ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, March 11, 2010

ਰਵਿੰਦਰ ਸਿੰਘ ਕੁੰਦਰਾ – ਮੱਠੀਆਂ - ਯਾਦਾਂ

ਮੱਠੀਆਂ

ਯਾਦਾਂ

ਜ਼ਿੰਦਗੀ ਦੇ ਸਫ਼ਰ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਜ਼ਿੰਦਗੀ ਭਰ ਨਹੀਂ ਭੁੱਲਦੀਆਂਅਜਿਹੀ ਇੱਕ ਘਟਨਾ ਜੋ ਕਈ ਸਾਲ ਪਹਿਲਾਂ ਉਦੋਂ ਵਾਪਰੀ ਜਦੋਂ ਰਾਮਗੜ੍ਹੀਆ ਪੌਲੀਟੈਕਨਿਕ ਫ਼ਗਵਾੜਾ ਦੇ ਅਸੀਂ ਵਿਦਿਆਰਥੀ ਆਪਣੇ ਟੈਕਨੀਕਲ ਟੂਰ ਦਾ ਸਫ਼ਰ ਤੈਅ ਕਰਦੇ ਹੋਏ ਦੋ ਕੋਚਾਂ ਵਿੱਚ ਸਵਾਰ ਆਪਣੇ ਸਫ਼ਰ ਦੇ ਦੂਸਰੇ ਪੜਾਅ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿਕਾਸਸ਼ੀਲ ਕਸਬੇ ਸੁੰਦਰ ਨਗਰ, ਇੱਕ ਚਾਹ ਦੀ ਦੁਕਾਨ ਉੱਤੇ ਥੋੜ੍ਹੀ ਦੇਰ ਲਈ ਰੁਕੇ

----

ਵਿਦਿਆਰਥੀ ਜੀਵਨ ਵਿੱਚ ਯਾਰੀਆਂ, ਦੋਸਤੀਆਂ, ਦੁਸ਼ਮਣੀਆਂ ਦੀ ਆਮ ਭਰਮਾਰ ਹੁੰਦੀ ਹੈ, ਜਿਸ ਨਾਲ ਗੁੱਟਬਾਜ਼ੀ ਦਾ ਪੈਦਾ ਹੋਣਾ ਵੀ ਇੱਕ ਆਮ ਗੱਲ ਹੁੰਦੀ ਹੈਇਸੇ ਤਰ੍ਹਾਂ ਇਸ ਟੂਰ ਵਿੱਚ ਵੀ ਕੁੱਝ ਗੁੱਟਬਾਜ਼ੀ ਬਣੀ ਹੋਈ ਸੀ ਅਤੇ ਮੇਰੇ ਗੁੱਟ ਵਿੱਚ ਛੇ ਦੋਸਤਾਂ ਦੀ ਇੱਕ ਸਲਾਹ ਸੀ ਅਤੇ ਗੁੱਟ ਦਾ ਫ਼ੈਸਲਾ ਇਹ ਸੀ ਕਿ ਟੂਰ ਦੌਰਾਨ ਕਿਸੇ ਵੀ ਤਰ੍ਹਾਂ ਦੇ ਹਾਲਾਤ ਵਿੱਚ ਅਸੀਂ ਇਕੱਠੇ ਰਹਿਣਾ ਹੈ ਅਤੇ ਖ਼ਰਚ ਪਾਣੀ ਲਈ ਇੱਕ ਬੰਦੇ ਕੋਲ ਹੀ ਪੈਸੇ ਦੇਣੇ ਹਨ ਤਾਂ ਕਿ ਉਹ ਬੰਦਾ ਹੀ ਗਰੁੱਪ ਦਾ ਸਾਰਾ ਖ਼ਰਚ ਦੇਣ ਅਤੇ ਹਿਸਾਬ ਰੱਖਣ ਲਈ ਜ਼ਿੰਮੇਵਾਰ ਹੋਵੇ ਅਤੇ ਟੂਰ ਦੇ ਅਖੀਰ ਵਿੱਚ ਸਾਰਾ ਵਾਧਾ-ਘਾਟਾ ਗਿਣ ਗੱਠ ਲਿਆ ਜਾਵੇਇਸ ਫ਼ੈਸਲੇ ਤਹਿਤ ਮੇਰੇ ਗਰੁੱਪ ਨੇ ਇਹ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਧਰ ਦਿੱਤੀਕਹਿਣ ਦਾ ਭਾਵ ਹੈ ਕਿ ਇਹ ਮੇਰੀ ਜ਼ਿੰਮੇਵਾਰੀ ਸੀ ਕਿ ਜਿੱਥੇ ਕਿੱਥੇ ਵੀ ਅਸੀਂ ਕੁੱਝ ਖਾਣਾ ਪੀਣਾ ਹੋਵੇ ਉੱਥੇ ਮੈਂ ਹੀ ਸਾਰਾ ਦੇਣ ਲੈਣ ਕਰਾਂ

-----

ਖ਼ੈਰ ਸੁੰਦਰ ਨਗਰ ਰੁਕ ਕੇ ਸਾਰਿਆਂ ਨੇ ਸਲਾਹ ਕੀਤੀ ਕਿ ਚਾਹ ਪੀਤੀ ਜਾਵੇ ਅਤੇ ਕੁਝ ਖਾਧਾ ਵੀ ਜਾਵੇ ਕਿਉਂਕਿ ਲੰਬਾ ਸਫ਼ਰ ਹੋਣ ਕਰਕੇ ਅਸੀਂ ਕਈ ਘੰਟਿਆਂ ਬਾਦ ਰੁਕੇ ਸਾਂਅਸੀਂ ਇੱਕ ਛੋਟੀ ਜਿਹੀ ਚਾਹ ਦੀ ਦੁਕਾਨ ਉੱਤੇ ਗਏ ਜਿਸ ਨੂੰ ਚਲਾਉਣ ਵਾਲਾ ਹਿਮਾਚਲ ਪ੍ਰਦੇਸ਼ ਦਾ ਇੱਕ ਹਿੰਦੂ ਸੀ ਜਿਸ ਦਾ ਬੋਲਚਾਲ ਦਾ ਪਹਾੜੀ ਲਹਿਜ਼ਾ ਸਾਨੂੰ ਅਜੀਬ ਜਿਹਾ ਪ੍ਰਤੀਤ ਹੋਇਆ

-----

ਦੁਕਾਨ ਉੱਤੇ ਪਹੁੰਚਦਿਆਂ ਮੈਂ ਛੇ ਕੱਪ ਚਾਹ ਦਾ ਆਰਡਰ ਦੇ ਦਿੱਤਾ ਅਤੇ ਇਸ ਦੇ ਨਾਲ ਹੀ ਮੈਂ ਆਪਣੇ ਦੋਸਤਾਂ ਨੂੰ ਪੁੱਛਿਆ, ਕਿਉਂ ਬਈ ਕੁੱਝ ਖਾਣ ਦੀ ਵੀ ਸਲਾਹ ਹੈ ?"

...........

ਹਾਂ ਯਾਰ ਭੁੱਖ ਲੱਗੀ ਹੋਈ ਹੈ, ਇਸ ਲਈ ਜੋ ਵੀ ਮਿਲ਼ਦਾ ਹੈ ਲੈ ਲਓ ਤਕਰੀਬਨ ਸਾਰੇ ਇੱਕੋ ਜ਼ੁਬਾਨ ਹੀ ਬੋਲੇ

------

ਮੈਂ ਦੇਖਿਆ ਕਿ ਦੁਕਾਨਦਾਰ ਦੇ ਸ਼ੋਅਕੇਸ ਉੱਤੇ ਸ਼ੀਸ਼ੇ ਵਾਲੇ ਪੀਪੇ ਅਤੇ ਮਰਤਬਾਨ ਰੱਖੇ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਖ਼ਸਤਾ ਮੱਠੀਆਂ ਰੱਖੀਆਂ ਹੋਈਆਂ ਸਨਨਮਕੀਨ ਖ਼ਸਤਾ ਮੱਠੀਆਂ ਖਾਣ ਨੂੰ ਕਿਹਦਾ ਦਿਲ ਨਹੀਂ ਕਰਦਾ?

ਮੱਠੀਆਂ ਦਾ ਆਰਡਰ ਦੇਣ ਲਈ ਮੈਂ ਦੁਕਾਨਦਾਰ ਨੂੰ ਕਿਹਾ, ਹਾਂ ਬਈ ਇਸ ਤਰ੍ਹਾਂ ਕਰ ਕਿ ਸਾਨੂੰ ਬਾਰਾਂ ਮੱਠੀਆਂ ਵੀ ਲਿਆ ਦਿਹ।

..........

ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਦੁਕਾਨਦਾਰ ਨੇ ਮੇਰੇ ਵੱਲ ਘੂਰ ਕੇ ਦੇਖਿਆ ਅਤੇ ਤਲਖ਼ ਆਵਾਜ਼ ਵਿੱਚ ਬੋਲਿਆ, ਕੀ ਕਿਹਾ ਸਰਦਾਰ ਜੀ”?

..........

ਮੈਂ ਸਮਝਿਆ ਕਿ ਸ਼ਾਇਦ ਉਸ ਨੂੰ ਮੇਰਾ ਆਰਡਰ ਚੰਗੀ ਤਰ੍ਹਾਂ ਸੁਣਿਆ ਨਹੀਂ ਸੀ ਅਤੇ ਮੈਂ ਦੁਬਾਰਾ ਕਹਿ ਦਿੱਤਾ, ਬਾਰਾਂ ਮੱਠੀਆਂ ਲਿਆ ਦਿਹ ਬਈ।

.........

ਸਰਦਾਰ ਜੀ ਮੂੰਹ ਸੰਭਾਲ ਕੇ ਗੱਲ ਕਰੋ ਜ਼ਰਾ”, ਉਸ ਦਾ ਕੜਕਵਾਂ ਜਵਾਬ ਆਇਆਜਵਾਬ ਸੁਣ ਕੇ ਮੈਂ ਬੜਾ ਹੈਰਾਨ ਹੋਇਆ ਅਤੇ ਮੇਰੇ ਨਾਲ ਦੇ ਸਾਥੀ ਉਸ ਨਾਲ ਲੜਨ ਲਈ ਤਿਆਰ ਹੋ ਗਏ

.........

ਪਰ ਮੈਂ ਠਰ੍ਹੰਮੇ ਨਾਲ ਦੁਕਾਨਦਾਰ ਨੂੰ ਕਿਹਾ, ਉਹ ਬਈ ਮੈਂ ਤਾਂ ਸਿਰਫ਼ ਖਾਣ ਲਈ ਮੱਠੀਆਂ ਹੀ ਮੰਗੀਆਂ ਹਨ ਜਿਹੜੀਆਂ ਇਹ ਸਾਹਮਣੇ ਤੇਰੇ ਕੋਲ ਪੀਪੇ ਵਿੱਚ ਪਈਆਂ ਹਨ, ਕੀ ਮੈਂ ਕੋਈ ਮਾੜੀ ਗੱਲ ਕਹੀ ਹੈ?

..........

ਮੇਰੇ ਇਸ਼ਾਰੇ ਵੱਲ ਦੇਖ ਕੇ ਉਸ ਦਾ ਪਾਰਾ ਜਿਸ ਤਰ੍ਹਾਂ ਇੱਕ ਦਮ ਚੜ੍ਹਿਆ ਸੀ ਉਸੇ ਤਰ੍ਹਾਂ ਹੀ ਇੱਕ ਦਮ ਉੱਤਰ ਗਿਆ ਅਤੇ ਸ਼ਰਮਿੰਦਾ ਜਿਹਾ ਹੋ ਕੇ ਬੋਲਿਆ, ਅੱਛਾ ਅੱਛਾ, ਤੁਸੀਂ ਖਾਣ ਲਈ ਮਠੜੀਆਂ ਮੰਗ ਰਹੇ ਓ।

.........

ਹਾਂ, ਚੱਲ ਮਠੜੀਆਂ ਹੀ ਸਹੀ, ਪਰ ਤੈਨੂੰ ਇੰਨਾ ਗ਼ੁੱਸਾ ਕਿਸ ਗੱਲੋਂ ਆਇਆ ? ਮੈਂ ਕਿਹਾ

.........

ਸਰਦਾਰ ਜੀ ਅਸੀਂ ਇਨ੍ਹਾਂ ਨੂੰ ਮਠੜੀਆਂ ਕਹਿੰਦੇ ਹਾਂ, ਮੱਠੀਆਂ ਨਹੀਂਪਰ ਜੋ ਤੁਸੀਂ ਮੰਗ ਰਹੇ ਸੀ, ਉਹ ਫ਼ੇਰ ਨਾ ਮੰਗਣਾ ਇੱਧਰ।

...........

ਕਿਉਂ ਇਸ ਵਿੱਚ ਕੀ ਹਰਜ਼ ਹੈ? ਮੈਂ ਉਤਸੁਕਤਾ ਨਾਲ ਪੁੱਛਿਆ

............

ਅਸੀਂ ਇੱਧਰ ਕੁੜੀਆਂ ਨੂੰ ਮੱਠੀਆਂ ਕਹਿੰਦੇ ਹਾਂ, ਇਸ ਗੱਲ ਦਾ ਖ਼ਿਆਲ ਰੱਖਿਓ, ਨਹੀਂ ਤਾਂ ਲੜਾਈ ਹੋ ਸਕਦੀ ਹੈ।

...........

ਇਹ ਸੁਣਦੇ ਸਾਰ ਹੀ ਸਾਡੇ ਸਭਨਾਂ ਦੇ ਚਿਹਰਿਆਂ ਦੇ ਤਣਾਓ, ਹਾਸੇ ਵਿੱਚ ਬਦਲ ਗਏਸਾਡੇ ਨਾਲ ਦੁਕਾਨਦਾਰ ਵੀ ਹੱਸ ਪਿਆਸਾਡਾ ਹੱਸਦਿਆਂ-ਹੱਸਦਿਆਂ ਚਾਹ ਪੀਣ ਅਤੇ ਮਠੜੀਆਂ ਖਾਣ ਦਾ ਮਜ਼ਾ ਹੋਰ ਵੀ ਦੂਣ-ਸਵਾਇਆ ਹੋ ਗਿਆ

No comments: