ਅਸੀਮ ਤੇ ਖੁੱਲ੍ਹੇ ਅੰਬਰ ਹੇਠਾਂ ਤੰਗਦਿਲੀ ਕਿਉਂ ਅਪਣਾਈਏ
ਲੇਖ
-----
ਧਰਤੀ ’ਤੇ ਵਸਦਾ ਮਨੁੱਖ ਰੋਜ਼ ਅੰਬਰ ਦੇਖਦਾ ਹੈ, ਇਸਦਾ ਖੁੱਲ੍ਹਾਪਣ ਵੀ ਤੇ ਅਸੀਮਤਾ ਵੀ, ਪਰ ਇਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਲਈ ਤਿਆਰ ਨਹੀਂ ਹੋਇਆ। ਜੇ ਉਸ ਨੇ ਅਜਿਹਾ ਕੀਤਾ ਹੁੰਦਾ ਤਾਂ ਸਮਾਜ ਅਤੇ ਜੀਵਨ ਦੇ ਵੱਖ ਵੱਖ ਪੱਖਾਂ ਵਿਚ ਤੰਗ-ਦਿਲੀ ਕਿਸੇ ਵੀ ਸੂਰਤ ਵਿਚ ਰਾਜ ਕਰਨ ਦੇ ਕਾਬਲ ਨਾ ਹੋ ਸਕਦੀ। ਤੰਗ-ਦਿਲੀ, ਤੰਗ-ਨਜ਼ਰੀ ਅਤੇ ਸੌੜੀ ਸੋਚ ਤਾਂ ਮਨੁੱਖੀ ਮਨਾਂ ਅੰਦਰ ਏਨਾ ਘਰ ਕਰੀ ਬੈਠੀ ਹੈ ਕਿ ਇਸ ਤੋਂ ਬਿਨਾਂ ਵਿਚਰਨ ਵਾਲਾ ਕੋਈ ਨਜ਼ਰ ਹੀ ਨਹੀਂ ਆ ਰਿਹਾ। ਜਿਸ ਨੇ ਤੰਗ ਦਿਲੀ ਦਾ ਫੈਲਾਅ ਕੀਤਾ ਹੋਵੇਗਾ ਉਸਨੂੰ ਕਿਸੇ ਸ਼ੈਤਾਨ ਤੋਂ ਘੱਟ ਨਹੀਂ ਸਮਝਿਆ ਜਾ ਸਕਦਾ। ਫੈਲਾਅ ਨੂੰ ਜਰਬ ਦੇਣ ਵਾਲੇ ਅਤੇ ਇਸ ਨੂੰ ਜਾਰੀ ਰੱਖਣ ਵਾਲੇ ਸ਼ੈਤਾਨ ਦੇ ਪਿਉ ਤੋਂ ਘੱਟ ਰੁਤਬੇ ਦੇ ਨਹੀਂ ਹੋ ਸਕਦੇ।
-----
ਕੁਝ ਰੌਸ਼ਨ ਦਿਮਾਗ਼ਾਂ ਨੇ ਰੌਸ਼ਨੀ ਕੀਤੀ, ਚਾਨਣ ਫੈਲਾਇਆ ਜਿਸ ਨਾਲ ਹਨੇਰੇ ਵਿਚ ਘਿਰੇ ਲੋਕਾਂ ਦੀਆਂ ਸੋਚਾਂ ਵਿਚ ਲੋਅ ਜਗ ਪਈ। ਉਨ੍ਹਾਂ ਕੋਲ ਜਗਦੇ ਅਤੇ ਜਾਗਦੇ ਨਿੱਗਰ ਵਿਚਾਰ ਆ ਗਏ ਜਿਨ੍ਹਾਂ ਕਰਕੇ ਉਹ ਚਾਨਣੇ ਰਾਹਾਂ ਉੱਤੇ ਤੁਰ ਪਏ। ਉਨ੍ਹਾਂ ਉਡਾਰੀਆਂ ਭਰੀਆਂ, ਚੰਗੇ ਸੁਪਨੇ ਲਏ। ਅਗਿਆਨ ਅਤੇ ਹਨੇਰੇ ਵਿਚ ਫਸੇ ਲੋਕਾਂ ਨੂੰ ਉੱਥੋਂ ਕੱਢਣ ਦਾ ਸਫ਼ਲ ਯਤਨ ਕੀਤਾ। ਉਨ੍ਹਾਂ ਦੇ ਇਹ ਯਤਨ ਹੀ ਸਨ / ਹਨ ਕਿ ਮਾਨਵ ਦਾ ਕੁੱਝ ਹਿੱਸਾ ਖੁੱਲ੍ਹਦਿਲੀ ਅਤੇ ਅਸੀਮਤਾ ਦੇ ਦਰ ਖੋਲ੍ਹਣ ਦੇ ਯਤਨ ਕਰਨ ਲੱਗਾ, ਕੁਝ ਹੱਦ ਤੱਕ ਕਾਮਯਾਬ ਵੀ ਹੋ ਗਿਆ।
-----
ਮਾਨਸ ਨੂੰ ਅਕਲ ਆਉਣੀ ਸ਼ੁਰੂ ਹੋਈ ਜਿਸ ਨੇ ਆਲੇ-ਦੁਆਲੇ ਨੂੰ ਮਹਿਸੂਸਿਆ ਅਤੇ ਉਸ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕੀਤਾ। ਗਲਵੱਕੜੀਆਂ ਦੇ ਦੌਰ ਨਾਲ ਭਾਈਚਾਰੇ ਦਾ ਸਿਲਸਿਲਾ ਆਰੰਭ ਹੋਇਆ ਜਿਸ ਨਾਲ ਸੱਭਿਅਕ ਤੌਰ ਤਰੀਕਿਆਂ ਨੇ ਜਨਮ ਲੈ ਲਿਆ ਪਰ ਨਾਲ ਦੀ ਨਾਲ ਮੁਕਾਬਲੇ ਦੀ ਦੌੜ ਕਾਰਨ ਸਾੜੇ, ਵਿਤਕਰੇ ਅਤੇ ਈਰਖਾ ਵੀ ਮੈਦਾਨ ਵਿਚ ਕੁੱਦਣ ਤੋਂ ਪਿੱਛੇ ਨਾ ਰਹੇ। ਬਸ ! ਇਨ੍ਹਾਂ ਕਾਰਨ ਹੀ ਤੰਗ ਦਿਲੀ ਮਨੁੱਖੀ ਮਨਾਂ ਉੱਤੇ ਅਜਿਹੀ ਛਾਈ ਕਿ ਉਹ ਕਈ ਤਰ੍ਹਾਂ ਦੇ ਛੋਟੇ ਛੋਟੇ ਪਰ ਖ਼ਤਰਨਾਕ ਦਾਇਰਿਆਂ ਵਿਚ ਏਨਾ ਘਿਰ ਕੇ ਰਹਿ ਗਿਆ ਜਿਸ ਦਾ ਅੰਦਾਜ਼ਾ ਲਾਉਣਾ ਆਸਾਨ ਨਹੀਂ।
------
ਧਰਤੀ ਸਭ ਦੀ ਹੈ ਕਿਉਂਕਿ ਜਿੱਥੇ ਕਿਸੇ ਨੇ ਜਨਮ ਲਿਆ ਹੈ ਉਹ ਆਪਣੀ ਮਰਜ਼ੀ ਨਾਲ ਨਹੀਂ ਲਿਆ। ਅਜਿਹੀ ਚੋਣ ਕਰਨ ਦਾ ਮਾਨਵ ਨੂੰ ਹੱਕ ਹੀ ਨਹੀਂ ਦਿੱਤਾ ਗਿਆ। ਹੋਇਆ ਇਹ ਕਿ ਧਰਤੀ ਉੱਤੇ ਜੰਮੇ ਮਾਨਸ ਨੇ ਇਸ ਉੱਤੇ ਲਕੀਰਾਂ ਖਿੱਚ ਲਈਆਂ ਜੋ ਹੱਦਾਂ ਬਣ ਗਈਆਂ ਜਿਨ੍ਹਾਂ ਨੂੰ ਸੌਖੀ ਤਰ੍ਹਾਂ ਪਾਰ ਕਰਨਾ ਬਿਲਕੁਲ ਹੀ ਸੌਖਾ ਨਹੀਂ। ਇੱਥੋਂ ਤੱਕ ਕਿ ਦੇਸ਼ਾਂ ’ਤੇ ਕਾਬਜ਼ ਹੋਣ ਦੇ ਨਾਲ ਨਾਲ ਸੂਬਿਆਂ ਅਤੇ ਸ਼ਹਿਰਾਂ ਉੱਤੇ ਕਬਜ਼ਾ ਜਮਾਉਣ ਤੋਂ ਵੀ ਪਿੱਛੇ ਨਾ ਰਹੇ। ਇਕ, ਦੂਜੇ ਦੇਸ਼ ਅਤੇ ਸ਼ਹਿਰ ਦੇ ਲੋਕਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦਿਆਂ ਥਾਂ-ਥਾਂ ਨਕਾਰਿਆ ਜਾਣ ਲੱਗ ਪਿਆ। ਇਹ ਕੰਮ ਉੱਕਾ ਹੀ ਚੰਗਾ ਨਹੀਂ, ਪਰ ਇਸ ’ਤੇ ਉਤਾਰੂ ਲੋਕ ਇਸ ਤੋਂ ਪਿੱਛੇ ਹਟਣ ਲਈ ਬਿਲਕੁਲ ਤਿਆਰ ਨਹੀਂ।
-----
ਭਾਸ਼ਾ, ਧਰਮ ਅਤੇ ਸੱਭਿਆਚਾਰ ਦੇ ਵਖਰੇਵਿਆਂ ਕਾਰਨ ਵੀ ਮਾਨਸ ਇਕ ਦੂਜੇ ਦੀ ਅੱਖ ਵਿਚ ਚੁਭਣ ਲੱਗ ਪਿਆ। ਹਨ ਤਾਂ ਇਹ ਹੋਛੀਆਂ ਗੱਲਾਂ ਪਰ ਇਹ ਕੁੱਝ ਕਰਨ ਵਾਲੇ ਜਾਂ ਤਾਂ ਸਮਝ ਤੋਂ ਕੋਰੇ ਹਨ ਜਾਂ ਫੇਰ ਉਨ੍ਹਾਂ ਦੀ ਬਿਰਤੀ ਸ਼ਰਾਰਤਾਂ ਬਗੈਰ ਟਿਕ ਨਹੀਂ ਸਕਦੀ। ਵਸਣ ਵਾਸਤੇ, ਰੁਜ਼ਗਾਰ ਦੀ ਭਾਲ਼ ਲਈ ਅਤੇ ਨੌਕਰੀਆਂ ਉੱਤੇ ਲੱਗਣ ਵਾਸਤੇ ਦੁਨੀਆਂ ਭਰ ਦੇ ਲੋਕ ਕਿਤੇ ਵੀ ਜਾ ਸਕਦੇ ਹਨ ਪਰ ਹਾਕਮ ਜਾਂ ਫੇਰ ਆਪੇ ਬਣੇ ਚੌਧਰੀ ਇਸ ਕੰਮ ਵਿਚ ਤੰਗ-ਦਿਲੀ ਦਾ ਪਿੱਛਾ ਨਹੀਂ ਛੱਡਦੇ। ਉਹ ਆਪੋ ਆਪਣੇ ਦੇਸ਼ਾਂ ਤੇ ਸੂਬਿਆਂ ਵਿਚ ਆਪਣਾ ਹੀ ਰਾਜ ਸਮਝਦੇ ਹਨ ਹੋਰ ਕਿਸੇ ਦਾ ਨਹੀਂ।
-----
ਅੱਜ ਵਿਸ਼ਵ ਨੂੰ ‘ਗਲੋਬਲੀ ਪਿੰਡ’ ਕਿਹਾ ਜਾ ਰਿਹਾ ਜਿਸ ਦਾ ਅਰਥ ਹੈ ਕਿ ਧਰਤੀ ਦੇ ਵੱਖ ਵੱਖ ਹਿੱਸਿਆਂ ’ਚ ਨੇੜਤਾ ਵਧ ਗਈ ਅਤੇ ਸੰਚਾਰ ਵੀ ਵਧ ਗਿਆ। ਇਸ ਕਹੇ ਜਾਂਦੇ ‘ਗਲੋਬਲ ਵਿਲੇਜ’ ਵਿਚ ਤਾਲੀਆਂ ਦੀ ਘਾਟ ਕਿਉਂ? ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਨੂੰ ਸਵਾਗਤ ਦਾ ਦਰਵਾਜ਼ਾ ਕਿਉਂ ਨਹੀਂ ਮਿਲਦਾ? ਭਾਈਚਾਰੇ ਦੀਆਂ ਸਾਂਝਾ ਦਾ ਆਦਰ ਕਿਉਂ ਨਹੀਂ? ਅਜਿਹੇ ਹੀ ਹੋਰ ਬਹੁਤ ਸਾਰੇ ਸਵਾਲ ਹਨ ਜੋ ਖੁੱਲ੍ਹੇ ਅੰਬਰ ਹੇਠਾਂ ਵਸਦੇ ਮਾਨਸ ਨੂੰ ਕੀਤੇ ਜਾ ਸਕਦੇ ਹਨ ਪਰ ਜ਼ਰੂਰਤ ਹੈ ਇਨ੍ਹਾਂ ਸਵਾਲਾਂ ਦੇ ਸਹੀ ਤੇ ਢੁਕਵੇਂ ਉੱਤਰ ਲੱਭੇ ਜਾਣ।
-----
ਸਵਾਲਾਂ ਦਾ ਸਵਾਲ ਤਾਂ ਇਹ ਹੈ ਕਿ ਸੋਚ ਦੇ ਖੁੱਲ੍ਹੇ ਅੰਬਰ ਹੇਠਾਂ ਤੰਗਦਿਲੀ ਕਿਉਂ ਅਪਣਾਈਏ? ਸੰਚਾਰ ਵਧ ਗਿਆ, ਜਾਣਕਾਰੀ ਵਿਸ਼ਾਲ ਹੋ ਗਈ, ਸੋਚ ਨੇ ਅੰਬਰਾਂ ਦੇ ਅੰਬਰ ਗਾਹ ਲਏ, ਵਿਚਾਰਾਂ ’ਚ ਬੜੀ ਵੰਨ-ਸੁਵੰਨਤਾ ਆ ਗਈ, ਮੇਲ-ਜੋਲ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਅਤੇ ਗਿਆਨ ਦੀ ਵਧੀ ਰੌਸ਼ਨੀ ਵੀ ਕਿਸੇ ਤੋਂ ਲੁਕੀ-ਛੁਪੀ ਨਹੀਂ ਪਰ ਫੇਰ ਵੀ ਮਨੁੱਖੀ ਵਿਹਾਰ ’ਚ ਖੁੱਲ੍ਹ-ਦਿਲੀ ਨਹੀਂ ਆਈ। ਏਨੀ ਤਰੱਕੀ ਦੇ ਹੁੰਦਿਆਂ-ਸੁੰਦਿਆਂ ਮਨੁੱਖ ਤੰਗ-ਦਿਲੀ ਅਤੇ ਸੌੜੀ ਸੋਚ ਕਿਉਂ ਅਪਣਾਈ ਜਾ ਰਿਹਾ, ਕਿਉਂ ਗਲ਼ੀਆਂ ਸੜੀਆਂ ਰੀਤਾਂ ਨੂੰ ਮੁਰਦੇ ਵਾਂਗ ਸਜਾ ਕੇ ਮੋਢਿਆਂ ’ਤੇ ਚੁੱਕੀ ਜਾ ਰਿਹੈ। ਅੱਜ ਦੇ ਰੋਸ਼ਨ-ਯੁੱਗ ਵਿਚ ਮਨੁੱਖ ਨੂੰ ਤੰਗ-ਦਿਲੀ ਨਹੀਂ ਸਗੋਂ ਖੁੱਲ੍ਹੀ ਧਰਤੀ ਤੇ ਖੁੱਲ੍ਹੇ ਅੰਬਰ ਵਰਗੀ ਸੋਚ ਅਪਣਾਉਣੀ ਪਵੇਗੀ।
*******
ਅੰਗਰੇਜ਼ੀ ’ਚ ਪੰਜਾਬੀ ਕਿਤਾਬਾਂ
ਪੰਜਾਬੀ ਦੇ ਲੇਖਕ ਅਕਸਰ ਚਾਹੁੰਦੇ ਰਹਿੰਦੇ ਹਨ ਕਿ ਉਨ੍ਹਾਂ ਦੀਆਂ ਕਿਤਾਬਾਂ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ਬਹੁਤੇ ਪਾਠਕਾਂ ਕੋਲ ਪਹੁੰਚਣ। ਇਹ ਚੰਗੀ ਸੋਚ ਹੈ ਜਿਸ ਤੇ ਅਮਲ ਕਰਦਿਆਂ ਕਈ ਇਕ ਤਾਂ ਆਪ ਹੀ ਕਰ ਲੈਂਦੇ ਹਨ, ਕਈ ਦੂਜਿਆਂ ਤੋਂ ਕਰਵਾ ਲੈਂਦੇ ਹਨ ਪਰ ਕਈ ਅਜਿਹੇ ਵੀ ਹਨ ਜਿਹੜੇ ਨਾ ਆਪ ਕਰ ਸਕਦੇ ਹਨ ਨਾ ਹੀ ਕਰਵਾ ਸਕਦੇ ਹਨ। ਉਨ੍ਹਾਂ ਦੀਆਂ ਮਿਆਰੀ ਰਚਨਾਵਾਂ, ਵਿਲੱਖਣ ਰਚਨਾਵਾਂ ਹੋਣ ਕਾਰਨ ਸੰਸਥਾਵਾਂ ਦੀ ਨਿਗਾਹ ਪੈ ਜਾਂਦੀਆਂ ਹਨ ਜਿਸ ਕਾਰਨ ਅੰਗਰੇਜ਼ੀ ਵਿਚ ਅਨੁਵਾਦ ਹੋ ਜਾਂਦੀਆਂ ਹਨ।
-----
ਦਿੱਲੀ ਵਸਦੇ ਬਲਵੀਰ ਮਾਧੋਪੁਰੀ ਦੀ ਸਵੈ ਜੀਵਨੀ ‘ਛਾਂਗਿਆ ਰੁੱਖ’ ਬੜੀ ਪੜ੍ਹੀ ਗਈ। ਵਧੀਆ ਭਾਸ਼ਾ ਵਿਚ ਵਧੀਆ ਰਚਨਾ ਹੈ ਜਿਸ ਕਾਰਨ ਅਨੁਵਾਦ ਲਈ ਚੁਣੀ ਗਈ ਅਤੇ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵਲੋਂ ਛਾਪ ਦਿੱਤੀ ਗਈ ਜੋ ਕਿਸੇ ਵੱਡੇ ਮਾਣ ਤੋਂ ਘੱਟ ਨਹੀਂ। ਪਹਿਲਾਂ ਵੀ ਇਸਦੇ ਪੰਜਾਬੀ ਵਿਚ ਹੀ ਕਈ ਐਡੀਸ਼ਨ ਛਪੇ ਜੋ ਇਸ ਗੱਲ ਦਾ ਸਬੂਤ ਹਨ ਕਿ ਇਹ ਵੱਧ ਵਿਕੀ ਤਾਂ ਹੀ ਬਹੁਤੇ ਪਾਠਕਾਂ ਕੋਲ ਪਹੁੰਚ ਸਕੀ। ਇਹ ਕਿਤਾਬ ਪਾਕਿਸਤਾਨ ’ਚ ਸ਼ਾਹਮੁਖੀ ਲਿੱਪੀ ਵਿਚ ਵੀ ਛਪ ਗਈ ਹੈ।
-----
ਦੂਜੀ ਕਿਤਾਬ ਬਲਦੇਵ ਸਿੰਘ ਸੜਕਨਾਮਾ ਦਾ ਨਾਵਲ ਹੈ ‘ਅੰਨਦਾਤਾ’ ਜੋ ਇਸੇ ਨਾਂ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅੰਗਰੇਜ਼ੀ ਵਿਚ ਛਾਪਿਆ ਗਿਆ ਹੈ। ਅਨੁਵਾਦ ਨਰਿੰਦਰਜੀਤ ਕੌਰ ਨੇ ਕੀਤਾ ਹੈ। ਇਹ ਨਾਵਲ ਨਾਂ ਤੋਂ ਹੀ ਸਪੱਸ਼ਟ ਹੈ ਕਿ ਕਿਸਾਨੀ ਦੀ ਵਿਥਿਆ ਹੈ ਜਿਸ ਨੇ ਬਾਰੀਕ ਪਰਤਾਂ ਫੋਲਣ ਦਾ ਜਤਨ ਕੀਤਾ ਹੈ। ਦੋਵੇਂ ਹੀ ਕਿਤਾਬਾਂ ਗ਼ੈਰ-ਪੰਜਾਬੀ ਪਾਠਕਾਂ ਕੋਲ ਪਹੁੰਚਣਗੀਆ ਜਿਸ ਨਾਲ ਪੰਜਾਬੀ ਲੇਖਕਾਂ ਦੀ ਸਮਰੱਥਾ ਅੰਗਰੇਜ਼ੀ ਪਾਠਕਾਂ ਵਿਚ ਵੀ ਮਕਬੂਲ ਹੋਣ ਦੀ ਸੰਭਾਵਨਾ ਬਣੀ ਹੈ। ਦੋਹਾਂ ਲੇਖਕਾਂ ਨੂੰ ਮੁਬਾਰਕਾਂ ਅਤੇ ਨਾਲ ਹੀ ਅਨੁਵਾਦਕਾਂ ਦੀ ਬਰਾਬਰ ਦੀ ਮਿਹਨਤ ਨੂੰ ਵੀ।
******
ਲਤੀਫੇ ਦਾ ਚਿਹਰਾ-ਮੋਹਰਾ
ਕਵੀ ਨੇ ਬੜੇ ਹੀ ਟਿਕਾਅ ਵਿਚ ਸਰੋਤਿਆਂ ਨੂੰ ਕਵਿਤਾ ਸੁਣਾਈ ਅਤੇ ਦੋਂਹ-ਚਹੁੰ ਤੋਂ ਪ੍ਰਤੀਕਰਮ ਪੁੱਛਿਆ। ਉਨ੍ਹਾਂ ਨੇ ਪ੍ਰਤੀਕਰਮ ਵਿਚ ਕਿਹਾ ਕਿ ਉਨ੍ਹਾਂ ਨੂੰ ਤਾਂ ਕਵਿਤਾ ਸਮਝ ਹੀ ਨਹੀਂ ਆਈ। ਕਵੀ ਨੇ ਕਿਹਾ, “ਫੇਰ ਸਭ ਠੀਕ ਹੈ, ਤੁਹਾਡਾ ਸਭ ਦਾ ਧੰਨਵਾਦ।” ਸਰੋਤਿਆਂ ਨੇ ਫੇਰ ਪੁੱਛਿਆ ਕਿ ਜਦ ਸਮਝ ਪੈਣ ਵਾਲੀ ਹੀ ਨਹੀਂ ਫੇਰ ਸਭ ਠੀਕ ਕਿਵੇਂ ਹੋ ਗਿਆ?" ਕਵੀ ਦਾ ਉੱਤਰ ਸੀ, “ਮੈਂ ਦਾਰਸ਼ਨਿਕ ਕਵਿਤਾ ਲਿਖਣੀ ਚਾਹੁੰਦਾ ਸਾਂ ਜੋ ਲਿਖੀ ਗਈ।”
No comments:
Post a Comment