ਲੇਖ
ਜਿੱਥੇ ਹਰ ਦਿਨ ਲੋਹੜੀ ਏ ਤੇ ਰਾਤ ਦੀਵਾਲੀ ਏ।
ਜਿੱਥੇ ਹਰ ਪਿਓ ਰੱਬ ਵਰਗਾ ਮਾਂ ਕਰਮਾਂ ਵਾਲੀ ਏ।
ਇਹ ਧਰਤ ਸੁਹਾਵੀ ਏ ਹਰ ਤਰਫ਼ ਹਰਿਆਲੀ ਏ।
ਹੈ ਪੰਜਾਬ ਦੀ ਮਿੱਟੀ ਏ ਇਹਦੀ ਸ਼ਾਨ ਨਿਰਾਲੀ ਏ।
ਪੰਜਾਬ! ਜਿਥੇ ਹਰ ਦਿਨ ਕੋਈ ਨਾ ਕੋਈ ਤਿਉਹਾਰ ਮਨਾਇਆਂ ਜਾਂਦਾ ਏ। ਪੰਜਾਬੀ ਲੋਕ ਜਿਥੇ ਆਪਣੀ ਵੱਖਰੀ ਪਹਿਚਾਣ ਰੱਖਦੇ ਨੇ, ਉਥੇ, ਇੱਥੋਂ ਦੇ ਵਿਲੱਖਣ ਤਿੱਥ-ਤਿਉਹਾਰ ਕਰਕੇ ਵੀ, ਪੰਜਾਬ ਪੂਰੀ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਰੱਖਦਾ ਹੈ।
-----
ਸਾਲ ਦੀਆਂ ਚਾਰੇ ਰੁੱਤਾਂ, ਪੱਤਝੜ, ਸਾਵਣ ਅਤੇ ਬਸੰਤ ਬਹਾਰ ਵਿੱਚ ਅਨੇਕ ਤਰ੍ਹਾਂ ਦੇ ਛੋਟੇ ਵੱਡੇ ਤਿਉਹਾਰ ਮਨਾਏ ਜਾਂਦੇ ਹਨ, ਜਿਨ੍ਹਾਂ ਵਿਚ ਇਕ ਮੁੱਖ ਤਿਉਹਾਰ ਲੋਹੜੀ ਹੈ ਜੋ ਕੇ 13 ਜਨਵਰੀ, ਪੋਹ ਮਹੀਨੇ ਦੀ ਅਖੀਰੀ ਰਾਤ ਨੂੰ ਮਨਾਇਆ ਜਾਂਦਾ ਹੈ। ਇਸ ਤੋਂ ਅਗਲੇ ਦਿਨ, ਮਾਘ ਮਹੀਨੇ ਦੀ ਸੰਗਰਾਂਦ ਨੂੰ ਮਾਘੀ ਦੇ ਤਿਉਹਾਰ ਵਜੋਂ ਵੀ ਨਾਲ ਹੀ ਮੰਨਾਇਆ ਜਾਂਦਾ ਹੈ।
-----
ਲੋਹੜੀ ਸ਼ਬਦ ਤਿਲ + ਰੋੜੀ ਸ਼ਬਦਾਂ ਨੂੰ ਜੋੜ ਕੇ ਬਣਿਆਂ ਹੈ ਸਮੇਂ ਦੇ ਨਾਲ ਇਸ ਦਾ ਰੂਪ ਤਿਲੋੜੀ ਤੇ ਫਿਰ ਲੋਹੜੀ ਹੋ ਗਿਆ। ਪੰਜਾਬ ਦੇ ਕਈ ਇਲਾਕਿਆਂ ਵਿਚ ਇਸ ਨੂੰ ''ਲੋਹੀ‘‘ ਜਾਂ ''ਲੋਈ” ਵੀ ਕਹਿੰਦੇ ਹਨ। ਇਹ ਤਿਉਹਾਰ ਕਿਸ ਤਰ੍ਹਾਂ ਸ਼ੁਰੂ ਹੋਇਆ ਇਸ ਬਾਰੇ ਕੋਈ ਪ੍ਰਤੱਖ ਸਬੂਤ ਨਹੀਂ ਮਿਲਦੇ। ਪਰ ਇਸ ਨਾਲ ਸਬੰਧਿਤ ਇਕ ਲੋਕ ਕਥਾ ਅਨੁਸਾਰ ਇਕ ਗਰੀਬ ਬ੍ਰਾਹਮਣ ਦੀਆਂ ਦੋ ਬੇਟੀਆਂ ਸੁੰਦਰੀ ਤੇ ਮੁੰਦਰੀ ਸਨ। ਉਹ ਬਹੁਤ ਹੀ 'ਸੋਹਣੀਆਂ' ਸਨ। ਜਦੋ ਸਮੇਂ ਦੇ ਹਾਕਮ ਨੂੰ ਉਹਨਾਂ ਕੁੜੀਆਂ ਬਾਰੇ ਪਤਾ ਲੱਗਾ ਤਾਂ ਉਹ ਉਹਨਾਂ ਕੁੜੀਆਂ ਨੂੰ ਜ਼ਬਰ-ਦਸਤੀ ਅਪਨਾਉਣ ਲਈ ਤਤਪਰ ਸੀ। ਬ੍ਰਾਹਮਣ ਬਹੁਤ ਹੀ ਪ੍ਰੇਸ਼ਾਨ ਸੀ। ਇਕ ਦਿਨ ਉਸ ਨੂੰ ਦੁੱਲਾ ਭੱਟੀ ਮਿਲੀਆਂ ਜੋ ਉਸ ਵਕ਼ਤ ਦਾ ਇਕ ਡਾਕੂ ਸੀ ਪਰ ਗ਼ਰੀਬਾਂ ਦਾ ਮਸੀਹਾ ਸੀ। ਉਸ ਨੇ ਬ੍ਰਾਹਮਣ ਦੀਆਂ ਕੁੜੀਆਂ ਦਾ ਵਿਆਹ ਆਪਣੀ ਦੇਖ-ਰੇਖ ਵਿਚ ਜੰਗਲ ਵਿਚ ਹੀ ਅੱਗ ਬਾਲ ਕੇ ਕਰਵਾ ਦਿੱਤਾ ਅਤੇ ਕੰਨਿਆ ਦਾਨ ਵੀ ਆਪ ਹੀ ਕੀਤਾ। ਉਸ ਸਮੇ ਉਸ ਕੋਲ ਸ਼ੱਕਰ ਸਿਵਾ ਕੁਝ ਨਹੀਂ ਸੀ ਉਸ ਨੇ ਇਹੀ ਕੁੜੀਆਂ ਦੀ ਝੋਲੀ ਵਿੱਚ ਸ਼ਗਨ ਦੇ ਤੌਰ ਤੇ ਪਾ ਦਿੱਤੀ। ਇਸ ਸਬੰਧੀ ਲੋਹੜੀ ਮੰਗਣ ਵਾਲੇ ਮੁੰਡੇ ਇਕ ਗੀਤ ਵੀ ਗਾਉਦੇ ਹਨ :-
ਸੁੰਦਰ ਮੁੰਦਰੀਏ ਹੋ।
ਤੇਰਾ ਕੋਣ ਵਿਚਾਰਾ ਹੋ।
ਦੁੱਲਾ ਭੱਟੀ ਵਾਲਾ ਹੋ।
ਦੁੱਲੇ ਧੀ ਵਿਆਹੀ ਹੋ।
ਸ਼ੇਰ ਸ਼ੱਕਰ ਪਾਈ ਹੋ।
-----
ਇਸ ਤਿਉਹਾਰ ਦਾ ਸਬੰਧ ਫ਼ਸਲ ਨਾਲ ਵੀ ਹੈ। ਇਸ ਸਮੇਂ ਕਣਕ, ਤੋਰੀਆ, ਸਰੋਂ ਵਗੈਰਾ ਫ਼ਸਲਾਂ ਆਪਣੇ ਜੋਬਨ ‘ਤੇ ਹੁੰਦੀਆਂ ਨੇ। ਕਿਸਾਨਾਂ ਦੀਆਂ ਪੈਲੀਆਂ ਵਿਚ ਕਣਕ, ਛੋਲੇ, ਸਰ੍ਹੋਂ ਆਦਿ ਫਸਲਾਂ ਲਹਿਲਹਾ ਰਹੀਆਂ ਹੁੰਦੀਆਂ ਹਨ। ਲੋਹੜੀ ਵਾਲੇ ਦਿਨ ਤੋਂ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਲੋਹੜੀ ਦਾ ਸਬੰਧ ਨਵ-ਜੰਮੇ ਬੱਚਿਆਂ ਨਾਲ ਖ਼ਾਸਾ ਜ਼ਿਆਦਾ ਹੈ। ਪੁਰਾਤਨ ਸਮੇਂ ਤੋਂ ਹੀ ਜਿਸ ਘਰ ਲੜਕੇ ਨੇ ਜਨਮ ਲਿਆਂ ਹੋਵੇ ਉਸ ਘਰ ਵਿਚ ਲੋਹੜੀ ਵੰਡੀ ਜਾਂਦੀ ਰਹੀ ਹੈ। ਨਵੇਂ ਵਿਆਹ ਵਾਲੇ ਘਰ ਵੀ ਲੋਹੜੀ ਵੰਡੀ ਜਾਂਦੀ ਹੈ। ਪੂਰੇ ਪਿੰਡ ਵਿਚ ਜਵਾਰ/ਮੱਕੀ ਦੇ ਫੁੱਲੇ ਭੁਨਾ ਕੇ ਅਤੇ ਗੁੜ ਮਿਲਾ ਕੇ ਵੰਡੇ ਜਾਂਦੇ ਹਨ। ਕਈ ਵਾਰੀ ਪਤਾਸੇ ਤੇ ਮੂੰਗਫਲੀ ਵੀ ਵੰਡੀ ਜਾਂਦੀ ਹੈ। ਪਿੰਡਾਂ ਵਿਚ ਮੁੰਡੇ ਕੁੜੀਆਂ ਆਪੋ ਆਪਣੇ ਹਾਣ ਨਾਲ ਟੋਲੀਆਂ ਬਣਾ ਕੇ ਘਰ-ਘਰ ਜਾ ਕੇ ਗੀਤ ਗਾਉਂਦੇ ਤੇ ਇੰਝ ਲੋਹੜੀ ਮੰਗਦੇ ਹਨ :-
ਆਖੋ ਮੁੰਡਿਉ ਵੰਝਲੀ
ਵੰਝਲੀ ਵਾਲੇ ਆਏ ਨੇ।
ਜਾਂ
ਲੋਹੜੀ ਬਈ ਲੋਹੜੀ
ਦੇ ਮਾਈ ਲੋਹੜੀ
ਤੇਰੀ ਜੀਵੇ ਜੋੜੀ।
-----
ਕੁੜੀਆਂ ਮੁੰਡੇ ਇਸੇ ਤਰ੍ਹਾਂ ਟੋਲੀਆਂ ਬਣਾ ਕੇ ਗੀਤ ਗਾਉਂਦੇ ਸ਼ਾਮ ਤੱਕ ਇੱਕ ਘਰ ਤੋਂ ਦੂਜੇ ਘਰ ਲੋਹੜੀ ਮੰਗਦੇ ਹਨ। ਕੋਈ ਉਹਨਾਂ ਨੂੰ ਦਾਣੇ ਪਾਉਂਦਾ, ਕੋਈ ਗੁੜ ਦੀ ਰੋੜੀ ਤੇ ਕੋਈ ਤਿਲ। ਕਈ ਵਾਰੀ ਪੈਸੇ ਵੀ ਮਿਲ ਜਾਂਦੇ।
ਅੱਜ ਕੱਲ ਭਰੂਨ ਹੱਤਿਆ ਦੇ ਰੁਝਾਨ ਨੂੰ ਰੋਕਣ ਲਈ ਕੁਝ ਸੂਝਵਾਨ ਲੋਕ ਲੜਕੀਆਂ ਪ੍ਰਤੀ ਆਪਣੀ ਸੁਚੱਜੀ ਸੋਚ ਦਾ ਪ੍ਰਦਰਸ਼ਨ ਕਰਦੇ ਹੋਏ ਕੁੜੀਆਂ ਦੀ ਲੋਹੜੀ ਵੀ ਮਨਾਉਣ ਲੱਗ ਪਏ ਹਨ ਜਿਸ ਨਾਲ ਲੜਕੇ ਲੜਕੀ ਵਿਚਲਾ ਫ਼ਰਕ ਘਟ ਰਿਹਾ ਹੈ। ਪਰ ਫਿਰ ਵੀ ਹਾਲੇ ਭਰੂਨ ਹੱਤਿਆ ਦੇ ਜ਼ਿੰਮੇਵਾਰ ਲੋਕਾਂ ਨੂੰ ਨਕੇਲ਼ ਨਹੀਂ ਪਾਈ ਜਾ ਸਕੀ।
-----
ਲੋਹੜੀ ਵਾਲੀ ਰਾਤ ਲੋਕ ਘਰਾਂ ਵਿਚ ਜਾਂ ਇਕ ਮੁਹੱਲੇ ਵਿਚ ਸਾਂਝੇ ਤੋਰ ਤੇ ਕਿਸੇ ਚੋਂਕ ਵਿਚ ਲੱਕੜਾਂ ਜਾਂ ਪਾਥੀਆਂ ਨੂੰ ਅੱਗ ਲਗਾ ਕੇ 'ਭੁੱਗਾ' ਸੇਕਦੇ ਅਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ। ਭੁੱਗੇ ਵਿਚ ਤਿਲ, ਰਿਉੜੀਆਂ ਫੁੱਲੇ, ਤੇ ਚਿੜਵੜੇ ਆਦਿ ਸਾੜੇ ਜਾਂਦੇ । ਇਸ ਰਾਤ ਗੰਨੇ ਦੇ ਰਸ ਨੂੰ ਖ਼ਾਸ ਅਹਿਮੀਅਤ ਦਿੱਤੀ ਜਾਂਦੀ ਹੈ। ਰਾਤ ਨੂੰ ਲੋਗ ਰਓ (ਗੰਨੇ ਦਾ ਰਸ) ਦੀ ਖੀਰ ਬਣਾਉਂਦੇ ਹਨ ਅਤੇ ਅਗਲੇ ਦਿਨ ਮਾਘੀ ਤੇ ਖਾਂਦੇ ਹਨ ਇਸ ਸਬੰਧੀ ਇੱਕ ਅਖਾਣ ਵੀ ਹੈ ਕਿ 'ਪੋਹ ਰਿੱਧੀ ਤੇ ਮਾਘ ਖਾਧੀ।' ਮਤਲਬ ਕਿ ਪੋਹ ਮਹੀਨੇ ਵਿੱਚ ਬਣਾਈ ਗਈ ਅਤੇ ਮਾਘ ਮਹੀਨੇ ਵਿੱਚ ਖਾਧੀ ਗਈ । ਸ਼ਹਿਰਾਂ ਅਤੇ ਕਸਬਿਆਂ ਵਿੱਚ ਲੋਕ ਇਸ ਦਿਨ ਪਤੰਗਬਾਜੀ ਵੀ ਬੜੀ ਹੀ ਸ਼ਿੱਦਤ ਨਾਲ ਕਰਦੇ ਨੇ। ਸਾਰਾ ਦਿਨ ਕੋਠਿਆਂ ਤੇ ਚੜ੍ਹ ਗੁੱਡੀਆਂ ਉਡਾਉਂਦੇ, ਭੰਗੜੇ ਪਾਉਂਦੇ ਤੇ ਖ਼ੁਸ਼ੀਆਂ ਮਨਾਉਂਦੇ ਵੇਖੇ ਜਾ ਸਕਦੇ ਨੇ।
-----
ਸਮੇਂ ਦੇ ਬਦਲਦੇ ਢੰਗਾਂ ਨਾਲ ਜਿਥੇ ਕਈ ਪੁਰਾਤਨ ਰਸਮਾਂ ਅਤੇ ਤਿਉਹਾਰਾਂ ਦਾ ਆਧੁਨਿਕੀਕਰਨ ਹੋ ਗਿਆ ਹੈ ਉਥੇ ਲੋਹੜੀ ਦੇ ਤਿਉਹਾਰ ਤੇ ਵੀ ਇਸ ਦਾ ਖ਼ਾਸਾ ਪ੍ਰਭਾਵ ਪਿਆ ਹੈ। ਹੁਣ ਪਿੰਡਾਂ ਵਿੱਚ ਗੱਭਰੂ ਤੇ ਮੁਟਿਆਰਾਂ ਟੋਲੀਆਂ ਬਣਾ ਕਿ ਲੋਹੜੀ ਮੰਗਦੇ ਘੱਟ ਹੀ ਮਿਲਦੇ ਹਨ ਅਤੇ ਲੋਹੜੀ ਨਾਲ ਸਬੰਧਿਤ ਗੀਤ ਵੀ ਅੱਜ ਕੱਲ੍ਹ ਲੋਕਾਂ ਨੂੰ ਘੱਟ ਹੀ ਆਉਂਦੇ ਨੇ। ਸਗੋ ਇਥਂ ਤੱਕ ਕਿ ਬਹੁਤਿਆਂ ਨੂੰ ਤਾਂ ਇਸ ਤਿਉਹਾਰ ਦੇ ਇਤਿਹਾਸ ਬਾਰੇ ਵੀ ਪਤਾ ਨਹੀਂ ਹੋਣਾ।
-----
ਭਾਵੇਂ ਕੁਝ ਵੀ ਹੋਵੇ ਇਹ ਤਿਉਹਾਰ ਨਿੱਘ ਤੇ ਮੋਹ ਭਰਿਆ ਹੈ। ਇਸ ਤਿਉਹਾਰ ਤੇ ਲੋਕ ਆਪਣੇ ਪਰਿਵਾਰ ਵਿੱਚ ਬੈਠ ਕੇ ਕੁਝ ਵਕ਼ਤ ਇਕੱਠਿਆਂ ਹਾਸਾ-ਠੱਠਾ ਕਰਦਿਆਂ, ਨੱਚਦਿਆਂ, ਝੂੰਮਦਿਆਂ ਗੁਜ਼ਾਰਦੇ ਨੇ। ਸ਼ਾਲਾ! ਇਹ ਲੋਹੜੀ ਹਰੇਕ ਇਨਸਾਨ ਲਈ ਉਸਦੇ ਸੱਜਣਾਂ ਦੀ ਪਹਿਲੀ ਮੁਲਾਕਾਤ ਵਾਂਗੂ ਬਣ ਕੇ ਆਵੇ ਤੇ ਸਾਰਿਆਂ ਦੇ ਸੱਜਣ ਮਿੱਤਰ ਰਿਸ਼ਤੇਦਾਰ ਖ਼ੁਸ਼ ਰਹਿਣ ਤੇ ਕਿਸੇ ਨੂੰ ਇਹ ਨਾ ਕਹਿਣਾ ਪਵੇ:-
ਲੋਹੜੀ ਵਾਲੀ ਰਾਤ ਲੋਕੀਂ ਵੰਡਦੇ ਰਿਉੜੀਆਂ
ਸਾਡੀ ਕਾਹਦੀ ਲੋਹੜੀ ਅੱਖਾਂ ਸੱਜਣਾਂ ਨੇ ਮੋੜੀਆਂ।
No comments:
Post a Comment