ਲੇਖ
ਲੋਕ ਸਮੂਹਾਂ ਦਾ ਕਿੱਤਾ ਅਧਾਰਤ ਜੀਵਨ ਮਨੁੱਖ ਦੀਆਂ ਸਹਿਜਮਈ ਲੋੜਾਂ ਦਾ ਮੁੱਢਲਾ ਤੇ ਸੰਕੋਚਵਾਂ ਜਤਨ ਸੀ। ਪਰ ਇਹ ਜੀਵਨ ਹਰਕਤ ਮੁਖੀ ਹੋ ਕੇ ਸਦਾ ਹੀ ਅੱਗੇ ਵਲ ਵਧਦਾ-ਤੁਰਦਾ ਰਿਹਾ ਹੈ ਜਿਸ ਨਾਲ ਇਸ ਅੰਦਰਲੇ ਫੈਲਾਉ ਅਤੇ ਖਿਲਾਰ ਨੇ ਸੀਮਿਤ ਅਤੇ ਨਿਗੂਣੇ ਜਹੇ ਪ੍ਰਚਾਰ ਸਾਧਨਾਂ ਦੇ ਹੁੰਦੇ ਹੋਏ ਵੀ ਸਮਾਜ ਅੰਦਰ ਵਸਦੇ ਲੋਕਾਂ ਨੂੰ ਖਿੱਤਿਆਂ ਦੇ ਪਾਰਲੇ ਪਾਰ ਦੇ ਜੀਵਨ ਨਾਲ ਵਾਕਿਫ਼ ਕਰਵਾਉਂਦਿਆਂ ਹੋਇਆਂ ਉਸ ਬਾਰੇ ਸੋਝੀ ਪ੍ਰਦਾਨ ਕਰਨ ਦਾ ਮੁੱਢਲਾ ਅਤੇ ਬੁਨਿਆਦੀ ਕਾਰਜ ਸਦਾ ਜਾਰੀ ਰੱਖਿਆ। ਇੱਥੋਂ ਹੀ ਲੋਕ ਮਨ ਦੂਸਰੇ ਪਾਸੇ, ਦੂਸਰੇ ਕਿਨਾਰੇ ਵਲ ਉਤਸ਼ਾਹਿਤ ਹੋਇਆ ਹੋਵੇਗਾ। ਜਿਸ ਪਾਸੇ ਦੀ ਜਾਣਕਾਰੀ ਅਤੇ ਗਿਆਨ ਤਾਂ ਉਸ ਕੋਲ ਬਹੁਤ ਨਹੀਂ ਸੀ ਪਰ ਸੁਣੀਆਂ ਸੁਣਾਈਆਂ ਗੱਲਾਂ ਨੇ ਉਸਦੇ ਅੰਦਰ ਅਗਲੇ ਪਾਰ ਨੂੰ ਜਾਨਣ-ਮਾਨਣ ਦੀ ਜਗਿਆਸਾ ਪੈਦਾ ਕੀਤੀ ਜਿਸ ਦੀ ਪੂਰਤੀ ਵਾਸਤੇ ਉਨ੍ਹਾਂ ਨੂੰ ਬੜੀ ਜੱਦੋ-ਜਹਿਦ ਕਰਕੇ ਹੀ ਕਾਮਯਾਬੀ ਮਿਲੀ। ਜਿਸ ਨੂੰ ਇਸ ਪੰਧ ਦੇ ਪਹਿਲਿਆਂ ਕਦਮਾਂ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ।
-----
ਜਦੋਂ ਮਨੁੱਖ ਅੱਗੇ ਵਲ ਤੁਰਨ ਵਾਸਤੇ ਕਦਮ ਪੁੱਟਦਾ ਹੈ ਤਾਂ ਹਿਚਕਚਾਹਟ ਉਸਦੀਆਂ ਸੋਚਾਂ ਤੇ ਬਹੁਤ ਭਾਰੂ ਹੁੰਦੀ ਹੈ। ਪਰ ਇਸ ਦੁਚਿੱਤੀ ਵਿਚੋਂ ਨਿਕਲ ਕੇ ਜਦੋਂ ਕੋਈ ‘ਦੇਖੀਏ ਤਾਂ ਸਈ’ ਵਾਲੇ ਸਥਾਨ ਤੇ ਪਹੁੰਚ ਜਾਂਦਾ ਹੈ ਤਾਂ ਇਹ ਬਿੰਦੂ ਬਹੁਤ ਵਾਰ ਨਿਰਣਾਇਕ ਸਾਬਤ ਹੋ ਜਾਂਦਾ ਹੈ। ਅੱਗੇ ਵਧਣ ਦੀ ਚਾਹਤ ਵਾਲੀ ਪ੍ਰੇਰਨਾ ਨੇ ਸੰਸਾਰ ਦੇ ਵੱਖੋ ਵੱਖ ਖੇਤਰਾਂ ’ਚ ਲੋਕਾਂ ਨੂੰ ਉਤਸ਼ਾਹਤ ਕੀਤਾ, ਜਿਸ ਕਰਕੇ ਉਹ ਸਮੁੰਦਰਾਂ ਦੇ ਪਾਰਲੇ ਪਾਰ ਵੀ ਜਾ ਅੱਪੜੇ। ਇਹ ਹੀ ਇਕ ਛਾਲ ਸੀ ਜਿਸ ਨਾਲ ਕਦਮ ਦੂਸਰੇ ‘ਵਿਹੜੇ’ ਵਿਚ ਜਾ ਪਹੁੰਚੇ। ਇੱਥੇ ਪਹੁੰਚ ਕੇ ਇਕ ਨਵੇਂ ਜੀਵਨ ਦੇ ਦਰਸ਼ਣ ਹੋਏ ਅਤੇ ਨਵੀਆਂ ਜੀਵਨ ਜੁਗਤਾਂ ਨਾਲ ਉਨ੍ਹਾਂ ਦਾ ਵਾਹ ਪਿਆ, ਜਿਸ ਦੇ ਸਿੱਟੇ ਵਜੋਂ ਜੀਵਨ ਦੀ ਨਵੀਂ ਕਾਰਜ ਸ਼ੈਲੀ ਦਾ ਪਸਾਰ ਸ਼ੁਰੂ ਹੋਇਆ। ਨਵੀਂ ਧਰਤੀ ਉੱਤੇ ਨਵੇਂ ਸਿਆੜ ਵਾਹੁਣ ਦੀ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ। ਸਿਆਣੇ ਤੇ ਪਾਰਖੂ ਇਸ ਨੂੰ ਕੋਈ ਵੀ ਨਾਂ ਦੇ ਸਕਦੇ ਹਨ। ਉਹ ਨਾਂ ਪਰਵਾਸ ਵੀ ਹੋ ਸਕਦਾ ਹੈ। ਸਮੇਂ ਬਾਅਦ ਇਹ ਹੀ ਪਰਵਾਸ, ਆਵਾਸ ਬਣ ਜਾਂਦਾ ਹੈ। ਪਰ ਇਸ ਛੋਟੀ ਜਿਹੀ ਦਿਸਦੀ ਤਬਦੀਲੀ ਵਾਸਤੇ ਲੰਮੇ ਸਮੇਂ ਦੀ ਕੈਨਵਸ ਲੋੜੀਦੀ ਹੈ। ਜਿਸ ਉੱਤੇ ਨਵੀ ਜ਼ਿੰਦਗੀ ਦੀ ਤੋਰ ਦੇ ਨਵੇ-ਨਰੋਏ ਕਦਮ ਉਲੀਕੇ ਜਾ ਸਕਣ। ਇਨ੍ਹਾਂ ਕਦਮਾਂ ਦੀ ਰਵਾਨਗੀ ਆਸ਼ਾਵਾਦੀ ਭਵਿੱਖ ਦੇ ਬੂਹੇ ਵਲ ਜਾਂਦਾ ਰਾਹ ਪੱਧਰਾ ਕਰਨ ਦਾ ਕਾਰਜ ਨਿਭਾਉਂਦੀ ਹੈ। ਸਫ਼ਲ ਜਾਂ ਅਸਫ਼ਲ ਹੋਣਾ ਇਹ ਤਾਂ ਸੋਚ ਅਤੇ ਸਾਧਨਾ ਉੱਤੇ ਨਿਰਭਰ ਕਰਦਾ ਹੈ। ਸਮੇਂ ਦੇ ਬੀਤਣ ਨਾਲ ਸਮੇਂ ਦੀ ਤੋਰ ਬਹੁਤ ਹੀ ਤੇਜ਼ ਹੋ ਗਈ। ਤੇਜ਼ ਕਦਮੀਂ ਸਫ਼ਰ ਬਹੁਤਾ ਮੁੱਕਣਾ ਹੀ ਸੀ। ਵਿਗਿਆਨ ਦੀਆਂ ਨਵੀਆਂ ਕਾਢਾਂ, ਪ੍ਰਚਾਰ ਦੇ ਬਿਜਲਈ-ਇਲੈਕਟ੍ਰਾਨਿਕ ਸਾਧਨਾਂ ਨੇ ਇਸ ਆਮ ਜਿਹੀ ਗੱਲ/ਤੋਰ ਵਿਚ ਬਹੁਤ ਤੇਜ਼ੀ ਲਿਆਂਦੀ ਜਿਸ ਦੇ ਆਸਰੇ ਦੁਨੀਆਂ ਦਾ ਵੱਡ ਅਕਾਰੀ ਦਾਇਰਾ ਛੋਟਾ ਮਹਿਸੂਸ ਹੋਣ ਲੱਗ ਪਿਆ।
-----
ਆਮ ਕਰਕੇ ਪਰਵਾਸੀਆਂ ਦੇ ਜੀਵਨ ਦਾ ਮੁੱਢਲਾ ਸਫ਼ਰ ਉਦਾਸੀ, ਉਦਰੇਵੇ ਅਤੇ ਥੁੜਾਂ ਮਾਰਿਆ ਹੀ ਹੁੰਦਾ ਹੈ। ਇੱਥੋਂ ਹੀ ਬਹੁਤ ਸਾਰੇ ਲੋਕ ਕਿਰਤ ਦੇ ਨਾਲ ਹੀ ਕਿਰਸ ਕਰਨਾ ਵੀ ਸਿੱਖ ਜਾਂਦੇ ਹਨ। ਉਨ੍ਹਾਂ ਦੀ ਮੰਜ਼ਿਲ ਹੀ ਇਕ ਉਜਲੇ ਭਵਿੱਖ ਅਤੇ ਸੁਹਣੇ ਜੀਵਨ ਦੀ ਪ੍ਰਾਪਤੀ ਖ਼ਾਤਿਰ ਥੁੜਾਂ ਨੂੰ ਦੂਰ ਕਰਨਾ ਹੁੰਦੀ ਹੈ, ਭਾਵੇਂ ਕਿ ਥੋੜ੍ਹੇ ਸਮੇਂ ਬਾਅਦ ਹੀ ਇਸ ਸੋਚ ਦੇ, ਅਮਲ ਦੇ ਨੈਣ-ਨਕਸ਼ ਵੀ ਬਦਲਣ ਅਤੇ ਨਿਖਰਨ ਲੱਗ ਪੈਦੇ ਹਨ। ਆਰਥਿਕ ਥੁੜਾਂ ਦੇ ਘਟ ਜਾਣ ਜਾਂ ਦੂਰ ਹੋ ਜਾਣ ਪਿੱਛੋਂ ਫੇਰ ਉਹ ਨਵੇਂ ਘਰ ਦੀ ਤਲਾਸ਼ ਦਾ ਕੰਮ ਸ਼ੁਰੂ ਕਰਦੇ ਹਨ। ਜਿਸ ਵਾਸਤੇ ਸਮੱਸਿਆਵਾਂ ਦਾ ਲੰਮਾ-ਚੌੜਾ ਪੰਧ ਤੈਅ ਕਰਨਾ ਪੈਂਦਾ ਹੈ। ਇਸ ਮੋੜ ਤੋਂ ਜ਼ਿੰਦਗੀ ਵੱਡੀਆਂ ਤਬਦੀਲੀਆਂ ਵਲ ਵਧਦੀ ਹੈ। ਮਨਾਂ ਅੰਦਰਲਾ ਜਵਾਰਭਾਟਾ ਪਲ ਪਲ ਰੰਗ ਬਦਲਦਾ ਹੈ, ਰੰਗਾਂ ਦੀ ਤਾਸੀਰ ਰੂਪ ਵਟਾ ਲੈਦੀ ਹੈ। ਇਹ ਰੰਗ ਦੁਨੀਆਂ ਦੇ ਸੱਤਾਂ ਰੰਗਾਂ ਵਰਗੇ ਨਹੀਂ ਸਗੋਂ ਨਵੀ ਧਰਤੀ ਤੇ ਵਾਹੇ ਸਿਆੜਾਂ ਵਿਚੋਂ ਉੱਗਦੇ ਹਨ। ਜਿਸ ਵਿਚ ਦਰਦ ਦੀ ਚੀਸ ਦਾ ਭਾਰੂ ‘ਰੰਗ’ ਮਨੁੱਖ ਦੇ ਅੰਦਰ ਪਲਦੇ ਮਾਨਸਿਕ ਤਣਾਵਾਂ ਨੂੰ ਵਲੇਵੇਂ ਮਾਰਦਾ ਹੈ ਅਤੇ ਉਸ ਦੀਆਂ ਉਲਝਣਾਂ ਵਧਣ ਲਗਦੀਆਂ ਹਨ ਜਿਸ ਜੱਦੋ-ਜਹਿਦ ਵਿਚੋਂ ਮਨੁੱਖ ਦਾ ਆਪੇ ਤੋਂ ਪਾਰ ਜਾਣ ਦਾ ਸਫ਼ਰ ਸ਼ੁਰੂ ਹੁੰਦਾ ਹੈ। ਉਲਝਣਾਂ ਤੋਂ ਛੁਟਕਾਰਾ ਪਾਉਣ ਦੇ ਜਤਨ ਆਰੰਭ ਹੁੰਦੇ ਹਨ।
-----
ਪਰਵਾਸੀ ਬੰਦੇ ਸ਼ੁਰੂ ਵਿਚ ਨਾਲ ਲੈ ਕੇ ਆਏ ਪੁਰਾਣੀ ਸੋਚ ਅਤੇ ਹੰਢਾਈ ਜਾ ਰਹੀ ਨਵੀਂ ਸਥਿਤੀ ਦੇ ਦੋ ਪੁੜਾਂ ਵਿਚਕਾਰ ਪਿਸਦੇ ਹਨ। ਪਿੱਛੇ ਛੱਡੀਆਂ ਹੋਈਆਂ ਰਵਾਇਤਾਂ ਮੁੜ ਮੁੜ ਚੇਤੇ ਆਉਦੀਆਂ ਹਨ ਪਰ ਧੱਕੇ ਮਾਰਦਾ ਵਕਤ ਉਸਨੂੰ ਅੱਗੇ ਤੋਰਦਾ ਹੋਇਆ ਕੁਝ ਕਰ ਗੁਜ਼ਰਨ ਵਾਸਤੇ ਕਾਹਲਾ ਹੁੰਦਾ ਹੈ। ਇਸ ਕਰ ਗੁਜ਼ਰਨ ਦੀ ਇੱਛਾ (ਭਾਵਨਾ) ਦੀਆਂ ਬਾਰੀਕੀਆਂ ਗੁੱਝੀਆਂ ਨਹੀਂ ਰਹਿੰਦੀਆਂ, ਸਗੋਂ ਪਹਿਲਾਂ ਤੋ ਵੱਧ ਉਜਾਗਰ ਹੋਣ ਲੱਗ ਪੈਂਦੀਆਂ ਹਨ। ਇਹ ਕਿਸੇ ਇਕ ਮੁਲਕ ਜਾਂ ਖਿੱਤੇ ਨਾਲ ਬੰਨ੍ਹੀ ਜਾ ਸਕਣ ਵਾਲੀ ਪ੍ਰਵਿਰਤੀ ਨਹੀਂ ਸਗੋ ਸਰਬ ਪ੍ਰਵਾਨਤ ਆਮ ਮਨੁੱਖੀ ਵਰਤਾਰਾ ਹੈ ਜੋ ਕਿ ਕੁੱਲ ਦੁਨੀਆਂ ਵਿਚ ਪਰਵਾਸੀ ਬਣੇ ਲੋਕ ਤਰਾਸਦੀ ਦੀ ਹੱਦ ਤੱਕ ਇਕ ਸਾਂਝੀ ‘ਹੋਣੀ’ ਵਜੋਂ ਹੰਢਾਉਂਦੇ ਹਨ। ਪਰ ਫੇਰ ਵੀ ਉਹ ਸਾਂਝੇ ਮਸਲਿਆਂ ਦਾ ਸਾਂਝਾ ਹੱਲ ਤਲਾਸ਼ ਕਰਨ ਵਾਸਤੇ ਲੰਮਾ ਸਮਾਂ ਇਕ ਦੂਜੇ ਦੇ ਸਾਥ ਤੋਂ ਬਿਨਾ ਕੱਲੇ-ਕੈਰ੍ਹੇ ਹੀ ਟੱਕਰਾਂ ਮਾਰਦੇ ਰਹਿੰਦੇ ਹਨ। ਇਸ ਤਰਾਂ ਕਰਨ ਨਾਲ ਜਦੋਂ ਬਿਨਾ ਮਾਯੂਸੀ ਦੇ ਕੁੱਝ ਵੀ ਹੱਥ ਪੱਲੇ ਨਹੀਂ ਪੈਂਦਾ ਤਾਂ ਸਾਂਝ ਭਰੀ ਹੋਂਦ ਨੂੰ ਸੰਗਠਤ ਕਰਕੇ ਸਰਗਰਮ ਕਰਨ ਦੇ ਯਤਨ ਕੀਤੇ ਜਾਂਦੇ ਹਨ। ਜਿਸ ਦੇ ਸਿੱਟੇ ਵਜੋਂ ਵੱਖੋ-ਵੱਖ ਖਿੱਤਿਆਂ ਦੇ ਲੋਕਾਂ ਤੇ ਬੋਲੀਆਂ, ਉਨ੍ਹਾਂ ਦੇ ਪਿਛੋਕੜ ਅਤੇ ਸੱਭਿਆਚਾਰਕ ਰਵਾਇਤਾਂ, ਭੂਗੋਲਿਕ ਵੰਡਾਂ, ਸਮਾਜੀ, ਸਿਆਸੀ, ਅਤੇ ਆਰਥਿਕ ਖੇਤਰ ਅੰਦਰ ਨਾ-ਬਰਾਬਰੀ, ਵਖਰੇਵੇਂ ਅਤੇ ਬੇਇਨਸਾਫੀ ਭਰੀ ਪਿੱਠਭੂਮੀ ਅਤੇ ਪਿਛੋਕੜ ਦੇ ਦਰਸ਼ਣ ਹੁੰਦੇ ਹਨ। ਜਿਸ ਦੇ ਆਸਰੇ ਸੱਚ ਪਰਦੇ ਪਾੜ ਕੇ ਬਾਹਰ ਆਉਣ ਲਗਦਾ ਹੈ। ਕਬੀਲੇ ਵਾਲੇ ਪ੍ਰਬੰਧ ਤੋ ਸ਼ੁਰੂ ਹੋ ਕੇ ਅਜੋਕੇ ਯੁੱਗ ਦੇ ਸਮੇਂ ਵਾਲੇ ਇਤਿਹਾਸਕ ਵਿਕਾਸ ਤੱਕ ਦਾ ਆਲੋਚਨਾਤਮਕ ਅਤੇ ਘੋਖਵਾਂ ਜਾਇਜ਼ਾ ਲਿਆ ਜਾਂਦਾ ਹੈ। ਇਸ ਤਰ੍ਹਾਂ ਦੀ ਬੌਧਿਕਤਾਮੁਖੀ ਕਾਰਜ-ਸ਼ੈਲੀ ਦੇ ਆਸਰੇ ਵੱਖੋ ਵੱਖ ਫਿਰਕਿਆਂ ਅਤੇ ਲੋਕ ਸਮੂਹਾਂ ਦੇ ਰਿਵਾਜ਼ਾਂ ਅਤੇ ਧਾਰਮਿਕ ਧਾਰਨਾਵਾਂ/ਭਾਵਨਾਵਾਂ ਨਾਲ ਜਾਣ ਪਹਿਚਾਣ ਹੋਣ ਲਗਦੀ ਹੈ ਅਤੇ ਇਕ ਦੂਜੇ ਵਲ ਜਾਂਦੀਆਂ ਸ਼ੱਕੀ ਨਜ਼ਰਾਂ ਤੋ ਅੱਗੇ ਲੰਘਦਿਆਂ ਉਹਨਾਂ ਦੀ ਪਰਖ ਕਰਨ ਦੇ ਹਾਂਅ ਪੱਖੀ ਨਜ਼ਰੀਏ ਵਜੋਂ ਦੇਖਣ ਵਾਲੀ ਅੱਖ ‘ਪ੍ਰਗਟ’ ਹੁੰਦੀ ਹੈ। ਅਜਿਹਾ ਨਜ਼ਰੀਆਂ ਨਵੀਆਂ ਬਣੀਆਂ ਸਾਝਾਂ ਵਿਚੋਂ ਹੀ ਪੈਦਾ ਹੁੰਦਾ ਹੈ। ਵੱਖੋ ਵੱਖ ਲੋਕ ਸਮੂਹਾਂ, ਕੌਮੀਅਤਾਂ ਅਤੇ ਕੌਮਾਂ ਦੀਆਂ ਸਾਂਝੀਆਂ ਰਵਾਇਤਾਂ ਸਿਰਜਣ ਅਤੇ ਉਨ੍ਹਾਂ ਨੂੰ ਅੱਗੇ ਤੋਰਨ ਵਾਸਤੇ ਕਈ ਵਾਰ ਧਰਮ ਰੁਕਾਵਟ ਪੈਦਾ ਕਰਨ ਵਾਲਾ ਤੱਤ ਬਣ ਜਾਂਦਾ ਹੈ (ਇਹ ਬੇਸਮਝੀ ਕਰਕੇ ਹੀ ਹੁੰਦਾ ਹੈ) ਅਜਿਹਾ ਬਹੁਤ ਸਾਰੇ ਆਖਦੇ ਹਨ। ਜਦੋਂ ਕਿ ਇਹ ਵੀ ਧਾਰਨਾ ਹੈ ਕਿ ਧਰਮ ਮਨੁੱਖਾਂ ਨੂੰ ਜੋੜਦਾ ਅਤੇ ਮਨੁੱਖੀ ਸਾਂਝ ਨੂੰ ਪੱਕਿਆਂ ਕਰਦਾ ਹੈ। ਧਰਮ ਬਾਰੇ ਅਜਿਹਾ ਹੋਰ ਵੀ ਬਹੁਤ ਕੁੱਝ ਹੈ ਜੋ ਵਾਰ ਵਾਰ ਬਹਿਸਾਂ ਦਾ ਵਿਸ਼ਾ ਬਣਦਾ ਹੈ। ਪਰ ਅਮਲ ਵਿਚ ਫੈਸਲਾ ਕਰੂ ਨੁਕਤਾ ਇਹ ਹੋ ਜਾਂਦਾ ਹੈ ਕਿ ਧਰਮ ਦੀ ਸਰਪ੍ਰਸਤੀ (ਜਾਂ ਡੋਰ) ਕਿਹੜੇ ਹੱਥਾਂ ਵਿਚ ਹੈ? ਉਹਨਾ ‘ਹੱਥਾਂ’ ਦੀ ਅਸਲੀ ਇੱਛਾ ਤੇ ਮੰਤਵ ਕੀ ਹੈ? ਕੀ ਧਰਮ ਦੀ ਸਰਪ੍ਰਸਤੀ ਵਾਲੇ ਲੁਕਵੇਂ ਹੱਥ ਸਿਆਸੀ ਸਰਪ੍ਰਸਤੀ (ਘਟੀਆ) ਵਾਲੇ ਮਾਫੀਏ ਦੇ ਤਨਖਾਹਦਾਰ ਜਾਂ ‘ਬਿਨ-ਤਨਖਾਹੋ’ ਨੌਕਰ ਜਾਂ ਦੱਲੇ ਤਾਂ ਨਹੀ? ਜੇ ਅਜਿਹਾ ਹੋਵੇ ਤਾਂ ਧਰਮ ਦਾ ਅਸਲ ਗੁਆਚ ਜਾਂਦਾ ਹੈ , ਫੇਰ ਤਾਂ ਸਿਆਸੀ ਮਾਲਕਾਂ ਦੀ ਚਾਕਰੀ ਕਰਨ ਵਾਸਤੇ ‘ਫ਼ਤਵੇ’ ‘ਤਨਖਾਹਾਂ’ ਅਤੇ ‘ਧਾਰਮਿਕ’ ਸਜ਼ਾਵਾਂ (?) ਉੱਗਣ ਲੱਗ ਪੈਂਦੀਆਂ ਹਨ। ਪਿਆਰ ਅਤੇ ਸੱਚਾਈ ਵਾਲੇ ਫਲਸਫੇ ਦੇ ਫੱਟੇ ਹੇਠ ਪਾਪ ਅਤੇ ਝੂਠ ਪਲਣ ਲੱਗ ਪੈਂਦੇ ਹਨ। ਇਸ ਕਿਸਮ ਦੀ ਜਥੇਬੰਦਕ ‘ਧਾਰਮਿਕ ਜੂਠ’ ਚੰਗੇ ਮੰਦੇ ਦੀ ਪਰਖ ਕਰਨ ਦੀ ਥਾਂਵੇ ਦੂਜਿਆਂ ਨੂੰ ਜ਼ਲੀਲ ਕਰਨ ਲੱਗ ਪੈਂਦੀ ਹੈ। ਫੇਰ ਲੋਕ ਮਨਾਂ ਅੰਦਰ ਨਵੇਂ ਯੁੱਗ ਦੀ ਕੀਤੀ ਜਾ ਰਹੀ ਗੁੰਝਲਦਾਰ ਵਿਆਖਿਆ ਵਾਂਗ ਧਰਮ ਬਾਰੇ ਕੀਤੀ ਜਾਂਦੀ ਨਵੀਂ ਵਿਆਖਿਆ ਵੀ ਵਲ-ਫੇਰਾਂ ਤੋ ਮੁਕਤ ਨਹੀ ਰਹਿ ਜਾਂਦੀ। ਫੇਰ ਧਰਮ ਵਲੋਂ ‘ਜੋੜਨ’ ਵਾਲੀ ਸਰਬ ਪ੍ਰਵਾਨਤ ਸੱਚਾਈ ਤੋੜਨ ਵਾਲੀ ਫਿਤਰਤ ਦਾ ਰੂਪ ਧਾਰਨ ਕਰਨ ਲੱਗ ਪੈਂਦੀ ਹੈ। ਧਰਮ ਦਾ ਅਸਲ ਗੁਆਚਣ ਲੱਗ ਪੈਂਦਾ ਹੈ। ਇਥੋਂ ਹੀ ਧਰਮੀਆਂ ਅੰਦਰ ਵੀ ਧਰਮ ਪ੍ਰਤੀ ਡਾਵਾਂਡੋਲ ਜਹੀ ਉਦਾਸੀਨਤਾ ਪੈਦਾ ਹੋਣ ਲੱਗ ਪੈਂਦੀ ਹੈ।
-----
ਜਦੋ ਪੰਜਾਬੀ ਪਰਵਾਸੀਆਂ (ਉਂਜ ਇਹ ਸਾਰੇ ਪਰਵਾਸੀਆਂ ਦੀ ਸਾਂਝੀ ਗੱਲ ਹੀ ਹੈ) ਦੀ ਗੱਲ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਪਹਿਲਾਂ ਤਾਂ ਇਹ ਘਰ ਬੰਨ੍ਹਣ ਦਾ ਢੰਗ ਤਰੀਕਾ ਸੋਚਦੇ ਹਨ। ਇਹ ਬੜੀ ਕੌੜੀ ਸੱਚਾਈ ਹੈ ਕਿ ਇਸ ਖ਼ਲਜਗਣ ਵਿਚ ਕਈ ਸਾਰੇ ਕਸੂਤੇ ਫਸੇ ਹੋਣ ਕਰਕੇ ਪਹਿਲਾਂ ਤਾਂ ਆਮ ਕਰਕੇ ‘ਸੱਤਾਂ ਫੇਰਿਆਂ’, ‘ਚਾਰ ਲਾਵਾਂ’ ਅਤੇ ‘ਸ਼ਰਾ ਦੇ ਨਾਂ ਹੇਠ’ ਕੀਤੇ ਕੌਲ-ਕਰਾਰਾਂ ਵਾਲੀ ਸੱਚਾਈ ਤੋ ਮੁੱਖ ਮੋੜਦੇ ਹਨ। ‘ਮਜਬੂਰੀ’ ਦੇ ਬੇਲਣੇ ਵਿਚ ਫਸੇ ਹੋਣ ਦਾ ਬਹਾਨਾ ਲਾ ਕੇ ਝੂਠ ਦਾ ਮੌਹਰਾ ਚੱਟਦੇ ਹਨ। ਆਪਣੇ ਪ੍ਰੀਵਾਰ ਨਾਲ ਹੀ ਨਹੀਂ ਸਗੋਂ ਆਪਣੇ ਆਪ ਨਾਲ ਵੀ ਧੋਖਾ ਕਰਨ ਵਾਸਤੇ ਬੁਰੇ ਦੇ ਘਰ ਪੈਰ ਧਰਨ ਵਰਗਾ ਕੁਕਰਮ ਕਰਦੇ ਹਨ। ਪੁੱਠੇ-ਸਿੱਧੇ ਢੰਗ ਤਰੀਕੇ ਨਾਲ ਕਿਸੇ ਔਰਤ (ਉਮਰ ਦਾ ਖ਼ਿਆਲ ਕੀਤੇ ਬਿਨਾ) ਦੀ ਭਾਲ ਕਰਕੇ ਆਮ ਕਰਕੇ ਮੁੱਲ ਤਾਰ ਕੇ ਉਹਦੇ ਨਾਲ ਅੰਗਰੇਜ਼ੀ ਢੰਗ ਦੀਆਂ ਨਵੀਆਂ ਲਾਵਾਂ (ਫੇਰੇ ਜਾਂ ਨਿਕਾਹ) ਲੈਣ ਦਾ ਜੁਗਾੜ ਬੰਨਿਆ ਜਾਂਦਾ ਹੈ। ਜਿਸ ਦੇ ਆਸਰੇ ਉਹ ਆਪਣਾ ਟਿਕਾਣਾ ਪੱਕਾ ਹੋ ਗਿਆ ਸਮਝਣ ਲੱਗ ਪੈਂਦੇ ਹਨ ਅਤੇ ਆਪਣੇ ਪਿੰਡ ਵਾਲੇ ਭਾਈਚਾਰੇ ਵਿਚ ਉਹ ਆਪਣਾ ਰੁਤਬਾ/ਟੌਅਰ ਪਹਿਲਾਂ ਤੋਂ ਹੋਰ ਉੱਚਾ ਹੋ ਗਿਆ ਮਹਿਸੂਸ ਕਰਨ ਲੱਗ ਪੈਦੇ ਹਨ। ਪਰ ! ਇਸ ਦੇ ਬਦਲੇ ਵਿਚ ਤਾਰੀ ਹੋਈ ‘ਕੀਮਤ’ ਅੰਦਰੋ ਨਿੱਤ ਦਿਨ ਜਿਬਾਹ ਕਰਦੀ ਹੈ। ਨਿੱਤ ਦਿਹਾੜੇ ਉਹ ਆਪਣੀ ਹੀ ਬੁੱਕਲ਼ ਵਿਚ ਬਹਿ ਕੇ ਬੇਹਿਸਾਬੇ ਹੰਝੂ ਕੇਰਦੇ ਹਨ। ਕਈ ਸੰਵੇਦਨਸ਼ੀਲ ਮਨੁੱਖ ਇਸ ਤਣਾਉ ਗ੍ਰਸਤ ਸਥਿਤੀ ਦੇ ਸਿੱਟੇ ਵਜੋਂ ਅਣਦਿਸਦੇ ਮਾਨਸਿਕ ਰੋਗਾਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ।
-----
ਪਰਵਾਸ ਵਾਲੇ ਮੁਲਕਾਂ ਦੇ ਕਾਨੂੰਨਾਂ ਅਨੁਸਾਰ ਜਦੋ ਪੱਕੇ ਰਹਿਣ ਦਾ ਸਬੱਬ ਨਹੀ ਬਣਦਾ ਦਿਸਦਾ ਤਾਂ ਉਹ ਮਜਬੂਰ ਹੋ ਕੇ ਵਿਆਹ/ਨਿਕਾਹ ਕਰ ਲੈਣ ਦਾ ਰਾਹ ਲੱਭ ਲੈਦੇ ਹਨ। ਜਿਸ ਦੇ ਆਸਰੇ ਕੁੱਝ ਸਮੇਂ ਬਾਅਦ ਉਸਦੇ ਪਾਸਪੋਰਟ ਉੱਤੇ ਪੱਕੇ ਤੌਰ ਤੇ ਉਸ ਮੁਲਕ ਵਿਚ ਰਹਿਣ ਦੀ ਮੋਹਰ ਲੱਗ ਜਾਂਦੀ ਹੈ। ਪਰ ਇੱਥੇ ਨਵੀਂ ਸਮੱਸਿਆ ਜੋ ਪਿਛਲੇ ਕਿੰਨੇ ਹੀ ਸਾਲਾਂ ਤੋ ਲੱਗਭਗ ਅਜਿਹੇ ਲੋਕਾਂ ਦੇ ਰਾਹ ਦਾ ਰੋੜਾ ਬਣ ਬੈਠੀ ਹੈ ਕਿ ਕਾਨੂੰਨ ਮੁਤਾਬਿਕ ਵਿਆਹ ਤੋ ਬਾਅਦ ‘ਮੀਆਂ-ਬੀਵੀ’ ਨੂੰ ਤਿੰਨ ਤੋਂ ਪੰਜ ਸਾਲ ਤੱਕ ਦਾ ਸਮਾਂ ਇਕੱਠੇ ਰਹਿਣਾ ਪੈਦਾ ਹੈ। ਫੇਰ ਹੀ ਇਹ ਮੋਹਰ ਪੱਕੀ ਹੁੰਦੀ ਹੈ। ਕਾਫੀ ਸਾਰੇ ਲੋਕ ਅਜਿਹੀ ਉੱਖਲੀ ਵਿਚ ਸਿਰ ਦੇਣ ਤੋ ਬਾਅਦ ਇਹ ਸਮਾਂ ਵੀ ਕੱਢ ਹੀ ਲੈਂਦੇ ਹਨ। ਜਿਹੜੇ ਇਸ ਜ਼ਲਾਲਤ ਭਰੀ ਉੱਖਲੀ ਵਿਚੋ ਸਿਰ ਬਾਹਰ ਕੱਢਦੇ ਹਨ ਜਾਂ ਫੇਰ ਕੱਢਣ ਦਾ ਜਤਨ ਕਰਦੇ ਹਨ ਕਈ ਵਾਰ ਉਹ ਕਾਨੂੰਨ ਦੇ ਛਾਣਨੇ ਵਿਚੋਂ ਕਿਰ ਕੇ ਆਪਣੇ ਮੁਲਕੀਂ ਜਾ ਡਿਗਦੇ ਹਨ। ਜਿਨ੍ਹਾਂ ਜੋੜਿਆਂ ਦੇ ਬੱਚੇ ਹੋ ਜਾਂਦੇ ਹਨ, ਪ੍ਰਵਾਰਿਕ ਝਗੜੇ ਵੇਲੇ ਜਾਂ ਤਲਾਕ ਤੋਂ ਬਾਅਦ ਆਮ ਪ੍ਰਵਾਸੀ ਇਹ ਉਨ੍ਹਾਂ ਦੀ ਮਾਂ ਕੋਲ ਹੀ ਛੱਡ ਜਾਂਦੇ ਹਨ। ਇਨ੍ਹਾਂ ਹੀ ਪਰਵਾਸੀਆਂ ਵਿਚੋ ‘ਹੱਥ ਦੀ ਸਫਾਈ’ ਦੇ ਆਸਰੇ (ਮਿਹਨਤ ਨਾਲ ਨਹੀਂ) ਬਣੇ ਨਵੇਂ ਅਮੀਰਜ਼ਾਦਿਆਂ ਵਿਚੋਂ ਜਿਨ੍ਹਾਂ ਦੇ ਹੱਥ ਸੋਨੇ ਦੀਆਂ ਮੁੰਦਰੀਆਂ, ਛੱਲਿਆਂ, ਬਾਹੀਂ ਸੋਨੇ ਦੇ ਕੜੇ ਅਤੇ ਗਲ਼ ਸੋਨੇ ਦੀਆਂ ਜੰਜੀਰੀਆਂ, ਚੇਨਾਂ ਨਾਲ ਭਰੇ ਹੋਏ ਹੁੰਦੇ ਹਨ। ਪਿੰਡ ਨਵੀਂ ਕੋਠੀ ਉਸਰ ਰਹੀ ਹੁੰਦੀ ਹੈ। ਕਈ ਕਈ ਕਾਰੋਬਾਰਾਂ ਦੇ ਆਪਣੇ ਆਪ ਨੂੰ ਮਾਲਕ ਵੀ ਦੱਸਣ ਲੱਗ ਪੈਂਦੇ ਹਨ। ਉਨ੍ਹਾਂ ਦੇ ਆਪਣੇ ਬੱਚੇ ਸੋਸ਼ਲ ਸਕਿਉਰਟੀ (ਸਾਧਨ ਵਿਹੂਣੇ ਲੋਕਾਂ ਨੂੰ ਸਰਕਾਰ ਵਲੋ ਮਿਲਦੀ ਜੀਊਣ ਯੋਗ ਆਰਥਿਕ ਮੱਦਦ) ਦੇ ਭੱਤੇ ਉੱਤੇ ਹੀ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਤੰਗੀਆਂ-ਤੁਰਸ਼ੀਆਂ ਨਾਲ ਬੀਤਣ ਲਗਦੀ ਹੈ। ਆਰਥਿਕ ਪੱਖੋਂ ਉਹ ਤਰਸਯੋਗ ਹਾਲਤ ਹੰਢਾਉਂਦੇ ਹਨ। ਉਨ੍ਹਾਂ ਬੱਚਿਆਂ ਦਾ ਬਚਪਨ ਸਹੂਲਤਾਂ ਤੋ ਸੱਖਣਾ ਹੋ ਜਾਂਦਾ ਹੈ ਜਿਨ੍ਹਾਂ ਦੇ ਉਹ ਲੋੜਵੰਦ ਤੇ ਹੱਕਦਾਰ ਹੁੰਦੇ ਹਨ। ਉਨ੍ਹਾਂ ਬੱਚਿਆਂ ਦੀ ਸ਼ਖ਼ਸੀਅਤ ਦਾ ਪੂਰਨ ਵਿਕਾਸ ਨਹੀ ਹੁੰਦਾ ਅਤੇ ਉਨ੍ਹਾਂ ਦੇ ਅੰਦਰ ਸਵੈ-ਵਿਸ਼ਵਾਸ ਦੀ ਘਾਟ ਵੀ ਰਹਿ ਜਾਂਦੀ ਹੈ। ਇਸਦੇ ਜ਼ਿੰਮੇਵਾਰ ਉਹ ਬੱਚੇ ਨਹੀਂ ਉਨ੍ਹਾਂ ਦੇ ਨਾਲਾਇਕ ਮਾਪੇ ਹੁੰਦੇ ਹਨ।
------
ਸਮਾਂ ਬੀਤਣ ਨਾਲ ਇਨ੍ਹਾਂ ਪਰਵਾਸੀਆਂ ਦੇ ਬੱਚਿਆਂ ਵਿਚੋਂ, ਬਹੁਤ ਸਾਰੇ ਪਰਦੇਸੀਆਂ ਦੇ ਖ਼ਿਲਾਫ਼ ਵੀ ਹੋ ਜਾਂਦੇ ਹਨ। ਇਨ੍ਹਾਂ ਪਰਵਾਸੀਆਂ ਨੇ ਆਪਣੇ ਹੀ ਖ਼ੂਨ, ਆਪਣੇ ਹੀ ਬੇਕਸੂਰ ਮਾਸੂਮ ਬੱਚਿਆਂ ਦੇ ਮਨਾਂ ਉੱਤੇ ਨਫ਼ਰਤ ਦੀ ਇਬਾਰਤ ਵੀ ਖ਼ੁਦ ਆਪਣੇ ਹੀ ਹੱਥੀਂ ਲਿਖੀ ਹੁੰਦੀ ਹੈ। ਇਸ ਮਸਲੇ ਬਾਰੇ ਕਿਸੇ ਹੋਰ ਦੇ ਮੱਥੇ ਦੋਸ਼ ਮੜ੍ਹਨਾ ਉਨ੍ਹਾਂ ਨੂੰ ਸ਼ੋਭਾ ਨਹੀ ਦਿੰਦਾ। ਮੇਮ ਨਾਲ ‘ਵਿਆਹ’ ਅਤੇ ਬੱਚਿਆਂ ਦੇ ਜੰਮਣ ਦੀ ਖ਼ੁਸ਼ੀ ਵਿਚ ਮਾਪਿਆਂ ਵਲੋ ਕਰਵਾਏ ਅਖੰਡਪਾਠਾਂ, ਜਗਰਾਤਿਆਂ ਅਤੇ ‘ਗੌਣ’ ਵਾਲੇ ਸੱਦ ਕੇ ਲਾਏ ਅਖਾੜਿਆਂ ਦੀਆਂ ਬਣਾਈਆਂ ‘ਮੂਵੀਆਂ’ ਟੈਲੀਵੀਜ਼ਨ ਵਿਚੋ ਦੇਖਦਿਆਂ ਮੂੰਹ ਚਿੜਾਉਂਦੀਆਂ ਅਤੇ ਲਾਅਨਤਾਂ ਪਾਉਣ ਲੱਗ ਪੈਦੀਆਂ ਹਨ। ਬਹੁਤੇ ਅਜਿਹੇ ਸਮੇਂ ਦੇ ਦਰਦ ਨੂੰ ਵਿਸਕੀ ਦੇ ਘੁੱਟ ਨਾਲ ਥੱਲੇ ਲੰਘਾ ਕੇ ਦੱਬ ਦੇਣ ਦਾ ਭਰਮ ਪਾਲਦੇ ਹਨ। ਪਰ ਇਹ ਸਮੱਸਿਆ ਇਸ ਤੋਂ ਬਹੁਤ ਡੂੰਘੀ ਤੇ ਘਿਨਾਉਣੀ ਹੈ। ਬੱਸ! ਇਹਨੂੰ ਹੰਢਾਉਣ ਵਾਲਾ ਹੀ ਇਸ ਦੀ ਵਿਆਖਿਆ ਕਰ ਸਕਦਾ ਹੈ।
-----
ਕਾਫੀ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਨੇ ਕਿਸੇ ਬੀਬੀ/ਬੇਬੇ ਨੂੰ ਪੈਸੇ ਦੇ ਕੇ ਵਿਆਹ ਜਾਂ ਨਿਕਾਹ ਕਰਵਾਇਆ ਹੁੰਦਾ ਹੈ। ਪਰ ਅਜਿਹੀਆਂ ਮੁੱਲ ਦੀਆਂ ਤੀਵੀਆਂ ਸਿਰਫ਼ ਵਿਆਹ ਵਾਲੇ ਕਾਗ਼ਜ਼ਾਂ ਤੇ ਦਸਖ਼ਤ ਹੀ ਕਰਦੀਆਂ ਹਨ। ਖਾਨਾਪੂਰਤੀ ਦੀ ਖ਼ਾਤਿਰ ਰਿਹਾਇਸ਼ ਦੀ ਰਜਿਸਟਰੇਸ਼ਨ ਵੀ ਇਕੱਠੀ ਹੁੰਦੀ ਹੈ। ਉਂਜ ਉਹ ਆਪਣਾ ਜੀਵਨ ਆਪਣੇ ਦੋਸਤਾਂ ਨਾਲ ਹੀ ਗੁਜ਼ਾਰਦੀਆਂ ਹਨ। ਕਈ ਔਰਤਾਂ ਸੌਦੇ ਦੇ ਸਾਰੇ ਪੈਸੇ ਇਕੱਠੇ ਹੀ ਵਸੂਲ ਕਰ ਲੈਦੀਆਂ ਹਨ, ਪਰ ਕਈ ‘ਭਲੇ’ ਦੇ ਲਿਹਾਜ਼ ਨਾਲ ਕਿਸ਼ਤਾਂ ਵੀ ਕਰ ਲੈਂਦੀਆਂ ਹਨ। ਇਸ ਤਰਾਂ ਦੀਆਂ ਔਰਤਾਂ ਆਮ ਕਰਕੇ ਏਜੰਟਾਂ ਰਾਹੀ ਲੱਭੀਆਂ ਜਾਂਦੀਆਂ ਹਨ। ਉਂਜ ਜੇ ਕਿਸੇ ਨੂੰ ਚਕਲੇ ਵਿਚੋਂ ਵੀ ਕੋਈ ਔਰਤ ਲੱਭ ਜਾਵੇ ਤਾਂ ਵੀ ਕੋਈ ਹਰਜ਼ ਨਹੀ ਸਮਿਝਆ ਜਾਂਦਾ। ਬਣ ਗਈ ਨਵੀ ਅਖਾਣ ਵਾਂਗ ‘ਸਭ ਚੱਲਦਾ ਹੈ’ ਆਪਣੇ ਲੋਕ ਮੇਮ ਦੇ ਆਸਰੇ ਆਪਣੇ ਆਪ ਨੂੰ ‘ਇੱਜ਼ਤਦਾਰ’ ਹੀ/ਵੀ ਸਮਝਦੇ ਹਨ। ਪਿਛਲੇ ਘਰ ਵਾਲੇ ਪਿੰਡ ਵਿਚ ਇਸ ਕਰਕੇ ਖ਼ੁਸ਼ ਹੋ ਕੇ ਟੌਅਰ ਨਾਲ ਤੁਰਦੇ ਹਨ ਕਿ ਸਾਡੇ ਮੁੰਡੇ ਦੇ ਘਰ ਮੇਮ ਵਸਦੀ ਐ। ਉਹ ਵਿਚਾਰੇ ਕੀ ਜਾਨਣ ਅਸਲੀਅਤ? ਕਿ ਮੁੰਡੇ ਦੇ ਘਰ ਮੇਮ ਵਸਦੀ ਐ ਕਿ ਮੇਮ ਦੇ ਘਰ ਮੁੰਡਾ ਵਸਦਾ ਹੈ? ਬਹੁਤ ਸਾਰਿਆਂ ਵਾਸਤੇ ਸ਼ਾਇਦ ਇਹ ਹੈਰਾਨੀ ਦੀ ਗੱਲ ਹੋਵੇ ਕਿ ਪਰਵਾਸੀਆਂ ਨੇ ਪੱਕੇ ਹੋਣ ਖਾਤਰ ਉਨ੍ਹਾਂ ਮੁਲਕਾਂ ਵਿਚ ਜਿਵੇਂ ਹਾਲੈਡ, ਡੈਨਮਾਰਕ, ਸਵੀਡਨ ਬਗੈਰਾ ਜਿੱਥੇ ਸਮਲਿੰਗੀਆਂ (ਹੋਮੋਸੈਕਸੂਅਲ) ਨੂੰ ਵਿਆਹ ਕਰਵਾਉਣ ਦਾ ਕਾਨੂੰਨੀ ਹੱਕ ਹੈ, ਆਪਣੇ ਆਪ ਨੂੰ ਸਮਲਿੰਗੀ ਕਹਾਉਣ ਤੋ ਵੀ ਪਰਹੇਜ਼ ਨਹੀਂ ਕੀਤਾ। ਇਸ ਕਿਸਮ ਦੇ ਬੁੱਢੇ ਲੱਭ ਕੇ ਉਨ੍ਹਾਂ ਦੇ ਖਾਵੰਦ ਬਣਨ ਦੇ ਇੱਛੁਕ, ਪੱਕੇ ਹੋਣ ਦੀ ਆਸ ਲੈ ਕੇ ਉਨ੍ਹਾਂ ਦੇ ਨਾਲ ਹੀ ਰਿਹਾਇਸ਼ ਰੱਖਣ ਤੱਕ ਪਹੁੰਚ ਗਏ ਅਤੇ ਨਿਕਾਹ ਪੜ੍ਹਾਉਣ ਦੇ ਜਤਨ ਵੀ ਕੀਤੇ। ਇੱਥੋਂ ਤੱਕ ਕਿ ਅਜਿਹੀ ਸਥਿਤੀ ਦੇਖ ਕੇ ਸਵੀਡਨ ਵਰਗੇ ਉਦਾਰਵਾਦੀ ਮੁਲਕ ਦੀ ਸਰਕਾਰ ਨੂੰ ਇਸ ਕਾਨੂੰਨ ਵਿਚ ਹੀ ਤਬਦੀਲੀ ਕਰਨੀ ਪਈ ਕਿ ਜਮਾਂਦਰੂ ਸਵੀਡਿਸ਼ ਹੀ ਅਜਿਹੇ ਵਿਆਹ ਦੇ ਹੱਕਦਾਰ ਹੋਣਗੇ। ਅਜਿਹੀ ਸਥਿਤੀ ਉੱਤੇ ਟਿੱਪਣੀ ਦੀ ਗੁੰਜਾਇਸ਼ ਹੀ ਕੋਈ ਨਹੀਂ ਰਹਿੰਦੀ। ਉਹ ਲੋਕ ਸਿਰਫ਼ ਤਰਸ ਭਾਵਨਾ ਦੇ ਹੱਕਦਾਰ ਰਹਿ ਜਾਂਦੇ ਹਨ।
-----
ਆਮ ਪਰਵਾਸੀ ਬੰਦਾ ਜੀਹਦੇ ਵਿਚ ਪੰਜਾਬੀ ਵੀ ਸ਼ਾਮਲ ਹਨ, ਉਨ੍ਹਾਂ ਦੀ ਬਹੁਗਿਣਤੀ ਦੂਸਰੇ ਸਮਾਜ ਅੰਦਰਲੀਆਂ ਚੰਗੀਆਂ ਆਦਤਾਂ/ਗੱਲਾਂ ਅਪਨਾਉਣ ਵਾਸਤੇ ਤਾਂ ਭਾਵੇ ਦੇਰ ਕਰ ਦੇਵੇ ਪਰ ਭੈੜੀਆਂ ਆਦਤਾਂ ਬੜੀ ਛੇਤੀ ਫੜਦੇ ਹਨ। ਨਸ਼ਿਆਂ ਦੀ ਵਰਤੋਂ ਦੇ ਰਾਹੇ ਪੈਣਾ ਜਾਂ ਕਿਸੇ ਤਰਾਂ ਵੀ ਅਮੀਰ ਹੋਣ ਦੀ ਲਾਲਸਾ ਪੂਰੀ ਕਰਨ ਵਲ ਤੁਰਨ ਲੱਗਿਆਂ ਉਹ ਮਹਾਂਪੁਰਸ਼ਾਂ ਦੇ ਬੋਲਾਂ ਵਲ ਵੀ ਪਿੱਠ ਕਰ ਲੈਦੇ ਹਨ. ਇੱਥੇ ਚੇਤੇ ਰੱਖਣ ਦੀ ਗੱਲ, ਬਾਬੇ ਨਾਨਕ ਨੇ ਕਿਹਾ ਸੀ ਕਿ ‘ਪਾਪਾਂ ਬਾਂਝਹੁੰ ਹੋਇ ਨਾਹੀ............’ ਆਦਿ ਵਰਗੇ ਕੀਮਤੀ ਪ੍ਰਵਚਨ ਵੀ ਉਹ ਲੋਕ ਭੁੱਲ ਜਾਂਦੇ ਹਨ. ਬਹੁਤ ਹੀ ਘੱਟ ਲੋਕ ਹੋਣਗੇ ਜਿਹੜੇ ਦਸਾਂ ਨਹੁੰਆਂ ਦੀ ਕਿਰਤ/ਮਿਹਨਤ ਨਾਲ ਅਮੀਰ ਹੋਏ ਹੋਣਗੇ ਨਹੀਂ ਤਾਂ ਬਾਈਪਾਸ ਦੇ ਰਸਤੇ..............
-----
ਸਮਾਂ ਗੁਜ਼ਰ ਜਾਣ ਤੋ ਬਾਅਦ ਘਰ ਪੱਕਾ ਹੋ ਗਿਆ ਸਮਝ ਕੇ ਪਿੰਡੋਂ ਪਹਿਲੀ (ਜੋ ਮਰ ਗਈ ਜਾਂ ਤਲਾਕਸ਼ੁਦਾ ਦੱਸੀ ਗਈ ਹੁੰਦੀ ਹੈ) ਪਤਨੀ ਜਾਂ ਨਵੀਂ ਬੀਵੀ ਨੂੰ ਮੰਗਵਾਇਆ ਜਾਂਦਾ ਹੈ। ਬੱਚੇ ਹੋਣ ਦੀ ਸੂਰਤ ਵਿਚ ਉਨ੍ਹਾਂ ਦਾ ਪਾਲਣ ਪੋਸ਼ਣ ਪਿੰਡ ਵਾਂਗ ਹੀ ਕੀਤਾ ਚਾਹੁੰਦੇ ਹਨ ਪਰ ਇਹ ਬਿਲਕੁਲ ਸੰਭਵ ਨਹੀ ਹੁੰਦਾ। ਭੰਡਣਯੋਗ ਗੱਲ ਇਹ ਹੈ ਕਿ ਅਖੌਤੀ ਉੱਚੀਆਂ ਜਾਤਾਂ ਦੇ ਲੋਕ ਆਪਣੇ ਬੱਚਿਆਂ ਨੂੰ ਇੱਥੋਂ ਦੇ ਜਾਤ ਰਹਿਤ ਸਮਾਜ ਅੰਦਰ ਵੀ ਆਪਣੀ ਜਾਤ ਵਾਰ-ਵਾਰ ਦੱਸਦੇ ਰਹਿੰਦੇ ਹਨ ਇਹ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ। ਪਰ ਇਹ ਮੂਰਖ ਨਾਥ ਬੀਨ ਵਜਾਉਣੋਂ ਵਾਹ ਲਗਦੀ ਟਲ਼ਦੇ ਨਹੀਂ। ਉਨ੍ਹਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਬੱਚਿਆਂ ਨੇ ਜਾਤ-ਪਾਤ ਵਾਲੀ ਗੱਲ ਸਮਝਣੀ ਨਹੀਂ, ਨਾ ਹੀ ਉਹ ਸਮਝਦੇ ਹਨ ਅਤੇ ਨਾ ਹੀ ਸਮਝਣੀ ਚਾਹੁੰਦੇ ਹਨ। ਕਿਉਂਕਿ ਜਿਸ ਸਮਾਜ ਵਿਚ ਉਹ ਜੰਮੇ ਤੇ ਪਲ ਰਹੇ ਹੁੰਦੇ ਹਨ, ਉੱਥੇ ਜਾਤ- ਪਾਤ ਦਾ ਸੰਕਲਪ ਹੀ ਨਹੀਂ, ਫੇਰ ਉਹ ਕਿਵੇਂ ਸਮਝਣ? ਅਤੇ ਕਿਉਂ ਸਮਝਣ? ਜੇ ਬੱਚੇ ਕੁੱਝ ਵੱਡੇ ਹੋਣ ਤਾਂ ਉਹ ਜਾਤ ਪਾਤ ਬਾਰੇ ਮਾਪਿਆਂ ਨੂੰ ਇੰਨੇ ਡੂੰਘੇ ਸਵਾਲ ਕਰਦੇ ਹਨ ਕਿ ਮਾਪਿਆਂ ਨੂੰ ਕੋਈ ਜਵਾਬ ਨਹੀ ਅਹੁੜਦਾ ਤੇ ਉਹ ਬਿਟਰ-ਬਿਟਰ ਝਾਕਦੇ ਹਨ ਅਤੇ ‘ਬੱਚੇ ਸਾਡੇ ਅੱਗੇ ਬੋਲਦੇ ਹਨ’ ਆਖ ਕੇ ਉਨ੍ਹਾਂ ਦੇ ਸਵਾਲਾਂ ਤੋਂ ਮੂੰਹ ਵੱਟਣ ਲੱਗ ਪੈਂਦੇ ਹਨ। ਦਰਅਸਲ ਇਹ ਸਵਾਲ ਮਾਪਿਆਂ ਨੇ ਖ਼ੁਦ ਹੀ ਵਾਰ ਵਾਰ ਦੁਹਰਾ ਕੇ ਬੱਚਿਆਂ ਦੇ ਮੂੰਹ ਵਿਚ ਪਾਏ ਹੁੰਦੇ ਹਨ। ਪਰ ਹੁਣ ਉਨ੍ਹਾਂ ਕੋਲ ਜਵਾਬ ਕੋਈ ਨਹੀਂ ਹੁੰਦਾ। ਆਪਣੀ ਮੂਰਖਤਾ ਦਾ ਬੋਝ ਬੱਚਿਆਂ ਦੇ ਮੋਢਿਆਂ ’ਤੇ ਧਰਨ ਦਾ ਕਮੀਨਾ ਜਤਨ ਕਰਦੇ ਹਨ ਅਤੇ ਕਸੂਰਵਾਰ ਵੀ ਬੱਚਿਆਂ ਨੂੰ ਹੀ ਦੱਸਦੇ ਹਨ।
-----
ਇਸ ਤਰਾਂ ਹੀ ਕਈ ਹੋਰ ਖੇਤਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਅਜਿਹੀ ਸਥਿਤੀ ਵਿਚ ਤਾਂ ਮਾਂ ਬੋਲੀ ਦਾ ਸੰਕਲਪ ਵੀ ਬਦਲ ਜਾਂਦਾ ਹੈ। ਜਿਹੜੇ ਬੱਚੇ ਜਿਸ ਖਿੱਤੇ ਵਿਚ ਜੰਮਦੇ ਹਨ ਉਹਨਾ ਦੀ ਮਾਂ ਬੋਲੀ ਉਸ ਖਿਤੇ ਅੰਦਰਲੀ ਜ਼ੁਬਾਨ ਨੇ ਹੀ ਬਣਨਾ ਹੁੰਦਾ ਹੈ ਨਾ ਕਿ ਜਨਮ ਦੇਣ ਵਾਲੀ ਪਰਦੇਸਣ ਮਾਂ ਦੀ ਬੋਲੀ ਨੇ। ਜਿਸ ਚੌਗਿਰਦੇ ਵਿਚ ਇਨ੍ਹਾਂ ਬੱਚਿਆਂ ਦਾ ਜਨਮ, ਪਾਲਣ-ਪੋਸ਼ਣ ਤੇ ਵਿਕਾਸ ਹੁੰਦਾ ਹੈ, ਉਹ ਵੱਡੇ ਹੁੰਦੇ ਹਨ, ਉੱਥੇ ਪਹਿਲੇ ਕਦਮ ਤੋਂ ਹੀ ਉਨ੍ਹਾਂ ਦਾ ਕਿਸੇ ਹੋਰ ਬੋਲੀ ਜਿਵੇ ਜਰਮਨ, ਫਰੈਂਚ, ਇਟਾਲੀਅਨ, ਡੱਚ, ਯੂਨਾਨੀ, ਸਪੇਨੀ ਤੇ ਅੰਗਰੇਜ਼ੀ ਆਦਿ ਨਾਲ ਪੈਂਦਾ ਹੈ। ਕਿੰਡਰਗਾਰਟਨ (ਨਰਸਰੀ) ਤੋਂ ਸ਼ੁਰੂ ਹੋ ਕੇ ਵੱਡੀਆਂ ਡਿਗਰੀਆਂ ਤੱਕ ਦੀ ਪੜ੍ਹਾਈ ਇਨ੍ਹਾਂ ਮੁਲਕਾਂ ਦੀ ਆਪਣੀ ਜ਼ੁਬਾਨ ਵਿਚ ਹੋਣੀ ਹੁੰਦੀ ਹੈ। ਫੇਰ ਭਲਾਂ ਉਨ੍ਹਾਂ ਦੀ ਮਾਂ ਬੋਲੀ ਕਿਵੇਂ ਕੋਈ ਹੋਰ ਹੋਈ? ਕਈ ਲੋਕ ਅਜੇ ਵੀ ਮਾਂ ਬੋਲੀ ਦੇ ਸੰਕਲਪ ਨੂੰ ਮੱਧਯੁਗੀ ਤਰਕਾਂ ਵਾਲੇ ਗਜ਼ਾਂ ਦੇ ਸਹਾਰੇ ਮਿਣਦੇ ਹਨ, ਜੋ ਬਿਲਕੁਲ ਹੀ ਜਾਇਜ਼ ਨਹੀਂ। ਇਹਨੂੰ ਗ਼ੈਰ-ਵਿਗਿਆਨਕ ਨਜ਼ਰੀਆ ਹੀ ਆਖਿਆ ਜਾ ਸਕਦਾ ਹੈ।
-----
ਆਪਣੇ ਜੀਊਂਦੇ ਜੀਅ ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪਾਲਣ ਵਾਲੇ ਲੋਕ ਕਈ ਵਾਰ ਸਿਰਫ਼ ਭਾਵਨਾਤਮਕ ਪੱਧਰ ਤੇ ਸੋਚਦੇ ਹਨ, ਦਲੀਲ ਨਾਲ ਨਹੀਂ। ਆਪਣੀ ਮਾਂ ਬੋਲੀ ਦਾ ਸੰਚਾਰ (ਜਿਹੜੀ ਉਹ ਨਾਲ ਲੈ ਕੇ ਆਏ ਹੁੰਦੇ ਹਨ) ਆਪਣੇ ਬੱਚਿਆਂ ਰਾਹੀਂ ਕਰਦੇ ਹਨ। ਬੱਚੇ ਭਾਵੇਂ ਟੁੱਟੀ-ਫੁੱਟੀ ਹੀ ਸਹੀ ਜਦੋਂ ਉਨ੍ਹਾਂ ਦੀ ਜ਼ੁਬਾਨ ਬੋਲਦੇ ਹਨ ਤਾਂ ਮਾਪੇ ਖ਼ੁਸ਼ ਹੁੰਦੇ ਹਨ। ਸ਼ਾਇਦ ਗਾਲਿਬ ਨੂੰ ਚੇਤੇ ਕਰਦੇ ਹੋਣ -‘ਦਿਲ ਕੋ ਬਹਿਲਾਨੇ ਕੇ ਲੀਏ ਗਾਲਿਬ ਯੇਹ ਖ਼ਿਆਲ ਅੱਛਾ ਹੈ’। ਕਈ ਥਾਂ (ਇੰਗਲੈਡ, ਕਨੇਡਾ ਬਗੈਰਾ ਅਤੇ ਸਕੈਂਡੇਨੇਵੀਅਨ ਮੁਲਕ) ਇਹ ਸਹੂਲਤ ਵੀ ਹੈ ਕਿ ਭਾਰੀ ਬਹੁ-ਗਿਣਤੀ ਹੋਣ ਕਰਕੇ ਸਕੂਲੀ ਸਿਲੇਬਸਾਂ ਵਿਚ ਘੱਟ ਗਿਣਤੀ ਦੀਆਂ ਅਜਿਹੀਆਂ ਜ਼ੁਬਾਨਾਂ (ਪੰਜਾਬੀ ਆਦਿ) ਨੂੰ ਵੀ ਥਾਂ ਮਿਲ ਜਾਂਦੀ ਹੈ। ਇਹ ਲੋਕ ਘੋਲਾਂ ਦਾ ਸਿੱਟਾ ਹੀ ਹੈ। ਇਸ ਕਰਕੇ ਹੀ ਲੋਕ ਬਹੁਤ ਕੁਝ ਗੁਆਚ ਗਏ ਵਿਚੋਂ ਕੁੱਝ ਕੁ ਬਚ ਗਏ ਦਾ ਮਿੱਠਾ ਅਹਿਸਾਸ ਪਾਲਦੇ ਹਨ। ਛੁੱਟੀਆਂ ਵੇਲੇ ਪਿੰਡ ਫੇਰਾ ਮਾਰਨ ਸਮੇਂ ਇਸ ਟੁੱਟੀ-ਫੁੱਟੀ ਜ਼ੁਬਾਨ ਦੇ ਸਹਾਰੇ ਬੱਚੇ ਆਪਣੇ ਵਡੇਰਿਆਂ ਤੇ ਰਿਸ਼ਤੇਦਾਰਾਂ ਨਾਲ ਥੋੜ੍ਹੀ ਬਹੁਤੀ ਗੱਲਬਾਤ ਕਰ ਲੈਂਦੇ ਹਨ ਅਤੇ ਆਪਣੇ ਮਾਪਿਆਂ ਨੂੰ ਦੁਭਾਸ਼ੀਏ ਬਨਾਉਣ ਦਾ ਉਨ੍ਹਾਂ ’ਤੇ ਬੋਝ ਵੀ ਨਹੀਂ ਪਾਉਦੇ ਤੇ ਇਸ ਦੇ ਆਸਰੇ ਹੀ ਆਪਣੇ ਵਡੇਰਿਆਂ ਦੀਆਂ ਸੱਭਿਆਚਾਰਕ ਰਵਾਇਤਾਂ ਵਿਚੋ ਕੁੱਝ ਫੜ ਲੈਣ ਵਿਚ ਆਪਣੇ ਆਪ ਨੂੰ ਕਾਮਯਾਬ ਹੋ ਗਿਆ ਸਮਝਦੇ ਹਨ।
-----
ਪਰਵਾਸੀਆਂ ਨੂੰ ਕਈ ਵਾਰ ਪਿੱਛੇ ਮੁੜ ਜਾਣ ਦੀ ਝਾਕ ਵੀ ਰਹਿੰਦੀ ਹੈ ਪਰ ਵਿਰਲੇ ਟਾਂਵੇ ਨੂੰ ਛੱਡ ਕੇ ਇਹ ਸੱਚ ਕਦੇ ਵੀ ਨਹੀਂ ਹੁੰਦਾ। ਪਰਵਾਸੀਆਂ ਕੋਲ ਸ਼ਾਇਦ ਵਾਪਸ ਮੁੜਨ ਦੀ ਸੱਤਿਆ ਹੀ ਨਹੀ ਰਹਿੰਦੀ। ਇਹ ਵੀ ਸੱਚ ਹੀ ਹੈ ਕਿ ਜਿਹੜੀ ਪਰਵਾਸੀਆਂ ਦੇ ਬੱਚਿਆਂ ਦੀ ਜਨਮਭੂਮੀ ਹੁੰਦੀ ਹੈ ਉਹ ਹੀ ਉਨ੍ਹਾਂ (ਪਰਵਾਸੀਆਂ ਦੀ ਪਹਿਲੀ ਪੀੜ੍ਹੀ) ਦੀ ਮਰਨ ਭੂਮੀ ਬਣ ਜਾਂਦੀ ਹੈ। ਬਾਕੀ ਖ਼ਿਆਲ ਭਰਮ ਜਾਲ ਤੋਂ ਵੱਧ ਕੁਝ ਵੀ ਨਹੀਂ ਹੁੰਦੇ। ਸਿਆਸਤ ਵੱਲੋਂ ਪਾਈਆਂ ਜਾਂਦੀਆਂ ਵੰਡੀਆਂ ਜਿਨ੍ਹਾਂ ਦਾ ਮਕਸਦ ਕੌਮਾਂਤਰੀ ਪੱਧਰ ਤੇ ਨਵ-ਬਸਤੀਵਾਦ ਨੂੰ ਹਵਾ ਦੇਣਾ ਅਤੇ ਨਵੀਆਂ ਮੰਡੀਆਂ ਦੀ ਭਾਲ ਕਰਕੇ ਗ਼ਰੀਬ ਮੁਲਕਾਂ ਦੀ ਆਰਥਿਕ ਲੁੱਟ ਕਰਨ ਦੇ ਨਾਲ ਹੀ ਸਿਆਸੀ ਤੇ ਸੱਭਿਆਚਾਰਕ ਗਲਬਾ ਕਾਇਮ ਕਰਨ ਦੇ ਜਤਨ ਕਰਨਾ ਵੀ ਹੁੰਦਾ ਹੈ। ਦੁਨੀਆਂ ਦੇ ਨਕਸ਼ੇ ਤੇ ਪਰਵਾਸ ਰਾਹੀ ਸੱਭਿਆਚਾਰਕ ਸਾਂਝ ਵੀ ਫੈਲਦੀ ਹੈ। ਕਲਾ ਅਤੇ ਸਾਹਿਤ ਆਪਣੇ ਯੋਗਦਾਨ ਰਾਹੀ ਲੋਕਾਂ ਨੂੰ ਭੈਅ ਮੁਕਤ ਕਰਨ ਦੇ ਕਾਰਜ ਰਸਤੇ ਲੋਕਾਂ ਨੂੰ ਨੇੜੇ ਲਿਆਉਣ ਅਤੇ ਹੋਸ਼ਮੰਦ ਲੋਕਾਂ ਦੇ ਨਵੇ ਭਾਈਚਾਰੇ ਦੀ ਸਿਰਜਣਾ ਵਿਚ ਮੱਦਦ ਕਰਦੇ ਹਨ। ਬਦਲਦੇ ਸਮੇਂ ਨਾਲ ਹਰ ਖੇਤਰ ਨੇ ਸਾਂਝੀਆਂ ਸਰਗਰਮੀਆਂ ਰਾਹੀ ਸਰੂਪ ਵਟਾਉਣਾ ਹੀ ਹੁੰਦਾ ਹੈ।
No comments:
Post a Comment