ਭਾਗ ਪਹਿਲਾ
ਲੇਖ
ਕੌਨਵੋਕੇਸ਼ਨ ਸੈਂਟਰ ਵਿੱਚ ਬਹੁਤ ਭੀੜ ਜੁੜ ਚੁੱਕੀ ਸੀ। ਮੈਂ ਵੀ ਇਸ ਭੀੜ ਦਾ ਹਿੱਸਾ ਸਾਂ। ਭਗਤ ਸਿੰਘ ਦੀ ਜਨਮ ਸ਼ਤਾਬਦੀ 'ਤੇ ਮਨਾਏ ਜਾ ਰਹੇ ਸਮਾਗਮ ਵਿੱਚ ਜ਼ਮੀਰ ਦਾ ਧੱਕਿਆ ਧਕਾਇਆ ਮੈਂ ਵੀ ਆ ਗਿਆ ਸਾਂ। ਅੱਜ ਕੱਲ ਜ਼ਮੀਰ ਬੜਾ ਓਪਰਾ ਜਿਹਾ ਸ਼ਬਦ ਲੱਗਦਾ ਹੈ। ਕਾਲਿਜ ਦੇ ਦਿਨਾਂ ਵਿੱਚ ਤਾਂ ਇਹ ਸ਼ਬਦ ਜਿਵੇਂ ਸ਼ਖ਼ਸੀਅਤ ਦਾ ਹਿੱਸਾ ਹੀ ਬਣ ਗਿਆ ਸੀ। ਉਦੋਂ ਤਾਂ ਭਗਤ ਸਿੰਘ ਦਾ ਨਾਂ ਵੀ ਜ਼ਿਹਨ ਵਿੱਚ ਗੂੰਜਦਾ ਰਹਿੰਦਾ ਸੀ, ਤੇ ਸ਼ਾਇਦ ਇਹ ਹੀ ਕੋਈ ਪੁਰਾਣੀ ਸਾਂਝ ਏਥੇ ਖਿੱਚ ਲਿਆਈ ਹੋਵੇ।
-----
ਚੜ੍ਹਦੀ ਜਵਾਨੀ ਤੇ ਭਗਤ ਸਿੰਘ ਦੀ ਵਿਚਾਰਧਾਰਾ... ਕਯਾ ਜੋੜ-ਮੇਲ ਸੀ। ਉਦੋਂ ਹੀ ਭਗਤ ਸਿੰਘ ਦਾ ਇੱਕ ਪੋਸਟਰ ਮੈਂ ਵੀ ਆਪਣੇ ਕਮਰੇ ਵਿੱਚ ਲਿਆ ਚਿਪਕਾਇਆ ਸੀ ਅਤੇ ਮੇਲਿਆਂ ਵਿੱਚ ਵਿਕਦੇ ਉਸ ਬਾਰੇ ਗੀਤਾਂ ਦੇ ਕਿਤਾਬਚੇ ਵੀ ਪੜ੍ਹੇ ਸਨ। ਢਾਡੀਆਂ ਤੋਂ ਉਸ ਦੀਆਂ ਸ਼ਹੀਦੀ ਵਾਰਾਂ ਸੁਣ ਸੁਣ ਕੇ ਲਹੂ ਖੌਲਣ ਲੱਗ ਪੈਂਦਾ ਸੀ। ਕਿਵੇਂ ਉਹ ਮੌਤ ਲਾੜੀ ਨੂੰ ਵਿਆਹੁਣ ਤੁਰਿਆ ਸੀ। 'ਮੁਲਕ 'ਚੋਂ ਗੋਰਿਆਂ ਨੂੰ ਕੱਢਣ ਤੇ ਭਾਰਤ ਨੂੰ ਆਜ਼ਾਦੀ ਦਿਵਾਉਣ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਸੀ '। ਇਹੋ ਗੱਲਾਂ ਦੱਸ ਦੱਸ ਕੇ ਹੀ ਸਟੂਡੈਂਟ ਯੂਨੀਅਨ ਵਾਲੇ ------
ਜ਼ਮੀਰ ਲਫ਼ਜ਼ ਵੀ ਮੈਂ ਤਾਂ ਕਾਲਜ ਜਾ ਕੇ ਹੀ ਸੁਣਿਆ ਸੀ। ਅਸੀਂ ਉਨ੍ਹਾਂ ਬਦੇਸ਼ੀਆਂ ਤੋਂ ਮੁਕਤ ਤਾਂ ਹੋ ਗਏ ਸਾਂ, ਲੇਕਿਨ ਭਾਰਤ ਛੱਡ , ਕੈਨੇਡਾ ਆ ਮੁੜ ਫੇਰ ਇਹ ਗ਼ੁਲਾਮੀ ਕਿਉਂ ਪ੍ਰਵਾਨ ਕਰ ਲਈ? ਕਈ ਵਾਰ ਏਸੇ ਕਰਕੇ ਜ਼ਮੀਰ ਮੈਨੂੰ ਲਾਹਨਤਾਂ ਪਾਉਂਦੀ ਹੈ। ਕੁੱਝ ਦੇਰ ਬਾਅਦ ਹੀ ਮੇਰਾ ਮਨ ਸੋਚਣ ਲੱਗ ਪੈਂਦਾ 'ਜਦੋਂ ਆਪਣੇ ਮੁਲਕ ਨੇ ਝੱਲੇ ਹੀ ਨਹੀਂ ਤਾਂ ਹੀ ਤਾਂ ਕੈਨੇਡਾ ਆਏ ਹਾਂ। ਪੜ੍ਹ ਲਿਖ ਕੇ ਦਰ-ਦਰ ਭਟਕਦੇ ਰਹੇ ਪਰ ਕਿਤੇ ਨੌਕਰੀ ਨਹੀਂ ਮਿਲੀ। ਜਿਵੇਂ ਕਹਿੰਦੇ ਨੇ ‘ਮਰਦੀ ਨੇ ਅੱਕ ਚੱਬਿਆ....' ਪਰ ਫੇਰ ਮੈਂ ਮਨ ਨੂੰ ਸਮਝਾਉਂਦਾ ਕਿ ਕਿ ਸਾਰੀ ਧਰਤੀ ਹੀ ਆਪਣੀ ਹੈ।
-----
ਜਿਸ ਦਿਨ ਮੈਂ ਭਾਰਤ ਦੀ ਨਾਗਰਿਕਤਾ ਤਿਆਗ, ਕੈਨੇਡਾ ਦਾ ਨਾਗਰਿਕ ਬਣ ਸਹੁੰ ਚੁੱਕੀ ਸੀ, ਮਨ ਤਾਂ ਉਸ ਦਿਨ ਵੀ ਬੜਾ ਕੁਰਲਾਇਆ ਸੀ, ਜਿਵੇਂ ਮਾਂ ਦੀ ਬੁੱਕਲ 'ਚੋਂ ਨਿੱਕਲ਼, ਮਤਰੇਈ ਦੀ ਗੋਦ 'ਚ ਬੈਠ, ਮੈਂ ਮਾਂ ਨੂੰ ਭੁਲਾ ਦਿੱਤਾ ਹੋਵੇ। ਪਰ ਫਿਰ ਮੈਂ ਸੋਚਦਾ ਇਨਸਾਨ ਤਾਂ ਸਾਰੇ ਇੱਕੋ ਨੇ ਲੁੱਟੇ ਜਾ ਰਹੇ ਅਤੇ ਲੁੱਟਣ ਵਾਲੇ। ਫੇਰ ਮਨੁੱਖਤਾ ਦਾ ਭਲਾ ਲੋਚਣ ਵਾਲੇ, ਸ਼ਹੀਦ ਭਗਤ ਸਿੰਘ ਦਾ ਅਕਸ ਮੇਰੇ ਮਨ ਵਿੱਚ ਹੋਰ ਗੂੜ੍ਹਾ ਹੋਣ ਲੱਗਦਾ।
ਪਤਾ ਨਹੀਂ ਫੇਰ ਵੀ ਕਿਉਂ ਮਨ ਕਦੇ ਕਦੇ ਆਪਣੇ ਆਪ ਨੂੰ ਭਗੌੜਾ ਸਮਝਣ ਲੱਗ ਪੈਂਦਾ। ਸ਼ਾਇਦ ਮਨ ਅੰਦਰਲੀ ਕੋਈ ਅਪਰਾਧੀ ਭਾਵਨਾ ਵੀ ਹੋ ਸਕਦੀ ਹੈ,ਕਿ ਜਦੋਂ ਵੀ ਕਿਸੇ ਨਾ ਕਿਸੇ ਸੰਸਥਾ ਵਲੋਂ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ, ਮੈਂ ਉੱਥੇ ਹੀ ਜਾ ਪੁੱਜਦਾ। ਅੱਜ ਵੀ ਬੱਸ ਇਸੇ ਤਰ੍ਹਾਂ ਆ ਹੀ ਗਿਆ ਸੀ।
-----
ਇਹ ਉਹ ਹੀ ਸੰਸਥਾ ਸਮਾਗਮ ਕਰਵਾ ਰਹੀ ਸੀ ਜਿਹੜੀ ਭਾਰਤ ਵਿੱਚ ਅਮਰੀਕੀ ਸਾਮਰਾਜ ਅਤੇ ਸਰਮਾਏਦਾਰੀ ਪ੍ਰਬੰਧ ਨੂੰ ਕੋਸਦੀ ਰਹਿੰਦੀ ਸੀ ਅਤੇ ਵੋਟਾਂ ਦੀ ਰਾਜਨੀਤੀ ਤੋਂ ਹਟਕੇ ਹਥਿਆਰਬੰਦ ਇਨਕਲਾਬ ਦੀ ਹਮਾਇਤ ਕਰਦੀ ਸੀ। ਪਰ ਹੁਣ ਸਰਮਾਏਦਾਰੀ ਛਤਰੀ ਦਾ ਆਨੰਦ ਮਾਣ ਰਹੀ ਸੀ। ਰੱਸੀ ਮੱਚ ਗਈ ਪਰ ਵੱਟ ਨਹੀਂ ਸੀ ਗਿਆ। ਹਥਿਆਰਬੰਦ ਇਨਕਲਾਬ ਦੇ ਕੀੜੇ ਅਜੇ ਵੀ ਅੰਦਰੋਂ ਪੂਰੀ ਤਰ੍ਹਾਂ ਨਹੀਂ ਸਨ ਮਰੇ। ਏਸੇ ਕਰਕੇ ਪ੍ਰਬੰਧਕਾਂ ਨੇ ਜੋ ਪੋਸਟਰ ਬਣਾਇਆ ਸੀ ਉਸ ਤੇ ਭਗਤ ਸਿੰਘ ਆਪਣੇ ਰਿਵਾਲਵਰ ਨਾਲ ਸਾਂਡਰਸ ਨੂੰ ਭੁੰਨ ਰਿਹਾ ਸੀ। ਜਿਸ ਨੂੰ ਵੇਖ ਕੇ ਇੱਕ ਵਾਰ ਮੇਰੇ ਬੇਟੇ ਨੇ ਪੁੱਛਿਆ ਸੀ ''ਡੈਡ! ਭਗਤ ਸਿੰਘ ਵਾਜ਼ ਏ ਟੈਰੋਰਿਸਟ?''
ਉਹ ਗੁਰਦਵਾਰਿਆਂ ਦੇ ਲੰਗਰ ਹਾਲਾਂ ਵਿੱਚ ਬੰਦੂਕਾਂ,ਮਸ਼ੀਨ ਗੰਨਾਂ ਤੇ ਹੋਰ ਹਥਿਆਰ ਬੰਦਾਂ ਦੀਆਂ ਫੋਟੋਆਂ ਵੇਖ ਵੀ ਅਕਸਰ ਏਹੋ ਜਿਹੇ ਸੁਆਲ ਕਰਦਾ ਸੀ ਕਿ ''ਇਹ ਟੈਰੋਰਿਸਟਾਂ ਨੂੰ ਕਿਉਂ ਪਰਮੋਟ ਕਰ ਰਹੇ ਨੇ ਗੁਰਦਵਾਰੇ ਤਾਂ ਅਸੀਂ ਮਨ ਦੀ ਸ਼ਾਂਤੀ ਲਈ ਆਉਂਦੇ ਹਾਂ'' ਕਈ ਵਾਰ ਉਸਦੇ ਸਵਾਲਾਂ ਦਾ ਮੇਰੇ ਕੋਲ ਕੋਈ ਜਵਾਬ ਨਾ ਹੁੰਦਾ।
-----
ਲਾਬੀ ਵਿੱਚ ਭੀੜ ਬਹੁਤ ਹੋਣ ਕਰਕੇ ਪੈਰ ਧਰਨ ਨੂੰ ਵੀ ਥਾਂ ਨਹੀਂ ਸੀ। ਬਹੁਤ ਸਾਰੇ ਬੱਚਿਆਂ ਨੂੰ ਸੱਭਿਆਚਾਰ ਸਿਖਾਉਣ ਦੇ ਚਾਹਵਾਨ ਮੱਲੋ-ਜ਼ੋਰੀ ਉਨ੍ਹਾਂ ਨੂੰ ਨਾਲ ਲੈ ਕੇ ਆਏ ਸਨ। ਕੰਧਾਂ ਤੇ ਭਗਤ ਸਿੰਘ ਦੇ ਬਹੁਤ ਸਾਰੇ ਪੋਸਟਰ ਸਜਾਏ ਗਏ ਸਨ,ਜਿਨ੍ਹਾਂ ਵਿੱਚ ਉਸਦੇ ਸਿਰ ਤੇ ਪਗੜੀ ਵੀ ਸੀ ਤੇ ਟੋਪੀ ਵੀ। ਪੱਗਾਂ ਵਾਲੇ ਭਗਤ ਸਿੰਘ ਦਾ ਪੱਗ ਵਾਲਾ ਪੋਸਟਰ ਖ਼ਰੀਦ ਰਹੇ ਸਨ ਤਾਂ ਕਿ ਬੱਚਿਆਂ ਨੂੰ ਉਸਦਾ ਸਿੱਖ ਹੋਣਾ ਸਮਝਾ ਸਕਣ।
ਪ੍ਰੋਗਰਾਮ ਦੇ ਇਸ਼ਤਿਹਾਰ ਤੇ ਵੀ ਪੱਗ ਅਤੇ ਟੋਪੀ ਵਾਲੇ ਪੋਸਟਰ ਦੀ ਚੋਣ ਦਾ ਵਾਵੇਲਾ ਖੜ੍ਹਾ ਹੋਇਆ ਸੀ ਤੇ ਆਖਿਰ ਗੁਰਦਵਾਰੇ ਕਮੇਟੀਆਂ ਤੋਂ ਸਹਿਯੋਗ ਲੈਣ ਲਈ ਪੱਗ ਵਾਲਾ ਪੋਸਟਰ ਛਾਪਣ ਨੂੰ ਹੀ ਤਰਜੀਹ ਦਿੱਤੀ ਗਈ ਸੀ।
-----
ਇੱਕ ਹੋਰ ਜਥੇਬੰਦੀ ਵੀ ਸੀ ਜੋ ਭਗਤ ਸਿੰਘ ਨੂੰ ਸਿੱਖ ਸਾਬਤ ਕਰਨ ਲਈ ਹਰ ਵਰ੍ਹੇ ਗੁਰਦਵਾਰੇ ਸਾਹਿਬ ਅਖੰਡ ਪਾਠ ਰੱਖ ਕੇ ਉਸਦਾ ਸ਼ਹੀਦੀ ਦਿਨ ਮਨਾਉਂਦੀ ਸੀ। ਅਜਿਹੇ ਮੌਕੇ ਭਗਤ ਸਿੰਘ ਦੀ ਮਾਂ ਵਿਦਿਆਵਤੀ ਨੂੰ ਕਵੀਸ਼ਰ ਗਿਆਨ ਕੌਰ ਕਹਿ ਕੇ ਇਤਿਹਾਸ ਨਾਲ ਧ੍ਰੋਹ ਵੀ ਕਰਦੇ। ਜਿਵੇਂ ਮਾਤਾ ਗੁਜਰੀ ਨੂੰ ਉਹ ਗੁਜਰ ਕੌਰ, ਮਾਤਾ ਸੁੰਦਰੀ ਨੂੰ ਸੁੰਦਰ ਕੌਰ ਕਹਿੰਦੇ ਸਨ। ਮੈਂ ਸੋਚ ਰਿਹਾ ਸੀ ਕਿ ਜੇ ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਭਾਈ ਕਨ੍ਹਈਆ ਨੂੰ ਭਾਈ ਕਨ੍ਹਈਆ ਸਿੰਘ, ਭਾਈ ਨੰਦ ਲਾਲ ਨੂੰ ਭਾਈ ਨੰਦ ਸਿੰਘ ਤੇ ਕਿਸੇ ਦਿਨ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਸਿੰਘ ਹੀ ਨਾ ਬਣਾ ਦੇਣ।
ਫਿਰਕਾਪ੍ਰਸਤੀ ਦੇ ਡੰਗੇ ਹੋਏ ਪ੍ਰਚਾਰਕ ਭਗਤ ਸਿੰਘ ਨੂੰ ਪੱਕਾ ਸਿੱਖ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ, ਜੋ ਮੈਨੂੰ ਕਦੇ ਚੰਗਾ ਨਾ ਲੱਗਦਾ। ਭਗਤ ਸਿੰਘ ਦਾ ਮਿਸ਼ਨ ਤਾਂ ਪੂਰੀ ਮਨੁੱਖਤਾ ਲਈ ਸੀ। ਖ਼ੁਸ਼ਬੂ ਨੂੰ ਡੱਬੀਆਂ ਵਿੱਚ ਬੰਦ ਨਹੀ ਕੀਤਾ ਜਾ ਸਕਦਾ।
-----
ਇਹ ਹੀ ਕਾਰਨ ਸੀ ਕਿ ਭਗਤ ਸਿੰਘ ਦੀ ਪੁਸਤਕ 'ਮੈਂ ਨਾਸਤਿਕ ਕਿਉਂ ਹਾਂ' ਏਥੇ ਵੀ ਵੇਚੀ ਨਹੀਂ ਸੀ ਜਾ ਰਹੀ, ਤੇ ਕਦੀ ਉਸਦਾ ਜ਼ਿਕਰ ਕਰਨਾ ਵੀ ਮੁਨਾਸਿਬ ਨਹੀਂ ਸੀ ਸਮਝਿਆ ਜਾਂਦਾ। ਸਿੱਖ ਕੱਟੜਵਾਦੀ ਉਸ ਨੂੰ ਏਸੇ ਕਰਕੇ ਨਿੰਦਦੇ ਕਿ ਉਹ ਤਾਂ ਨਾਸਤਿਕ ਸੀ। ਉਨ੍ਹਾਂ ਦਾ ਇੱਕ ਲੀਡਰ ਤਾਂ ਸ਼ਰ੍ਹੇਆਮ ਭਗਤ ਸਿੰਘ ਨੂੰ ਅੱਤਵਾਦੀ ਕਹਿੰਦਾ। ਜਿਸ ਨੇ ਸਾਰੀ ਉਮਰ ਖ਼ੁਦ ਅੱਤਵਾਦ ਜਾਂ ਵੱਖਵਾਦ ਦੇ ਮੁੱਦੇ ਤੇ ਲੀਡਰੀ ਚਮਕਾਈ ਸੀ ਤੇ ਉਮਰ ਭਰ ਦੀਆਂ ਰੋਟੀਆਂ ਸੇਕੀਆਂ ਸਨ।
-----
ਪੁਸਤਕਾਂ ਵੇਚਣ ਲਈ ਟੇਬਲ ਤਾਂ ਅੱਜ ਵੀ ਲਗਵਾਏ ਗਏ ਸਨ ਪਰ ਜਿਨ੍ਹਾਂ ਤੇ ਇੱਕ ਅਖ਼ਬਾਰ ਦਾ ਸੰਪਾਦਕ ਭਾਰਤ ਤੋਂ ਬਹੁਤ ਸਸਤੀਆਂ ਲਿਆਂਦੀਆਂ ਪੁਸਤਕਾਂ ਡਾਲਰਾਂ ਵਿੱਚ ਬਹੁਤ ਮਹਿੰਗੇ ਭਾਅ ਵੇਚ ਕੇ ਲਾਹਾ ਲੈ ਰਿਹਾ ਸੀ। ਪ੍ਰਬੰਧਕ ਕਮੇਟੀ ਨੇ ਆਪਣੀਆਂ ਫੋਟੋਆਂ ਅਤੇ ਚੰਗੀ ਕਵਰੇਜ਼ ਲਵਾਉਣ ਲਈ ਉਸ ਨੂੰ ਇਹ ਜਗਾ ਦਿੱਤੀ ਸੀ ਤਾਂ ਕਿ ਉਹ ਪੈਸੇ ਬਣਾ ਸਕੇ।
-----
'ਟੇਬਲ ਤੇ ਰਸੋਈ ਸਿੱਖਿਆ, ਕਾਮਯਾਬ ਹੋਣ ਦੇ ਤਰੀਕੇ, ਪੰਜਾਬੀ ਗੀਤ, ਨਾਵਲ, ਕਹਾਣੀਆਂ ਅਤੇ ਕੁਝ ਹੋਰ ਆਮ ਜਿਹੀਆਂ ਪੁਸਤਕਾਂ ਜਾਂ ਭਗਤ ਸਿੰਘ ਦੇ ਪੋਸਟਰ ਵੀ ਪਏ ਸਨ। ਅਜਿਹੇ ਸੁਨਹਿਰੀ ਮੌਕੇ ਕਈ ਵਾਰ ਭਾਰਤ ਤੋਂ ਇੱਕ ਪਬਲਿਸ਼ਰ ਵੀ ਪਹੁੰਚਦਾ ਸੀ। ਉਹ ਡਾਲਰ ਬਣਾਉਣ ਲਈ ਸ਼ਾਇਦ ਅੱਜ ਵੀ ਪਹੁੰਚਿਆ ਹੋਵੇ। ਅਖ਼ਬਾਰ ਦਾ ਸੰਪਾਦਕ ਤੇ ਉਹ ਦੋਨੋਂ ਮਿਲ ਕੇ ਹੀ ਕੰਮ ਕਰਦੇ ਸਨ। ਇਹ ਪਬਲਿਸ਼ਰ ਵੈਨਕੂਵਰ, ਕੈਲਗਰੀ,ਐਡਮੰਨਟਨ ਅਤੇ ਅਮਰੀਕਾ ਦੇ ਕਈ ਹੋਣ ਸ਼ਹਿਰਾਂ ਵਿੱਚ ਵੀ ਆਪਣਾ ਅਜਿਹਾ ਹੀ ਨੈੱਟ ਵਰਕ ਚਲਾਉਂਦਾ ਸੀ। ਇਹ ਉਹ ਹੀ ਪਬਲਿਸ਼ਰ ਸੀ ਜੋ ਕੁਝ ਹੀ ਵਰ੍ਹਿਆਂ ਵਿੱਚ ਇੱਕ ਸਧਾਰਨ ਆਦਮੀ ਤੋਂ ਕਰੋੜਪਤੀ ਬਣ ਗਿਆ ਸੀ, ਤੇ ਅਜਿਹੇ ਸਮਾਗਮ ਉਸ ਲਈ ਵਰਦਾਨ ਸਾਬਤ ਹੁੰਦੇ ਸਨ'। ਮੇਰੀ ਸੋਚ ਦਾ ਮੱਕੜੀ ਜਾਲ਼ ਹੋਰ ਗੂੜਾ ਹੋਈ ਜਾ ਰਿਹਾ ਸੀ।
-----
'ਜੇ ਕਦੇ ਪੁਸਤਕਾਂ ਘੱਟ ਵਿਕਦੀਆਂ ਤਾਂ ਉਹ ਸਟੇਜ ਤੇ ਚੜ੍ਹ ਕੇ ਲੋਕਾਂ ਨੂੰ ਤਾਹਨਾ ਵੀ ਦੇ ਜਾਂਦਾ 'ਦਰਅਸਲ ਅਜੇ ਏਥੇ ਭਗਤ ਸਿੰਘ ਦੀ ਸੋਚ ਨੂੰ ਫੈਲਾਉਣ ਦੀ ਲੋੜ ਹੈ ਤਾਂ ਕਿ ਲੋਕ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ'। ਮੈਂ ਜਾਣਦਾ ਸੀ ਇਹ ਵਪਾਰੀ ਬੰਦਾ ਇਮੋਸ਼ਨਲ ਬਲੈਕਮੇਲਿੰਗ ਕਰ ਰਿਹਾ ਹੈ। ਜਿਸ ਤਰਾਂ ਹਰ ਵਰ੍ਹੇ ਭਗਤ ਸਿੰਘ ਯਾਦਗਾਰੀ ਕਮੇਟੀ ਫੰਡ ਇਕੱਠਾ ਕਰਨ ਖ਼ਾਤਰ ਕਰਦੀ ਸੀ। ਭਗਤ ਸਿੰਘ ਦਾ ਨਾਂ ਵੇਚਿਆ ਜਾ ਰਿਹਾ ਸੀ। ਮੈਂ ਇਨ੍ਹਾਂ ਵਪਾਰੀਆਂ ਤੋਂ ਅੱਖ ਬਚਾਉਂਦਾ ਹਾਲ ਦੇ ਅੰਦਰ ਘੁਸ ਗਿਆ। ਮੇਰੀ ਸੋਚ ਦੀਆਂ ਕੀੜੀਆਂ ਲਾਈਨ ਬਣਾ ਕੇ ਤੁਰਨ ਲੱਗੀਆਂ।
-----
ਹਾਲ ਦੇ ਅੰਦਰ ਬੱਚਿਆਂ ਦਾ ਭੰਗੜਾ ਪੈ ਰਿਹਾ ਸੀ ਤੇ ਨਾਲ ਹੀ ਕੋਈ ਪੰਜਾਬੀ ਜੱਟਾਂ ਦੇ ਫੱਟੇ ਚੁੱਕਣ ਵਾਲਾ ਗੀਤ ਚੱਲ ਰਿਹਾ ਸੀ। ਇੱਕ ਮੁੰਡਾ ਭਗਤ ਸਿੰਘ ਦੇ ਭੇਸ ਵਿੱਚ ਪੰਜਾਬੀ ਜੱਟ ਬਣ ਕੇ ਡੱਡੂ ਟਪੂਸੀਆਂ ਮਾਰਦਾ ਭੰਗੜਾ ਪਾ ਰਿਹਾ ਸੀ। ਇਹ ਨੌਜਵਾਨ ਭੰਗੜੇ ਦੇ ਖੂੰਡਿਆਂ ਨੂੰ ਰਫ਼ਲਾਂ ਬਣਾ ਬਣਾ ਗੋਲੀਆਂ ਚਲਾਉਂਦੇ ਤੇ ਗੀਤ ਵਿੱਚ ਜੱਟਾਂ ਦੇ ਬਦਲਾ ਲੈਣ ਦੀ ਗੱਲ ਹੁੰਦੀ ਸੀ। ਜੋਸ਼ 'ਚ ਆਏ ਇਹ ਗੱਭਰੂ ਕਦੇ ਊਠਾਂ ਵਾਂਗ ਮੱਘੇ ਕੱਢਦੇ ਅਤੇ ਕਦੇ ਕਦੀ ਬੱਕਰੇ ਬੁਲਾਉਂਦੇ। ਜਿਨ੍ਹਾਂ ਨੂੰ ਦੇਖ ਦੇਖ ਮੈਨੂੰ ਘਿਣ ਆ ਰਹੀ ਸੀ। ਆਖਿਰ ਇਹ ਕਿਹੋ ਜਿਹਾ ਭਗਤ ਸਿੰਘ ਪੇਸ਼ ਕਰਨਾ ਚਾਹੁੰਦੇ ਸਨ?
----
ਫੇਰ ਇੱਕ ਅਨਾਊਸਮੈਂਟ ਹੋਈ ਕਿ ਹੁਣ ਭਾਰਤ ਤੋਂ ਆਈ ਡਰਾਮਾ ਟੀਮ 'ਭਾਰਤ ਮਾਂ 'ਨਾਂ ਦਾ ਡਰਾਮਾ ਖੇਡੇਗੀ। ਜਿਸ ਵਿੱਚ ਮਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਦੀ ਗੱਲ ਸੀ। ਮੇਰੇ ਨਾਲ ਦੀ ਸੀਟ ਤੇ ਘੁਸਰ-ਮੁਸਰ ਸ਼ੁਰੂ ਹੋ ਗਈ। ਕੋਈ ਦਰਸ਼ਕ ਕਹਿ ਰਿਹਾ ਸੀ ਭਾਰਤ ਤੋਂ ਪੂਰੀ ਟੀਮ ਨੂੰ ਵੀਜ਼ਾ ਮਿਲਿਆ ਸੀ ਪਰ ਉਨ੍ਹਾਂ 'ਚੋਂ ਤਿੰਨ ਟੁੱਭੀ ਮਾਰ ਗਏ। ਹੁਣ ਉਨ੍ਹਾਂ ਦੀ ਜਗਾ ਤਿੰਨ ਲੋਕਲ ਕਲਾਕਾਰ ਪਾਏ ਗਏ ਹਨ। ਇੱਕ ਹੋਰ ਬੋਲਿਆ 'ਸਾਰੀਆਂ ਸੰਸਥਾਵਾਂ ਹੀ ਕਬੂਤਰਬਾਜ਼ੀ ਕਰਦੀਆਂ ਨੇ। ਉਧਰੋਂ ਕੱਢਣ ਦੇ ਪੱਚੀ-ਪੱਚੀ ਤੀਹ-ਤੀਹ ਲੱਖ ਲੈਂਦੀਆਂ ਨੇ। ਉੱਥੋਂ ਹੀ ਤਾਂ ਇਨ੍ਹਾਂ ਨੂੰ ਪੈਸਾ ਬਣਦੈ। ਆਹ ਪ੍ਰੋਗਰਾਮ ਤਾਂ ਐਵੇਂ ਡਰਾਮਾ ਨੇ'।
-----
ਇੱਕ ਹੋਰ ਪੜ੍ਹਿਆ ਲਿਖਿਆ ਬੋਲਿਆ 'ਸੁਣਿਆ ਇਨ੍ਹਾਂ ਨੇ ਤਾਂ 'ਆਰਟ ਕੌਂਸਲ' ਵਾਲਿਆਂ ਤੋਂ ਵੀ ਪੈਂਤੀ ਹਜ਼ਾਰ ਡਾਲਰ ਦੀ ਸਹਾਇਤਾ ਲਈ ਆ। ਜਿਸ ਮਨਿਸਟਰ ਦੀ ਸਪੋਰਟ ਇਨ੍ਹਾਂ ਵੋਟਾਂ ਵੇਲੇ ਕੀਤੀ ਸੀ ਕਹਿੰਦੇ ਉਸੇ ਨੇ ਮਦਦ ਦੁਆਈ ਆ। ਸੁਣਿਆ ਉਸੇ ਦੇ ਅਸਰ ਰਸੂਖ਼ ਨਾਲ ਹੀ ਕਲਾਕਾਰਾਂ ਨੂੰ ਵੀਜ਼ੇ ਇਸ਼ੂ ਹੋਏ ਨੇ। ਜਿਵੇਂ ਟੂਰਨਾਮੈਂਟਾਂ ਵੇਲੇ ਹੁੰਦੇ ਨੇ। ਏਹੋ ਕੁੱਝ ਗੁਰਦਵਾਰਿਆਂ ਮੰਦਰਾਂ 'ਚ ਚੱਲਦੈ। ਸਭ ਇੱਕੋ ਥੈਲੀ ਦੇ ਚੱਟੇ ਵੱਟੇ ਨੇ ਭਗਤ ਸਿੰਘ ਨੂੰ ਤਾਂ ਵਿਚਾਰੇ ਨੂੰ ਐਵੇਂ ਵਿੱਚ ਘੜੀਸੀ ਫਿਰਦੇ ਆ'' ਮੇਰਾ ਮਨ ਅਜਿਹੀਆਂ ਗੱਲਾਂ ਸੁਣ ਸੁਣ ਬੇਹੱਦ ਉਦਾਸ ਹੋ ਰਿਹਾ ਸੀ।
-----
ਮੇਰੇ ਘਰ ਵਿੱਚ ਵੀ ਕੁੱਝ ਏਸੇ ਤਰ੍ਹਾਂ ਦੀ ਬੇਚੈਨੀ ਵਾਲਾ ਮਹੌਲ ਸੀ। ਮੇਰਾ ਭਾਰਤ ਰਹਿ ਰਿਹਾ ਭਤੀਜਾ ਰੂਬਨ ਭਾਰਤ ਮਾਂ ਨਾਲੋਂ ਨਾਤਾ ਨਾ ਤੁੜਵਾਉਣ ਕਾਰਨ ਮੇਰੇ ਤੋਂ ਨਿਰਾਸ਼ ਸੀ। ਮੇਰੇ ਭਰਾ ਨੇ ਮੈਨੂੰ ਫੋਨ ਤੇ ਘੁਰਕੀ ਦਿੱਤੀ ਸੀ ''ਤੂੰ ਆਪ ਤਾਂ ਕਨੇਡਾ ਜਾ ਕੇ ਬਹਿ ਗਿਆ ਪਰ ਸਾਡਾ ਕੁਝ ਨੀ ਸੋਚਿਆ। ਏਥੇ ਹਰ ਬੰਦਾ ਪੱਚੀ ਪੱਚੀ ਤੀਹ ਤੀਹ ਲੱਖ ਦੇ ਕੇ ਨਿੱਕਲ਼ੀ ਜਾਂਦਾ ਏ, ਬੱਸ ਅਸੀਂ ਹੀ ਬੈਠੇ ਹਾਂ। ਜੇ ਤੂੰ ਕੱਚੇ ਪੱਕੇ ਵਿਆਹ ਦਾ ਜੁਗਾੜ ਵੀ ਨਹੀਂ ਕਰ ਸਕਦਾ ਤਾਂ ਕਿਸੇ ਕਬੱਡੀ ਦੀ ਟੀਮ ਵਿੱਚ, ਰਾਗੀਆਂ ਢਾਡੀਆਂ ਨਾਲ ਜਾਂ ਕਿਸੇ ਗਾਉਣ ਵਾਲੇ ਨਾਲ ਢੋਲਕੀ ਛੈਣੇ ਵਜਾਉਣ ਵਾਲਿਆਂ ਵਿੱਚ ਹੀ ਕੱਢ ਦੇ। ਕੁਝ ਤਾਂ ਕਰ।''
----
ਇਸ ਖ਼ਿਆਲ ਨੇ ਮੇਰੇ ਜਿਸਮ ਵਿੱਚ ਝੁਣਝੁਣੀ ਛੇੜ ਦਿੱਤੀ ਸੀ। ਮੈਨੂੰ ਆਪਣੇ ਭਤੀਜੇ ਰੂਬਨ ਦੀ ਯਾਦ ਆਈ। ਜਿਸ ਨੇ ਮੈਨੂੰ ਚਿੱਠੀ ਲਿਖੀ ਸੀ 'ਚਾਚਾ ਜੀ ਮੈਂ ਕੈਨੇਡਾ ਆਉਣਾ ਚਾਹੁੰਦਾ ਹਾਂ ਪਰ ਏਜੰਟ ਪੱਚੀ ਲੱਖ ਰੁਪਏ ਮੰਗਦਾ ਹੈ, ਜੇ ਤੁਸੀਂ ਮਦਦ ਕਰ ਦੇਵੋ ਤਾਂ। ਉਹ ਕਹਿੰਦਾ ਹੈ ਮੈਂ ਤੈਨੂੰ ਕਬੱਡੀ ਦੀ ਟੀਮ ਵਿੱਚ ਭੇਜ ਦੇਵਾਂਗਾ। ਜੋ ਤੁਹਾਡੇ ਟਰਾਂਟੋ ਹੀ ਆ ਰਹੀ ਆ। ਤੁਸੀਂ ਅੱਜ ਹੀ ਵੈਸਟਨ ਯੂਨੀਅਨ ਰਹੀਂ ਪੈਸੇ ਭੇਜ ਦੇਵੋ'। ਮੇਰੇ ਤੋਂ ਸੁਭਾਵਿਕ ਹੀ ਕਿਹਾ ਗਿਆ ਸੀ 'ਏਥੇ ਕਿਤੇ ਪੈਸੇ ਦਰੱਖਤਾਂ ਨੂੰ ਲੱਗਦੇ ਆ। ਨਾਲ਼ੇ ਐਨੇ ਪੈਸੇ ਤੇ ਉਹ ਵੀ ਐਨੀ ਛੇਤੀ”??
-----
ਮੈਂ ਤਾਂ ਵੀਹ ਸਾਲਾਂ ਤੋਂ ਚੱਜ ਦੀ ਪੈਂਟ ਸ਼ਰਟ ਖਰੀਦਣ ਲੱਗਿਆ ਵੀ ਵੀਹ ਵਾਰੀ ਸੋਚਦਾ ਹਾਂ। ਮਸ਼ੀਨਾਂ ਨਾਲ ਮਸ਼ੀਨ ਹੋਕੇ ਪੈਸੇ ਕਮਾਈਦੇ ਨੇ। ਫਿਰ ਵੀ ਖ਼ਰਚੇ ਈ ਮਸਾਂ ਪੂਰੇ ਹੁੰਦੇ ਆ। ਨਾਲ਼ੇ ਟਰੈਵਲ ਏਜੰਟਾਂ ਦੀਆਂ ਠੱਗੀਆਂ ਤਾਂ ਰੋਜ਼ ਪੜ੍ਹਨ-ਸੁਣਨ ਨੂੰ ਮਿਲਦੀਆਂ ਨੇ। ਕੋਈ ਪੱਕਾ ਕੰਮ ਹੋਵੇ ਤਾਂ ਔਖੇ-ਸੌਖਾ ਹੋ ਕੇ ਬੰਦਾ ਮਦਦ ਵੀ ਕਰ ਦਿੰਦਾ ਹੈ। ਪਰ ਉਸ ਨੇ ਤਾਂ ਇੱਕੋ ਜ਼ਿੱਦ ਫੜੀ ਹੋਈ ਸੀ। ਉੱਤੋਂ ਵੱਡਾ ਭਰਾ ਅੱਡ ਪਿੱਛੇ ਬੋਲੀ ਜਾ ਰਿਹਾ ਸੀ। ਖ਼ੈਰ! ਮੈਂ ਕੋਈ ਹੋਰ ਤਰੀਕਾ ਲੱਭਣ ਦਾ ਝਾਂਸਾ ਦੇ ਕੇ ਮਸਾਂ ਖਹਿੜਾ ਛੁਡਾਇਆ ਸੀ।
------
ਹੁਣ ਫੇਰ ਉਹ ਮਗਰ ਪਿਆ ਹੋਇਆ ਹੈ ਕਿ ਕੋਈ ਪੇਪਰ ਮੈਰਿਜ ਵਾਲੀ ਕੁੜੀ ਲੱਭ ਕੇ ਮੈਰਿਜ ਕਰਵਾ ਦਿਉ, ਜਿਸ ਦਾ ਰੇਟ ਏਧਰ ਵੀਹ ਕੁ ਲੱਖ ਰੁਪਿਆ ਚੱਲਦਾ ਹੈ। ਉਸ ਨੇ ਇਹ ਵੀ ਕਿਹਾ ਸੀ ਕਿ ਪਾਪਾ ਜੀ ਕਹਿੰਦੇ ਨੇ ਜਦੋਂ ਮੈਂ ਅਸਲੀ ਵਿਆਹ ਕਰਵਾਉਣ ਆਊਂ ਉਦੋਂ ਆਪਾਂ ਨੂੰ ਵੀ ਤਾਂ ਤੀਹ ਪੈਂਤੀ ਲੱਖ ਮਿਲੂਗਾ ਹੀ। ਏਕਣ ਪੈਸਾ ਡੁੱਬਣ ਦਾ ਵੀ ਡਰ ਨਹੀਂ'।
---------
ਸੁਣਕੇ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ ਸਨ। ਮੇਰਾ ਭਤੀਜਾ ਵੀ ਪੰਜਾਬ ਦੇ ਬਹੁਤੇ ਲੋਕਾਂ ਵਾਂਗ ਵਿਉਪਾਰੀ ਬਣ ਗਿਆ ਸੀ। ਕੀ ਹੋ ਗਿਆ ਸੀ ਲੋਕਾਂ ਦੀ ਸੋਚ ਨੂੰ? ਕਿਹੜਾ ਸੁਆਰਥ ਦਾ ਸੱਪ ਡੰਗ ਗਿਆ ਸੀ ਭਗਤ ਸਿੰਘ ਦੇ ਵਾਰਸਾਂ ਨੂੰ? ਮੈਂ ਚਿੰਤਾ ਵਿੱਚ ਡੁੱਬ ਗਿਆ ਕਿ ਕਿਵੇਂ ਲੋਕ ਆਪਣੀਆਂ ਕੰਜ-ਕੁਆਰੀਆਂ ਕੁੜੀਆਂ ਨੂੰ ਕੈਨੇਡਾ ਦੇ ਚੁਬਾਰੇ ਚੜ੍ਹਨ ਲਈ ਪੌੜੀ ਬਣਾ ਕੇ ਵਰਤ ਰਹੇ ਸਨ। ਮੇਰੇ ਭਰਾ ਨੂੰ ਦੁੱਖ ਸੀ ਕਿ ਮੈਂ ਅਜੇ ਤੱਕ ਅਜਿਹੀ ਪੌੜੀ ਕਿਉਂ ਨਹੀਂ ਬਣਿਆ। ਉਹਨੇ ਤਾਂ ਮੈਨੂੰ ਇਹ ਵੀ ਸਲਾਹ ਦਿੱਤੀ ਕਿ 'ਤੂੰ ਵੀ ਹੁਣ ਸਮਾਰੇ ਬਣ, ਘਰ ਵਾਲੀ ਨੂੰ ਪੇਪਰਾਂ 'ਚ ਤਲਾਕ ਦੇ ਕੇ ਏਧਰੋਂ ਅਠਾਰਾਂ ਉੱਨੀ ਵਰ੍ਹਿਆਂ ਦੀ ਕੁੜੀ ਲੈ ਜਾ ਨਾਲੇ ਚਾਲੀ ਪੰਜਾਹ ਲੱਖ ਵੱਟ ‘ਤੇ ਪਿਆ। ਫੇਰ ਉਸੇ ਕੁੜੀ ਨੂੰ ਦੇ ਲੈ ਕੇ ਰੂਬਨ ਦੇ ਪੇਪਰ ਭਰਾ ਦਿਆਂਗੇ'। ਜਦੋਂ ਮੈਂ ਇਸ ਨੂੰ ਗ਼ਲਤ ਕਿਹਾ ਸੀ ਤਾਂ ਭਰਾ ਕੜਕਿਆ ਸੀ 'ਬਹਾਨੇ ਨਾ ਬਣਾ ਅਸਲ 'ਚ ਤੂੰ ਚਾਹੁੰਦਾ ਹੀ ਨਹੀਂ ਕਿ ਅਸੀ ਤੇਰੇ ਬਰਾਬਰ ਹੋਈਏ'।
------
ਮੈਂ ਦੇਖਿਆ ਇੱਕ ਲੀਡਰ ਸਟੇਜ ਤੇ ਪਾਣੀ ਵਿੱਚ ਮਧਾਣੀ ਪਾਈ ਖੜਾ ਸੀ। ਜਿਸ ਨੂੰ ਨਾ ਤਾਂ ਕੁਝ ਭਗਤ ਸਿੰਘ ਬਾਰੇ ਪਤਾ ਸੀ ਤੇ ਨਾ ਹੀ ਉਸਦੀ ਵਿਚਾਰਧਾਰਾ ਬਾਰੇ। ਮੈਂ ਬੈਠਾ ਸੋਚ ਰਿਹਾ ਸੀ ਕਿ ਕਿੱਥੇ ਮਾਂ ਭੂਮੀ ਦੀ ਅਣਖ ਲਈ ਮਰ ਜਾਣ ਵਾਲਾ ਭਗਤ ਸਿਂਉ ਤੇ ਕਿੱਥੇ ਧੀਆਂ ਦਾ ਵਿਉਪਾਰ ਕਰਨ ਵਾਲੇ ਇਹ ਲੋਕ। ਜਿਨ੍ਹਾਂ ਅਣਖ ਇੱਜ਼ਤ ਨੂੰ ਛਿੱਕੇ ਟੰਗ ਦਿੱਤਾ ਸੀ। ਮੈਂ ਸੋਚਾਂ ਦੀ ਗਹਿਰੀ ਦਲਦਲ ਵਿੱਚ ਧਸਣ ਲੱਗਿਆ।
-----
'ਕਈ ਗੀਤਕਾਰ ਅਜੇ ਵੀ ਅਸਲੀਅਤ ਤੋਂ ਅੱਖਾਂ ਮੀਟ ਹਰ ਪੰਜਾਬੀਆਂ ਨੂੰ ਅਣਖੀ ਸੂਰਮਾ ਸਿੱਧ ਕਰ ਰਹੇ ਸਨ। ਮੇਰੇ ਭਰਾ ਨੇ ਤਾਂ ਏਥੋਂ ਤੱਕ ਵੀ ਆਖ ਦਿੱਤਾ ਸੀ ਕਿ ''ਜੇ ਹੋਰ ਕੁੱਝ ਨਹੀਂ ਬਣਦਾ ਤੂੰ ਆਪਣੀ ਧੀ ਬਬਲੀ ਨਾਲ ਹੀ ਪੇਪਰ ਭਰ ਦੇ’। ਪੇਪਰ ਹੀ ਨੇ ਕਿਹੜਾ ਅਸਲੀ ਵਿਆਹ ਹੈ। ਲੋਕ ਤਾਂ ਆਪਣੀਆਂ ਸਕੀਆਂ ਭੈਣਾਂ ਨਾਲ਼ ਵਿਆਹ ਦੇ ਪੇਪਰ ਭਰ ਕੇ ਨਿਕਲੀ ਜਾਂਦੇ ਨੇ। ਆਪਣੇ ਕੋਲ ਪੈਲਿਸ ਵਿੱਚ ਅਜਿਹੇ ਵਿਆਹ ਰੋਜ਼ ਹੁੰਦੇ ਨੇ ਨਾਲੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ''। ਕਈ ਵਾਰ ਭਰਾ ਦੀਆਂ ਗੱਲਾਂ ਸੁਣਕੇ ਜੀ ਕਰਦਾ ਕਿ ਹੁਣ ਕੀ ਰੱਖਿਆ ਹੈ ਜੀਣ ਵਿੱਚ, ਖ਼ੁਦਕੁਸ਼ੀ ਹੀ ਕਰ ਲਵਾਂ। ਫੇਰ ਕੋਈ ਅੰਦਰ ਬਲਦਾ ਦੀਵਾ ਰੋਸ਼ਨੀ ਦੇਣ ਲੱਗਦਾ। ਅੱਜ ਮੈਂ ਉਸੇ ਦੀਵੇ ਨੂੰ ਸਲਾਮ ਕਰਨ ਆਇਆ ਸੀ।
-----
ਭਾਰਤ ਬੈਠੇ ਸਕੇ ਸਬੰਧੀ ਬਾਹਰਲੇ ਮੁਲਕ ਰਹਿੰਦਿਆਂ ਨੂੰ ਸੁਆਰਥੀ ਦੱਸ ਰਹੇ ਸਨ। ਹਾਲਾਂ ਕਿ ਹੱਦ ਦਰਜੇ ਦੇ ਸੁਆਰਥੀ ਉਹ ਆਪ ਸਨ। ਜੋ ਉਨ੍ਹਾਂ ਦੇ ਜਾਣ ਪਿੱਛੋਂ ਉਨ੍ਹਾਂ ਨੂੰ ਉੱਜੜ ਗਏ ਸਮਝ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਕਾਬਜ਼ ਹੋ ਗਏ ਸਨ। ਜ਼ਮੀਨਾਂ ਦਾ ਠੇਕਾ ਦੇਣਾ ਤਾਂ ਇੱਕ ਪਾਸੇ ਰਿਹਾ ਉਹ ਤਾਂ ਘਰੋਂ ਹਿੱਸੇ ਦੀ ਫੁੱਟੀ ਕੌਡੀ ਵੀ ਦੇਣ ਨੂੰ ਵੀ ਤਿਆਰ ਨਹੀਂ ਸਨ। ਮੈਂ ਜਦੋਂ ਵੀ ਗਿਆ ਮੇਰੇ ਨਾਲ ਏਹੋ ਕੁੱਝ ਹੁੰਦਾ ਰਿਹਾ। ਮੈਨੂੰ ਜਾ ਕੇ ਮੇਰਾ ਅਪਣਾ ਘਰ, ਆਪਣਾ ਲੱਗਦਾ ਹੀ ਨਹੀਂ ਸੀ। ਭਰਾ ਤੇ ਭਰਜਾਈ ਇਹੋ ਅਹਿਸਾਸ ਕਰਵਾਉਂਦੇ ਰਹਿੰਦੇ ਕਿ ਹੁਣ ਮੈਂ ਤਾਂ ਕੈਨੇਡਾ ਐਸ਼ਾਂ ਕਰਦਾ ਹਾਂ ਤੇ ਇੰਡੀਆ ਵਾਲਾ ਸਾਰਾ ਕੁਝ ਉਨ੍ਹਾਂ ਦਾ ਹੀ ਹੈ। ਉਹ ਤਾਂ ਛੁੱਟੀ ਦੌਰਾਨ ਸੌਦੇ ਪੱਤੇ, ਕਾਰਾਂ ਦਾ ਤੇਲ ਖਾਣ ਪੀਣ, ਸਾਰਾ ਕੁੱਝ ਮੇਰੇ ਤੋਂ ਹੀ ਭਾਲ਼ਦੇ ਸਨ।
-----
ਹੁਣ ਚਿੱਠੀ ਲਿਖਣ ਦੀ ਤਾਂ ਉਨ੍ਹਾਂ ਕੋਲ ਵਿਹਲ ਨਹੀਂ ਸੀ ਸਗੋਂ ਫੋਨ ਵੀ ਮੇਰੇ ਤੋਂ ਹੀ ਕਰਵਾਉਂਦੇ। ਤੇ ਹਰ ਵਾਰ ਉਨ੍ਹਾਂ ਦੀਆਂ ਮੰਗਾਂ ਦੀ ਲਿਸਟ ਹਨੂਮਾਨ ਦੀ ਪੂਛ ਵਾਂਗ ਵਧਦੀ ਹੀ ਜਾਂਦੀ। ਘਰੇ ਹਰਾ-ਪੱਠਾ ਲਿਆਉਣ, ਡੰਗਰ ਵੱਛਾ ਸਾਂਭਣ ਤੇ ਧਾਰਾਂ ਕੱਢਣ ਜਾਂ ਸੰਨ੍ਹੀਆਂ ਰਲਾਉਣ ਲਈ ਦੋ ਭਈਏ ਰੱਖੇ ਹੋਏ ਸਨ। ਕੱਪੜੇ ਧੋਣ, ਸਫਾਈ ਕਰਨ ਅਤੇ ਰੋਟੀਆਂ ਬਣਾਉਣ ਲਈ ਹੋਰ ਔਰਤਾਂ ਆਉਂਦੀਆ। ਹੋਰ ਤਾਂ ਹੋਰ ਉਨ੍ਹਾਂ ਦੇ ਕੱਪੜੇ ਵੀ ਕੋਈ ਹੋਰ ਪ੍ਰੈੱਸ ਕਰਕੇ ਜਾਂਦਾ। ਅਜੇ ਵੀ ਉਨ੍ਹਾਂ ਦਾ ਸਰਦਾ ਨਹੀਂ ਸੀ। ਜਦ ਮੈਂ ਕਹਿੰਦਾ ਕਿ ਇਹ ਨੌਕਰ ਚਾਕਰ ਹਟਾ ਦਿਉ। ਤਾਂ ਕਹਿੰਦੇ 'ਅਜੇ ਸਾਨੂੰ ਹੋਰ ਕਿੰਨਾ ਕੁ ਥੱਲੇ ਲਾਉਣੈ'। ਏਹੋ ਜਿਹੇ ਵਿਹਲੜ ਸਮਾਜ ਵਿੱਚ ਕੀ ਕਰ ਲਵੇਗੀ ਭਗਤ ਸਿੰਘ ਦੀ ਸੋਚ? ਮੈਂ ਪਰੇਸ਼ਾਨ ਸਾਂ ਤੇ ਦਿਮਾਗ ਬਿਲਕੁਲ ਫੰਕਸ਼ਨ ਵਿੱਚ ਨਹੀਂ ਸੀ ਲੱਗ ਰਿਹਾ। ਪਤਾ ਨਹੀਂ ਸਟੇਜ ਤੇ ਕੀ-ਕੀ ਬੋਲਿਆ ਜਾ ਰਿਹਾ ਸੀ।
-----
ਕਦੇ ਟਰੈਕਟਰ ਦੀ ਕਿਸ਼ਤ ਟੁੱਟ ਗਈ, ਕਦੇ ਨਾਲ ਲੱਗਦੀ ਜ਼ਮੀਨ ਦਾ ਸੌਦਾ, ਕਦੇ ਮੋਟਰ-ਸਾਈਕਲ ਦੀ ਮੰਗ ਤੇ ਕਦੇ ਬਾਥਰੂਮ ਬਣਾਉਣੇ ਨੇ ਜਾਂ ਕਮਰੇ ਪੇਂਟ ਕਰਵਾਉਣੇ। ਉਨ੍ਹਾਂ ਨੂੰ ਭੋਰ ਭੋਰ ਕੇ ਖਾਂਦਿਆਂ ਨੂੰ ਰਤਾ ਵੀ ਸ਼ਰਮ ਨਹੀਂ ਸੀ ਆਉਂਦੀ। ਮੁੰਡਾ ਆਏ ਦਿਨ ਗਲ 'ਚ ਕੈਮਰਾ ਪਾ ਕਦੇ ਸ਼ਿਮਲੇ, ਕਦੇ ਕੁੱਲੂ ਮਨਾਲੀ ਤੁਰਿਆ ਰਹਿੰਦਾ ਹੈ ਤੇ ਹੁਣ ਉਸ ਲਈ ਬਾਹਰਲੀ ਕੁੜੀ ਚਾਹੀਦੀ ਸੀ। ਮੈਨੂੰ ਗ਼ੁੱਸਾ ਆ ਰਿਹਾ ਸੀ।
-----
ਲੜੀ ਜੋੜਨ ਲਈ ਹੇਠਲੀ ਪੋਸਟ ਦੂਜਾ ਭਾਗ ਅਤੇ ਤੀਜਾ ਜ਼ਰੂਰ ਪੜ੍ਹੋ ਜੀ।
No comments:
Post a Comment