(26 ਜਨਵਰੀ 1905 - 22 ਦਿਸੰਬਰ 1967)
ਲੇਖ – ਭਾਗ ਪਹਿਲਾ
ਮੈਨੂੰ ਸ੍ਰੀ ਬਰਕਤ ਰਾਮ ਯੁਮਨ ਜੀ ਬਾਰੇ ਕੁੱਝ ਲਿਖਣ ਲਈ ਕਿਹਾ ਗਿਆ ਤਾਂ ਮੈਂ ਕਈ ਦਿਨ ਸੋਚੀਂ ਪਿਆ ਰਿਹਾ ਕਿ ਕੀ ਲਿਖਾਂ! ਕਿਥੋਂ ਸ਼ੁਰੂ ਕਰਾਂ! ਪਰ ਅਜ ਕਲਮ-ਕਾਗਜ਼ ਲੈ ਕੇ ਬੈਠਿਆਂ ਹਾਂ ਤਾਂ ਅੱਖੀਆਂ ਅੱਗੇ ਉਹਨਾਂ ਨਾਲ ਬਿਤਾਇਆ ਸਾਰਾ ਵੇਲਾ ਕਿਵੇਂ ਸੱਜਰਾ ਹੋ ਗਿਆ ਹੈ! ਜ਼ਿਹਨ ਵਿਚ ਵਲਵਲੇ ਉਠ ਰਹੇ ਹਨ! ਮੇਰੇ ਗਿਰਾਈਂ ਤਾਂ ਜਿਵੇਂ ਯਾਦਾਂ ਦੇ ਮੇਲੇ ਹੀ ਜੁੜ ਗਏ ਨੇ - ਬਹੁਤ ਸਾਰੀਆ ਯਾਦਾਂ ਜਿਨ੍ਹਾਂ ਨੂੰ ਚੇਤੇ ਕਰਕੇ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਸ੍ਰੀ ਬਰਕਤ ਰਾਮ ਯੁਮਨ ਜੀ ਦੇ ਪਰਿਵਾਰ ਚੋਂ ਹਾਂ! ਬਹੁਤ ਸਾਰੀਆ ਯਾਦਾਂ ਇਹੋ ਜਿਹੀਆਂ ਵੀ, ਜਿਨ੍ਹਾਂ ਦਾ ਚੇਤਾ ਆਉਂਦੇ ਹੀ ਜੀ ਗਚ ਗਚ ਭਰ ਆਉਂਦਾ ਹੈ! ਅੱਜ ਪਿੱਛੇ ਝਾਤੀ ਮਾਰੀ ਤਾਂ ਵੇਖਿਆ ਕਿ ਹਾਲੇ ਵੀ ਬਹੁਤ ਕੁੱਝ ਰਹਿ ਗਿਆ ਹੈ ਯੁਮਨ ਜੀ ਬਾਰੇ ਅਣਡਿੱਠਾ! ਅਣਕਿਹਾ! ਇਹ ਸਾਰੀਆਂ ਖ਼ੂਬਸੂਰਤ ਯਾਦਾਂ ਇਸ ਕਲਮ ਨਾਲ ਪਿਰੋ ਕੇ ਤੁਹਾਡੇ ਸਾਹਮਣੇ ਪੇਸ਼ ਕਰਣ ਦੀ ਕੋਸ਼ਿਸ਼ ਕਰ ਰਿਹਾ ਹਾਂ।
-----
ਪੰਜਾਬੀ ਦੇ ਮੁਮਤਾਜ਼ ਗਜ਼ਲਗੋ ਸ੍ਰੀ ਬਰਕਤ ਰਾਮ ‘ਯੁਮਨ’ ਜੀ ਦਾ ਜਨਮ 26 ਜਨਵਰੀ 1905 ਈ. ਨੂੰ ਸਿਆਲਕੋਟ ਦੀ ਤਹਿਸੀਲ ਪਸਰੂਰ ਦੇ ਕਸਬੇ ਕਿਲਾ ਸੋਭਾ ਸਿੰਘ ਦੇ ਨਾਲ ਦੇ ਪਿੰਡ ਭੁੱਟਾ ਵਿਚ ਹੋਇਆ। ਉਹ ਅਜੇ ਪੰਜ ਸਾਲ ਦੇ ਹੀ ਸਨ ਕਿ ਪਿਤਾ ਦਾ ਸਾਇਆ ਉਨ੍ਹਾਂ ਦੇ ਸਿਰ ਤੋਂ ਉੱਠ ਗਿਆ। ਉਨ੍ਹਾਂ ਦੀ ਮਾਤਾ ਜੀ ਨੇ, ਜਿਸ ਨੂੰ ਸਭ ‘ਬੇਬੇ ਜੀ’ ਕਹਿ ਕੇ ਪੁਕਾਰਦੇ ਸਨ, ਕਰੜੀ ਮਿਹਨਤ ਕਰਕੇ ਯੁਮਨ ਜੀ ਤੇ ਉਹਨਾਂ ਦੀਆਂ ਤਿੰਨ ਭੈਣਾਂ ਨੂੰ ਪਾਲਿਆ। ਉਹਨਾਂ ਦੀ ਵੱਡੀ ਭੈਣ ਇਸਰਾ ਦੇਵੀ ਤੇ ਛੋਟੀਆਂ ਭੈਣਾਂ ਅਨੰਤੀ ਦੇਵੀ ਤੇ ਕੇਸਰੀ ਦੇਵੀ ਸਨ। ਪਿੰਡ ਦੇ ਕਸਬੇ ਕਿਲਾ ਸੋਭਾ ਸਿੰਘ ਵਿਚਕਾਰ ਡੇਕ ਨਦੀ ਨੂੰ ਪਾਰ ਕਰਕੇ ਯੁਮਨ ਜੀ ਕਸਬੇ ਦੇ ਸਰਕਾਰੀ ਸਕੂਲ ਪੜ੍ਹਨ ਜਾਂਦੇ ਸਨ। ਜਦੋਂ ਉਹ ਪੰਜਵੀਂ-ਛੇਵੀਂ ’ਚ ਪੜ੍ਹਦੇ ਸਨ ਤਾਂ ਉਹਨਾਂ ਦੇ ਮਨ ਵਿਚ ਪੰਜਾਬੀ ਕਿੱਸੇ ਪੜ੍ਹਨ ਦਾ ਸ਼ੌਕ ਉੱਠਿਆ। ਕਿੱਸਿਆਂ ਦੀਆਂ ਸਤਰਾਂ ਜਦ ਉਹ ਗਾ-ਗਾ ਕੇ ਪਿੰਡ ਵਾਲਿਆਂ ਨੂੰ ਸੁਣਾਉਂਦੇ ਤੇ ਪਿੰਡ ਵਾਲੇ ਇਸ ਹੋਣਹਾਰ ਬੱਚੇ ਤੇ ਮੋਹਿਤ ਹੋ ਜਾਂਦੇ ਜੋ ਪੜ੍ਹਾਈ ਵਿਚ ਵੀ ਬਹੁਤ ਹੁਸ਼ਿਆਰ ਸੀ। ਪਿੰਡ ਦੇ ਲੋਕ ਇਹਨਾਂ ਕੋਲੋਂ ਚਿੱਠੀਆਂ ਪੜ੍ਹਵਾਉਣ ਤੇ ਲਿਖਵਾਣ ਆਉਂਦੇ ਸਨ। ਹੀਰ (ਵਾਰਿਸ ਸ਼ਾਹ), ਸੋਹਣੀ (ਫ਼ਜ਼ਲ ਸ਼ਾਹ), ਸੱਸੀ (ਹਾਸ਼ਿਮ), ਪੂਰਨ ਭਗਤ (ਪੰਡਤ ਕਾਲੀ ਦਾਸ ਗੁਜਰਾਂਵਾਲੀਏ) ਆਦਿ ਕਿੱਸਿਆਂ ਨੂੰ ਪੜ੍ਹਦੇ-ਗਾਉਂਦੇ ਯੁਮਨ ਜੀ ਅਜੇ ਸੱਤਵੀਂ ਵਿਚ ਹੀ ਸਨ ਕਿ ਉਹਨਾਂ ਨੇ ਬੈਂਤ-ਛੰਦ ਵਿਚ ‘ਰੂਪ-ਬਸੰਤ’ ਦਾ ਕਿੱਸਾ ਲਿਖ ਦਿੱਤਾ। ਉਹਨਾਂ ਦੇ ਕਾਵਿ ਸ਼ੌਕ ਨੂੰ ਵਧਾਉਣ ਵਿਚ ਉਹਨਾਂ ਦੀ ਜਮਾਤ ਦੇ ਇੰਚਾਰਜ ਉਸਤਾਦ ਗੁਲਾਮ ਅਹਿਮਦ ‘ਪਾਬੰਦ’ ਦੀ ਪ੍ਰੇਰਣਾ ਸੀ। ਚੋਦ੍ਹਾਂ-ਪੰਦਰ੍ਹਾਂ ਸਾਲ ਦੀ ਛੋਟੀ ਉਮਰੇ ਯੁਮਨ ਜੀ ਉਰਦੂ ਵਿਚ ਸ਼ਿਅਰ ਕਹਿਣ ਲੱਗ ਪਏ। ਘਰ ਦੀ ਆਰਥਿਕ ਤੰਗੀ ਕਾਰਨ ਪੜ੍ਹਾਈ ਦੇ ਨਾਲ ਨਾਲ ਨੌਕਰੀ ਵੀ ਕਰਨੀ ਪਈ। ਪੜਾਈ ਦੇ ਦੌਰਾਨ ਡਾਕਟਰ ਦੇ ਕੰਪੋਡਰ ਤੇ ਕਿਸੀ ਵਕੀਲ ਦੇ ਮੁਨਸ਼ੀ ਵੀ ਰਹੇ। ਇਸ ਦੇ ਨਾਲ ਨਾਲ ਉਸ ਵਕਤ ਦੇ ਰਿਵਾਜ਼ਾਂ ਮੁਤਾਬਿਕ ਛੋਟੇ-ਛੋਟੇ ਕਿੱਸੇ ਕਾਵਿ ਰੂਪ ਵਿਚ ਲਿਖ ਕੇ ਵੇਚਦੇ ਰਹੇ। ਰੋਜ਼ੀ-ਰੋਟੀ ਵਾਸਤੇ ਇਹੋ ਜਿਹੇ ਰੁਝੇਵਿਆਂ ਨੇ ਅਤੇ ਨਾਲ ਹੀ ਪੜ੍ਹਾਈ ਦੀ ਲਗਨ ਨੇ ਯੁਮਨ ਜੀ ਨੂੰ ਛੋਟੀ ਉਮਰ ਵਿਚ ਹੀ ਸੂਝ-ਬੂਝ ਭਰਿਆ ਬਣਾ ਦਿੱਤਾ। ਪੜ੍ਹਾਈ ਦੇ ਦੌਰਾਨ ਹੀ ਉਹਨਾਂ ਨੇ ਆਪਣਾ ਤਖ਼ੱਲੁਸ ‘ਯੁਮਨ’ ਰੱਖ ਲਿਆ। ‘ਯੁਮਨ’ ਅਰਬੀ ਭਾਸ਼ਾ ਦਾ ਸ਼ਬਦ ਹੈ। ਯੁਮਨ ਦਾ ਅਰਥ ਵੀ ‘ਬਰਕਤ’ ਹੀ ਹੁੰਦਾ ਹੈ। ਇਸ ਨਾਮ ਨਾਲ ਦਿਨੋਂ-ਦਿਨ ਆਸਪਾਸ ਦੇ ਇਲਾਕਿਆਂ ਵਿਚ ਬਹੁਤ ਮਸ਼ਹੂਰ ਹੋ ਗਏ।
-----
ਇਸੇ ਸਮੇਂ ਦੌਰਾਨ ਉਹ ਦੇਸ਼ ਵਿਚ ਚੱਲ ਰਹੀ ਆਜ਼ਾਦੀ ਦੀ ਲਹਿਰ ਨਾਲ ਬਹੁਤ ਪ੍ਰਭਾਵਿਤ ਹੋਏ। ਸਕੂਲੀ ਦਿਨਾਂ ਵਿਚ ਹੀ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਓਹ ਸਾਥੀ ਵਿਦਿਆਰਥੀਆਂ ਨੂੰ ਸੁਣਾਉਂਦੇ। ਅੰਗਰੇਜ਼ਾਂ ਦੇ ਵਿਰੁੱਧ ਲਿਖੀ ਇਕ ਕਵਿਤਾ ਸਕੂਲ ਦੇ ਸਾਰੇ ਬੱਚੇ ਗਾਉਣ ਲੱਗ ਪਏ। ਇਹ ਗੱਲ ਸਕੂਲ ਦੇ ਮਾਸਟਰ ਕੋਲ ਪਹੁੰਚ ਗਈ। ਖੋਜ ਕਰਨ ਤੇ ਜਦ ਪਤਾ ਚੱਲਿਆ ਕਿ ਇਹ ਕਵਿਤਾ ਯੁਮਨ ਜੀ ਦੀ ਲਿਖੀ ਹੋਈ ਹੈ, ਤਾਂ ਮਾਸਟਰ ਨੇ ਇਹਨਾਂ ਨੂੰ ਤਲਬ ਕਰ ਲਿਆ। ਬਹੁਤ ਧਮਕਾਇਆ ਕਿ ਇਹ ਸਰਕਾਰੀ ਸਕੂਲ ਹੈ ਤੇ ਅੰਗਰੇਜ਼ਾਂ ਵਿਰੁੱਧ ਕਵਿਤਾਵਾਂ ਲਿਖਣਾ ਜੁਰਮ ਹੈ। ਉਸ ਨੇ ਇਹਨਾਂ ਕੋਲੋਂ ਲਿਖੀ ਹੋਈ ਕਵਿਤਾ ਮੰਗੀ। ਇਹਨਾਂ ਨੇ ਕਵਿਤਾ ਦੇਣ ਤੋਂ ਇਨਕਾਰ ਕਰ ਦਿੱਤਾ। ਗੁੱਸੇ ‘ਚ ਬੇਕਾਬੂ ਹੋਇਆ ਮਾਸਟਰ ਇਹਨਾਂ ਦੇ ਹੱਥ ਕੁਰਸੀ ਦੇ ਪਾਵਿਆਂ ਥੱਲੇ ਰੱਖ ਕੇ ਕੁਰਸੀ ਤੇ ਬੈਠ ਗਿਆ। ਪਰ ਇਸ ਦੇਸ਼ਭਗਤ ਬੱਚੇ ਨੇ ਮਾਸਟਰ ਨੂੰ ਕਵਿਤਾ ਨਹੀਂ ਦਿੱਤੀ।
-----
ਕਿਲਾ ਸੋਭਾ ਸਿੰਘ ਦੇ ਸਰਕਾਰੀ ਸਕੂਲ ਦੀ ਪੜ੍ਹਾਈ ਪੂਰੀ ਕਰਕੇ, ਯੁਮਨ ਜੀ ਨੇ ਪਸਰੂਰ ਤੋਂ ਅਧਿਆਪਕੀ ਦਾ ਕੋਰਸ ਕੀਤਾ ਤੇ ਸਕੂਲ ਮਾਸਟਰ ਹੋ ਗਏ। ਅਧਿਆਪਕ ਹੋ ਕੇ ਆਪ ਉਸ ਸਮੇਂ ਦੇ ਉਸਤਾਦ ਕਵੀਆਂ ਦੀ ਸੰਗਤ ’ਚ ਬੈਠਣ ਲੱਗ ਪਏ ਤੇ ਫਿਰ ਦੂਰ-ਦੂਰ ਕਵਿਤਾਵਾਂ ਪੜ੍ਹਨ ਲਈ ਜਾਣਾ ਸ਼ੁਰੂ ਹੋ ਗਏ। 1925 ਈ. ਵਿਚ ਆਪਦੀ ਸ਼ਾਦੀ ਸਵਰਨ ਦੇਵੀ ਨਾਲ ਹੋ ਗਈ। ਵਕਤ ਦੇ ਨਾਲ ਨਾਲ ਪਰਿਵਾਰ ਵਿਚ ਦੋ ਪੁੱਤਰਾਂ ਤੇ ਦੋ ਧੀਆਂ ਦਾ ਵਾਧਾ ਹੋਇਆ। ਬੜਾ ਬੇਟਾ ਓਮ ਪ੍ਰਕਾਸ਼ (ਦਿੱਲੀ), ਬੜੀ ਬੇਟੀ ਪ੍ਰਕਾਸ਼ ਦੇਵੀ (ਬਟਾਲਾ), ਛੋਟੀ ਬੇਟੀ ਕੈਲਾਸ਼ ਦੇਵੀ (ਦਿੱਲੀ) ਤੇ ਛੋਟਾ ਬੇਟਾ ਪ੍ਰੇਮ ਪ੍ਰਕਾਸ਼ (ਬਟਾਲਾ) ਨੇ। ਅਧਿਆਪਕੀ ਦੇ ਕੰਮ ਵਿਚ ਯੁਮਨ ਜੀ ਬਹੁਤ ਸਫ਼ਲ ਰਹੇ। ਆਪ ਜੀ ਦਾ ਕਵਿਤਾਵਾਂ ਲਿਖਣ ਦਾ ਸ਼ੌਕ ਵੀ ਵਧਦਾ ਹੀ ਚਲਾ ਗਿਆ।
-----
ਸਫ਼ਲ ਅਧਿਆਪਕੀ ਤੇ ਸਫ਼ਲ ਸ਼ਾਇਰੀ ਯੁਮਨ ਜੀ ਨੂੰ 1934 ਈ. ਵਿਚ ਲਾਹੌਰ ਲੈ ਗਈ ਤੇ ਆਪ ਸਨਾਤਨ ਧਰਮ ਹਾਈ ਸਕੂਲ, ਲਾਹੌਰ ਵਿਚ ਮਾਸਟਰ ਲੱਗ ਗਏ। ਲਾਹੌਰ ਆ ਕੇ ਉਸ ਵਕਤ ਦੇ ਉਸਤਾਦ ਕਵੀਆਂ ਨਾਲ ਮੇਲ-ਜੋਲ ਹੋਣ ਲੱਗ ਪਿਆ। ਆਪਣੀਆਂ ਰਚਨਾਵਾਂ ਪੰਡਿਤ ਰਾਮ ਸ਼ਰਨ ਐਡਵੋਕੇਟ ਨੂੰ ਵਿਖਾਲਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਨੂੰ ਹੀ ਕਾਵਿ-ਗੁਰੂ ਧਾਰ ਲਿਆ। ਇਸ ਦੇ ਨਾਲ ਹੀ ਲਾਹੌਰ ਦੇ ਪ੍ਰਸਿੱਧ ਕਵੀਆਂ ਉਸਤਾਦ ਮਿਲਖੀ ਰਾਮ ਲਾਹੌਰੀ, ਉਸਤਾਦ ਇਸ਼ਕ ਲਹਿਰ, ਉਸਤਾਦ ਦਿਆਲ ਸਿਆਲਕੋਟੀ, ਉਸਤਾਦ ਮੁਹੰਮਦ ਰਮਜਾਨ ਹਮਦਮ ਦੀ ਸੰਗਤ ਤੋਂ ਵੀ ਬਹੁਤ ਫ਼ੈਜ਼ ਪ੍ਰਾਪਤ ਕੀਤਾ।
-----
ਆਪ ਲਾਹੌਰ ਪੰਜਾਬੀ ਕਵੀ ਸਭਾ ਦੇ ਅੱਠ ਸਾਲ ਲਗਾਤਾਰ ਪ੍ਰਧਾਨ ਰਹੇ। ਇਹ ਸਭਾ ਹਰ ਮਹੀਨੇ ਇਕ ਕਵੀ ਦਰਬਾਰ ਕਰਵਾਉਂਦੀ ਸੀ ਜਿਸ ਵਿਚ ਲਾਹੌਰ ਤੇ ਆਸ-ਪਾਸ ਦੇ ਕਵੀ ਹਿੱਸਾ ਲੇਂਦੇ ਸਨ। ਇਹ ਕਵੀ ਦਰਬਾਰ ਵੱਛੋਵਾਲੀ, ਨਕੈਣ ਦੀ ਹਵੇਲੀ, ਸਾਲਮੀ ਦਰਵਾਜ਼ਾ, ਨਿਸਬਤ ਰੋਡ, ਗਵਾਲ ਮੰਡੀ ਆਦਿ ਥਾਵਾਂ ਤੇ ਆਯੋਜਿਤ ਕੀਤੇ ਜਾਂਦੇ ਸਨ ਤੇ ਦੇਰ ਰਾਤ ਤੱਕ ਚੱਲਦੇ ਸਨ। ਇਹਨਾਂ ਕਵੀ ਦਰਬਾਰਾਂ ਦੇ ਰਾਹੀਂ ਲੋਕਾਂ ਵਿਚ ਪੰਜਾਬੀ ਭਾਸ਼ਾ ਲਈ ਪਿਆਰ ਤੇ ਸ਼ੌਂਕ ਪੈਦਾ ਕੀਤਾ ਜਾਂਦਾ ਸੀ। ਉਸਤਾਦ ਕਵੀ ਆਪਣੇ ਸ਼ਾਗਿਰਦਾਂ ਨਾਲ ਸ਼ਿਰਕਤ ਕਰਦੇ ਸਨ। 1940 ਦੇ ਦਹਾਕੇ ਵਿਚ ਉਸਤਾਦ ਮਿਲਖੀ, ਉਸਤਾਦ ਹਮਦਮ, ਉਸਤਾਦ ਵਹਿਸ਼ੀ, ਸੁੰਦਰ ਦਾਸ ਜ਼ਰ, ਫਿਰੋਜ਼ਦੀਨ ਸ਼ਰਫ਼, ਉਸਤਾਦ ਦਾਮਨ ਆਦਿ ਦਾ ਬੋਲਬਾਲਾ ਸੀ। ਯੁਮਨ ਜੀ ਨੇ ਇਹਨਾਂ ਨਾਲ ਮਿਲ ਕੇ ਪੰਜਾਬੀ ਭਾਸ਼ਾ ਦੇ ਭੰਡਾਰ ਭਰਨ ਵਿਚ ਜੋ ਯੋਗਦਾਨ ਕੀਤਾ ਹੈ ਉਹ ਭੁਲਾਇਆ ਨਹੀਂ ਜਾ ਸਕਦਾ। ਕਹਿੰਦੇ ਨੇ ਇਹਨਾਂ ਕਵੀ ਦਰਬਾਰਾਂ ਨੂੰ ਸੁਣਨ ਵਾਸਤੇ ਟਿਕਟ ਖਰੀਦਣੀ ਪੈਂਦੀ ਸੀ ਜਦਕਿ ਅੱਜ ਕਲ੍ਹ ਸੁਣਨ ਵਾਲੇ ਇਕੱਠੇ ਕਰਨੇ ਪੈਂਦੇ ਨੇ।
-----
ਆਪ ਦੀ ਪ੍ਰਸਿੱਧੀ ਏਨੀ ਵਧ ਗਈ ਕਿ ਜਿੱਥੇ ਜਿੱਥੇ ਪੰਜਾਬੀ ਵਸਦੇ ਸਨ, ਉੱਥੋਂ ਕਵੀ ਦਰਬਾਰਾਂ ਲਈ ਆਪਨੂੰ ਸੱਦੇ ਆਉਂਣ ਲੱਗ ਪਏ। ਛੋਟੀ ਉਮਰ ਵਿਚ ਹੀ ਆਪਨੂੰ ਸਭ ‘ਉਸਤਾਦ ਯੁਮਨ’ ਕਹਿਣ ਲੱਗ ਪਏ। ਆਪ ਹਰ ਕਾਵਿ-ਰੂਪ, ਛੰਦ-ਬਹਿਰ, ਸ਼ਿਅਰਾਂ ਦੀ ਖ਼ੂਬੀਆਂ ਤੇ ਨੁਕਤੀਆਂ ਦੀ ਬਾਰੀਕੀਆਂ ਪਛਾਣਦੇ ਸਨ। ਨੌਜਵਾਨ ਕਵੀ ਆਪ ਤੋਂ ਸਲਾਹ ਲੈਣ ਲੱਗ ਪਏ।
-----
ਕਵੀ ਦਰਬਾਰਾਂ ਦੇ ਰੁਝੇਵੇਂ ਤੇ ਇਹਨਾਂ ਲਈ ਦੇਸ਼ ਦੇ ਕੋਨੇ ਕੋਨੇ ਜਾਣ ਕਾਰਨ 1946 ਵਿਚ ਅਧਿਆਪਕੀ ਛੱਡ ਦਿੱਤੀ। ਇਹਨਾਂ ਦਿਨਾਂ ਵਿਚ ਹੀ ਕਿਤਾਬਾਂ ਦੀ ਦੁਕਾਨ ਖੋਲ੍ਹੀ, ਜੋ ਜ਼ਿਆਦਾ ਵਕਤ ਆਪਦਾ ਬੜਾ ਬੇਟਾ ਹੀ ਚਲਾਉਂਦਾ ਸੀ। 1946 ਤੱਕ ਆਉਂਦੇ ਆਉਂਦੇ ਲਾਹੌਰ ਵਿਚ ਫਿਰਕੂ ਦੰਗੇ ਹੋਣ ਲੱਗ ਪਏ। 1947 ਦੇ ਸ਼ੁਰੂ ਤੱਕ ਆਉਂਦੇ ਲਾਹੌਰ ਵਿਚ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਲੋਕਾਂ ਤੇ ਹਮਲੇ ਹੋਣ ਲੱਗੇ। 1947 ਦੇ ਹੋਲੀਆਂ ਦੇ ਦਿਨਾਂ ਵਿਚ ਆਪ ਲਹੌਰ ਦੇ ਘਰ ਨੂੰ ਤਾਲਾ ਲਗਾ ਕੇ ਪਿੰਡ ਆ ਗਏ। ਇੱਥੇ ਆ ਕੇ ਕਰਿਆਨੇ ਦੀ ਦੁਕਾਨ ਸ਼ੁਰੂ ਕੀਤੀ। ਪਰ ਹਾਲਾਤ ਬਦ ਤੋਂ ਬਦਤਰ ਹੋਣ ਲੱਗ ਪਏ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਪਰ ਦੇਸ਼ ਦੇ ਫਿਰਕੂ ਦੰਗੇ ਪਿੰਡਾਂ ਵਿਚ ਵੀ ਪਹੁੰਚ ਗਏ। 28 ਅਗਸਤ ਦੀ ਸਵੇਰੇ ਲਾਗੇ ਦੇ ਪਿੰਡਾਂ ਵਿਚ ਅੱਗਾਂ ਦੇ ਧੂੰਏ ਉੱਠਣ ਲੱਗੇ, ਤੇ ਯੁਮਨ ਜੀ ਨੂੰ ਪਰਿਵਾਰ ਸਹਿਤ ਪਿੰਡ ਛੱਡਣਾ ਪਿਆ। ਦੇਸ਼ ਵੰਡ ਦੀ ਦੁਖਾਂਤਕ ਘਟਨਾ ਨੇ ਯੁਮਨ ਜੀ ਦਾ ਸਭ ਕੁਝ ਲੁੱਟ ਲਿਆ। ਬਸ ਪਰਿਵਾਰ ਬਚਦਾ-ਬਚਾਉਂਦਾ ਤਿੰਨ ਦਿਨਾਂ ਬਾਅਦ ਡੇਰਾ ਬਾਬਾ ਨਾਨਕ ਪਹੁੰਚਿਆ ਤੇ ਆਪ ਆਪਣੀ ਬ੍ਰਿਧ ਮਾਂ ਨੂੰ, ਜੋ ਉਸ ਵਕਤ ਪਚਾਸੀ ਵਰ੍ਹਿਆਂ ਦੀ ਸੀ ਤੇ ਜਿਸ ਦੀ ਅੱਖੀਆਂ ’ਚ ਰੌਸ਼ਨੀ ਨਹੀਂ ਸੀ, ਮੋਢਿਆਂ ਤੇ ਚੁੱਕ ਕੇ ਇਸ ਪਾਰ ਲੈ ਆਏ। ਇਸ ਵਿਚ ਆਪ ਦੇ ਬੜੇ ਬੇਟੇ ਨੇ ਵੀ ਸਾਰੇ ਰਸਤੇ ਆਪ ਦੀ ਮਦਦ ਕੀਤੀ। ਕੁਝ ਦਿਨ ਆਪਣੀ ਵੱਡੀ ਭੈਣ ਦੇ ਪਿੰਡ ਰੁਕ ਕੇ ਆਪ ਪੱਕੇ ਤੌਰ ਤੇ ਬਟਾਲਾ ਆ ਵਸੇ ਤੇ ਮਨ ਵਿਚ ਧਾਰ ਲਿਆ ਕਿ ਆਖ਼ਿਰੀ ਸਵਾਸ ਏਥੇ ਹੀ ਪੂਰਾ ਕਰਨਾ ਏ।
-----
ਦੇਸ਼ ਵੰਡ ਦੇ ਸਮੇਂ ਸਭ ਕੁਝ ਖੁਝ ਗਿਆ। ਏਧਰ ਆ ਕੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ। ਆਰਥਿਕ ਤੰਗੀਆਂ ਤੋਂ ਪਾਰ ਪਾਉਣ ਲਈ ਕਦੀ ਹੋਟਲ-ਹਲਵਾਈ ਦੀ ਦੁਕਾਨ ਕੀਤੀ, ਕਦੇ ਆਟੇ ਦਾ ਡਿਪੋ ਖੋਲ੍ਹਿਆ, ਕਦੀ ਕੁਝ, ਕਦੀ ਕੁਝ। ਦੋ-ਤਿੰਨ ਸਾਲਾਂ ਬਾਅਦ ਫਿਰ ਇਹ ਸਭ ਛੱਡ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਜੁੜ ਗਏ। ਦੇਸ਼ ਵੰਡ ਦੀ ਘਟਨਾ ਨੇ ਯੁਮਨ ਜੀ ਨੂੰ ਬਹੁਤ ਗਹਿਰਾ ਸਦਮਾ ਦਿੱਤਾ। ਏਸ ਦੁੱਖ ਨੂੰ ਉਹਨਾਂ ਨੇ ਆਪਣੀ ਇਕ ਨਜ਼ਮ ‘ਪਨਾਹਗੀਰਾਂ ਦੀ ਹੀਰ’ ਵਿਚ ਇੰਜ ਪ੍ਰਗਟਾਇਆ-
ਕਰੀਂ ਯਾਦ ਆਪਣੀ ਕਦੇ ਪਨਾਹਗੀਰਾ, ਤੂੰ ਤੇ ਚਮਕਦੈ ਸੈਂ ਆਬੋ-ਤਾਬ ਅੰਦਰ
ਦੌਲਤ, ਹੁਸਨ, ਹਕੂਮਤਾਂ ਰਹਿੰਦੀਆਂ ਸਨ, ਸਿਜ਼ਦੇ ਕਰਦਿਆਂ ਤੇਰੀ ਜਨਾਬ ਅੰਦਰ
ਵਾਹੀ, ਵਣਜ਼, ਮੁਲਾਜ਼ਮਤ ਦਸਤਕਾਰੀ, ਹਰ ਇਕ ਮੱਦ ਸੀ ਤੇਰੇ ਹਿਸਾਬ ਅੰਦਰ
ਰਾਂਝਾ ਤਖ਼ਤ ਹਜ਼ਾਰੇ ਦਾ ਚੌਧਰੀ ਸੀ, ਤੂੰ ਸੈਂ ਚੌਧਰੀ ਸਾਰੇ ਪੰਜਾਬ ਅੰਦਰ
ਤੇਰੀ ਧੁੰਮ ਤ੍ਰਿੰਝਣਾਂ ਵਿਚ ਹੈ ਸੀ, ਤੇਰੇ ਨਾਲ ਮਹਿਫ਼ਿਲ ਹਰ ਇਕ ਸਜਦੀ ਸੀ
ਤੇਰੇ ਨਾਲ ਸੀ ਰੌਣਕ ਅਖਾੜਿਆਂ ਦੀ, ਤੇਰੀ ਵੰਝਲੀ ਜੱਗ ਵਿਚ ਵੱਜਦੀ ਸੀ
ਮੌਜੂ ਨਾਮ ਅਖੰਡ ਪੰਜਾਬ ਦਾ ਸੀ, ਤੇ ਜਿਦ੍ਹੇ ਨਾਲ ਗਿਆ ਇਕਬਾਲ ਤੇਰਾ
ਦਗ਼ੇਬਾਜ਼ ਭਰਾਵਾਂ ਨੇ ਨਾਲ ਧੋਖੇ, ਦੱਬ ਲਿਆ ਜ਼ਮੀਨ ਤੇ ਮਾਲ ਤੇਰਾ
ਤੇਰੀ ਸਾਂਝ ਦੀ ਕਿਸੇ ਨਾ ਕਦਰ ਕੀਤੀ, ਤੇ ਰਹਿਓਂ ਸਾਂਝ ਨਿਭਾਂਦਿਆਂ ਸਾਂਝਿਆ ਓਏ
ਸੋਨਾ ਸ਼ੁੱਧ ਬੇਕਦਰਾਂ ਦੇ ਹੱਥ ਆਕੇ, ਗਿਆ ਪਿੱਤਲੇ ਦੇ ਵਾਂਗਰ ਮਾਂਜਿਆ ਓਏ
ਛੇਕੇ ਹੋਣ ਥੱਲੇ ਜਿਨਾਂ ਭਾਂਡਿਆਂ ਦੇ, ਖਾਲੀ ਰਹਿਣ ਉਹ ਕਦੇ ਨਾ ਭਰੇ ਜਾਂਦੇ
ਔੜਕ ਆਪਣੇ ਆਪ ਤੇ ਭਾਰ ਪੈਂਦੇ, ਨਖ਼ਰੇ ਨਿਤ ਨਹੀਂ ਕਿਸੇ ਤੋਂ ਜਰੇ ਜਾਂਦੇ
( ਇਹ ਸਤਰਾਂ ਯੁਮਨ ਜੀ ਦੀ ਬੇਟੀ ਦੇ ਮੁਖ ਤੋਂ )
ਸਭ ਕੁਝ ਗਵਾ ਕੇ ਵੀ ਉਹਨਾਂ ਨੇ ਜੀਵਨ ਦੀ ਉਚਾਈ ਦਾ ਪੱਖ ਨਹੀਂ ਛੱਡਿਆ ਤੇ ਲਿਖਿਆ-
ਭੁੱਲੇ ਆਜਜ਼ੀ ਦੇ ਵਿਚ ਵੀ ਉਚਾਈ ਦਾ ਨਾ ਪੱਖ
ਨਿਗ੍ਹਾ ਨੀਵੀਂ ਰੱਖ, ਨਿਗਾਹ ’ਚ ਇਰਾਦੇ ਉੱਚੇ ਰੱਖ
ਓਹ ਕੀ ਬਿਜਲੀਆਂ ਤੋਂ ਕੰਬੇ, ਓਹ ਕੀ ਝੱਖੜਾਂ ਤੋਂ ਝੱਕੇ
ਜਿਹਦੇ ਉਡ ਗਏ ਸੁਆਹ ਹੋ ਕੇ ਆਹਲਣੇ ਦੇ ਕੱਖ
ਦੰਗੇ, ਫ਼ਸਾਦ, ਅੱਗਾਂ, ਕਤਲ ਤੇ ਉਜਾੜੇ ਵੇਖ ਕੇ ਯੁਮਨ ਜੀ ਦਾ ਜੀਵਨ ਇਕ ਵਿਰਾਗੀ ਵਾਂਗ ਹੋ ਗਿਆ। ਕਲੇਮ ’ਚ ਮਿਲੇ ਬਟਾਲਾ ਸ਼ਹਿਰ ਦੇ ਨਿਵਾਸ ’ਤੇ ਕਈ ਲੋਕ ਤਦ ਤੱਕ ਰਹਿੰਦੇ ਰਹੇ, ਜਦੋਂ ਤੱਕ ਕਿਤੇ ਹੋਰ ਆਸਰਾ ਨਹੀਂ ਮਿਲਿਆ। ਹਰ ਇਕ ਦੀ ਮਦਦ ਕਰਨਾ ਉਹਨਾਂ ਦੇ ਸੁਭਾਅ ’ਚ ਸੀ। ਧਨ ਨਾਲ ਉਹਨਾਂ ਨੂੰ ਕੋਈ ਪਿਆਰ ਨਹੀਂ ਸੀ।
-----
ਵਕਤ ਨੇ ਫ਼ਿਰ ਕਰਵਟ ਬਦਲੀ ਤੇ ਹਾਲਾਤ ਠੀਕ ਹੋਣੇ ਸ਼ੁਰੂ ਹੋ ਗਏ। ਆਪ ਨੂੰ ਦੂਰੋਂ ਦੂਰੋਂ ਸੱਦੇ ਆਉਂਣੇ ਸ਼ੁਰੂ ਹੋ ਗਏ। ਯੁਮਨ ਜੀ ‘ਬਰਕਤ ਰਾਮ ਯੁਮਨ’ ਤੋਂ ਬਰਕਤ ਰਾਮ ਯੁਮਨ ‘ਬਟਾਲਵੀ’ ਹੋ ਗਏ। ਫਿਰ ਆਪਣੇ ਇਸ ਪਾਸੇ ਦੇ ਸਮਕਾਲੀ ਕਵੀ-ਸਾਥੀਆਂ ਵਿਧਾਤਾ ਸਿੰਘ ਤੀਰ, ਕਰਤਾਰ ਸਿੰਘ ਬਲੱਗਣ, ਨੰਦ ਲਾਲ ਨੂਰਪੁਰੀ, ਹਜ਼ਾਰਾ ਸਿੰਘ ਮੁਸ਼ਤਾਕ, ਹਜ਼ਾਰਾ ਸਿੰਘ ਗੁਰਦਾਸਪੁਰੀ, ਦੀਵਾਨ ਸਿੰਘ ਮਹਿਰਮ, ਰਾਮ ਨਾਰਾਇਣ ਸਿੰਘ ਦਰਦੀ, ਗੁਰਦੇਵ ਸਿੰਘ ਮਾਨ ਆਦਿ ਨਾਲ ਕਵੀ-ਦਰਬਾਰਾਂ ਦਾ ਠਾਠ ਬੰਨ੍ਹਣ ਲੱਗ ਪਏ। ਆਪਣੇ ਸਾਥੀ ਕਵੀ ਨੂਰਪੁਰੀ ਜੀ ਦੀ 1966 ਵਿਚ ਹੋਈ ਦਰਦਨਾਕ ਮੌਤ ਨੂੰ ਓਹਨਾਂ ਬੜਾ ਮਹਿਸੂਸ ਕੀਤਾ ਤੇ ਇਕ ਲੇਖ ਓਹਨਾਂ ਤੇ ਲਿਖਿਆ ‘ਗੀਤਾਂ ਦਾ ਬਾਦਸ਼ਾਹ: ਨੰਦ ਲਾਲ ਨੂਰਪੁਰੀ’ । ਇਹ ਲੇਖ ਓਹਨਾਂ ਨੇ ਡਾਕਟਰ ਸੁਰਿੰਦਰ ਕਾਹਲੋਂ ਨੂੰ ਓਹਨਾਂ ਦੇ ਵਿਦਿਆਰਥੀ ਜੀਵਨ ਵਿਚ ਛਾਪੇ ਜਾ ਰਹੇ ਰਸਾਲੇ ‘ਭਾਵਨਾ’ ਵਾਸਤੇ ਦਿੱਤਾ ਤੇ ਉਸ ਰਸਾਲੇ ਵਿਚ ਵੀ ਛਪਿਆ ਸੀ ।
-----
ਸ਼੍ਰੀ ਬਰਕਤ ਰਾਮ ‘ਯੁਮਨ’ ਪੰਜਾਬੀ ਕਾਵਿ-ਦੁਨੀਆਂ ਦੇ ਸ਼ਿੰਗਾਰ ਸਨ। ਉਹਨਾਂ ਨੇ ਇਕ ਹਜ਼ਾਰ ਤੋਂ ਉੱਤੇ ਉੱਚ ਪਾਏ ਦੀਆਂ ਕਵਿਤਾਵਾਂ ਲਿਖੀਆਂ। ਹਰ ਕਾਵਿ-ਰੂਪ ਤੇ ਕਾਵਿ ਰੰਗ ਵਿਚ ਉਹਨਾਂ ਹੱਥ ਅਜ਼ਮਾਇਆ। ਪ੍ਰਕਾਸ਼ਕਾਂ ਦੀ ਬੇ-ਤਰਸੀ ਤੇ ਆਪਣੀ ਖਾਲੀ ਜੇਬ ਦੀ ਮਾਰ ਦੇ ਕਾਰਨ ਉਹ ਆਪਣਾ ਕਲਾਮ ਨਹੀਂ ਛਪਵਾ ਸਕੇ। ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਯੂਨੀਵਰਸਿਟੀ ਦੀ ਪ੍ਰੇਰਣਾ ਸਦਕਾ ਯੁਮਨ ਜੀ ਦੀ ਸੁਪਤਨੀ ਅਤੇ ਸਪੁੱਤਰਾਂ ਨੇ ਉਹਨਾਂ ਦੀਆ ਸਾਰੀਆ ਲਿਖਤਾਂ ਯੁਨੀਵਰਸਿਟੀ ਦੇ ਹਵਾਲੇ ਕਰ ਦਿੱਤੀਆ ਸਨ। ਡਾ. ਬਿਕਰਮ ਸਿੰਘ ਘੁੰਮਣ ਜੀ ਅਤੇ ਡਾ. ਡਾਕਟਰ ਤਜਿੰਦਰ ਹਰਜੀਤ ਜੀ (ਅਜੋਕਾ ਜਲੰਧਰ ਦੂਰਦਰਸ਼ਨ) ਨੇ ਕਵੀ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਯੁਮਨ ਜੀ ਦੇ ਪਰਿਵਾਰ ਤੋਂ ਜਾਣਕਾਰੀ ਹਾਸਿਲ ਕੀਤੀ। ਇਹਨ੍ਹਾਂ ਦਾ ਕੁੱਝ ਕੁ ਛੱਡ ਕੇ ਸਾਰਾ ਕਲਾਮ ਫ਼ਾਰਸੀ ਅੱਖਰਾਂ ਵਿਚ ਸੀ ਜਿਸਨੂੰ ਗੁਰਮੁਖੀ ਵਿਚ ਬਦਲਣ ਦਾ ਕੰਮ ਡਾ ਮਾਨ ਸਿੰਘ ਅੰਮ੍ਰਿਤ ਜੀ ਨੇ ਕੀਤਾ। ਉਹਨਾਂ ਦੇ ਸਾਰੇ ਕਲਾਮ ਚੋਂ ਕੁੱਝ ਚੋਣਵੇਂ ਸੰਗ੍ਰਿਹ ਦੀ ਸੰਪਾਦਕੀ ਡਾ. ਸਤਿੰਦਰ ਸਿੰਘ ਜੀ ਨੇ ਕੀਤੀ। ਇਹ ਚੋਣਵਾਂ ਕਲਾਮ ਪੁਸਤਕ ਦੇ ਰੂਪ ਵਿਚ ‘ਬਰਕਤ ਰਾਮ ਯੁਮਨ :ਜੀਵਨ ਤੇ ਰਚਨਾ ” ਦੇ ਨਾਂ ਨਾਲ 1978 ਵਿਚ ਛਪਿਆ। ਯੁਮਨ ਜੀ ਦੀਆਂ ਸਾਰੀਆਂ ਲਿਖਤਾਂ ਅਜੇ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਕੋਲ ਨੇ। ਉਹਨਾਂ ਦਾ ਜ਼ਿਆਦਾਤਰ ਕਲਾਮ ਅਜੇ ਵੀ ਅਣਛਪਿਆ ਪਿਆ ਹੈ। ਇਸ ਵਿਚ ਉਹਨਾਂ ਦਾ ਇਕ ਅਣਛਪਿਆ ਨਾਵਲ, ਅਖਾਣ ਕੋਸ਼ ਤੇ ਆਪਬੀਤੀ ‘ਪਾਕਿਸਤਾਨ ਵਿਚ ਪੰਦਰ੍ਹਾਂ ਦਿਨ’ ਵੀ ਸੀ। ਯੂਨੀਵਰਸਿਟੀ ਨੂੰ ਚਾਹੀਦਾ ਹੈ ਕਿ ਉਹਨਾਂ ਦਾ ਸਾਰਾ ਕਲਾਮ ‘ਬਰਕਤ ਰਾਮ ਯੁਮਨ ਰਚਨਾਵਲੀ’ ਦੇ ਨਾਮ ’ਤੇ ਛਾਪੇ ਤਾਂ ਕਿ ਪੰਜਾਬੀ ਬੋਲੀ ਦੇ ਭੰਡਾਰ ’ਚ ਵਾਧਾ ਹੋਵੇ।
-----
ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਜੋ ਜਮਾਲ ਤੇ ਕਮਾਲ ਯੁਮਨ ਜੀ ਨੂੰ ਹਾਸਿਲ ਹੋਇਆ, ਉਹ ਹੋਰ ਗ਼ਜ਼ਲਕਾਰਾਂ ਨੂੰ ਘੱਟ ਹੀ ਨਸੀਬ ਹੋਇਆ ਏ। ਤਗੱਜ਼ੁਲ, ਤਖੱਯੁਲ, ਨਾਜ਼ੁਕ ਬਿਆਨੀ, ਬਰੀਕ ਬੀਨੀ ਤੇ ਰੂਪ ਵਿਧਾਨ ਨਾਲ ਮਾਲੋ ਮਾਲ ਏ ਯੁਮਨ ਜੀ ਦਾ ਕਲਾਮ। ਗ਼ਜ਼ਲ ਦੀ ਆਤਮਾ ਨੂੰ ਸਮਝਣ ਵਾਲੇ ਪੰਜਾਬੀ ਗ਼ਜ਼ਲਗੋ ਵਿਰਲੇ ਹੀ ਹਨ। ਯੁਮਨ ਜੀ ਉਹਨਾਂ ’ਚੋਂ ਇਕ ਨੇ। ਉਹ ਤੋਲ-ਤੁਕਾਂਤ ਦੇ ਸ਼ਿਲਪੀ ਤੇ ਪਿੰਗਲ ਅਰੂਜ਼ ਦੇ ਕਾਰੀਗਰ ਸਨ। ਉਹਨਾਂ ਦੀ ਸ਼ਾਇਰੀ ਬੋਲੀ ਦੀ ਸਾਦਗੀ ਤੇ ਜ਼ੁਬਾਨਦਾਨੀ ਦੀ ਅਮੀਰੀ ਦਾ ਨਮੂਨਾ ਏ। ਉਹ ਆਪਣੀਆਂ ਕਵਿਤਾਵਾਂ ਵਿਚ ਮੁਹਾਵਰੇ ਬੜੇ ਢੁੱਕਵੇਂ ਵਰਤਦੇ ਸਨ।
-----
ਸਟੇਜ ਤੇ ਜਦ ਆਪਣੀਆਂ ਨਜ਼ਮਾਂ, ਗਜ਼ਲਾਂ, ਰੁਬਾਈਆਂ ਸੁਣਾਉਂਦੇ ਤਾਂ ਸਰੋਤਿਆਂ ਨੂੰ ਕੀਲ ਲੈਂਦੇ ਸਨ। ਲੋਕ ਮਸਤੀ ਵਿਚ ਝੂੰਮ ਉੱਠਦੇ ਤੇ ਮਹਿਫ਼ਿਲਾਂ ਵਾਹ ਵਾਹ ਨਾਲ ਗੂੰਜ ਉੱਠਦੀਆਂ ਸਨ। ਯੁਮੁਨ ਜੀ ਇਕ ਬਹੁਤ ਵਧੀਆ ਗ਼ਜ਼ਲਗੋ ਤੇ ਹੈ ਹੀ ਸਨ, ਉਹਨਾਂ ਦਾ ਗ਼ਜ਼ਲ ਕਹਿਣ ਦਾ ਅੰਦਾਜ਼ ਵੀ ਬਹੁਤ ਸੁਰੀਲਾ ਤੇ ਅਸਰਦਾਰ ਸੀ। ਉਹਨਾਂ ਦੀ ਆਪਣੀ ਆਵਾਜ਼ ਵਿਚ ਪੇਸ਼ ਕੀਤੀ ਹੋਈ ਸਿਰਫ਼ ਇਕ ਹੀ ਗ਼ਜ਼ਲ ਦੀ ਰਿਕਾਰਡਿੰਗ ਮੇਰੇ ਕੋਲ ਹੈ ਜੋ ਉਹਨਾਂ ਨੇ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ ਰੇਡੀਓ ਸਟੇਸ਼ਨ ਜੰਮੂ ਤੇ ਪੜ੍ਹੀ ਸੀ। ਇਹ ਰਿਕਾਰਡਿੰਗ Apnaorg ਦੀ ਸਾਈਟ ਤੋਂ ਸੁਣੀ ਜਾ ਸਕਦੀ ਹੈ।
-----
ਲੋਕ ਸ਼ਬਦਾਵਲੀ ਯੁਮਨ ਜੀ ਦੇ ਕਾਵਿ ਦਾ ਸ਼ਿੰਗਾਰ ਏ। ਉਹਨਾਂ ਨੇ ਨਿੱਤ ਦੇ ਲੋਕ ਵਿਵਹਾਰ ਵਿੱਚੋਂ ਆਮ ਪ੍ਰਚੱਲਿਤ ਸ਼ਬਦਾਂ ਨੂੰ ਬੜੇ ਸਾਰਥਕ ਤੇ ਪ੍ਰਭਾਵਸ਼ਾਲੀ ਰੂਪ ਵਿਚ ਵਰਤਿਆ ਏ। ਡਾ. ਸੁਰਿੰਦਰ ਕਾਹਲੋਂ ਜੀ ਦੇ ਅਨੁਸਾਰ- “ਬਿਆਨ ਦੀ ਪੁਖ਼ਤਗੀ, ਚੁਣ ਚੁਣ ਕੇ, ਘੜ ਘੜ ਕੇ ਖ਼ਿਆਲ ਪੂਰੇ ਵੇਗ ਵਿਚ ਵਹਾਉਣੇ ਕਿ ਉਹ ਵਿਸ਼ੇ-ਵਸਤੂ ਨੂੰ ਉਜਾਗਰ ਕਰਦੇ ਹੋਏ ਉਸ ਦਾ ਪ੍ਰਭਾਵ ਦੂਣਾ-ਚੌਣਾ ਕਰਦੇ ਜਾਣ, ਇਸ ਫ਼ਨ ਦੇ ਉਸਤਾਦ ਸਨ ਯੁਮਨ ਜੀ।”
-----
ਉਸਤਾਦ ਦੇ ਤੌਰ ’ਤੇ ਯੁਮਨ ਜੀ ਇਕ ਸਕੂਲ ਸਨ ਜਿਸ ਤੋਂ ਉਹਨਾਂ ਦੇ ਦਰਜਨਾਂ ਸ਼ਾਗਿਰਦਾਂ ਨੇ ਫ਼ੈਜ਼ ਪਾਇਆ। ਉਹਨਾਂ ਦੀ ਉਸਤਾਦੀ ਤੋਂ ਰਹਿਨੁਮਾਈ ਤੇ ਕਲਮ ਤੋਂ ਅਗਵਾਈ ਲੈ ਕੇ ਉਹਨਾਂ ਦੇ ਦਰਜਨਾਂ ਸ਼ਾਗਿਰਦਾਂ ਤੇ ਕਈ ਪੰਜਾਬੀ ਕਵੀਆਂ ਨੇ ਖ਼ੂਬ ਤੋਂ ਖ਼ੂਬਤਰ ਦੀਆਂ ਮੰਜ਼ਿਲਾਂ ਤੈਅ ਕੀਤੀਆਂ। ਸ਼ਿਵ ਕੁਮਾਰ ਬਟਾਲਵੀ ਵੀ ਉਹਨਾਂ ਦੇ ਸ਼ਾਗਿਰਦ ਸਨ। ਅਸਲ ਵਿਚ ਸ਼ਿਵ ਕੁਮਾਰ ਨੂੰ ਸ਼ਿਵ ਕੁਮਾਰ ਬਟਾਲਵੀ ਬਣਾਉਂਣ ਵਾਲੇ ਯੁਮਨ ਜੀ ਸਨ।
-----
ਕਿਸੇ ਨੂੰ ਵੀ ਸੇਧ ਦੇਣ ਜਾਂ ਸਿਖਲਾਣ ਲਈ ਉਹ ਮਨ੍ਹਾਂ ਨਹੀਂ ਸੀ ਕਰਦੇ। ਦੇਹਰਾਦੂਨ ਦੇ ਇਕ ਨੌਜਵਾਨ ਹਰਚਰਨ ਜੀਤ ਸਿੰਘ ‘ਚੰਨ’ ਨੇ, ਜੋ ਆਰਥਿਕ ਤੌਰ ’ਤੇ ਕਮਜ਼ੋਰ ਸਨ, ਕਾਵਿ-ਖੇਤਰ ’ਚ ਪੈਰ ਰੱਖਿਆ ਹੀ ਸੀ। ਯੁਮਨ ਜੀ ਆਪਣੀ ਪਤਨੀ ਨਾਲ ਇਕ ਮੁਸ਼ਾਇਰੇ ’ਚ ਸ਼ਿਰਕਤ ਲਈ ਆਏ ਹੋਏ ਸੀ। ਇਕ ਹੋਰ ਨੌਜਵਾਨ ਕਵੀ ਸੰਪੂਰਨ ਸਿੰਘ ‘ਭਿਖਾਰੀ’ ਯੁਮਨ ਜੀ ਦਾ ਸ਼ਾਗਿਰਦ ਸੀ ਤੇ ਦੇਹਰਾਦੂਨ ਹੀ ਰਹਿੰਦਾ ਸੀ। ਉਸਨੇ ‘ਚੰਨ’ ਜੀ ਨੂੰ ਯੁਮਨ ਜੀ ਨਾਲ ਮਿਲਵਾਇਆ। ‘ਚੰਨ’ ਜੀ ਕਿਸੀ ਯੋਗ ਕਾਵਿ-ਗੁਰੂ ਨੂੰ ਤਲਾਸ਼ ਰਹੇ ਸੀ। ਉਹ ਕਈਆਂ ਤੋਂ ਨਿਰਾਸ਼ ਹੋ ਚੁੱਕੇ ਸੀ। ਯੁਮਨ ਜੀ ਦੀ ਉਸਤਾਦ-ਰੂਪ ਵਿਚ ਪ੍ਰਸਿੱਧੀ ਬਾਰੇ ਉਹਨਾਂ ਨੂੰ ਪਤਾ ਸੀ। ‘ਚੰਨ’ ਮੁਸ਼ਾਇਰੇ ਦੇ ਅਗਲੇ ਦਿਨ ਯੁਮਨ ਜੀ ਤੇ ਉਹਨਾਂ ਦੀ ਪਤਨੀ ਨੂੰ ਆਪਣੇ ਘਰ ਲੈ ਗਿਆ। ਚੰਨ ਨੇ ਗੱਲਾਂ-ਬਾਤਾਂ ਦੇ ਦੌਰਾਨ ਯੁਮਨ ਜੀ ਦੇ ਚਰਨੀ ਲੱਗ ਕੇ ਕਿਹਾ, “ਮੈਨੂੰ ਆਪਣੀ ਚਰਨੀ ਲਗਾ ਲਓ, ਤੁਸੀਂ ਅੱਜ ਤੋਂ ਮੈਨੂੰ ਆਪਣੀ ਉਸਤਾਦੀ ਬਖਸ਼ੋ, ਮੈਨੂੰ ਗ਼ਰੀਬ ਨੂੰ ਹੋਰ ਕੌਣ ਸ਼ਾਗਿਰਦ ਬਣਾਏਗਾ?” ਯੁਮਨ ਬਹੁਤ ਕੋਮਲ ਦਿਲ ਦੇ ਸਨ। ਚੰਨ ਦੀ ਪਿਆਰ ਤੇ ਸਤਿਕਾਰ ਭਰੀ ਬੇਨਤੀ ਵੇਖ ਕੇ ਰੁਕ ਨਹੀਂ ਸਕੇ। ਚੰਨ ਨੂੰ ਦੋਨੋਂ ਹੱਥਾਂ ਨਾਲ ਫੜ ਕੇ ਉਠਾਇਆ ਤੇ ਛਾਤੀ ਨਾਲ ਲਾ ਲਿਆ ਤੇ ਬੋਲੇ, “ਅੱਜ ਤੋਂ ਤੂੰ ਮੇਰਾ ਸ਼ਾਗਿਰਦ ਏਂ।” ਖ਼ਤੋ-ਕਿਤਾਬਤ (ਡਾਕ ਰਾਹੀਂ) ਉਸ ਦੀ ਕਲਾ ਸੋਧਦੇ ਰਹੇ ਤੇ ਕਾਵਿ ਦੀਆਂ ਬੁਨਿਆਦੀ ਤਕਨੀਕਾਂ ਸਮਝਾਉਂਦੇ ਰਹੇ। ਹਰਚਰਨ ਜੀਤ ਸਿੰਘ ‘ਚੰਨ’ ਨੇ ਆਪਣੀ ਪੁਸਤਕ ‘ਰਿਸ਼ਮਾਂ’ ’ਚ ਲਿਖਿਆ ਹੈ, “ਮੇਰੀ ਕਾਵਿ-ਕਲਾ ਨੂੰ ਪ੍ਰਫੁੱਲਤ ਕਰਨ ਲਈ ਮੇਰੇ ਸਤਿਕਾਰਯੋਗ ਉਸਤਾਦ ਸਵਰਗਵਾਸੀ ਸ੍ਰੀ ਬਰਕਤ ਰਾਮ ਜੀ ‘ਯੁਮਨ’ ਬਟਾਲਵੀ ਦਾ ਮੇਰੇ ਸਿਰ ਤੇ ਹਮੇਸ਼ਾ ਹੱਥ ਰਿਹਾ ਹੈ।”
-----
ਉਹਨਾਂ ਦੇ ਜੇਠੇ ਸ਼ਾਗਿਰਦ ਸਰਦਾਰੀ ਲਾਲ ‘ਤਾਰਾ’ ਜੀ ਸਨ ਜਿਨ੍ਹਾਂ ਨੂੰ ‘ਪੰਜਾਬ ਦੀ ਬੁਲਬੁਲ’ ਕਿਹਾ ਜਾਂਦਾ ਸੀ। ਜਸਵੰਤ ਰਾਇ ‘ਰਾਇ’ ਨੂੰ ‘ਪੰਜਾਬ ਦੀ ਕੋਇਲ’ ਕਿਹਾ ਜਾਂਦਾ ਸੀ। ਰਾਮ ਸ਼ਰਨ ‘ਪ੍ਰੇਮੀ’ (ਲੁਧਿਆਣਾ), ਕਰਤਾਰ ਸਿੰਘ ‘ਨਰਗਸ’ (ਮੁੰਬਈ), ਸ਼ੋਖ਼ ਬਟਾਲਵੀ ( ਜਿਨ੍ਹਾਂ ਨੂੰ ਅਧਿਆਪਕੀ ‘ਚ ਦੇਸ਼ ਦੇ ਰਾਸ਼ਟ੍ਰਪਤੀ ਸਰਵਪੱਲੀ ਰਾਧਾ ਕ੍ਰਿਸ਼ਨਨ ਨੇ 1962 ਵਿਚ ‘ਨੈਸ਼ਨਲ ਅਵਾਰਡ ਫਾਰ ਟੀਚਿੰਗ’ ਨਾਲ ਸਨਮਾਨਿਤ ਕੀਤਾ ) , ਹਰਚਰਨ ਜੀਤ ਸਿੰਘ ‘ਚੰਨ’, ਪਰਸ਼ੋਤਮ ਲਾਲ ਵਹਿਸ਼ੀ, ਸੰਪੂਰਨ ਸਿੰਘ ਭਿਖਾਰੀ, ਸਤਪਾਲ ‘ਤਾਲਿਬ’, ਖ਼ੁਸ਼ਦਿਲ ਸਮਰਾਲਵੀ, ਦੀਵਾਨ ਸਿੰਘ ‘ਆਜਿਜ਼’, ਰਾਮ ਕ੍ਰਿਸ਼ਨ ‘ਬਾਲਮ’, ਚਮਨ ਲਾਲ ਸੁਖੀ, ਗੁਰਦਾਸ ਸਿੰਘ ‘ਨਿਰਮਲ’, ਰਾਮ ਕ੍ਰਿਸ਼ਨ ‘ਨਾਜ਼’, ਭੀਮ ਸੈਨ ਸੇਵਕ, ਹਰਨਾਮ ਦਾਸ ਸੇਵਕ, ਅਮਰ ਨਾਥ ਬਾਰਾ, ਜੀਵਨ ਪ੍ਰਕਾਸ਼ ਜੀਵਨ, ਪ੍ਰੀਤਮ ਸਿੰਘ ਦਰਦੀ, ਮਹਾਵੀਰ ਸਿੰਘ ‘ਦਰਦੀ’, ਰਾਮ ਚੰਦਰ ਰਾਮ, ਪਿਆਰਾ ਸਿੰਘ ਆਜ਼ਾਦ, ਸਰੂਪ ਸਿੰਘ ਸਾਕੀ, ਸ਼ਿਵ ਕੁਮਾਰ ਬਟਾਲਵੀ ( 1967 ਵਿਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ) ਤੇ ਸਾਧੂ ਸਿੰਘ ਅਨੰਤ ਆਪਦੇ ਸ਼ਾਗਿਰਦ ਸਨ।
-----
ਯੁਮਨ ਜੀ ਦੇ ਬਹੁਤ ਨਜ਼ਦੀਕੀ ਦੋਸਤ ਅਜੀਤ ਅਖ਼ਬਾਰ ਦੇ ਬਾਨੀ ਸੰਪਾਦਕ ਸਾਧੂ ਸਿੰਘ ‘ਹਮਦਰਦ’ ਜੀ ਓਹਨਾਂ ਬਾਰੇ ਲਿਖਦੇ ਨੇ:
“ ਯੁਮਨ ਜੀ ਪਹਿਲਾਂ ਉਰਦੂ ਵਿਚ ਸ਼ਾਇਰੀ ਕਰਦੇ ਸਨ, ਪਰ 1935 ਤੋਂ ਉਹਨਾਂ ਨੇ ਮਾਂ-ਬੋਲੀ ਪੰਜਾਬੀ ਦਾ ਪੱਲਾ ਇਸ ਤਰ੍ਹਾਂ ਫੜਿਆ ਕਿ ਮਰਦੇ ਦਮ ਤੱਕ ਨਾ ਛੱਡਿਆ। ਜਦੋਂ ਕਵਿਤਾ ਲਿਖਦੇ ਤਾਂ ਉਹ ਦੇਸ਼ ਭਗਤੀ ਦੇ ਗੀਤ ਗਾਉਂਦੇ, ਸਿਆਸੀ ਝੇਡਾਂ ਕਰਦੇ, ਧਾਰਮਿਕ ਰੰਗ ਜਮਾਉਂਦੇ, ਅਖ਼ਲਾਕੀ ਪੈਰ-ਚਿੰਨ੍ਹ ਕਾਇਮ ਕਰਦੇ ਅਤੇ ਸਮਾਜ ਦੇ ਬਿਖਰੇ ਵਾਲਾਂ ਨੂੰ ਸੰਵਾਰਦੇ। ਜਦੋਂ ਉਹ ਗ਼ਜ਼ਲ ਲਿਖਦੇ ਤਾਂ ਉਹ ਇਕ ਉਸਤਾਦ ਗ਼ਜ਼ਲਗੋ ਦੇ ਰੂਪ ਵਿਚ ਅੱਖਾਂ ਸਾਮ੍ਹਣੇ ਆਉਂਦੇ।
----
ਯੁਮਨ ਜੀ ਦੀ ਸ਼ਾਇਰੀ ਵਿਚ ਪੰਜਾਬੀ ਪਿੰਗਲ ਦਾ ਨਿਭਾਅ ਬਾਖ਼ੂਬੀ ਹੋਇਆ ਹੈ। ਕਵਿਤਾ ਦੇ ਗੀਤ ਲਿਖਣ ਲੱਗਿਆਂ ਜਿੱਥੇ ਉਹ ਪੰਜਾਬੀ ਛੰਦ ਤੇ ਬਹਿਰਾਂ ਵਰਤਦੇ ਅਤੇ ਬੈਂਤ ਤੇ ਕਬਿੱਤ ਨੂੰ ਅਪਣਾਉਂਦੇ, ਉੱਥੇ ਉਹ ਗ਼ਜ਼ਲ ਲਈ ਬੈਂਤ ਤੇ ਕਬਿੱਤ ਨੂੰ ਤਿਆਗ ਕੇ ਫ਼ਾਰਸੀ ਬਹਿਰਾਂ ਨੂੰ ਤਰਜੀਹ ਦੇਂਦੇ ਸਨ। ਇਹ ਚੀਜ਼ ਉਹਨਾਂ ਦੇ ਗ਼ਜ਼ਲ-ਕਾਵਿ ਦੀ ਆਤਮਾ ਨੂੰ ਸਮਝਣ ਦੀ ਸੂਚਕ ਹੈ। ਇਸੇ ਚੇਤਨਾ ਕਾਰਨ ਯੁਮਨ ਜੀ ਦੀਆਂ ਗ਼ਜ਼ਲਾਂ ਹੋਰਾਂ ਨਾਲੋਂ ਕਿਤੇ ਅੱਗੇ ਨਿਕਲਦੀਆਂ ਪ੍ਰਤੀਤ ਹੁੰਦੀਆਂ ਨੇ।
*******
ਪਹਿਲਾ ਭਾਗ ਸਮਾਪਤ – ਲੜੀ ਜੋੜਨ ਲਈ ਅਗਲਾ ਭਾਗ ਜ਼ਰੂਰ ਪੜ੍ਹੋ ਜੀ।
No comments:
Post a Comment