ਸਵੈ-ਜੀਵਨੀ - ਕਿਸ਼ਤ - 7
ਲੜੀ ਜੋੜਨ ਲਈ ਕਿਸ਼ਤ – 6 ਪੜ੍ਹੋ ਜੀ।
ਗੁਰੂ ਨਾਨਕ ਦੇਵ ਦੇ ਗੁਰਦਵਾਰੇ ਸੱਚਾ ਸੌਦਾ ਵਿਖੇ ਬਣੇ ਕੈਂਪ ਵਿਚ ਲੋਕਾਂ ਦੇ ਕਹਿਣ ਸੁਣਨ ਅਨੁਸਾਰ ਘੱਟੋ-ਘੱਟ 10 ਲੱਖ ਤੋਂ ਵੱਧ ਉਜੜੇ ਤੇ ਬੇਘਰ ਹੋਏ ਅਮੀਰ ਗਰੀਬ ਹਿੰਦੂ ਅਤੇ ਸਿੱਖ ਲੋਕਾਂ ਦਾ ਕੈਂਪ ਲੱਗਾ ਹੋਇਆ ਸੀ। ਇਸ ਦੀ ਹਿਫ਼ਾਜ਼ਤ ਬਹੁਤ ਥੋੜ੍ਹੇ ਜਿਹੇ ਭਾਰਤੀ ਫੌਜ ਦੇ ਮੁਲਾਜ਼ਮ ਕਰ ਰਹੇ ਸਨ। ਚੂਹੜਕਾਣੇ ਵਾਲੀ ਵੱਡੀ ਨਹਿਰ ਤੋਂ ਲੈ ਕੇ ਬਹਾਲੀਕੇ ਸਟੇਸ਼ਨ ਵੱਲ ਨੁੰ ਜਾਂਦੀ ਰੇਲਵੇ ਲਾਈਨ ਦੇ ਦੋਹੀਂ ਪਾਸੀਂ ਮੀਲਾਂ ਤੱਕ ਭੁੱਖ ਨਾਲ ਵਿਲਕਦੇ ਲੋਕ ਜਿਨ੍ਹਾਂ ਵਿਚ ਬੱਚੇ, ਔਰਤਾਂ, ਜਵਾਨ ਅਤੇ ਬਜ਼ੁਰਗ ਸ਼ਾਮਲ ਸਨ, ਭੁੰਝੇ ਜ਼ਮੀਨ ਤੇ ਬੈਠੇ ਹੋਏ ਸਨ। ਕਿਸੇ ਕਿਸੇ ਨੇ ਚਾਰ ਡਾਂਗਾਂ ਬੰਨ੍ਹ ਕੇ ਗਰਮੀ, ਧੁੱਪ ਅਤੇ ਮੀਂਹ ਕਣੀ ਤੋਂ ਬਚਣ ਲਈ ਉੱਪਰ ਚਾਦਰਾਂ ਤਾਣੀਆਂ ਹੋਈਆਂ ਸਨ। ਇਹਨਾਂ ਲੱਖਾਂ ਲੋਕਾਂ ਦੀ ਰੋਟੀ ਪਾਣੀ ਜਾਂ ਸੁਰੱਖਿਆ ਦਾ ਕਿਸੇ ਹਕੂਮਤ ਵੱਲੋਂ ਕੋਈ ਪ੍ਰਬੰਧ ਨਹੀਂ ਸੀ। ਥੋੜ੍ਹੇ ਜਿਹੇ ਭਾਰਤੀ ਫੌਜ ਦੇ ਮੁਲਾਜ਼ਮ ਕੈਂਪ ਦਵਾਲੇ ਕਦੀ ਕਦੀ ਚੱਕਰ ਮਾਰਦੇ ਪਰ ਉਹਨਾਂ ਦੇ ਜਾਣ ਪਿਛੋਂ ਮੁਸਲਮਾਨ ਲੁਟੇਰੇ ਕੈਂਪ ਉਤੇ ਹਮਲਾ ਕਰ ਕੇ ਪਨਾਹਗਜ਼ੀਨਾਂ ਨੂੰ ਲੁਟਦੇ, ਮਾਰਦੇ ਤੇ ਜੋ ਕੁਝ ਵੀ ਹੱਥ ਲੱਗਦਾ, ਲੈ ਜਾਂਦੇ। ਕਈ ਵਾਰ ਉਹਨਾਂ ਮੁਸਲਮਾਨ ਹਮਲਾਵਰਾਂ ਵਿਚੋਂ ਕੁਝ ਮੁਕਾਬਲੇ ਵਿਚ ਮਾਰੇ ਵੀ ਜਾਂਦੇ। ਪਾਕਿਸਤਾਨ ਦੀ ਨਵੀਂ ਬਣੀ ਹਕੂਮਤ ਵੱਲੋਂ ਕੋਈ ਵੀ ਅਜਿਹਾ ਲਿਖਤੀ ਹੁਕਮ ਨਹੀਂ ਸੀ ਕਿ ਹਿੰਦੂਓ ਅਤੇ ਸਿੱਖੋ, ਤੁਸੀਂ ਹਿੰਦੋਸਤਾਨ ਦਾ ਕਲੇਜਾ ਚੀਰ ਕੇ ਬਣਾਏ ਗਏ ਨਵੇਂ ਮੁਲਕ ਪਾਕਿਸਤਾਨ ਵਿਚੋਂ ਨਿਕਲ ਜਾਓ ਪਰ ਹੁਕਮ ਤਾਂ ਓਸ ਹਵਾ ਦਾ ਸੀ ਜਿਸ ਵਿਚ ਜ਼ਹਿਰ ਘੁਲ਼ ਗਿਆ ਸੀ ਕਿ ਇਸ ਨਵੇਂ ਬਣੇ ਮੁਲਕ ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖਾਂ ਲਈ ਸਿਰਫ਼ ਦੋ ਹੀ ਰਸਤੇ ਸਨ ਕਿ ਜੇ ਜਾਨਾਂ ਬਚਾਉਣੀਆਂ ਹਨ ਤਾਂ ਚਲੇ ਜਾਓ ਨਹੀਂ ਤਾਂ ਮਾਰ ਦਿੱਤੇ ਜਾਓਗੇ। ਹਾਲਾਂਕਿ ਜਿਸ ਧਰਤੀ ਤੇ ਪਾਕਿਸਤਾਨ ਬਣਿਆ ਸੀ, ਓਸ ਧਰਤੀ ਤੇ ਰਹਿਣ ਵਾਲੇ ਹਿੰਦੂ ਸਿੱਖਾਂ ਦਾ ਵੀ ਓਨਾ ਈ ਹੱਕ ਸੀ ਜਿੰਨਾ ਮੁਸਲਮਾਨਾਂ ਦਾ ਸੀ। ਭਾਵ ਜੇ ਹਿੰਦੋਸਤਾਨ ਵਿਚ ਮੁਸਲਮਾਨ ਰਹਿ ਸਕਦੇ ਸਨ ਤਾਂ ਪਾਕਿਸਤਾਨ ਵਿਚ ਹਿੰਦੂ ਸਿੱਖ ਕਿਉਂ ਨਹੀਂ ਰਹਿ ਸਕਦੇ ਸਨ ਪਰ ਵਿਚ ਵਿਚ ਸਿਆਣੇ ਗੱਲਾਂ ਕਰਦੇ ਕਿ ਜਿਨਾਹ ਅੰਦਰੋਂ ਇਹੀ ਚਹੁੰਦਾ ਸੀ ਕਿ ਇਹ ਲੋਕ ਦਫ਼ਾ ਹੋ ਜਾਣ ਅਤੇ ਨਵੇਂ ਬਣੇ ਪਾਕਿਸਤਾਨ ਲਈ ਕੋਈ ਖ਼ਤਰਾ ਨਾ ਪੈਦਾ ਕਰਨ ਅਤੇ ਪਾਕਿਸਤਾਨ ਦਾ ਅਮਨ ਚੈਨ ਖ਼ਰਾਬ ਨਾ ਹੋਵੇ।
-----
ਮਾਰੇ ਜਾਣ, ਲੁੱਟੇ ਜਾਣ ਤੇ ਪਿੰਡਾਂ ਨੂੰ ਅੱਗਾਂ ਲਾ ਕੇ ਸਾੜੇ ਜਾਣ ਦੀਆਂ ਖ਼ਬਰਾਂ ਹੁਣ ਝੂਠੀਆਂ ਨਹੀਂ ਰਹਿ ਗਈਆਂ ਸਨ। ਜੋ ਡਰਦੇ ਮਾਰੇ ਜਾਂ ਆਪਣੀਆਂ ਜਾਇਦਾਦਾਂ ਦੇ ਲਾਲਚ ਵਿਚ ਮੁਸਲਮਾਨ ਬਣ ਕੇ ਓਧਰ ਰਹਿ ਗਏ ਸਨ, ਪਿਛੋਂ ਸੁਣਨ ਵਿਚ ਆਉਂਦਾ ਰਿਹਾ ਕਿ ਉਹਨਾਂ ਦਾ ਜੀਵਨ ਵੀ ਸੌਖਾ ਨਹੀਂ ਰਿਹਾ ਸੀ। ਉਹਨਾਂ ਨੂੰ ਨਵ ਮੁਸਲਮਾਨ ਕਿਹਾ ਜਾਂਦਾ ਸੀ ਤੇ ਉਹਨਾਂ ਨੂੰ ਬਹੁਤ ਨਫ਼ਰਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਭਾਵੇਂ ਉਹਨਾਂ ਨਵ ਮੁਸਲਮਾਨਾਂ ਵਿਚੋਂ ਕਈ ਦੋ ਦੋ ਵਾਰ ਮੱਕੇ ਦਾ ਹੱਜ ਵੀ ਕਰ ਆਏ ਸਨ ਪਰ ਹਾਲੇ ਵੀ ਉਹਨਾਂ ਨੂੰ ਕਾਫ਼ਰਾਂ ਦੀ ਔਲਾਦ ਹੀ ਦਸਿਆ ਜਾਂਦਾ ਸੀ। ਉਹਨਾਂ ਨਾਲ ਰਿਸ਼ਤੇ ਨਾਤੇ ਕਰਨ ਲਈ ਵੀ ਕੋਈ ਤਿਆਰ ਨਹੀਂ ਹੁੰਦਾ ਸੀ। ਉਹਨਾਂ ਦੀਆਂ ਜਵਾਨ ਹੋ ਰਹੀਆਂ ਕੁੜੀਆਂ ਨਾਲ ਮੁਸਲਮਾਨ ਪਰਿਵਾਰਾਂ ਦੇ ਮੁੰਡੇ ਤਾਂ ਵਿਆਹ ਕਰਨ ਲਈ ਤਿਆਰ ਹੋ ਜਾਂਦੇ ਸਨ ਪਰ ਇਹਨਾਂ ਨਵ ਮੁਸਲਮਾਨਾਂ ਨੂੰ ਉਹ ਆਪਣੀਆਂ ਕੁੜੀਆਂ ਦੇ ਡੋਲੇ ਦੇਣ ਲਈ ਤਿਆਰ ਨਹੀਂ ਸਨ। ਇਸ ਤਰ੍ਹਾਂ ਪਾਕਿਸਤਾਨ ਵਿਚ ਇਸ ਨਵੀਂ ਧਿਰ “ਨਵ-ਮੁਸਲਮਾਨਾਂ” ਹੋਂਦ ਵਿਚ ਆਈ ਜਿਸ ਵਿਚ ਉਹ ਹਿੰਦੂ ਅਤੇ ਸਿੱਖ ਲੋਕ ਸਨ ਜੋ ਕਾਫ਼ਲਿਆਂ ਵਿਚ ਰਲ ਕੇ ਹਿੰਦੋਸਤਾਨ ਨਾ ਆਏ ਅਤੇ ਆਪਣੀਆਂ ਜ਼ਮੀਨਾਂ- ਜਾਇਦਾਦਾਂ ਦੇ ਲਾਲਚ ਵਿਚ ਉਹਨਾਂ ਮਜ਼੍ਹਬ ਬਦਲ ਕੇ ਪਾਕਿਸਤਾਨ ਵਿਚ ਰਹਿਣਾ ਹੀ ਕਬੂਲ ਕਰ ਲਿਆ।
-----
ਜ਼ਿਲ੍ਹਾ ਸ਼ੇਖੂਪੁਰਾ ਦੇ ਸੱਚਾ ਸੌਦਾ ਕੈਂਪ ਵਿਚ ਜਿਥੇ ਲੋਕ ਹਿੰਦੋਸਤਾਨ ਜਾਣ ਦੇ ਚੱਕਰ ਵਿਚ ਜ਼ਿੰਦਗੀ ਅਤੇ ਮੌਤ ਨਾਲ ਘੁਲ਼ ਰਹੇ ਸਨ, ਅਕਸਰ ਭੁੱਖੇ ਭਾਣੇ ਜ਼ਮੀਨ ਤੇ ਸੌਂਦੇ, ਪੀਣ ਲਈ ਪਾਣੀ ਵੀ ਨਹੀਂ ਸੀ। ਜੇ ਲਾਗੇ ਵਗਦੇ ਕਿਸੇ ਸੂਏ ਵਿਚੋਂ ਪਾਣੀ ਲੈਣ ਜਾਂਦੇ ਤਾਂ ਓਸ ਸੂਏ ਵਿਚ ਪਾਣੀ ਘੱਟ ਤੇ ਲਹੂ ਲੁਹਾਣ ਲਾਸ਼ਾਂ, ਮਲ-ਮੂਤਰ ਤੇ ਗੰਦਗੀ ਦੇ ਢੇਰ ਜ਼ਿਆਦਾ ਹੁੰਦੇ। ਕਈ ਵਾਰ ਪਿਆਸ ਨਾਲ ਮਰਦੇ ਲੋਕ ਇਸ ਤਰ੍ਹਾਂ ਦੇ ਗੰਦੇ ਤੇ ਲਹੂ ਮਿਲੇ ਪਾਣੀ ਦਾ ਘੁੱਟ ਹੀ ਭਰ ਲੈਂਦੇ। ਮੈਨੂੰ ਸਿਰ ਨਹਾਤੇ ਨੂੰ ਪਤਾ ਨਹੀਂ ਕਿੰਨੇ ਦਿਨ ਹੋ ਗਏ ਸਨ। ਮੇਰੀ ਪੱਗ ਦੁਆਲੇ ਚਾਰ ਸੋਟੀਆਂ ਬੰਨ੍ਹ ਕੇ ਕੁਝ ਛਾਂ ਕੀਤੀ ਹੋਈ ਸੀ। ਕਦੀ ਕਦੀ ਬਾਪੂ ਹੋਰ ਜਵਾਨ ਲੋਕਾਂ ਨਾਲ ਰਲ ਕੇ ਲਾਗੇ ਪੈਂਦੇ ਪਿੰਡਾਂ ਵਿਚੋਂ ਕਿਸੇ ਖਰਾਸ ਤੋਂ ਆਟਾ ਪਿਸਵਾ ਕੇ ਜਾਂ ਰੋਟੀਆਂ ਪਕਵਾ ਕੇ ਲਿਆਉਂਦਾ ਤੇ ਅਸੀਂ ਲੂਣ ਦੀਆਂ ਡਲੀਆਂ ਜਾਂ ਆਚਾਰ ਨਾਲ ਉਹ ਅਣਚੋਪੜੀਆਂ ਰੋਟੀਆਂ ਚੱਬ ਲੈਂਦੇ। ਬਹੁਤ ਦਿਨਾਂ ਤੋਂ ਜ਼ਮੀਨ ਤੇ ਸੌਣ ਅਤੇ ਨਾ ਨਹਾਉਣ ਕਾਰਨ ਪਿੰਡੇ ਤੇ ਖੁਰਕ ਹੋ ਗਈ ਸੀ ਅਤੇ ਸਿਰ ਵਿਚ ਜੂੰਆਂ ਪੈ ਗਈਆਂ ਸਨ। ਸਿਰ ਦੇ ਵਾਲ ਸਾਧੂਆਂ ਦੀਆਂ ਜੜਾਵਾਂ ਵਾਂਗ ਜੁੜਨੇ ਸ਼ੁਰੂ ਹੋ ਗਏ ਸਨ। ਖਾਂਦੇ ਪੀਂਦੇ ਘਰ ਦੇ ਇਕ ਸਾਢੇ ਬਾਰਾਂ ਸਾਲ ਦੇ ਬੱਚੇ ਲਈ ਜਿਸ ਦੀ ਮਾਂ ਜਦੋਂ ਉਹਦੇ ਮੂੰਹ ਨਾਲ ਦੁੱਧ ਦਾ ਗਲਾਸ ਜਾਂ ਛੰਨਾ ਲਾਉਂਦੀ ਸੀ ਤਾਂ ਉਹ ਨਖ਼ਰੇ ਕਰਦਾ ਦੁੱਧ ਨਹੀਂ ਪੀਆ ਕਰਦਾ ਸੀ ਤੇ ਕਹਿੰਦਾ ਹੁੰਦਾ ਸੀ ਕਿ ਮਾਂ ਜਾਹ ਤੇਰੀਆਂ ਮੱਝਾਂ ਭੱਜ ਜਾਣ ਜੋ ਤੂੰ ਮੈਨੂੰ ਬਧੋ-ਬਧੀ ਦੁੱਧ ਪਿਆਉਂਦੀ ਹੈਂ। ਹੁਣ ਇਹ ਕਿਹੋ ਜਿਹਾ ਜੀਵਨ ਤੇ ਕਿਹੋ ਜਹੇ ਦਿਨ ਆ ਗਏ ਸਨ ਕਿ ਦੁੱਧ ਤਾਂ ਕਿਥੋਂ ਵੇਖਣਾ ਸੀ, ਪੀਣ ਲਈ ਪਾਣੀ ਵੀ ਨਹੀਂ ਮਿਲਦਾ ਸੀ। ਲਾਗਲੇ ਸੂਇਆਂ ਜਾਂ ਖਾਲਾਂ ਦੇ ਪਾਣੀ ਮਨੁੱਖੀ ਲਾਸ਼ਾਂ, ਖ਼ੂਨ ਤੇ ਮਲ-ਮੂਤਰ ਨਾਲ ਭਰੇ ਪਏ ਸਨ। ਸੱਚੇ ਸੌਦੇ ਗੁਰਦਵਾਰੇ ਦੇ ਅਗੇ ਬਣੇ ਛੋਟੇ ਜਿਹੇ ਤਾਲਾਬ ਵਿਚ ਜਿਥੇ ਕਦੇ ਮੱਸਿਆ ਨਹਾਉਣ ਗਿਆਂ ਬੜੇ ਚਾਅ ਨਾਲ ਟੁੱਭੀਆਂ ਲਾਈ ਦੀਆਂ ਸਨ, ਹੁਣ ਉਹ ਪਾਣੀ ਏਨਾ ਗੰਧਲਾ ਹੋ ਬੋ ਮਾਰਨ ਲਗ ਪਿਆ ਸੀ ਕਿ ਓਸ ਵਿਚ ਉਂਗਲ ਵੀ ਡੁਬੋਣੀ ਮੁਸ਼ਕਲ ਹੋ ਗਈ ਸੀ।
-----
ਚੂਹੜਕਾਣੇ ਵਾਲੀ ਵੱਡੀ ਨਹਿਰ ਵਿਚ ਵੀ ਕਦੀ ਕਦੀ ਰੁੜ੍ਹਦੀਆਂ ਆਉਂਦੀਆਂ ਲਾਸ਼ਾਂ ਦਿਸਦੀਆਂ ਸਨ ਪਰ ਬਹੁਤ ਚੌੜੀ ਨਹਿਰ ਹੋਣ ਕਰ ਕੇ ਫਿਰ ਵੀ ਇਸ ਦਾ ਪਾਣੀ ਸਾਫ਼ ਸੀ। ਇਹ ਨਹਿਰ ਬੜੀ ਦੂਰ ਪੈਂਦੀ ਸੀ। ਫਿਰ ਪਾਣੀ ਲਿਆਉਣ ਲਈ ਭਾਂਡਾ ਵੀ ਕੋਈ ਨਹੀਂ ਸੀ। ਏਡੇ ਵਡੇ ਕੈਂਪ ਵਿਚ ਪਿੰਡ ਦੇ ਕਿਸੇ ਸ਼ਰੀਕੇ ਦੇ ਬੰਦੇ ਜਾਂ ਤਾਏ ਚਾਚਿਆਂ ਨੂੰ ਲੱਭਣਾ ਵੀ ਬੜਾ ਮੁਸ਼ਕਲ ਹੋ ਗਿਆ ਸੀ। ਹਰ ਇਕ ਨੂੰ ਆਪੋ ਆਪਣੀ ਪਈ ਸੀ ਤੇ ਹਰ ਕੋਈ ਕੈਂਪ ਦੇ ਇਸ ਨਰਕ ਵਿਚੋਂ ਜ਼ਿੰਦਾ ਬਚ ਕੇ ਛੇਤੀ ਤੋਂ ਛੇਤੀ ਹਿੰਦੋਸਤਾਨ ਪਹੁੰਚਣਾ ਚਹੁੰਦਾ ਸੀ। ਕਦੀ ਕਦੀ ਇਕ ਦੋ ਟਰੱਕ ਜਾਂ ਇਕ ਦੋ ਗੱਡੀਆਂ ਆਉਂਦੀਆਂ ਪਰ ਉਹਨਾਂ ਵਿਚ ਚੜ੍ਹਨਾ ਕੋਈ ਆਸਾਨ ਕੰਮ ਨਹੀਂ ਸੀ। ਕਈ ਲੋਕ ਗੱਡੀ ਚੜ੍ਹਦਿਆਂ ਧੱਕਮ ਧੱਕੇ ਤੇ ਬਹੁਤ ਜ਼ਿਆਦਾ ਭੀੜ ਹੋਣ ਕਰ ਕੇ ਮਾਰੇ ਜਾਂਦੇ ਸਨ ਤੇ ਉਹਨਾਂ ਦੀਆਂ ਲਾਸ਼ਾਂ ਬਾਹਰ ਸੁੱਟ ਦਿਤੀਆਂ ਜਾਂਦੀਆਂ ਸਨ। ਬਜ਼ੁਰਗਾਂ ਨੂੰ ਗੱਡੀ ਚੜ੍ਹਾਉਣਾ ਬੜਾ ਮੁਸ਼ਕਲ ਸੀ। ਇਕ ਦਿਨ ਤਾਇਆ ਸੰਤਾ ਸਿਹੁੰ ਤੇ ਭਾਊ ਤਾਰਾ ਸਿੰਘ ਕੈਂਪ ਵਿਚ ਮਿਲ ਗਏ। ਉਹਨਾਂ ਤੋਂ ਪਤਾ ਲਗਾ ਕਿ ਨਿਜ਼ਾਮਪੁਰ ਵਾਲਾ ਭਾਈਆ ਭਗਵਾਨ ਸਿੰਘ ਤੇ ਬੀਬੀ ਜੀਤ ਕੌਰ ਦਾ ਟੱਬਰ ਕੈਂਪ ਦੀ ਉੱਤਰੀ ਬਾਹੀ ਲਾਗੇ ਬੈਠੇ ਹਨ ਅਤੇ ਪਿੰਡੋਂ ਆਪਣਾ ਗੱਡਾ ਤੇ ਕੁਝ ਸਾਮਾਨ ਵੀ ਲੈ ਆਏ ਹਨ। ਭਾਊ ਤਾਰਾ ਸਿੰਘ ਕਹਿਣ ਲੱਗਾ ਕਿ ਹਿੰਦੋਸਤਾਨ ਵਿਚੋਂ ਕਿਸੇ ਕਿਸੇ ਦਿਨ ਗੱਡੀ ਸੱਚਾ ਸੌਦਾ ਸਟੇਸ਼ਨ ਤੇ ਆਉਂਦੀ ਹੈ ਤੇ ਜੇ ਆਪਾਂ ਰੇਲਵੇ ਲਾਈਨ ਦੇ ਲਾਗੇ ਜਾ ਕੇ ਬਹਿ ਜਾਈਏ ਤਾਂ ਗੱਡੀ ਵਿਚ ਚੜ੍ਹਨਾ ਸੌਖਾ ਹੋ ਜਾਵੇਗਾ। ਬਾਪੂ ਨੂੰ ਉਹਨਾਂ ਦੀ ਸਕੀਮ ਠੀਕ ਲੱਗੀ ਤੇ ਅਸੀਂ ਰੇਲਵੇ ਲਾਈਨ ਦੇ ਲਾਗੇ ਡੇਰਾ ਲਾਉਣ ਦਾ ਇਰਾਦਾ ਕਰ ਲਿਆ। ਮੈਂ ਤੇ ਭਾਊ ਤਾਰਾ ਸਿੰਘ ਜੋ ਮੈਥੋਂ ਉਮਰ ਵਿਚ ਕਾਫ਼ੀ ਵੱਡਾ ਸੀ, ਰੇਲਵੇ ਲਾਈਨ ਲਾਗੇ ਕੋਈ ਥਾਂ ਵੇਖਣ ਗਏ ਪਰ ਓਥੇ ਤਾਂ ਸੂਈ ਰੱਖਣ ਨੂੰ ਵੀ ਥਾਂ ਨਹੀਂ ਸੀ। ਕੁਰਬਲ-ਕੁਰਬਲ ਕਰਦੇ ਕੀੜੇ ਮਕੌੜਿਆਂ ਵਾਂਗ ਲੋਕ ਛੇਤੀ ਹਿੰਦੋਸਤਾਨ ਪਹੁੰਚਣ ਦੀ ਆਸ ਵਿਚ ਰੇਵੇ ਲਾਈਨ ਦੇ ਆਸ ਪਾਸ ਤੇ ਦੂਰ-ਦੂਰ ਤਕ ਥਾਂ ਮੱਲੀ ਬੈਠੇ ਸਨ। ਇਸ ਲਈ ਫੈਸਲਾ ਹੋਇਆ ਕਿ ਜਿਥੇ ਟਰੱਕ ਆਉਂਦੇ ਸਨ, ਓਥੇ ਕੋਈ ਟਿਕਾਣਾ ਵੇਖਿਆ ਜਾਵੇ। ਇਹ ਥਾਂ ਚੂਹੜਕਾਣੇ ਵਾਲੀ ਨਹਿਰ ਦੇ ਲਾਗੇ ਸੀ ਜਿਥੇ ਹਿੰਦੋਸਤਾਨੀ ਫੌਜ ਦੇ ਕੁਝ ਸਿਪਾਹੀਆਂ ਦਾ ਟਿਕਾਣਾ ਵੀ ਸੀ ਜਿਨ੍ਹਾਂ ਕੋਲ ਬੰਦੂਕਾਂ ਸਨ ਜੋ ਉਹ ਕੈਂਪ ਵਿਚ ਆਏ ਸ਼ਰਨਾਰਥੀਆਂ ਦੀ ਹਿਫ਼ਾਜ਼ਤ ਲਈ ਵਰਤਦੇ ਸਨ। ਉਹਨਾਂ ਨੇ ਸਾਨੂੰ ਇਕ ਵਡੇ ਦਰੱਖਤ ਹੇਠਾਂ ਬੈਠਣ ਲਈ ਥਾਂ ਦੇ ਦਿਤੀ। ਕਦੀ ਕਦੀ ਲੋਹੇ ਚੀਨੀ ਦੇ ਕੱਪਾਂ ਵਿਚ ਚਾਹ ਵੀ ਪਿਆ ਦੇਂਦੇ। ਇਥੇ ਜਦ ਕਦੀ ਕੋਈ ਟਰੱਕ ਆਉਂਦਾ ਪਰ ਅੱਖ ਦੀ ਫੁਰਤੀ ਵਿਚ ਭਰ ਜਾਂਦਾ ਤੇ ਅਸੀਂ ਓਸ ਵਿਚ ਸਵਾਰ ਨਾ ਹੋ ਸਕਦੇ। ਸਭ ਦੇ ਹੌਸਲੇ ਤੇ ਲੱਕ ਟੁੱਟੇ ਹੋਏ ਸਨ ਤੇ ਹਿੰਮਤ ਜਵਾਬ ਦੇ ਚੁੱਕੀ ਸੀ। ਬਾਪੂ ਦੀਆਂ ਅੱਖਾਂ ਠੀਕ ਹੋਣ ਵਿਚ ਨਹੀਂ ਆ ਰਹੀਆਂ ਸਨ। ਦਵਾ ਦਾਰੂ ਦਾ ਕੋਈ ਇੰਤਜ਼ਾਮ ਤਾਂ ਕਿਧਰੇ ਰਿਹਾ, ਮਰ ਗਿਆਂ ਲਈ ਫੂਕਣ ਦਾ ਵੀ ਕੋਈ ਇਤੰਜ਼ਾਮ ਨਹੀਂ ਸੀ
-----
ਤੁਰੇ ਫਿਰਦਿਆਂ ਮੈਂ ਇਕ ਦਿਨ ਕੈਂਪ ਵਿਚ ਭਾਈਏ ਭਗਵਾਨ ਸਿੰਘ ਤੇ ਵੱਡੀ ਭੈਣ ਬੀਬੀ ਜੀਤ ਕੌਰ ਨੂੰ ਲੱਭ ਲਿਆ। ਉਹਨਾਂ ਨੇ ਗੱਡੇ ਦਾ ਅਗਲਾ ਪਾਸਾ ਉਚਾ ਕਰ ਕੇ ਛਾਂ ਬਣਾਈ ਹੋਈ ਸੀ ਤੇ ਉਤੇ ਖੇਸ ਤਾਣੇ ਹੋਏ ਸਨ। ਕੈਂਪ ਵਿਚ ਗੱਡੇ ਜੋ ਕੇ ਪਹੁੰਚੇ ਕਾਫ਼ਲੇ ਰਾਹੀਂ ਪੁਜਣ ਕਾਰਨ ਉਹਨਾਂ ਕੋਲ ਸਾਮਾਨ ਵੀ ਜ਼ਿਆਦਾ ਸੀ। ਭਾਈਏ ਹੁਰੀਂ ਚਾਰ ਜਵਾਨ ਭਰਾ ਹੋਣ ਕਾਰਨ ਤਕੜੇ ਵੀ ਸਨ ਤੇ ਅਜੇ ਉਹਨਾਂ ਦਾ ਪਿਓ ਮਾਸੜ ਹਰਦਿੱਤ ਸਿੰਘ ਵੀ ਅਜੇ ਚੰਗ ਭਲਾ ਪਿਆ ਸੀ। ਉਹ ਆਪਣੇ ਗੱਡਿਆਂ ਤੇ ਹੀ ਹਿੰਦੋਸਤਾਨ ਜਾਣ ਦੀ ਸੋਚ ਰਹੇ ਸਨ ਪਰ ਰਸਤੇ ਵਿਚ ਹਮਲਾਵਰਾਂ ਦਾ ਡਰ ਏਨਾ ਜ਼ਿਆਦਾ ਸੀ ਕਿ ਵਡੇ ਕਾਫਲੇ ਬਗੈਰ ਜਾਣਾ ਬੜਾ ਮੁਸ਼ਕਲ ਸੀ। ਉਹਨਾਂ ਦਾ ਖ਼ਿਆਲ ਸੀ ਕਿ ਅੰਮ੍ਰਿਤਸਰ ਪਹੁੰਚ ਕੇ ਆਪਣੇ ਪੁਰਾਣੇ ਪਿੰਡ ਨਿਜ਼ਮਾਪੁਰ ਚਲੇ ਜਾਵਾਂਗੇ ਜਿਥੇ ਉਹਨਾਂ ਦੀ ਪੁਰਾਣੀ ਥੋੜ੍ਹੀ ਜਹੀ ਜ਼ਮੀਨ ਵੀ ਸੀ ਅਤੇ ਪੁਰਾਣਾ ਨਿੱਕਾ ਜਿਹਾ ਕੱਚਾ ਘਰ ਵੀ ਸੀ। ਅੰਮ੍ਰਿਤਸਰੋਂ ਚੌਕ ਮਹਿਤੇ ਨੂੰ ਜਾਂਦਿਆਂ ਨੌਂ ਕੁ ਮੀਲ ਦੂਰ ਇਹ ਪਿੰਡ ਫਤਹਿਪੁਰ ਰਾਜਪੂਤਾਂ ਸੱਜੇ ਤੇ ਇਹ ਖੱਬੀ ਵੱਖੀ ਵਿਚ ਪੈਂਦਾ ਸੀ।
-----
ਭੈਣ ਮੈਨੂੰ ਗਲਵੱਕੜੀ ਵਿਚ ਲੈ ਕੇ ਰੋਣ ਲੱਗ ਪਈ। ਫਿਰ ਓਸ ਮੇਰੇ ਲਈ ਦੋ ਰੋਟੀਆਂ ਪਕਾਈਆਂ ਤੇ ਦੇਸੀ ਘਿਓ ਨਾਲ ਚੋਪੜ ਕੇ ਅੱਧਾ ਕੁ ਚਮਚਾ ਦੇਸੀ ਘਿਓ ਦਾ ਦਾਲ ਵਿਚ ਪਾ ਕੇ ਮੇਰੇ ਅੱਗੇ ਖਾਣ ਲਈ ਰੱਖ ਦਿੱਤਾ। ਭਾਈਆ ਜੋ ਅਕਸਰ ਮੈਨੂੰ ਬਹੁਤ ਪਿਆਰ ਕਰਿਆ ਕਰਦਾ ਸੀ, ਉਹਦੇ ਪਿੰਡ ਗਿਆਂ ਆਉਣ ਨਹੀਂ ਦਿੰਦਾ ਸੀ, ਬੜੇ ਗੁੱਸੇ ਨਾਲ ਮੇਰੀ ਭੈਣ ਵੱਲ ਵੇਖ ਰਿਹਾ ਸੀ। ਉਜਾੜੇ ਚੋਂ ਪੈਦਾ ਹੋਈ ਤੰਗਦਸਤੀ ਦੇ ਇਸ ਮੌਕੇ ਤੇ ਜਦੋਂ ਕਿਤੋਂ ਪਾਣੀ ਵੀ ਪੀਣ ਲਈ ਨਹੀਂ ਮਿਲਦਾ ਸੀ, ਉਹਨੇ ਆਪਣੇ ਨਿੱਕੇ ਵੀਰ ਨੂੰ ਚੋਪੜੀ ਰੋਟੀ ਤੇ ਦਾਲ ਵਿਚ ਘਿਓ ਪਾ ਕੇ ਦੇ ਦਿਤਾ ਸੀ। ਗੁੱਸੇ ਵਿਚ ਆ ਕੇ ਉਹਨੇ ਉਹਦੇ ਲੱਕ ਵਿਚ ਲੱਤ ਮਾਰੀ ਤੇ ਉਹ ਡਿੱਗ ਪਈ। ਸਤੰਬਰ 1947 ਦੇ ਬੇਘਰੇ ਜੀਵਨ ਦੇ ਦਿਨਾਂ ਦੌਰਾਨ ਭਾਈਏ ਨੂੰ ਇਸ ਤਰ੍ਹਾਂ ਦਾ ਚੜ੍ਹਿਆ ਗੁੱਸਾ ਨਾ ਮੈਂ ਉਸ ਦਿਨ ਤੋਂ ਪਹਿਲਾਂ ਕਦੇ ਵੇਖਿਆ ਸੀ ਤੇ ਨਾ ਹੀ ਕਦੇ ਪਿਛੋਂ ਵੇਖਿਆ ਪਰ ਇਸ ਘਟਨਾ ਨੂੰ ਨਾ ਮੈਂ ਹੀ ਸਾਰੀ ਉਮਰ ਭੁੱਲ ਸਕਿਆ ਅਤੇ ਨਾ ਹੀ ਮੇਰੀ ਵੱਡੀ ਭੈਣ। ਬੁਰੇ ਦਿਨ ਕਿਸੇ ਬੰਦੇ ਦਾ ਸਾਰਾ ਸੰਤੁਲਨ ਕਿਵੇਂ ਖ਼ਰਾਬ ਕਰ ਦੇਂਦੇ ਹਨ। ਬੇ-ਘਰੇ ਹੋਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਕੈਂਪ ਵਿਚ ਹੋਏ ਇਸ ਵਤੀਰੇ ਪਿਛੋਂ ਇਸ ਤਰ੍ਹਾਂ ਦੇ ਹੋਰ ਸੱਚ ਵੇਖਣ ਲਈ ਅਜੇ ਸਾਰੀ ਉਮਰ ਬਾਕੀ ਪਈ ਸੀ।
-----
ਬੜੀ ਹਿੰਮਤ ਕਰ ਕੇ ਇਕ ਦਿਨ ਅਸੀਂ ਰੇਲਵੇ ਲਾਈਨ ਦੇ ਲਾਗੇ ਥਾਂ ਲੱਭਣ ਵਿਚ ਕਾਮਯਾਬ ਹੋ ਗਏ ਤੇ ਓਸ ਗੱਡੀ ਦਾ ਇੰਤਜ਼ਾਰ ਕਰਨ ਲੱਗੇ ਜਿਸ ਵਿਚ ਚੜ੍ਹ ਕੇ ਹਿੰਦੋਸਤਾਨ ਪਹੁੰਚਣਾ ਸੀ। ਜਦੋਂ ਕੋਈ ਗੱਡੀ ਲੰਘਦੀ ਤਾਂ ਲੋਕ ਭੱਜ ਕੇ ਗੱਡੀ ਵਿਚ ਚੜ੍ਹਨ ਲਈ ਰੇਲਵੇ ਲਾਈਨ ਦੇ ਵਧ ਤੋਂ ਵਧ ਨੇੜੇ ਹੋਣ ਦੀ ਕੋਸ਼ਿਸ਼ ਕਰਦੇ। ਕਈ ਵਾਰ ਗਡੀ ਨਾ ਰੁਕਦੀ ਤੇ ਅੱਗੇ ਲੰਘ ਜਾਂਦੀ। ਕਈ ਗੱਡੀਆਂ ਭਾਰਤ ਦੇ ਮੁਸਲਮਾਨਾਂ ਨੂੰ ਲੈ ਕੇ ਆ ਰਹੀਆਂ ਹੁੰਦੀਆਂ ਤੇ ਕੈਂਪ ਲਾਗਿਓਂ ਲੰਘਦਿਆਂ ਉਹ ਅੱਲਾ-ਹੂ ਅਕਬਰ ਦੇ ਉੱਚੀ-ਉੱਚੀ ਨਾਅਰੇ ਮਾਰਦੇ ਤੇ ਲਾਈਨ ਲਾਗੇ ਹਿੰਦੂ ਸਿੱਖਾਂ ਵੱਲ ਮੂੰਹ ਕਰ ਕੇ ਥੁਕਦੇ। ਕਈ ਮਾਲ ਗੱਡੀਆਂ ਲੰਘਦੀਆਂ ਜੋ ਸੱਚਾ ਸੌਦਾ ਸਟੇਸ਼ਨ ਤੇ ਖੜ੍ਹੀਆਂ ਨਾ ਹੁੰਦੀਆਂ। ਇਹ ਬੜੀ ਆਵਾਜ਼ਾਰੀ ਤੇ ਲਾਚਾਰੀ ਦੇ ਦਿਨ ਸਨ ਜਿਸ ਵਿਚ ਪਲ ਵਿਚ ਹੀ ਕੀ ਹੋ ਜਾਣਾ ਹੈ, ਕੋਈ ਪਤਾ ਨਹੀਂ ਸੀ। ਇਕ ਦਿਨ ਇਕ ਗੱਡੀ ਆਈ ਤੇ ਓਸ ਨੇ ਕੈਂਪ ਕੋਲੋਂ ਲੰਘਦਿਆਂ ਆਪਣੀ ਰਫ਼ਤਾਰ ਮੱਠੀ ਕਰ ਲਈ। ਲੋਕ ਇਸ ਖ਼ਿਆਲ ਨਾਲ ਕਿ ਗੱਡੀ ਰੁਕਦਿਆਂ ਹੀ ਚੜ੍ਹ ਜਾਵਾਂਗੇ, ਵਾਹੋ ਦਾਹੀ ਗੱਡੀ ਵੱਲ ਨੂੰ ਭੱਜੇ ਪਰ ਗੱਡੀ ਵਿਚ ਸਵਾਰ ਬਲੋਚ ਮਿਲਟਰੀ ਨੇ ਕੈਂਪ ਤੇ ਅੰਧਾ ਧੁੰਦ ਗੋਲੀਆਂ ਦੀ ਬੁਛਾੜ ਕਰ ਦਿਤੀ। ਕੁਝ ਮਿੰਟਾਂ ਸਕਿੰਟਾਂ ਵਿਚ ਹੀ ਹਜ਼ਾਰਾਂ ਲੋਕ ਮਾਰੇ ਤੇ ਜ਼ਖ਼ਮੀ ਹੋ ਗਏ। ਕਈ ਪਸੂਆਂ ਦੇ ਗੋਲੀਆਂ ਲੱਗੀਆਂ ਤੇ ਉਹ ਵੀ ਮਰ ਗਏ। ਦੋ ਜਨਾਨੀਆਂ ਚੱਕੀ ਪੀਹ ਰਹੀਆਂ ਸਨ ਤਾਂ ਗੋਲੀਆਂ ਉਹਨਾਂ ਦੋਹਾਂ ਨੂੰ ਚੀਰ ਕੇ ਅੱਗੇ ਤੱਕ ਲੰਘ ਗਈ। ਇਕ ਚੱਕੀ ਦੇ ਪੁੜਾਂ ਵਿਚ ਲੱਗੀਆਂ ਗੋਲੀਆਂ ਨਾਲ ਚੱਕੀ ਦੇ ਪੁੜ ਪਾਟ ਗਏ। ਸਾਰੇ ਕੈਂਪ ਵਿਚ ਹਾਹਾਕਾਰ ਮਚ ਗਈ। ਅਸੀਂ ਰੇਲਵੇਂ ਲਾਈਨ ਤੋਂ ਬਹੁਤੀ ਦੂਰ ਨਹੀਂ ਬੈਠ ਸਾਂ। ਇਹ ਰੱਬ ਦਾ ਭਾਣਾ ਸੀ ਕਿ ਸਾਡੇ ਆਸੇ ਪਾਸੇ ਗੋਲੀਆਂ ਲੱਗਣ ਨਾਲ ਅਨੇਕਾਂ ਲੋਕ ਮਰੇ ਪਏ ਸਨ ਤੇ ਕਈ ਜ਼ਖ਼ਮੀ ਹੋਏ ਕਰਾਹ ਰਹੇ ਸਨ ਪਰ ਅਸੀਂ ਬਚ ਗਏ ਸਾਂ।
********
ਚਲਦਾ
No comments:
Post a Comment