ਲੇਖ
ਲੱਗਭਗ ਇਕਾਹਟ ਵਰ੍ਹੇ ਪਹਿਲਾਂ ਹਿੰਦੂ, ਮੁਸਲਮਾਨ ਅਤੇ ਸਿੱਖਾਂ ਦਾ ਇੱਕ ਸਾਂਝਾ ਦੇਸ਼ ਹੀ ਨਹੀਂ ਸੀ ਸੱਭਿਆਚਾਰ ਵੀ ਸਾਂਝਾ ਸੀ।1947 ਵਿੱਚ ਇੱਕ ਅਜਿਹੀ ਫਿਰਕੂ ਹਨੇਰੀ ਝੁੱਲੀ ਕਿ ਬਹੁਤ ਕੁਝ ਉਡਾ ਕੇ ਲੈ ਗਈ। ਇਨਸਾਨ ਦੇ ਸਿਰ ਤੇ ਇਮਾਨ ਨਾਲੋਂ ਸ਼ੈਤਾਨ ਭਾਰੂ ਹੋ ਗਿਆ।ਇਕੱਠੇ ਮੇਲੇ ਤਿਉਹਾਰ ਮਨਾਉਣ ਵਾਲੇ ਇੱਕ ਦੂਜੇ ਦੇ ਲਹੂ ਦੇ ਪਿਆਸੇ ਹੋ ਗਏ।ਜਿਨ੍ਹਾਂ ਨੂੰ ਉਹ ਧੀਆਂ ਭੈਣਾ ਤੇ ਬੇਟੀਆਂ ਸਮਾਨ ਸਮਝਦੇ ਸਨ ਉਨ੍ਹਾਂ ਦੀ ਹੀ ਇੱਜ਼ਤ ਲੁੱਟੀ।ਮਨਾਂ ਵਿੱਚ ਪਈ ਇਹ ਦਰਾੜ ਇੱਕ ਦਿਨ ਸਰਹੱਦ ਵਿੱਚ ਤਬਦੀਲ ਹੋ ਗਈ ਤੇ ਦੋਹਾਂ ਮੁਲਕਾਂ ਵਿੱਚ ਵਸੇ ਲੋਕ ਇੱਕ ਦੂਸਰੇ ਨੂੰ ਦੁਸ਼ਮਣ ਸਮਝਣ ਲੱਗੇ।
-----
ਵੰਡ ਤੋਂ ਬਾਅਦ ਵਕ਼ਤ ਤਾਂ ਬੀਤਦਾ ਰਿਹਾ ਪਰ ਫ਼ੱਟ ਰਿਸਦੇ ਰਹੇ।ਇਨ੍ਹਾਂ ਫ਼ੱਟਾਂ ਵਿੱਚੋਂ ਹੀ 1965 ਅਤੇ 1971 ਦੀਆਂ ਜੰਗਾਂ ਜਨਮੀਆਂ।ਦੁਵੱਲੇ ਅਨੇਕਾਂ ਫ਼ੌਜੀ ਜਵਾਨ ਮਾਰੇ ਗਏ।ਬੰਬਾਂ, ਟੈਂਕਾਂ, ਤੋਪਾਂ ਅਤੇ ਹਵਾਈ ਹਮਲਿਆਂ ਨਾਲ ਦੋਨੋ ਮੁਲਕ ਇੱਕ ਦੂਸਰੇ ਨੂੰ ਦਰੜ ਦੇਣਾ ਚਾਹੁੰਦੇ ਸਨ।ਸਰਕਾਰੀ ਮੀਡੀਆ ਇੱਕ ਦੂਸਰੇ ਖ਼ਿਲਾਫ਼ ਭੰਡੀ ਪ੍ਰਚਾਰ ਕਰ ਰਿਹਾ ਸੀ।ਪਰ ਇਨ੍ਹਾਂ ਤੱਤੀਆਂ ਹਵਾਵਾਂ ਵਿੱਚ ਇੱਕ ਸੀਤ ਹਵਾ ਦਾ ਬੁੱਲਾ ਵੀ ਰੁਮਕਦਾ ਰਿਹਾ।ਇਹ ਸੀ ਕਲਾ ਸੰਗੀਤ ਦੀ ਪੌਣ।
-----
ਕਲਾ ਸੰਗੀਤ ਦਾ ਕਹਿੰਦੇ ਕੋਈ ਧਰਮ ਨਹੀਂ ਹੁੰਦਾ।ਇਹ ਪੌਣ ਸਾਂਝ ਦਾ ਰਿਸ਼ਤਾ ਕਦੋਂ ਉਸਾਰ ਦਿੰਦੀ ਹੈ,ਕਿਸੇ ਨੂੰ ਪਤਾ ਵੀ ਨਹੀਂ ਲੱਗਦਾ।ਲਤਾ ਮੰਗੇਸ਼ਕਰ ਜਾਂ ਮੁਹੰਮਦ ਰਫੀ ਦੀ ਆਵਾਜ਼ ਨੂੰ ਪਾਕਿਸਤਾਨ ਜਾਣ ਲੱਗਿਆਂ ਕਿਸੇ ਵੀਜ਼ੇ ਦੀ ਲੋੜ ਨਹੀਂ ਸੀ ਤੇ ਨਾਂ ਹੀ ਮਲਿਕਾ-ਏ-ਤਰੰਨੁਮ ਨੂਰਜਹਾਂ ਜਾਂ ਆਲਮ ਲੁਹਾਰ ਦੀ ਆਵਾਜ਼ ਨੂੰ ਭਾਰਤ ਆਉਣੋ ਕੋਈ ਰੋਕ ਸਕਦਾ ਸੀ।ਕਲਾ ਤਾਂ ਪੂਰੇ ਬ੍ਰਹਿਮੰਡ ਵਿੱਚ ਫੈਲਿਆ ਕੁਦਰਤ ਦਾ ਇੱਕ ਅਜਿਹਾ ਕ੍ਰਸ਼ਿਮਾ ਹੈ ਜੋ ਪੌਣਾਂ ਦੀ ਸਵਾਰੀ ਕਰਦਾ ਹੈ, ਰਾਜਨੀਤਕ ਲੋਕਾਂ ਤੇ ਸੌੜੀ ਸੋਚ ਵਾਲ਼ਿਆਂ ਦੀ ਪਹੁੰਚ ਤੋਂ ਕਿਤੇ ਬਾਹਰ।
-----
ਆਕਾਸ਼ਵਾਣੀ ਜਲੰਧਰ ਦੇ ਦਿਹਾਤੀ ਪ੍ਰੋਗਰਾਮ ਵਿੱਚ ਵੱਜਦੇ ਸੁਰਿੰਦਰ ਕੌਰ/ਆਸਾ ਸਿੰਘ ਮਸਤਾਨਾ ਦੇ ਗੀਤ ਜਿਸ ਚਾਅ ਨਾਲ ਉਧਰ ਸੁਣੇ ਜਾਂਦੇ।ਉਸੇ ਚਾਅ ਨਾਲ ਇੱਧਰ ਸ਼ੌਕਤ ਅਲੀ ਅਤੇ ਰੇਸ਼ਮਾ ਨੂੰ ਵੀ ਸੁਣਿਆ ਜਾਂਦਾ।ਇੱਕ ਦੂਜੇ ਦੇ ਨਾਟਕ ਅਤੇ ਫਿਲਮਾਂ ਵੇਖੇ ਜਾਂਦੇ।ਰੇਡੀਉ ਟੈਲੀਵੀਯਨ ਆਪਣਾ ਅਹਿਮ ਰੋਲ ਨਿਭਾ ਰਹੇ ਸਨ।ਨਾਲ ਦੀ ਨਾਲ ਪੁਸਤਕਾਂ ਜਾਂ ਪ੍ਰਿੰਟ ਮੀਡੀਆ ਵੀ ਸਰਗਰਮ ਰਿਹਾ।ਏਧਰ ਲੋਕ ਮੰਟੋ,ਅਹਿਮਦ ਨਦੀਮ ਕਾਜ਼ਮੀ ਅਤੇ ਫੈਜ਼ ਅਹਿਮਦ ਫੈਜ਼ ਨੂੰ ਪੜ੍ਹਦੇ ਤੇ ਉਧਰ ਅੰਮ੍ਰਿਤਾ ਪ੍ਰੀਤਮ, ਸਾਹਿਰ ਅਤੇ ਰਾਜਿੰਦਰ ਸਿੰਘ ਬੇਦੀ ਪੜਦੇ।ਜੇ ਏਧਰ ਗ਼ੁਲਾਮ ਅਲੀ ਸੁਣਿਆ ਜਾਂਦਾ ਤੇ ਉਧਰ ਜਗਜੀਤ ਸਿੰਘ।ਕਲਾ ਸਰਹੱਦ ਨੂੰ ਜਿਵੇਂ ਮੂੰਹ ਚਿੜਾ ਰਹੀ ਹੋਵੇ ਕਿ ਤੂੰ ਮੈਥੋਂ ਬਲਵਾਨ ਨਹੀਂ ਹੋ ਸਕਦੀ।
-----
ਏਸੇ ਮਹੌਲ ਵਿੱਚ ਮੈਂ ਵੀ ਆਲਮ ਲੁਹਾਰ, ਮਨਜ਼ੂਰ ਝੱਲਾ, ਨੂਰ ਜਹਾਂ, ਬੇਗ਼ਮ ਅਖ਼ਤਰ, ਆਬਿਦਾ ਪ੍ਰਵੀਨ, ਅਬਸ਼ਾਂ, ਮਹਿੰਦੀ ਹਸਨ ਅਤੇ ਗ਼ੁਲਾਮ ਅਲੀ ਨੂੰ ਸੁਣਦਾ।ਪਰ ਇੱਕ ਦਿਨ ਮੇਰੇ ਕਿਸੇ ਪ੍ਰਵਾਸੋਂ ਆਏ ਦੋਸਤ ਨੇ ਮੇਰੀ ਪਹਿਚਾਣ ਅਤਾਉੱਲਾ ਖ਼ਾਨ ਈਸਾ ਖੇਲਵੀ ਦੀ ਹਾਉਕਿਆਂ ‘ਚ ਗੜੁੱਚ, ਦਰਦ ਭਿੰਨੀ ਆਵਾਜ਼ ਨਾਲ ਕਰਵਾਈ।ਬੱਸ ਇਸ ਆਵਾਜ਼ ਨਾਲ ਇੱਕ ਐਸੀ ਸਾਂਝ ਬਣੀ ਕਿ ਦੀਵਾਨਾ ਹੋ ਗਿਆ।ਪਟਿਆਲੇ ਸੰਗੀਤ ਦੀ ਇੱਕ ਦੁਕਾਨ ਜੋ ਦੁਬਈ ਰਾਹੀਂ ਪਾਕਿਸਤਾਨੀ ਸੰਗੀਤ ਲਿਆ ਕੇ ਵੇਚਦੀ ਸੀ ਉਸ ਤੇ ਅਤਾਉੱਲਾ ਖ਼ਾਨ ਦੀਆਂ ਨਵੀਆਂ ਟੇਪਾਂ ਤੇ ਹੋਰ ਸੰਗੀਤ ਖਰੀਦਣ ਮੈਂ ਅਕਸਰ ਜਾਂਦਾ ਰਿਹਾ।
-----
1947 ਵਿੱਚ ਉੱਸਰੀ ਵੰਡ ਦੀ ਕਠੋਰ ਕੰਧ ਨੂੰ ਕਲਾ ਦੀ ਹਨੇਰੀ ਨੇ ਵੱਡਾ ਧੱਕਾ ਉਸ ਵਕਤ ਮਾਰਿਆ ਜਦੋਂ ਦੋਹਾਂ ਮੁਲਕਾਂ ਦੇ ਕਲਾਕਾਰਾਂ ਨੇ ਰਲ ਕੇ ਇੱਕ ਫਿਲਮ ‘ਨਿਕ਼ਾਹ’ ਬਣਾਈ।ਜਿਸ ਵਿੱਚ ਨਾਇਕ ਰਾਜ ਬੱਬਰ ਸੀ ਤੇ ਨਾਇਕਾ ਬਿੱਲੀਆਂ ਅੱਖਾਂ ਵਾਲੀ ਖ਼ੂਬਸੂਰਤ ਸਲਮਾ ਆਗ਼ਾ।ਜਿੰਨੀ ਵਧੀਆ ਉਸ ਦੀ ਅਦਾਕਾਰੀ ਉਨ੍ਹੀ ਹੀ ਵਧੀਆ ਗਾਇਕੀ। ਉਸਦੀ ਗਾਈ ਗ਼ਜ਼ਲ:-
“....ਹਮ ਵਫ਼ਾ ਕਰਕੇ ਵੀ ਤਨਹਾ ਰਹਿ ਗਏ
ਦਿਲ ਕੇ ਅਰਮਾਂ ਆਂਸੂਓਂ ਮੇ ਬਹਿ ਗਏ...”
ਪੂਰੇ ਭਾਰਤ ਵਿੱਚ ਗੂੰਜ ਰਹੀ ਸੀ।ਇਸੇ ਫਿਲਮ ਵਿੱਚ ਗ਼ੁਲਾਮ ਅਲੀ ਸਾਹਿਬ ਦੀ ਆਵਾਜ਼ ਦਾ ਜਾਦੂ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ:-
“....ਚੁਪਕੇ ਚੁਪਕੇ ਆਪਕਾ ਆਂਸੂ ਬਹਾਨਾ ਯਾਦ ਹੈ...”
ਇਸ ਫਿਲਮ ਨੇ ਦੋਹਾਂ ਮੁਲਕਾਂ ਵਿੱਚ ਸਾਂਝ ਦਾ ਇੱਕ ਨਵਾਂ ਪੁਲ ਉਸਾਰ ਦਿੱਤਾ ਸੀ।ਮੈਂ ਹਰ ਰੋਜ਼ ਇਹ ਰਚਨਾਵਾਂ ਸੁਣਦਾ ਤੇ ਸੁਪਨੇ ਲੈਂਦਾ ਕਿ ਕੀ ਕਦੀ ਇਨ੍ਹਾਂ ਕਲਾਕਾਰਾ ਦੇ ਸਾਹਮਣੇ ਬਹਿ ਕੇ ਇਨ੍ਹਾਂ ਨੂੰ ਸੁਣ ਸਕਾਂਗਾ, ਜਾਂ ਮਿਲ ਸਕਾਂਗਾਂ।ਫਿਰ ਇਹ ਮੌਕਾ ਮਿਲਿਆ 1990 ਵਿੱਚ ਮੈਨੂੰ ਕੈਨੇਡਾ ਆ ਕੇ।
-----
ਮੈਂ ਆਉਣ ਵਕ਼ਤ ਤਿਲ ਤਿਲ ਕਰਕੇ ਜੋੜੀ ਮਨ ਪਸੰਦ ਸੰਗੀਤ ਦੀ ਪੂੰਜੀ ਭਾਵੇਂ ਆਪਣੇ ਨਾਲ ਲੈ ਆਇਆ ਸੀ, ਪਰ ਸਾਹਮਣੇ ਬਹਿ ਕੇ ਸੁਣਨ ਦੀ ਲਾਲਸਾ ਜਿਉਂ ਦੀ ਤਿਉਂ ਸੀ।ਪਰ ਇਸ ਬਹੁ-ਸੱਭਿਅਕ ਮੁਲਕ ਦੀ ਖ਼ੂਬਸੂਰਤੀ ਹੀ ਇਸ ਗੱਲ ਵਿੱਚ ਪਈ ਸੀ ਕਿ ਏਥੇ ਕੁਝ ਵੀ ਤੁਹਾਡੀ ਪਹੁੰਚ ਤੋਂ ਬਾਹਰ ਨਹੀਂ।ਸੰਗੀਤ ਦੇ ਨਾਲ ਨਾਲ ਉਨਾਂ ਕਲਾਕਾਰਾਂ ਨੂੰ ਮਿਲਣ ਦਾ ਸਬੱਬ ਵੀ ਬਣ ਹੀ ਜਾਂਦਾ ਹੈ।1947 ‘ਚ ਵਿਛੜੇ ਭਰਾ ਇੱਕ ਤੀਜੇ ਮੁਲਕ ਵਿੱਚ ਆ ਫੇਰ ਮਿਲ ਬੈਠਣ ਲੱਗੇ।ਸਾਂਝਾਂ ਫੇਰ ਪੀਢੀਆਂ ਹੋਣ ਲੱਗੀਆ।ਇੱਕ ਦੂਸਰੇ ਦੀਆਂ ਰਸਮਾਂ ਵਿੱਚ ਸ਼ਾਮਿਲ ਹੁੰਦੇ।ਇਕੱਠੇ ਸੰਗੀਤ,ਸ਼ਾਇਰੀ ਦੀਆਂ ਮਹਿਫ਼ਲਾਂ ਮਾਣਦੇ।
----
ਛਵ੍ਹੀਆਂ, ਟੋਕਿਆਂ ਨਾਲ ਬਾਬਾ ਫਰੀਦ, ਗੁਰੂ ਨਾਨਕ, ਬੁੱਲ੍ਹੇ ਸ਼ਾਹ,ਵਾਰਿਸ਼ ਸ਼ਾਹ, ਮੁਕਬਲ, ਦਮੋਦਰ ਨਹੀਂ ਸੀ ਵੰਡੇ ਜਾ ਸਕੇ।ਲੋਕ ਗਾਥਾਵਾਂ ਵੀ ਉਹੀ ਸਨ।ਹੀਰ,ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ, ਸੋਹਣੀ ਮਹੀਂਵਾਲ ਤੇ ਦੋਨੋ ਤਰਫ਼ ਉਸੇ ਤਰ੍ਹਾਂ ਗਾਏ ਜਾਂਦੇ।ਫੇਰ ਯਮਲਾ ਜੱਟ, ਸ਼ਿਵ, ਮੁਕੇਸ਼, ਕਿਸ਼ੋਰ, ਆਸ਼ਾ ਭੋਸਲੇ ਨੂੰ ਭਲਾ ਕਿਵੇਂ ਵੰਡ ਲੈਂਦੇ? ਇੱਕਲੇ ਸ਼ੋਅ ਹੀ ਨਹੀਂ ਈਦ ਦੀਵਾਲੀ,ਵਿਸਾਖੀ,ਲੋਹੜੀ ਕੈਨੇਡਾ ਆਕੇ ਫੇਰ ਸਾਂਝੀਆਂ ਹੋ ਗਈਆਂ।ਹੁਣ ਪੇਂਡੂ ਸੱਥਾਂ ਦੀ ਬਜਾਏ ਸਾਂਝੀਆਂ ਗੱਲਾਂ ਰੇਡੀਉ ਸਟੇਸ਼ਨਾਂ ਦੇ ਰਾਹੀਂ ਹੁੰਦੀਆਂ।
-----
ਕੋਈ ਭਾਰਤੀ ਜੇ ਨੁਸਰਤ ਫਤਹਿ ਅਲੀ ਨੂੰ ਸੁਣਨਾ ਚਾਹੁੰਦਾ ਤਾਂ ਕੋਈ ਪਾਕਿਸਤਾਨੀ ਗੁਰਦਾਸ ਮਾਨ ਜਾਂ ਹੰਸ ਰਾਜ ਹੰਸ ਨੂੰ।ਸ਼ਾਹਰੁਖ਼ ਖ਼ਾਨ ਨੂੰ ਦੋਨੋ ਪਾਸੇ ਦੇ ਲੋਕ ਇੱਕੋ ਜਿੰਨਾ ਚਾਹੁੰਦੇ ਸਨ।ਨੁਸਰਤ ਫਤਹਿ ਅਲੀ ਦੀ ਬੁਲੰਦ ਆਵਾਜ਼ ਦੀ ਸ਼ੂਕਦੀ ਹਨੇਰੀ ਅੱਗੇ ਨਫ਼ਰਤ ਦੀ ਕੰਧ ਦਾ ਕੋਈ ਮਤਲਬ ਹੀ ਨਹੀਂ ਸੀ।
“....ਯਾਦਾਂ ਵਿਛੜੇ ਸੱਜਣ ਦੀਆਂ ਆਈਆਂ ਅੱਖੀਆਂ ‘ਚੋਂ ਮੀਂਹ ਵਰਦਾ...”
ਸੁਣ ਸੁਣ ਦੋਹਵੇਂ ਅੱਖਾਂ ਪੂੰਝਦੇ। ਜਗਜੀਤ ਸਿੰਘ ਦੇ ਸ਼ੋਅ ‘ਚ ਜਿੰਨੇ ਭਾਰਤੀ ਹੁੰਦੇ ਨੇ ਉਨੇ ਹੀ ਪਾਕਿਸਤਾਨੀ।ਇਹ ਹੀ ਹਾਲ ਫਿਲਮੀ ਸ਼ੋਆਂ ਦਾ ਹੈ।ਲੋਕਾਂ ਦੀਆਂ ਇਹ ਅਧੂਰੀਆਂ ਸੱਧਰਾਂ ਕੈਨੇਡਾ ਆ ਕੇ ਪੂਰੀਆਂ ਹੋ ਰਹੀਆਂ ਨੇ।ਅਚਾਨਕ ਇੱਕ ਦਿਨ ਮੇਰੀ ਵੀ ਇਹ ਸੱਧਰ ਪੂਰੀ ਹੋ ਗਈ।ਜਦੋਂ ਇੱਕ ਰੇਡੀਉ ਤੇ ਸੁਣਿਆ ਕਿ ਤੁਸੀਂ ਫਲਾਣੀ ਥਾਂ ਤੇ ਜਾ ਕੇ ਸਲਮਾ ਆਗ਼ਾ ਅਤੇ ਅਤਾਉੱਲਾ ਈਸਾ ਖੇਲਵੀ ਨੂੰ ਮਿਲ ਕੇ ਉਨ੍ਹਾਂ ਨਾਲ ਗੱਲਾਂ ਵੀ ਕਰ ਸਕਦੇ ਹੋ।ਕਾਲਜ ਸਮੇਂ ਦੀ ਮਨ ਵਿੱਚ ਸੁਲਘਦੀ ਤਮੰਨਾ ਇੱਕ ਦਮ ਭਾਂਬੜ ਬਣ ਗਈ ਤੇ ਕਾਰ ਦਾ ਸਟੇਰਿੰਗ ਮੱਲੋ-ਮੱਲੀ ਉਧਰ ਨੂੰ ਮੁੜਨ ਲੱਗਾ।
-----
ਸਲਮਾ ਆਗਾ ਦੀਆਂ ਗ਼ਜ਼ਲਾਂ ਤੇ ਅਤਾਉਲਾ ਖਾਨ ਦੇ ਗੀਤ ਮਸਤਕ ਵਿੱਚ ਗੂੰਜਣ ਲੱਗੇ।ਸੋਕੇ ਮਾਰੀ ਧਰਤੀ’ ਤੇ ਜਿਵੇਂ ਕੋਈ ਮੀਂਹ ਪੈਣ ਵਾਲਾ ਹੋਵੇ।ਕਲਾ ਦੇ ਇਸ ਸੰਗਲ ਵਿੱਚ ਨੂੜਿਆ ਮੈਂ ਸਲਮਾ ਆਗ਼ਾ ਨਾਲ਼ ਖੜ੍ਹਾ ਸੋਚ ਰਿਹਾ ਸਾਂ ਇਸ ਸਾਂਝ ਨੂੰ ਦੁਨੀਆਂ ਦਾ ਕੋਈ ਬਰੂਦ ਨਹੀਂ ਤੋੜ ਸਕਦਾ। ਅਤਾਉਲਾ ਖ਼ਾਨ ਨੂੰ ਅੱਖਾਂ ਸਾਹਵੇਂ ਵੇਖ ਅੱਖਾਂ ‘ਚ ਅਥਰੂ ਆ ਗਏ।ਉਸ ਦੀ ਕਲਾ ਨੇ ਤਾਂ ਮੈਨੂੰ ਵੀਹ ਸਾਲ ਪਹਿਲਾਂ ਹੀ ਜਕੜ ਲਿਆ ਸੀ।ਜਦੋਂ ਮੈਂ ਉਨਾਂ ਨਾਲ ਹੱਥ ਮਿਲਾਇਆ ਤਾਂ ਯਕੀਨ ਹੀ ਨਾ ਆਵੇ ਕਿ ਇਸ ਤਰਾਂ ਸੁਪਨੇ ਵੀ ਸੱਚ ਹੋ ਜਾਂਦੇ ਨੇ।ਏਨਾਂ ਦੋਨਾਂ ਕਲਾਕਾਰਾਂ ਨੇ ਮੇਰੇ ਨਾਲ ਫੋਟੋ ਖਿਚਵਾਈ।ਮੈਂ ਅਤਾਉੱਲਾ ਨੂੰ ਸਾਹਮਣੇ ਬਹਿ ਕੇ ਤਿੰਨ ਘੰਟੇ ਸੁਣਿਆ:-
“....ਹਨੇਰੀ ਰਾਤ ਵਿੱਚ ਮਾਹੀ ਕਦੋਂ ਚੰਨ ਬਣਕੇ ਆਵੇਂਗਾ...”
ਬੰਸਰੀ ਦੀ ਤਾਨ ਦਿਲਾਂ ਵਿੱਚ ਉੱਤਰ ਰਹੀ ਸੀ।ਲੋਕ ਰੋ ਰਹੇ ਸਨ।ਫਿਰ ਇੱਕ ਦਿਨ ਐਸੇ ਤਰ੍ਹਾਂ ਹੀ ਨਸੀਬੋ ਲਾਲ ਨੂੰ ਉਸਦੇ ਹੋਟਲ ਦੇ ਕਮਰੇ ਵਿੱਚ ਬਹਿ ਕੇ ਸੁਣਨ ਦਾ ਤੇ ਬਹੁਤ ਸਾਰੀਆਂ ਗੱਲਾਂ ਕਰਨ ਦਾ ਮੌਕਾ ਮਿਲਿਆ।ਉਹ ਗਾ ਰਹੀ ਸੀ:-
“....ਅਸੀਂ ਦੋਵੇਂ ਇੱਕ ਦੂਜੇ ਨੂੰ ਵਰਾਉਣ ਲੱਗੇ ਰੋਏ...”
ਉਸ ਨੇ ਕਈ ਗੀਤ ਸੁਣਾਏ ਤੇ ਮਨ ਅਸ਼ ਅਸ਼ ਕਰ ਉੱਠਿਆ।ਇਸ ਸਾਂਝ ਨੂੰ ਭਲਾਂ ਕੌਣ ਤੋੜ ਸਕਦਾ ਹੈ?
-----
ਅੱਜ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਜੇ ਸੁਖਾਵੇਂ ਹੋਏ ਹਨ ਤਾਂ ਇਸ ਗੱਲ ਵਿੱਚ ਕਲਾਕਾਰਾਂ ਦਾ ਬਹੁਤ ਵੱਡਾ ਹੱਥ ਹੈ।ਇਹ ਕਲਾਕਾਰ ਸੱਭਿਆਚਾਰ ਦੇ ਬਹੁਤ ਵੱਡੇ ਦੂਤ ਹਨ।ਸਿਆਸੀ ਦੂਤਾਂ ਤੋਂ ਕਈ ਹਜ਼ਾਰ ਗੁਣਾ ਜ਼ਿਆਦਾ ਸ਼ਕਤੀਸ਼ਾਲੀ।ਸਰਹੱਦਾਂ ਤੇ ਲੱਗੀਆਂ ਕੰਡਿਆਲੀਆਂ ਤਾਰਾਂ ਅਤੇ ਵੀਜ਼ਾ ਦਫ਼ਤਰ ਤਾਂ ਇਨਾਂ ਤੋਂ ਬਹੁਤ ਨੀਵੇਂ ਹਨ।ਇਹ ਪੌਣ ਤਾਂ ਰਾਜਨੀਤੀਕ ਗੰਧਲੇ ਪਾਣੀਆਂ ਤੋਂ ਕਿਤੇ ਉੱਪਰ ਵਗਦੀ ਹੈ ਤੇ ਇੱਕ ਅਜਿਹਾ ਪੁਲ ਸਿਰਜਦੀ ਹੈ,ਜੋ ਕਿਸੇ ਨੂੰ ਵੀ ਨਜ਼ਰ ਨਹੀਂ ਆਂਉਦਾ।ਸਾਡਾ ਸਾਹਿਤਕਾਰਾਂ, ਗੀਤਕਾਰਾਂ, ਗਾਇਕਾਂ, ਅਦਾਕਾਰਾਂ, ਸੰਗੀਤਕਾਰਾਂ ਅੱਗੇ ਸਿਰ ਝੁਕ ਜਾਂਦਾ ਹੈ ਜੋ ਨਿਰੰਤਰ ਇਸ ਪਾਸੇ ਲੱਗੇ ਹੋਏ ਹਨ।ਜਿਨ੍ਹਾਂ ਕਰਕੇ ਇਹ ਸਾਂਝ ਦਾ ਰਿਸ਼ਤਾ ਹਮੇਸ਼ਾਂ ਕਾਇਮ ਰਹੇਗਾ।ਕਲਾ ਅਤੇ ਸੰਗੀਤ ਵਲੋਂ ਸਿਰਜੇ ਰਿਸ਼ਤੇ ਦਾ ਹੋਰ ਕੋਈ ਸਾਨੀ ਨਹੀ।
No comments:
Post a Comment