ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, December 29, 2009

ਬਲਜੀਤ ਬਾਸੀ - ਮੁਹਾਵਰਿਆਂ ਨਾਲ਼ ਖਿਲਵਾੜ - ਵਿਅੰਗ

ਮੁਹਾਵਰਿਆਂ ਨਾਲ਼ ਖਿਲਵਾੜ

ਵਿਅੰਗ

ਮੁਹਾਵਰੇ, ਅਖਾਣ ਅਤੇ ਲੋਕੋਕਤੀਆਂ ਬੜੀ ਪਹੁੰਚੀ ਹੋਈ ਚੀਜ਼ ਹੁੰਦੀਆਂ ਹਨਭਾਵੇਂ ਇਹ ਇਕੋ ਥੈਲੀ ਦੇ ਚੱਟੇ ਵੱਟੇ ਹਨ ਪਰ ਫਿਰ ਵੀ ਮੈਂ ਮੁਹਾਵਰੇ ਨੂੰ ਇਕ ਹਾਥੀ ਦੀ ਨਿਆਈਂ ਸਮਝਦਾ ਹਾਂ ਜਿਸ ਦੇ ਪੈਰ ਵਿਚ ਇਨ੍ਹਾਂ ਸਭਨਾਂ ਦੇ ਪੈਰ ਆ ਜਾਂਦੇ ਹਨਇਨ੍ਹਾਂ ਵਿਚ ਸਦੀਆਂ ਦੀ ਸਿਆਣਪ ਸਮੋਈ ਹੁੰਦੀ ਹੈਕਹਿੰਦੇ ਹਨ ਕਿ ਜੇ ਅਖਾਣ ਝੂਠਾ ਹੋ ਗਿਆ ਤਾਂ ਸਮਝੋ ਚੁਆਵਾਂ ਦੁੱਧ ਵੀ ਖੱਟਾ ਹੋ ਗਿਆਮਹਾਂਪੁਰਸ਼ ਇਨ੍ਹਾਂ ਵਿਚ ਕਿਸੇ ਕੌਮ ਦੇ ਸਮੂਹਕ ਅਨੁਭਵ, ਸੂਝ ਤੇ ਰੂਹ ਦੇ ਸਾਖਿਆਤ ਦਰਸ਼ਨ ਕਰਦੇ ਹਨਇਹ ਪੀੜ੍ਹੀ-ਦਰ-ਪੀੜ੍ਹੀ ਗ੍ਰਹਿਣੀਆਂ ਤੇ ਪਰਖੀਆਂ ਜ਼ਿੰਦਗੀ ਦੀਆਂ ਅਟੱਲ ਸੱਚਾਈਆਂ ਨੂੰ ਇਕ ਸੂਤਰ ਰੂਪ ਵਿਚ ਪੇਸ਼ ਕਰਦੇ ਹਨਇਸ ਨਜ਼ਰੀਏ ਤੋਂ ਮੁਹਾਵਰੇ ਦੀ ਮੁਹਾਵਰੇ ਨਾਲ ਹੀ ਪਰਿਭਾਸ਼ਾ ਕਰਨੀ ਹੋਵੇ ਤਾਂ ਕਹਿ ਸਕਦੇ ਹਾਂ ਕਿ ਇਹ ਕੁੱਜੇ ਵਿਚ ਬੰਦ ਕੀਤਾ ਸਮੁੰਦਰ ਹੁੰਦੇ ਹਨਸੰਜਮ ਇਨ੍ਹਾਂ ਦਾ ਮੀਰੀ ਗੁਣ ਹੈ

-----

ਇਤਿਹਾਸ ਦੀ ਕਸਵੱਟੀ ਤੇ ਇਹ ਖ਼ਰੇ ਉਤਰਦੇ ਹੋਏ ਚਿਰਜੀਵੀ ਬਣ ਗਏ ਤੇ ਅਜੇ ਤਕ ਹੱਟੇ ਕੱਟੇ ਪਏ ਹਨਬਾਤ ਦਾ ਬਤੰਗੜ ਬਣਾਉਣ ਨਾਲ ਕਈ ਵਾਰੀ ਤੁਸੀਂ ਕਿਸੇ ਨੂੰ ਏਨਾ ਪ੍ਰਭਾਵਤ ਨਹੀਂ ਕਰ ਸਕਦੇ ਜਿੰਨਾ ਇਕ ਮੁਹਾਵਰੇ ਦਾ ਜਾਦੂ ਸਿਰ ਚੜ੍ਹ ਬੋਲਦਾ ਹੈਇਹ ਤਾਂ ਡੰਕੇ ਦੀ ਚੋਟ ਵਾਂਗ ਵੱਜਦੇ ਹਨ, ਠਾਹ ਸੋਟਾ ਮਾਰਦੇ ਹਨ ਤੇ ਇਨ੍ਹਾਂ ਦੀ ਚੋਟ-ਖਾਧਾ ਹੱਥ ਲਾ ਲਾ ਦੇਖਦਾ ਰਹਿ ਜਾਂਦਾ ਹੈਅਸਲ ਵਿਚ ਹਰ ਬੁਲਾਰਾ ਹੀ ਕੋਈ ਅਜਿਹੀ ਪਤੇ ਦੀ ਗੱਲ ਕਰਨ ਦੀ ਤਾਕ ਵਿਚ ਰਹਿੰਦਾ ਹੈ ਜਿਸਦੇ ਸ਼ਬਦ ਪੱਥਰ ਤੇ ਲੀਕ ਹੋਣਕੁਸ਼ਲ ਸਾਹਿਤਕਾਰ ਤੇ ਬੁਲਾਰੇ ਇਨ੍ਹਾਂ ਨੂੰ ਆਪਣੀ ਰਚਨਾ ਵਿਚ ਨਗ ਵਾਂਗ ਪਰੋਅ ਕੇ ਇਨ੍ਹਾਂ ਦੀ ਪ੍ਰਭਾਵ ਸ਼ਕਤੀ ਦਾ ਲਾਭ ਉਠਾ ਕੇ ਸੋਨੇ ਤੇ ਸੁਹਾਗਾ ਫੇਰ ਲੈਂਦੇ ਹਨਪਰ ਮੁਹਾਵਰਿਆਂ ਦੀ ਸੰਰਚਨਾ, ਪ੍ਰਕਾਰਜ ਅਤੇ ਪ੍ਰਭਾਵ ਇਨ੍ਹਾਂ ਨੂੰ ਸੁਤੰਤਰ ਤੌਰ ਤੇ ਸਾਹਿਤ ਦੀ ਕੋਟੀ ਵਿਚ ਰੱਖੇ ਜਾਣ ਦੀ ਵੀ ਸਮਰਥਾ ਦਰਸਾਉਂਦੇ ਹਨਇਸ ਤਰ੍ਹਾਂ ਇਹ ਸਾਹਿਤ ਦੀ ਇਕ ਸੁਤੰਤਰ ਤੇ ਮੁਕੰਮਲ ਵਿਧਾ ਵਜੋਂ ਵੀ ਮਾਣੇ ਜਾ ਸਕਦੇ ਹਨ

-----

ਸਾਹਿਤ ਦੇ ਇਸ ਲਘੂਤਮ ਰੂਪ ਵਿਚ ਅਨੇਕਾਂ ਰੂਪ, ਸ਼ੈਲੀਆਂ ਤੇ ਦ੍ਰਿਸ਼ਟੀਆਂ ਮੌਜੂਦ ਹਨਮਨੁੱਖ ਜਾਤੀ ਦਾ ਜਿੰਨਾ ਅਨੁਭਵ ਵਿਸ਼ਾਲ ਹੈ ਓਨੇ ਹੀ ਇਹ ਮੁਹਾਵਰੇ ਵਿਸ਼ਾਲ ਹਨਮੁਹਾਵਰਿਆਂ ਨੂੰ ਨਿਰੇ ਪੁਰੇ ਗਿਆਨ ਦੀਆ ਪੁੜੀਆਂ ਜਾਂ ਇਕ ਪ੍ਰਕਾਰ ਪਥਰਾਏ ਫਾਰਮੂਲੇ ਦੇ ਨਿਆਈਂ ਸਮਝਣਾ ਨਿਸਚੇ ਹੀ ਇਨ੍ਹਾਂ ਨਾਲ ਘੋਰ ਅਨਿਆਂ ਹੈਅਨੁਭਵ ਅਧਾਰਤ ਇਨ੍ਹਾਂ ਪ੍ਰਵਚਨਾਂ ਦੀ ਥਾਂ ਹੁਣ ਪ੍ਰਮਾਣ ਅਧਾਰਤ ਗਿਆਨ ਨੇ ਲੈ ਲਈ ਹੈਇਹ ਠੀਕ ਹੈ ਕਿ ਮਨੁੱਖ ਮਾਤਰ ਵਾਰ ਵਾਰ ਉਨ੍ਹਾਂ ਹੀ ਸਥਿਤੀਆਂ ਨੂੰ ਦਰਪੇਸ਼ ਹੁੰਦਾ ਹੈ ਤੇ ਅਜਿਹੀਆਂ ਸਥਿਤੀਆਂ ਵਿਚ ਘਿਰੇ ਮਨੁੱਖ ਦੇ ਸਾਹਮਣੇ ਇਹ ਮੁਹਾਵਰੇ ਕਈ ਵਾਰੀ ਇਕ ਸੱਚਾਈ ਦੇ ਸਰਟੀਫੀਕੇਟ ਵਜੋਂ ਪੇਸ਼ ਕੀਤੇ ਜਾਂਦੇ ਹਨ ਪਰ ਆਪਣੇ ਪ੍ਰਕਾਰਜ ਵਿਚ ਇਹ ਮੁਹਾਵਰੇ ਇਕ ਸੰਕੇਤ ਹੀ ਦਿੰਦੇ ਹਨ, ਸ਼ੁੱਧ ਵਿਚਾਰ ਜਾਂ ਅੰਤਮ ਸੱਚਾਈ ਦੇ ਸੂਚਕ ਨਹੀਂ ਕਹੇ ਜਾ ਸਕਦੇਇਹ ਅਤਿ ਦੇ ਸੂਖ਼ਮ ਤੇ ਸੁਝਾਊ, ਮੋਟੇ-ਠੁਲੇ ਤੇ ਸਪਾਟ, ਵਿਡੰਬਨਾ ਤੇ ਉਪਹਾਸ ਭਰੇ, ਵਿਅੰਗਮਈ ਤੇ ਨਾਟਕੀ, ਏਥੋਂ ਤਕ ਕਿ ਅਮੂਰਤ, ਜਟਿਲ ਤੇ ਵਿਰੋਧਾਭਾਸੀ ਵੀ ਦਿਸ ਆਉਂਦੇ ਹਨ

-----

ਆਓ ਜ਼ਰਾ ਮੁਹਾਵਰਿਆਂ ਦੀਆਂ ਇਨ੍ਹਾਂ ਸਿਫ਼ਤਾਂ ਦੇ ਦਰਸ਼ਨ ਕਰੀਏ.....

ਇਨ੍ਹਾਂ ਦੀ ਸੂਖ਼ਮਤਾ ਤੇ ਸੰਜਮ ਦਾ ਨਜ਼ਾਰਾ ਦੇਖੋ: ਮੂੰਹ ਤੇ ਨੱਕ ਨਾ ਹੋਣਾ; ਦੱਸੋ ਕਹਿੰਦੇ ਹਨ ਅੱਜ ਕੱਲ੍ਹ ਦੀ ਕਵਿਤਾ ਸਮਝ ਨਹੀਂ ਪੈਂਦੀਹਰਿਭਜਨ ਸਿੰਘ ਦੀ ਇਕ ਕਵਿਤਾ ਦੀ ਸਤਰ ਹੈ ਮੇਰੇ ਅਖਵਾਨਿਆਂ ਵਿਚ ਅੱਖ ਨਹੀਂ ਸੀਸਦੀਆਂ ਪਹਿਲਾਂ ਮੁਹਾਵਰੇ ਦੇ ਰੂਪ ਵਿਚ ਅਜਿਹੀ ਜੁਗਤ ਦੀ ਨੀਂਹ ਰਖੀ ਗਈ ਸੀਚੋਖੀ ਸਾਹਿਤਕ ਸਾਧਨਾ ਕੀਤੀ ਹੋਵੇ ਤਾਂ ਸਮਝ ਆਏਗੀ ਕਿ ਨੱਕ ਸ਼ਰਮ ਦਾ ਪ੍ਰਤੀਕ ਹੈ ਤੇ ਇਸ ਮੁਹਾਵਰੇ ਦਾ ਅਰਥ ਬੇਸ਼ਰਮ ਹੋਣਾ ਹੈਮੁਹਾਵਰਿਆਂ ਦੀ ਦੁਨੀਆਂ ਵਿਚ ਕੰਧਾਂ ਦੇ ਕੰਨ ਹੁੰਦੇ ਹਨਐਪਰ ਛੜਿਆਂ ਦੇ ਨਹੀਂ: ਨਾ ਰੰਨ, ਨਾ ਕੰਨਇਹ ਤਾਂ ਮੰਨਿਆ ਕਿ ਰੰਨਹੀਣ ਮਨੁੱਖ ਯਾਨਿ ਛੜਾ ਲਾਪਰਵਾਹ, ਗ਼ੈਰ-ਜ਼ਿੰਮੇਵਾਰ, ਅਤੇ ਮਨਮੌਜੀ ਹੁੰਦਾ ਹੈ, ਨਾ ਉਸਨੂੰ ਚੜ੍ਹੀ ਦੀ ਹੁੰਦੀ ਹੈ ਨਾ ਲੱਥੀ ਦੀ ਪਰ ਏਥੇ ਕੰਨ ਦਾ ਕੀ ਕੰਮ ਹੈ? ਲਓ ਸੁਣੋਰੰਨਹੀਣ ਮਨੁੱਖ ਨੂੰ ਪਤਨੀ ਦੀ ਕੋਈ ਨੋਕ-ਝੋਕ, ਗੁੱਸਾ-ਗਿਲਾ ਨਹੀਂ ਸੁਣਨਾ ਪੈਂਦਾਸੋ ਉਸ ਵਿਅਕਤੀ ਦੇ ਕੰਨ ਨਾ ਹੋਇਆਂ ਨਾਲ ਦੇ ਹਨਵਿਆਹਿਆਂ ਦੇ ਕੰਨ ਘਰ ਵਾਲੀ ਨਾਲੇ ਖਾਂਦੀ ਹੈ ਨਾਲੇ ਖਿਚਦੀ ਹੈਪਰ ਇਹ ਖਿਚ ਕੇ ਕੱਢਿਆ ਅਰਥ ਹੈਵਰਨਾ ਵਾਧੂ ਲਾਇਆ ਕੰਨ ਕਾਫੀਏ ਦਾ ਕੰਮ ਹੀ ਸਾਰਦਾ ਹੈਵੈਸੇ ਵੀ ਕਹਿੰਦੇ ਹਨ ਕਿ ਬਾਹਰੀ ਕੰਨ ਸਿਰਫ਼ ਐਨਕਾਂ ਰੱਖਣ ਦੀ ਟੇਕ ਹੀ ਹੁੰਦੇ ਹਨ ਜਾਂ ਫਿਰ ਖਿਚਣ ਵਾਸਤੇ ਕਿਉਂਕਿ ਕੰਨ ਵਿਚਾਰੇ ਹੱਥਾਂ ਦੀ ਤਰ੍ਹਾਂ ਆਪਣੇ ਬਚਾਅ ਲਈ ਹਿਲ ਜੁਲ ਨਹੀਂ ਕਰ ਸਕਦੇ ਹਾਂ

-----

ਕੁਝ ਨਾ ਪੁਛੋ, ਕੁੱਤੇ ਦੀ ਪੂਛ ਹਨ ਇਹ ਮੁਹਾਵਰੇ, ਉੱਘ ਦੀਆਂ ਪਤਾਲ ਮਾਰਦੇ ਰਹਿੰਦੇ ਹਨ, ਅਖੇ, ‘ਏਹੋ ਜਿਹਾਂ ਦੇ ਗੱਲ ਏਹੋ ਜਿਹੇ ਹੁੰਦੇ ਹਨਕੀ ਕੋਈ ਮੂੰਹ ਸਿਰ ਦਿਸਦਾ ਹੈ ਇਸ ਮੁਹਾਵਰੇ ਦਾ? ਇਹ ਤਾਂ ਮੇਰੇ ਵਰਗੇ ਖੋਜੀਆਂ ਨੇ ਹੱਥ ਪੈਰ ਮਾਰ ਕੇ ਕੁਝ ਪਿੜ ਪੱਲੇ ਪਾਇਆ ਹੈ: ਆਪਣਾ ਅਗਿਆਨ ਲੁਕੋਣ ਲਈ ਜਦ ਕੋਈ ਚਲਾਕੀ ਦੀ ਗੱਲ ਕਰੇ ਤਾਂ ਉਦੋਂ ਕਹਿੰਦੇ ਹਨਕਿਸੇ ਨੇ ਪਹਿਲੀ ਵਾਰ ਊਠ ਦੇਖਿਆ ਜਿਸਦੇ ਗਲ ਵਿਚ ਟੱਲੀ ਪਾਈ ਹੋਈ ਸੀਉਸ ਨੇ ਕਿਸੇ ਕੋਲੋਂ ਪੁਛਿਆ ਕਿ ਇਹ ਕੀ ਹੈ ਤੇ ਇਸਨੇ ਕੀ ਪਾਇਆ ਹੈਅਗੋਂ ਸੱਜਣ ਵੀ ਹਮਾਤੜ ਅਣਜਾਣ ਹੀ ਸੀ ਜਿਸਨੇ ਨਾ ਕਦੇ ਊਠ ਦੇਖਿਆ ਸੀ ਤੇ ਨਾ ਕਦੇ ਟੱਲੀ ਪਰ ਸੀ ਚਲਾਕਸੋ ਉਸ ਨੇ ਆਪਣਾ ਅਗਿਆਨ ਦਰਸਾਉਣ ਲਈ ਕਿਹਾ ਕਿ ਜੀ ਏਹੋ ਜਿਹਾਂ ਦੇ ਗਲ ਏਹੋ ਜਿਹੇ ਹੀ ਹੁੰਦੇ ਹਨਹੋ ਗਿਆ ਨਾ ਚਾਨਣ? ਜੇ ਮੈਂ ਇਸਦਾ ਮਤਲਬ ਕੱਢ ਕੇ ਨਾ ਦਸਦਾ ਤਾਂ ਤੁਸੀਂ ਤਾਂ ਹੋ ਜਾਣਾ ਸੀ ਸੁਣ ਕੇ ਆਊਂ ਬਤਾਊਂ! ਨੌਤੀ ਸੌਜਿਹੀ ਨਿਰਾਰਥਕ ਸੰਖਿਆ ਵੀ ਮੁਹਾਵਰਿਆਂ ਵਿਚ ਹੀ ਸੰਭਵ ਹੈ ਤੇ ਢਾਈ ਟੋਟਰੂਜਿਹੇ ਮਰਜੀਵੜੇ ਵੀਅਸਲ ਵਿਚ ਇਹ ਆਪਣਾ ਉੱਲੂ ਸਿੱਧਾ ਰਖਦੇ ਹਨ ਤੇ ਬੰਦੇ ਨੂੰ ਉੱਲੂ ਬਣਾਉਂਦੇ ਹਨ

-----

ਹਾਸਾ, ਵਿਡੰਬਨਾ, ਅਤਿਕਥਨੀ- ਇਹ ਚੀਜ਼ਾਂ ਤਾਂ ਮੁਹਾਵਰੇ ਦੀ ਜਿੰਦ ਜਾਨ ਹਨ, ਕਿੰਨਿਆਂ ਦੀ ਗੱਲ ਕਰੀਏ ਇਸ ਗੱਲੋਂ ਤਾਂ ਲਗਦਾ ਸਾਰੇ ਇਕੋ ਰੱਸੀ ਨਾਲ ਬੰਨ੍ਹੇ ਜਾਣ ਵਾਲੇ ਹਨ: ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ; ਨਾਚ ਨਾ ਜਾਣੇ ਆਂਗਨ ਟੇਢਾ; ਡਿਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਜਾਂਦੇ ਚੋਰ ਦੀ ਤੜਾਗੀ ਹੀ ਸਹੀ; ਉਠ ਨਾ ਹੋਵੇ ਫਿੱਟੇ ਮੂੰਹ ਗੋਡਿਆਂ ਦੇ; ਨਾਨੀ ਕੁਆਰੀ ਰਹਿ ਗਈ, ਦੋਹਤੀ ਦੇ ਨੌ ਸੌ ਵਿਆਹ; ਨਹੀਂ ਰੀਸਾਂ ਝਨਾਂ ਦੀਆਂ, ਭਾਵੇਂ ਸੁੱਕਾ ਹੀ ਵਗੇ, ਅੱਠ ਪੁੱਤ ਅਠਾਰਾਂ ਪੋਤੇ, ਅਜੇ ਬਾਬਾ ਘਾਹ ਖੋਤੇ, ਕੁੜੀ ਪੇਟ ਕਣਕ ਖੇਤ ਆ ਜਵਾਈਆ ਮੰਡੇ ਖਾਹ, ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ, ਉਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ, ਮੂਰਖਾਂ ਦੇ ਸਿੰਗ ਨਹੀਂ ਹੁੰਦੇ। ।।।।।।।। ਇੰਨੇ ਹਨ ਕਿ ਭਾਵੇਂ ਖੰਭਾਂ ਦੀਆਂ ਡਾਰਾਂ ਬਣਾ ਲਓ

-----

ਮੁਹਾਵਰਿਆਂ ਵਿਚ ਆਪਾ ਵਿਰੋਧ ਤੇ ਵਿਰੋਧਾਭਾਸ ਵੀ ਜ਼ਿੰਦਗੀ ਜਿੰਨਾ ਹੀ ਵਿਆਪਕ ਹੈਸਾਨੂੰ ਮੁਹਾਵਰੇ ਦੇਣ ਵਾਲੇ ਸਾਡੇ ਵਡੇਰੇ ਕਿਹੜਾ ਘਟ ਭੰਬਲਭੂਸੇ ਵਿਚ ਰਹਿੰਦੇ ਸਨਇਕ ਨੇ ਜੇ ਇਕ ਗੱਲ ਕਹੀ ਤਾਂ ਦੂਸਰੇ ਨੇ ਉਸ ਤੋਂ ਉਲਟ: 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ”, ਤੇ ਦੂਜੇ ਬੰਨੇ ਮੌਤ ਦੀ ਕੋਈ ਦਵਾ ਨਹੀਂਜਾਂ ਫਿਰ ਕਹਿਣਗੇ ਜਿਹਦੀ ਆ ਲੱਗੀ ਉਹਨੂੰ ਕੌਣ ਬਚਾਵੇਇਕ ਪਾਸੇ ਖਾਣਸੂਰੀ ਔਰਤ ਨੂੰ ਵਡਿਆ ਦਿੰਦੇ ਹਨ ਦੂਜੇ ਪਾਸੇ ਲਾਹ-ਪਾਹ ਕਰਨ ਲੱਗੇ ਵੀ ਢਿੱਲ ਨਹੀਂ ਕਰਦੇ: ਨੂੰਹ ਦਾ ਖਾਣ ਕੱਟੀ ਦਾ ਲੇਹਾ, ਅਜਾਈਂ ਨਹੀਂ ਜਾਂਦਾਦੇ ਟਾਕਰੇ ਤੇ ਤਿੱਤਰ ਖੰਭੀ ਬੱਦਲੀ ਰੰਨ ਮਲਾਈ ਖਾਹ, ਉਹ ਵਸੇ ਉਹ ਉਜੜੇ ਕਦੇ ਨਾ ਖ਼ਾਲੀ ਜਾਂਹਆਮ ਤੌਰ ਤੇ ਮੁਹਾਵਰੇ ਔਰਤਾਂ ਅਤੇ ਮੱਝਾਂ ਦੇ ਬਹੁਤ ਪਿਛੇ ਪਏ ਰਹਿੰਦੇ ਹਨਅੱਵਲ ਤਾਂ ਔਰਤ ਦੀ ਮੱਤ ਮੰਨਦੇ ਹੀ ਨਹੀਂ ਜੇ ਮੰਨਣੀ ਵੀ ਪਵੇ ਤਾਂ ਗੁੱਤ ਦੇ ਪਿੱਛੇ ਧਕੇਲ ਦਿੰਦੇ ਹਨਮੱਝਾਂ ਵਿਚਾਰੀਆਂ ਇਕ ਤਾਂ ਆਪਣਾ ਕੱਟੜੂ ਪਰੇ ਹਟਾ ਕੇ ਮਾਲਕ ਦਾ ਘਰ ਭਰਦੀਆਂ ਹਨ ਫਿਰ ਵੀ ਖਾਹ-ਮਖਾਹ ਨਿੰਦਿਆ ਦਾ ਪਾਤਰ ਬਣੀਆਂ ਰਹਿੰਦੀਆਂ ਹਨ: ਮੱਝ ਅੱਗੇ ਬੀਨ ਵਜਾਉਣਾ; ਅਕਲ ਵੱਡੀ ਕਿ ਮੱਝ; ਮੋਟੀ ਮੱਝ-ਕਿੰਨਾ ਕਹਿਰ ਢਾਹਿਆ ਬੇਜ਼ੁਬਾਨ ਤੇਫਿਰ ਸੂਮਪੁਣੇ ਦਾ ਬੜਾ ਪ੍ਰਚਾਰ ਕਰਦੇ ਹਨ, ਮੂਤ ਚੋਂ ਮੱਛੀਆਂ ਭਾਲਦੇ ਹਨ, ਥੁੱਕੀਂ ਵੜੇ ਪਕਾਉਂਦੇ ਹਨ, ਸਖੀ ਨਾਲੋਂ ਸੂਮ ਚੰਗਾ ਜਿਹੜਾ ਤੁਰਤ ਦੇਵੇ ਜਵਾਬ, ਨਾਲੇ ਹੁਸ਼ਨਾਕ ਬਾਹਮਣੀ ਸੀਂਢ ਦਾ ਤੁੜਕਾਇਕੱਲੇ ਜਣੇ ਨੂੰ ਛੁਟਿਆਉਂਦੇ ਇਕ ਨਾਲੋਂ ਦੋ ਭਲੇਜਾਂ ਇਕ ਇਕ ਤੇ ਗਿਆਰਾਂਦੇ ਮੁਕਾਬਲੇ ਵਿਚ ਇਕ ਨੂੰ ਹੀ ਸਵਾ ਲੱਖਕਹੀ ਜਾਂਦੇ ਹਨ ਤੇ ਏਕੇ ਚ ਬਰਕਤਵੀ ਦੱਸੀ ਜਾਂਦੇ ਹਨਪਰ ਇਹ ਮੁਹਾਵਰੇ ਦਾ ਵਿਰੋਧਾਭਾਸ ਕਹੀਏ ਜਾਂ ਖੂਬਸੂਰਤੀ ਕਿ ਚੋਰ ਤੇ ਲਾਠੀ ਦੋ ਜਣੇ , ਮੈਂ ਤੇ ਬਾਪੂ ਕੱਲੇਵਿਚ ਦੋ ਨੂੰ ਇਕ ਤੇ ਇਕ ਨੂੰ ਦੋ ਬਣਾ ਦਿੱਤਾ ਗਿਆ ਹੈਬੇਈਮਾਨੀਏ ਤੇਰਾ ਆਸਰਾਦੇ ਟਾਕਰੇ ਨੀਯਤ ਸਾਫ਼ ਤੇ ਕੰਮ ਰਾਸ ਹੈਨਾਲੇ ਚੋਰੀ ਦਾ ਗੁੜ ਮਿੱਠਾਦੱਸ ਕੇ ਚੋਰੀ ਕਰਨ ਲਈ ਉਕਸਾਈ ਜਾਂਦੇ ਹਨ ਨਾਲੇ ਕਹਿੰਦੇ ਹਨ ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾਆਪਣੀ ਆਈ ਤੇ ਆਏ ਮੁਹਾਵਰੇ ਆਨੇ ਪਾਈਆਂ ਦਾ ਖ਼ਿਆਲ ਰਖਦੇ ਹਨ, ਵਾਲ ਦੀ ਖੱਲ ਵੀ ਲਾਹੁਣ ਤੱਕ ਜਾਂਦੇ ਹਨ, 'ਦੁਧ ਦਾ ਦੁਧ, ਪਾਣੀ ਦਾ ਪਾਣੀ ਛਾਣਦੇ ਹਨ' ਨਹੀਂ ਤਾਂ ਉਨੀ ਵੀਹ ਦਾ ਤਾਂ ਕੀ ਉਨੀ ਇਕੀ ਦਾ ਫ਼ਰਕ ਵੀ ਨਹੀਂ ਦੇਖਦੇਜੱਟ ਨੇ ਆਪਣਾ ਨੁਕਸਾਨ ਦੁੱਗਣਾ ਬਿਆਨਣਾ ਹੋਵੇ ਤਾਂ ਕਹਿ ਦਿੰਦਾ ਹੈ ਦੋ ਹਜ਼ਾਰ ਦਾ ਨੁਕਸਾਨ ਹੋ ਗਿਆ: ਹਜ਼ਾਰ ਦਾ ਬੌਲਦ ਮਰ ਗਿਆ, ਹਜ਼ਾਰ ਦਾ ਨਵਾਂ ਖਰੀਦਣਾ ਪਿਆਇਸ ਨੂੰ ਕਹਿੰਦੇ ਹਨ ਜੱਟ ਬੁਧੀ! ਵੈਸੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜੱਟਾਂ ਤੋਂ ਮੁਹਾਵਰੇ ਥੋੜ੍ਹਾ ਡਰਦੇ ਹਨ ਕਿਉਂਕਿ ਇਹ ਸਿਰ ਤੇ ਕੋਹਲੂ ਮਾਰ ਦਿੰਦੇ ਹਨ ਤੇ ਮਰੇ ਹੋਏ ਦਾ ਵੀ ਤੇਰਵ੍ਹੀਂ ਹੋਣ ਤੇ ਹੀ ਯਕੀਨ ਬਝਦਾ ਹੈਜੱਟ ਮਚਲਾ ਖ਼ੁਦਾ ਨੂੰ ਲੈ ਗਏ ਚੋਰ

-----

ਮੁਹਾਵਰਾ-ਸੰਸਾਰ ਐਸਾ ਗੰਧਲਾ ਹੈ ਕਿ ਏਥੇ ਚਾਰ ਪੈਸੇਵਾਲਾ ਬੰਦਾ ਅਮੀਰ ਹੋ ਜਾਂਦਾ ਹੈ ਪਰ ਲੱਖ ਤੋਂ ਕੱਖਹੋਣ ਨੂੰ ਵੀ ਚਿਰ ਨਹੀਂ ਲਗਦਾਨਾਲੇ ਖੂਹ ਦੀ ਮਿੱਟੀ ਵੀ ਖੂਹ ਨੂੰ ਲੁਆ ਦਿੰਦੇ ਹਨ ਪਰ ਅਕਲਾਂ ਬਿਨਾ ਖੂਹ ਫਿਰ ਖ਼ਾਲੀ ਦਾ ਖ਼ਾਲੀ ਰਹਿ ਜਾਂਦਾ ਹੈਇਕ ਪਾਸੇ ਅੰਨ੍ਹੀ ਪੀਹਵੇ ਕੁੱਤਾ ਚੱਟੇਕਹਿ ਕੇ ਵਿਚਾਰੇ ਨੇਤਰਹੀਣ ਦੀ ਲਾਚਾਰੀ ਪ੍ਰਗਟ ਕਰ ਦਿੰਦੇ ਹਨ ਦੂਜੇ ਪਾਸੇ ਅੰਨ੍ਹਿਆਂ ਤੋਂ ਸ਼ੀਰਨੀਆਂ ਵੰਡਾ ਕੇ ਤੇ ਮੁੜ ਮੁੜ ਆਪਣਿਆਂ ਨੂੰ ਦੁਆ ਕੇ ਨੇਤਰਹੀਣ ਹੋਣ ਦੇ ਲਾਭ ਦਰਸਾ ਦਿੰਦੇ ਹਨਪਰ ਫਿਰ ਵੀ ਦੇਖਿਆ ਗਿਆ ਹੈ ਕਿ ਅੱਖਾਂ ਤੇ ਮੁਹਾਵਰਿਆਂ ਦੀ ਸੁਵੱਲੀ ਨਜ਼ਰ ਹੈ ਹਰ ਬੋਲੀ ਵਿਚ ਅੱਖਾਂ ਦੇ ਮੁਹਾਵਰੇ ਕੁਰਬਲ-ਕੁਰਬਲ ਕਰਦੇ ਹਨ

----

ਮੇਰੀ ਜਾਚੇ ਮੁਹਾਵਰੇ ਬੜੀ ਟੇਢੀ ਖੀਰ ਹੁੰਦੇ ਹਨਅਕਸਰ ਇਹ ਤੁਹਾਨੂੰ ਪਟਕਾ ਮਾਰਦੇ ਹਨਜੇ ਤੁਸੀਂ ਇਨ੍ਹਾਂ ਨਾਲ ਠੀਕ ਵਰਤਾਉ ਨਾ ਕਰੋ ਤਾਂ ਇਹ ਦੋਧਾਰੀ ਤਲਵਾਰ ਬਣ ਕੇ ਉਲਟਾ ਤੁਹਾਡੇ ਤੇ ਵੀ ਵਾਰ ਕਰ ਸਕਦੇ ਹਨਮੁਹਾਵਰਿਆਂ ਕਾਰਨ ਮੈਂ ਕਈ ਵਾਰ ਬੜੀ ਯੱਭ ਵਾਲੀ ਸਥਿਤੀ ਵਿਚ ਫਸਿਆ ਰਹਿੰਦਾ ਹਾਂਇਸ ਲਈ ਮੈਂ ਆਪਣੇ ਪਾਠਕਾਂ ਦੇ ਕੰਨ ਕਰ ਦੇਣਾ ਚਾਹੁੰਦਾ ਹਾਂ: ਇਨ੍ਹਾਂ ਦੇ ਦੋਗਲੇ ਕਿਰਦਾਰ ਤੋਂ ਬਚੋ, ਹਾਲਾਂਕਿ ਮੈਂ ਆਪ ਵੱਡਿਆਂ ਦੀ ਦੱਸੀ ਇਸ ਗੱਲ ਉਤੇ ਕੰਨ ਨਹੀਂ ਧਰਿਆਸਾਡੇ ਨਾਲ ਹੋਈਆਂ ਹਨ ਐਵੇਂ ਨਹੀਂ ਮੂੰਹ ਚੋਂ ਗੱਲ ਕੱਢਦੇਸਾਡੇ ਵਾਕਿਫ਼ਕਾਰ ਟਰੱਕਾਂ ਵਾਲੇ ਸੋਹਣ ਸਿੰਘ ਦੀ ਦੇਸ ਰਹਿ ਗਈ ਆਖਰੀ ਨੂੰਹ ਹਜ਼ਾਰ ਹੇਠ-ਉਤੇ ਅਤੇ ਲੱਖ ਹੇਰ-ਫੇਰ ਕਰਕੇ ਆਖਿਰ ਇੰਡੀਆ ਤੋਂ ਆ ਗਈ ਤਾਂ ਉਨ੍ਹਾਂ ਹਜ਼ਾਰ ਹਜ਼ਾਰ ਸ਼ੁਕਰ ਕੀਤੇ ਤੇ ਲੱਖ ਵੱਟਿਆਹੁਣ ਇੰਡੀਆ ਵੱਲ ਉਨ੍ਹਾਂ ਦੀ ਕੋਈ ਝਾਕ ਨਹੀਂ ਸੀ ਰਹਿ ਗਈ, ਜਿਹੜੇ ਦੇਸ਼ ਨਹੀਂ ਜਾਣਾ ਉਹਦਾ ਰਾਹ ਕਿਉਂ ਪੁੱਛਣਾਅਸਾਂ ਸੋਚਿਆ, ਤੇ ਸਾਡਾ ਬਣਦਾ ਵੀ ਸੀ ਕਿ ਉਨ੍ਹਾਂ ਦੀਆਂ ਖ਼ੁਸ਼ੀਆਂ ਵਿਚ ਵਾਧਾ ਕਰਨ ਲਈ ਵਧਾਈ ਦਿਤੀ ਜਾਵੇਇਕ ਦਿਨ ਸ਼ਾਮ ਦੇ ਘੁਸਮੁਸੇ ਵਿਚ ਜਦੋਂ ਵਾਜਿਬ ਟਾਈਮ ਹੁੰਦਾ ਹੈ, ਅਸੀਂ ਸਾਰਾ ਪਰਿਵਾਰ ਤਸ਼ਰੀਫ਼ ਦੇ ਟੋਕਰੇ ਚੁੱਕੀ ਤੁਰ ਪਏਅਜਿਹੇ ਕੰਮ ਲਈ ਮੈਂ ਸਾਰੇ ਟੱਬਰ ਨੂੰ ਹਮੇਸ਼ਾ ਖਾਓ-ਪੀਏ ਹੀ ਲਿਜਾਂਦਾ ਹਾਂ, ਉਂਜ ਮੇਰੀ ਮਾਂ ਨੇ ਲੱਖ ਵਾਰੀ ਸਮਝਾਇਆ ਹੈ-ਘਰੋਂ ਜਾਈਏ ਖਾ ਕੇ ਅੱਗੋਂ ਮਿਲੇ ਪਕਾ ਕੇ

----

ਮੇਰੇ ਘਰ ਵਾਲੀ ਨੂੰ ਵਧਾਈ ਬਹੁਤੀ ਹੀ ਚੜ੍ਹੀ ਹੋਈ ਸੀਉਹ ਸੋਫੇ ਤੇ ਬੈਠਣ ਲੱਗੀ ਕਿ ਨਵੀਂ ਨਵੀਂ ਨੂੰਹ ਆ ਕੇ ਮੱਥਾ ਟੇਕਣ ਲੱਗ ਪਈਉਹ ਬਹਿੰਦੀ-ਬਹਿੰਦੀ ਉੱਠ ਖੜ੍ਹੀ ਹੋਈ ਤੇ ਮੱਥਾ ਟੇਕਣ ਦਾ ਜਵਾਬ ਸਿਰ ਪਿਆਰ ਭੁਗਤਾ ਕੇ ਮੂੰਹ ਵਿਚੋਂ ਕਿਰਨਮ ਕਿਰਨੀ ਹੁੰਦੇ ਵਧਾਈ ਦੇ ਸ਼ਬਦ ਉਗਲਛਣ ਲੱਗ ਪਈ, “ਆਹ ਤਾਂ ਬਹੁਤ ਵਧੀਆ ਹੋਇਆ ਜੀ, ਤੁਹਾਡੀ ਆਖ਼ਰੀ ਖ਼ਾਹਿਸ਼ ਪੂਰੀ ਹੋ ਗਈ ਤੁਹਾਡੀ ਨੂੰਹ ਰਾਣੀ ਆ ਗਈਤੁਹਾਡਾ ਤਾਂ ਹੁਣ ਟੱਬਰ ਪੂਰਾ ਹੋ ਗਿਆਕਹਿੰਦੇ ਹਨ ਮੁਰਦਾ ਬੋਲੂ ਕੱਫ਼ਣ ਪਾੜੂਮੈਂ ਮੱਥੇ ਤੇ ਹੱਥ ਮਾਰਿਆਇਹ ਮੇਰੀ ਘਰ ਵਾਲੀ ਨੇ ਕੀ ਉਚਾਰ ਦਿੱਤਾਆਖ਼ਰੀ ਖ਼ਾਹਿਸ਼ਤੇ ਫਿਰ ਟੱਬਰ ਪੂਰਾ ਹੋ ਗਿਆਉਨ੍ਹਾਂ ਲਈ ਤਾਂ ਇਹ ਬਖ਼ਤਾਵਰ ਦਿਨ ਹਨਮੈਂ ਕਦੇ ਤਾਂਹ ਦੇਖਾਂ ਕਦੇ ਠਾਂਹਮੱਥੇ ਤੇ ਤਰੇਲੀਆਂ ਛੁੱਟਣ ਲੱਗੀਆਂਤਕਾਲ-ਸੰਧਿਆ ਦਾ ਵੇਲਾ, ਘਰ ਨਵੀਂ ਨਵੀਂ ਨੂੰਹ ਤੇ ਇਹ ਸੁਜਾਨ ਕੌਰ ਉਨ੍ਹਾਂ ਦੀ ਆਖ਼ਰੀ ਖ਼ਾਹਿਸ਼ ਦੱਸ ਕੇ ਟੱਬਰ ਹੀ ਪੂਰਾ ਕਰ ਰਹੀ ਹੈਘਰ ਚ ਸੁੰਨ ਵਰਤ ਗਈਮੈਨੂੰ ਧਰਤੀ ਗਰਕਣ ਨੂੰ ਵਿਹਲ ਨਹੀਂ ਸੀ ਦੇ ਰਹੀਕਮਲਿਆਂ ਦਾ ਟੱਬਰ ਸਾਡਾ, ਕੀ ਕਰੀਏਹੁਣ ਤਕ ਘਰ ਵਾਲੀ ਨੂੰ ਵੀ ਦਾਲ ਵਿਚ ਕੁਝ ਕਾਲਾ ਕਾਲਾ ਤਾਂ ਦਿਸਣ ਲੱਗ ਪਿਆ ਪਰ ਇਹ ਕੀ ਸੀ, ਉਹਦੇ ਖਾਨੇ ਨਾ ਪਿਆ

----

ਪਰ ਆਪਣੇ ਯਾਰ ਸੋਹਣ ਸਿੰਘ ਨੇ ਸਥਿਤੀ ਸੰਭਾਲ ਲਈਆਖਿਰ ਕਿਸਦੀ ਜ਼ਬਾਨ ਗੋਤਾ ਨਹੀਂ ਖਾ ਜਾਂਦੀ, ਕੋਈ ਅਸਮਾਨ ਤਾਂ ਨਹੀਂ ਸੀ ਢਹਿ ਪਿਆਸਾਡੀ ਇੱਜ਼ਤ ਦਾ ਧਿਆਨ ਰੱਖਦਿਆਂ ਉਸਨੇ ਸਿਰਫ਼ ਹੀ।।।ਹੀ।।।ਹੀਹੀ ਉਚਾਰ ਕੇ ਗੱਲ ਹੋਊ ਪਰ੍ਹੇ ਕਰਨ ਦੀ ਕੀਤੀਮੁਰਦੇਹਾਣਾ ਮਾਹੌਲ ਚਾਹ ਦੇ ਪਿਆਲਿਆਂ ਤੇ ਲੱਡੂਆਂ ਨਾਲ ਜੀਵਿਤ ਹੋਣ ਲੱਗਾ ਤਾਂ ਮੈਂ ਉਲਝੀ ਤਾਣੀ ਸੁਲ਼ਝਾਉਣ ਦੀ ਠਾਣੀਗਲ਼ਾ ਸਾਫ਼ ਕਰਦਿਆਂ ਮੈਂ ਗ਼ਲਤੀ ਸੁਧਾਰਨ ਲਈ ਕਿਹਾ, “ਅਸਲ ਚ ਜੀ ਮੇਰੀ ਘਰ ਵਾਲ਼ੀ ਦਾ ਮਤਲਬ ਸੀ ਕਿ ਹੁਣ ਤੁਹਾਡੇ ਟੱਬਰ ਦਾ ਕੱਠ ਹੋ ਗਿਆਮੇਰੇ ਮੂੰਹ ਚੋਂ ਇਹ ਵਾਕ ਨਿਕਲੇ ਹੀ ਸਨ ਕਿ ਮੈਂ ਮਹਿਸੂਸ ਕਰ ਲਿਆ, ਮੈਂ ਤਾਂ ਬਲਦੀ ਚ ਤੇਲ ਪਾ ਦਿੱਤਾ ਸੀਪਰ ਤੀਰ ਚੱਲ ਚੁੱਕਾ ਸੀਪਤਾ ਨਹੀਂ ਅੱਜ ਕੌਣ ਮੱਥੇ ਲੱਗਾ ਕਿ ਜ਼ਬਾਨ ਟਪਲੇ ਹੀ ਖਾਈ ਜਾਂਦੀ ਹੈਹੱਥ ਕੰਗਣ ਨੂੰ ਆਰਸੀ ਕੀ, ਪੜ੍ਹੇ ਲਿਖੇ ਨੂੰ ਫਾਰਸੀ ਕੀ, ਪਰਤੱਖ ਸੀ ਸਾਡਾ ਸਾਰਾ ਆਵਾ ਹੀ ਊਤ ਗਿਆ ਸੀਟੱਬਰ ਤਾਂ ਘਰ ਵਾਲੀ ਨੇ ਚੁੱਕ ਤਾ ਸੀ ਮੈਂ ਤਾਂ ਉਨ੍ਹਾਂ ਦਾ ਭੋਗ ਪਾ ਕੇ ਕੱਠ ਵੀ ਕਰ ਦਿੱਤਾ ਸੀਮੇਜ਼ ਦੁਆਲੇ ਬੈਠੇ ਸਾਰੇ ਜੀਆਂ ਦੇ ਚਾਹ ਦੇ ਕੱਪ ਛਲਕ ਗਏਫਸੀ ਨੂੰ ਫਟਕਣ ਕੀ, ਸੌ ਘੜੇ ਪਾਣੀ ਪਿਆ ਸਿਰ ਮੈਂ ਅੱਗੇ ਧਰ ਕੇ ਜ਼ਿਬਾਹ ਹੋਣ ਲਈ ਵੀ ਤਿਆਰ ਸੀ ਪਰ ਪਿੱਛੇ ਕਿਧਰੇ ਥਾਂ ਸਿਰ ਟਿਕਿਆ ਪਿਆ ਘਰ ਦਾ ਬੁੜਾ ਜੋ ਹਨੇਰੇ ਜਿਹੇ ਵਿਚ ਦਿਖਾਈ ਨਹੀਂ ਸੀ ਦੇ ਰਿਹਾ, ਪ੍ਰਗਟ ਹੋ ਗਿਆਤਾਂ ਹੀ ਪਤਾ ਲੱਗਾ ਜਦ ਉਸਨੇ ਸੋਟਾ ਖੜਕਾਇਆ ਤੇ ਮੂੰਹ ਚੋਂ ਕੜਕਿਆ, “ਚੰਗਾ ਹੈ ਸਰਦਾਰ ਜੀ ਹੁਣ ਤੁਸੀਂ ਸਾਡੇ ਘਰੋਂ ਚਲਾਣਾ ਕਰੋ, ਨਹੀਂ ਤੁਹਾਨੂੰ ਪਾਰ ਬੁਲਾਉਣਾ ਪਊ

.......

ਸੌ ਹੱਥ ਰੱਸਾ ਸਿਰੇ ਤੇ ਗੰਢ, ਮੁਹਾਵਰਿਆਂ ਨਾਲ ਕਦੇ ਪੰਗਾ ਨਾ ਲਓ J

1 comment:

Davinder Punia said...

bahut bahut vadhia lekh, is uch paddhar di rachna laee vadhai, muhavriaa di enni pakar honi bhasha te pakar hon di shahdi bhardi hai, kaee vaar lekh parhia ate bhasha shakti de doonghe anubhav chon langhia, meriaa kujh nazma vi nirol muhaavriaa nu adhar banake hi likhiaa gaiaa han, muhavra khud hi nazm hunda hai ate ih lok kavi da sabh to sankhipt ate spasht namoona hunda hai. saanu jado school ch bhasha sikhaee jandi hai taa muhaavre parhae taa jaande han par uhna te bahuti neejh nahi lai jandi jo ki ati zaroori honi chahidi hai ese laee main vekhia hai ki parhiaan nalon anparhaan nu vadhere muhaavre aonde hunde ne ate oh aksar ihna da upyog hathyaraan vaang karde ne. enni suchajji likht pesh karn laee shukriya....