ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, April 5, 2010

ਬਲਜੀਤ ਬਾਸੀ - ਅਈਥੇ ਈ ਠੀਕ ਆ - ਕਹਾਣੀ

ਅਈਥੇ ਈ ਠੀਕ ਆ

ਕਹਾਣੀ

ਲਾਡੀ, ਸਾਡੇ ਗੂੜ੍ਹੇ ਯਾਰ ਦੀ ਸਭ ਤੋਂ ਵੱਡੀ ਰੀਝ ਪੂਰੀ ਹੋ ਗਈ ਜਿਸ ਦਿਨ ਉਸਦੇ ਪੈਰਾਂ ਨੇ ਕੈਨੇਡਾ ਦੀ ਧਰਤੀ ਦੀ ਛੋਹ ਪ੍ਰਾਪਤ ਕੀਤੀਜੁਗਾੜਾਂ ਨੂੰ ਫ਼ਲ਼ ਲੱਗ ਚੁੱਕਾ ਸੀ, ਦੇਸ਼ ਨੂੰ ਅਲਵਿਦਾ ਹੋ ਚੁੱਕੀ ਸੀ, ਨਵੇਂ ਦੇਸ਼ ਵਿੱਚ ਹੁਣ ਤਾਂ ਅੱਗੋਂ ਜੋ ਕਰਨਾ ਸੀ, ਕਰਾਂ ਪੈਰਾਂ ਨੇ ਹੀ ਕਰਨਾ ਸੀਉਸ ਦੀਆਂ ਰਗਾਂ ਵਿੱਚ ਜਵਾਨੀ ਦਾ ਖ਼ੂਨ ਖੌਲ ਰਿਹਾ ਸੀ ਤੇ ਡੌਲੇ ਫ਼ਰਕ ਰਹੇ ਸਨ ਜਿਨ੍ਹਾਂ ਦੀ ਬਦੌਲਤ ੳਸਨੇ ਮਸ਼ੀਨਾਂ ਨਾਲ ਮਸ਼ੀਨ ਹੋ ਜਾਣਾ ਸੀ; ਟਰੱਕਾਂ ਦੇ ਗੁਰਭਾਈ ਬਣ ਜਾਣਾ ਸੀ; ਸਟੋਰਾਂ ਦੇ ਰਜਿਸਟਰਾਂ ਨਾਲ਼ ਚਿਪਕ ਜਾਣ ਸੀ; ਜਾਂ ਫਿਰ ਟੈਕਸੀਆਂ ਦੇ ਸਟੇਰਿੰਗ ਨਾਲ ਜੱਫ਼ਾ ਪਾ ਲੈਣਾ ਸੀਉਸ ਨੇ ਕਮਾਈਆਂ ਕਰ ਕਰ, ਕੈਨੇਡਾ ਨੂੰ ਲੁੱਟ ਲੁੱਟ, ਡਾਲਰਾਂ ਦੀਆਂ ਡਾਰਾਂ ਲਾ ਦੇਣੀਆਂ ਸਨਪਰ ਹਾਲ ਦੀ ਘੜੀ ਉਸ ਦੇ ਮਨ ਚ ਡਾਢੀ ਹਲਚਲ ਸੀ ਜਿਵੇਂ ਉਸ ਨੂੰ ਪਟਕਾਕੇ ਮਾਰਿਆ ਗਿਆ ਹੋਵੇਕੈਨੇਡਾ ਦੇ ਇਸ ਸ਼ਹਿਰ ਬਰੈਂਪਟਨ ਚ ਆਕੇ ਉਹ ਕੁਝ ਦਿਨ ਸੜਕਾਂ ਤੇ ਭੌਂਦਾ ਰਿਹਾ, ਪਿਛਲੇ ਯਾਰਾਂ ਨੂੰ, ਪਿਛਲੀਆਂ ਬਹਾਰਾਂ ਨੂੰ ਯਾਦ ਕਰਕੇ ਤੜਪਦਾ ਰਿਹਾ

-----

ਜ਼ਿੰਦਾਦਿਲ, ਸ਼ੋਸ਼ੇਬਾਜ਼, ਮਜ਼ਾਕੀਆ ਤੇ ਜਜ਼ਬਾਤੀ, ਲਾਡੀ ਸਾਡੀ ਕਲਾਸ ਦੀ ਰੂਹੇ-ਰਵਾਂ ਸੀਅਧਿਆਪਕਾਂ ਨਾਲ਼ ਪੰਗੇ ਲੈਣੇ, ਕੁੜੀਆਂ ਨਾਲ ਛੇੜਖਾਨੀ ਤੇ ਦੋਸਤਾਂ ਅੱਗੇ ਯੱਕੜ ਤੋਲੀ ਜਾਣੇ- ਲਾਡੀ ਦੇ ਸੁਭਾਅ ਦੇ ਉੱਘੜਵੇਂ ਲੱਛਣ ਸਨਪਰ ਫਿਰ ਵੀ ਉਸਦੇ ਵਿਵਿਹਾਰ ਵਿੱਚ ਇੱਕ ਕਲਾ, ਇਕ ਸਲੀਕਾ ਹੁੰਦਾ ਸੀ ਜਿਸ ਦਾ ਅੰਤ ਅਕਸਰ ਖ਼ੁਸ਼ਗਵਾਰ ਹੀ ਹੁੰਦਾ ਸੀਜਿਵੇਂ ਚੁੰਝ ਚ ਕੰਕਰ ਫਸਾਈ ਥੋੜੇ ਪਾਣੀ ਵਾਲੇ ਘੜੇ ਵੱਲ ਉਡਦੇ ਕਾਂ ਦੀ ਕਹਾਣੀ ਤੋਂ 'ਲੋੜ ਕਾਢ ਦੀ ਮਾਂ ਹੈ' ਦਾ ਸਬਕ ਮਿਲਦਾ ਹੈ; ਲਾਡੀ ਇਕ ਜਿਉਂਦੀ ਜਾਗਦੀ ਤੁਰੀ ਫਿਰਦੀ ਸਿਖਿਆਦਾਇਕ ਕਹਾਣੀ ਸੀ

-----

ਮਾਰਿਆ-ਮਾਰਿਆ ਫਿਰਦਾ ਲਾਡੀ ਉਸ ਦਿਨ ਮਗ਼ਜ਼ ਚੱਟਣ ਨੂੰ ਆਉਦੇ ਸ਼ਹਿਰ ਦੇ ਸੁੰਨੇ ਬਲਾਕਾਂ ਚ ਇਕੱਲਾ ਘੁੰਮ ਰਿਹਾ ਸੀਉਸਦੇ ਚੌਤਰਫੀਂ ਸੁੰਦਰ ਮਕਬਰਿਆਂ ਜਿਹੇ ਵੱਡੇ ਵੱਡੇ ਘਰ ਸਨ ਪਰ ਕਿਧਰੇ ਚਿੜੀ ਵੀ ਫੜਕਦੀ ਸੁਣਾਈ ਨਹੀਂ ਸੀ ਦਿੰਦੀਕਹਿੰਦੇ ਹਨ ਇਹ ਪੰਜਾਬੀਆਂ ਦਾ ਇਲਾਕਾ ਹੈਹੋਵੇਗਾ, ਘਰਾਂ ਚੋਂ ਤਾਂ ਕਾਰਾਂ ਨਿਕਲਦੀਆਂ ਸਨ ਤੇ ਕਾਰਾਂ ਹੀ ਵੜਦੀਆਂ ਸਨ ਅੰਦਰ ਭਾਵੇਂ ਪੰਜਾਬੀ ਅੜਿੰਗਦੇ ਹੋਣ ਤੇ ਭਾਵੇਂ ਪੰਜਾਬੀ ਗੀਤਲਾਡੀ ਦਾ ਦਿਲ ਅੱਜ ਭੁੜਕ-ਭੁੜਕ ਜਾਂਦਾ ਸੀ, ਉਹ ਕੁਝ ਕਰਕੇ ਰਹੇਗਾਕਿੰਨੇ ਦਿਨ ਹੋ ਗਏ ਸਨ ਕਿਸੇ ਪੰਜਾਬੀ ਨਾਲ ਗੱਲ ਕੀਤਿਆਂ

-----

ਉਸਨੇ ਸੁਣ ਰੱਖਿਆ ਸੀ ਕਿ ਪਿਛਲੇ ਦਿਨੀਂ ਇਸ ਬਲਾਕ ਵਿੱਚ ਕੁਝ ਘਰ ਛੱਡ ਕੇ ਕਿਸੇ ਪੰਜਾਬੀ ਬੁੜ੍ਹੇ ਦੀ ਮੌਤ ਹੋ ਗਈ ਸੀਕਮਾਲ ਹੋ ਗਈ, ਉਹ ਸੋਚਦਾ, ਬੁੜਾ ਮਰ ਗਿਆ, ਜਿਵੇਂ ਕੋਈ ਮੱਖੀ ਮਰ ਗਈ ਹੈਕਿਸੇ ਪਾਸੇ ਕੋਈ ਮਾਤਮੀ ਹਰਕਤ ਹੀ ਨਹੀਂ ਹੈਲਾਡੀ ਕੋਲ ਬਹਾਨਾ ਸੀ ਕਿਸੇ ਪੰਜਾਬੀ ਦੇ ਘਰ ਜਾਣ ਦਾ, ਅਫਸੋਸ ਤਾਂ ਦੁਸ਼ਮਣ ਦਾ ਵੀ ਕਰ ਲਈਦਾ ਹੈ, ਸਾਡੀ ਰਵਾਇਤੀ ਸਿਆਣਪ ਕਹਿੰਦੀ ਹੈਤੁਰਦਾ ਤੁਰਦਾ ਉਹ ਮਰਗ ਵਾਲੇ ਘਰ ਪਹੁੰਚ ਗਿਆਡਰਾਈਵ ਵੇਅ ਅਤੇ ਬਾਹਰਲੀ ਸੜਕ ਤੇ ਕਈ ਕਾਰਾਂ ਖੜੋਤੀਆਂ ਸਨਲਾਡੀ ਨੇ ਘੰਟੀ ਵਾਲੇ ਬਟਨ ਦਾ ਉਭਾਰ ਨੱਪਿਆ ਤੇ ਕੁਝ ਪਲਾਂ ਵਿੱਚ ਹੀ ਬੂਹਾ ਖੁੱਲ੍ਹਿਆਉਹ ਲਿਵਿੰਗ ਰੂਮ ਵਿੱਚ ਦਾਖਿਲ ਹੋਇਆਉਸਨੇ ਚਾਰ ਚੁਫੇਰੇ ਸੋਫਿਆਂ ਤੇ ਬੈਠੇ ਸਾਰੇ ਬੰਦਿਆ ਵੱਲ ਨਜ਼ਰ ਦੁੜਾਈਉਨ੍ਹਾਂ ਦੇ ਚਿਹਰਿਆਂ ਤੇ ਠਹਿਰ ਗਈ ਉਮਰ ਦੇ ਸੰਕੇਤ ਸਨ, ਜਿਨਾਂ ਤੋਂ ਮਨੁੱਖ ਦੀ ਨਾਸ਼ਵਾਨਤਾ ਪੜ੍ਹੀ ਜਾ ਸਕਦੀ ਸੀ, ਫ਼ਰੀਦ ਦੇ ਸ਼ਲੋਕ ਉਠਾਏ ਜਾ ਸਕਦੇ ਸਨ

-----

"ਹਾਂ ਬਈ ਗੱਭਰੂਆ?" ਦਰਵਾਜ਼ਾ ਖੋਲ੍ਹਣ ਵਾਲੇ ਸ਼ਖ਼ਸ ਨੇ ਕੁੰਡੀ ਬੰਦ ਕਰਦਿਆਂ ਸਵਾਲੀਆ ਫਿਕਰਾ ਸੁੱਟਿਆ ਜਿਸ ਦਾ ਭਾਵ ਸੀ ਕਿ ਤੂੰ ਜੋ ਧੁੱਸ ਦੇ ਕੇ ਆ ਵੜਿਆ ਹੈਂ, ਆਪਣਾ ਅੱਗਾ ਪਿੱਛਾ ਦੱਸਲਾਡੀ ਨੇ ਇਸ ਦੌਰਾਨ ਬੰਦਿਆਂ ਤੋਂ ਨਜ਼ਰਾਂ ਫੇਰ ਕੇ ਜ਼ਮੀਨ ਤੇ ਗੱਡ ਲਈਆਂ ਸਨਉਸ ਨੂੰ ਬੜਾ ਅਜੀਬ ਲੱਗ ਰਿਹਾ ਸੀ, ਘਰ ਦਾ ਬੰਦਾ ਤੁਰ ਗਿਆ ਹੈ ਤੇ ਇਹ ਲੋਕ ਸੋਫਿਆਂ ਤੇ ਪੱਸਰੇ ਹੋਏ ਬੁੜੇ ਦਾ ਅਫਸੋਸ ਯਾਨੀ ਕਿ ਮਸੋਸ ਕਰ ਰਹੇ ਸਨਇਹ ਤਾਂ ਨਹੀਂ ਸਾਡੀ ਮਰਿਯਾਦਾਸਾਡੇ ਤਾਂ ਮਰਨੇ ਤੇ ਸਫ ਵਿਛਾਈ ਜਾਂਦੀ ਹੈ ਤੇ ਭੁੰਜੇ ਬੈਠਿਆ ਜਾਂਦਾ ਹੈਲਾਡੀ ਸਹਿਜੇ ਜਿਹੇ ਕਾਰਪੈੱਟ ਤੇ ਹੀ ਪਹਿਲਾਂ ਪੈਰਾਂ ਪਰਨੇ ਤੇ ਫਿਰ ਚੌਕੜੀ ਮਾਰ ਕੇ ਬੈਠ ਗਿਆ। "ਓਹ ਨਹੀਂ, ਨਹੀਂ, ਨਹੀਂ ਕਾਕਾ, ਭੁੰਜੇ ਕਿਉਂ ਬੈਠ ਗਿਆ, ਐਧਰ ਆ, ਸੋਫੇ ਤੇ ਬੈਠ।" ਇਕ ਜਣੇ ਨੇ ਸੋਫੇ ਤੇ ਥਾਂ ਬਣਾਉਂਦਿਆਂ ਕਿਹਾ। "ਨਹੀਂ ਜੀ, ਨਹੀਂ, ਮੈਂ ਅਈਥੇ ਈ ਠੀਕ ਆਂ, ਬਜ਼ੁਰਗ ਚਲੇ ਗਏ ਹਨ, ਸਾਡੀ ਰੀਤੀ ਏਹੋ ਕਹਿੰਦੀ ਹੈ, ਮਰਨ ਵਾਲੇ ਨੂੰ ਸਤਿਕਾਰ ਦੇਣਾ ਹੀ ਬਣਦਾ ਹੈ।.... ਕੀ ਹੋਇਆ ਭਲਾ, ਬਾਬੇ ਬਿਮਾਰ ਠਿਮਾਰ ਸੀ?"

-----

ਸੋਫਿਆਂ ਤੋਂ ਝਾਕਦੇ ਸਾਰੇ ਜਣਿਆਂ ਦੇ ਜੋੜ ਹਿੱਲ ਗਏਇਸ ਗੱਲ ਦਾ ਏਥੋਂ ਪਤਾ ਲੱਗਾ ਕਿ ਸਭਨਾਂ ਦੀਆਂ ਦੇਹਾਂ ਨੇ ਆਪਣੀ ਆਪਣੀ ਤਰਾਂ ਪਲਟੇ ਖਾਧੇਕਿਸੇ ਨੇ ਇਕ ਗੋਡਾ ਚੁੱਕ ਕੇ ਦੂਜੇ ਤੇ ਰੱਖ ਦਿੱਤਾ, ਕਿਸੇ ਦੇ ਹੱਥਾਂ ਦੇ ਨਹੁੰ ਸਿਰ ਖੁਰਕਣ ਲੱਗ ਪਏ, ਤੇ ਕਿਸੇ ਨੇ ਆਪਣੀ ਬੈਠਣ ਵਾਲੀ ਜਗ੍ਹਾ ਹੀ ਬਦਲ ਲਈਸਾਰਿਆਂ ਦੀਆਂ ਆਪਸ ਵਿੱਚ ਅੱਖਾਂ ਭਿੜੀਆਂ, ਅੱਖਾਂ ਨੇ ਇਕ ਦੂਜੇ ਨੂੰ ਭਾਵਪੂਰਤ ਗੱਲਾਂ ਆਖੀਆਂ ਪਰ ਮਿਲ਼ਦਿਆਂ ਸਾਰ ਹੀ ਨੀਵੀਆਂ ਹੋ ਗਈਆਂਮਰੇ ਬਜ਼ੁਰਗ ਦੀ ਮੌਤ ਬਾਰੇ ਕਿਸ ਨੂੰ ਚੇਤਾ ਸੀ, ਚਿੰਤਾ ਸੀ ਆਹ ਇਕ ਨਵੀਂ ਬਲਾਅ ਆ ਗਈ ਹੈ ਮੱਤਾਂ ਦੇਣਪਰ ਫਿਰ ਵੀ ਹੱਥ ਤੇ ਹੱਥ ਥੋੜੀ ਧਰਿਆ ਜਾ ਸਕਦਾ ਸੀ, ਸਮੂਹਕ ਕਸ਼ਟ ਵੇਲੇ ਕੋਈ ਸੂਰਮਾ ਜ਼ਰੂਰ ਨਿਤਰਦਾ ਹੈਤੇ ਏਹੀ ਹੋਇਆ: ਇਕ ਜਣੇ ਨੇ ਹੌਸਲਾ ਫੜਿਆ ਤੇ ਆਈ ਬਿਪਤਾ ਦਾ ਸਾਹਮਣਾ ਕਰਨ ਦੀ ਜੁਰਅਤ ਕੀਤੀ, "ਤੇਰੀ ਗੱਲ ਸੌ ਫੀ ਸਦੀ ਠੀਕ ਹੈ ਬਈ, ਕਿਧਰੋਂ ਆਇਆਂ ਕਾਕਾ?... ਕੁੜੀਏ ਚਾਹ ਲਿਆਈਂ ਕਰਕੇ ਜ਼ਰਾ,... ਇਕ ਤਾਂ ਇਨ੍ਹਾਂ ਮੁਲਕਾਂ ਚ ਠੰਡ ਨਹੀਂ ਸਾਹ ਲੈਣ ਦਿੰਦੀ।" ਬੋਲਣ ਵਾਲੇ ਨੇ ਚਤੁਰਾਈ ਨਾਲ ਗੱਲ ਵਿੱਚ ਕਈ ਤੀਰ ਲਪੇਟ ਕੇ ਸੰਕਟ ਨੂੰ ਕਈ ਦਿਸ਼ਾਵਾਂ ਚ ਖਦੇੜਨ ਦੀ ਕੋਸ਼ਿਸ਼ ਕੀਤੀਸਾਰੇ ਜਣੇ ਔਖੇ-ਔਖੇ ਸਾਹ ਲੈਣ ਲੱਗੇਮਰਨ ਵਾਲਾ ਤਾਂ ਮਰਕੇ ਪਰਾਂਹ ਹੋ ਗਿਆ ਪਰ ਆਹ ਇਕ ਓਪਰੇ ਗੱਭਰੂ ਨੇ ਜਿਉਂਦਿਆਂ ਨੂੰ ਮਰਨਹਾਰਾ ਕਰ ਦਿੱਤਾ ਸੀ

----

"ਬੱਸ ਜੀ ਮੈਂ ਤਾਂ ਕੁਝ ਹੀ ਦਿਨ ਹੋਏ ਇੰਡੀਆ ਤੋਂ ਨਵਾਂ ਨਵਾਂ ਆਇਆ ਹਾਂ, ਬਜ਼ੁਰਗਾਂ ਦੀ ਮੌਤ ਬਾਰੇ ਸੁਣਿਆ, ਮੈਂ ਸੋਚਿਆ ਹੋ ਆਵਾਂ।" ਮੀਸਣਾ ਬਣਿਆ ਲਾਡੀ ਇਕ ਗੋਡੇ ਤੇ ਸਿਰ ਰੱਖੀ ਹੇਠਾਂ ਨੂੰ ਝਾਕ ਰਿਹਾ ਸੀ। "ਬਹੁਤ ਮਿਹਰਬਾਨੀ ਬਈ ਕਾਕਾ ਤੇਰੀ, ਕਿਹੜਾ ਪਿੰਡ ਤੇਰਾ?" ਪਿੰਡ ਪੁੰਡ ਦੀ ਕਿਸੇ ਨੂੰ ਕੀ ਰੁਚੀ ਸੀ, ਹਰ ਇਕ ਦੇ ਅੰਦਰ ਧੁਖਧੁਖੀ ਲੱਗ ਚੁੱਕੀ ਸੀ, ਕੱਲ੍ਹ ਦਾ ਛੋਕਰਾ ਭੁੰਜੇ ਬੈਠਾ ਹੋਇਆ, ਸੋਫਿਆਂ ਤੇ ਚੜ੍ਹੇ ਬੈਠਿਆਂ ਨੂੰ ਚਿੜ੍ਹਾ ਰਿਹਾ ਸੀ, ਉਨ੍ਹਾਂ ਨੂੰ ਮਰਨੇ ਪਰਨੇ ਦੀ ਰੀਤ ਸਿਖਾ ਰਿਹਾ ਸੀਲਾਡੀ ਨੇ ਆਪਣੀ ਪਛਾਣ ਦਰਸਾਉਂਦੇ ਕੁਝ ਸ਼ਬਦ ਬੁੜਬੁੜਾਏ ਪਰ ਜਦ ਨੂੰ ਮੱਗਾਂ ਵਾਲੀ ਟਰੇਅ ਫੜੀ ਕੁੜੀ ਚਾਹ ਲੈ ਆਈਕਮਰੇ ਚ ਲੈਚੀ ਵਾਲੀ ਚਾਹ ਦੀ ਚਹਿਚਹਾਟ ਫੈਲ ਗਈਨਿੱਤਰੇ ਹੋਏ ਬੰਦੇ ਨੇ ਫਟਾ ਫੱਟ ਟਰੇਅ ਫੜੀ ਤੇ ਚਾਹ ਦੇ ਮੱਗ ਵਰਤਾੳਣੇ ਸ਼ੁਰੂ ਕਰ ਦਿੱਤੇਅਖੀਰ ਆਪਣੇ ਇਕ ਹੱਥ ਚ ਮੱਗ ਫੜਦੇ ਹੋਏ ਤੇ ਦੂਜੇ ਨਾਲ ਪੱਟਾਂ ਨੂੰ ਸਹਾਰਾ ਦਿੰਦੇ ਹੋਏ, "ਅਈਥੇ ਈ ਠੀਕ ਆ" ਕਹਿੰਦਾ ਹੋਇਆ ਉਹ ਇਕ ਪਾਸੇ ਜਿਹੇ ਕਾਰਪੈਟ ਤੇ ਭੁੰਜੇ ਬਹਿ ਗਿਆ। "ਓਦਾਂ ਬਈ ਥੱਲੇ ਬੈਠਣ ਦਾ ਆਪਣਾ ਹੀ ਮਜ਼ਾ।" ਉਸਨੇ ਆਪਣੇ ਬੈਠਣ ਦੀ ਹਰਕਤ ਨੂੰ ਸਲਾਹੁੰਦਿਆਂ ਆਪਣੇ ਸਿਰ ਦਾ ਭਾਰ ਲਾਹ ਦਿੱਤਾਪਰ ਕਮਰੇ ਚ ਬੈਠੇ ਹੋਏ ਹੋਰ ਬੰਦਿਆਂ ਦੇ ਅੰਦਰੀਂ ਤਰਥੱਲੀ ਮਚ ਗਈਉਹ ਹੋਰ ਹੋਰ ਆਪਣੇ ਅੰਦਰੀਂ ਸਿਮਟ ਗਏਉਨ੍ਹਾਂ ਨੂੰ ਜਾਪਣ ਲੱਗਾ ਸੋਫੇ ਉਨ੍ਹਾਂ ਦੇ ਪਾਪਾਂ ਦੇ ਭਾਰ ਥੱਲੇ ਆ ਕੇ ਟੁੱਟ ਜਾਣਗੇਘੇਸਲ ਵੱਟੀ ਬੈਠਾ ਲਾਡੀ ਸੁੜਾਕੇ ਮਾਰ ਕੇ ਚਾਹ ਪੀਣ ਲੱਗ ਪਿਆਪਰ ਉਹ ਕਮਰੇ ਦੀ ਸਥਿਤੀ ਤੋਂ ਪੂਰੀ ਤਰ੍ਹਾਂ ਬਾਖ਼ਬਰ ਸੀ, ਜਿਥੇ ਉਸਲਵੱਟੇ ਲਏ ਜਾਣ ਲੱਗੇ ਸਨ, ਚਾਹਾਂ ਚ ਬੇਮਤਲਬ ਫੂਕਾਂ ਮਾਰੀਆਂ ਜਾ ਰਹੀਆਂ ਸਨ ਤੇ ਅੱਖਾਂ ਹੀ ਅੱਖਾਂ ਨਾਲ ਗੱਲਾਂ ਹੋ ਰਹੀਆਂ ਸਨਇਕ ਹੋਰ ਐਨਕਾਂ ਵਾਲਾ ਬੰਦਾ ਅਚਾਨਕ ਬੋਲ ਉਠਿਆ, "ਇਕ ਤਾਂ ਸਾਲਾ ਐਸ ਉਮਰੇ ਪਿਸ਼ਾਬ ਨਹੀਂ ਸਾਹ ਲੈਣ ਦਿੰਦਾ।" ਉਹ ਪਿਸ਼ਾਬ ਦਾ ਬਹਾਨਾ ਲਾ ਕੇ ਬਾਥ ਰੂਮ ਵੱਲ ਵੱਧਣ ਲੱਗਾ ਤਾਂ ਇਕ ਹੋਰ ਨੇ ਕਿਹਾ," ਪਿਸ਼ਾਬ ਦੀ ਸ਼ਿਕਾਇਤ ਤਾਂ ਤੁਸੀਂ ਕਦੀ ਪਹਿਲਾਂ ਕੀਤੀ ਨਹੀਂ, ਬਾਹਲ਼ੀ ਨਾ ਪੀਆ ਕਰੋ।" "ਬੱਸ ਆਹ ਥੋੜੇ ਦਿਨਾਂ ਤੋਂ ਹੀ ਹੋਈ ਹੈ।" ਕਹਿੰਦਿਆਂ ਉਹ ਅਹੁਲ ਕੇ ਕਮਰੇ ਤੋਂ ਬਾਹਰ ਹੋਇਆ, ਡਰਦਾ, ਕਿਧਰੇ ਹੋਰ ਦਰਿਆਫ਼ਤ ਹੀ ਨਾ ਹੋ ਜਾਵੇ

-----

ਛੇਤੀ ਹੀ ਵਾਪਿਸ ਆਉਂਦਿਆਂ ਉਹ ਸੋਫੇ ਤੇ ਬੈਠਣ ਦੀ ਬਜਾਏ ਮੇਜ਼ ਤੋਂ ਚਾਹ ਵਾਲਾ ਮੱਗ ਚੁੱਕਦਾ ਲਾਡੀ ਦੇ ਕੋਲ ਕਾਰਪੈਟ ਤੇ ਬੈਠ ਗਿਆ। "ਸੁਣਿਆ ਪੰਜਾਬ ਚ ਐਤਕੀ ਮੀਂਹ ਬੜੇ ਪਏ, ਕੀ ਕਹਿੰਦਾ ਕਾਕਾ, ਤੂੰ ਤਾਂ ਹੁਣੇ ਦੇਸੋਂ ਆਇਆ?" ਦਰਅਸਲ ਉਹ ਮੀਂਹ ਦੀ ਗੱਲ ਥੱਲੇ ਆਪਣਾ ਥੱਲੇ ਬੈਠਣਾ ਕੁਦਰਤੀ ਲਗਦਾ ਦਿਖਾਉਣਾ ਚਾਹੁੰਦਾ ਸੀਸੋਫੇ ਤੇ ਬੈਠੇ ਬਾਕੀ ਜਣਿਆਂ ਦੇ ਭਾਅ ਦੀ ਬਣ ਗਈਹਰ ਕੋਈ ਆਪਣੇ ਦਾਅ ਪੇਚ ਅਜ਼ਮਾਉਣ ਲੱਗ ਪਿਆ ਸੀਸਹਿਵਾਨ ਉਨ੍ਹਾਂ ਵਿਚੋਂ ਇਕ ਜਣੇ ਨੇ ਸਰੀਰ ਸਿਧਾ ਕਰਕੇ ਇਸਦੇ ਵੱਟ ਕੱਢੇ ਤੇ ਦਵਾ ਸੱਟ ਉਠਦਾ ਹੋਇਆ ਬੋਲਿਆ, "ਓਏ ਹੋਏ, ਮੈਂ ਤਾਂ ਲੇਟ ਹੋ ਗਿਆਂ, ਚੱਲਦਾਂ ਬਈ, ਨਿਆਣਿਆਂ ਦੇ ਸਕੂਲੋਂ ਆਉਣ ਦਾ ਟੈਮ ਹੋ ਗਿਆ।" " ਅੱਜ ਤਾਂ ਤੂੰ ਕਹਿੰਦਾ ਸੀ ਉਨ੍ਹਾਂ ਦੀ ਛੁੱਟੀ ਹੈ?" ਇਕ ਜਣੇ ਨੇ ਪ੍ਰਤਿਕਰਮ ਜ਼ਾਹਿਰ ਕੀਤਾ ਪਰ ਜਾਣ ਵਾਲੇ ਨੇ ਸੁਣੀ ਅਣਸੁਣੀ ਕਰ ਦਿੱਤੀ ਤੇ ਫਟਾਫਟ ਕਮਰੇ ਚੋਂ ਨਿਕਲਣ ਦੀ ਕੀਤੀਸੋਫਿਆਂ ਤੇ ਅਜੇ ਵੀ ਤਿੰਨ ਜਣੇ ਰਹਿ ਗਏ ਸਨ ਜਿਵੇਂ ਹਥਿਆਰਾਂ ਤੋਂ ਬਗ਼ੈਰ ਮੋਰਚਿਆਂ ਤੇ ਸਿਪਾਹੀ ਡਟੇ ਬੈਠੇ ਹੋਣਪਰ ਇਕ ਸਿਪਾਹੀ ਨੂੰ ਮੋਰਚਾ ਛੱਡਣ ਦੀ ਜੁਗਤ ਔੜ ਗਈ, "ਕਦੋਂ ਦੇ ਯਾਰ ਸੋਫੇ ਤੇ ਬੈਠੇ ਦਾ ਤਾਂ ਲੱਤਾਂ ਚ ਖ਼ੂਨ ਹੀ ਉਤਰ ਆਇਆਪੈਰ ਸੌਂਦੇ ਲਗਦੇ ਹਨ।" ਤੇ ਉਹ ਪਿਠ ਤੇ ਹੱਥ ਰੱਖਦਿਆਂ ਸੋਫੇ ਨਾਲ਼ ਘਿਸੜਦਾ-ਘਿਸੜਦਾ "ਅਈਥੇ ਈ ਠੀਕ ਆ" ਕਹਿੰਦਿਆਂ ਮਲਕੜੇ ਜਿਹੇ ਸੋਫੇ ਦੇ ਨਾਲ਼ ਹੀ ਢੇਰੀ ਗਿਆਬੁਰੀ ਤਰਾਂ ਖੂੰਜੇ ਲੱਗੇ ਸੋਫੇ ਤੇ ਰਹਿ ਗਏ ਦੋ ਜਣਿਆਂ ਨੇ ਆਪਸ ਵਿੱਚ ਕਰੰਗੜੀ ਪਾ ਲਈ ਮਾਨੋ ਇਕਜੁਟਤਾ ਦਾ ਪ੍ਰਗਟਾਵਾ ਕਰ ਰਹੇ ਹੋਣਉਨ੍ਹਾਂ ਦੀਆਂ ਅੱਖਾਂ ਭੁੰਜੇ ਬੈਠਿਆਂ ਨੂੰ ਕੱਚੇ ਖਾ ਜਾਣਾ ਲੋਚਦੀਆਂ ਸਨਇਕੱਲੇ ਬੈਠੈ ਉਹ ਬਹੁਤ ਹੀ ਕਾਣਸੂਤੇ ਲੱਗ ਰਹੇ ਸਨਪਰ ਪ੍ਰਭੂ ਸਭ ਦਾ ਰਾਖਾ ਹੈ, ਕੋਈ ਬੰਨ੍ਹ-ਸੁੱਬ ਕਰੂਗਾ, ਉਨ੍ਹਾਂ ਦੀ ਵੀ ਪੈਜ ਰੱਖੂਗਾ

-----

ਏਨਾ ਚਿਰ ਬੈਠਿਆਂ ਲਾਡੀ ਦੇ ਸਰੀਰ ਨੂੰ ਵੀ ਹਿਲਜੁਲ ਦੀ ਜ਼ਰੂਰਤ ਮਹਿਸੂਸ ਹੋਈਉਸ ਨੂੰ ਦੋ ਨੰਬਰ ਦੀ ਹਾਜਤ ਹੋਣ ਲੱਗੀ- ਚਾਹ ਤਾਂ ਚੰਗੇ ਭਲਿਆਂ ਦਾ ਕਰੂਰਾ ਕੱਢ ਦਿੰਦੀ ਹੈਉਸਨੇ ਕੈਨੇਡਾ ਆਕੇ ਨਵਾਂ ਨਵਾਂ ਸ਼ਬਦ ਸਿੱਖਿਆ ਸੀ, 'ਵਾਸ਼ ਰੂਮ' ਪਰ ਬੋਲ ਕੇ ਨਹੀਂ ਸੀ ਦੇਖਿਆਉਸਨੇ ਸੋਚਿਆ ਅੱਜ ਪਹਿਲੀ ਵਾਰੀ ਇਸ ਦੀ ਵਰਤੋਂ ਕੀਤੀ ਜਾਵੇ, "ਵਾਸ਼ ਰੂਮ ਕਿਧਰ ਹੈ ਜੀ?" ਉਹ 'ਵਾਸ਼ ਰੂਮ' ਤੇ ਬਲ ਦੇਕੇ ਘਰੋੜਕੇ ਬੋਲਿਆਘਰ ਵਾਲੇ ਬੰਦੇ ਨੂੰ ਇਸ ਅਣਬੁਲਾਈ ਆਫ਼ਤ ਨੂੰ ਖ਼ੁਸ਼ ਕਰਨ ਦਾ ਸੁਨਹਿਰੀ ਮੌਕਾ ਮਿਲਿਆਉਸ ਨੇ ਹੁੱਬ ਕੇ ਲਾਡੀ ਨੂੰ ਹਲਕਾ ਹੋਣ ਵਾਲੀ ਜਗ੍ਹਾ ਦੀ ਦਿਸ਼ਾ ਸਮਝਾਈਉਸਦੇ ਜਾਣ ਦੀ ਦੇਰ ਸੀ, ਲਿਵਿੰਗ ਰੂਮ ਚ ਵਿਗੜਿਆ ਸੰਤੁਲਨ ਮੁੜ ਸਥਾਪਤ ਹੋਣ ਲੱਗਾ, ਜਿਵੇਂ ਕੁਝ ਪਲਾਂ ਲਈ ਸਭ ਨੂੰ ਸੁਖ ਦਾ ਸਾਹ ਆਇਆ ਹੋਵੇਸਭਨਾਂ ਦੇ ਚੇਹਰਿਆਂ ਤੇ ਰੌਣਕ ਆ ਗਈ ਤੇ ਉਨ੍ਹਾਂ ਦੇ ਕੁੰਗੜੇ ਅੰਗ ਫੈਲਰ ਗਏਜਦ ਲਾਡੀ ਹਲਕਾ ਹੋ ਕੇ ਵਾਪਿਸ ਲਿਵਿੰਗ ਰੂਮ ਚ ਆਇਆ ਤਾਂ ਉਸਨੇ ਦੇਖਿਆ, ਕਮਰੇ ਚ ਉਤਲੀ ਹੇਠਾਂ ਆਈ ਪਈ ਸੀਸੋਫੇ ਤੇ ਬੈਠੇ ਰਹਿ ਗਏ ਬਾਕੀ ਦੋ ਨਗ ਵੀ ਉਸ ਦੀ ਗ਼ੈਰ-ਹਾਜ਼ਰੀ ਵਿੱਚ ਮੌਕਾ ਤਾੜਦਿਆਂ 'ਅਈਥੇ ਈ ਠੀਕ ਆ' ਕਰ ਚੁੱਕੇ ਸਨਉਹ ਨਿੰਮਾ ਜਿਹਾ ਮੁਸਕਾਇਆ ਪਰ ਬੈਠਣ ਲਈ ਥੱਲੇ ਵੱਲ ਨਹੀਂ ਝੁਕਿਆਉਹ ਖੜ੍ਹਾ-ਖੜ੍ਹਾ ਘੜੀ ਵੱਲ ਦੇਖਣ ਲੱਗਾ ਤੇ ਫਿਰ ਬੋਲਿਆ, "ਚੰਗਾ ਜੀ ਮਹਾਰਾਜ, ਬਹੁਤ ਚਿਰ ਹੋ ਗਿਆ ਆਏ ਨੂੰ, ਮੈਂ ਤਾਂ ਹੁਣ ਚੱਲਦਾਂ।" ਇਸ ਤਰਾਂ ਸਾਰਿਆਂ ਨੂੰ ਸੋਫਿਆਂ ਤੋਂ ਭੁੰਜੇ ਲਾਹ ਕੇ ਲਾਡੀ ਤੁਰਦਾ ਬਣਿਆਸਾਰੇ ਜਣੇ ਕਦੇ ਇਕ ਦੂਜੇ ਵੱਲ ਤੇ ਕਦੇ ਖ਼ਾਲੀ ਸੋਫਿਆਂ ਵੱਲ ਬਿਟ-ਬਿਟ ਦੇਖ ਰਹੇ ਸਨ


No comments: