ਸਵੈ-ਜੀਵਨੀ - ਕਿਸ਼ਤ - 19
ਲੜੀ ਜੋੜਨ ਲਈ ਕਿਸ਼ਤ – 18 ਪੜ੍ਹੋ ਜੀ।
ਮਾਸਟਰ ਚੰਬਾ ਰਾਮ ਨੇ ਇਕ ਦਿਨ ਫਾਰਸੀ ਨਾ ਆਉਣ ਕਾਰਨ ਮੈਨੂੰ ਕੁੱਟਿਆ ਤੇ ਕਲਾਸ ਵਿਚ ਖੜ੍ਹਾ ਰੱਖਿਆ। ਭਾਵੇਂ ਮੈਟਰਿਕ ਪਾਸ ਕਰਨ ਦਾ ਮੇਰਾ ਮੀਡੀਅਮ ਉਰਦੂ ਸੀ ਅਤੇ ਫਾਰਸੀ ਦੇ ਅੱਖਰ ਜੋ ਉਰਦੂ ਦੀ ਪੜ੍ਹਾਈ ਵਿਚ ਕੰਮ ਆਉਂਦੇ ਸਨ, ਮੇਰੇ ਲਈ ਪੜ੍ਹਨੇ ਕੋਈ ਔਖੇ ਨਹੀਂ ਸਨ। ਹਿਸਾਬ ਦੇ ਮਜ਼ਮੂਨ ਜ਼ੂਆ ਜ਼ਾਫਕਲ ਤੇ ਅਲਜ਼ੈਬਰਾ ਤੋਂ ਇਲਾਵਾ ਹਿਸਟਰੀ ਤੇ ਜਗਰਾਫੀਆ ਵੀ ਉਰਦੂ ਵਿਚ ਸਨ। ਫਾਰਸੀ ਮੈਂ ਪੜ੍ਹ ਲਿਖ ਸਕਦਾ ਸਾਂ ਪਰ ਇਸਦੇ ਅਰਥ ਮੈਨੂੰ ਸਮਝ ਨਹੀਂ ਆਉਂਦੇ ਸਨ। ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਮੈਂ ਮਾਸਟਰ ਚੰਬਾ ਰਾਮ ਜੀ ਨੂੰ ਹੱਥ ਜੋੜ ਕੇ ਕਿਹਾ ਕਿ ਮੈਨੂੰ ਫਾਰਸੀ ਨਹੀਂ ਆਉਣੀ ਤੇ ਜੇ ਤੁਸੀਂ ਮੈਨੂੰ ਦੋਬਾਰਾ ਕੁੱਟੋਗੇ ਤਾਂ ਮੈਂ ਸਕੂਲੋਂ ਭੱਜ ਜਾਵਾਂਗਾ। ਮੈਂ ਮਾਸਟਰ ਚੰਬਾ ਰਾਮ ਜੀ ਨੂੰ ਇਹ ਵੀ ਦੱਸਿਆ ਕਿ ਸਕੂਲ ਵਿਚ ਉਰਦੂ ਦਾ ਮਜ਼ਮੂਨ ਦਸਵੀਂ ਵਿਚੋਂ ਖ਼ਤਮ ਹੋ ਗਿਆ ਸੀ ਤੇ ਉਸਦੀ ਥਾਂ ਪੰਜਾਬੀ ਦੀਆਂ ਕਿਤਾਬਾਂ ਲੱਗ ਗਈਆਂ ਸਨ ਅਤੇ ਮੈਂ ਪੰਜਾਬੀ ਸਿੱਖ ਲਈ ਸੀ। ਅਗਲੇ ਸਾਲ ਤੋਂ ਫਾਰਸੀ ਤੇ ਉਰਦੂ ਮੈਟਰਿਕ ਲੈਵਲ ਤੇ ਨਾ ਪੜ੍ਹਾਏ ਜਾਣ ਤੇ ਮਾਸਟਰ ਚੰਬਾ ਰਾਮ ਨੇ ਵੀ ਹਾਈ ਸਕੂਲ ਦੀ ਨੌਕਰੀ ਤੋਂ ਪ੍ਰਾਇਮਰੀ ਸਕੂਲ ਵਿਚ ਚਲੇ ਜਾਣਾ ਸੀ ਤੇ ਓਥੇ ਪੰਜਾਬੀ ਵਿਚ ਪੜ੍ਹਾਈ ਕਰਾਉਣੀ ਸੀ। ਉਹ ਹੌਲੀ ਪੰਜਾਬੀ ਵੀ ਸਿੱਖ ਰਿਹਾ ਸੀ। ਮਾਸਟਰ ਚੰਬਾ ਰਾਮ ਕਹਿਣ ਲੱਗਾ ਕਿ ਜੇ ਤੈਨੂੰ ਫਾਰਸੀ ਨਹੀਂ ਆਉਂਦੀ ਤਾਂ ਤੂੰ ਹਾਈਜਨ ਦਾ ਮਜ਼ਮੂਨ ਲੈ ਲਾ।
-----
ਮੈਂ ਫਾਰਸੀ ਛੱਡ ਕੇ ਹਾਈਜਨ ਲੈ ਲਈ ਪਰ ਇਹ ਫਾਰਸੀ ਨਾਲੋਂ ਵੀ ਜ਼ਿਆਦਾ ਔਖੀ ਸੀ। ਹਾਈਜਨ ਛੱਡ ਕੇ ਮੈਂ ਫਿਰ ਫਾਰਸੀ ਲੈ ਲਈ ਤੇ ਚੰਬਾ ਰਾਮ ਨੂੰ ਫਿਰ ਹੱਥ ਜੋੜ ਕੇ ਕਿਹਾ ਕਿ ਮਾਪਿਆਂ ਦਾ ਦੋ ਮਾਵਾਂ ਚੋਂ ਇਕੋ ਇਕ ਬੜਾ ਲਾਡਲਾ ਮੁੰਡਾ ਹਾਂ। ਮੈਨੂੰ ਕੁੱਟ ਤੋਂ ਬਹੁਤ ਡਰ ਲਗਦਾ ਹੈ। ਮੇਰਾ ਬਾਪੂ ਮੈਨੂੰ ਐਨਾ ਪਿਆਰ ਕਰਦਾ ਹੈ ਕਿ ਓਸ ਮੈਨੂੰ ਕਦੇ ਹੱਥ ਤਾਂ ਕੀ ਲਾਉਣਾ ਸੀ, ਕਦੇ ਝਿੜਕਿਆ ਤਕ ਵੀ ਨਹੀਂ ਸੀ। ਵੇਖ ਲਓ ਮੈਂ ਪੰਜਾਬੀ ਵਿਚ ਕਹਾਣੀਆਂ ਲਿਖਦਾ ਹਾਂ ਅਤੇ ਮੇਰੀਆਂ ਕਹਾਣੀਆਂ ਪੰਜਾਬੀ ਦੇ ਕਈ ਮਸ਼ਹੂਰ ਰਸਾਲਿਆਂ ਵਿਚ ਛਪ ਚੁੱਕੀਆਂ ਹਨ। ਜਦ ਮਾਸਟਰ ਚੰਬਾ ਰਾਮ ਨੇ ਮੈਨੂੰ ਛਪੀਆਂ ਕਹਾਣੀਆਂ ਲਿਆ ਕੇ ਵਿਖਾਉਣ ਲਈ ਕਿਹਾ ਤਾਂ ਮੈਂ ਅਗਲੇ ਦਿਨ ਰਸਾਲੇ ਲਿਆ ਕੇ ਵਿਖਾ ਦਿਤੇ। ਮਾਸਟਰ ਚੰਬਾ ਰਾਮ ਨੂੰ ਅਜੇ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਸੀ ਤੇ ਮੈਂ ਉਸ ਨੁੰ ਕਹਾਣੀ “ਸਦੀਵੀ ਚਾਨਣ” ਪੜ੍ਹ ਕੇ ਸੁਣਾਈ ਜਿਸ ਵਿਚ ਇਕ ਅੰਨ੍ਹੇ ਮੰਗਤੇ ਮੰਗਤੀ ਦੇ ਚੰਗੀਆਂ ਭਲੀਆਂ ਅੱਖਾਂ ਵਾਲੇ ਮੁੰਡੇ ਨੂੰ ਸਕੂਲ ਵਿਚੋਂ ਕੱਢ ਦਿੱਤਾ ਜਾਂਦਾ ਹੈ ਕਿਉਂਕਿ ਉਸਦੇ ਨੀਵੀਂ ਜਾਤੀ ਦੇ ਅੰਨ੍ਹੇ ਮਾਪੇ, ਗ਼ਰੀਬ ਅਤੇ ਮੰਗਤੇ ਹਨ। ਬੱਚੇ ਦੀ ਫੀਸ ਨਹੀਂ ਭਰ ਸਕਦੇ। ਮੁੰਡੇ ਦਾ ਪਿਓ ਵਿਦਰੋਹ ਵਿਚ ਆ ਕੇ ਇਕ ਰਾਤ ਨੂੰ ਮੁੰਡੇ ਦੀਆਂ ਦੋਵੇਂ ਅੱਖਾਂ ਅੰਨ੍ਹੀਆਂ ਕਰ ਦੇਂਦਾ ਹੈ ਕਿ ਹੁਣ ਤੈਨੂੰ ਕੋਈ ਸੁਜਾਖੀਆਂ ਅੱਖਾਂ ਦਾ ਤਾਅਨਾ ਮਿਹਣਾ ਨਹੀਂ ਮਾਰੇਗਾ ਤੇ ਤੂੰ ਵੀ ਆਪਣੇ ਮਾਂ ਪਿਓ ਵਾਂਗ ਸਾਰੀ ਉਮਰ ਸੜਕਾਂ ‘ਤੇ ਮੰਗ ਕੇ ਗੁਜ਼ਾਰਾ ਕਰਦਾ ਰਹੇਂਗਾ।
-----
ਕਹਾਣੀ ਸੁਣ ਕੇ ਮਾਸਟਰ ਚੰਬਾ ਰਾਮ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਜਿੱਥੇ ਓਸ ਮੈਨੂੰ ਫਾਰਸੀ ਨਾ ਆਉਣ ਤੇ ਕੁੱਟਣ ਦੀ ਸਜ਼ਾ ਤੋਂ ਮੁਕਤ ਕਰ ਦਿਤਾ, ਓਥੇ ਆਪਣੀ ਉਰਦੂ ਵਿਚ ਲਿਖੀ ਇਕ ਲੰਮੀ ਕਹਾਣੀ “ਕਿਸਮਤ ਕੇ ਕੜਛੇ ” ਪੰਜਾਬੀ ਵਿਚ ਅਨੁਵਾਦ ਕਰਨ ਲਈ ਦੇ ਦਿਤੀ ਜੋ ਮੈਂ ਕੁਝ ਦਿਨਾਂ ਵਿਚ ਪੰਜਾਬੀ ਵਿਚ ਤਰਜੁਮਾ ਕਰ ਕੇ ਜਦੋਂ ਪੜ੍ਹ ਮਾਸਟਰ ਚੰਬਾ ਰਾਮ ਨੂੰ ਸੁਣਾਈ ਤੇ ਓਸ ਮੈਨੂੰ ਬੜੀ ਸ਼ਾਬਾਸ਼ ਦਿਤੀ ਤੇ ਕਿਹਾ ਕਿ ਤੂੰ ਫਾਰਸੀ ਸਿੱਖਣ ਦੀ ਕੋਸ਼ਿਸ਼ ਕਰ ਕਿਓਂਕਿ ਫਾਰਸੀ ਦੇ ਮਜ਼ਮੂਨ ਵਿਚੋਂ ਪਾਸ ਹੋਣ ਨਾਲ ਤੇਰੀ ਮੈਟਰਿਕ ਵਿਚ ਡਿਵੀਜ਼ਨ ਬਣ ਜਾਵੇਗੀ ਜੋ ਸਾਰੀ ਉਮਰ ਕੰਮ ਆਵੇਗੀ। ਉਸ ਨੇ ਇਹ ਵੀ ਦੱਸਿਆ ਕਿ ਫਾਰਸੀ ਵਿਚ ਬਹੁਤ ਉਮਦਾ ਕਿਸਮ ਦਾ ਸਾਹਿਤ ਹੈ ਖ਼ਾਸ ਕਰ ਨਜ਼ਮ ਅਤੇ ਗ਼ਜ਼ਲ ਆਦਿ ਤੋਂ ਇਲਾਵਾ ਫਾਰਸੀ ਦੀਆਂ ਹਕਾਇਤਾਂ ਵੀ ਬੜੀਆਂ ਜ਼ਬਰਦਸਤ ਹਨ। ਫਾਰਸੀ ਵਿਚ ਬੜੇ ਵੱਡੇ ਵੱਡੇ ਲੇਖਕ ਜਿਵੇਂ ਸ਼ੇਖ ਸਾਅਦੀ ਵਗੈਰਾ ਹੋਏ ਹਨ ਜਿਨ੍ਹਾਂ ਦੀਆਂ ਰਚਨਾਵਾਂ ਪੜ੍ਹਨ ਵਾਲੀਆਂ ਹਨ। ਮਾਸਟਰ ਚੰਬਾ ਰਾਮ ਦੀ ਗੱਲ ਬਿਲਕੁਲ ਠੀਕ ਸੀ ਕਿਉਂਕਿ ਓਸ ਜ਼ਮਾਨੇ ਵਿਚ ਦਸਵੀਂ ਤੋਂ ਅੱਗੇ ਬਹੁਤ ਘੱਟ ਲੋਕ ਪੜ੍ਹਾਈ ਕਰਿਆ ਕਰਦੇ ਸਨ ਅਤੇ ਚੰਗੇ ਨੰਬਰਾਂ ਵਿਚ ਦਸਵੀਂ ਪਾਸ ਕਰ ਕੇ ਰੇਲਵੇ, ਟੈਲੀਫੋਨ, ਪੋਸਟ ਆਫਸ, ਪੁਲਿਸ, ਕਨਾਲ ਡੀਪਾਰਟਮੈਂਟ, ਵਿਦਿਆ ਵਿਭਾਗ ਜਾਂ ਮਾਲ ਵਿਭਾਗ ਵਿਚ ਪਟਵਾਰੀ ਆਦਿ ਦੀ ਨੌਕਰੀ ਲੱਭ ਲੈਂਦੇ ਸਨ। ਕਿਸੇ ਹੋਰ ਮਹਿਕਮੇ ਜਿਵੇਂ ਫੌਜ ਆਦਿ ਵਿਚ ਭਰਤੀ ਹੋਣ ਲਈ ਵੀ ਦਸਵੀਂ ਪਾਸ ਹੋਣਾ ਕਾਫੀ ਜ਼ਰੂਰੀ ਸੀ। ਮੈਂ ਉਹਨਾਂ ਨਾਲ ਵਾਅਦਾ ਕੀਤਾ ਕਿ ਮੈਂ ਫਾਰਸੀ ਸਿੱਖਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ।
-----
ਭਾਵੇਂ ਮੈਂ ਫਾਰਸੀ ਤਾਂ ਪੂਰੀ ਤਰ੍ਹਾਂ ਸਿੱਖ ਨਾ ਸਕਿਆ ਪਰ ਜਦ ਗੁਰੂ ਨਾਨਕ ਦੇਵ ਯਨੀਵਰਸਿਟੀ ਵਿਚ ਲੈਕਚਰਰ ਲਗਣ ਲਈ ਬੀ. ਏ. ਐਡੀਸ਼ਨਲ ਫਾਰਸੀ ਜਾਂ ਸੰਸਕ੍ਰਿਤ ਦੀ ਡਿਗਰੀ ਦੀ ਲੋੜ ਪਈ ਤਾਂ ਫਾਰਸੀ ਦੀ ਡਿਗਰੀ ਵਿਚ ਮੇਰੇ ਨੰਬਰ ਸਭ ਤੋਂ ਜ਼ਿਆਦਾ ਸਨ। ਫਾਰਸੀ ਦੀ ਅਹਿਮੀਅਤ ਹਿੰਦੋਸਤਾਨ ਵਿਚ ਬਹੁਤ ਰਹੀ ਸੀ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਲਗ ਭਗ ਹਜ਼ਾਰ ਸਾਲ ਤਕ ਹਿੰਦੋਸਤਾਨ ਦੀ ਸਰਕਾਰੀ ਬੋਲੀ ਫਾਰਸੀ ਸੀ। ਇਥੋਂ ਤਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਵੀ ਸਰਕਾਰੀ ਬੋਲੀ ਫਾਰਸੀ ਸੀ ਅਤੇ ਸਰਕਾਰੀ ਫੁਰਮਾਨ ਫਾਰਸੀ ਵਿਚ ਹੁੰਦੇ ਸਨ। ਜਿਸ ਨੂੰ ਫਾਰਸੀ ਆਉਂਦੀ ਸੀ, ਉਹਨੂੰ ਸਰਕਾਰੇ ਦਰਬਾਰੇ ਕੰਮ ਮਿਲ ਜਾਂਦਾ ਸੀ। ਹੁਣ ਵੀ ਜਦ ਪਿਛਲੇ ਕੁਝ ਸਾਲਾਂ ਤੋਂ ਅਫ਼ਗਾਨਿਸਤਾਨ ਅਤੇ ਇਰਾਕ ਨਾਲ ਪੰਗਾ ਪਿਆ ਹੋਇਆ ਹੈ ਤਾਂ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਵੀ ਜਿਨ੍ਹਾਂ ਨੂੰ ਫਾਰਸੀ ਅਤੇ ਅਰਬੀ ਆਉਂਦੀ ਸੀ, ਉਹਨਾਂ ਨੂੰ ਨਾਰਥ ਅਮਰੀਕਾ ਦੇ ਪੋਲੀਸ ਦੇ ਕੁਝ ਖ਼ੁਫ਼ੀਆ ਅਤੇ ਗ਼ੈਰ-ਖ਼ੁਫ਼ੀਆ ਮਹਿਕਮਿਆਂ ਵੱਲੋਂ ਇੰਟਰਪਰੈਟਰ ਆਦਿ ਦਾ ਕੰਮ ਸੌਖਾ ਮਿਲ ਜਾਂਦਾ ਸੀ। ਮੁਸਲਿਮ ਮੁਲਕਾਂ ਨਾਲ ਲੱਗੀ ਲੜਾਈ ਨੇ ਫਾਰਸੀ ਅਤੇ ਅਰਬੀ ਦੀ ਜਾਣਕਾਰੀ ਹੋਣ ਵਿਚ ਸੋਨੇ ‘ਤੇ ਸੁਹਾਗੇ ਦਾ ਕੰਮ ਕਰ ਦਿੱਤਾ ਹੈ।
------
1950 ਦਾ ਅਕਤੂਬਰ ਬੀਤ ਗਿਆ ਸੀ। ਦਸਵੀਂ ਦੇ ਇਮਤਿਹਾਨ ਤਾਂ ਮਾਰਚ 1951 ਵਿਚ ਹੋਣੇ ਸਨ। ਨਵੰਬਰ ਤੋਂ ਫਰਵਰੀ ਤਕ ਚਾਰ ਮਹੀਨੇ ਸਖ਼ਤ ਪੜ੍ਹਾਈ ਦੇ ਦਿਨ ਸਨ। ਗੋਨਿਆਣਾ ਮੰਡੀ ਤੋਂ ਨਹਿਰੋਂ ਪਰ੍ਹੇ ਮਹਿਮੇ ਪਿੰਡ ਦੇ ਸਰਦਾਰਾਂ ਦੇ ਮੁੰਡੇ ਭਰਪੂਰ ਬਰਾੜ ਤੇ ਹਰਫੂਲ ਬਰਾੜ ਮੇਰੇ ਜਮਾਤੀ ਸਨ ਅਤੇ ਸ਼ਾਹਾਂ ਦਾ ਦਲਬੇਰ ਵੀ। ਦਲਬੇਰ ਦਾ ਚੁਬਾਰਿਆਂ ਵਾਲਾ ਘਰ ਤਾਂ ਗੋਨਿਆਣਾ ਮੰਡੀ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਪੈਂਦਾ ਸੀ ਤੇ ਮੈਂ ਅਕਸਰ ਆਪਣਾ ਬਸਤਾ ਤੇ ਹੋਰ ਕੋਈ ਸਾਮਾਨ ਉਹਦੀ ਦੁਕਾਨ ਵਿਚ ਹੀ ਰੱਖਦਾ ਹੁੰਦਾ ਸਾਂ। ਬਹੁਤ ਪਿਛੋਂ ਪਤਾ ਲੱਗਾ ਕਿ ਭਰਪੂਰ ਤਾਂ ਅਮਰੀਕਾ ਚਲਾ ਗਿਆ ਸੀ ਤੇ ਹਰਫੂਲ ਚੰਡੀਗੜ੍ਹ ਵਿਚ ਹਾਈ ਕੋਰਟ ਦਾ ਸਰਕਾਰੀ ਵਕੀਲ ਬਣ ਗਿਆ ਸੀ। ਅਲਬੇਲ ਜਿਸ ਨੇ ਜੈਵਨਲ ਥਰੋ ਵਿਚ ਆਪਣਾ ਨਾਂ ਪੈਦਾ ਕੀਤਾ ਸੀ, ਰੇਲਵੇ ਵਿਚ ਪਲੇਟੀਅਰ ਲੱਗ ਗਿਆ ਸੀ। ਦਸਵੀਂ ਪਾਸ ਕਰਨ ਤੋਂ ਬਾਅਦ ਅਲਬੇਲ ਡੀ. ਸੀ. ਜੈਨ ਕਾਲਜ ਫਿਰੋਜ਼ਪੁਰ ਛਾਉਣੀ ਐਫ. ਏ. ਵਿਚ ਦਾਖਲ ਹੋਇਆ ਸੀ ਤੇ ਮੈਂ ਆਰ ਐਸ ਡੀ ਕਾਲਜ ਫਿਰੋਜ਼ਪੁਰ ਸ਼ਹਿਰ ਵਿਚ।
-----
ਮੈਂ ਆਪਣੇ ਆਪ ਨੂੰ ਵਧ ਤੋਂ ਵਧ ਪੜ੍ਹਾਈ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਸਾਂ ਤੇ ਮਹਿਤੇ ਕਈ ਵਾਰ ਮਹੀਨੇ ਵਿਚ ਮਸਾਂ ਇਕ ਵਾਰ ਹੀ ਜਾਂਦਾ ਸਾਂ। ਮਹਿਤੇ ਤੋਂ ਮੁੜ ਕੇ ਮਹਿਕ ਦੀਆਂ ਨੀਵੀਆਂ ਅੱਖਾਂ ਤੇ ਬੁੱਲ੍ਹੀਆਂ ਦੀ ਹਲਕੀ ਮੁਸਕਾਨ ਮੈਨੂੰ ਕਈ ਕਈ ਦਿਨ ਚੇਤੇ ਆਉਂਦੀ ਰਹਿੰਦੀ ਸੀ ਅਤੇ ਕਈ ਵਾਰ ਉਹਦਾ ਖ਼ੂਬਸੂਰਤ ਚਿਹਰਾ ਕਿਤਾਬ ਦੇ ਸਫ਼ਿਆਂ ਵਿਚ ਆ ਕੇ ਖਲੋਅ ਜਾਂਦਾ ਸੀ। ਪਰ ਹੁਣ ਮੈਂ ਬਠਿੰਡੇ ਪਿਕਚਰਾਂ ਵੇਖਣ ਵੀ ਘੱਟ ਜਾਂਦਾ ਸਾਂ। ਦਸੰਬਰ ਦੀਆਂ ਛੁੱਟੀਆਂ ਵਿਚ ਵੀ ਮੈਂ ਮਹਿਤੇ ਜਾਣ ਦੀ ਬਜਾਏ ਗੁਦੜਢੰਡੀ ਪਿੰਡ ਦੇ ਬੇਰੀਆਂ ਵਾਲੇ ਖੂਹ ‘ਤੇ ਚਲਾ ਗਿਆ ਸਾਂ। ਸਾਡੇ ਰਾਏ ਸਿੱਖ ਮੁਜ਼ਾਰਿਆਂ ਦੀਆਂ ਔਰਤਾਂ ਨੇ ਮੇਰੇ ਲਈ ਘਿਉ ਵੀ ਜੋੜ ਰਖਿਆ ਸੀ। ਪਰ ਬੇਰੀਆਂ ਵਾਲੇ ਖੂਹ ਵਾਲਾ ਕੱਚਾ ਕੋਠਾ ਜਿਸ ਵਿਚ ਨਾ ਕੋਈ ਬਾਰੀ ਸੀ, ਨਾ ਰੌਸ਼ਨਦਾਨ ਤੇ ਨਾ ਹੀ ਕੋਈ ਮੋਘਾ। ਇਸ ਕੋਠੇ ਅੰਦਰ ਦਿਨੇ ਵੀ ਹਨੇਰਾ ਰਹਿੰਦਾ ਸੀ ਅਤੇ ਚੂਹੇ ਆਮ ਭੱਜੇ ਫਿਰਦੇ ਸਨ। ਇਹ ਚੂਹੇ ਪਲ਼ੇ ਹੋਏ ਵੀ ਬੜੇ ਸਨ ਧਾਈਆਂ ਦੀਆਂ ਬੋਰੀਆਂ ਕੁਤਰ ਦਿੰਦੇ ਸਨ ਅਤੇ ਕਪਾਹ ਵੀ ਖਾ ਜਾਂਦੇ ਸਨ। ਇਸ ਕੋਠੇ ਦੇ ਇਕ ਪਾਸੇ ਕਣਕ ਦੇ ਭੜੋਲੇ ਸਨ ਜਿਨ੍ਹਾਂ ਵਿਚੋਂ ਅਜੀਬ ਕਿਸਮ ਦੀ ਹਵਾੜ ਆਉਂਦੀ ਸੀ। ਇਸ ਹਨੇਰੇ ਕੋਠੇ ਵਿਚ ਰਾਏ ਸਿੱਖਾਂ ਦੀਆਂ ਪੁਰਾਣੀਆਂ ਅਣਧੋਤੀਆਂ ਰਜਾਈਆਂ ਤਲਾਈਆਂ ਤੇ ਜੁੱਲਿਆਂ ਵਿਚ ਹਫ਼ਤਾ ਭਰ ਸੌਂ ਕੇ ਮੇਰੇ ਸਿਰ ਵਿਚ ਜੂੰਆਂ ਪੈ ਗਈਆਂ ਸਨ। ਸਿਰ ਵਿਚ ਬਹੁਤ ਖਾਰਸ਼ ਹੁੰਦੀ ਸੀ। ਮਹਿਤੇ ਆਇਆਂ ਇਹ ਜੂੰਆਂ ਮੇਰੀ ਮਾਂ ਨੇ ਬੜੇ ਵਖ਼ਤਾਂ ਨਾਲ ਮੇਰੇ ਸਿਰ ਵਿਚੋਂ ਕੱਢੀਆਂ ਤੇ ਨਹੁੰਆਂ ਤੇ ਰੱਖ ਰੱਖ ਕੇ ਮਾਰੀਆਂ ਸਨ ਤੇ ਬੜੀ ਬਾਰੀਕ ਲੀਖਾਂ ਵਾਲੀ ਲੱਕੜ ਦੀ ਕੰਘੀ ਨਾਲ ਮੇਰਾ ਸਿਰ ਵਾਹ ਵਾਹ ਕੇ ਮੇਰੀਆਂ ਚੀਕਾਂ ਕਢਾ ਦਿੱਤੀਆਂ ਸਨ। ਧੁੱਪੇ ਬਿਠਾ ਕੇ ਜਦੋਂ ਮਾਂ ਮੇਰੇ ਸਿਰ ਵਿਚੋਂ ਜੂੰਆਂ ਕੱਢ ਕੱਢ ਕੇ ਮਾਰਦੀ ਤਾਂ ਜੂੰਆਂ ਮਰਦੀਆਂ ਵੇਖ ਮਹਿਕ ਦੀਆਂ ਬੁੱਲ੍ਹੀਆਂ ਵਿਚ ਹਾਸਾ ਆ ਜਾਂਦਾ। ਮੇਰਾ ਜੀਅ ਕਰਦਾ ਸੀ ਕਿ ਮਹਿਕ ਵੀ ਮੇਰੇ ਸਿਰ ਵਿਚੋਂ ਜੂੰਆਂ ਕੱਢੇ ਪਰ ਮਾਂ ਨੇ ਸ਼ਾਇਦ ਸ਼ਰਮ ਦੇ ਮਾਰੇ ਉਹਨੂੰ ਨਾ ਕਿਹਾ ਕਿ ਉਹਦਾ ਜਵਾਨ ਜਹਾਨ ਪੁੱਤ ਨਵੀਂ ਅਲਾਟ ਹੋਈ ਜ਼ਮੀਨ ਦੇ ਬੇਰੀਆਂ ਵਾਲੇ ਖੂਹ ਤੋਂ ਸਿਰ ਵਿਚ ਜੂੰਆਂ ਪਵਾ ਲਿਆਇਆ ਸੀ।
-----
ਬਾਪੂ ਜੋ ਹੁਣ ਬਹੁਤਾ ਬੇਰੀਆਂ ਵਾਲੇ ਖੂਹ ਤੇ ਰਹਿਣ ਲੱਗ ਪਿਆ ਸੀ, ਨੇ ਮਹਿਤੇ ਤੋਂ ਹੌਲੀ ਹੌਲੀ ਘਰ ਦਾ ਸਾਮਾਨ ਗੁੱਦੜ ਢੰਡੀ ਪੁਚਾਉਣਾ ਸ਼ੁਰੂ ਕਰ ਦਿਤਾ ਸੀ। ਅੰਤਲੇ ਦਿਨਾਂ ਵਿਚ ਤਾਂ ਸਾਡੇ ਮੁਜ਼ਾਰੇ ਹਾਕੂ ਤੇ ਕਾਲੂ ਰਾਏ ਸਿੱਖ ਇਕ ਵਾਰ ਫਿਰ ਮਹਿਤੇ ਆ ਕੇ ਬਾਕੀ ਦਾ ਸਾਰਾ ਮਾਲ ਡੰਗਰ ਤੇ ਕੁਝ ਖੋਤੀਆਂ ਤੋਰ ਕੇ ਬੇਰੀਆਂ ਵਾਲੇ ਖੂਹ ‘ਤੇ ਲੈ ਗਏ ਸਨ। ਘਰ ਦਾ ਕਾਫੀ ਸਾਮਾਨ ਉਹਨਾਂ ਪਸੂਆਂ ਅਤੇ ਖੋਤੀਆਂ ਦੀਆਂ ਵਹਿੰਗੀਆਂ ਤੇ ਲੱਦ ਲਿਆ ਸੀ। ਮੇਰੀ ਮਾਂ ਤੇ ਭੈਣਾਂ ਵੀ ਮਹਿਤਾ ਛੱਡਣ ਦੀ ਤਿਆਰੀ ਵਿਚ ਸਨ ਪਰ ਮੇਰੇ ਦਸਵੀਂ ਦੇ ਪੇਪਰਾਂ ਤੱਕ ਰੁਕੀਆਂ ਹੋਈਆਂ ਸਨ। ਕਾਫੀ ਸਾਮਾਨ ਤਾਂ ਪਹਿਲਾਂ ਹੀ ਗੁਦੜ ਢੰਡੀ ਪਹੁੰਚ ਚੁੱਕਾ ਸੀ। ਇਸ ਵਾਰ ਬਾਪੂ ਨੇ ਬੜੀ ਖ਼ੁਸ਼ੀ ਨਾਲ ਦਸਿਆ ਕਿ ਤੇਰੇ ਤਾਏ ਬੇਲਾ ਸਿੰਘ ਦਾ ਲੜਕਾ ਦਲੀਪ ਸਿੰਘ ਮੋਮੀ ਇਕ ਦਿਨ ਫਿਰੋਜ਼ਪੁਰ ਕਚਹਿਰੀਆਂ ਵਿਚ ਮਿਲ ਗਿਆ ਸੀ। ਉਹ ਫਿਰੋਜ਼ਪੁਰ ਐਗਰੀਕਲਚਰ ਇਨਸਪੈਕਟਰ ਲੱਗਾ ਹੋਇਆ ਹੈ। ਜਦੋਂ ਉਹਨੂੰ ਪਤਾ ਲੱਗਾ ਕਿ ਗੁਦੜਢੰਡੀ ਪਿੰਡ ਵਿਚ ਜ਼ਮੀਨ ਦੀ ਪੱਕੀ ਅਲਾਟਮੈਂਟ ਹੋ ਗਈ ਹੈ ਤਾਂ ਬੜਾ ਖ਼ੁਸ਼ ਹੋਇਆ। ਇਹ ਇਲਾਕਾ ਉਹਦੇ ਹਲਕੇ ਵਿਚ ਹੀ ਪੈਂਦਾ ਹੈ। ਬਾਪੂ ਨੇ ਦੱਸਿਆ ਕਿ ਦਲੀਪ ਸਿੰਘ ਮੋਮੀ ਮਖੂ ਗੇਟ ਦੇ ਅੰਦਰਵਾਰ ਮਹਿਰਿਆਂ ਵਾਲੀ ਬਸਤੀ ਵਿਚ ਰਹਿੰਦਾ ਹੈ। ਮੱਝ ਵੀ ਰੱਖੀ ਹੋਈ ਆ ਤੇ ਤੇਰੀ ਭਰਜਾਈ ਵੀ ਤੈਨੂੰ ਬਹੁਤ ਯਾਦ ਕਰਦੀ ਆ। ਕਹਿੰਦੀ ਪਾਕਿਸਤਾਨ ਬਣਨ ਤੋਂ ਪਹਿਲਾਂ ਜਦ ਉਹਨੇ ਮੈਨੂੰ ਵੇਖਿਆ ਸੀ ਤਾਂ ਮੈਂ ਓਦੋਂ ਛੋਟਾ ਜਿਹਾ ਸਾਂ। ਮੈਨੂੰ ਯਾਦ ਹੈ ਕਿ ਜਦੋਂ ਉਹਨੂੰ ਵਿਆਹ ਕੇ ਲਿਆਏ ਸਾਂ ਤਾਂ ਹੋਰਨਾਂ ਦਿਓਰਾਂ ਵਾਂਗ ਮੈਂ ਵੀ ਉਹਦੀ ਝੋਲੀ ਵਿਚ ਬੈਠਾ ਸਾਂ। ਵੈਸੇ ਮੈਨੂੰ ਏਨਾ ਯਾਦ ਸੀ ਕਿ ਜਦੋਂ ਭਰਾ ਦਲੀਪ ਸਿੰਘ ਦਾ ਵਿਆਹ ਹੋਇਆ ਸੀ ਤੇ ਜੰਞ ਤਰਨ ਤਾਰਨ ਲਾਗੇ ਪਿੰਡ ਫਤਹਿਆ ਬਾਦ ਢੁੱਕੀ ਸੀ ਤਾਂ ਮੈਂ ਭਰਾ ਦੀ ਜੰਞੇ ਗਿਆ ਸਾਂ। ਓਦੋਂ ਮੈਂ ਮਸਾਂ ਨੌਂ ਜਾਂ ਦਸਾਂ ਸਾਲਾਂ ਦਾ ਹੋਵਾਂਗਾ। ਮੈਨੂੰ ਬੜੀ ਖ਼ੁਸ਼ੀ ਹੋਈ ਕਿ ਸਾਡੇ ਸ਼ਰੀਕੇ ਚੋਂ ਭਾਵ ਮੇਰੇ ਤਾਏ ਬੇਲਾ ਸਿੰਘ ਦਾ ਪੁੱਤਰ ਦਲੀਪ ਸਿੰਘ ਮੋਮੀ ਫਿਰੋਜ਼ਪੁਰ ਅਫ਼ਸਰ ਲੱਗਾ ਹੋਇਆ ਸੀ। ਬਾਪੂ ਇਕ ਰਾਤ ਭਰਾ ਦਲੀਪ ਸਿੰਘ ਮੋਮੀ ਦੇ ਮਹਿਰਿਆਂ ਵਾਲੀ ਬਸਤੀ ਵਾਲੇ ਘਰ ਰਹਿ ਵੀ ਆਇਆ ਸੀ। ਭਰਾ ਦਲੀਪ ਸਿੰਘ ਕਹਿੰਦਾ ਸੀ ਕਿ ਜਦ ਮੈਂ ਇਮਤਿਹਾਨ ਦੇ ਕੇ ਪਿੰਡ ਜਾਣ ਲਈ ਫਿਰੋਜ਼ਪੁਰ ਆਵਾਂ ਤਾਂ ਕੁਝ ਦਿਨ ਉਹਨਾਂ ਦੇ ਘਰ ਜ਼ਰੂਰ ਰਹਾਂ। ਉਹਨਾਂ ਦੇ ਬੱਚਿਆਂ ਨਾਲ਼ ਖੇਡਾਂ ਤੇ ਰਚ-ਮਿਚ ਜਾਵਾਂ। ਆਰ ਐਸ ਡੀ ਕਾਲਜ ਵੀ ਉਹਨਾਂ ਦੇ ਘਰ ਦੇ ਬਹੁਤ ਨੇੜੇ ਭਾਵ ਮਖੂ ਗੇਟ ਦੇ ਬਾਹਰ ਵਾਲੇ ਪਾਸੇ ਸੀ ਤੇ ਉਹ ਮੈਨੂੰ ਆਪਣੀ ਦੇਖ-ਰੇਖ ਹੇਠ ਕਾਲਜ ਵਿਚ ਦਾਖਲ ਵੀ ਕਰਵਾ ਦੇਣਗੇ। ਬਾਪੂ ਕੋਲੋਂ ਇਹ ਸਾਰੀਆਂ ਗੱਲਾਂ ਸੁਣ ਕੇ ਮੇਰੇ ਮਨ ਅੰਦਰ ਖ਼ੁਸ਼ੀ ਦੇ ਲਡੂ ਭੁਰ ਰਹੇ ਸਨ। ਸ਼ੇਖ਼ ਚਿਲੀ ਵਾਂਗ ਮੈਂ ਮਨ ਹੀ ਮਨ ਵਿਚ ਉਡੀਕ ਕਰ ਰਿਹਾ ਸਾਂ ਤੇ ਹਵਾਈ ਕਿਲੇ ਬਣਾ ਰਿਹਾ ਸਾਂ ਕਿ ਮੈਂ ਕਦ ਫਿਰੋਜ਼ਪੁਰ ਪਹੁੰਚਾਂਗਾ ਤੇ ਜਾ ਕੇ ਆਪਣੇ ਤਾਏ ਦੇ ਲੜਕੇ ਨੂੰ ਮਿਲਾਂਗਾ।
******
ਚਲਦਾ
No comments:
Post a Comment