ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, January 17, 2010

ਗੁਰਨਾਮ ਗਿੱਲ - ਰੱਬ ਵਰਗਾ ਦੋਸਤ – ਯਾਦਾਂ – ਭਾਗ ਦੂਜਾ

ਰੱਬ ਵਰਗਾ ਦੋਸਤ

ਲੇਖ / ਯਾਦਾਂ

ਭਾਗ ਦੂਜਾ

(ਲੜੀ ਜੋੜਨ ਲਈ ਪਹਿਲਾ ਭਾਗ ਉੱਪਰਲੀ ਪੋਸਟ ਜ਼ਰੂਰ ਪੜ੍ਹੋ ਜੀ)

ਸੋਹਣ ਸਿੰਘ ਉਸ ਵੇਲੇ ਫੋਰਡ ਮੋਟਰ ਕੰਪਨੀ ਵਿੱਚ ਰਾਤਾਂ ਤੇ ਕੰਮ ਕਰਦਾ ਸੀਜਦੋਂ ਉਹ ਚਲਾ ਗਿਆ ਤਾਂ ਮੈਂ ਹੈਰਾਨੀ ਨਾਲ਼ ਆਪਣੇ ਦੋਸਤ ਜੀਤ ਲਾਲੀ ਨੂੰ ਦੱਸਿਆ ਕਿ ਬਿਨਾ ਕਿਸੇ ਲਿਖਤ ਦੇ ਇਹ ਬੰਦਾ ਮੈਨੂੰ ਪੈਸੇ ਦੇ ਰਿਹਾ ਹੈਕੱਲ੍ਹ ਨੂੰ ਜੇ ਭਲਾ ਕੋਈ ਮੁੱਕਰ ਜਾਵੇ ਤਾਂ ਇਹ ਉਸ ਦੀ ਕੀ ਪੂਛ ਫੜ ਲਊ!

ਬੀਅਰ ਦਾ ਅੱਧਾ ਗਲਾਸ ਪੀ ਕੇ, ਉਹ ਡੂੰਘਾ ਜਿਹਾ ਸਾਹ ਭਰ ਕੇ ਬੋਲਿਆ, “ਪੂਛ ਫੜਨ ਤੱਕ ਗੱਲ ਹੀ ਨਹੀਂ ਜਾਣੀ, ਹੋਰ ਕਿਸੇ ਨੂੰ ਉਹ ਦੇ ਨਹੀਂ ਸਕਦਾਤੇਰੇ ਤੇ ਉਸ ਨੂੰ ਰੱਬ ਵਰਗਾ ਭਰੋਸਾ ਹੈਇਹ ਨਾ ਸਮਝ ਕਿ ਇਹ ਪੈਸੇ ਉਸ ਨੇ ਤੈਨੂੰ ਦੇਣੇ ਹਨ, ਸਗੋਂ ਤੇਰੇ ਮਨ ਅੰਦਰ ਵਸਦੇ ਇਨਸਾਨ ਦੀ ਪਛਾਣ ਕਰ ਕੇ ਉਸ ਨੂੰ ਦੇ ਰਿਹੈ।

ਸੋਚਦਾ ਹਾਂ ਕਿ ਅੱਜ ਉਹੀ ਘਰ ਚਾਰ ਲੱਖ ਦਾ ਹੈਤੇ ਸਮਝੋ ਅੱਜ ਦਾ ਇੱਕ ਲੱਖ ਪੌੰਡ, ਜਿਹੜਾ ਉਹ ਬਿਨਾ ਕਿਸੇ ਲਿਖਤ-ਪੜ੍ਹਤ ਦੇ ਮੈਨੂੰ ਦੇ ਰਿਹਾ ਸੀਅਜੋਕੇ ਦੌਰ ਵਿੱਚ ਤਾਂ ਕੋਈ ਆਪਣੇ ਸਕੇ ਭਰਾ ਨੂੰ ਵੀ ਏਦਾਂ ਪੰਜ-ਸੱਤ ਹਜ਼ਾਰ ਦੇਣ ਲਈ ਤਿਆਰ ਨਹੀਂ ਹੋ ਸਕਦਾ!

-----

ਮੇਰਾ ਸਾਰਾ ਘਰ ਉਸਨੇ ਹੀ ਮੁਰੰਮਤ ਅਤੇ ਡੈਕੋਰੇਟ ਕੀਤਾ ਸੀਉਸਦੇ ਨਾਲ਼ ਇੱਕ ਉਸ ਦਾ ਰਿਸ਼ਤੇਦਾਰ ਹੁੰਦਾ ਸੀ ਜੋ ਮੇਰੇ ਲਈ ਦੋਸਤਾਂ ਵਰਗਾ ਹੀ ਸੀ ਉਸ ਨੂੰ ਹੀ ਮੈਂ ਆਪਣਾ ਪਹਿਲਾ ਘਰ ਵੇਚਿਆ ਸੀ, ਜਿੰਨੇ ਦਾ ਮੈਂ ਲਿਆ ਸੀ ਬਿਲਕੁਲ ਉਸੇ ਕੀਮਤ ਉੱਤੇਇੱਕ ਦਿਨ ਅਸੀਂ ਸ਼ਾਮ ਨੂੰ ਘਰ ਬੈਠੇ ਬੀਅਰ-ਬੱਤਾ ਪੀਣ ਦੀ ਤਿਆਰੀ ਵਿੱਚ ਸਾਂ ਕਿ ਅਚਾਨਕ ਦਰਵਾਜੇ ਤੇ ਦਸਤਕ ਹੋਈਇਨਸ਼ੋਰੈਂਸ ਕਰਨ ਵਾਲ਼ਾ ਇਕ ਏਜੰਟ ਸਾਨੂੰ ਪੈਨਸ਼ਨ ਦੀ ਪਾਲਿਸੀ ਸਮਝਾਉਣ ਲੱਗਾ, ਵੇਖੋ ਸੱਠ ਸਾਲ ਦੀ ਉਮਰ ਬਾਦ ਤੁਹਾਡੀ ਪੈਨਸ਼ਨ ਇਤਨੀ ਵਧ ਜਾਣੀ ਹੈ!

.........

ਮੈਂ ਸੋਹਣ ਨੂੰ ਸੈਨਤ ਮਾਰੀ ਕਿ ਇਸ ਨੂੰ ਟਰਕਾ ਦੇਣਾ ਹੀ ਚੰਗਾ ਹੈ, ਐਵੇਂ ਟਾਈਮ ਵੇਸਟ ਹੋ ਰਿਹੈਸੋਹਣ ਉਸ ਨੂੰ ਕਹਿਣ ਲੱਗਾ, “ਜੇ ਅਸੀਂ ਇਸੇ ਤਰ੍ਹਾਂ ਪੀਂਦੇ ਰਹੇ ਤਾਂ ਸੱਠ ਸਾਲ ਤੱਕ ਅਸੀਂ ਤਾਂ ਹੋਣਾ ਨਹੀਂ, ਫਿਰ ਇਹ ਪੈਨਸ਼ਨ ਪਾਲਿਸੀ ਲੈਣ ਦਾ ਸਾਨੂੰ ਕੀ ਫਾਇਦਾ?” ਬੰਦਾ ਸਮਝਦਾਰ ਸੀ, ਉਹ ਬਿਨਾਂ ਕੁੱਝ ਕਹੇ ਇੱਕ ਭਾਰਾ ਜਿਹਾ ਪੈਗ ਪੀ ਕੇ ਚਲਾ ਗਿਆ

..........

ਦੋ ਕੁ ਲੰਡੂ ਜਿਹੇ ਪੈਗ ਲਾਉਣ ਬਾਦ, ਸੋਹਣ ਆਪਣਾ ਗਲਾਸ ਅੱਗੇ ਕਰਦਾ ਹੋਇਆ ਬੋਲਿਆ, ਪਾ ਯਾਰ ਫਿਰ ਘੁੱਟ, ਕੱਲ੍ਹ ਦੀ ਛੁੱਟੀ ਆ ਕਿਹੜਾ ਸਵੇਰੇ ਵੇਲੇ ਸਿਰ ਉੱਠਣਾਏਨੇ ਨੂੰ ਪ੍ਰੀਤਮ ਅਤੇ ਜੀਤ ਲਾਲੀ ਵੀ ਆ ਗਏਭਾਰਤ ਵਿੱਚ ਬਿਤਾਏ ਦਿਨਾਂ ਦੀਆਂ ਗੱਲਾਂ ਚਲ ਪਈਆਂ; ਸੰਯੁਕਤ ਪਰਿਵਾਰਾਂ ਅਤੇ ਘਰੇਲੂ ਤੰਗੀਆਂ-ਤੁਰਸ਼ੀਆਂ ਦੀਆਂ, ਕਿਸਾਨੀ ਜ਼ਿੰਦਗੀ ਦੀਆਂਯਾਦ ਨਹੀਂ ਕਿਹੜੀ ਗੱਲ ਤੋਂ ਸੋਹਣ ਨੇ ਆਪਣਾ ਗਲਾਸ ਇੱਕ ਦਮ ਖ਼ਾਲੀ ਕਰਦਿਆਂ ਕਿਹਾ, ਯਾਰ ਕੀ ਗੱਲ ਕਰਦੇ ਹੋ? ਦੁਸ਼ਮਣ ਸਾਰੇ ਕਿਤੇ ਬਾਹਰ ਹੀ ਤਾਂ ਨਹੀਂ ਹੁੰਦੇ, ਘਰਾਂ ਵਿੱਚ ਵੀ ਹੁੰਦੇ ਆ

.............

ਚੁੱਪ-ਚਾਪ ਉਹ ਕੁੱਝ ਕੁ ਪਲਾਂ ਲਈ ਮੇਜ਼ ਵੱਲ ਵੇਖਦਾ ਰਿਹਾ ਜਿਵੇਂ ਉਸਦੀਆਂ ਅੱਖਾਂ ਨਮ ਹੋ ਗਈਆਂ ਹੋਣ! ਪ੍ਰੀਤਮ ਮੇਰੇ ਕੰਨ ਕੋਲ਼ ਮੂੰਹ ਕਰਕੇ ਕਹਿਣ ਲੱਗਾ, ਮੈਨੂੰ ਲਗੱਦੈ ਇਸ ਨੂੰ ਆਪਣੇ ਬਾਪ ਦਾ ਚੇਤਾ ਆ ਗਿਆ

...........

ਫਿਰ ਉਸ ਨੇ ਜੀਤ ਨੂੰ ਮੁਖ਼ਾਤਿਬ ਹੋ ਕੇ ਆਖਿਆ,” ਗੁਰਨਾਮ ਤੋਂ ਉਸਦੀ ਉਹ ਗ਼ਜ਼ਲ ਸੁਣਦੇ ਆਂ ਜਿਸਦਾ ਇੱਕ ਸ਼ਿਅਰ ਹੈ,

ਮਾਤ-ਭੂਮੀ ਸਮਝ ਕੇ ਲੱਖ ਵਾਰ ਮੱਥਾ ਟੇਕ ਤੂੰ, ਪਰ ਨਾ ਭੁੱਲੀਂ ਏਸ ਮਿੱਟੀ ਵਿੱਚ ਵੀ ਨੇ ਵਰਮੀਆਂ!

-----

ਮੈਂ ਪੁਰਾਣੀ ਕਾਰ ਪਾਰਟ ਐਕਸਚੇਂਜ ਵਿੱਚ ਦੇ ਕੇ ਨਵੀਂ ਲੈਣ ਲੱਗਾ ਤਾਂ ਉਹ ਕਹਿਣ ਲੱਗਾ-ਇਸ ਪੁਰਾਣੀ ਕਾਰ ਦਾ ਕੁੱਝ ਨਹੀਂ ਮਿਲਣਾ; ਇਹ ਮੈਨੂੰ ਦੇ ਦੇ ਤੇ ਤੂੰ ਨਵੀਂ ਲੈ ਲਾ

.............

ਪਰ ਤੂੰ ਇਹ ਕਿਉਂ ਚਲਾਏਂਗਾ? ਕੋਈ ਚੱਜ ਦੀ ਲੈ ਨਾ ਮੈਂ ਤੈਨੂੰ ਵਧੀਆ ਕਾਰ ਚ ਬੈਠਾ ਦੇਖਣਾ ਚਾਹੁੰਦਾ ਹਾਂਅਸੀਂ ਆਪਣੇ ਨਵੇਂ ਘਰ ਵਿੱਚ ਬੜੇ ਉਤਸ਼ਾਹ ਨਾਲ਼ ਰਹਿਣ ਲੱਗ ਪਏ ਸਾਂਕੁੱਝ ਦੇਰ ਬਾਦ ਪਤਾ ਲੱਗਾ ਕਿ ਉਸਦਾ ਐਕਸੀਡੈਂਟ ਹੋ ਗਿਆ ਹੈਫੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਸਾਈਕਲ ਉੱਪਰ ਕੰਮ ਤੇ ਜਾ ਰਿਹਾ ਸੀ ਕਿ ਪਿੱਛੋਂ ਵੈਨ ਲੱਗੀ; ਬੱਸ ਥਾਂ ਹੀ ਮੌਤ ਹੋ ਗਈ

ਮੇਰੇ ਤੇ ਮੇਰੀ ਪਤਨੀ ਲਈ ਇਹ ਅਸਹਿ ਸਦਮਾ ਸੀਮੇਰੇ ਬੱਚਿਆਂ ਨੇ ਵੀ ਬਹੁਤ ਦੁੱਖ ਮਹਿਸੂਸ ਕੀਤਾ ਸੀਦੇਸ-ਪਰਦੇਸ ਦੇ ਸੰਪਾਦਕ ਤਰਸੇਮ ਸਿੰਘ ਪੁਰੇਵਾਲ ਨੇ ਮੇਰੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਸੀ-ਮੈਂ ਸਮਝਦਾਂ ਤੇਰੇ ਦਿਲ ਤੇ ਜੋ ਗੁਜ਼ਰ ਰਹੀ ਹੈਜਿਸ ਦਿਨ ਤੁਸੀਂ ਦੋਵੇਂ ਮੇਰੇ ਘਰ ਆਏ ਸੀ, ਤੂੰ ਹੀ ਤਾਂ ਕਿਹਾ ਸੀ ਕਿ ਜ਼ਿੰਦਗੀ ਵਿੱਚ ਇੱਕ ਵੇਲੇ ਕੇਵਲ ਇੱਕੋ ਹੀ ਦੋਸਤ ਹੋ ਸਕਦਾ ਹੈਜਿਸਦੇ ਪੰਜ-ਸੱਤ ਦੋਸਤ ਆ, ਸਮਝੋ ਉਸਦਾ ਕੋਈ ਵੀ ਨਹੀਂ, ਹਾਂ ਉਹਨਾਂ ਨੂੰ ਵਾਕਿਫ਼ਕਾਰ ਆਖਿਆ ਜਾ ਸਕਦਾ ਹੈਉਸ ਨੇ ਮੇਰੇ ਕਹੇ ਹੋਏ ਲਫ਼ਜ਼ ਹੌਲ਼ੀ-ਹੌਲੀ ਦੁਹਰਾਉਂਦਿਆਂ ਮੇਰਾ ਹੱਥ ਘੁੱਟਿਆ, ਇੱਕ ਧੀਰਜ ਦਾ ਅਹਿਸਾਸ ਦੁਆਉਣ ਖਾਤਰ!

-----

ਸੋਚਦਾ ਹਾਂ ਕਿ ਬੀਤ ਚੁੱਕੇ ਨੂੰ ਭੁੱਲ ਜਾਣਾ ਹੀ ਅੱਛਾ ਹੈਅਤੀਤ ਦੀਆਂ ਕਬਰਾਂ ਪੁੱਟ ਕੇ ਕੀ ਲੈਣਾ? ਵਰਤਮਾਨ ਪਿਆਰ ਨਾਲ਼ ਗੁਜ਼ਾਰੋ, ਲੋੜਵੰਦਾਂ ਦੇ ਕੰਮ ਆਵੋ ਅਤੇ ਭਵਿੱਖ ਦਾ ਬੇਲੋੜਾ ਫ਼ਿਕਰ ਨਾ ਕਰੋ!

ਪਰ ਇਉਂ ਸੋਚਣਾ ਹੀ ਸੌਖਾ ਹੈ, ਅਤੀਤ ਨੂੰ ਭੁੱਲਣਾ ਬਹੁਤ ਔਖਾ ਹੈ ਕਿਉਂਕਿ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੈ, ਸਰੀਰਕ ਅੰਗ ਵਾਂਗੂ! ਅੰਗ ਕਦੇ ਕੱਟਿਆ ਨਹੀਂ ਜਾ ਸਕਦਾਬਚਪਨ ਅਤੇ ਜਵਾਨੀ ਦੀਆਂ ਯਾਦਾਂ ਨਾਲ਼ ਕਈ ਨਾਂ ਅਤੇ ਥਾਂ ਇਉਂ ਜੁੜੇ ਹੋਏ ਹਨ ਜੋ ਵਿਸਾਰੇ ਨਹੀਂ ਜਾ ਸਕਦੇਕੁੱਝ ਬੇਨਾਮ ਰਿਸ਼ਤੇ ਚਾਹੁੰਦੇ ਹੋਏ ਵੀ ਯਾਦਾਂ ਦੀ ਸਲੇਟ ਉੱਤੋਂ ਮਿਟਾਏ ਨਹੀਂ ਜਾ ਸਕਦੇਇਹ ਜ਼ਿੰਦਗੀ ਦੇ ਇਤਹਾਸ ਅਤੇ ਵਿਰਸੇ ਵਾਂਗ ਹੁੰਦੇ ਹਨਇਹ ਸ਼ਬਦ ਜੋ ਮੈਂ ਲਿਖ ਰਿਹਾ ਹਾਂ, ਇੱਕ ਸਵੈ-ਜੀਵਨੀ ਵਾਂਗ, ਮੇਰੀ ਜ਼ਿੰਦਗੀ ਦੇ ਇਤਿਹਾਸ ਦਾ ਹੀ ਅੰਗ ਨੇ

-----

ਬਦਲਾਵ ਇੱਕ ਕੁਦਰਤੀ ਅਸੂਲ ਹੈ, ਇਸ ਸੰਕਲਪ ਨੂੰ ਹਿਰਦੇ ਵਿੱਚ ਵਸਾ ਕੇ ਹੀ ਮੈਂ ਜ਼ਿੰਦਗੀ ਦਾ ਸਫ਼ਰ ਕਰਦਾ ਆਇਆ ਹਾਂਕਿਹਾ ਜਾਂਦਾ ਹੈ ਕਿ ਕੁਦਰਤ ਇੱਕ ਰੱਬੀ ਸ਼ਕਤੀ ਦੇ ਅਧੀਨ ਚਲ ਰਹੀ ਹੈਇਸ ਸੱਚ ਤੋਂ ਮੈਂ ਵੀ ਮੁਨਕਰ ਨਹੀਂ ਹਾਂਰਾਜ-ਯੋਗ ਵਰਗੇ ਅਭਿਆਸ ਨਾਲ ਸਮਾਧੀ ਦੇ ਮਾਧਿਅਮ ਰਾਹੀਂ, ਮੈਂ ਵੀ ਕਈ ਵਾਰ ਇਸ ਰੱਬੀ ਸ਼ਕਤੀ ਨਾਲ਼ ਇੱਕ ਸੁਰ ਹੋ ਕੇ, ਸ਼ਾਂਤੀ ਅਤੇ ਆਨੰਦ ਦੇ ਅਹਿਸਾਸ ਦਾ ਅਨੁਭਵ ਕੀਤਾ ਹੈਪ੍ਰੀਵਰਤਨ ਵਿੱਚ ਧਾਲੀਵਾਲ ਦਾ ਅਟੁੱਟ ਵਿਸ਼ਵਾਸ ਸੀਉਹ ਨਿਰੇ ਪਾਠ-ਪੂਜਾ ਅਤੇ ਮੱਥੇ ਟੇਕੀ ਜਾਣ ਦੇ ਕਰਮ-ਕਾਂਡਾ ਨਾਲੋਂ ਸੱਚ ਅਤੇ ਦਯਾ ਨੂੰ ਵਧੇਰੇ ਮਹੱਤਵ ਦਿੰਦਾ ਸੀਕਈ ਲੋਕ ਉਸ ਨੂੰ ਕਾਮਰੇਡ ਸਮਝਕੇ ਨਾਸਤਿਕ ਸਮਝਦੇ ਸਨ ਪਰ ਅਸਲ ਵਿੱਚ ਉਹ ਆਸਤਿਕ ਇਨਸਾਨ ਸੀਉਹ ਕਹਿੰਦਾ ਹੁੰਦਾ ਸੀ ਕਿ ਜਿਹੜਾ ਬੰਦਾ ਅੰਦਰੋਂ ਸੱਚਾ ਨਹੀਂ, ਸਿਰਫ਼ ਬਾਹਰੋ ਹੀ ਸੱਚੇ ਹੋਣ ਦਾ ਡਰਾਮਾ ਕਰਦਾ ਹੈ, ਉਹ ਕਿਸੇ ਨੂੰ ਨਹੀਂ ਸਗੋਂ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੁੰਦਾ ਹੈਇਸ ਤਰ੍ਹਾਂ ਦੇ ਬੰਦੇ ਨੂੰ ਕਦੇ ਵੀ ਜ਼ਿੰਦਗੀ ਵਿੱਚ ਰੂਹਾਨੀ ਸੁਖ ਅਤੇ ਸ਼ਾਂਤੀ ਨਸੀਬ ਨਹੀਂ ਹੋ ਸਕਦੇਖ਼ਾਸ ਕਰਕੇ ਜੀਵਨ ਦੇ ਚੌਥੇ ਪੜਾਅ ਵਿੱਚ! ਸਾਡੇ ਬਹੁਤ ਸਾਰੇ ਅਜਿਹੇ ਜੀਵਨ ਫਲਸਫੇ ਇੱਕ ਦੂਜੇ ਨਾਲ਼ ਰਲ਼ਦੇ ਮਿਲਦੇ ਸਨਵਿਚਾਰਾਂ ਦੀ ਸਾਂਝ ਹੀ ਸਾਡੀ ਦੋਸਤੀ ਦਾ ਰਾਜ਼ ਸੀ

ਕਈ ਵਾਰ ਮੇਰੀ ਪਤਨੀ ਆਖਦੀ ਹੈ-ਜੇ ਤੁਸੀਂ ਸੋਹਣ ਭਾਜੀ ਨੂੰ ਕਾਰ ਦੇ ਦਿੰਦੇ ਤਾਂ ਖ਼ਬਰੇ ਉਹ ਨਾ ਹੀ ਮਰਦਾਮਸਾਂ ਤਿੰਨ ਸੌ ਪੌਂਡ ਦੀ ਕਾਰ ਹੋਵੇਗੀ!ਇੱਕ ਪਛਤਾਵਾ ਜਿਹਾ ਉਸ ਦੇ ਮਨ ਵਿੱਚ ਵੀ ਰੀਂਘ ਰਿਹਾ ਜਾਪਦਾ ਹੈ

-----

ਸੇਵਾ-ਮੁਕਤ ਜੀਵਨ ਕਰਕੇ ਮੈਂ ਅਕਸਰ ਰਾਤ ਦੇ ਨੌਂ ਵਜੇ ਸੌਂ ਜਾਂਦਾ ਹਾਂ ਤੇ ਸਵੇਰੇ ਤਿੰਨ-ਚਾਰ ਵਜੇ ਜਾਗ ਪੈਂਦਾ ਹਾਂਸਰਦੀ ਦੀ ਰੁੱਤੇ ਛੇ ਵਜੇ ਤੱਕ ਵੀ ਬਿਸਤਰੇ ਵਿੱਚ ਪਿਆ ਰਹਿੰਦਾ ਹਾਂ ਪਰ ਗਰਮੀਆਂ ਦੀ ਰੁੱਤੇ ਪੰਜ ਵਜੇ ਉੱਠ ਖੜ੍ਹਦਾ ਹਾਂਇਹੋ ਸਮਾਂ ਵਧੇਰੇ ਕਰਕੇ ਮੇਰੇ ਸੋਚਣ ਦਾ ਹੁੰਦਾ ਹੈਸੋਚਦਾ ਹਾਂ ਕਿ ਪਰਸੋਂ ਨੂੰ ਇੰਗਲੈਂਡ ਤੋਂ ਮੇਰਾ ਬੇਟਾ ਤੇ ਵੱਡੀ ਪੋਤੀ ਵੀ ਪੰਜਾਬ ਆ ਜਾਣਗੇ ਜਿਹਨਾਂ ਦੀ ਹੋਂਦ ਨਾਲ਼ ਘਰ ਵਿੱਚ ਰੌਣਕ ਵਧ ਜਾਵੇਗੀਇਕੱਲਤਾ ਦਾ ਅਹਿਸਾਸ ਘਟ ਜਾਵੇਗਾ

------

ਅਚਾਨਕ ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੇ ਇੰਗਲੈਂਡ ਵਾਲੇ ਘਰ ਵਿੱਚ ਹੀ ਕਿਧਰੇ ਮੇਰਾ ਘਰ ਗੁਆਚ ਗਿਆ ਹੋਵੇ! ਭਾਰਤ ਅਤੇ ਇੰਗਲੈਂਡ ਦੇ ਕੁੱਝ ਬਿਰਧ-ਘਰਾਂ ਤੇ ਡੇਅ ਸੈਂਟਰਾਂ ਵਿੱਚ ਬੈਠੇ ਕਈ ਬੰਦਿਆਂ ਨਾਲ਼ ਵਿਚਾਰ ਸਾਂਝੇ ਕਰਦਿਆਂ ਇਉਂ ਜਾਪਦਾ ਹੈ ਜਿਵੇਂ ਉਹ ਇਕੱਲਤਾ ਅਤੇ ਬੇਲੋੜੇਪਨ ਦਾ ਸ਼ਿਕਾਰ ਹੋਣ! ਇਹਨਾਂ ਵਿੱਚ ਵਧੇਰੇ ਉਹ ਲੋਕ ਹਨ ਜਿਹਨਾਂ ਨੇ ਸੰਯੁਕਤ ਪਰਵਾਰਾਂ ਦਾ ਨਿੱਘ ਮਾਣਿਆਂ ਹੈਇੱਕ ਬਜ਼ੁਰਗ ਦੇ ਬੋਲਾਂ ਵਿੱਚ ਕੁੱਝ ਇਸ ਤਰ੍ਹਾਂ ਦੇ ਭਾਵ ਸਨ, “ਜਵਾਨੀ ਵੇਲੇ ਤਾਂ ਬੰਦਾ ਸਾਰੀ ਦੁਨੀਆਂ ਨੂੰ ਟਿਚੱ ਸਮਝਦਾਸਰੀਰਾਂ ਦੇ ਦੁੱਖ ਹੋਰ ਤਰ੍ਹਾਂ ਦੇ ਹੁੰਦੇ, ਇਹ ਮਨ ਦਾ ਦੁੱਖ ਸਤੱਰ ਸਾਲ ਦੇ ਨੇੜੇ-ਤੇੜੇ ਪਹੁੰਚ ਕੇ ਸ਼ੁਰੂ ਹੁੰਦਾਨਿਆਣਿਆਂ ਨੂੰ ਕੀ ਪਤੈ ਕਿ ਉਹਨਾਂ ਦੇ ਮਾਂ-ਬਾਪ ਦੇ ਮਨਾਂ ਤੇ ਕੀ ਬੀਤਦੀ ਹੋਵੇਗੀ! ਉਹਨਾਂ ਨੂੰ ਓਸ ਵੇਲੇ ਹੀ ਪਤਾ ਲੱਗਣਾ ਜਦੋਂ ਉਹ ਰੀਟਾਇਰ ਹੋਣਗੇਅੱਜ ਧਰਮੀ ਬੰਦੇ ਦੀ ਬੜੀ ਯਾਦ ਆ ਰਹੀ ਹੈਆਪਣੀ ਉਲਝਣ ਸਾਂਝੀ ਕਰਾਂ ਤਾਂ ਕਿਸ ਨਾਲ਼! ਚੇਤਿਆਂ ਵਿੱਚ ਜਿਹੜੇ ਵੀ ਰਿਸ਼ਤੇ ਆਏ, ਸਭ ਸੁਆਰਥੀ ਤੇ ਆਪਣਾ ਭਲਾ ਚਾਹੁਣ ਵਾਲ਼ੇਸੋਚਾਂ ਦੀ ਦੁਨੀਆਂ ਚੋਂ ਬਾਹਰ ਨਿਕਲਣ ਲਈ ਬਿਸਤਰੇ ਚੋਂ ਉੱਠਦਾ ਹਾਂ

-----

ਬੇਟੇ ਤੇ ਪੋਤੀ ਨੂੰ ਪੰਜਾਬ ਆਇਆਂ ਦਸ ਦਿਨ ਹੋ ਗਏ ਹਨਚਾਰ-ਪੰਜ ਦਿਨ ਤੱਕ ਉਹ ਵਾਪਿਸ ਚਲੇ ਜਾਣਗੇਆਪਣੇ ਹੀ ਆਪ ਵਿੱਚ ਸੋਚੀ ਜਾ ਰਿਹਾ ਹਾਂਜਦੋਂ ਕਦੇ ਮੈਂ ਢਹਿੰਦੀਆਂ ਕਲਾਂ ਚ ਹੋਵਾਂ ਤਾਂ ਇਉਂ ਲਗਦੈ ਜਿਵੇਂ ਉਸ ਧਰਮੀ ਬੰਦੇ ਦੀ ਆਤਮਾ ਮੇਰੇ ਕੋਲ਼ ਆ ਕੇ ਕਹਿੰਦੀ ਹੋਵੇ, “ਬਰਖੁਰਦਾਰ, ਪਿਛਲੀ ਉਮਰੇ ਸਰੀਰਕ ਕਮਜ਼ੋਰੀ ਦਾ ਆਉਣਾ ਕੁਦਰਤੀ ਹੈ ਪਰ ਮਨ ਤਕੜਾ ਰੱਖੀਦਾ

-----

ਬੜਾ ਧੁੱਪ ਵਾਲ਼ਾ ਦਿਨ ਹੈਨਾ ਗਰਮ ਨਾ ਸਰਦ, ਬੜਾ ਸੁਹਾਵਣਾ ਮੌਸਮ ਹੈਅਸੀਂ ਵਾਅਦੇ ਅਨੁਸਾਰ ਨਿਊ ਜਵਾਹਰ ਨਗਰ, ਅਮਰਜੀਤ ਸਿੰਘ ਸਮਰਾ ਦੀ ਕੋਠੀ ਪਹੁੰਚ ਜਾਂਦੇ ਹਾਂਥੋੜੀ ਗੱਪ-ਸ਼ੱਪ ਮਾਰਨ ਬਾਦ ਚਾਹ-ਪਾਣੀ ਪੀ ਕੇ ਮੈਂ ਆਪਣੇ ਗੁਰੂ ਮਾਸਟਰ ਬਲਵਿੰਦਰ ਸਿੰਘ ਜੀ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਸਮਰਾ ਸਾਹਿਬ ਨੇ ਕਿਹਾ ਕਿ ਉਹ ਖ਼ੁਦ ਵੀ ਉੱਥੇ ਹੀ ਜਾ ਰਹੇ ਹਨ

------

ਅਸੀਂ ਇੱਕ ਦੋ ਚੀਜ਼ਾਂ ਖ਼ਰੀਦ ਕੇ ਜਮਸ਼ੇਰ ਵਾਲ਼ੀ ਸੜਕੇ ਪੈ ਗਏ ਪਿੰਡ ਕੰਗਣੀਵਾਲ ਕੋਲੋਂ ਦੀ ਲੰਘਦਿਆਂ ਸੋਹਣ ਸਿੰਘ ਦੀ ਯਾਦ ਆਉਣੀ ਕੁਦਰਤੀ ਸੀਸਮਰਾਵੀਂ ਪੁਹੁੰਚੇ ਤਾਂ ਵੇਖਿਆ ਕਿ ਸਮਰਾ ਸਾਹਬ ਤਾਂ ਸਾਡੇ ਨਾਲੋਂ ਵੀ ਪਹਿਲਾਂ ਹੀ ਪਹੁੰਚ ਚੁੱਕੇ ਸਨਉਨ੍ਹਾਂ ਦੇ ਗੰਨ-ਮੈਨ, ਸੈਕਟਰੀ ਅਤੇ ਕੈਪਟਨ ਸਾਹਿਬ (ਪੀ ਏ), ਗੁਰਦੁਆਰੇ ਦੇ ਸੌਂਹੇ ਖੜ੍ਹੇ ਮੁਸਕਰਾ ਰਹੇ ਸਨਮੇਰੇ ਗੁਰੂ ਜੀ ਇਸ ਗੁਰੂ-ਘਰ ਦੀ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨਛੇਤੀ ਹੀ ਉਹ ਬਾਹਰ ਆਏ ਤਾਂ ਅਸੀਂ ਫਾਰਮ-ਹਾਊਸ ਵੱਲ ਚਲ ਪਏਗੁਰੂ ਜੀ ਨੇ ਬੜੇ ਹੀ ਪਿਆਰ ਨਾਲ਼ ਪਹਿਲਾਂ ਚਾਹ-ਪਾਣੀ ਪਿਲਾਇਆ ਅਤੇ ਫਿਰ ਆਪਣੀ ਮਿਸਿਜ ਨਾਲ਼ ਮਿਲਾਇਆ ਜੋ ਦੋ ਕੁ ਕਮਰੇ ਛੱਡ ਕੇ ਰਸੋਈ ਦੇ ਨਾਲ਼ ਵਾਲੇ ਕਮਰੇ ਚ ਤਬੀਅਤ ਠੀਕ ਨਾ ਹੋਣ ਕਰਕੇ ਮੰਜੇ ਤੇ ਪਏ ਸਨਮੇਨੂੰ ਜਾਪਿਆ ਕਿ ਗੁਰੂ ਜੀ ਦੀ ਉਮਰ ਏਨੀ ਵੱਡੀ ਤਾਂ ਨਹੀਂ ਲਗਦੀ, ਮੇਰੇ ਨਾਲੋਂ ਬਸ ਦਸ-ਪੰਦਰਾਂ ਸਾਲ ਹੀ ਵੱਡੇ ਹੋਣਗੇ! ਮੈਨੂੰ ਪਤਾ ਨਾ ਲੱਗੇ ਕਿ ਮੈਂ ਉਹਨਾਂ ਦੀ ਮਿਸਿਜ ਨੂੰ ਆਂਟੀ ਜੀ ਕਹਿ ਕੇ ਸੰਬੋਧਨ ਕਰਾਂ ਜਾਂ ਭੈਣ ਜੀ ਕਹਿ ਕੇਜਕਾਂ-ਤਕਾਂ ਕਰਦਿਆਂ ਮੈਂ ਆਂਟੀ ਜੀ ਆਖ ਕੇ ਫਤਹਿ ਬੁਲਾਈ ਅਤੇ ਸਿਹਤ ਦਾ ਹਾਲ-ਚਾਲ ਪੁੱਛਣ ਲੱਗਾਫਿਰ ਅਸੀਂ ਗੱਲਾਂ-ਬਾਤਾਂ ਕਰਦੇ ਫਾਰਮ ਹਾਊਸ ਵਿੱਚ ਟਹਿਲਦੇ ਰਹੇ ਅਤੇ ਮੇਰਾ ਬੇਟਾ ਮੂਵੀ ਬਣਾਉਂਦਾ ਰਿਹਾਇਸ ਤੋਂ ਪਿਛਲੀ ਵਾਰੀ ਜਦੋਂ ਮੈਂ ਉਹਨਾਂ ਦੇ ਫਾਰਮ ਹਾਊਸ ਤੇ ਗਿਆ ਸੀ ਤਾਂ ਮੈਨੂੰ ਬੌਟਲ ਪਾਮ ਦੇ ਰੁੱਖਾਂ ਨੇ ਬੜਾ ਆਕਰਸ਼ਿਤ ਕੀਤਾ ਸੀਇਸ ਕਰਕੇ ਮੈਂ ਵੀ ਉਨ੍ਹਾਂ ਦੀ ਰੀਸੇ ਕੁੱਝ ਪੌਦੇ ਆਪਣੇ ਪਿੰਡ, ਖੇਤਾਂ ਵਾਲ਼ੇ ਛੋਟੇ ਜਿਹੇ ਮਕਾਨ ਦੇ ਇਰਦ-ਗਿਰਦ ਲੁਆਏ ਸਨ

-----

ਹੋ ਸਕਦਾ ਮੈਂ ਸਹੀ ਹੋਵਾਂ ਜਾਂ ਫਿਰ ਸੌ ਫੀਸਦੀ ਗ਼ਲਤ ਵੀ, ਮੁੰਬਈ ਵਿੱਚ ਮੈਂ ਦੋ ਤਿੰਨ ਵਾਰੀ ਗੁਲਜ਼ਾਰ, ਸੁਖਬੀਰ ਅਤੇ ਸ਼ਾਦ ਜੀ ਨੂੰ ਮਿਲਿਆ ਤਾਂ ਇਊਂ ਜਾਪਿਆ ਜਿਵੇਂ ਮੇਰੇ ਵਾਂਗ, ਉਹਨਾਂ ਦੇ ਮਨ ਵਿੱਚ ਵੀ ਕੋਈ ਤਨਹਾਈ ਜਾਂ ਖ਼ਲਾਅ ਦਾ ਅਹਿਸਾਸ ਹੈ ਜਿਸ ਨੂੰ ਸ਼ਾਇਦ ਹੀ ਕੋਈ ਭਰ ਸਕਦਾ ਹੋਵੇ! ਇਸੇ ਤਰ੍ਹਾਂ ਮੈਨੂੰ ਜਾਪਿਆ ਜਿਵੇਂ ਥੋੜ੍ਹਾ-ਥੋੜ੍ਹਾ ਮੇਰੇ ਗੁਰੂ ਜੀ ਵੀ ਇਸ ਤਰ੍ਹਾਂ ਦੇ ਅਹਿਸਾਸ ਦਾ ਸ਼ਿਕਾਰ ਹੋਣ! ਮੈਂ ਸੋਚਣ ਲੱਗਾ ਕਿ ਪਤਵੰਤ ਹੁਣਾ ਨੂੰ ਅਮਰੀਕਾ ਜਾ ਕੇ ਰਹਿਣ ਦੀ ਕੀ ਮਜਬੂਰੀ ਹੈ ਜਦੋਂ ਕਿ ਪੰਜਾਬ ਵਿੱਚ ਹੀ ਉਨ੍ਹਾਂ ਪਾਸ ਏਨੀ ਜਾਇਦਾਦ ਹੈਫਿਰ ਖ਼ਿਆਲ ਆਇਆ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਬੇਟਾ ਅਮਰੀਕਾ ਵਿੱਚ ਵਸ ਸਕਦਾ ਹੈ ਤਾਂ ਗੁਰੂ ਜੀ ਦੇ ਕਿਉਂ ਨਹੀਂ? ਹਰ ਇੱਕ ਨੂੰ ਆਪਣੀ ਮਨ ਮਰਜ਼ੀ ਨਾਲ਼ ਜੀਉਣ ਦਾ ਹੱਕ ਹੈ; ਗਲੋਬਲ ਵਿਲੇਜ ਦਾ ਇਹੋ ਹੀ ਤਾਂ ਸੰਕਲਪ ਹੈਜਾਪਿਆ ਜਿਵੇਂ ਗੁਰੂ ਜੀ ਆਪਣੇ ਫਾਰਮ-ਹਾਊਸ ਵਿੱਚ ਨੌਕਰਾਂ ਨਾਲ਼ ਆਪਣੇ ਬੱਚਿਆਂ ਵਰਗਾ ਵਰਤਾਓ ਕਰਕੇ, ਇਕੱਲਤਾ ਦੇ ਅਹਿਸਾਸ ਨੂੰ ਭਰਨ ਦਾ ਜਤਨ ਕਰ ਰਹੇ ਹੋਣ! ਰੱਬ ਦੀ ਰਜ਼ਾ ਨਾਲ਼ ਜੇ ਮਨੁੱਖੀ ਮਨਾਂ ਵਿਚਲਾ ਖ਼ਲਾਅ ਇਸ ਤਰ੍ਹਾਂ ਵੀ ਭਰ ਸਕੇ ਤਾਂ ਇਸ ਨੂੰ ਖ਼ੁਸ਼ਕਿਸਮਤੀ ਹੀ ਆਖਿਆ ਜਾਣਾ ਚਾਹੀਦਾ ਹੈ

-----

ਕਈ ਵਾਰ ਸਭ ਕੁਝ ਹੁੰਦੇ ਹੋਏ ਵੀ, ਬੰਦਾ ਪਤਾ ਨਹੀਂ ਕਿਉਂ ਅਜਿਹੇ ਖ਼ਲਾਅ ਦਾ ਸ਼ਿਕਾਰ ਹੋ ਜਾਂਦਾ ਹੈ! ਮੇਰੇ ਨਾਲ਼ ਵੀ ਕਦੇ-ਕਦਾਈਂ ਏਦਾਂ ਹੁੰਦਾ ਹੈਕੋਈ ਘਰ ਵਿੱਚ ਵੀ ਇਉਂ ਤਨਹਾ ਮਹਿਸੂਸ ਕਰ ਸਕਦਾ ਹੈ ਅਤੇ ਭੀੜ ਵਿੱਚ ਵੀ ਆਪੋ-ਆਪਣੀ ਵੱਖਰੀ ਸੋਚ ਤੇ ਵਿਚਾਰ ਹੋਣ ਕਾਰਣ, ਹਰ ਬੰਦੇ ਦੀ ਜੀਵਨ ਸ਼ੈਲੀ ਵੱਖਰੀ ਹੁੰਦੀ ਹੈਧਰਮੀ ਬੰਦੇ ਦੇ ਬੋਲ ਯਾਦ ਆਉਂਦੇ ਹਨ, “ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮੰਨੀਦੀਮੁਸ਼ਕਿਲਾਂ ਨਾਲ਼ ਮਰਦੇ ਦਮ ਤੱਕ ਲੜੋਭਾਈਚਾਰਾ ਤੇ ਹੋਰ ਦੁਨੀਆਂ ਹਮੇਸ਼ਾਂ ਦਿਲ ਦੀ ਅਮੀਰੀ ਨੂੰ ਤਰਜੀਹ ਦੇਵੇਗੀ ਨਾ ਕਿ ਪੈਸੇ ਦੀ ਅਮੀਰੀ ਨੂੰਦੂਜਿਆਂ ਦੇ ਕੰਮ ਆਉਣ ਨਾਲ਼ ਜੋ ਖ਼ੁਸ਼ੀ ਮਿਲਦੀ ਹੈ ਉਸ ਦਾ ਆਪਣਾ ਹੀ ਇੱਕ ਲੁਤਫ਼ ਹੁੰਦਾ ਹੈਆਪਣੀ ਜੀਵਨ-ਸ਼ੈਲੀ ਅਤੇ ਸੋਚ ਅਨੁਸਾਰ ਜੀਓ ਅਤੇ ਆਪਣੇ ਰਿਸ਼ਤਿਆਂ ਨੂੰ ਵੀ ਇਸੇ ਅਨੁਸਾਰ ਜੀਣ ਦਿਓਚਾਹੇ ਉਹ ਭੈਣ-ਭਰਾ ਹੋਣ; ਪੁਤੱਰ, ਭਤੀਜੇ ਜਾਂ ਭਾਣਜੇ ਜਾਂ ਫਿਰ ਪੋਤੇ-ਪੋਤਰੀਆਂ ਅਤੇ ਦੋਹਤੇ-ਦੋਹਤਰੀਆਂ

-----

ਮੈਂ ਆਪਣੀਆਂ ਗ਼ਜ਼ਲਾਂ ਦਾ ਖਰੜਾ ਤਿਆਰ ਕਰ ਰਿਹਾ ਹਾਂਚਾਰ ਕੁ ਪੈਗ ਪੀ ਕੇ ਪਤਨੀ ਨੂੰ ਆਖਦਾ ਹਾਂ-ਇਉਂ ਲਗਦੈ ਇਹ ਮੇਰਾ ਆਖ਼ਰੀ ਗ਼ਜ਼ਲ ਸੰਗ੍ਰਹਿ ਹੋਵੇਗਾਪਤਾ ਨਹੀਂ ਕਿਸ ਦੇ ਨਾਮ ਕਰਾਂ? ਤੇਰੇ ਨਾਂ ਕਰ ਦਿਆਂ?”

........

ਨਹੀਂ, ਉਸ ਦੇ ਨਾਮ ਕਰੋ ਜਿਸਨੇ ਤੁਹਾਨੂੰ ਇਹ ਚੇਟਕ ਲਾਈ ਹੈ, ਸੋਹਣ ਭਾਜੀ ਦੇ

ਸੋਚਦਾ ਹਾਂ ਚਲੋ ਇਸ ਤਰ੍ਹਾਂ ਨਾਲ਼ ਇਹ ਮੇਰੀ ਉਸ ਲਈ ਸ਼ਰਧਾਂਜਲੀ ਹੋਵੇਗੀ; ਸੋਹਣ ਸਿੰਘ ਧਾਰੀਵਾਲ ਲਈਜ਼ਿੰਦਗੀ ਵਿੱਚ ਤਿੰਨ ਦੋਸਤ ਮਿਲੇ ਜੋ ਨਿਭੇਇੰਗਲੈਂਡ ਵਿੱਚ ਸੋਹਨ ਸਿੰਘ ਧਾਲੀਵਾਲ, ਪੰਜਾਬ ਵਿੱਚ ਹਰਦੇਵ ਸਿੰਘ ਲਾਲੀ ਅਤੇ ਸਮਰਾਏ-ਜੰਡਿਆਲ਼ਾ ਦੇ ਸਕੂਲ ਪੜ੍ਹਦਿਆਂ ਸੁਭਾਸ਼ ਮਲਹੋਤਰਾ ਔਰਤ ਮਿਤੱਰਾਂ ਦੀ ਗੱਲ ਕਰਾਂ ਤਾਂ ਸਿਰਫ਼ ਬਚਿੰਤ ਕੌਰ ਦਾ ਨਾਂ ਹੀ ਰਹਿ ਜਾਂਦਾ ਹੈ ਜਿਸ ਨਾਲ਼ ਇੱਕ ਪਰਿਵਾਰਕ ਸਾਂਝ ਬਣੀ ਹੋਈ ਹੈ

-----

ਭਾਰਤ ਤੋਂ ਵਾਪਸ ਆਇਆਂ ਅੱਜ ਸਾਨੂੰ ਦੋ ਹਫਤੇ ਤੋਂ ਵੱਧ ਸਮਾਂ ਹੋ ਗਿਆ ਹੈਸੁਭਾਸ਼ ਦਾ ਡੁਬਾਈ ਤੋਂ ਫੋਨ ਆਇਆ ਗੱਲਾਂ ਕਰਦਿਆਂ ਪੁੱਛਣ ਲੱਗਾ, “ਉਦਾਸ ਜਿਹਾ ਕਿਉਂ ਲੱਗਦੈਂ? ਖ਼ੁਸ਼ ਰਿਹਾ ਕਰ ਯਾਰ! ਸਭ ਬਦਲ ਗਏ, ਚੰਗਾ ਹੈ ਤੂੰ ਵੀ ਬਦਲ ਜਾ, ਸੁਖੀ ਰਹੇਂਗਾ

..........

ਮੈਂ ਚਾਹੇ ਦੁਖੀ ਰਹਾਂ ਪਰ ਬਦਲਣ ਨੂੰ ਰੂਹ ਨਹੀਂ ਮੰਨਦੀ; ਦੂਜੀ ਗੱਲ, ਤੀਹ ਕੁ ਸਾਲ ਪਹਿਲਾਂ ਕੋਈ ਮੈਨੂੰ ਇਉਂ ਕਹਿੰਦਾ ਤਾਂ ਸ਼ਾਇਦ ਮੈਂ ਉਸ ਦੀ ਗੱਲ ਤੇ ਗੌਰ ਕਰਦਾ ਪਰ ਹੁਣ ਜ਼ਿੰਦਗੀ ਦੇ ਕਿੰਨੇ ਕੁ ਦਿਨ ਬਾਕੀ ਨੇ? ਹੁਣ ਮੈਨੂੰ ਇਸੇ ਤਰ੍ਹਾਂ ਹੀ ਰਹਿਣ ਦਿਓ, ਜਿਵੇਂ ਹਾਂ

-----

ਦਿਲ ਕੀਤਾ ਬਚਿੰਤ ਕੌਰ ਨੂੰ ਫੋਨ ਕਰਾਂ ਪਰ ਉਸਦਾ ਫੋਨ ਤੇ ਰਾਬਤਾ ਹੀ ਨਹੀਂ ਹੋਇਆ! ਫਿਰ ਮਨ ਦੇ ਚਿਤਰਪਟ ਤੇ ਹਦੀਆਬਾਦ ਦਾ ਉਹੀ ਦ੍ਰਿਸ਼ ਸਾਕਾਰ ਹੋ ਜਾਂਦਾ ਹੈਅਸੀਂ ਮਖ਼ਸੂਦਪੁਰੀ ਦੀ ਕੋਠੀ ਲੱਭ ਰਹੇ ਹਾਂਮੇਰੀ ਪਤਨੀ ਆਖਦੀ ਹੈ, “ਬੱਸ ਉਹ ਪਿਛਲੀ ਕਤਾਰ ਵਿੱਚ ਹੀ ਕਿਤੇ ਹੋਵੇਗੀਪਿਛਲੀ ਵਾਰ ਆਪਾਂ ਇੱਥੋਂ ਦੀ ਹੀ ਲੰਘੇ ਸਾਂ

-----

ਸਾਹਮਣੇ ਵਾਲ਼ੇ ਪਾਸਿਓਂ ਤਿੰਨ ਆਦਮੀ ਆ ਰਹੇ ਹਨਇੱਕ ਆਦਮੀ ਦੇ ਚਿਹਰੇ ਤੇ ਮਹਾਂ-ਪੁਰਸ਼ਾਂ ਵਰਗਾ ਤੇਜ ਹੈਸਧਾਰਣ ਮਨੁੱਖ ਹੋ ਕੇ ਵੀ ਉਹ ਆਸਧਾਰਣ ਜਾਪਦਾ ਹੈਅਸੀਂ ਉਸ ਵਿਅੱਕਤੀ ਨਾਲ਼ ਰੂਹਾਨੀ ਸਾਂਝ ਅਤੇ ਅਜੋਕੇ ਰਿਸ਼ਤਿਆਂ ਦੀਆਂ ਗੱਲਾਂ ਸ਼ੁਰੂ ਕਰ ਬੈਠੇਮੇਰੀ ਪਤਨੀ ਜਜ਼ਬਾਤੀ ਹੋ ਕੇ ਕਹਿਣ ਲੱਗੀ, ਮੇਰੇ ਬੇਟੇ ਅਤੇ ਬੇਟੀਆਂ ਵਰਗਾ ਹੋਰ ਕੋਈ ਨਹੀਂ ਹੋ ਸਕਦਾ! ਪਰਦੇਸਾਂ ਵਿੱਚ ਰਹਿਣ ਕਰਕੇ ਅਸੀਂ ਇੱਥੇ ਉਦਾਸ ਅਤੇ ਕੱਲੇ ਜਿਹੇ ਮਹਿਸੂਸ ਕਰਦੇ ਹਾਂ

-----

ਉਹ ਮਹਾਂ ਪੁਰਸ਼ ਬੋਲਿਆ, “ਬੇਟਾ ਜੀ, ਇਹ ਵੀ ਇੱਕ ਤਰ੍ਹਾਂ ਦਾ ਹੰਕਾਰ ਹੈ, ਇੱਕ ਦਿਨ ਤੁਹਾਨੂੰ ਸ਼ਾਇਦ ਇਸ ਗੱਲ ਤੇ ਵੀ ਸ਼ਰਮਿੰਦਾ ਹੋਣਾ ਪਵੇਕਿਸੇ ਤੇ ਏਨਾ ਮਾਣ ਵੀ ਨਹੀਂ ਕਰੀਦਾਉਹ ਜਿਸ ਤਰ੍ਹਾਂ ਦੇ ਤੁਹਾਨੂੰ ਤੀਹ ਸਾਲ ਪਹਿਲਾਂ ਲਗਦੇ ਸੀ, ਹੁਣ ਉਸ ਤਰ੍ਹਾਂ ਦੇ ਨਹੀਂ ਹੋ ਸਕਦੇਜੇ ਬੁਰੇ ਸਨ ਤਾਂ ਹੁਣ ਸ਼ਾਇਦ ਕੁੱਝ ਕੁ ਚੰਗੇ ਹੋ ਗਏ ਹੋਣ ਪਰ ਜੇ ਉਸ ਵੇਲੇ ਬਹੁਤ ਚੰਗੇ ਲਗਦੇ ਸਨ ਤਾਂ ਸ਼ਾਇਦ ਹੁਣ ਓਨੇ ਚੰਗੇ ਨਾ ਜਾਪਣ! ਕਿਸੇ ਦਾ ਪਤੀ ਜੋ ਜਵਾਨੀ ਵੇਲੇ ਪੱਥਰ ਦਿਲ ਹੋਵੇ, ਬੁਢਾਪੇ ਤੱਕ ਪਹੁੰਚਦਾ ਮੋਮ-ਦਿਲ ਵੀ ਹੋ ਸਕਦਾ ਹੈਪਰਿਵਰਤਨ ਅਧੀਨ ਚੰਗਾ ਵੀ ਵਾਪਰਦਾ ਹੈ ਤੇ ਮੰਦਾ ਵੀ

-----

ਉਸ ਦਿਨ ਘਰ ਆ ਕੇ ਮੈਂ ਸੋਚਣ ਲੱਗਾ ਕਿ ਮੇਰੇ ਵਰਗੇ ਲੋਕ ਇਹ ਨਹੀਂ ਸੋਚਦੇ ਕਿ ਸਾਡੇ ਤਾਂ ਅੱਧੇ ਕੁ ਘਰ ਹੀ ਗੁਆਚੇ ਹਨ, ਸਾਡੇ ਬੱਚਿਆਂ ਦੇ ਸ਼ਾਇਦ ਪੂਰੇ ਹੀ ਗੁਆਚ ਜਾਣ! ਖ਼ਾਸ ਕਰਕੇ ਉਹ ਬੱਚੇ, ਜਿਹਨਾਂ ਨੂੰ ਸੰਯੁਕਤ ਪਰਿਵਾਰਾਂ ਵਿੱਚ ਰਹਿਣਾ-ਵਿਚਰਨਾ ਨਸੀਬ ਹੋਇਆ ਹੋਵੇਜੇਕਰ ਉਹ ਗਲੋਬਲ ਪ੍ਰੀਵਰਤਨ ਨੂੰ ਸਵੀਕਾਰਦਿਆਂ ਸੋਚਣਗੇ ਤਾਂ ਫਿਰ ਸ਼ਾਇਦ ਉਹਨਾਂ ਨੂੰ ਇਸ ਵਿਗੋਚੇ ਦਾ ਬਹੁਤਾ ਅਹਿਸਾਸ ਨਾ ਹੀ ਹੋਵੇ! ਇਉਂ ਸੋਚ ਕੇ ਸਾਨੂੰ ਵੀ ਤਾਂ ਝੂਰਨਾ ਨਹੀਂ ਚਾਹੀਦਾਮੈਨੂੰ ਏਨਾ ਪਤਾ ਹੈ ਕਿ ਕੋਈ ਬੰਦਾ ਵੀ ਸੋਲਾਂ ਕਲਾਂ ਸੰਪੂਰਣ ਨਹੀਂ ਹੋ ਸਕਦਾ ਇਹ ਸੰਭਵ ਹੀ ਨਹੀਂ ਹੈਇਹ ਗੱਲ ਮਹਾਂ ਪੁਰਸ਼ਾਂ ਤੇ ਵੀ ਲਾਗੂ ਹੋ ਸਕਦੀ ਹੈਹਰ ਵਿਅਕਤੀ ਵਿੱਚ ਕੁਝ ਗੁਣ ਹੁੰਦੇ ਹਨ ਅਤੇ ਕੁਝ ਔਗੁਣ ਵੀਕਈਆਂ ਵਿੱਚ ਅਨੇਕਾਂ ਗੁਣ ਹੁੰਦੇ ਹਨ ਪਰ ਇੱਕ-ਅੱਧ ਔਗੁਣ ਅਜਿਹਾ ਹੁੰਦਾ ਹੈ ਜੋ ਸਾਰੇ ਗੁਣਾਂ ਤੇ ਪਾਣੀ ਫੇਰ ਦਿੰਦਾ ਹੈਇਸ ਤੋਂ ਉਲਟ, ਕਈਆਂ ਵਿੱਚ ਔਗੁਣ ਬਥੇਰੇ ਹੁੰਦੇ ਹਨ ਪਰ ਇੱਕ-ਅੱਧ ਗੁਣ ਅਜਿਹਾ ਹੁੰਦਾ ਹੈ ਕਿ ਬੰਦਾ ਉਸ ਦੇ ਸਾਰੇ ਔਗੁਣਾਂ ਨੂੰ ਨਜ਼ਰ-ਅੰਦਾਜ਼ ਕਰ ਜਾਂਦਾ ਹੈ

-----

ਸਮਾਜਿਕ, ਸਭਿਆਚਾਰਿਕ ਅਤੇ ਰਾਜਨੀਤਕ ਪਰਿਵਰਤਨ ਕਾਰਣ ਬਹੁਤ ਕੁੱਝ ਬਦਲ ਗਿਆ ਹੈ ਇਹ ਬਦਲਾਵ ਕੁਦਰਤੀ ਹੈਇਸ ਨੂੰ ਰੋਕਿਆ ਨਹੀਂ ਜਾ ਸਕਦਾਇਸ ਕਾਰਣ ਹੀ ਲੋਕਾਂ ਦੀ ਫਿਤਰਤ ਤਿਜਾਰਤੀ ਅਤੇ ਸੁਆਰਥੀ ਬਣ ਗਈ ਹੈਬਦੇਸ਼ਾਂ ਤੋਂ ਜਦੋਂ ਭਾਰਤੀ ਲੋਕ ਆਪਣੇ ਦੇਸ਼ ਪਰਤਦੇ ਹਨ ਤਾਂ ਉਹਨਾਂ ਨੂੰ ਇਹ ਪਰਿਵਰਤਨ ਬਹੁਤ ਰੜਕਦਾ ਅਤੇ ਪਰੇਸ਼ਾਨ ਕਰਦਾ ਹੈ ਕਿਉਂਕਿ ਉਹਨਾਂ ਨੇ ਇਸ ਨੂੰ ਭਾਰਤ ਵਿੱਚ ਵਸਦੇ ਲੋਕਾਂ ਵਾਂਗੂ ਹੌਲ਼ੀ-ਹੌਲ਼ੀ ਨਹੀਂ ਹੰਢਾਇਆ ਹੈਇਸ ਦਾ ਨੁਕਸਾਨ ਇਹ ਹੋਇਆ ਹੈ ਕਿ ਨੈਗੇਟਿਵ ਸੋਚ ਧਾਰਣ ਕਰ ਕੇ, ਉਹ ਵੀ ਕਾਫ਼ੀ ਹੱਦ ਤੱਕ ਸੁਆਰਥੀ ਅਤੇ ਸਵੈ-ਕੇਂਦਰਿਤ ਬਣਦੇ ਜਾ ਰਹੇ ਹਨਇਹ ਇੱਕ ਮਾੜਾ ਪਹਿਲੂ ਹੈ

-----

ਆਪਣੀ ਵਿਚਾਰਧਾਰਾ ਨੂੰ ਕਿਸੇ ਨਾਲ ਸਾਂਝਿਆਂ ਕਰਨ ਲਈ ਹਰ ਮਨੁੱਖ ਦਾ ਮਨ ਲੋਚਦਾ ਹੈਪਰ ਅਜਿਹਾ ਮਨੁੱਖ ਜੋ ਸੁਹਿਰਦ ਦੋਸਤ ਸਾਬਿਤ ਹੋ ਸਕੇ, ਮਿਲਣਾ ਸੌਖਾ ਨਹੀਂ ਸਗੋਂ ਅਸੰਭਵ ਜਾਪਦਾ ਹੈਇਹੋ ਅਹਿਸਾਸ ਬੰਦੇ ਦੇ ਮਨ ਜਾਂ ਰੂਹ ਅੰਦਰ ਉਤੱਰਕੇ ਇੱਕ ਨਾ ਭਰ ਸਕਣ ਵਾਲਾ ਖ਼ਲਾਅ ਬਣ ਜਾਂਦਾ ਹੈਅਚਾਨਕ ਮੇਰਾ ਧਿਆਨ ਦੋ ਮਨੁੱਖਾਂ ਵੱਲ ਜਾਂਦਾ ਹੈ ਜੋ ਮੈਨੂੰ ਪੰਜਾਬ ਫੇਰੀ ਦੌਰਾਨ ਦੋਸਤਾਂ ਵਰਗੇ ਜਾਪੇ ਹਨ ਜਾਂ ਜਾਪੇ ਸਨ! ਜਾਲੰਧਰ ਡਾ: ਰਾਜਿੰਦਰ ਸਿੰਘ ਅਤੇ ਫਗਵਾੜੇ ਭਜਨ ਸਿੰਘ ਵਿਰਕਰੂਹ ਜਿਵੇਂ ਕੋਈ ਤਰਲਾ ਜਿਹਾ ਪਾ ਰਹੀ ਹੋਵੇ!

....ਦਿਲ ਚ ਯਾਰੋ ਕਾਸ਼ ਕੋਈ ਇਸ ਤਰ੍ਹਾਂ ਉੱਤਰ ਸਕੇ

ਹੋਂਦ ਜਿਸਦੀ ਜ਼ਿੰਦਗੀ ਦੇ ਖ਼ਾਲੀਪਨ ਨੂੰ ਭਰ ਸਕੇ...!

******

ਸਮਾਪਤ


1 comment:

Dee said...

Gurnam ji,tusi bara hi interesting te khubsurat likheya hia,puraney Uk de din yaad aa a-gaye.Es tarah di savey jivinee hor likho.
Wish u the best.
Davinder Kaur UK to California
davinderkaur@yahoo.com