ਭਾਗ ਤੀਜਾ
ਲੇਖ
ਲੜੀ ਜੋੜਨ ਲਈ ਉੱਪਰਲੀ ਪੋਸਟ ਭਾਗ ਪਹਿਲਾ ਅਤੇ ਦੂਜਾ ਜ਼ਰੂਰ ਪੜ੍ਹੋ ਜੀ।
ਕਿਰਤੀ ਦੋ ਵਕਤ ਦੀ ਰੋਟੀ ਲਈ ਜੂਝ ਰਹੇ ਸਨ। ਅਮੀਰ ਹੋਰ ਅਮੀਰ ਹੋਈ ਜਾ ਰਿਹਾ ਸੀ। ਭਾਰਤ ਪਰਮਾਣੂ ਕਰਾਰ ਨੂੰ ਲੈ ਕੇ ਅਮਰੀਕਾ ਦੀ ਝੋਲ਼ੀ ਵਿੱਚ ਜਾ ਡਿੱਗਿਆ ਸੀ। ਪੂੰਜੀਪਤੀਆਂ ਦੀ ਲੁੱਟ ਕਾਰਨ ਪੂਰਾ ਵਿਸ਼ਵ ਆਰਥਿਕ ਮੰਦਵਾੜੇ ਦਾ ਸ਼ਿਕਾਰ ਸੀ। ਮਿਹਨਤਕਸ਼ ਨੂੰ ਤਾਂ ਕੋਈ ਨੇੜੇ ਹੀ ਲੱਗਣ ਨਹੀਂ ਸੀ ਦੇ ਰਿਹਾ ਤੇ ਨੌਜਵਾਨ ਨਸ਼ਿਆਂ ਵਿੱਚ ਗਲਤਾਨ ਹੋ ਰਹੇ ਸਨ। ਆਮ ਲੋਕਾਂ ਕੋਲ ਤਾਂ ਡਾਲਰ ਖ਼ਰਚ ਕੇ ਅਜਿਹੇ ਸਮਾਗਮ ਦੇਖਣ ਆਉਣ ਦੀ ਵੀ ਪਹੁੰਚ ਨਹੀਂ ਸੀ। ਬਾਹਰਲੇ ਸੰਸਾਰ ਨੂੰ ਭੁਲਾ ਕੇ ਪ੍ਰਬੰਧਕਾਂ ਨੇ ਅੰਦਰਲਾ ਮਹੌਲ ਇਸ ਤਰ੍ਹਾਂ ਸਿਰਜਿਆ ਹੋਇਆ ਸੀ ਕਿ ਬੱਸ ਇਨਕਲਾਬ ਹੁਣੇ ਆਇਆ।
-----
ਮੈਂ ਸੋਚ ਰਿਹਾ ਸੀ ਕੀ ਬਣੇਗਾ ਰੂਬਨ ਵਰਗੇ ਨੌਜਵਾਨਾਂ ਦਾ ਜਿਨ੍ਹਾਂ ਨੂੰ ਅਜ਼ਾਦੀ ਦੇ ਐਨੇ ਵਰ੍ਹੇ ਬੀਤ ਜਾਣ ਬਾਅਦ ਵੀ ਆਪਣਾ ਭਵਿੱਖ ਸੁਰੱਖਿਅਤ ਨਹੀਂ ਜਾਪਦਾ। ਤੇ ਹਰ ਨੌਜਵਾਨ ਅਮਰੀਕਾ ਜਾਂ ਕੈਨੇਡਾ ਭੱਜ ਜਾਣਾ ਚਾਹੁੰਦਾ ਹੈ। ਇਸੇ ਦੌੜ ਵਿੱਚ ਪੰਜਾਬ ਵਾਸੀਆਂ ਨੇ ਆਪਣੇ ਇੱਜ਼ਤ ਅਸੂਲ ਸਭ ਛਿੱਕੇ ਤੇ ਟੰਗੇ ਹੋਏ ਹਨ। ਉਹ ਆਪਣੀਆਂ ਧੀਆਂ ਨੂੰ ਪੌੜੀਆਂ ਬਣਾ ਕੇ ਵਰਤ ਰਹੇ ਨੇ, ਜਾਂ ਬਘਿਆੜਾਂ ਅੱਗੇ ਪਰੋਸ ਰਹੇ ਨੇ। ਭੈਣ ਭਰਾ, ਪਿਉ ਧੀ, ਪਤੀ-ਪਤਨੀ ਰਿਸ਼ਤਿਆਂ ਦਾ ਡਰਾਮਾ ਖੇਡ ਰਹੇ ਨੇ। ਮੇਰਾ ਭਰਾ ਮੱਖਣ ਅਜਿਹਾ ਕੋਈ ਵੀ ਕੋਈ ਅਜਿਹਾ ਹੀ ਸਮਝੌਤਾ ਕਰਨ ਲਈ ਤਿਆਰ ਸੀ। ਬੱਸ ਮੇਰੀ ਹਾਂ ਚਾਹੁੰਦਾ ਸੀ।
-----
ਮੈਂ ਬੈਠਾ ਬੈਠਾ ਸੋਚ ਰਿਹਾ ਸੀ,ਕਿ ਜਦੋਂ ਮੇਰਾ ਬਾਬਾ ਜਿਉਂਦਾ ਸੀ ਤਾਂ ਸਾਡੇ ਘਰ ਕੁੜੀਆਂ ਤੇ ਏਨੀ ਸਖ਼ਤੀ ਸੀ ਕਿ ਸਿਰੋਂ ਚੁੰਨੀ ਤੱਕ ਵੀ ਲਹਿਣ ਨਹੀਂ ਸੀ ਦਿੱਤੀ ਜਾਂਦੀ। ਹੁਣ ਉਸੇ ਘਰ 'ਚ ਹੁਣ ਟੀ ਵੀ ਤੇ ਨੰਗ ਧੜੰਗੀਆਂ ਕੁੜੀਆਂ ਨੱਚਦੀਆਂ, ਸਾਰੇ ਬਹਿ ਕੇ ਬੈੱਡ-ਸੀਨ ਇਨ ਜੁਆਏ ਕਰਦੇ। ਚੁੰਮਣ-ਚੱਟਣ ਤਾਂ ਇੱਕ ਪਾਸੇ ਰਿਹਾ ਹੁਣ ਉਹ ਕੁਝ ਵੀ, ਇਕੱਠੇ ਬਹਿ ਕੇ ਦੇਖ ਸਕਦੇ ਸਨ, ਜਿਵੇਂ ਸ਼ਰਮ ਨਾ ਦੀ ਕੋਈ ਚੀਜ ਹੀ ਨਾ ਰਹੀ ਹੋਵੇ। ਜਦੋਂ ਮੈਂ ਇਤਰਾਜ਼ ਕੀਤਾ ਤਾਂ ਭਾਬੀ ਬੋਲੀ ''ਭਾਈ ਤੁਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਐਨੇ ਪੱਛੜੇ ਹੋਏ ਓਂ ਏਥੇ ਨੀ ਅਜਿਹੀਆਂ ਗੱਲਾਂ ਨੂੰ ਕੋਈ ਪੁੱਛਦਾ''। ਉਨ੍ਹਾਂ ਲਈ ਖੁੱਲ੍ਹੇ ਸੈਕਸ ਸਬੰਧ ਅੱਧ-ਕੱਜਿਆ ਜਿਸਮ ਹੀ ਸ਼ਾਇਦ ਆਧੁਨਿਕਤਾ ਅਤੇ ਤਰੱਕੀ ਦੀ ਨਿਸ਼ਾਨੀ ਹੋਵੇ?
----
ਫੇਰ ਇੱਕ ਪਿੰਡੋਂ ਆਇਆ ਖ਼ਤ ਮੇਰੇ ਜ਼ਿਹਨ 'ਚ ਸੱਪ ਬਣਕੇ ਮੇਲ੍ਹਣ ਲੱਗਿਆ। ਭਤੀਜੇ ਨੇ ਲਿਖਿਆ ਸੀ ਕਿ ਉਸ ਨੂੰ ਆਪਣੀ ਜਨਮ ਭੋਇ ਚੰਗੀ ਨਹੀਂ ਸੀ ਲੱਗਦੀ। ਜਦੋਂ ਮੈਂ ਫੋਨ’ ਤੇ ਪੁੱਛਦਾ ਅਜਿਹਾ ਕਿਉਂ, ਤਾਂ ਉਹ ਅੱਗੋਂ ਆਖਦਾ 'ਤੁਸੀਂ ਕਿਉਂ ਛੱਡ ਕੇ ਗਏ ਸੀ? ਹੁਣ ਸਾਡੇ ਛੱਡਣ ਨਾਲ ਕੀ ਫ਼ਰਕ ਪੈ ਜੂ'।
-----
ਪਰ ਮੇਰੀ ਘਰ ਵਾਲੀ ਨੂੰ ਮੇਰਾ ਭਤੀਜਾ ਅਤੇ ਭਰਾ ਬਿਲਕੁਲ ਚੰਗੇ ਨਹੀਂ ਸੀ ਲੱਗਦੇ, ਜਦ ਕਿ ਮੈਨੂੰ ਦੋਹਾਂ ਪਾਸੇ ਦੀ ਰੱਖਣੀ ਪੈ ਰਹੀ ਸੀ। ਮੇਰੀ ਪਤਨੀ ਦਲਜੀਤ ਨੂੰ ਇਤਰਾਜ਼ ਸੀ ਕਿ ''ਉਹ ਸਾਨੂੰ ਜ਼ਮੀਨ ਦਾ ਠੇਕਾ ਵੀ ਨਹੀਂ ਦਿੰਦੇ, ਸਾਡਾ ਘਰ ਵੀ ਸਾਂਭੀ ਬੈਠੇ ਨੇ ਕਦੀ ਮੋਟਰ ਸਾਈਕਲ ਲਈ, ਕਦੇ ਟਰੈਕਟਰ ਲਈ, ਕਦੇ ਬੋਰ ਕਰਵਾਉਣ ਲਈ ਪੈਸੇ ਵੀ ਮੰਗਵਾਉਂਦੇ ਰਹਿੰਦੇ ਨੇ ਤੇ ਉੱਤੋਂ ਹੁਣ ਆਹ ਅੱਡ ਨੱਕ 'ਚ ਦਮ ਕਰਿਆ ਪਿਆ''। ਅੱਜ ਤਾਂ ਉਹ ਮੈਨੂੰ ਟੁੱਟ ਕੇ ਹੀ ਪੈ ਗਈ ਸੀ ਕਿ 'ਤੁਸੀਂ ਇਕੱਲੇ ਨੀ ਕਮਾਉਂਦੇ, ਇਹ ਕਮਾਈ ਮੇਰੀ ਵੀ ਹੈ। ਜੇ ਹੁਣ ਕਿਸੇ ਗੱਲ ਲਈ ਪੈਨੀ ਵੀ ਭੇਜੀ ਆ ਤਾਂ ਆਪਣੇ ਰਸਤੇ ਅਲੱਗ ਅਲੱਗ ਹੋਣਗੇ'। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ਼ ਗਈ ਸੀ। ਜੀ ਤਾਂ ਕਰਦਾ ਸੀ ਵੱਟ ਕੇ ਚਪੇੜ ਮਾਰਾਂ, ਪਰ ਮੇਰੀ ਜ਼ਮੀਰ ਉੱਠ ਖਲੋਤੀ ਸੀ ਕਿ ਹੁਣ ਤੂੰ ਤੀਵੀਂ ‘ਤੇ ਹੱਥ ਚੁੱਕੇਂਗਾ? ਉਧਰ ਮੰਚ ਤੋਂ ਭਗਤ ਸਿੰਘ ਦੀ ਸੋਚ ਅਪਨਾਉਣ ਦੀਆਂ ਗੱਲਾਂ ਹੋ ਰਹੀਆਂ ਸਨ।
-----
ਹੁਣ ਮੈਂ ਸੋਚ ਰਿਹਾ ਸੀ, ਭਗਤ ਸਿੰਘ ਦੇ ਦੇਸ਼ ਵਿੱਚ ਤਾਂ ਲੋਕਾਂ ਦਾ ਮੁੱਖ ਮਕਸਦ ਪੈਸਾ ਬਣ ਚੁੱਕਿਆ ਹੈ। ਪੈਸੇ ਲਈ ਪਿਉ ਦਾ, ਮਾਂ, ਭੈਣ-ਭਰਾ ਕਿਸੇ ਦਾ ਵੀ ਕ਼ਤਲ ਕੀਤਾ ਜਾ ਸਕਦਾ ਹੈ। ਪੈਸੇ ਲਈ ਲੋਕਾਂ ਦੀਆਂ ਕਾਲਜ ਪੜ੍ਹਦੀਆਂ ਕੁੜੀਆਂ ਅਮੀਰਾਂ ਦੇ ਮਨੋਰੰਜਨ ਲਈ ਹੋਟਲਾਂ 'ਚ ਹੁਣ ਆਮ ਜੀ ਜਾਣ ਲੱਗ ਪਈਆਂ ਹਨ ਅਜਿਹਾ ਵੀ ਮੈਂ ਸੁਣਿਆ ਸੀ। ਜਿਸਮ ਫ਼ਰੋਸ਼ੀ ਦਾ ਧੰਦਾ ਵੀ ਹਰ ਸ਼ਹਿਰ ਵਿੱਚ ਵੱਡੀ ਪੱਧਰ ਤੇ ਚੱਲਦਾ ਹੈ। ਰਿਸ਼ਤੇ ਗ਼ਰਕ ਹੋ ਰਹੇ ਹਨ। ਪਿਉ ਵਲੋਂ ਧੀ ਦਾ ਬਲਾਤਕਾਰ, ਭਤੀਜੇ ਵਲੋਂ ਚਾਚੀ ਨਾਲ ਗ਼ਬਰਦਸਤੀ ਜਾਂ ਪਤਨੀ ਵਲੋਂ ਪ੍ਰੇਮੀ ਨਾਲ ਰਲ ਕੇ ਪਤੀ ਦਾ ਕ਼ਤਲ। ਅਜਿਹੀਆਂ ਖ਼ਬਰਾਂ ਵੀ ਆਮ ਹੀ ਛਪਦੀਆਂ ਹਨ।
-----
ਸਮਾਜ ਅਤੇ ਸਹਿਤ ਵਿੱਚ ਵੀ ਤਿਕੜਮਬਾਜ਼ੀਆਂ ਚੱਲ ਰਹੀਆਂ ਸਨ। ਮਿਹਨਤਕਸ਼ ਕਿਸਾਨ ਮਜਬੂਰ ਹੋ ਖ਼ੁਦਕੁਸ਼ੀਆਂ ਕਰ ਰਹੇ ਸਨ। ਵਿਆਹ ਸ਼ਾਦੀਆਂ ਵੇਲੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਂ ਹੇਠ ਕੰਜਰਖਾਨਾ ਆਮ ਜਿਹੀ ਗੱਲ ਹੋ ਗਈ ਸੀ। ਨੱਚਣ ਵਾਲੀਆਂ ਕੁੜੀਆਂ ਸ਼ਰਾਬ ਨਾਲ ਰੱਜ ਕੇ ਮਹਿਮਾਨਾਂ ਦਾ ਹਰ ਤਰ੍ਹਾਂ ਮਨੋਰੰਜਨ ਕਰਦੀਆਂ। ਮੁੱਖ ਮਕਸਦ ਸਿਰਫ਼ ਪੈਸਾ ਸੀ। ਪੰਜਾਬ ਦਾ ਇਹ ਸੱਭਿਆਚਾਰ ਰਾਤੋ-ਰਾਤ ਕਿਸ ਨੇ ਬਦਲ ਦਿੱਤਾ ਸੀ? ਉੱਥੇ ਅਜਿਹੇ ਇਨਕਲਾਬੀਆਂ ਦੇ ਹੁੰਦਿਆਂ ਭਗਤ ਸਿੰਘ ਦੀ ਸੋਚ ਕਿੱਥੇ ਦਫ਼ਨ ਹੋ ਗਈ ਸੀ। ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ।
------
ਸ਼ਾਦੀ ਅਸਲ ਵਿੱਚ ਸੌਦਾ ਬਣ ਗਈ ਸੀ। ਵੱਟੇ ਸੱਟੇ ਦੇ ਰਿਸ਼ਤੇ ਹੋ ਰਹੇ ਸਨ। ਜਿੱਥੇ ਮਾਨਸਿਕ ਸਾਂਝ ਤਾਂ ਬਣਦੀ ਹੀ ਨਹੀ ਸੀ। ਤੂੰ ਮੇਰੀ ਭੈਣ ਕੱਢ, ਮੈਂ ਤੇਰੀ ਭੈਣ ਕੱਢਦਾ ਹਾਂ ਵਾਲੀ ਨੀਤੀ ਅਪਣਾਈ ਜਾ ਰਹੀ ਸੀ। ਕੁੜੀਆਂ ਪੈਸੇ ਲੈ ਕੇ ਮੁੰਡੇ ਕੱਢਦੀਆਂ ਤੇ ਮੁੰਡੇ ਕੁੜੀਆਂ ਨੂੰ। ਸੌਦਾ ਤਕਰੀਬਨ ਪੰਜਾਹ ਲੱਖ ਤੱਕ ਜਾ ਪਹੁੰਚਿਆ ਸੀ। ਪੇਪਰ ਮੈਰਿਜਾਂ ਦਾ ਧੰਦਾ ਵੀ ਜ਼ੋਰਾਂ ਤੇ ਸੀ। ਅਜਿਹੀਆਂ ਨਕਲੀ ਸ਼ਾਦੀਆਂ ਦੀ ਮੈਰਿਜ ਪੈਲਿਸਾਂ ਵਿੱਚ ਭਰਮਾਰ ਸੀ। ਇਹ ਪੈਲਿਸਾਂ ਵਾਲਿਆ ਨੂੰ ਮੁੰਡਾ ਕੁੜੀ ਹੀ ਚਾਹੀਦੇ ਸਨ। ਬਾਕੀ ਬੁੱਤਾ ਸਾਰਨ ਲਈ ਨਕਲੀ ਮਾਂ ਪਿਉ, ਭੈਣ-ਭਰਾ, ਬਰਾਤੀ ਸਭ ਦਾ ਪ੍ਰਬੰਧ ਉਹ ਖ਼ੁਦ ਕਰ ਦਿੰਦੇ। ਮੇਰਾ ਭਤੀਜਾ ਵੀ ਕੋਈ ਅਜਿਹਾ ਹੀ ਜੁਗਾੜ ਫਿੱਟ ਕਰਨਾ ਚਾਹੁੰਦਾ ਸੀ। ਪਰ ਇਸ ਡਰਾਮੇ ਲਈ ਉਹ ਪੈਸੇ ਮੇਰੇ ਤੋਂ ਖ਼ਰਚਾਉਣੇ ਚਾਹੁੰਦਾ ਸੀ। ਜਿਸ ਲਈ ਮੇਰੀ ਘਰ ਵਾਲੀ ਕਤਈ ਤਿਆਰ ਨਹੀਂ ਸੀ। ਇਸ ਬਖੇੜੇ ਵਿੱਚ ਮੇਰਾ ਪਰਿਵਾਰ ਵੀ ਟੁੱਟ ਸਕਦਾ ਸੀ। ਤਲਾਕ ਹੋ ਸਕਦਾ ਸੀ। ਬੱਚੇ ਰੁਲ਼ ਸਕਦੇ ਸਨ। ਪਰ ਇੰਡੀਆ ਵਾਲਿਆਂ ਨੂੰ ਇਸਦੀ ਕੋਈ ਪਰਵਾਹ ਨਹੀਂ ਸੀ,ਉਨ੍ਹਾਂ ਦਾ ਤਾਂ ਮੁੰਡਾ ਬਾਹਰ ਨਿਕਲਣਾ ਚਾਹੀਦਾ ਸੀ ਬਾਕੀ ਪੈਣ ਢੱਠੇ ਖੂਹ ਵਿੱਚ।
-----
ਹੁਣ ਮੰਚ ਤੇ ਪੰਜਾਬੀ ਸੂਰਬੀਰਾਂ ਦੀ ਵਾਰ ਗਾਈ ਜਾ ਰਹੀ ਸੀ। ਗਾਉਣ ਵਾਲਾ ਸਮੂਹ ਪੰਜਾਬੀਆਂ ਨੂੰ ਭਗਤ ਸਿੰਘ ਵਰਗੇ ਦੱਸਦਾ ਮੰਚ ਤੇ ਬਾਂਦਰ ਟਪੂਸੀਆਂ ਮਾਰ ਮਾਰ ਗਾ ਰਿਹਾ ਸੀ। ਅੱਜ ਕੱਲ ਇਹ ਗਾਉਣ ਵਾਲੇ ਕਿਸੇ ਦੀ ਮੌਤ ਤੇ ਸ਼ਰਧਾਂਜਲੀ ਪੇਸ਼ ਕਰਨ ਵੇਲੇ ਵੀ ਅਜਿਹੀਆਂ ਟਪੂਸੀਆਂ ਮਾਰ-ਮਾਰ ਹੀ ਗਾਉਂਦੇ ਹਨ। ਗੱਲ ਉਹ ਪੰਜਾਬੀਆਂ ਦੀ ਹੋ ਰਹੀ ਸੀ ਜਿਨ੍ਹਾਂ ਨੇ ਕੁੜੀਆਂ ਨੂੰ ਹੁਣ ਚਿੜੀਆਂ ਤੋਂ ਕੈਨੇਡਾ ਦੇ ਚੁਬਾਰੇ ਚੜ੍ਹਨ ਲਈ ਪੌੜੀਆਂ ਬਣਾ ਲਿਆ ਸੀ। ਕਈ ਤਾਂ ਇਸ ਤੋਂ ਵੀ ਅਗਾਂਹ ਲੰਘ ਗਏ ਸਨ ਕਿ ਜੇ ਕੁੜੀ ਜੰਮੀ ਤਾਂ ਪੰਜਾਹ ਲੱਖ ਕਿਸੇ ਨੂੰ ਦੇਣਾ ਪਊ ਜੇ ਮੁੰਡਾ ਜੰਮਿਆ ਤਾਂ ਪੰਜਾਹ ਲੱਖ ਝੋਲ਼ੀ ਪਊ। ਘਾਟੇ ਵਾਲਾ ਸੌਦਾ ਕਰਨ ਨਾਲੋਂ ਅਜਿਹੇ ਵਪਾਰੀ ਲਿੰਗ ਪਰਖ਼ ਕਰਵਾ ਕੇ ਜੰਮਣੋਂ ਪਹਿਲਾਂ ਹੀ ਕੁੜੀਆਂ ਮਾਰ ਦਿੰਦੇ। ਪੰਜਾਬ ਹੁਣ ਕੁੜੀ ਮਾਰਾਂ ਦਾ ਸੂਬਾ ਕਰਕੇ ਜਾਣਿਆ ਜਾਣ ਲੱਗ ਪਿਆ ਸੀ।
-----
ਜੋ ਭਗਤ ਸਿੰਘ ਦੇ ਸਮੇਂ ਜੰਮਣ ਸਾਰ ਮਾਰੀਆਂ ਜਾਂਦੀਆਂ ਸਨ ਹੁਣ ਜੰਮਣ ਤੋਂ ਪਹਿਲਾਂ ਹੀ ਮਾਰੀਆਂ ਜਾਣ ਲੱਗੀਆਂ ਸਨ। ਮੈਂ ਸੋਚਣ ਲੱਗਾ ਜੇ ਏਦਾਂ ਹੀ ਰਿਹਾ ਤਾਂ ਘੋੜੀਆਂ ਗਾਉਣ ਵਾਲ਼ੀਆਂ ਕਿੱਥੇ ਬਚਣੀਆਂ ਨੇ?? ਸ਼ਾਇਦ ਏਸੇ ਕਰਕੇ ਭਗਤ ਸਿੰਘ ਦੀ ਘੋੜੀ ਗਾਉਣ ਵਾਲਾ ਐਨਾ ਜ਼ੋਰ ਲਾ ਲਾ ਗਾ ਰਿਹਾ ਸੀ। ਪਤਾ ਨਹੀਂ ਕਿਸ ਸਦੀ ਦੇ ਪੰਜਾਬੀਆਂ ਦੀ ਗੱਲ ਹੋ ਰਹੀ ਸੀ।
-----
ਲਉ ਜੀ ਹੁਣ ਗਿੱਧਾ ਆ ਗਿਆ, ਪੰਜਾਬੀ ਹੀਰਾਂ ਦਾ ਗਿੱਧਾ। ਮੈਂ ਸੋਚ ਰਿਹਾ ਸੀ ਕਿਹੜੀਆਂ ਹੀਰਾਂ, ਉਹ ਜੋ ਭਾਰਤ ਤੋਂ ਆਪਣੇ ਰਾਂਝੇ ਨਾਲ ਸਾਈ ਵਧਾਈ ਲਾ ਕੇ ਆਉਂਦੀਆਂ ਨੇ ਤੇ ਫੇਰ ਕੈਨੇਡਾ ਵਾਲੇ ਸੈਦੇ ਦੇ ਘਰ ਜਾਣ ਦੀ ਬਜਾਏ ਏਅਰਪੋਰਟ ਤੋਂ ਹੀ ਗ਼ਾਇਬ ਹੋ ਜਾਂਦੀਆਂ ਨੇ। ਮੈਨੂੰ ਲੱਗਿਆ ਕਿ ਸਾਰਾ ਆਵਾ ਹੀ ਊਤਿਆ ਪਿਆ ਹੋਵੇ। ਲੋਕ ਕਬੂਤਰ ਵਾਂਗ ਅੱਖਾਂ ਮੀਟੀਂ ਬੈਠੇ, ਆਪਣੀਆਂ ਝੂਠੀਆਂ ਸਿਫ਼ਤਾਂ ਸੁਣ ਸੁਣ ਖ਼ੁਸ਼ ਹੋ ਰਹੇ ਸਨ।
ਦਿਖਾਵੇ ਲਈ ਪੰਜਾਬ ਦੇ ਕਿਸਾਨ ਜ਼ਮੀਨਾਂ ਵੇਚ ਵੇਚ ਕਾਰਾਂ ਲੈ ਰਹੇ ਸਨ ਤੇ ਵੱਡੀਆਂ-ਵੱਡੀਆਂ ਕੋਠੀਆਂ ਪਾ ਰਹੇ ਸਨ, ਤਾਂ ਕੇ ਟੌਹਰ ਵੇਖ ਕੇ ਹੀ ਸ਼ਾਇਦ ਕੋਈ ਬਾਹਰਲਾ ਰਿਸ਼ਤਾ ਫਸ ਜਾਵੇ। ਪੰਜਾਬ ਦੇ ਪਿੰਡਾਂ ਵਿੱਚ ਹੁਣ ਡਾਕਟਰ ਇੰਜੀਨੀਅਰ ਤਾਂ ਪੈਦਾ ਹੋ ਨਹੀਂ ਸੀ ਰਹੇ ਬੱਸ ਕੋਠੀਆਂ ਹੀ ਕੋਠੀਆਂ ਦਿਸਦੀਆਂ ਸਨ। ਤੇ ਇਹ ਦਿਖਾਵੇ ਦੀਆਂ ਕੁੰਡੀਆਂ ਹੀ ਕੰਮ ਦਿੰਦੀਆਂ ਸਨ। ਮੇਰਾ ਭਰਾ ਮੱਖਣ ਵੀ ਤਾਂ ਇੱਕ ਅਜਿਹੀ ਹੀ ਕੁੰਡੀ ਲਾਈ ਬੈਠਾ ਸੀ, ਪਰ ਮੱਛੀ ਕੋਈ ਫਸ ਨਹੀਂ ਸੀ ਰਹੀ।
-----
ਮੈਂ ਮਹਿਸੂਸ ਕਰਨ ਲੱਗਿਆ, ਇਹ ਪ੍ਰਬੰਧਕ ਵੀ ਉਸੇ ਤਰਾਂ ਦੇ ਲੋਕ ਹਨ ਜੋ ਹੜ੍ਹ-ਪੀੜਤਾਂ, ਭੂਚਾਲ-ਪੀੜਤਾਂ, ਹਸਪਤਾਲਾਂ ਅਤੇ ਵਿਦਿਅਕ ਅਦਾਰਿਆਂ ਲਈ ਮਾਇਆ ਵੀ ਇਕੱਤਰ ਕਰਦੇ ਨੇ। ਅਜਿਹੇ ਮੌਕੇ ਫੰਡ ਰੇਜ਼ਿੰਗ ਡਿਨਰ ਕਰਵਾਏ ਜਾਂਦੇ ਲੀਡਰ ਸੱਦੇ ਜਾਂਦੇ, ਖਾਣੇ ਨਾਲ ਸ਼ਰਾਬ ਪਿਆਈ ਜਾਂਦੀ ਅਤੇ ਭੰਗੜੇ ਪਾਏ ਜਾਂਦੇ। ਵਿੱਢਿਆ ਕਾਜ ਸਿਰੇ ਚੜ੍ਹੇ ਜਾਂ ਨਾ ਚੜ੍ਹੇ ਪਰ ਇਨ੍ਹਾਂ ਦੇ ਬਿਜ਼ਨਸ ਜ਼ਰੂਰ ਚਮਕ ਪੈਂਦੇ। ਇਨ੍ਹਾਂ ਕੋਲ ਮਹਿੰਗੀਆਂ ਕਾਰਾਂ ਅਤੇ ਕੀਮਤੀ ਘਰ ਆ ਜਾਂਦੇ। ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਸਨ ਕਿ ਇਕੱਲੀ ਕਬੂਤਰਬਾਜ਼ੀ ਹੀ ਨਹੀਂ ਨਾਲ ਇਹ ਡਰੱਗ ਦਾ ਧੰਦਾ ਵੀ ਕਰਦੇ ਨੇ। ਪੈਸੇ ਦੇ ਜੋਰ ਨਾਲ ਇਨ੍ਹਾਂ ਵਿੱਚੋਂ ਕਈ ਮੀਡੀਏ ਤੇ ਵੀ ਕਾਬਜ਼ ਹੋ ਗਏ ਨੇ। ਅਜਿਹਾ ਸਭ ਕੁਝ ਚੱਲਦਾ ਸੀ।
-----
ਪਰ ਮੈਨੂੰ ਦੋਹਰਾ ਕਿਰਦਾਰ ਜੀਣਾ ਨਹੀਂ ਸੀ ਆਇਆ। ਨਾ ਮੈਂ ਘਰ ਵਾਲੀ ਨੂੰ ਝੂਠ ਬੋਲ ਸਕਦਾ ਤੇ ਨਾ ਭਰਾ ਨੂੰ ਝੂਠੇ ਲਾਰੇ ਲਾ ਸਕਦਾ ਸਾਂ। ਤੇ ਦੋਹਾਂ ਪਾਸਿਆਂ ਤੋਂ ਛਿੱਤਰ ਖਾ ਰਿਹਾ ਸੀ। ਭਰਾ ਵਲੋਂ ਮੈਨੂੰ ਘਰਵਾਲੀ ਦੇ ਮਗਰ ਲੱਗਿਆ ਸਮਝਿਆ ਜਾਂਦਾ ਸੀ। ਭਗਤ ਸਿੰਘ ਕਮੇਟੀ ਵਾਲੇ ਮੇਰੇ ਵਰਗੇ ਨੂੰ ਉਂਝ ਹੀ ਨੇੜੇ ਨਾ ਫਟਕਣ ਦਿੰਦੇ ਕਿ ਐਵੇਂ ਖਾਹਮ ਖਾਹ ਕੋਈ ਪੰਗਾ ਪਾਊ। ਅੱਜ ਵੀ ਮੈਂ ਅੱਖੀਂ ਦੇਖ ਕੇ ਮੱਖੀ ਨਿਗਲ਼ਣ ਤੇ ਮਜਬੂਰ ਸੀ। ਜੇ ਕੋਈ ਕਿੰਤੂ ਪਰੰਤੂ ਕਰਦਾ ਤਾਂ ਅਗਲਿਆਂ ਸਿਕਿਉਰਿਟੀ ਵਾਲਿਆਂ ਤੋਂ ਚੁਕਵਾ ਬਾਹਰ ਕਢਵਾ ਕਹਿਣਾ ਸੀ ਕਿ ਇਹ ਸਾਡਾ ਸਮਾਗਮ ਖ਼ਰਾਬ ਕਰਨ ਆਇਆ ਹੈ।
-----
ਹੁਣ ਇੱਕ ਨੌਜਵਾਨ ਲੜਕੀ ਅਸ਼ਲੀਲ ਹਰਕਤਾਂ ਭਰਪੂਰ 'ਚੋਲੀ ਕੇ ਪੀਛੇ ਕਿਆ ਹੈ' ਵਾਲਾ ਗੀਤ ਗਾ ਰਹੀ ਸੀ ਜਿਸ ਨੂੰ ਮੰਚ ਸਕੱਤਰ ਨੇ ਵਧਾਈ ਦਿੰਦਿਆਂ ਆਖਿਆਂ ਸੀ ਕਿ ਸਾਡੀ ਨਵੀ, ਏਧਰ ਜੰਮੀ ਪੀੜ੍ਹੀ ਵੀ ਹੁਣ ਸੱਭਿਆਚਾਰ ਨਾਲ ਜੁੜ ਰਹੀ ਹੈ। ‘ਸੱਸ ਕੁੱਟਣੀ’ ਵਰਗੀਆਂ ਬੋਲੀਆਂ ਸੁਣ ਸੁਣ ਲੱਗਦਾ ਸੀ ਕਿ ਪਤਾ ਨਹੀਂ ਸਾਡਾ ਸੱਭਿਆਚਾਰ ਕਿੱਥੇ ਦਫ਼ਨ ਹੋ ਗਿਆ ਹੈ।
-----
ਸ਼ੋਹਰਤ ਦਾ ਡੰਗਿਆ ਅਤੇ ਹੰਕਾਰ ਦਾ ਭਰਿਆ ਇੱਕ ਲੇਖਕ ਜੋ ਸਿਰਫ਼ ਪ੍ਰਧਾਨਗੀਆਂ ਕਰਨ ਹੀ ਸਮਾਗਮਾਂ ਤੇ ਪੁੱਜਦਾ ਹੈ, ਏਥੇ ਵੀ ਪ੍ਰਧਾਨਗੀ ਮੰਡਲ ਵਿੱਚ ਬੈਠਾ ਸਭ ਕੁੱਝ ਬੇਸ਼ਰਮੀ ਨਾਲ ਵੇਖ ਰਿਹਾ ਸੀ। ਵੈਸੇ ਵੀ ਸ਼ਹਿਰ ਵਿੱਚ ਪੰਜਾਬ ਦੇ ਡੇਰਿਆਂ ਵਾਂਗੂੰ ਉੱਗੀਆਂ ਸਾਹਿਤਕ ਸੰਸਥਾਵਾਂ ਵੀ ਹੁਣ ਕੁੱਕੜੀ ਖਿਲਾਰਾ ਪਾਉਣ ਜੋਗੀਆਂ ਹੀ ਰਹਿ ਗਈਆਂ ਸਨ। ਹੋਰ ਤਾਂ ਉਨ੍ਹਾਂ ਦਾ ਕੋਈ ਵੀ ਸਮਾਜਿਕ ਯੋਗਦਾਨ ਵੀ ਨਹੀਂ ਸੀ ਰਹਿ ਗਿਆ, ਤਾਂ ਹੀ ਤਾਂ ਸ਼ਹਿਰ ਵਿੱਚ ਅਜਿਹਾ ਕੁਝ ਵਾਪਰ ਰਿਹਾ ਸੀ।
-----
ਤਦੇ ਮੇਰੀ ਜੇਬ ਵਿੱਚ ਪਾਇਆ ਸੈੱਲ ਫੋਨ ਘੁਰਰ-ਘੁਰਰ ਕਰਨ ਲੱਗਿਆ। ਜਿਵੇਂ ਕੋਈ ਕਾਲਾ ਵਿਸ਼ੀਅਰ ਫਨ ਚੁੱਕ ਖਲੋਤਾ ਹੋਵੇ। ਉਧਰੋਂ ਅੱਜ ਦੇ ਮੁੱਖ ਮਹਿਮਾਨ ਦਾ ਭਾਸ਼ਣ ਸ਼ੁਰੂ ਹੋ ਗਿਆ। ਭਗਤ ਸਿੰਘ ਨੂੰ ਚੋਟੀ ਦਾ ਸਿੱਖ ਸਾਬਤ ਕਰਦਾ ਹੋਇਆ ਉਹ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੀ ਬੱਲੇ ਬੱਲੇ ਕਰਵਾਉਣ ਲਈ ਵੋਟਾਂ ਦੀ ਭੀਖ ਮੰਗਣ ਲੱਗਿਆ। ਫੇਰ ਇਸ ਲੀਡਰ ਨੇ ਕਲਾਕਾਰਾਂ ਨੂੰ ਇਨਾਮ ਵੰਡਣੇ ਸ਼ੁਰੂ ਕਰ ਦਿੱਤੇ। ਹੁਣ ਸਾਰਿਆਂ ਦਾ ਫੋਟੋਆਂ ਖਿਚਵਾਉਣ ਤੇ ਜ਼ੋਰ ਸੀ।
-----
ਫੋਨ ਦੀ ਘੁਰਰ ਘੁਰਰ ਨੇ ਮੈਨੂੰ ਹਾਲ ਤੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ। ਘਰੋਂ ਫੋਨ ਸੀ ਤੇ ਪਤਨੀ ਬੋਲ ਰਹੀ ਸੀ, ''ਇੰਡੀਆ ਤੋਂ ਵਾਰ ਵਾਰ ਰੂਬਨ ਦਾ ਫੋਨ ਆ ਰਿਹਾ ਹੈ। ਉਹ ਲੁਧਿਆਣੇ ਕਿਸੇ ਟਰੈਵਲ ਏਜੰਟ ਦੇ ਦਫ਼ਤਰ 'ਚ ਬੈਠਾ ਹੈ ਤੇ ਤੁਹਾਡੇ ਨਾਲ ਗੱਲ ਕਰਨੀ ‘ਮੰਗਦਾ’ ਸੀ। ਅਖੈ ਚਾਚਾ ਜੀ ਮੈਨੂੰ ਸਾਫ਼-ਸਾਫ਼ ਦੱਸਣ ਕੁੱਝ ਕਰ ਸਕਦੇ ਨੇ ਕਿ ਨਹੀਂ? ਫੇਰ ਹੀ ਏਜੰਟ ਨਾਲ ਗੱਲ ਤੋਰੀਏ। ਉਹ ਇਹ ਵੀ ਕਹਿੰਦਾ ਸੀ ਕਿ ਏਜੰਟ ਅਠਾਰਾਂ ਲੱਖ ਮੰਗਦਾ ਹੈ। ਡੈਡ ਕਹਿੰਦਾ ਤੁਸੀਂ ਭੇਜੋਂਗੇ ਕਿ ਜ਼ਮੀਨ ਗਹਿਣੇ ਕਰ ਕੇ ਦੇ ਦਈਏ। ਉਹ ਤਾਂ ਇਹ ਵੀ ਆਖਦਾ ਸੀ ਕਿ ਹੁਣੇ ਵੈਸਟਨ ਯੂਨੀਅਨ ਰਾਹੀਂ ਪੈਸੇ ਭੇਜ ਦਿਉ ਤੇ ਪੈਸੇ ਭੇਜਕੇ ਫੋਨ ਕਰੋ।”
-----
ਪਤਨੀ ਰੋਣ ਹਾਕੀ ਹੋਈ ਪਈ ਸੀ ਕਿ 'ਪੈਸੇ ਏਥੇ ਝਾੜਾਂ ਨੂੰ ਲੱਗਦੇ ਆ। ਮੈਂ ਪਿਛਲੇ ਦੋ ਸਾਲਾ ਤੋਂ ਆਪਣੇ ਲਈ ਗਰਮ ਕੋਟ ਅਤੇ ਸਨੋਅ ਸ਼ੂਅ ਨਹੀਂ ਲੈ ਸਕੀ। ਤੁਸੀਂ ਪਿਛਲੇ ਚਾਰ ਸਾਲਾਂ ਤੋਂ ਉਹੀ ਤਿੰਨ ਚਾਰ ਪੈਂਟਾਂ ਪਾਉਂਦੇ ਆ ਰਹੇ ਹੋ। ਆਪਣੇ ਨਿਆਣਿਆਂ ਦਾ ਤਾਂ ਖ਼ਰਚਾ ਮਸਾਂ ਪੂਰਾ ਹੁੰਦਾ ਹੈ, ਉਨ੍ਹਾਂ ਨੂੰ ਪੈਸੇ ਕਿਥੋਂ ਭੇਜ ਦੇਈਏ? ਤੁਸੀਂ ਤੋੜਕੇ ਜਵਾਬ ਕਿਉਂ ਨੀ ਦਿੰਦੇ। ਇਹ ਲੋਲੋ ਪੋਪੋ ਜਿਹੀ ਨੇ ਸਾਰੇ ਟੱਬਰ ਦੀ ਜਾਨ ਸੂਲੀ ਤੇ ਟੰਗੀ ਪਈ ਆ। ਭੈਣ-ਭਰਾ ਹੋਣਗੇ ਰਾਹ ਰਾਹ ਸਿਰ ਦੇ। ਨਹੀਂ ਕੁਝ ਕਹਿ ਸਕਦੇ ਤਾਂ ਮੈਨੂੰ ਦੱਸੋ ਜੇ ਮੁੜਕੇ ਫੋਨ ਕਰਨਗੇ ਤਾਂ ਕਹਿ ਦਿਉ। ਹੁਣ ਸਮਾਗਮ ਸਮੂਗਮ ਨੂੰ ਛੱਡੋ ਤੇ ਘਰ ਆ ਕੇ ਉਸ ਨੂੰ ਫੋਨ ਕਰਕੇ ਦੋ ਟੁੱਕ ਜਵਾਬ ਦਿਉ'' ਮੈਨੂੰ ਲੱਗਿਆ ਜਿਵੇਂ ਫਾਂਸੀ ਦਾ ਫੰਦਾ ਭਗਤ ਸਿੰਘ ਦੇ ਗੱਲੋਂ ਲਹਿਕੇ ਮੇਰੇ ਗਲ਼ ਵਿੱਚ ਪੈ ਗਿਆ ਹੋਵੇ।
-----
ਭਗਤ ਸਿੰਘ ਦਾ ਮੁੱਛਾਂ ਚਾੜ੍ਹਦਾ ਪੋਸਟਰ ਮੇਰੇ ਵਰਗੇ ਕਮਜ਼ੋਰ ਬੰਦੇ ਤੇ ਜਿਵੇਂ ਹੱਸ ਰਿਹਾ ਸੀ। ਭਾਰਤ ਸ਼ਬਦ ਤੋਂ ਹੀ ਮੈਨੂੰ ਡਰ ਆਉਣ ਲੱਗਾ। ਮੈਂ ਛਿੱਥਾ ਜਿਹਾ ਪੈਂਦਿਆਂ ਆਲੇ ਦੁਆਲੇ ਨਜ਼ਰ ਘੁਮਾਈ। ਲੋਕ ਫਰੀ ਦੇ ਸਮੋਸਿਆਂ ਨੂੰ ਟੁੱਟ ਕੇ ਪਏ ਹੋਏ ਸਨ। ਫੰਡ ਕੱਟਣ ਵਾਲੇ ਫੰਡ ਕੱਟੀ ਜਾ ਰਹੇ ਸਨ। ਕਿਤਾਬਾਂ ਵੀ ਵਿਕ ਰਹੀਆਂ ਸਨ। ਇੱਕ ਜ਼ਮੀਰ ਹੀ ਸੀ ਜਿਹੜੀ ਵਿਕਣ ਦਾ ਨਾਂ ਨਹੀਂ ਸੀ ਲੈ ਰਹੀ। ਅੰਦਰੋਂ ਲੀਡਰ ਦੇ ਭਾਸ਼ਨ ਦੀ ਆਵਾਜ਼ ਬਾਹਰ ਸੁਣ ਰਹੀ ਸੀ। ਜੋ ਮੇਰੀ ਆਤਮਾ ਦੀ ਆਵਾਜ਼ ਨਾਲੋਂ ਕਿਤੇ ਉੱਚੀ ਸੀ। ਤਾਰੋ-ਤਾਰ ਹੋਈ ਮਾਨਸਿਕਤਾ ਲੈ ਕੇ ਮੈਂ ਪਾਰਕਿੰਗ ਲੌਟ ਵਲ ਦੌੜ ਰਿਹਾ ਸੀ।
-----
ਪਾਰਕਿੰਗ ਲੌਟ ਵਿੱਚ ਕੁਝ ਨੌਜਵਾਨ ਕਾਰ ਵਿੱਚ ਬੈਠੇ ਸ਼ਰਾਬ ਤੇ ਸਿਗਰਟਾਂ ਪੀ ਰਹੇ ਸਨ। ਇੱਕ ਦੋ ਹੋਰ ਕਾਰਾਂ ਵਿੱਚ ਮੁੰਡੇ ਕੁੜੀਆਂ ਚੜਚੋਲ੍ਹੜ ਪਾ ਰਹੇ ਸਨ। ਭਗਤ ਸਿੰਘ ਦਾ ਰੋਲ ਕਰਨ ਵਾਲਾ ਆਪਣੀ ਗਰਲ ਫ੍ਰੈਂਡ ਨੂੰ ਚੁੰਮ ਰਿਹਾ ਸੀ। ਮੈਂ ਪਿੱਛੇ ਮੁੜ ਕੇ ਦੇਖਿਆ ਲੋਕਾਂ ਦੀ ਅਥਾਹ ਭੀੜ ਭੇਡਾਂ ਵਾਂਗੂੰ ਮਿਆਂਕਦੀ ਗੇਟਾਂ ਤੋਂ ਬਾਹਰ ਨਿਕਲ਼ ਰਹੀ ਸੀ। ਭੇਡਾਂ ਜਿੰਨਾਂ ਨੇ ਵੱਢੀਆਂ ਹੀ ਜਾਣਾ ਸੀ ਚਾਹੇ ਕਈ ਵੱਢ ਲਵੇ। ਮੈਨੂੰ ਲੱਗਿਆ ਜਿਵੇਂ ਮੇਰੇ ਜਿਸਮ ਤੇ ਵੀ ਉੱਨ ਉੱਗ ਆਈ ਹੋਵੇ। ਮੇਰੇ ਮਨ 'ਚ ਮੱਚਿਆ ਤਰਥੱਲ ਕਦੇ ਮੈਨੂੰ ਭਾਰਤ ਕਦੇ ਭਗਤ ਸਿੰਘ ਅਤੇ ਕਦੇ ਆਪਣੇ ਭਤੀਜੇ ਬਾਰੇ ਸੋਚਣ ਲਾ ਦਿੰਦਾ। ਜਿਵੇਂ ਮੈਂ ਆਪਣੇ ਹੀ ਘਰ ਫਾਂਸੀ ਚੜ੍ਹਨ ਜਾ ਰਿਹਾ ਹੋਵਾਂ। ਹਾਲ ਅੰਦਰਲਾ ਡਰਾਮਾ ਮੁੱਕ ਗਿਆ ਸੀ ਤੇ ਬਾਹਰਲਾ ਜਿਵੇਂ ਸ਼ੁਰੂ ਹੋ ਗਿਆ ਹੋਵੇ।
*****
ਸਮਾਪਤ
No comments:
Post a Comment