ਲੇਖ
ਨਵੇਂ ਰਾਹ ਉਲੀਕਣੇ, ਉਨ੍ਹਾਂ ’ਤੇ ਤੁਰਨਾ ਅਤੇ ਆਮ ਲੋਕਾਂ ਤੱਕ ਉਨ੍ਹਾਂ ਰਾਹਾਂ ਦੇ ਵਿਚਾਰਾਂ ਦਾ ਸੰਚਾਰ ਕਰਨਾ ਆਸਾਨ ਨਹੀਂ। ਹੁੰਦਾ ਇੰਜ ਹੈ ਕਿ ਨਵੇਂ ਰਾਹ ਉਲੀਕ ਲਏ ਜਾਂਦੇ ਹਨ, ਨਵੇਂ ਵਿਚਾਰਾਂ ਦੀ ਰਚਨਾ ਕਰ ਲਈ ਜਾਂਦੀ ਹੈ ਪਰ ਉਨ੍ਹਾਂ ਦਾ ਸਿਰਜਕ ਹੀ ਉਨ੍ਹਾਂ ’ਤੇ ਹੀ ਨਹੀਂ ਤੁਰਦਾ, ਤੁਰਨ ਦੇ ਸਮਰੱਥ ਨਹੀਂ ਹੁੰਦਾ ਜਿਸ ਕਾਰਨ ਉਹ ਵਿਚਾਰ ਬਹੁਤਿਆਂ ਦੇ ਪੱਲੇ ਦਾ ਸਰਮਾਇਆ ਨਹੀਂ ਬਣਦੇ। ਇਹ ਨਹੀਂ ਕਿ ਉਨ੍ਹਾਂ ’ਤੇ ਤੁਰਿਆ ਨਹੀਂ ਜਾ ਸਕਦਾ। ਤੁਰਿਆ ਤਾਂ ਜਾ ਸਕਦਾ ਹੈ ਪਰ ਉਨ੍ਹਾਂ ਦਾ ਰਚੇਤਾ ਹੀ ਉਨ੍ਹਾਂ ’ਤੇ ਪਹਿਰਾ ਨਾ ਦੇਵੇ ਤਾਂ ਲੋਕ ਉਨ੍ਹਾਂ ਵਿਚਾਰਾਂ ਨੂੰ ਆਪਣੇ ਵਿਸ਼ਵਾਸ ਦਾ ਪਾਤਰ ਨਹੀਂ ਬਣਾਉਂਦੇ। ਨਵੇਂ ਵਿਚਾਰ ਅਤੇ ਨਵੀਆਂ ਸੋਚਾਂ ਉਦੋਂ ਤੱਕ ਸਥਾਪਤ ਨਹੀਂ ਹੁੰਦੀਆਂ ਜਦ ਤੱਕ ਉਨ੍ਹਾਂ ਦਾ ਸਿਰਜਕ ਆਪ ਉਨ੍ਹਾਂ ’ਤੇ ਗੰਭੀਰਤਾ ਨਾਲ ਅਮਲ ਨਹੀਂ ਕਰਦਾ।
-----
ਜਿਹੜੇ ਨਵੇਂ ਨਿਵੇਕਲੇ ਵਿਚਾਰ, ਸੋਚਾਂ ਅਤੇ ਖ਼ਿਆਲ ਮਨ ਅੰਦਰ ਜੁਗਨੂੰ ਬਣਕੇ ਪ੍ਰਕਾਸ਼ ਕਰਨ ਦੇ ਸਮਰੱਥ ਵੀ ਹੋਣ ਅਤੇ ਰੌਂਅ ਵਿਚ ਵੀ ਹੋਣ ਤਾਂ ਉਨ੍ਹਾਂ ਤੋਂ ਅੱਖਾਂ ਨਹੀਂ ਮੋੜਨੀਆਂ ਚਾਹੀਦੀਆਂ। ਜਿਹੜਾ ਅੱਖਾਂ ਨਹੀਂ ਮੋੜਦਾ ਉਸ ਅੰਦਰ ਦੂਜਿਆਂ ਤੋਂ ਕਈ ਕੁੱਝ ਵੱਧ ਹੋ ਜਾਂਦਾ ਹੈ ਜਿਸ ਨੂੰ ਸੌਖੀ ਤਰ੍ਹਾਂ ਸਮਝਣਾ ਆਸਾਨ ਨਹੀਂ ਹੁੰਦਾ। ਉਨ੍ਹਾਂ ਅੰਦਰ ਜਿਹੜਾ ਉਜਾਲਾ ਘਰ ਕਰ ਜਾਂਦਾ ਹੈ ਉਸ ਦੀ ਬਦੌਲਤ ਉਹ ਉਸ ਸੰਸਾਰ ਵਿਚ ਜਾ ਦਾਖਲ ਹੁੰਦੇ ਹਨ ਜਿਹੜੇ ਜਾਗਦੇ ਮਨੁੱਖਾਂ ਅਤੇ ਜਗਦੇ ਮੱਥੇ ਵਾਲਿਆਂ ਨੂੰ ਕਦੇ ਵੀ ਦਾਖਲ ਹੋਣ ਦੇਣੋਂ ਨਾਂਹ ਨਹੀਂ ਕਰਦਾ। ਅਜਿਹੇ ਲੋਕਾਂ ਦੀ ਬੜੀ ਜ਼ਰੂਰਤ ਹੈ ਜਿਹੜੇ ਅਗਿਆਨ ਨੂੰ ਭਾਂਜ ਦੇ ਸਕਣ ਅਤੇ ਹਨੇਰ ਨੂੰ ਭਜਾ ਸਕਣ।
-----
ਰਾਜਨੀਤਕਾਂ, ਧਾਰਮਿਕ ਰਹਿਬਰਾਂ ਅਤੇ ਅਜਿਹੇ ਹੋਰ ਖੇਤਰਾਂ ਦੇ ਮੋਹਰੀਆਂ ਦੀ ਸੋਚ ਵਿਚ ਨਵੇਂ-ਪਨ ਅਤੇ ਸੱਜਰੇ ਵਿਚਾਰਾਂ ਦੇ ਸੰਚਾਰ ਦੀ ਇਸ ਕਰਕੇ ਵਧੇਰੇ ਲੋੜ ਹੁੰਦੀ ਹੈ ਕਿਉਂਕਿ ਇਨ੍ਹਾਂ ਦੀ ਮੱਦਦ ਬਗੈਰ ਆਮ ਲੋਕ ਨਵੀਆਂ ਸੋਚਾਂ ਮਗਰ ਨਹੀਂ ਤੁਰਦੇ ਅਤੇ ਨਾ ਹੀ ਹੁੰਦੇ ਹਨ ਲਾਮਬੰਦ। ਇਨ੍ਹਾਂ ਰਹਿਬਰਾਂ ਕੋਲ ਜਿਹੜਾ ਅਧਿਕਾਰ ਹੁੰਦਾ ਹੈ ਅਤੇ ਚੌਧਰ ਹੁੰਦੀ ਹੈ ਉਸ ਦਾ ਸਾਇਆ ਲੋਕ-ਸਿਰਾਂ ਤੋਂ ਦੂਰ ਨਹੀਂ ਹੁੰਦਾ। ਲੋਕ ਉਨ੍ਹਾਂ ਦੀ ਸੁਣਦੇ ਹਨ ਅਤੇ ਮੰਨਣੋਂ ਵੀ ਮੁਨਕਰ ਨਹੀਂ ਹੁੰਦੇ। ਪਰ ਇਹ ਰਹਿਬਰ ਅਕਸਰ ਨਵੇਂ ਵਿਚਾਰਾਂ ਦੀ ਧੁੱਪ ਵਿਚ ਜਾਣ ਤੋਂ ਪ੍ਰਹੇਜ਼ ਕਰਦੇ ਹਨ ਜਿਸ ਕਾਰਨ ਲੋਕਾਂ ਦੀ ਵੀ ਉਹ ਪਸੰਦ ਨਹੀਂ ਬਣਦੀ। ਧੁੱਪ ਵਿਚ ਨਾ ਜਾਣ ਕਾਰਨ ਹਨੇਰਾ ਢੋਣਾ ਕਦੇ ਬੰਦ ਨਹੀਂ ਕਰਦੇ।
------
ਬੁੱਧੀਜੀਵੀ, ਸ਼ਾਇਰ ਅਤੇ ਕਲਾਕਾਰ ਤਾਜ਼ਗੀ ਦੀ ਹਵਾ ਚਲਾਉਣ ਤਾਂ ਲੋਕ ਮਨਾਂ ਦੇ ਰੁਖ਼ ਬਦਲ ਸਕਦੇ ਹਨ ਅਤੇ ਉਨ੍ਹਾਂ ਵਿਚ ਬੜਾ ਵੱਡਾ ਬਦਲਾਅ ਆਉਣ ਦਾ ਵਾਤਾਵਰਣ ਪੈਦਾ ਹੋ ਸਕਦੈ। ਅਜਿਹੇ ਲੋਕਾਂ ਦੇ ਯਤਨ ਸਮਿਆਂ ’ਚ ਵੀ ਬਦਲਾਅ ਲਿਆ ਸਕਦੇ ਹਨ ਅਤੇ ਮਨ-ਮੱਥਿਆਂ ’ਚ ਵੀ ਜਿੱਥੇ ਸਦੀਆਂ ਤੋਂ ਹਨੇਰ ਦਾ ਵਾਸਾ ਹੈ ਜਿਸ ਕਾਰਨ ਗਿਆਨ ਰੂਪੀ ਕਿਰਨਾਂ ਦੇ ਦੀਦਾਰ ਤੱਕ ਨਹੀਂ ਹੋ ਸਕਦੇ। ਅਜਿਹੇ ਨ੍ਹੇਰੇ ਕਾਰਨ ਜਿਹੜੇ ਲੋਕ ਗੁੱਸੇ ਤੇ ਨਫ਼ਰਤਾਂ ਵਿਚ ਭੁੱਜ ਰਹੇ ਹਨ, ਈਰਖਾ ਤੇ ਪੱਖ-ਪਾਤ ਵਿਚ ਘਿਰੇ ਹੋਏ ਹਨ ਅਤੇ ਅਸਮਾਨਤਾ ਦੇ ਸ਼ਿਕਾਰ ਹਨ ਉਨ੍ਹਾਂ ਨੂੰ ਸੋਚ ਦੀ ਖਿੜਕੀ ਜ਼ਰੂਰ ਖੋਲ੍ਹ ਲੈਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਲਈ ਪਿਆਰ, ਭਾਈਚਾਰੇ ਅਤੇ ਬਰਾਬਰੀ ਦੇ ਦਰਵਾਜ਼ੇ ਖੁੱਲ੍ਹ ਸਕਣ।
-----
ਕੱਟੜਵਾਦੀਆਂ ਨੂੰ ਵੀ ਆਪਣੇ ਵਿਚਾਰਾਂ ਵਿਚ ਤਬਦੀਲੀ ਬਾਰੇ ਸੋਚਣ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਉਹ ਇੱਕੀਵੀਂ ਸਦੀ ਵਿਚ ਰਹਿ ਕੇ ਵੀ ਚੌਧਵੀਂ ਸਦੀ ਦਾ ਜੀਵਨ ਨਾ ਹੰਢਾਈ ਜਾਣ। ਉਹ ਅਕਸਰ ਉਨ੍ਹਾਂ ਵਿਚਾਰਾਂ ’ਤੇ ਹੀ ਅੜੇ ਰਹਿ ਜਾਂਦੇ ਹਨ ਜਿਨ੍ਹਾਂ ਤੋਂ ਉਹ ਪ੍ਰਭਾਵਿਤ ਹੋ ਜਾਣ। ਉਨ੍ਹਾਂ ਤੋਂ ਬਾਹਰ ਨਿਕਲਣਾ ਤਾਂ ਇਕ ਪਾਸੇ ਬਾਹਰ ਝਾਕਣਾ ਵੀ ਉਨ੍ਹਾਂ ਦੀ ਸੋਚ ਦਾ ਹਿੱਸਾ ਨਹੀਂ ਬਣਦਾ। ਇਸ ਲਈ ਉਹ ਇਕੋ ਦਾਇਰੇ ਵਿਚ ਫਸ ਕੇ ਰਹਿ ਜਾਂਦੇ ਹਨ, ਕੋਹਲੂ ਦੇ ਬੈਲ ਵਾਂਗ। ਜਿੱਥੇ ਰਹਿੰਦਿਆਂ ਉਹ ਨਵੇਂ ਵਿਚਾਰਾਂ, ਸਮੇਂ ਦੇ ਹਾਣ ਦੀਆਂ ਦਲੀਲਾਂ, ਨਵੀਆਂ ਕਾਢ੍ਹਾਂ ਅਤੇ ਸੱਜਰੇ ਪਸਾਰਾਂ ਦੇ ਸੰਸਾਰ ਨਹੀਂ ਦੇਖ ਸਕਦੇ। ਅਧੂਰਾ ਪਨ ਉਨ੍ਹਾਂ ਦੀ ਜ਼ਿੰਦਗੀ ਦਾ ਹਾਸਲ ਬਣ ਜਾਂਦਾ ਹੈ।
-----
ਅੱਜ ਧਰਤੀ ’ਤੇ ਜੀਊਣ ਵਾਲਾ ਮਨੁੱਖ ਨਵੇਂ ਸੁਪਨੇ ਲਵੇ, ਨਵੇਂ ਖ਼ਿਆਲਾਂ ਅਤੇ ਨਿਵੇਕਲੇ ਉੱਡਣ-ਖਟੋਲਿਆਂ ’ਚ ਉੱਡੇ ਅਤੇ ਅੱਜ ਦੇ ਹਾਣ ਦਾ ਹੋ ਕੇ ਉਹ ਕੁੱਝ ਅਪਨਾਉਣ ਦਾ ਯਤਨ ਕਰੇ ਜਿਸ ਨਾਲ ਕਿਸੇ ਦੂਸਰੇ ਨੂੰ ਨੁਕਸਾਨ ਨਾ ਹੋਵੇ ਅਤੇ ਖ਼ੁਦ ਉਹ ਆਪਣੇ ਆਪ ਨੂੰ ਨਵਾਂ-ਨਕੋਰ, ਆਧੁਨਿਕ ਅਤੇ ਵਿਸ਼ਵ-ਪਿੰਡ ਦੇ ਹਾਣ ਦਾ ਮਹਿਸੂਸ ਕਰੇ। ਕਵਿਤਾਂ ਦਾ ਬੰਦ ਕੁੱਝ ਇਸ ਤਰ੍ਹਾਂ ਬੋਲ ਰਿਹਾ ਕਿ ਨਵੇਂ ਸਾਲ ਤੋਂ ਸੋਚ ਦਾ ਸਵੇਰਾ ਕਿਉਂ ਨਾ ਚੜ੍ਹੇ, ਇਕ ਦੇ ਮੱਥੇ ’ਚ ਨਹੀਂ ਸਭ ਦੇ ਮੱਥਿਆਂ ਅੰਦਰ :
ਜਿਹੜਾ ਸੀਮਤ ਰਹਿ ਨਹੀਂ ਸਕਦਾ, ਚਾਹਵੇ ਵੱਡਾ ਘੇਰਾ
ਗਲ਼ੀਆਂ ਸੜੀਆਂ ਰੀਤਾਂ ਦਾ ਉਹ, ਕਦੇ ਨਾ ਝੱਲੇ ਨੇਰ੍ਹਾ
ਅੰਬਰੀਂ ਸਦਾ ਹੀ ਉਡਣਾ ਚਾਹੇ, ਉੱਚਾ ਹੋਰ ਉਚੇਰਾ
ਨਵੇਂ ਸਾਲ ਤੋਂ ਚੜ੍ਹੇ ਕਿਉਂ ਨਾ, ਸੋਚ ਦਾ ਨਵਾਂ ਸਵੇਰਾ
********
ਬਦਲ ਗਏ ਇੰਜ ਤੌਰ-ਤਰੀਕੇ
ਕਦੇ ਨਵੇਂ ਸਾਲ ਦੇ ਸੁਨੇਹੇ ਵੀ ਕਬੂਤਰ ਲਿਜਾਂਦੇ ਸਨ ਪਰ ਕੋਈ ਭਾੜਾ ਨਹੀਂ ਸੀ ਲਗਦਾ। ਫੇਰ ਮਨੁੱਖਾਂ ਹੱਥ ਸੁਨੇਹੇ ਜਾਣ ਲੱਗੇ। ਰੁੱਕਿਆਂ ਦਾ ਵੀ ਸਮਾਂ ਆਇਆ, ਉਨ੍ਹਾਂ ’ਚ ਵੀ ਗੱਲ ਮੰਜ਼ਿਲ ’ਤੇ ਪਹੁੰਚਣੋਂ ਨਹੀਂ ਸੀ ਰੁਕਦੀ। ਚਿੱਠੀਆਂ ਦਾ ਸਮਾਂ ਆਇਆ ਤਾਂ ਸਭ ਮਿੱਤਰ-ਬੇਲੀ, ਸਕੇ-ਸਨੇਹੀ ਸਭ ਦੇ ਸਭ ਚਿੱਠੀਉ-ਚਿੱਠੀ ਹੋ ਗਏ। ਗੱਲ ਸੰਪਰਕ ਦੀ ਸੀ ਅਤੇ ਸਾਂਝ ਦੀ ਵੀ।
-----
ਟੈਲੀਫੂਨ ਆਇਆ। ਪਹਿਲਾਂ-ਪਹਿਲ ਵਿਰਲਿਆਂ ਦੇ ਪਰ ਉਸ ਉੱਤੇ ਵੀ ਲੋਕ ਨਵਾਂ ਸਾਲ ਮੁਬਾਰਕ ਕਹਿੰਦੇ ਰਹੇ। ਵਿਚ-ਵਿਚਾਲ਼ੇ ਤਾਰਾਂ ਦਾ ਕੰਮ ਵੀ ਚੱਲਦਾ ਰਿਹਾ। ਪੇਜਰ ਆਇਆ ਉਸ ਉੱਤੇ ਸੁਨੇਹਾ ਸੁਰੱਖਿਅਤ ਪਹੁੰਚ ਜਾਂਦਾ। ਨਾ ਹਿੰਗ ਲੱਗੇ ਨਾ ਫ਼ਟਕੜੀ ਦੇ ਅਖਾਣ ਵਾਂਗ ਰੰਗ ਚੋਖਾ ਚੜ੍ਹਦਾ ਰਿਹਾ।
-----
ਕਾਰਡ ਭੇਜਣ ਦੀ ਬੜੀ ਲਿੱਲ੍ਹ ਹੁੰਦੀ ਸੀ, ਬੜਾ ਚਾਅ। ਹਰ ਕੋਈ ਆਪਣੇ ਮੋਹ-ਮੁਹੱਬਤ ਵਾਲਿਆਂ ਵਾਸਤੇ ਉਨ੍ਹਾਂ ਦੀ ਚੋਣ ਕਰਦਿਆਂ ਵੀ ਨਿੱਘ ਮਾਣਦਾ ਅਤੇ ਭੇਜਣ ਵੇਲੇ ਚਾਅ ਮਹਿਸੂਸ ਕਰਦਾ। ਕਈ ਰੰਗਾਂ ਦੇ ਕਾਰਡ ਕਈ ਰੂਪਾਂ ’ਚ ਸ਼ਿੰਗਾਰੇ ਹੋਏ ਅਤੇ ਜਦੋਂ ਉਨ੍ਹਾਂ ਉੱਤੇ ਮੋਹ-ਭਿੱਜੀ ਇਬਾਰਤ ਲਿਖੀ ਜਾਂਦੀ ਤਾਂ ਸਨੇਹ ਜੀਊਂਦਾ ਹੋ ਜਾਂਦਾ।
-----
ਹੁਣ ਇੰਟਰਨੈੱਟ ਤੇ ਮੋਬਾਈਲ ਦਾ ਯੁੱਗ / ਵਕਤ ਆ ਗਿਆ। ਉਸ ਦੀ ਵੱਡੀ ਜਾਂ ਮਿੰਨੀ ਸਕਰੀਨ ਤੇ ਸੁਨੇਹਾ ਲਿਖੋ, ਜਿਹੋ ਜਿਹਾ ਮਰਜ਼ੀ, ਚਾਅ-ਭਰਿਆ, ਮੋਹ-ਭਰਿਆ, ਭੇਜਣ ਤੋਂ ਮਿਲਣ ਵਾਲੇ ਕੋਲ ਪਹੁੰਚਦਿਆਂ ਦੇਰ ਨਹੀਂ ਲਗਦੀ । ਏਨੀ ਗੁੰਦੀ ਹੋਈ ਸੋਹਣੀ ਤੇ ਸੰਖੇਪ ਭਾਸ਼ਾ, ਪੜ੍ਹਨ ਵਾਲੇ ਦਾ ਦਿਲ ਪਿਘਲ ਜਾਂਦਾ ਅਤੇ ਮਨ ਵਿਚ ਮੋਹ ਨ੍ਰਿਤ ਕਰਨ ਲੱਗ ਪੈਂਦਾ।
-----
ਸਮੇਂ ਨਾਲ ਨਵਾਂ ਸਾਲ ਮੁਬਾਰਕ ਕਹਿਣ ਅਤੇ ਸੰਵਾਦ ਰਚਾਈ ਰੱਖਣ ਦੇ ਤੌਰ-ਤਰੀਕੇ ਇੰਜ ਬਦਲ ਗਏ ਜਿਵੇਂ ਕਦੇ ਕਿਸੇ ਨੇ ਸੋਚਿਆ ਹੀ ਨਾ ਹੋਵੇ। ਅੱਜ ਦੇ ਸਮੇਂ ਦਾ ਮਾਨਵ ਨਵੀਂ ਤਕਨੀਕੀ ਤਰੱਕੀ ਦੇ ਅਲੌਕਿਕ ਜੌਹਰਾਂ ਦਾ ਆਨੰਦ ਮਾਣਦਾ ਹੋਇਆ ਵੀ ਜੇ ਤਣਾਅ-ਮੁਕਤ ਨਹੀਂ ਹੁੰਦਾ ਤਾਂ ਉਸ ਦੀ ਮਰਜ਼ੀ। ਉਂਜ ਤਾਂ ਲੱਗਪਗ ਹਰ ਖੇਤਰ ਵਿਚ ਹੀ ਕੁੱਝ ਨਾ ਕੁੱਝ ਨਵਾਂ ਹੋ ਰਿਹਾ ਹੈ, ਹੋਈ ਜਾ ਰਿਹਾ ਹੈ ਜਿਸ ਨੂੰ ਹੂ-ਬ-ਹੂ ਅਪਨਾਉਣ ਤੋਂ ਕਦੇ ਮੁਨਕਰ ਨਹੀਂ ਹੁੰਦਾ ਅੱਜ ਦਾ ਬੰਦਾ, ਅੱਜ ਦਾ ਮਾਨਵ।
No comments:
Post a Comment