ਭਾਗ ਦੂਜਾ
ਲੇਖ
ਲੜੀ ਜੋੜਨ ਲਈ ਉੱਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।
ਫੇਰ ਲੱਗਣ ਲੱਗਿਆ ਜਿਵੇਂ ਸਾਰੇ ਪੰਜਾਬ ਦੀ ਹੀ ਮੱਤ ਮਾਰੀ ਗਈ ਹੋਵੇ। ਜਿਵੇਂ ਹਰ ਬੰਦਾ ਹੀ ਬਾਹਰਲੇ ਮੁਲਕ ਭੱਜਣ ਲਈ ਅਟੈਚੀ ਬੰਨ੍ਹੀ ਬੈਠਾ ਹੋਵੇ। ਕਦੇ ਮੈਂ ਸੋਚਦਾ ਉਨ੍ਹਾਂ ਦਾ ਰਹਿਣ ਸਹਿਣ ਤਾਂ ਬਾਹਰਲਿਆਂ ਤੋਂ ਵੀ ਵੱਧ ਆ। ਹਰ ਬੰਦਾ ਮੋਬਾਈਲ ਬਿਨਾਂ ਡਿੰਘ ਵੀ ਨੀ ਪੁੱਟਦਾ। ਹੇਠਾਂ ਵਧੀਆਂ ਕਾਰ ਵੀ ਚਾਹੁੰਦਾ ਹੈ। ਸ਼ਾਮ ਨੂੰ ਮਹਿੰਗੀ ਵਿਸਕੀ ਅਤੇ ਕੁੱਕੜ ਨਾਲ ਰੋਟੀ ਭਾਲਦਾ ਹੈ। ਸ਼ਾਇਦ ਉਹ ਸੋਚਦੇ ਹੋਣਗੇ ਕਿ ਉਨ੍ਹਾਂ ਦਾ ਇਹ ਸਟੈਂਡਰਡ ਦੇਖ ਕੇ ਹੀ ਕੋਈ ਬਾਹਰਲਾ ਰਿਸ਼ਤਾ ਫਸ ਜਾਵੇ। ਹਰ ਟਾਈਮ ਕੋਈ ਨਾ ਕੋਈ ਜੁਗਾੜ ਫਿੱਟ ਕਰਨ ਵਾਲਿਆਂ ਦੇ ਦਿਮਾਗ਼ ਵਿੱਚ ਭਗਤ ਸਿੰਘ ਨੂੰ ਸਮਝਣ ਦੀ ਵਿਹਲ ਹੀ ਕਿੱਥੇ ਸੀ?
-----
ਮੇਰੀ ਸੋਚ ਭਾਰਤ ਵਿੱਚੋਂ ਨਿਕਲਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ' ਉੱਥੇ ਕੁੱਝ ਨਾ ਕਰਨ ਵਾਲੇ ਵੀ ਸਭ ਤੋਂ ਵੱਧ ਬਿਜ਼ੀ ਹਨ। ਲੱਗਦਾ ਸੀ ਜਿਵੇਂ ਭਾਰਤ ਭਗੌੜਿਆਂ ਦਾ ਦੇਸ਼ ਬਣ ਰਿਹਾ ਹੋਵੇ? ਕੰਮ ਤੋਂ,ਕਲਚਰ ਤੋਂ, ਫ਼ਲਸਫ਼ੇ ਤੋਂ ਦੇਸ਼ ਤੋਂ ਜ਼ਿੰਮੇਵਾਰੀਆਂ ਤੋਂ ਹਰ ਕਾਸੇ ਤੋਂ ਬੰਦਾ ਭੱਜ ਰਿਹਾ ਸੀ। ਇਨ੍ਹਾਂ ਭਗੌੜਿਆਂ ਵਿੱਚ ਸ਼ਾਇਦ ਮੈਂ ਵੀ ਸ਼ਾਮਲ ਹੋਵਾਂ।
-----
ਮੇਰੇ ਸਾਹਮਣੇ ਵੀ ਡਰਾਮਾ ਹੋ ਰਿਹਾ ਸੀ ਤੇ ਆਲੇ-ਦੁਆਲੇ ਵੀ। ਪ੍ਰਬੰਧਕਾਂ ਨੂੰ ਭਗਤ ਸਿੰਘ ਦੀ ਸੋਚ ਨਾਲੋਂ ਸਮਾਗਮ ਤੇ ਪਹੁੰਚਣ ਵਾਲੇ ਲੀਡਰ ਜਿਆਦਾ ਮਹੱਤਵਪੂਰਨ ਜਾਪ ਰਹੇ ਸਨ। ਖ਼ਾਸ ਕਰਕੇ 'ਆਰਟ ਕੌਂਸਲ' ਤੋਂ ਗਰਾਂਟ ਦਿਵਾਉਣ ਵਾਲੇ ਲੀਡਰ ਨੂੰ ਤਾਂ ਹੱਥੀਂ ਛਾਵਾਂ ਕੀਤੀਆਂ ਜਾ ਰਹੀਆਂ ਸਨ। ਪੈਸਾ ਬਣਾਉਣ ਵਾਲੇ ਲੋਕਾਂ ਨੂੰ ਕਿੰਨੀ ਮੁਹਾਰਤ ਸੀ, ਲੋਕ ਜਜ਼ਬੇ ਕੈਸ਼ ਕਰਨ ਦੀ। ਧਰਮ, ਕਾਮ, ਅਰਥ, ਮੋਕਸ਼ ਧੜਾ-ਧੜ ਵੇਚੇ ਜਾ ਰਹੇ ਸਨ। ਅਗਰ ਦੇਸ਼ ਭਗਤੀ ਵੀ ਵਿਕ ਸਕਦੀ ਹੈ ਤਾਂ ਇਹ ਲੋਕ ਕਿਵੇਂ ਪਿੱਛੇ ਰਹਿ ਸਕਦੇ ਹਨ। ਇਹ ਤਾਂ ਆਪਣੀ ਜ਼ਮੀਰ ਵੇਚਣ ਲਈ ਵੀ ਸੈਕਿੰਡ ਨਹੀਂ ਲਾਉਂਦੇ। ਏਹੋ ਕੰਮ ਸੀ ਜੋ ਮੇਰੇ ਤੋਂ ਨਹੀਂ ਸੀ ਹੋ ਸਕਿਆ। ਜਿਸ ਕਰਕੇ ਮੈਂ ਹਰ ਖੇਤਰ ਵਿੱਚ ਹੀ ਨਾਕਾਮਯਾਬ ਵਿਅਕਤੀ ਸਿੱਧ ਹੋਇਆ ਸਾਂ।
-----
ਮੈਨੂੰ ਆਪਣੇ ਆਪ ਤੇ ਖਿਝ ਚੜ੍ਹਨ ਲੱਗੀ। ਜੇ ਮੈਂ ਚਾਹੁੰਦਾ ਤਾਂ ਲੀਡਰ ਬਣ ਸਕਦਾ ਸੀ। ਕੋਈ ਅਖ਼ਬਾਰ ਕੱਢ ਮੰਤਰੀਆਂ ਨਾਲ ਲਿੰਕ ਬਣਾ ਕੇ, ਕਈ ਹੋਰ ਕੰਮ ਕਢਾ ਸਕਦਾ ਸੀ। ਕੋਈ ਰੇਡੀਓ ਪ੍ਰੋਗਰਾਮ ਹੀ ਚਲਾ ਸਕਦਾ ਸੀ। ਕਿਸੇ ਨੂੰ ਭਾਰਤ ਲਿਜਾ ਪੱਚੀ-ਤੀਹ ਲੱਖ ਦਾ ਸੌਦਾ ਕਰ ਸਕਦਾ ਸੀ। ਕਬੂਤਰ ਬਾਜ਼ੀ ਦੇ ਹੋਰ ਬਥੇਰੇ ਤਰੀਕੇ ਸਨ। ਵੋਟਾਂ 'ਚ ਕਿਸੇ ਲੀਡਰ ਦੀ ਦੱਬ ਕੇ ਮਦਦ ਕਰਨ ਨੂੰ ਜ਼ਮੀਰ ਨਹੀਂ ਸੀ ਮੰਨੀ। ਇਸੇ ਕਰਕੇ ਤਾਂ ਹੁਣ ਤੱਕ ਫੈਕਟਰੀਆਂ ਵਿੱਚ ਮਸ਼ੀਨਾਂ ਨਾਲ ਮਸ਼ੀਨ ਬਣਿਆ ਧੱਕੇ ਖਾਂਦਾ ਸਾਂ। ਮੈਨੂੰ ਤਾਂ ਕੋਈ ਇਨਸ਼ੋਰੈਂਸ ਡਕਾਰਨ ਦਾ ਵੀ ਵੱਲ ਨਹੀ ਸੀ ਆਇਆ। ਕੋਈ ਸੰਸਥਾ ਬਣਾ ਸਮਾਗਮ ਕਰਵਾ, ਮੈਂ ਕਿਵੇਂ ਸਿੱਧ ਕਰਦਾ ਕਿ ਮੈਂ ਵੀ ਭਗਤ ਸਿੰਘ ਦਾ ਵਾਰਿਸ ਹਾਂ। ਪਰ ਏਥੇ ਤਾਂ ਗਧੇ ਨੂੰ ਘੋੜਾ ਅਤੇ ਘੋੜੇ ਨੂੰ ਗਧਾ ਸਾਬਤ ਕਰਨ ਲਈ ਪੂਰੀ ਟਿੱਲ ਲਾਈ ਜਾ ਰਹੀ ਸੀ। ਸੋਚਾਂ ਦੇ ਲਿਜ਼ਲਿਜ਼ੇ ਗੰਡੋਏ ਮੇਰੇ ਜ਼ਿਹਨ 'ਚ ਰੀਂਗ ਰਹੇ ਸਨ।
------
ਖ਼ਿਆਲ ਆਇਆ ਕਿ 'ਸ਼ਾਇਦ ਅਜਿਹੇ ਹੀ ਕਾਰਨ ਹੋਣਗੇ ਕਿ ਨੌਜਵਾਨ ਪੀੜੀ ਭਗਤ ਸਿੰਘ ਨਾਲ ਨਹੀਂ ਸੀ ਜੁੜ ਸਕੀ। ਵਕਤੀ ਲੀਡਰ ਇੱਕ ਦਿਨ ਧੂੰਆਂ ਧਾਰ ਭਾਸ਼ਨ ਦੇ ਕੇ ਫੇਰ ਸਾਲ ਭਰ ਲਈ ਡੂੰਘੀਆਂ ਖੱਡਾਂ ਵਿੱਚ ਜਾ ਵੜਦੇ। ਸੋਚ ਤੇ ਪਹਿਰਾ ਦੇਣ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਸੀ। ਸਾਲ ਭਰ ਭਗਤ ਸਿੰਘ ਕਿਸੇ ਨੂੰ ਵੀ ਯਾਦ ਨਾ ਆਉਂਦਾ। ਹੁਣ ਗੋਰਿਆਂ ਦੀ ਥਾਂ ਭੂਰੇ, ਭਾਰਤ ਨੂੰ ਲੁੱਟ ਰਹੇ ਸਨ। ਉਹੋ ਪਾਲਿਸੀਆਂ ਤੇ ਉਹੋ ਜ਼ੁਲਮ। ਭਗਤ ਸਿੰਘ ਦੀ ਕੁਰਬਾਨੀ ਤਾਂ ਲੀਡਰਾਂ ਲਈ ਛਣਕਣਾ ਬਣ ਕੇ ਰਹਿ ਗਈ ਸੀ, ਜੋ ਹਰ ਸਾਲ ਛਣਕਾ ਛੱਡਦੇ।
-----
ਜਦੋਂ ਮੈਂ ਭਾਰਤ ਜਾਂਦਾ ਗਰੀਬੀ ਤੇ ਭ੍ਰਿਸ਼ਟਾਚਾਰੀ ਹੋਰ ਵਧੇ ਹੁੰਦੇ। ਰੂਹ ਦੀ ਗ਼ਰੀਬੀ ਤਾਂ ਕਿਸੇ ਨੂੰ ਨਜ਼ਰ ਹੀ ਨਹੀਂ ਸੀ ਆਉਂਦੀ। ਮੁਨਾਫ਼ੇਖ਼ੋਰਾਂ ਦੀਆਂ ਗੋਗੜਾਂ ਤੇ ਕੋਠੀਆਂ ਹੋਰ ਪਸਰ ਰਹੀਆਂ ਸਨ। ਬਾਹਰਲੇ ਮੁਲਕਾਂ ਵਾਲੇ ਝੁੱਗੀਆਂ ਝੌਂਪੜੀਆਂ ਵਿੱਚ ਵਸਣ ਵਾਲਿਆਂ ਨੂੰ ਸਲੱਮ ਡੌਗਜ਼ ਆਖ ਕੇ ਮਜ਼ਾਕ ਉਡਾ ਰਹੇ ਸਨ। ਪਰ ਲੀਡਰਾਂ ਨੂੰ ਤਾਂ ਅਜਿਹਾ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ।
-----
ਮੰਦਹਾਲੀ, ਭੁੱਖਮਰੀ, ਅਨਪੜ੍ਹਤਾ ਅਤੇ ਗੰਦਗੀ ਦਿਖਾ ਬਾਹਰਲੇ ਚੈਨਲ ਇਹ ਸਿੱਧ ਕਰਦੇ ਕਿ ਹੁਣ ਆਜ਼ਾਦ ਭਾਰਤ ਨੇ ਕਿਹੜੀ ਮੱਲ ਮਾਰ ਲਈ ਆ? ਦੇਸ਼ ਦੇ ਲੀਡਰ ਤਾਂ ਕੁੱਤਿਆਂ ਵਾਂਗ ਆਜ਼ਾਦੀ ਦੀ ਹੱਡੀ ਚੂੰਡਣ ਵਿੱਚ ਲੱਗੇ ਹੋਏ ਸਨ। ਨੌਜਵਾਨ ਡਿਗਰੀਆਂ ਬੋਝੇ 'ਚ ਪਾ ਬੇਰੁਜ਼ਗਾਰੀ ਦੀ ਹਵਾ ਖਾ ਰਹੇ ਸਨ। ਉਹਨਾਂ ਦੇ ਮਨਾਂ ਵਿੱਚ ਭਰੇ ਸੁਪਨੇ ਸਾਕਾਰ ਕਿਸ ਨੇ ਕਰਨੇ ਸਨ? ਸ਼ਾਇਦ ਇਹ ਨਿਰਾਸ਼ਤਾ ਹੀ ਉਨ੍ਹਾਂ ਨੂੰ ਦੇਸ਼ 'ਚੋਂ ਬਾਹਰ ਧੱਕ ਰਹੀ ਹੋਵੇ। ਸ਼ਾਇਦ ਰੂਬਨ ਵੀ ਉਨ੍ਹਾਂ 'ਚੋਂ ਹੀ ਇੱਕ ਹੋਵੇ? ਮੈਂ ਬੇਚੈਨ ਹੋਣ ਲੱਗਿਆ।
-----
ਸੋਚ ਦੀ ਇੱਕ ਹੋਰ ਭੂਰੀ ਕੀੜੀ ਲੜਨ ਲੱਗੀ, 'ਮੈਨੂੰ ਪਤਾ ਹੈ ਜੇ ਰੂਬਨ ਦਾ ਸੁਪਨਾ ਸਾਕਾਰ ਨਾ ਹੋਇਆ ਤਾਂ ਉਹ ਵੀ ਨਸ਼ਿਆਂ ਵਿੱਚ ਗਰਕ ਹੋ ਜਾਵੇਗਾ। ਇਸੇ ਤਰੀਕੇ ਮਾਰਨ ਲਈ ਤਾਂ ਸਰਕਾਰ ਨੇ ਪਿੰਡ ਪਿੰਡ ਠੇਕੇ ਤੇ ਨਸ਼ੀਲੀਆਂ ਦਵਾਈਆਂ ਵੇਚਣ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਸਨ ਤਾਂ ਕਿ ਤਾਕਤਵਰ ਜਵਾਨੀ ਕੋਈ ਨਵਾਂ ਸੰਘਰਸ਼ ਨਾ ਵਿੱਢ ਲਵੇ। ਉੱਤੋਂ ਸਰਕਾਰੀ ਛਤਰ ਛਾਇਆ ਹੇਠ ਅਫ਼ੀਮ, ਭੁੱਕੀ ਤੇ ਸਮੈਕ ਵੇਚਣ ਵਾਲੇ ਹਰਲ-ਹਰਲ ਕਰਦੇ ਫਿਰ ਰਹੇ ਸਨ। ਕਿਸਾਨ ਐਨੇ ਕਰਜ਼ਦਾਰ ਹੋ ਗਏ ਸਨ ਕਿ ਖ਼ੁਦਕੁਸ਼ੀਆਂ ਕਰ ਰਹੇ ਸਨ। ਖੁੰਭਾਂ ਵਾਂਗੂੰ ਉੱਗੇ ਡੇਰੇ ਅਤੇ ਬਾਬੇ ਇਸ ਮੰਦਹਾਲੀ ਨੂੰ ਰੱਬ ਦੀ ਕਰਨੀ ਜਾਂ ਪਿਛਲੇ ਕਰਮਾਂ ਦਾ ਫਲ ਦੱਸ ਲੋਕਾਂ ਨੂੰ ਹੋਰ ਵੀ ਗੁੰਮਰਾਹ ਕਰ ਰਹੇ ਸਨ। ਭਗਤ ਸਿੰਘ ਦਾ ਸੰਘਰਸ਼ਮਈ ਫਲਸਫਾ ਤਾਂ ਪਤਾ ਨਹੀਂ ਕਿੱਥੇ ਅਲੋਪ ਹੋ ਗਿਆ ਸੀ। ਮੈਂ ਗ਼ੁੱਸੇ ਵਿੱਚ ਬੁੱਲ੍ਹ ਚਿੱਥੇ।
-----
'ਲਹਿਰਾਂ ਲੋਕਾਂ ਵਲੋਂ ਨਹੀਂ ਹੁਣ ਲੀਡਰਾਂ ਵਲੋਂ ਉਠਾਈਆਂ ਜਾ ਰਹੀਆਂ ਸਨ। ਲੀਡਰ ਉਹੀ ਸਨ ਜੋ ਕਦੇ ਸਮਗਲਰ ਜਾਂ ਕ਼ਾਤਿਲ ਹੋਇਆ ਕਰਦੇ ਸੀ। ਅਸਲ ਵਿੱਚ ਰਾਜਨੀਤੀ ਸਿਰਫ਼ ਗੁੰਡਿਆਂ ਦਾ ਹੀ ਖੇਲ ਸੀ। ਲੀਡਰਾਂ ਦੇ ਕਾਕੇ ਬਲਾਤਕਾਰੀ ਹੁੰਦੇ ਹੋਏ ਵੀ ਪਾਰਟੀਆਂ ਦੇ ਲੀਡਰ ਬਣ ਜਾਂਦੇ ਤੇ ਆਪਣੇ ਆਪ ਨੂੰ ਸੇਵਾਦਾਰ ਅਖਵਾਉਂਦੇ। ਜਿਨ੍ਹਾਂ ਲੀਡਰਾਂ ਨੂੰ ਭਗਤ ਸਿੰਘ ਵੀ ਇੱਕ ਅੱਤਵਾਦੀ ਹੀ ਲੱਗਦਾ, ਏਹੋ ਲੀਡਰ ਜਦੋਂ ਅਮਰੀਕਾ ਕੈਨੇਡਾ ਆਉਂਦੇ ਤਾਂ ਜਨਤਾ ਉਨ੍ਹਾਂ ਨੂੰ ਸਿਰ ਤੇ ਬਿਠਾ ਲੈਂਦੀ ਤੇ ਡਾਲਰਾਂ ਨਾਲ ਮਾਲਾ ਮਾਲ ਕਰਕੇ ਤੋਰਦੀ।
-----
ਜਨਤਾ ਨੂੰ ਚੁਸਤ ਲੋਕ ਭੇਡਾਂ ਵਾਂਗੂੰ ਮਗਰ ਲਾ ਲੈਂਦੇ। ਫੰਡ ਇਕੱਠਾ ਕਰਨ ਲਈ ਹੀ ਉਨ੍ਹਾਂ ਲੋਕਾਂ ਨੂੰ ਭਾਵੁਕ ਕਰਕੇ ਭੀੜਾਂ ਇਕੱਠੀਆਂ ਕੀਤੀਆਂ ਜਾਂਦੀਆਂ। 'ਭੀੜ ਦਾ ਤਾਂ ਕੋਈ ਕਿਰਦਾਰ ਹੀ ਨਹੀਂ ਹੁੰਦਾ' ਮੈਨੂੰ ਕਿਸੇ ਕਿਤਾਬ ਵਿੱਚ ਪੜ੍ਹੀ ਸਤਰ ਯਾਦ ਆਈ। ਅੱਜ ਏਥੇ ਵੀ ਤਾਂ ਇੱਕ ਅਜਿਹੀ ਹੀ ਭੀੜ ਜੁੜੀ ਹੋਈ ਸੀ'। ਮੈਂ ਇਸ ਜੁੜੀ ਭੀੜ ‘ਤੇ ਨਜ਼ਰ ਘੁਮਾਈ।
----
ਲੀਡਰਾਂ ਨੂੰ ਅਖ਼ਬਾਰਾਂ ਵਿੱਚ ਲੁਆਉਣ ਲਈ ਫੋਟੋਆਂ ਚਾਹੀਦੀਆਂ ਸਨ, ਭਾਵੇਂ ਉਹ ਕਿਸੇ ਏਅਰ ਪੋਰਟ ‘ਤੇ ਉੱਤਰਦੇ ਪੁਲੀਸ ਅਫ਼ਸਰ ਨਾਲ ਹੋਣ, ਰਾਜਨੀਤਕ ਨੇਤਾ ਨਾਲ ਜਾਂ ਭਗਤ ਸਿੰਘ ਦੇ ਸਮਾਗਮ ਤੇ ਕੀ ਫ਼ਰਕ ਪੈਂਦਾ ਹੈ। ਬੱਸ ਖ਼ਬਰਾਂ ਵਿੱਚ ਉਨ੍ਹਾਂ ਦਾ ਨਾਂ ਆਉਣਾ ਚਾਹੀਦਾ ਹੈ। ਹੁਣ ਵੀ ਪ੍ਰਬੰਧਕਾਂ ਨੂੰ ਫੋਟੋਆਂ ਖਿਚਵਾਉਣ ਦਾ ਫ਼ਿਕਰ ਸੀ। ਕਈ ਫੋਟੋਗ੍ਰਾਫਰ ਪੁੱਠੇ ਸਿੱਧੇ ਹੋ ਕੇ ਇਹ ਡਿਊਟੀ ਨਿਭਾ ਰਹੇ ਸਨ। ਸ਼ਹਿਰ ਦਾ ਮੀਡੀਆ ਏਸੇ ਕਰਕੇ ਮੂਹਰਲੀਆਂ ਕਤਾਰਾਂ ਵਿੱਚ ਬਿਠਾਇਆ ਗਿਆ ਸੀ। ਜਿਨ੍ਹਾਂ ਦਾ ਵਾਰ ਵਾਰ ਨਾਂ ਲੈ ਕੇ ਧੰਨਵਾਦ ਕੀਤਾ ਜਾ ਰਿਹਾ ਸੀ। ਪਰ ਇਨ੍ਹਾਂ ਦੇ ਅਖ਼ਬਾਰਾਂ ਦਾ 'ਮੈਟਰ' ਭਗਤ ਸਿੰਘ ਦੀ ਸੋਚ ਨਾਲ ਕਦੇ ਵੀ ਮੇਲ ਨਹੀਂ ਸੀ ਖਾਂਦਾ। ਪਰ ਏਥੇ ਜ਼ੋਰ(ਲੀਡਰ) ਅਤੇ ਸ਼ੋਰ(ਮੀਡੀਆ) ਵਾਲਿਆ ਨੂੰ ਸਲਾਮ ਸੀ। ਮੇਰਾ ਮਨ ਇਸ ਸਮਾਗਮ ਵਿੱਚ ਬਿਲਕੁਲ ਨਹੀਂ ਸੀ ਲੱਗ ਰਿਹਾ। ਹੁਣ ਮੈਨੂੰ ਸਮਝ ਆ ਰਹੀ ਸੀ ਕਿ ਭਗਤ ਸਿੰਘ ਨੂੰ ਨੌਜਵਾਨ ਪੀੜੀ ਨੇ ਕਿਉਂ ਵਿਸਾਰ ਦਿੱਤਾ ਹੈ। ਏਹੋ ਜਿਹੇ ਝੂਠੇ ਡਰਾਮੇ ਦੇਖ ਕੇ ਬੱਚੇ ਕੀ ਸੋਚਦੇ ਹੋਣਗੇ? ਮੇਰੀ ਪਤਨੀ ਅਤੇ ਬੱਚੇ ਏਹੋ ਜਿਹੇ ਪ੍ਰੋਗਰਾਮਾਂ ਤੋਂ ਹਮੇਸ਼ਾਂ ਦੂਰ ਭੱਜਦੇ, ਪਰ ਮੇਰੀ ਸਹਿਕਦੀ ਜ਼ਮੀਰ ਹੀ ਮੈਨੂੰ ਖਿੱਚ ਕੇ ਲੈ ਜਾਂਦੀ।
-----
ਸਾਹਮਣੇ ਹੋ ਰਹੇ ਡਰਾਮੇ ਦਾ ਸੀਨ ਬਦਲਿਆ। ਭਗਤ ਸਿੰਘ ਸਾਂਡਰਸ ਨੂੰ ਗੋਲੀ ਮਾਰ ਨੱਚ ਰਿਹਾ ਸੀ ਤੇ ਬਦਲਾ ਲੈਣ ਦਾ ਗੀਤ ਚੱਲ ਰਿਹਾ ਸੀ। ਉਸਦੀ ਦਿੱਖ ਫਿਲਮ ਵਿਚ ਬਣੇ ਭਗਤ ਸਿੰਘ ਬੌਬੀ ਦਿਓਲ ਵਰਗੀ ਬਣਾਈ ਗਈ ਸੀ। ਪਿੱਛੇ ਬੈਠੇ ਨਿਆਣੇ ਮਾਪਿਆਂ ਨੂੰ ਪੁੱਛ ਰਹੇ ਸਨ ਕਿ 'ਇਹ ਅਜੇ ਦੇਵਗਣ ਵਾਲਾ ਭਗਤ ਸਿੰਘ ਹੈ ਜਾਂ ਬੌਬੀ ਦਿਓਲ ਵਾਲਾ'।
-----
ਏਹੋ ਜਿਹੀ ਪੱਗ ਅਤੇ ਕੰਨ ‘ਤੇ ਟੰਗੇ ਮੋਟੇ ਲੜ ਵਾਲੀਆਂ ਫੋਟੋਆਂ ਕਈ ਲੋਕ ਗੱਡੀਆਂ ਪਿੱਛੇ ਵੀ ਲੁਆਈ ਫਿਰਦੇਨੇ । ਪਿਛਲੀ ਵਾਰ ਜਦੋਂ ਮੈਂ ਇੰਡੀਆ ਗਿਆ ਸੀ ਤਾਂ ਉੱਥੇ ਵੀ ਹਰ ਤੀਜੀ ਚੌਥੀ ਕਾਰ ਤੇ ਅਜਿਹੀ ਫੋਟੋ ਦੇਖ ਕੇ ਮਨ ਖ਼ੁਸ਼ ਹੋਇਆ ਸੀ ਕਿ ਲੋਕ ਭਗਤ ਸਿੰਘ ਨੂੰ ਕਿੰਨਾ ਪਿਆਰ ਕਰਦੇ ਹਨ। ਪਰ ਬਾਅਦ 'ਚ ਪਤਾ ਲੱਗਿਆ ਸੀ ਕਿ ਇਹ ਤਾਂ ਫਿਲਮ ਆਈ ਹੋਣ ਕਰਕੇ ਫੈਸ਼ਨ ਹੈ। ਜਦੋਂ ਮੈਂ ਕੁੱਝ ਨੌਜਵਾਨਾਂ ਖ਼ਾਸ ਕਰਕੇ ਆਪਣੇ ਭਤੀਜੇ ਨਾਲ ਭਗਤ ਸਿੰਘ ਬਾਰੇ ਗੱਲ ਕੀਤੀ ਤਾਂ ਮੇਰਾ ਭਰਮ ਟੁੱਟ ਗਿਆ ਸੀ। ਮੁੰਡੇ ਆਪਣੇ ਆਪ ਨੂੰ ਭਗਤ ਸਿੰਘ ਵਰਗਾ ਬਹਾਦਰ ਤਾਂ ਦਿਖਾਉਣਾ ਚਾਹੁੰਦੇ ਸਨ ਪਰ ਉਸ ਵਰਗਾ ਬਣਨਾ ਨਹੀਂ ਸੀ ਚਾਹੁੰਦੇ। ਆਮ ਲੋਕ ਵੀ ਸੋਚਦੇ ਸਨ ਕਿ 'ਭਗਤ ਸਿੰਘ ਚੰਗਾ ਤਾਂ ਲੱਗਦਾ ਹੈ ਪਰ ਕਿਸੇ ਹੋਰ ਦੇ ਘਰ ਜੰਮੇ'।
-----
ਪੰਜਾਬ ਦੇ ਨੌਜਵਾਨਾਂ ਨੂੰ ਵਿਰਸਾ ਤਾਂ ਕੀ ਰਿਸ਼ਤੇ ਨਾਤੇ ਵੀ ਭੁੱਲਦੇ ਜਾ ਰਹੇ ਸਨ। ਜਦੋਂ ਵੀ ਮੈਂ ਭਾਰਤ ਜਾਂਦਾ ਤਾਂ ਮੇਰੇ ਆਪਣੇ ਹੀ ਭੈਣ ਭਰਾਵਾਂ ਦੇ ਬੱਚੇ ਮੈਨੂੰ ਪਛਾਨਣੋ ਇਨਕਾਰੀ ਹੁੰਦੇ ਤੇ ਹਰ ਵਾਰ ਉਨ੍ਹਾਂ ਦੇ ਮਾਪੇ ਦੱਸਦੇ ਕਿ ਇਹ ਥੋਡਾ ਕੈਨੇਡਾ ਵਾਲਾ ਅੰਕਲ ਹੈ। ਰੂਬਨ ਨਾਲ ਵੀ ਪਹਿਲਾਂ ਪਹਿਲਾਂ ਏਦਾਂ ਹੀ ਹੁੰਦਾ ਸੀ। ਪਰ ਜਦ ਤੋਂ ਉਸ ਨੂੰ ਕੈਨੇਡਾ ਦੀ ਲਿਲ੍ਹਕ ਲੱਗੀ ਹੈ ਹੁਣ ਤਾਂ ਉਹ ਮੇਰੇ ਬਾਰੇ ਸਾਰਾ ਕੁਝ ਜਾਣਦਾ ਹੈ।
-----
ਪਹਿਲਾਂ ਪਹਿਲ ਮੇਰੇ ਤੋਂ ਦੋ ਚੋਰੀ ਉਹ ਪੈੱਗ ਲਾ ਕੇ ਘਰ ਆਉਂਦਾ ਸੀ ਤੇ ਫੇਰ ਮੇਰੇ ਨਾਲ ਵੀ ਕਦੀ ਕਦਾਈਂ ਲਾ ਲੈਂਦਾ। ਮੇਰੇ ਭਰਾ ਨੇ ਉਸ ਨੂੰ ਨਵੀਂ ਕਾਰ ਵੀ ਕਢਾ ਦਿੱਤੀ ਸੀ। ਪਰ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਤੇਰੇ ਕਰਕੇ ਕਢਾਈ ਹੈ ਕਿ ਜਦੋਂ ਤੁਸੀਂ ਕੈਨੇਡਾ ਤੋਂ ਘੁੰਮਣ ਆਉਂਦੇ ਹੋ ਤਾਂ ਕੋਈ ਮੁਸ਼ਕਿਲ ਨਾ ਆਵੇ। ਪਰ ਮੈਂ ਜਾਣਦਾ ਸੀ ਕਿ ਅਜਿਹਾ ਉਹ ਕਾਰ ਦੀ ਕੀਮਤ ਅਤੇ ਤੇਲ ਪਾਣੀ ਦਾ ਖ਼ਰਚਾ ਬਟੋਰਨ ਲਈ ਕਹਿ ਰਿਹਾ ਹੈ। ਇਸ ਕਾਰ ਦੇ ਪਿੱਛੇ ਵੀ ਉਸ ਨੇ ਭਗਤ ਸਿੰਘ ਵਾਲਾ ਪੋਸਟਰ ਲਗਾਇਆ ਹੋਇਆ ਸੀ, ਜਿੱਥੇ ਉਹ ਮੁੱਛ ਨੂੰ ਤਾਅ ਦੇ ਰਿਹਾ ਸੀ ਤੇ ਥੱਲੇ ਕਰਕੇ ਲਿਖਿਆ ਹੋਇਆ ਸੀ 'ਸੂਰਮੇ ਜੱਟ ਪੰਜਾਬੀ'। ਜਦੋਂ ਮੈਂ ਅਣਜਾਣ ਬਣਦੇ ਨੇ ਪੁੱਛਿਆ ਸੀ ''ਰੂਬਨ ਇਹ ਕਿਸਦਾ ਪੋਸਟਰ ਹੈ?'' ਤਾਂ ਉਹ ਮੇਰੇ ਅਗਿਆਨ ਤੇ ਹੱਸਦਾ ਬੋਲਿਆ ਸੀ ''ਚਾਚਾ ਜੀ ਬੀਬੀ ਦਿਲ ਦਾ। ਥੋਨੂੰ ਨਹੀਂ ਪਤਾ?''
-----
ਮੈਂ ਫੇਰ ਮਨ ਹੀ ਮਨ ਭਾਰਤ ਵਿੱਚ ਚਲਾ ਗਿਆ। ਮੇਰਾ ਧਿਆਨ ਹੁਣ ਫੇਰ ਸਮਾਗਮ ਵਿੱਚ ਨਹੀਂ ਸੀ। ਮਨ ਵਿੱਚ ਭਾਰਤ ਦੀ ਇੱਕ ਹੋਰ ਤਸਵੀਰ ਉੱਭਰਨ ਲੱਗੀ। ਸ਼ਰਾਬ ਪੀ ਕੇ ਮੁਸਾਫ਼ਿਰਾਂ ਨਾਲ ਤੂੜੀਆਂ ਗੱਡੀਆਂ ਚਲਾਉਂਦੇ ਲੋਕ। ਰੇਲਾਂ, ਬੱਸਾਂ, ਟੈਂਪੂਆਂ, ਟਰਾਲੀਆਂ ‘ਤੇ ਚਮਗਿੱਦੜਾਂ ਵਾਂਗੂੰ ਲਟਕੇ ਹੋਏ ਲੋਕ। ਜਦੋਂ ਮੈਂ ਭਰਾ ਨਾਲ ਗੱਲ ਕੀਤੀ ਕਿ 'ਮੱਖਣਾਂ 'ਡਰਿੰਕ ਐਂਡ ਡਰਾਈਵ' ਤਾਂ ਕ੍ਰਾਈਮ ਹੈ, ਏਥੇ ਸੇਫਟੀ ਦਾ ਵੀ ਕੋਈ ਧਿਆਨ ਨਹੀਂ ਰੱਖਦਾ?' ਤਾਂ ਉਹ ਪੈੱਗ ਪਾਉਂਦਾ ਹੱਸਿਆ 'ਇਹ ਤੇਰਾ ਕੈਨੇਡਾ ਨਹੀਂ ਭਾਰਤ ਹੈ। ਹੁਣ ਤੂੰ ਪੰਜਾਬ 'ਚ ਬੈਠਾ ਏਂ। ਏਥੇ ਨੀ ਲੋਕ ਐਹੈ ਜਹੀਆਂ ਗੱਲਾਂ ਦੀ ਪਰਵਾਹ ਕਰਦੇ। ਟ੍ਰੈਫ਼ਿਕ ਤੇ ਰਾਜਨੀਤੀ ਤਾਂ ਏਥੇ ਰੱਬ ਆਸਰੇ ਈ ਚੱਲਦੀ ਆ' ਉਹ ਉੱਚੀ ਉੱਚੀ ਹੱਸਿਆ।
-----
'ਤਾਂ ਹੀ ਤਾਂ ਤੈਨੂੰ ਕਹਿਨਾਂ ਰੂਬਨ ਨੂੰ ਬਾਹਰ ਲੈ ਜਾ ਪਰ ਤੂੰ ਕਰਦਾ ਈ ਕੁੱਝ ਨੀ। ਹੋਰ ਨੀ ਤਾਂ ਉੱਥੇ ਜਾ ਕੇ ਟਰੱਕ ਈ ਚਲਾਉਣ ਲੱਗ ਜੂ। ਜਿਵੇਂ ਆਪਾਂ ਦੋ ਸੌ ਰੁਪਏ ਦੇ ਕੇ ਉਹ ਨੂੰ ਕਾਰ ਦਾ ਲਸੰਸ ਲੈ ਤਾ ਇੰਝ ਹੀ ਪੰਜ ਸੌ ਦੇ ਕੇ ਟਰੱਕ ਦਾ ਹੈਵੀ ਡਿਊਟੀ ਲੈ ਦਾਂਗੇ। ਨਾਲੇ ਅਗਲਾ ਆਪੇ ਆ ਕੇ ਘਰ ਫੜਾ ਕੇ ਜਾਊ'। ਮੈਂ ਸੋਚ ਰਿਹਾ ਸੀ ਇਹ ਮੁਲਕ ਚੱਲਦਾ ਕਿਵੇਂ ਹੈ?
----
ਭਗਤ ਸਿੰਘ ਦਾ ਮੁਲਕ ਜਿਸ ਲਈ ਉਹ ਫਾਂਸੀ ਚੜ੍ਹ ਗਿਆ ਕਿ ਲੋਕਾਂ ਨੂੰ ਚੰਗਾ ਜੀਵਨ ਮਿਲੇ, ਉਸ ਨੂੰ ਭੁੱਲ ਗਿਆ ਸੀ। ਪਰ ਏਥੇ ਇਹ ਡਰਾਮੇ ਕਿਉਂ ਦਿਖਾਏ ਜਾ ਰਹੇ ਨੇ, ਜਿੱਥੇ ਸਾਰਾ ਕੁਝ ਸਿਸਟਮ ਵਿੱਚ ਬੱਝਾ ਹੋਇਆ ਹੈ? ਮੈਂ ਪਰੇਸ਼ਾਨ ਸਾਂ।
-----
ਬੈਠੇ ਬੈਠੇ ਨੂੰ ਇੰਡੀਆ ਦੀ ਇੱਕ ਹੋਰ ਯਾਦ ਆ ਗਈ। ਘਰ ਦਾ ਵੱਡਾ ਗੇਟ ਲੰਘਣ ਸਾਰ ਕਿਵੇਂ ਰੂਬਨ ਗੱਡੀ ਤੋਂ ਧੂੜਾਂ ਪੁਟਵਾ ਦਿੰਦਾ ਸੀ। ਫੇਰ ਕਦੇ ਹੱਥ ਹਾਰਨ ਤੇ ਅਤੇ ਕਦੀ ਡਿੱਪਰ ਤੇ। ਉਹ ਕਿਸੇ ਨੂੰ ਵੀ ਆਪਣੇ ਤੋਂ ਅੱਗੇ ਨਾ ਨਿਕਲਣ ਦਿੰਦਾ। ਭਰਾ ਆਪਣੇ ਜਵਾਨ ਪੁੱਤ ਦਾ ਨਖ਼ਰਾ ਦੇਖ ਦੇਖ ਨਿਹਾਲ ਹੁੰਦਾ। ਪਿਛਲੇ ਸ਼ੀਸ਼ੇ ਤੇ ਬਣੀ ਭਗਤ ਸਿੰਘ ਦੀ ਫੋਟੋ ਨਾਲ ਉਸਦਾ ਚਿਹਰਾ ਮੇਚਦਾ ਤੇ ਫੇਰ ਆਖਦਾ ''ਸੁੱਖਿਆ! ਹਰ ਲੱਲੀ-ਛੱਲੀ ਕੈਨੇਡਾ ਨੂੰ ਤੁਰੀ ਜਾਂਦੀ ਆ ਆਪਣਾ ਪੁੱਤ ਤਾਂ ਸੈਂਕੜੇ ਨਹੀਂ ਹਜ਼ਾਰਾਂ 'ਚੋਂ ਇੱਕ ਆ। ਇਹਦੇ ਭਾਗ ਕਿਉਂ ਨਹੀਂ ਜਾਗਦੇ? ਸਾਨੂੰ ਤਾਂ ਭਲਾ ਬਾਪੂ ਨੇ ਦਸਵੀਂ 'ਚੋਂ ਹਟਾ ਕੇ ਖੇਤੀ ਨੂੰ ਜੋੜ ਲਿਆ ਸੀ ਹੁਣ ਇਸਦੇ ਬਹਾਨੇ ਅਸੀਂ ਵੀ ਬਾਹਰਲਾ ਮੁਲਕ ਦੇਖ ਲਵਾਂਗੇ। ਜੇ ਇਹ ਕੰਮ ਕਰਵਾ ਦੇਵੇਂ ਤਾਂ ਅਹਿਸਾਨ ਨਹੀਂ ਭੁਲਾਉਂਦੇ''। ਪਰ ਮੇਰੇ ਮੂੰਹ ਨੂੰ ਲੱਗਿਆ ਚੁੱਪ ਦਾ ਜੰਦਰਾ ਵੇਖ, ਮੱਖਣ ਨਿਰਾਸ਼ ਹੋ ਗਿਆ ਸੀ।
-----
ਉਸੇ ਰਾਤ ਦਾਰੂ ਦੇ ਪੈੱਗ ਚੜ੍ਹਾ ਉਸ ਨੇ ਮੇਰੀ ਚੁੱਪ ਨੂੰ ਲਲਕਾਰਿਆ ਸੀ ''ਮੇਰੀ ਕੀਤੀ ਕਮਾਈ ਨਾਲ ਈ ਕੈਨੇਡਾ ਗਿਆ ਏਂ। ਤੀਵੀਂ ਪਿੱਛੇ ਲੱਗ ਹੁਣ ਸੈਲਫਿਸ਼ ਨਾ ਬਣ, ਤੈਨੂੰ ਮੈ ਦੱਸਾਂ'' ਪਰ ਮੈਂ ਲੜਾਈ ਮੁੱਲ ਲੈਣੀ ਨਹੀਂ ਸਾਂ ਚਾਹੁੰਦਾ। ਮੈਂ ਜਦੋਂ ਉਸ ਨੂੰ ਪੁੱਛਿਆ ਕਿ ਆਪਣਾ ਰੂਬਨ ਹੁਣ ਕਿਹੜੀ ਜਮਾਤ ਵਿੱਚ ਆ, ਤਾਂ ਉਸ ਨੂੰ ਪਤਾ ਨਹੀਂ ਸੀ ਤੇ ਨਾ ਹੀ ਇਹ ਪਤਾ ਸੀ ਕਿ ਉਹ ਕਿਹੜੇ ਸਬਜੈਕਟ ਪੜ੍ਹ ਰਿਹਾ ਹੈ। ਪਰ ਉਸ ਲਈ ਤਾਂ ਕੈਨੇਡਾ ਹੀ ਸਭ ਕੁਝ ਸੀ। ਰੂਬਨ ਸ਼ੀਸ਼ੇ ਮੂਹਰੇ ਖੜਾ ਘੰਟਾ-ਘੰਟਾ ਵਾਲ ਸੁਆਰਦਾ ਰਹਿੰਦਾ। ਪੰਜਾਬ ਦੇ ਬਾਕੀ ਗੱਭਰੂਆਂ ਵਾਂਗ ਉਸ ਨੇ ਵੀ ਪਗੜੀ ਕਦੋਂ ਦੀ ਉਤਾਰ ਦਿੱਤੀ ਸੀ। ਘਰਦਿਆਂ ਨੂੰ ਬੱਸ ਏਨਾ ਹੀ ਪਤਾ ਸੀ ਕਿ ਉਹ ਕਾਲਜ ਜਾਂਦਾ ਹੈ, ਕਿਹੜੀ ਡਿਵੀਜ਼ਨ ਆਉਂਦੀ ਹੈ ਜਾਂ ਕੀ ਪੜ੍ਹਦਾ ਹੈ ਇਸ ਦਾ ਕੁਝ ਨਹੀਂ ਸੀ ਪਤਾ। ਭਗਤ ਸਿੰਘ ਦੇ ਵਾਰਿਸਾਂ ਦਾ ਭਾਰਤ ਵਿੱਚ ਅੱਜ ਕੱਲ ਇਹ ਹੀ ਹਾਲ ਸੀ।
-----
ਮੈਂ ਤੱਕਿਆ ਸਟੇਜ ਤੇ ਇੱਕ ਪੁਰਾਣਾ ਕਾਮਰੇਡ ਧੂੰਆਂਧਾਰ ਭਾਸ਼ਨ ਦੇ ਰਿਹਾ ਸੀ ਕਿ ਨੌਜਵਾਨਾਂ ਨੂੰ ਭਗਤ ਸਿੰਘ ਦੇ ਰਾਹ ਤੇ ਤੋਰਨ ਲਈ ਅਜਿਹੇ ਪ੍ਰੋਗਰਾਮ ਕਰਨੇ ਬਹੁਤ ਗ਼ਰੂਰੀ ਨੇ। ਪਰ ਮੈਂ ਜਾਣਦਾ ਸੀ ਕਿ ਉਹ ਪਿਛਲੇ ਪੱਚੀਆਂ ਸਾਲਾਂ ਤੋਂ ਅਜਿਹੇ ਹੀ ਭਾਸ਼ਨ ਹਰ ਥਾਂ ਕਰਦਾ ਆ ਰਿਹਾ ਹੈ। ਉਹ ਵੀ ਬਾਕੀ ਕਾਮਰੇਡਾਂ ਵਾਂਗ ਭਾਸ਼ਣਾਂ ਤੱਕ ਹੀ ਸੀਮਿਤ ਰਹਿ ਗਿਆ ਸੀ। ਅਗਲੇ ਸਾਲ ਤੱਕ ਉਹ ਫੇਰ ਚੁੱਪ ਰਹੇਗਾ ਤੇ ਸਾਲ ਬਾਅਦ ਫੇਰ ਇੱਕ ਅਜਿਹਾ ਹੀ ਭਾਸ਼ਨ ਦਏਗਾ।
-----
ਮੀਡੀਆ ਹਰ ਵਾਰੀ ਅੱਜ ਦੀ ਤਰ੍ਹਾਂ ਹੀ ਮੂਹਰਲੀਆਂ ਕਤਾਰਾਂ ਤੇ ਉੱਤੇ ਸਜਦਾ ਹੈ। ਉਂਝ ਇਹ ਲੋਕ ਐਡਾਂ ਲੈਣ ਲਈ ਲੁੱਟਣ ਵਾਲਿਆਂ ਦੇ ਪੈਰ ਚੁੰਮਣ ਤੱਕ ਜਾਂਦੇ ਹਨ ਤੇ ਉਨ੍ਹਾਂ ਦੇ ਕੂੜ-ਕਬਾੜ ਦੀ ਵੀ ਹੀਰਿਆਂ ਮੋਤੀਆਂ ਨਾਲ ਤੁਲਨਾ ਕਰਦੇ ਨੇ। ਸਲਾਮ ਸਰਮਾਏਦਾਰੀ ਨੂੰ ਕਰਦੇ ਨੇ ਪਰ ਤਾਜ ਪ੍ਰਗਤੀਵਾਦ ਦਾ ਪਹਿਨਣਾ ਚਾਹੁੰਦੇ ਨੇ। ਹੋਰ ਤਾਂ ਹੋਰ ਉਹ ਤਾਂ ਅਜਿਹੇ ਸਮਾਗਮ ਲਈ ਇੱਕ ਦਸ ਡਾਲਰ ਦੀ ਟਿਕਟ ਵੀ ਨਾ ਖ਼ਰੀਦ ਸਕਦੇ ਬਲਕਿ ਪ੍ਰੋਗਰਾਮ ਬਾਰੇ ਦੱਸਣ ਲਈ ਵੀਹ ਵੀਹ ਟਿਕਟਾਂ ਮੁਫ਼ਤ ਮੰਗਦੇ। ਵਪਾਰੀ ਸੱਜਣ ਜੋ ਸਮਾਗਮ ਲਈ ਪੈਸਾ ਦਿੰਦੇ ਪ੍ਰਬੰਧਕ ਗੁਣਗਾਨ ਵੀ ਉਨ੍ਹਾਂ ਦਾ ਹੀ ਕਰਦੇ। ਉਂਝ ਤਾਂ ਹਰ ਸਮਾਗਮ ਵਿੱਚ ਹੀ ਵਪਾਰੀਆਂ ਦੇ ਏਸੇ ਤਰਾਂ ਹੀ ਬੂਟ ਚੱਟੇ ਜਾਂਦੇ ਸਨ।
******
ਲੜੀ ਜੋੜਨ ਲਈ ਹੇਠਲੀ ਪੋਸਟ ਤੀਜਾ ਭਾਗ ਜ਼ਰੂਰ ਪੜ੍ਹੋ ਜੀ।
No comments:
Post a Comment