਰ ਸੈਸ਼ਨਾਂ ਵਿੱਚ ਤਕਰੀਬਨ 30 ਪਰਚੇ ਪੇਸ਼ ਕੀਤੇ ਗਏ ਸਨ। ਇਹ ਪਰਚੇ ਤਕਰੀਬਨ 6 ਸੈਸ਼ਨਾਂ ਵਿੱਚ ਪੇਸ਼ ਕੀਤੇ ਜਾਣੇ ਚਾਹੀਦੇ ਸਨ। ਹਰੇਕ ਪਰਚੇ ਦੀ ਪੇਸ਼ਕਾਰੀ ਤੋਂ ਬਾਹਦ ਸਰੋਤਿਆਂ ਨੂੰ ਘੱਟ ਤੋਂ ਘੱਟ 15-20 ਮਿੰਟਾਂ ਲਈ ਪਰਚੇ ਬਾਰੇ ਕਿੰਤੂ ਉਠਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਅਤੇ ਸਰੋਤਿਆਂ ਵੱਲੋਂ ਕਿੰਤੂ ਉਠਾਉਣ ਤੋਂ ਬਾਹਦ ਪਰਚਾ ਪੇਸ਼ ਕਰਨ ਵਾਲੇ ਲੇਖਕ ਵੱਲੋਂ ਉਨ੍ਹਾਂ ਕਿੰਤੂਆਂ ਦਾ ਉਤਰ ਦਿੱਤਾ ਜਾਣਾ ਚਾਹੀਦਾ ਸੀ। ਵਿਸ਼ਵ ਪੱਧਰ ਦੀਆਂ ਕਾਨਫਰੰਸਾਂ ਵਿੱਚ ਕੁਝ ਇਸ ਤਰ੍ਹਾਂ ਹੀ ਸੈਸ਼ਨ ਆਯਜਿਤ ਕੀਤੇ ਜਾਂਦੇ ਹਨ। ਪਰ ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ ਵਿੱਚ ਤਾਂ ਸਰੋਤੇ ਇੰਜ ਚੁੱਪ ਕਰਾਕੇ ਬੈਠਾਏ ਹੋਏ ਸਨ ਜਿਵੇਂ ਕਿਤੇ ਉਹ ਕੋਈ ਭੇਡਾਂ ਬੱਕਰੀਆਂ ਹੋਣ ਅਤੇ ਉਨ੍ਹਾਂ ਦੇ ਮੂੰਹਾਂ ਉੱਤੇ ਟੇਪਾਂ ਲਗਾਈਆਂ ਗਈਆਂ ਹੋਣ। ਇਸ ਤਰ੍ਹਾਂ ਇਹ ਕਾਨਫਰੰਸ ਇੱਕ ਦਿਸ਼ਾ ਦੀ ਕਾਨਫਰੰਸ ਸੀ। ਕਾਨਫਰੰਸਾਂ ਤਾਂ ਸੰਵਾਦ ਛੇੜਨ ਲਈ ਹੁੰਦੀਆਂ ਹਨ। ਭਾਸ਼ਨ ਸੁਣਾਉਣ ਲਈ ਨਹੀਂ। ਇਸ ਪੱਖੋਂ ਇਹ ਗੱਲ ਕਹਿਣ ਵਿੱਚ ਵੀ ਕੋਈ ਝਿਜਕ ਮਹਿਸੂਸ ਨਹੀਂ ਕੀਤੀ ਜਾ ਸਕਦੀ ਕਿ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਲੋਕਾਂ ਲਈ ਕੀਤੀ ਜਾ ਰਹੀ ਸੀ ਪਰ ਕੈਨੇਡਾ ਦੇ ਲੋਕ ਭੇਡਾਂ/ਬੱਕਰੀਆਂ ਵਾਂਗ ਚੁੱਪ ਕੀਤੇ ਬੈਠੇ ਹੋਏ ਸਨ। ਉਨ੍ਹਾਂ ਦੀ ਤਾਂ ਕਾਨਫਰੰਸ ਵਿੱਚ ਵਿਚਾਰੇ ਜਾ ਰਹੇ ਮਸਲਿਆਂ ਵਿੱਚ ਕੋਈ ਸ਼ਮੂਲੀਅਤ ਹੀ ਨਹੀਂ ਸੀ ਹੋ ਰਹੀ।
ਇਸੇ ਤਰ੍ਹਾਂ ਹਰ ਪਰਚਾ ਪੇਸ਼ ਕਰਨ ਤੋਂ ਪਹਿਲਾਂ ਸਰੋਤਿਆਂ ਵਿੱਚ ਪਰਚੇ ਦੀਆਂ ਕਾਪੀਆਂ ਵੰਡੀਆਂ ਜਾਣੀਆਂ ਚਾਹੀਦੀਆਂ ਸਨ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ।
ਕਾਨਫਰੰਸ ਵਿੱਚ ਪਰਚਿਆਂ ਦੀ ਪੇਸ਼ਕਾਰੀ ਦਾ ਮਾਹੌਲ ਤਾਂ ਇਸ ਕਾਨਫਰੰਸ ਵਿੱਚ ਇਸ ਤਰ੍ਹਾਂ ਸਿਰਜਿਆ ਗਿਆ ਜਾਪਦਾ ਸੀ ਜਿਵੇਂ ਕੋਈ ਸਕੂਲ ਦਾ ਮਾਸਟਰ 10-15 ਮਿੰਟ ਕਲਾਸ ਰੂਮ ਵਿੱਚ ਆ ਕੇ ਆਪਣਾ ਭਾਸ਼ਨ ਦੇ ਕੇ ਚਲਾ ਜਾਂਦਾ ਹੈ ਅਤੇ ਕਲਾਸ ਵਿੱਚ ਬੈਠੇ ਵਿਦਿਆਰਥੀ ਘਸੁੰਨ ਵੱਟਾ ਬਣੇ ਬੈਠੇ ਰਹਿੰਦੇ ਹਨ।
----
ਇਸ ਕਾਨਫਰੰਸ ਦੀ ਇੱਕ ਹੋਰ ਵੱਡੀ ਅਪ੍ਰਾਪਤੀ ਇਹ ਸੀ ਕਿ ਵਿਸ਼ਵ ਪੰਜਾਬੀ ਕਾਨਫਰੰਸ ਭਾਵੇਂ ਕਿ ਕੈਨੇਡਾ ਵਿੱਚ ਹੋ ਰਹੀ ਸੀ ਪਰ ਕੈਨੇਡਾ ਦੇ ਚਰਚਿਤ ਲੇਖਕਾਂ ਦੀ ਸ਼ਮੂਲੀਅਤ ਮਹਿਜ਼ ਉਂਗਲਾਂ ਉੱਤੇ ਗਿਣੇ ਜਾਣ ਜੋਗੀ ਹੀ ਸੀ। ਦੂਜੀ ਗੱਲ, ਇਸ ਕਾਨਫਰੰਸ ਵਿੱਚ ਕੈਨੇਡਾ ਦੇ ਪੰਜਾਬੀ ਸਾਹਿਤ, ਸਭਿਆਚਾਰ ਅਤੇ ਮੀਡੀਆ ਬਾਰੇ ਕੋਈ ਵਿਸ਼ੇਸ਼ ਚਰਚਾ ਨਹੀਂ ਹੋ ਸਕਿਆ।
ਇਸ ਕਾਨਫਰੰਸ ਵਿੱਚ ਮੈਂ ਜੋ ਬਹਿਸ-ਪੱਤਰ ਪੇਸ਼ ਕੀਤਾ ਸੀ ਉਸ ਦਾ ਨਾਮ ਸੀ: ‘ਕੈਨੇਡੀਅਨ ਪੰਜਾਬੀ ਕਵਿਤਾ: ਸੰਵਾਦ ਦੀ ਸਮੱਸਿਆ’। ਮੇਰੇ ਵੱਲੋਂ ਪੇਸ਼ ਕੀਤੇ ਗਏ ਇਸ ਬਹਿਸ-ਪੱਤਰ ਵਿੱਚ ਇਹ ਗੱਲ ਕਹਿਣ ਦੇ ਬਾਹਦ ਵੀ ਕਿ ਕੈਨੇਡਾ ਦੀ ਕਵਿਤਾ ਬਾਰੇ ਸੰਵਾਦ ਦੀ ਅਣਹੋਂਦ ਹੈ ਕਾਨਫਰੰਸ ਵਿੱਚ ਆਏ ਹੋਏ ਕੈਨੇਡੀਅਨ ਪੰਜਾਬੀ ਕਵੀ ਇਸ ਤਰ੍ਹਾਂ ਮੁਰਦਾ ਹੋ ਕੇ ਬੈਠੇ ਰਹੇ ਜਿਵੇਂ ਕਿਤੇ ਉਹ ਕੈਨੇਡੀਅਨ ਪੰਜਾਬੀ ਕਵਿਤਾ ਦੀ ਮੌਤ ਦਾ ਅਫਸੋਸ ਕਰਨ ਆਏ ਹੋਣ।ਕਾਨਫਰੰਸ ਵਿੱਚ ਕਿਸੇ ਨੇ ਵੀ ਮੇਰੇ ਬਹਿਸ-ਪੱਤਰ ਬਾਰੇ ਕੋਈ ਕਿੰਤੂ ਨ ਉਠਾਇਆ। ਸਿਵਾਏ ਉਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਡਾ. ਸੁਤਿੰਦਰ ਸਿੰਘ ਨੂਰ ਵੱਲੋਂ ਇਹ ਕਹੇ ਜਾਣ ਦੇ ਕਿ ਉਹ ਸੁਖਿੰਦਰ ਵੱਲੋਂ ‘ਲੀਲ੍ਹਾ’ ਪੁਸਤਕ ਦੇ ਲੇਖਕਾਂ ਬਾਰੇ ਕਹੀਆਂ ਗਈਆਂ ਗੱਲਾਂ ਨਾਲ ਬਿਲਕੁਲ ਹੀ ਸਹਿਮਤ ਨਹੀਂ ਹੋ ਸਕਦਾ।
----
ਪਰ ਕਾਨਫਰੰਸ ਤੋਂ ਬਾਹਦ, ਨਿੱਜੀ ਤੌਰ ਉੱਤੇ, ਮੈਨੂੰ, ਸ਼ਾਇਰ ਸੁਖਮਿੰਦਰ ਰਾਮਪੁਰੀ, ਹਰਭਜਨ ਸਿੰਘ ਮਾਂਗਟ, ਕਹਾਣੀਕਾਰ ਬਲਬੀਰ ਸਿੰਘ ਮੋਮੀ, ਸ਼ਾਇਰ ਅਮਰੀਕ ਸਿੰਘ ਰਵੀ, ਵਾਰਤਕ ਲੇਖਕ ਪੂਰਨ ਸਿੰਘ ਪਾਂਧੀ ਅਤੇ ਭਾਰਤ ਤੋਂ ਆਏ ਲੇਖਕ ਡਾ. ਭਗਵੰਤ ਸਿੰਘ ਨੇ ਮੁਬਾਰਕ ਦਿੱਤੀ ਕਿ ਮੈਂ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਪੇਸ਼ ਕੀਤੇ ਆਪਣੇ ਬਹਿਸ-ਪੱਤਰ ਵਿੱਚ ਸੰਵਾਦ ਦੀ ਅਣਹੋਂਦ ਬਾਰੇ ਬਹੁਤ ਮਹੱਤਵ-ਪੂਰਨ ਨੁਕਤੇ ਉਠਾਏ ਹਨ।
ਇਸ ਕਾਨਫਰੰਸ ਦੀ ਇਕ ਹੋਰ ਅਪ੍ਰਾਪਤੀ ਬਾਰੇ ਵੀ ਮੈਂ ਗੱਲ ਕਰਨੀ ਚਾਹਾਂਗਾ ਕਿ ਇਸ ਕਾਨਫਰੰਸ ਵਿੱਚ ਬੋਲਣ ਵਾਲੇ ਕੁਝ ਬੁਲਾਰਿਆਂ ਵੱਲੋਂ ਇਸ ਕਾਨਫਰੰਸ ਨੂੰ ਗੁਰਦੁਆਰਾ ਰਾਜਨੀਤੀ ਦੇ ਪ੍ਰਚਾਰ ਲਈ ਵਰਤਣ ਦੀਆਂ ਸਿੱਧੇ/ਅਸਿੱਧੇ ਢੰਗ ਨਾਲ ਕੋਸਿ਼ਸ਼ਾਂ ਕੀਤੀਆਂ ਗਈਆਂ ਸਨ। ਉਸ ਦਾ ਸਪੱਸ਼ਟ ਕਾਰਨ ਇਹ ਵੀ ਹੋ ਸਕਦਾ ਹੈ ਕਿ ਅੰਦਰਖਾਤੇ ਕੈਨੇਡਾ ਦੀਆਂ ਕੁਝ ਖਾਲਿਸਤਾਨੀ ਜਾਂ ਸਿੱਖ ਧਾਰਮਿਕ ਕੱਟੜਵਾਦੀ ਸੰਸਥਾਵਾਂ ਨੇ ਇਸ ਵਿਸ਼ਵ ਪੰਜਾਬੀ ਕਾਨਫਰੰਸ ਦੀ ਆਰਥਿਕ ਤੌਰ ਉੱਤੇ ਕੋਈ ਮੱਦਦ ਕੀਤੀ ਹੋਵੇ।
----
ਮੈਨੂੰ ਉਮੀਦ ਹੈ ਕਿ ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਰਾਜਨੀਤੀ ਬਾਰੇ ਇੰਨੀਆਂ ਕੁ ਗੱਲਾਂ ਕਰਕੇ ਕੈਨੇਡਾ ਦੇ ਪੰਜਾਬੀ ਲੇਖਕਾਂ ਵੱਲੋਂ ਸੁਰੂ ਕੀਤੀ ਗਈ ਬਹਿਸ ਨੂੰ ਅੱਗੇ ਤੋਰਨ ਵਿੱਚ ਮੈਂ ਜ਼ਰੂਰ ਕੁਝ ਸਾਰਥਿਕ ਹਿੱਸਾ ਪਾ ਸਕਿਆ ਹਾਂ। ਮੈਨੂੰ ਉਮੀਦ ਹੈ ਕਿ ਕੈਨੇਡਾ ਦੇ ਹੋਰ ਪੰਜਾਬੀ ਲੇਖਕ ਵੀ ਇਸ ਬਹਿਸ ਵਿੱਚ ਆਪਣਾ ਹਿੱਸਾ ਜ਼ਰੂਰ ਪਾਉਣਗੇ।
**********
ਲੜੀ ਜੋੜਨ ਲਈ ਅਗਸਤ 2 ਦੀ ਪੋਸਟਿੰਗ ‘ਚ ਉਂਕਾਰਪ੍ਰੀਤ ਜੀ ਦਾ ਕਾਨਫਰੰਸ ਬਾਰੇ ਪ੍ਰਤੀਕਰਮ ਜ਼ਰੂਰ ਪੜ੍ਹੋ ਜੀ। ਸ਼ੁਕਰੀਆ।
2 comments:
ਸੁਖਿੰਦਰ ਜੀ ਬਹੁਤ ਕੌੜਾ ਸੱਚ ਤਾਂ ਤੁਸੀਂ ਪਹਿਲਾ ਹੀ ਬਿਆਨ ਕਰ ਚੁੱਕੇ ਹੋ ( ਵੇਸਣ ਦੀ ਬਰਫੀ ਵਾਲ਼ਾ)ਇਸ ਲੇਖ ਰਾਹੀਂ ਤਾਂ ........... ਕੀ ਲਿਖਾਂ ਕੁਛ ਸਮਝ ਨਹੀਂ ਆ ਰਿਹਾ......ਸਾਨੂੰ ਸਮਝ ਕਦੋਂ ਆਵੇਗੀ ਜਾਂ ਸ਼ਾਇਦ ਆਵੇਗੀ ਹੀ ਨਹੀਂ .....ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜੇਠਾਣੀ
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਸਲਾਨਾ ਸਮਾਗਮ 2009’ਤੇ ਸੁਖਿੰਦਰ ਦੀ ਟਿੱਪਣੀ ਦਾ ਜਵਾਬ
ਹਰ ਸਾਲ ਦੀ ਤਰ੍ਹਾਂ ਪੰਜਾਬੀ ਲਿਖਾਰੀ ਸਭਾ, ਕੈਲਗਰੀ ਨੇ ਇਸ ਸਾਲ ਵੀ 13 ਜੂਨ 2009 ਦਿਨ ਸ਼ਨਿਚਰਵਾਰ ਨੂੰ ਫਾਲਕਨਰਿਜ਼/ਕੈਸਲਰਿਜ਼ ਕਮਿਉਨਟੀ ਹਾਲ ਵਿਚ ਆਪਣਾ ਸਾਲਾਨਾ ਸਮਾਗਮ ਕੀਤਾ। ਇਸ ਸਾਲ ਇਕਬਾਲ ਰਾਮੂੰਵਾਲੀਆ ਨੂੰ ‘ਇਕਬਾਲ ਅਰਪਨ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਸਨਮਾਨ ਵਿਚ ਲੇਖਕ ਨੂੰ ਪੰਜ ਸੌ ਡਾਲਰ ਦੀ ਨਗਦ ਰਾਸ਼ੀ ਇਕ ਇਕਬਾਲ ਅਰਪਨ ਯਾਦਗਾਰੀ ਪਲੈਕ ਆਉਣ ਜਾਣ ਦੀ ਕਿਰਾਇਆ, ਸਮਾਗਮ ਦੋਰਾਨ ਰਹਿਣ ਦਾ ਪੂਰਾ ਇੰਤਜ਼ਾਮ, ਲਿਖਾਰੀ ਸਭਾ ਦੇ ਮੈਂਬਰਾ ਦੀ ਕਿਤਾਬਾਂ ਦਾ ਇਕ ਸੈਟ ਅਤੇ ਸੁਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵਲੋਂ ਉਸ ਲੇਖਕ ਦਾ ਇਕ ਚਿੱਤਰ ਬਣਾ ਕੇ ਭੇਂਟ ਕੀਤਾ ਜਾਂਦਾ ਹੈ। ਸੁਖਿੰਦਰ ਨੂੰ ਆਪਣੇ ਪੁਰਾਣੇ ਮਿੱਤਰ ਤੇ ਸਮਕਾਲੀ ਲੇਖਕ ਇਕਬਾਲ ਰਾਮੂਵਾਲੀਆ ਨੂੰ ਸਨਮਾਨ ਮਿਲਣ ਤੇ ਬਹੁਤ ਈਰਖ਼ਾ ਹੋਈ ਜਾਪਦੀ ਹੈ।ਉਸ ਨੇ ਇਸ ਈਰਖਾ ਦੇ ਉਬਾਲ ਵਿਚ ਲਿਖਾਰੀ ਸਭਾ ਨੂੰ ਵੀ ਆਪਣੀ ਬੇ-ਸਿਰ-ਪੈਰ ਟਿੱਪਣੀ ਦੀ ਲਪੇਟ ਵਿਚ ਲਂੈਣ ਦੀ ਕੋਸ਼ਿਸ ਕੀਤੀ ਹੈ।ਇਸ ਲਈ ਅਸੀਂ ਸਾਹਿੱਤਕ ਪਰਿਵਾਰ ਨੂੰ ‘ਪੰਜਾਬੀ ਲਿਖਾਰੀ ਸਭਾ’ ਵਲੋ ਸਨਮਾਨ ਕਰਨ ਦੀ ਚੋਣ ਢੰਗ, ੳਤੇ ਇਹਦੇ ਇਤਿਹਾਸ ਬਾਰੇ ਦਸਣਾ ਜ਼ਰੂਰੀ ਸਮਝਦੇ ਹਾਂ।
“ਪੰਜਾਬੀ ਲਿਖਾਰੀ ਸਭਾ ਕੈਲਗਰੀ” ਕੈਲਗਰੀ ਦੇ ਇਕ ਨਾਮਵਰ ਕ੍ਰਮਸ਼ੀਲ ਲੇਖਕ ਇਕਬਾਲ ਅਰਪਨ ਦੇ ਉੱਦਮ ਨਾਲ 1998 ਵਿਚ ਹੋਂਦ ਵਿਚ ਆਈ। ਪਹਿਲਾਂ ਸਾਲ ਭਰ ਉਹਨਾਂ ਦੇ ਘਰ ਵਿਚ ਹੀ ਮੀਟਿੰਗਾਂ ਹੁੰਦੀਆਂ ਰਹੀਆਂ, ਪਰ ਇਸ ਤੋਂ ਬਾਆਦ ਸੰਨ ਦੋ ਹਜ਼ਾਰ ਵਿਚ ਬਕਾਇਦਾ ਚੋਣ ਕਰਕੇ ਸਾਹਿੱਤਕ ਮਿਲਣੀ ਕੌਂਸਲ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ (ਕੋਸੋ) ਇਕ ਸਾਂਝੇ ਥਾਂ ਹਰ ਮਹੀਨੇ ਦੇ ਤੀਸਰੇ ਐਤਵਾਰ ਨੂੰ ਕੀਤੀ ਜਾਂਦੀ ਹੈ।2000 ਵਿਚ ਸਾਲਾਨਾ ਸਮਾਗਮ ਕਰਕੇ ਸਵ. ਸ਼੍ਰੋਮਣੀ ਸਾਤਿਕਾਰ ਗਿਆਨੀ ਕੇਸਰ ਸਿੰਘ ਨਾਵਲਿਸਟ ਨੂੰ ਸਨਮਾਨਿਤ ਕੀਤਾ। 2001 ਵਿਚ ਸਵ. ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ, 2002 ਵਿਚ ਸਵ. ਗੁਰਦੇਵ ਸਿੰਘ ਮਾਨ, 2003 ਗੁਰਚਰਨ ਰਾਮਪੁਰੀ, 2004 ਵਿਚ ਜੋਗਿੰਦਰ ਸ਼ਮਸ਼ੇਰ, 2005 ਵਿਚ ਡਾ. ਦਰਸ਼ਨ ਗਿੱਲ, 2006 ਨਵਤੇਜ ਭਾਰਤੀ, 2007 ਵਿਚ ਬਲਬੀਰ ਕੌਰ ਸੰਘੇੜਾ, 2008 ਵਿਚ ਸ੍ਰੀ ਨਦੀਮ ਪਰਮਾਰ ਅਤੇ ਇਸ ਸਾਲ ਇਕਬਾਲ ਰਾਮੂਵਾਲੀਆ ਨੂੰ ਸਨਮਾਨਿਤ ਕੀਤਾ ਗਿਆ।ਸਾਡਾ ਚੋਣ ਕਰਨ ਦਾ ਢੰਗ ਇਹ ਹੈ ਕਿ ਪੰਜਾਬੀ ਲਿਖਾਰੀ ਸਭਾ ਦਾ ਕੋਈ ਵੀ ਮੈਂਬਰ ਕੈਨੇਡਾ ਵਿਚਲੇ ਕਿਸੇ ਵੀ ਲੇਖਕ ਦਾ ਨਾਂਅ ਪੇਸ਼ ਕਰ ਸਕਦਾ ਹੈ। ਨਾਲ ਹੀ ਉਸ ਮੈਂਬਰ ਨੇ ਉਸ ਲੇਖਕ ਬਾਰੇ ਪੂਰਾ ਵੇਰਵਾ ਦੇਣਾ ਹੁੰਦਾ ਹੈ ਕਿ ਉਹ ਕਿਵੇ ਇਸ ਸਨਮਾਨ ਦਾ ਹੱਕਦਾਰ ਹੈ।ਇਸੇ ਤਰ੍ਹਾਂ ਹੋਰ ਨਾਂਅ ਵੀ ਲਏ ਜਾਂਦੇ ਹਨ। ਇਹ ਸਾਰੇ ਨਾਮਾਂ ਉਤੇ ਲਿਖਾਰੀ ਸਭਾ ਦੀ ਕਾਰਜਕਾਰਨੀ ਕਮੇਟੀ ਵਿਚਾਰ ਕਰਦੀ ਹੈ ਕਿ ਉਸ ਲੇਖਕ ਦੀ ਪੰਜਾਬੀ ਸਾਹਿੱਤ ਨੂੰ ਦੇਣ, ਸਾਹਿਤਕ ਮਿਆਰ, ਸਾਹਿੱਤਕ ਪ੍ਰਕਿਰਿਆ, ਉਮਰ, ਸਿਹਤ ਅਤੇ ਲੇਖਕ ਦੇ ਕਿਰਦਾਰ ਨੂੰ ਮੁੱਖ ਰੱਖਕੇ ਪੇਸ਼ ਹੋਏ ਨਾਂਵਾਂ ਵਿਚੋਂ ਇਕ ਨਾਂਅ ਚੁਣਿਆਂ ਜਾਂਦਾ ਹੈ।ਇਹਨਾਂ ਸਾਰਿਆਂ ਨੁਕਤਿਆਂ ਨੂੰ ਲੈ ਕੇ ਹੀ ਇਸ ਵਾਰ ਇਕਬਾਲ ਰਾਮੂਵਾਲੀਆ ਦਾ ਨਾਂਅ ਚੁਣਿਆਂ ਗਿਆ ਸੀ।ਅਸੀਂ ਆਪਣੇ ਫ਼ੈਸਲੇ ਨੂੰ ਦਰੁਸਤ ਮੰਨਦੇ ਹਾਂ। ਜੇਕਰ ਕੋਈ ਹੋਰ ਜਾਣਕਾਰੀ ਲੈਂਣੀ ਹੋਵੇ ਤਾਂ ਉਹ ਹੇਠ ਲਿਖੇ ਫ਼ੋਨ ਨੰ. ਤੇ ਕਿਸੇ ਵੇਲੇ ਵੀ ਸੰਪਰਕ ਕਰ ਸਕਦਾ ਹੈ:
ਇਕਬਾਲ ਖ਼ਾਨ:001 403-921-8736, ਹਰਬੰਸ ਬੁੱਟਰ 001 403-889-0791 buttar88@yahoo.co.in
ਸਤਿਕਾਰ ਸਹਿਤ
ਹਰਬੰਸ ਬੁੱਟਰ
ਕੈਲਗਰੀ, ਕੈਨੇਡਾ
Post a Comment