ਅਜੋਕਾ ਨਿਵਾਸ: ਬਰਨਬੀ, ਬੀ.ਸੀ. ਕੈਨੇਡਾ
ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਉਪਲਬਧ ਹੋਵੇਗੀ, ਅਪਡੇਟ ਕਰ ਦਿੱਤੀ ਜਾਵੇਗੀ।
-----
ਦੋਸਤੋ! ਅੱਜ ਬਰਨਬੀ, ਬੀ.ਸੀ. ਵਸਦੇ ਸੁਪ੍ਰਸਿੱਧ ਲੇਖਕ ਸਾਧੂ ਬਿਨਿੰਗ ਜੀ ਨੇ ਜੁਲਾਈ 1974 ‘ਚ ਲਿਖੀ ਇਕ ਬੇਹੱਦ ਖ਼ੂਬਸੂਰਤ ਕਹਾਣੀ ਭੇਜ ਕੇ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਬਿਨਿੰਗ ਸਾਹਿਬ ਕਿਸੇ ਜਾਣਕਾਰੀ ਦੇ ਮੋਹਤਾਜ ਨਹੀਂ, ਕੈਨੇਡਾ ਵਿਚ ਪੰਜਾਬੀ ਭਾਸ਼ਾ ਉੱਤੇ ਉਹਨਾਂ ਅਤੇ ਸੁਖਵੰਤ ਹੁੰਦਲ ਜੀ ਦੁਆਰਾ ਕੀਤੇ ਖੋਜ-ਕਾਰਜ ਆਪਣੀ ਮਿਸਾਲ ਆਪ ਹਨ। ਬਿਨਿੰਗ ਸਾਹਿਬ ਉਹਨਾਂ ਲੇਖਕਾਂ ‘ਚੋਂ ਹਨ, ਜਿਨ੍ਹਾਂ ਨੇ ਸੱਤਰਵਿਆਂ ਤੋਂ ਲੈ ਕੇ ਹੁਣ ਤੱਕ ਕੈਨੇਡਾ ਦੇ ਸਕੂਲਾਂ/ਕਾਲਜਾਂ ‘ਚ ਪੰਜਾਬੀ ਨੂੰ ਸਨਮਾਨਯੋਗ ਸਥਾਨ ਦਵਾਉਣ ਲਈ ਅਣਥੱਕ ਘਾਲਣਾ ਘਾਲ਼ੀ ਹੈ। ਅੱਜ ਉਹਨਾਂ ਦੀ ਇਸੇ ਘਾਲਣਾ ਨੂੰ ਸਲਾਮ ਕਰਦਿਆਂ, ਇਸ ਕਹਾਣੀ ਨੂੰ ਆਰਸੀ ਰਿਸ਼ਮਾਂ ‘ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਉਹਨਾਂ ਦੀ ਹਾਜ਼ਰੀ ਨਾਲ਼ ਆਰਸੀ ਦਾ ਸਾਹਿਤਕ ਕੱਦ ਹੋਰ ਉੱਚਾ ਹੋਇਆ ਹੈ। ਕੈਨੇਡਾ ਤੋਂ ਬਾਹਰਲੇ ਪਾਠਕ ਸਾਹਿਬਾਨ ਦੀ ਜਾਣਕਾਰੀ ਲਈ ਮੈਂ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਕਹਾਣੀ ਵਿਚਲੀ ਪਾਤਰ ਸੈਰ੍ਹਾ ਨੂੰ ‘ਇੰਡੀਅਨ’ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ, ਜਿਸ ਤੋਂ ਭਾਵ ‘ਨੇਟਿਵ ਇੰਡੀਅਨ’ ‘Native Indian’ ਹੈ। ਬਿਨਿੰਗ ਸਾਹਿਬ ਦੇ ਪੰਜਾਬੀ ਭਾਸ਼ਾ ਬਾਰੇ ਲੇਖ ਅਤੇ ਬਾਕੀ ਲਿਖਤਾਂ ਵੀ ਆਪਾਂ ਆਉਣ ਵਾਲ਼ੇ ਦਿਨਾਂ ਵਿਚ ਸਾਂਝੀਆਂ ਕਰਦੇ ਰਹਾਂਗੇ। ਬਿਨਿੰਗ ਸਾਹਿਬ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
******
ਇੰਡੀਅਨ
ਕਹਾਣੀ
ਪਰਮਿੰਦਰ ਹਸਪਤਾਲੋਂ ਮੁੜਿਆ ਤਾਂ ਕੁਲਵੀਰ ਬਿਨਾਂ ਘਰ ਸੁੰਨਾ ਸੁੰਨਾ ਜਾਪਿਆ। ਉਹਨੇ ਫਰਿੱਜ ਵਿੱਚੋਂ ਬੀਅਰ ਦੀ ਬੋਤਲ ਕੱਢ ਕੇ ਖੋਹਲੀ ਤੇ ਬਹਿਣ ਵਾਲੇ ਕਮਰੇ ਵਿੱਚ ਟੀ ਵੀ ਲਾ ਕੇ ਬੈਠ ਗਿਆ। ਕੁਲਵੀਰ ਦਾ ਨਿੱਖਰ ਕੇ ਹੋਰ ਵੀ ਸੋਹਣਾ ਹੋ ਗਿਆ ਚਿਹਰਾ ਉਹਨੂੰ ਮੁੜ ਮੁੜ ਚੇਤੇ ਆ ਰਿਹਾ ਸੀ। ਕੁਲਵੀਰ ਦੇ ਨਾਲ ਕੱਪੜਿਆਂ ਵਿੱਚ ਲਪੇਟੀ ਪਈ ਉਹ ਚਿੜੀ ਦੇ ਬੋਟ ਵਰਗੀ ਛੋਟੀ ਜਿਹੀ ਜਿੰਦ ਉਹਨੂੰ ਆਪਣੇ ਹੀ ਸਰੀਰ ਦਾ ਅੰਗ ਜਾਪੀ। ਬੱਚੇ ਦੀ ਬਰੀਕ ਬਰੀਕ ਰੋਣ ਦੀ ਆਵਾਜ਼ ਜਿਵੇਂ ਕੋਈ ਬਹੁਤ ਹੀ ਮਿੱਠਾ ਤੇ ਜਜ਼ਬਿਆਂ ਨੂੰ ਛੇੜ ਦੇਣ ਵਾਲਾ ਸੰਗੀਤ ਹੋਵੇ। ਇਹ ਅਜੀਬ ਖ਼ੁਸ਼ੀ ਤੇ ਪਿਓ ਹੋਣ ਦਾ ਅਹਿਸਾਸ ਉਹਨੂੰ ਪਹਿਲੀ ਵਾਰੀ ਹੋਇਆ, ਭਾਵੇਂ ਉਹ ਪਹਿਲਾਂ ਵੀ ਇੱਕ ਵਾਰੀ ਪਿਓ ਬਣਿਆ ਸੀ।
-----
ਕੋਲ ਪਏ ਫੋਨ ਦੀ ਘੰਟੀ ਵੱਜੀ. ਉਹਦਾ ਦੋਸਤ ਪਿਆਰਾ ਉਹਨੂੰ ਵਧਾਈਆਂ ਦੇ ਰਿਹਾ ਸੀ. ਪਰਮਿੰਦਰ ਜਵਾਬ ਵਿੱਚ ਕਹਿ ਰਿਹਾ ਸੀ, “ਵਧਾਈਆਂ, ਤੈਨੂੰ ਵੀ ਨਾਲ ਈ ਆ - ਹੈਂ ਚਲੋ ਔ ਰੈਟ ਆ - ਹਾਂ ਮੁੰਡਾ ਹੋ ਜਾਂਦਾ ਤਾਂ ਵਧੀਆ ਸੀ - ਹੈਂ, ਆ ਜਾ ਦਰਾਮ ਵਥੇਰਾ, ਦਰਾਮ ਸਾਲ਼ਿਆ ਹੋਰ ਨਾ ਲਿਆ ਹੋਊ - ਔ ਰੈਟ ਜੇ ਕਹੇਂ ਤਾਂ ਮੈਂ ਆ ਜਾਨਾਂ - ਯਾ ਓਕੇਅ ਮੈਂ ਰਾਹ ਵਿੱਚੋਂ ਲਿਕਰ ਸਟੋਰੋਂ ਹੁੰਦਾ ਆਊਂਗਾ - ਹੈਂ ਓਕੇਅ ਫੇਰ” ਉਹਨੇ ਰਸੀਵਰ ਰੱਖ ਦਿੱਤਾ। ਟੀ ਵੀ ਬੰਦ ਕੀਤੀ, ਜੁੱਤੀ ਪਾਈ ਤੇ ਜੈਕਟ ਚੁੱਕ ਕੇ ਬਾਹਰ ਨਿਕਲ ਗਿਆ।
-----
ਪਰਮਿੰਦਰ ਪੰਜ ਸਾਲ ਪਹਿਲਾਂ ਕਨੇਡਾ ਆਇਆ ਸੀ। ਕਾਲਜ ਦੀ ਪੜ੍ਹਾਈ ਪਹਿਲੇ ਸਾਲ ਹੀ ਛੱਡ ਜਦੋਂ ਉਹਨੇ ਕਨੇਡਾ ਆਉਣ ਦਾ ਫੈਸਲਾ ਕੀਤਾ ਤਾਂ ਘਰਦਿਆਂ ਖ਼ੁਸ਼ੀ ਖ਼ੁਸ਼ੀ ਮੰਨ ਲਿਆ। ਉਂਝ ਵੀ ਉਹ ਪੜ੍ਹਨ ਨਾਲੋਂ ਅਵਾਰਾਗਰਦੀ ਵੱਧ ਕਰਦਾ ਸੀ। ਉਨ੍ਹਾਂ ਦਾ ਕੰਮ ਚੰਗਾ ਸੀ। ਪੈਸੇ ਦੇ ਜ਼ੋਰ ਦਿਨਾਂ ਵਿੱਚ ਹੀ ਪਾਸਪੋਰਟ ਬਣਵਾ ਉਹ ਕਨੇਡਾ ਆ ਉੱਤਰਿਆ। ਉਨ੍ਹਾਂ ਦੇ ਪਿੰਡ ਦੇ ਚਰਨ ਹੋਰੀਂ ਤਿੰਨੋਂ ਭਰਾ ਚੰਗਾ ਖਾਂਦੇ ਪੀਂਦੇ ਬੰਦੇ ਸਨ। ਚਰਨਾ ਪਰਮਿੰਦਰ ਦੇ ਪਿਓ ਦਾ ਜਵਾਨੀ ਵੇਲੇ ਦਾ ਆੜੀ ਸੀ। ਪਰਮਿੰਦਰ ਆਉਂਦਾ ਹੀ ਉਨ੍ਹਾਂ ਦੇ ਟਿਕ ਗਿਆ। ਉਹਦਾ ਪਿਓ ਪਿੰਡ ਚਰਨੇ ਦੇ ਘਰਦਿਆਂ ਨੂੰ ਪੈਸੇ ਦੇ ਦਿੰਦਾ ਤੇ ਉਸ ਦੇ ਵੱਟੇ ਉਹ ਪਰਮਿੰਦਰ ਨੂੰ ਖਰਚ ਦੇ ਦਿੰਦੇ.
ਪਰਮਿੰਦਰ ਵਿਜਿ਼ਟਰ ਸੀ। ਇਮੀਗਰੇਸ਼ਨ ਲੈਣ ਲਈ ਉਹਦੇ ਕੋਲੋਂ ਪੰਜਾਹ ਨੰਬਰ ਨਹੀਂ ਸਨ ਬਣ ਰਹੇ। ਉਹਨੇ ਵਕੀਲ ਵੀ ਵਧੀਆ ਕੀਤਾ ਹੋਇਆ ਸੀ ਪਰ ਕੰਮ ਬਣਦਾ ਨਜ਼ਰ ਨਹੀਂ ਸੀ ਆ ਰਿਹਾ, ਤੇ ਪਰਮਿੰਦਰ ਅਜਨਬੀ ਸ਼ਹਿਰ ਵਿੱਚ ਅਵਾਰਾਗਰਦੀ ਕਰਦਾ ਦਿਨ ਕੱਟ ਰਿਹਾ ਸੀ।
-----
ਚਰਨੇ ਹੋਰਾਂ ਦੇ ਗੁਆਂਢ ਕਨੇਡੀਅਨ ਇੰਡੀਅਨ ਰਹਿੰਦੇ ਸਨ। ਸਿਆਣੀ ਉਮਰ ਦਾ ਗੋਰਡਨ ਚਰਨੇ ਹੋਰਾਂ ਦੀ ਮਿੱਲ ਵਿੱਚ ਹੀ ਕੰਮ ਕਰਦਾ ਸੀ। ਗੋਰਡਨ ਦਾ ਛੋਟਾ ਭਰਾ ਜਿਹੜਾ ਰੀਜ਼ਰਵ ਵਿੱਚ ਹੀ ਰਹਿੰਦਾ ਸੀ ਕਦੀ ਕਦੀ ਉਹਦੇ ਕੋਲ ਥੋੜ੍ਹਾ ਬਹੁਤਾ ਚਿਰ ਰਹਿ ਜਾਂਦਾ। ਇਸ ਵਾਰੀ ਜਦੋਂ ਉਹ ਆਇਆ ਤਾਂ ਉਹਦੇ ਨਾਲ ਉਹਦੀ ਅਠਾਰਾਂ ਕੁ ਸਾਲਾਂ ਦੀ ਕੁੜੀ ਸੈਰ੍ਹਾ ਵੀ ਸੀ।
-----
ਸੈਰ੍ਹਾ ਦੇ ਵਾਲ ਗੂਹੜੇ ਕਾਲ਼ੇ ਸਨ, ਨੱਕ ਤੇ ਬੁੱਲ ਮੋਟੇ ਮੋਟੇ ਤੇ ਅੱਖਾਂ ਵੀ ਕਾਲ਼ੀਆਂ ਸਨ। ਦੇਖਣ ਨੂੰ ਉਹ ਏਨੀ ਸੋਹਣੀ ਨਾ ਜਾਪਦੀ ਪਰ ਉਹਦੀਆਂ ਅੱਖਾਂ ਵਿੱਚ ਇੱਕ ਅਜੀਬ ਕਿਸਮ ਦੀ ਖਿੱਚ ਸੀ। ਜਿਸ ਦਿਨ ਦੀ ਉਹ ਗੁਆਂਢ ਆਈ ਸੀ ਪਰਮਿੰਦਰ ਆਨੇ ਬਹਾਨੇ ਉਹਨੂੰ ਤਾੜ ਰਿਹਾ ਸੀ। ਪਹਿਲਾਂ ਤਾਂ ਉਹਦਾ ਡਰਦੇ ਦਾ ਉਹਦੇ ਨਾਲ ਗੱਲਬਾਤ ਕਰਨ ਦਾ ਹੌਂਸਲਾ ਨਾ ਪਿਆ। ਪਰ ਇੱਕ ਦਿਨ ਉਹਨੇ ਸੈਰ੍ਹਾ ਨੂੰ ਆਪਣੀ ਵੱਲ ਦੇਖਦਿਆਂ ਦੇਖਿਆ ਤਾਂ ਦਿਲ ਤਕੜਾ ਕਰਕੇ ਉਹਦੇ ਨਾਲ ਗੱਲੀਂ ਜਾ ਲੱਗਾ। ਪਰਮਿੰਦਰ ਦੀ ਟੁੱਟੀ-ਫੁੱਟੀ ਅੰਗਰੇਜ਼ੀ ਤੇ ਕਾਲਜ ਵਿੱਚ ਕੀਤੀ ਅਵਾਰਾਗਰਦੀ ਉਹਦੇ ਕੰਮ ਆਈ। ਉਹਨੇ ਹਰ ਕਿਸਮ ਦਾ ਝੂਠ ਬੋਲ ਕੇ ਸੈਰ੍ਹਾ ਨਾਲ ਦੋਸਤੀ ਵਧਾ ਲਈ। ਦੋ ਤਿੰਨ-ਵਾਰ ਉਹ ਇਕੱਠੇ ਸ਼ੋਅ ਦੇਖ ਆਏ।
-----
ਚਰਨ ਦੇ ਛੋਟੇ ਭਰਾ ਮੀਤੂ ਨੇ ਇੱਕ ਦਿਨ ਪਰਮਿੰਦਰ ਨੂੰ ਟਕੋਰ ਲਾਉਂਦਿਆਂ ਕਿਹਾ, “ਕੱਲਾ ਈ ਨਾ ਖਾਈ ਜਾਈਂ, ਭੋਰਾ ਸਨੂੰ ਵੀ ਖੁਆ ਛੱਡੀਂ। ਤੈਨੂੰ ਤਾਂ ਬਾਤ ਆਉਂਦੀ ਆ ਕੋਈ ਹੋਰ ਅੜਾ ਲਏਂਗਾ। ਅਸੀਂ ਤਾਂ ਰਹਿੰਦ-ਖੂੰਹਦ ਹੀ ਛਕਣ ਵਾਲੇ ਆਂ.” ਪਰਮਿੰਦਰ ਨੇ ਹੱਸ ਕੇ ਗੱਲ ਟਾਲ਼ ਦਿੱਤੀ।
.........
ਕੋਲ ਬੈਠੇ ਚਰਨੇ ਨੇ ਉਹਨੂੰ ਸਲਾਹ ਦਿੱਤੀ, “ਜੇ ਮੇਰੀ ਮੰਨੇ ਤਾਂ ਇਹਨੂੰ ਇੰਡੀਅਨ ਨੂੰ ਮਨਾ ਲੈ ਫਰੀਅ ਹੋ ਜਾਵੇਂਗਾ। ਇਹਦਾ ਪਿਓ ਮੇਰਾ ਫਰਿੰਡ ਆ, ਉਹਨੂੰ ਮੈਂ ਆਪੇ ਮਨਾ ਲਊਂ।”
.........
“ਦੇਖ ਸਹੀ ਵੀਰਿਆ ਇਰਾਦਾ ਤਾਂ ਆਪਣਾ ਵੀ ਇਹੀ ਆ। ਇਸੇ ਕਰਕੇ ਤਾਂ ਸ਼ਰੀਫ ਬਣ ਕੇ ਰੋਜ਼ ਨਾਲ ਲਈ ਫਿਰਦਾਂ ”, ਪਰਮਿੰਦਰ ਨੇ ਬੜੇ ਰਾਜ਼ ਭਰੇ ਅੰਦਾਜ਼ ਵਿੱਚ ਦੱਸਿਆ।
-----
ਸੈਰ੍ਹਾ ਸ਼ਹਿਰ ਬਹੁਤ ਘੱਟ ਰਹੀ ਸੀ। ਬਹੁਤਾ ਸਮਾਂ ਰੀਜ਼ਰਵ ਵਿੱਚ ਰਹਿਣ ਕਰਕੇ ਸ਼ਹਿਰ ਦੀ ਧੋਖਿਆਂ ਭਰੀ ਜ਼ਿੰਦਗੀ ਦਾ ਉਹਨੂੰ ਗਿਆਨ ਨਹੀਂ ਸੀ। ਉਹਦੀਆਂ ਆਦਤਾਂ ਬੜੀਆਂ ਅਜੀਬ ਤੇ ਭੋਲੀਆਂ ਸਨ। ਉਹਨੂੰ ਹਰ ਕੋਈ ਚੰਗਾ ਲੱਗਦਾ। ਪਰਮਿੰਦਰ ਇੱਕ ਦਿਨ ਮੌਕਾ ਤਾੜ ਕੇ ਉਹਦੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਨ ਲੱਗਾ ਤਾਂ ਉਹਨੇ ਬੜੇ ਭੋਲੇਪਨ ਨਾਲ ਕਿਹਾ ਕਿ ਉਹ ਪਿਆਰ ਕਰਨ ਤੋਂ ਡਰਦੀ ਸੀ।
-----
ਉਹਨੇ ਪਰਮਿੰਦਰ ਨੂੰ ਆਪਣੀ ਵੱਡੀ ਭੈਣ ਬਾਰੇ ਦੱਸਿਆ, “ਮੇਰੀ ਵੱਡੀ ਭੈਣ ਰੀਟਾ - ਬਹੁਤ ਚੰਗੀ ਸੀ ਉਹ - ਸਿਆਣੀ ਵੀ ਬਹੁਤ ਸੀ - ਮੈਨੂੰ ਬਹੁਤ ਪਿਆਰ ਕਰਦੀ ਸੀ - ਇੱਕ ਮੁੰਡਾ ਜਾਰਜ, ਗੋਰਾ ਸੀ ਉਹ - ਮੇਰੇ ਭਰਾ ਜੇਮੀ ਨਾਲ ਸਾਡੀ ਰੀਜ਼ਰਵ ਵਿੱਚ ਆਉਂਦਾ ਹੁੰਦਾ ਸੀ - ਮੇਰੀ ਭੈਣ ਉਹਨੂੰ ਪਸੰਦ ਕਰਦੀ ਸੀ - ਉਹ ਤਾਂ ਉਹਨੂੰ ਪਿਆਰ ਵੀ ਕਰਦੀ ਸੀ - ਮੇਰਾ ਡੈਡੀ ਜਾਰਜ ਨੂੰ ਚੰਗਾ ਨਹੀਂ ਸੀ ਸਮਝਦਾ - ਪਰ ਰੀਟਾ ਜੁਆਨ ਸੀ - ਪੂਰੇ ਅਠਾਰਾਂ ਦੀ ਸੀ ਉਹ ਵੀ ਉਦੋਂ - ਮੰਨੀ ਨਾ - ਜਾਰਜ ਨਾਲ ਰੀਜ਼ਰਵ ਵਿੱਚੋਂ ਚਲੇ ਗਈ - ਜਾਣ ਤੋਂ ਪਹਿਲਾਂ ਮੈਨੂੰ ਘੁੱਟ ਕੇ ਜੱਫ਼ੀ ਪਾ ਕੇ ਮਿਲੀ ਸੀ - ਮੈਂ ਰੋਈ ਸੀ - ਉਹ ਵੀ ਰੋਈ ਸੀ - ਜਾਰਜ ਦੀ ਕਾਰ ’ਚ ਬਹਿ ਕੇ ਕਹਿਣ ਲੱਗੀ: ਡੈਡੀ ਦਾ ਖ਼ਿਆਲ ਰੱਖੀਂ, ਮੈਂ ਤੈਨੂੰ ਲਿਖਾਂਗੀ - ਡੇੜ ਸਾਲ ਬਾਅਦ ਉਹ ਮੁੜ ਕੇ ਆਈ ਸੀ - ਦੋ ਮਹੀਨਿਆਂ ਦੀ ਬੇਬੀ ਸੀ ਉਹਦੇ ਕੋਲ - ਜਾਰਜ ਉਹਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਸੀ - ਹੁਣ ਤਾਂ ਰੀਟਾ ਦਾ ਵੀ ਪਤਾ ਨਹੀਂ ਕਿੱਥੇ ਗਈ - ਉਹਦਾ ਛੋਟਾ ਜਿਹਾ ਮੁੰਡਾ ਬਹੁਤ ਸੋਹਣਾ ਸੀ ”, ਸੈਰ੍ਹਾ ਜਿਵੇਂ ਸੁਪਨੇ ’ਚੋਂ ਬੋਲ ਰਹੀ ਹੋਵੇ।
ਪਰਮਿੰਦਰ ਕਈ ਵਾਰੀ ਸੈਰ੍ਹਾ ਦੀਆਂ ਭੋਲੀਆਂ ਗੱਲਾਂ ਸੁਣ ਸੁਣ ਅੱਕ ਵੀ ਜਾਂਦਾ, ਪਰ ਉਪਰੋਂ ਪੂਰੀ ਦਿਲਚਸਪੀ ਦਿਖਾਉਂਦਾ। ਸੈਰ੍ਹਾ ਨੂੰ ਹੌਲੀ ਹੌਲੀ ਆਪਣੇ ਜਾਲ ਵਿੱਚ ਫਸਾ ਕੇ ਇੱਕ ਦਿਨ ਉਹਨੇ ਚਰਨੇ ਨੂੰ ਜੇਤੂਆਂ ਵਾਂਗ ਕਿਹਾ, “ਲੈ ਬਈ ਵੀਰਿਆ, ਆਪਾਂ ਤਾਂ ਲਈ ਆ ਠਰਾਅ ਹੁਣ ਤੂੰ ਬੁੜੇ ਨੂੰ ਕਹਿ ਕੇ ਸਾਡਾ ਕੰਡਾ ਕੱਢ।” ਆਪਣੀਆਂ ਚਲਾਕੀਆਂ ਤੇ ਚਰਨੇ ਦੇ ਸਹਾਰੇ ਨਾਲ ਪਰਮਿੰਦਰ ਫਰੀਅ ਹੋ ਕੇ ਕੰਮ ’ਤੇ ਲੱਗ ਗਿਆ। ਸੈਰ੍ਹਾ ਤੇ ਉਹ ਇਕੱਠੇ ਇੱਕ ਛੋਟਾ ਜਿਹਾ ਘਰ ਕਿਰਾਏ ’ਤੇ ਲੈ ਕੇ ਰਹਿਣ ਲੱਗੇ।
-----
ਸੈਰ੍ਹਾ ਸ਼ਰਾਬ ਬੀਅਰ ਜਾਂ ਸਿਗਰਟ ਕੁਝ ਵੀ ਨਹੀਂ ਸੀ ਪੀਂਦੀ। ਉਹਦੀਆਂ ਬਹੁਤੀਆਂ ਆਦਤਾਂ ਪੰਜਾਬੀ ਕੁੜੀਆਂ ਵਰਗੀਆਂ ਸਨ। ਉਹ ਪਰਮਿੰਦਰ ਦਾ ਪੂਰਾ ਪੂਰਾ ਖ਼ਿਆਲ ਰੱਖਦੀ। ਉਹਦੇ ਲਈ ਖਾਣਾ ਬਣਾਉਂਦੀ, ਕੱਪੜੇ ਧੋਂਦੀ ਤੇ ਸੱਭ ਤੋਂ ਵੱਧ ਉਹ ਉਹਨੂੰ ਆਪਣਾ ਸਮੁੱਚਾ ਪਿਆਰ ਦਿੰਦੀ। ਪਰ ਪਰਮਿੰਦਰ ਨੂੰ ਇਸ ਸਭ ਕਾਸੇ ਨਾਲ ਕੋਈ ਮਤਲਬ ਨਹੀਂ ਸੀ। ਉਹ ਤਾਂ ਮੌਕੇ ਦੀ ਭਾਲ਼ ਵਿੱਚ ਸੀ ਕਿ ਕਦੋਂ ਉਹਦੇ ਕੋਲੋਂ ਪਿੱਛਾ ਛੁਡਾਵੇ।
-----
ਸੈਰ੍ਹਾ ਦੋ ਕੁ ਹਫ਼ਤਿਆਂ ਲਈ ਆਪਣੇ ਪਿਉ ਨੂੰ ਮਿਲਣ ਰੀਜ਼ਰਵ ਨੂੰ ਚਲੇ ਗਈ। ਉਹਦਾ ਪਿਉ ਕੁਝ ਬੀਮਾਰ ਸੀ, ਉਹਦੀ ਦੇਖ ਭਾਲ ਕਰਦੀ ਉਹ ਮਹੀਨਾ ਲਾ ਆਈ। ਪਰਮਿੰਦਰ ਨੂੰ ਬਹਾਨਾ ਮਿਲ਼ ਗਿਆ। ਉਹਨੇ ਸੈਰ੍ਹਾ ਨੂੰ ਕਿਹਾ ਕਿ ਉਹ ਵੀ ਹੋਰ ‘ਇੰਡੀਅਨ’ ਔਰਤਾਂ ਵਾਂਗ ਸ਼ਰਾਬ ਪੀਂਦੀ ਅਤੇ ਆਦਮੀਆਂ ਨਾਲ ਫਿਰਦੀ ਰਹੀ ਸੀ। ਉਹਨੇ ਸੈਰ੍ਹਾ ਨੂੰ ਇੱਕ ਰਾਤ ਸ਼ਰਾਬ ਪੀ ਕੇ ਕੁੱਟਿਆ ਵੀ। ਸੈਰ੍ਹਾ ਮੁੜ ਆਪਣੇ ਪਿਉ ਕੋਲ ਚਲੇ ਗਈ।
-----
ਦੂਜੇ ਸਿਆਲ਼ ਸੈਰ੍ਹਾ ਆਪਣੇ ਪਿਉ ਨਾਲ ਆਪਣੇ ਚਾਚੇ ਨੂੰ ਮਿਲਣ ਆਈ। ਪਰਮਿੰਦਰ ਨੇ ਉਹਨੂੰ ਮਨਾ ਕੇ ਫਿਰ ਆਪਣੇ ਨਾਲ ਰੱਖ ਲਿਆ। ਉਹ ਹੁਣ ਪਹਿਲਾਂ ਨਾਲੋਂ ਕਾਫੀ ਬਦਲ ਚੁੱਕੀ ਸੀ। ਬੜੀ ਲਾ-ਪਰਵਾਹ ਜਿਹੀ। ਬੀਅਰ, ਸ਼ਰਾਬ ਜੋ ਵੀ ਮਿਲੇ ਪੀ ਲੈਂਦੀ। ਪਰਮਿੰਦਰ ਨੂੰ ਉਹਦੇ ਵਿੱਚ ਆਈ ਤਬਦੀਲੀ ਬੜੀ ਫਾਇਦੇਮੰਦ ਗੱਲ ਜਾਪੀ। ਉਹਨੇ ਵਕੀਲ ਨਾਲ ਮਿਲ਼ ਕੇ ਤਲਾਕ ਦੇ ਪੇਪਰ ਪਹਿਲਾਂ ਹੀ ਤਿਆਰ ਕੀਤੇ ਹੋਏ ਸਨ। ਛੇਤੀ ਹੀ ਆਪਣੀ ਚਲਾਕੀ ਦੇ ਸਹਾਰੇ ਉਹਨੇ ਸੈਰ੍ਹਾ ਕੋਲੋਂ ਉਨ੍ਹਾਂ ਪੇਪਰਾਂ ’ਤੇ ਦਸਤਖ਼ਤ ਕਰਾ ਲਏ।
-----
ਤਲਾਕ ਦਾ ਕੰਮ ਹੋਣ ਬਾਅਦ ਪਰਮਿੰਦਰ ਨੇ ਦਿਨਾਂ ਵਿੱਚ ਹੀ ਸੈਰ੍ਹਾ ਤੋਂ ਪਿੱਛਾ ਛੁਡਾ ਲਿਆ। ਉਹਦੇ ਇਸ ਫੁਰਤੀ ਨਾਲ ਸੈਰ੍ਹਾ ਨੂੰ ਖਿਸਕਾਣ ਦਾ ਇੱਕ ਕਾਰਨ ਇਹ ਵੀ ਸੀ ਕਿ ਸੈਰ੍ਹਾ ਨੂੰ ਬੱਚਾ ਠਹਿਰ ਗਿਆ ਸੀ। ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ ਤਾਂ ਸੈਰ੍ਹਾ ਬੜੇ ਖ਼ਿਆਲ ਨਾਲ ਬਰਥ-ਕੰਟਰੋਲ ਦੀਆਂ ਗੋਲ਼ੀਆਂ ਖਾਂਦੀ ਰਹੀ ਸੀ, ਪਰ ਹੁਣ ਉਹਨੂੰ ਇਸ ਕਿਸਮ ਦੀ ਕੋਈ ਪਰਵਾਹ ਜਾਂ ਖ਼ਿਆਲ ਹੀ ਨਹੀਂ ਸੀ।
ਪਰਮਿੰਦਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਉਹਨੇ ਸੈਰ੍ਹਾ ਨੂੰ ਰੀਜ਼ਰਵ ਵੱਲ ਜਾਂਦੀ ਇੱਕ ਬਸ ਵਿੱਚ ਬਿਠਾ ਦਿੱਤਾ। ਆਪ ਉਹ ਸ਼ਹਿਰ ਦੇ ਕਿਸੇ ਹੋਰ ਹਿੱਸੇ ਵਿੱਚ ਮਕਾਨ ਕਿਰਾਏ ’ਤੇ ਲੈ ਕੇ ਰਹਿਣ ਲੱਗ ਪਿਆ। ਸੈਰ੍ਹਾ ਜੇ ਉਹਨੂੰ ਭਾਲਣ ਦੀ ਕੋਸ਼ਸ਼ ਵੀ ਕਰਦੀ ਤਾਂ ਉਹਨੇ ਲੱਭਣਾ ਨਹੀਂ ਸੀ।
-----
ਪਰਮਿੰਦਰ ਦੋ ਕੁ ਸਾਲ ਮਿੱਲ ਵਿੱਚ ਕੰਮ ਕਰਦਾ ਰਿਹਾ। ਜਦੋਂ ਹੱਥ ਵਿੱਚ ਗੁਜ਼ਾਰੇ ਜੋਗੇ ਪੈਸੇ ਹੋ ਗਏ ਤਾਂ ਦੇਸ ਜਾ ਕੇ ਵਿਆਹ ਕਰਾ ਆਇਆ। ਕੁਲਵੀਰ ਉਸ ਵਕਤ ਐਮ ਏ ਵਿੱਚ ਪੜ੍ਹਦੀ ਸੀ। ਪੜ੍ਹਾਈ ਵਿਚੇ ਛੱਡ ਕੇ ਉਹ ਕਨੇਡਾ ਆ ਗਈ। ਪਰਮਿੰਦਰ ਹੁਣ ਨਵੇਂ ਮਾਹੌਲ ਤੇ ਨਵੇਂ ਦੋਸਤਾਂ ਵਿੱਚ ਰਹਿ ਰਿਹਾ ਸੀ। ਪਿਆਰਾ ਉਸਦੇ ਨਵੇਂ ਦੋਸਤਾਂ ਵਿੱਚੋਂ ਉਸਦਾ ਸਭ ਤੋਂ ਵਧੀਆ ਦੋਸਤ ਸੀ।
ਪਰਮਿੰਦਰ ਨੇ ਪਿਆਰੇ ਦਾ ਬੂਹਾ ਖੜਕਾਇਆ। ਅੰਦਰ ਲੰਘ ਕੇ ਉਹਨੇ ਸ਼ਰਾਬ ਦੀਆਂ ਬੋਤਲਾਂ ਵਾਲਾ ਬੈਗ ਪਿਆਰੇ ਨੂੰ ਫੜਾ ਦਿੱਤਾ।
.........
“ਲਾਹ ਲੈ ਜੈਕਟ ਜਿਹੀ, ਭਾਈਆ ਅਜੇ ਸਵੇਰੇ ਬਣਿਆਂ ਮੂੰਹ ਤੇਰਾ ਹੁਣੇ ਬੁੜ੍ਹਾ ਹੋਇਆ ਲੱਗਦਾ”, ਪਿਆਰੇ ਨੇ ਬੈਗ ਵਿੱਚੋਂ ਬੋਤਲਾਂ ਕੱਢਦੇ ਨੇ ਕਿਹਾ.।
............
“ਵਿੱਚ ਕੀ ਪਾਉਣਾ, ਪਾਣੀ ਕਿ ਬੱਤਾ?”, ਪਿਆਰੇ ਨੇ ਗਲਾਸ ਉਹਦੇ ਕੋਲ ਨੂੰ ਕਰਦੇ ਨੇ ਪੁੱਛਿਆ।
.............
“ਠਹਿਰ ਜਾ ਦੋ ਮਿੰਟ, ਜਾਣਾ ਕਿਤੇ ਵੱਡਿਆ ਕਾਹਲ਼ਿਆ?” ਪਰਮਿੰਦਰ ਨੇ ਗਲਾਸ ਫੜਦਿਆਂ ਬੱਤੇ ਨੂੰ ਹੱਥ ਪਾਇਆ।
...............
“ਸਿੱਟ ਲੈ ਅੰਦਰ ਐਵੇਂ ਰੁੱਸਿਆ ਜਿਹਾ ਮੂੰਹ ਬਣਾਈ ਫਿਰਦਾਂ, ਗੱਲਬਾਤ ਕਰਨ ਵਾਲਾ ਤਾਂ ਹੋ।”
“ਅੱਛਾ ਗੁਰੂ ਕੁਝ ਖਾਣ ਨੂੰ ਤਾਂ ਲਿਆ।”
..............
“ਲੈ ਆਚਾਰ ਦੀ ਫਾੜੀ ਪਾ ਲੈ ਮੂੰਹ ’ਚ ਖਾਣ ਨੂੰ ਇੱਥੇ ਚੂੜੇ ਆਲੀ ਬੈਠੀ ਆ ਉਏ।”
.............
“ਹੋਰ ਸੁਣਾ ਫੇਰ ਤੇਰਾ ਕੀ ਹਾਲ ਆ?” ਪਰਮਿੰਦਰ ਨੇ ਠੀਕ ਹੋ ਕੇ ਬੈਠਦਿਆਂ ਪੁੱਛਿਆ।
.............
“ਹਾਲ ਚਾਲ ਔ ਰੈਟ ਆ - ਹਾਲ ਚਾਲ ਨੂੰ ਕੀ ਆ। ਜਿੱਦਣ ਦੀ ਪੈਰ ’ਤੇ ਸੱਟ ਲੱਗੀ ਆ ਰਾਮ ਨਾਲ ਕੰਪਨਸੇਸ਼ਨ ਠੋਕੀ ਜਾਨੇ ਆਂ ਮੁਖ਼ਤ ਦਾ”, ਪਿਆਰਾ ਬੋਲਦਾ ਹੋਇਆ ਵੱਡੀ ਸਾਰੀ ਕੁਰਸੀ ਤੇ ਇੰਝ ਬੈਠਾ ਸੀ ਜਿਵੇਂ ਉੱਠ ਕੇ ਦੌੜਨਾ ਹੋਵੇ। ਪਹਿਲਾਂ ਉਹਦੇ ਗਲਬਾਤ ਦੇ ਅੰਦਾਜ਼ ਤੋਂ ਵੀ ਲੱਗਦਾ ਸੀ ਜਿਵੇਂ ਉਹ ਕਿਸੇ ਗੱਲ ਕਰਕੇ ਘਬਰਾਇਆ ਜਿਹਾ ਸੀ। “ਸਾਲ਼ਾ ਆਇਆ ਈ ਨਈਂ ਅਜੇ ਤੱਕ ਬਾਂਦਰ, ਮੈਨੂੰ ਕਹਿੰਦਾ ਸੀ ਅੱਧੇ ਘੰਟੇ ਤੱਕ ਆਇਆ”, ਪਿਆਰੇ ਨੇ ਘੜੀ ਵੱਲ ਦੇਖਦਿਆਂ ਕਿਹਾ।
.........
“ਕਿਹਨੂੰ ਉਡੀਕਣ ਡਿਹਾਂ ਏਨੀ ਬੇਸਬਰੀ ਨਾਲ?”, ਪਰਮਿੰਦਰ ਨੇ ਸਵਾਲ ਕੀਤਾ।
...........
“ਨੰਜੂ ਦਾ ਫੋਨ ਆਇਆ ਸੀ. ਕੱਲ੍ਹ ਵੀ ਕਹਿੰਦਾ ਸੀਗਾ ਆਊਂਗਾ ਪਰ ਆਇਆ ਨਹੀਂ। ਅੱਜ ਫੇਰ ਪਤਾ ਨਹੀਂ ਸਾਲ਼ੇ ਦਾ ਆਵੇ ਕਿ ਨਾ।” ਪਿਆਰਾ ਉੱਠ ਕੇ ਤਾਕੀ ਰਾਹੀਂ ਬਾਹਰ ਦੇਖਣ ਲੱਗ ਪਿਆ।
...........
ਪਿਆਰੇ ਨੇ ਆਪਣੇ ਲਈ ਇੱਕ ਹੋਰ ਚੰਗਾ ਦਰਾਮ ਪਾਇਆ ਤੇ ਪਰਮਿੰਦਰ ਕੋਲ ਆਉਂਦਿਆਂ ਕਹਿਣ ਲੱਗਾ, “ਪਰਮਿੰਦਰ ਬਈ ਨੰਜੂ ਦਾ ਬੜਾ ਰੁਕ ਆਇਐ। ਇੱਕ ਇੰਡੀਅਨ ਜਿਹੀ ਟੱਕਰੀ ਆ ਉਹਨੂੰ ਉੱਧਰੋਂ ਪਰਿੰਸ ਜਾਰਜ ਵੱਲੋਂ ਲਿਆਇਆ ਕਿਤੋਂ - ਇੱਕ ਨਿੱਕਾ ਜਿਹਾ ਮੁੰਡਾ ਆ ਉਹਦੇ ਨਾਲ। ਸਾਲ਼ੀ ਪੂਰੀ ਹਿੰਦਣੀ ਲੱਗਦੀ ਆ - ਵਿਆਹ ਵੀ ਪਹਿਲਾਂ ਕਿਸੇ ਹਿੰਦੂ ਨਾਲ ਈ ਕਰਾਇਆ ਸੀ - ਅਗਲਾ ਫਰੀਅ ਹੋ ਕੇ ਲਾਂਭੇ ਹੋਇਆ - ਮੁੰਡਾ ਵੀ ਛੱਡ ਗਿਆ - ਬੜੇ ਚੰਗੇ ਸੁਭਾਅ ਦੀ ਦੱਸਦੇ ਆ - ਨੰਜੂ ਤਾਂ ਸੌਹਰਾ ਸਿਫ਼ਤਾਂ ਕਰਦਾ ਈ ਨਈਂ ਥੱਕਦਾ”, ਪਿਆਰਾ ਨਸ਼ੇ ਦੀ ਲੋਰ ’ਚ ਸੁਆਦ ਨਾਲ ਦੱਸ ਰਿਹਾ ਸੀ।
-----
ਪਰਮਿੰਦਰ ਚੁੱਪ ਕੀਤਾ ਸੁਣ ਰਿਹਾ ਸੀ। ਗੱਲ ਸੁਣ ਕੇ ਇੱਕ ਪਲ ਲਈ ਸੈਰ੍ਹਾ ਉਹਦੇ ਖ਼ਿਆਲ ਵਿੱਚ ਆਈ। ਪਰ ਉਹਨੇ ਇਸ ਖ਼ਿਆਲ ਨੂੰ ਅੰਦਰੇ ਹੀ ‘ਕੋਈ ਹੋਰ ਹੋਊ ਹੋਰ ਥੋੜ੍ਹੀਆਂ ਨੇ ਹਿੰਦੂ ਫਰੀਅ ਕਰਾਏ ਸੀ’, ਕਹਿ ਕੇ ਰੱਦ ਕਰ ਦਿੱਤਾ।
ਪਿਆਰਾ ਫੇਰ ਤਾਕੀ ਵਿੱਚੋਂ ਬਾਹਰ ਦੇਖ ਰਿਹਾ ਸੀ. ਘਰ ਅੱਗੇ ਇੱਕ ਕਾਰ ਰੁਕਦੀ ਦੇਖ ਕੇ ਉਹ ਖ਼ੁਸ਼ੀ ਵਿੱਚ ਟੱਪਿਆ। “ਆ ਤਾਂ ਗਿਆ ਬਈ, ਖਬਰੇ ਸਾਡੇ ਵੀ ਅੱਜ ਕਰਮ ਖੁੱਲ੍ਹ ਜਾਣ, ਇੰਡੀਅਨ ਵੀ ਨਾਲ ਈ ਆ।” ਉਹਨੇ ਪਰਮਿੰਦਰ ਨੂੰ ਖ਼ੁਸ਼ ਕਰਨ ਲਈ ਕਿਹਾ।
ਨੰਜੂ ਤੀਵੀਂ ਨੂੰ ਦਰਵਾਜ਼ੇ ਵਿੱਚੋਂ ਫੜ੍ਹ ਕੇ ਅੰਦਰ ਲਿਆਇਆ। ਉਨ੍ਹਾਂ ਦੇ ਪਿਛੇ ਇੱਕ ਛੋਟਾ ਜਿਹਾ ਮੁੰਡਾ ਵੀ ਸੀ।
..............
“ਭਰਾਵਾ ਇਹਨੇ ਸਵੇਰੇ ਅੱਜ ਬੀਅਰ ਈ ਬਹੁਤ ਪੀ ਲਈ। ਸਹੁਰੀ ਆਉਂਦੀ ਈ ਨਹੀਂ ਸੀ”, ਨੰਜੂ ਨੇ ਤੀਵੀਂ ਨੂੰ ਪਰਮਿੰਦਰ ਦੇ ਸਾਹਮਣੇ ਸੋਫ਼ੇ ’ਤੇ ਬਿਠਾਉਂਦਿਆਂ ਕਿਹਾ।
..........
ਪਰਮਿੰਦਰ ਨੇ ਸ਼ਰਾਬ ਦਾ ਗਲਾਸ ਅੱਧੇ ਤੋਂ ਉੱਪਰ ਭਰਿਆ ਤੇ ਸੁੱਕੀ ਹੀ ਪੀ ਗਿਆ।
.............
“ਲੈ ਫੜ੍ਹ ਪੁੱਤ ਕੁੱਕੀ, ਟੀ. ਵੀ. ਦੇਖਣੀ ਆ ਤੂੰ?” ਪਿਆਰਾ ਮੁੰਡੇ ਨੂੰ ਉਂਗਲੀ ਲਾਈ ਫਿਰਦਾ ਸੀ। ਮੁੰਡਾ ਉਤਾਂਹ ਨੂੰ ਸਿਰ ਚੁੱਕੀ ਚੁੱਪ-ਚਾਪ ਪਿਆਰੇ ਵੱਲ ਦੇਖੀ ਜਾਂਦਾ ਸੀ।
ਮੁੰਡੇ ਨੇ ਪਾਸਾ ਘੁਮਾ ਕੇ ਪਰਮਿੰਦਰ ਵੱਲ ਉਸੇ ਤਰ੍ਹਾ ਡੌਰ ਭੌਰੀਆਂ ਅੱਖਾਂ ਨਾਲ ਦੇਖਿਆ। ਪਰਮਿੰਦਰ ਵੀ ਮੁੰਡੇ ਵੱਲ ਦੇਖਣੋਂ ਨਾ ਰਹਿ ਸਕਿਆ। ਮੁੰਡੇ ਦੀਆਂ ਖ਼ਾਲੀ ਤੇ ਉਦਾਸ ਅੱਖਾਂ ਵਿੱਚ ਉਹਨੂੰ ਇੱਕ ਅਜੀਬ ਜਿਹੀ ਖਿੱਚ ਜਾਪੀ, ਜੋ ਕਦੇ ਉਹਨੇ ਸੈਰ੍ਹਾ ਦੀਆਂ ਅੱਖਾਂ ਵਿੱਚ ਦੇਖੀ ਸੀ। ਉਹਦੀ ਨਵ-ਜੰਮੀ ਕੁੜੀ ਦੀਆਂ ਛੋਟੀਆਂ ਛੋਟੀਆਂ ਕਾਲ਼ੀਆਂ ਅੱਖਾਂ ਵੀ ਉਹਦੇ ਜ਼ਿਹਨ ’ਚ ਆ ਟਕਰਾਈਆਂ। ਉਹਨੇ ਮੂੰਹ ਭਵਾ ਲਿਆ ਅਤੇ ਉੱਠ ਕੇ ਤੁਰ ਪਿਆ।
ਉਹਦਾ ਹੌਂਸਲਾ ਨਾ ਪਿਆ ਮੁੜ ਕੇ ਦੂਜੇ ਪਾਸੇ ਦੇਖਣ ਦਾ, ਜਿਥੇ ਪਿਆਰਾ ਸੋਫ਼ੇ ’ਤੇ ਪਈ ‘ਇੰਡੀਅਨ’ ਨੂੰ ਭੁੱਖਿਆਂ ਵਾਂਗ ਚੰਬੜ ਗਿਆ ਸੀ।
******
ਸਮਾਪਤ
2 comments:
kahani dil hee kadh ke le gayee.Arsee te phera rakho Binning Jee te apnee chhap jaroor chhado. Aglee rachna dee udeek rahegi. Tamanna jee da dhanvad,vadhiya vadhiya lekhak naal jod rahe ho.
ਕਹਾਣੀ ਵਿੱਚ ਅੰਤਰ ਨਸਲੀ ਵਿਆਹ/ਯੌਨ ਸਬੰਧਾਂ (ਇਹ ਸਬੰਧ ਸਨ ਜਾਂ ਨਿਰਾ ਬਲਾਤਕਾਰ??)ਅਤੇ ਫਿਰ ਉਹਨਾਂ ਦੇ ਸ਼ੋਸ਼ਣ ਨੂੰ ਬਹੁਤ ਹੀ ਸਪੱਸ਼ਟ ਤਰੀਕੇ ਨਾਲ਼ ਦਰਸਾਇਆ ਗਿਆ ਹੈ। ਨਿੱਜੀ ਤੌਰ 'ਤੇ ਮੈਨੂੰ ਉਹ ਕਹਾਣੀਆਂ ਪਸੰਦ ਹੁੰਦੀਆਂ ਹਨ ਜਿੰਨ੍ਹਾਂ ਦਾ ਸੰਚਾਰ ਅਤੇ ਵੇਗ ਟਪੂਸੀਆਂ ਨਾ ਮਾਰੇ। ਇਹ ਕਹਾਣੀ ਦੁੱਧ ਦੇ ਗਲਾਸ ਵਾਂਗ ਡੀਕ ਲਾ ਕੇ ਪੀਤੀ ਗਈ। ਸੁਆਦ ਅਤੇ ਅਸਰ ਦੋਵੇਂ ਸਿਹਤਮੰਦ ਰਹੇ।
ਕੈਨੇਡਾਈ ਮੂਲ਼ਵਾਸੀਆਂ ਨਾਲ਼ ੨ ਸਾਲ ਦੇ ਅਨੁਭਵ ਬਾਦ ਜੋ ਸੰਵੇਦਨਾ ਮੈਂ ਗ੍ਰਹਿਣ ਕੀਤੀ ਹੈ ਉਸ ਤੇ ਇਸ ਕਹਾਣੀ ਨੇ ਡੂੰਘਾ ਪ੍ਰਭਾਵ ਪਾਇਆ ਹੈ। ਬਸਤੀਵਾਦ ਦੁਆਰਾ ਦਲ਼ੀ ਹੋਈ ਆਪਣੀ ਚੇਤਨਾ 'ਚੋਂ ਉਹਨਾਂ ਦੀ ਪੀੜ ਨੂੰ ਪਛਾਨਣ ਦੀ ਬਜਾਏ ਅਸੀਂ ਉਹਨਾਂ ਦਾ ਆਪਣੇ ਸੌੜੇ ਹਿਤਾਂ ਜਾਂ ਸੁਆਦਾਂ ਲਈ ਸੋਸ਼ਣ ਕਰਦੇ ਕਿੰਨੇ ਕੁ ਚੰਗੇ ਲਗਦੇ ਹਾਂ। ਕਹਾਣੀ ਚਰਚਾ ਦੀ ਮੰਗ ਕਰਦੀ ਹੈ।
Post a Comment