ਲੇਖ
ਭਾਗ ਦੂਜਾ
ਲੜੀ ਜੋੜਨ ਲਈ ਭਾਗ ਪਹਿਲਾ ਉਪਰਲੀ ਪੋਸਟ ਜ਼ਰੂਰ ਪੜ੍ਹੋ ਜੀ।
ਧਰਮ ਦੇ ਨਾਮ ਉੱਤੇ ਹਰ ਪਾਸੇ ਫੈਲ ਰਹੇ ਭ੍ਰਿਸ਼ਟਾਚਾਰ ਅਤੇ ਕਤਲੋਗਾਰਤ ਨੂੰ ਦੇਖਦਿਆਂ ਹਰਬੰਸ ਕੇ. ਬਰਾੜ ਇਸ ਨੁਕਤੇ ਨੂੰ ਉਭਾਰਦੀ ਹੈ ਕਿ ਹਰ ਮਨੁੱਖ ਇੱਕੋ ਤਰ੍ਹਾਂ ਹੀ ਜਨਮ ਲੈਂਦਾ ਹੈ ਅਤੇ ਹਰ ਮਨੁੱਖ ਹੱਡ ਮਾਸ ਦਾ ਪੁਤਲਾ ਹੈ; ਪਰ ਉਸ ਉੱਤੇ ਵੱਖੋ ਵੱਖ ਧਰਮਾਂ ਦੇ ਮੁਖੌਟੇ ਚਾੜ੍ਹ ਕੇ ਉਸ ਨੂੰ ਇੱਕ ਦੂਜੇ ਨਾਲ ਲੜਾਇਆ ਜਾਂਦਾ ਹੈ। ਭੋਲੇ ਭਾਲੇ ਇਨਸਾਨਾਂ ਨੂੰ ਸਮਾਜ ਦਰਿੰਦਿਆਂ ਵਿੱਚ ਬਦਲ ਦਿੰਦਾ ਹੈ। ਹਰਬੰਸ ਬਰਾੜ ਇਸ ਨੁਕਤੇ ਨੂੰ ਵੀ ਉਭਾਰਦੀ ਹੈ ਕਿ ਨਾ ਜ਼ਾਤ, ਨਾ ਧਰਮ ਹੀ ਮਨੁੱਖ ਨੂੰ ਉੱਚਾ ਬਣਾਉਂਦੇ ਹਨ - ਬਲਕਿ ਹਰ ਇਨਸਾਨ ਜੋ ਇਨਸਾਨੀਅਤ ਵਾਲੇ ਕੰਮ ਕਰਦਾ ਹੈ, ਉਹ ਕੰਮ ਹੀ ਉਸ ਨੂੰ ਉੱਚਾ ਬਣਾਉਂਦੇ ਹਨ। ‘ਕਵਿਤਾ’ ਨਾਮ ਦੇ ਗੀਤ ਦੀਆਂ ਇਹ ਸਤਰਾਂ ਇਸ ਗੱਲ ਦਾ ਸਬੂਤ ਦਿੰਦੀਆਂ ਹਨ ਕਿ ਹਰਬੰਸ ਕੇ. ਬਰਾੜ ਇੱਕ ਚੇਤੰਨ, ਜਾਗਰੁਕ ਅਤੇ ਤਰੱਕੀ ਪਸੰਦ ਗੀਤਕਾਰ ਹੋਣ ਦੇ ਨਾਤੇ ਉੱਚੀਆਂ-ਸੁੱਚੀਆਂ ਸਮਾਜਿਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਦੇ ਹੱਕ ਵਿੱਚ ਖੜ੍ਹਦੀ ਹੈ:
1.ਨਵ ਜੰਮੇ ਬੱਚੇ ਦੇ ਜਿਸਮ ‘ਤੇ
ਧਰਮ ਦਾ ਕੋਈ ਨਿਸ਼ਾਨ ਨਹੀਂ ਹੁੰਦਾ
ਪਾਕ ਸਾਫ਼ ਤੇ ਭੋਲਾ ਭਾਲਾ
ਦਿਲ ਵਿਚ ਹਾਲੇ ਸ਼ੈਤਾਨ ਨਹੀਂ ਹੁੰਦਾ
ਹੌਲੀ ਹੌਲੀ ਵੱਡਾ ਹੋ ਕੇ
ਹੋਰ ਦਾ ਹੋਰ ਹੀ ਬਣਦਾ ਜਾਂਦਾ
ਆਲੇ ਦੁਆਲੇ ਦੇ ਅਸਰਾਂ ਦਾ
ਤਾਣਾ ਜਿਹਾ ਇਕ ਬਣਦਾ ਜਾਂਦਾ
ਆਖਰ ਬਣਦੈ ਸਿਖ ਈਸਾਈ
ਹਿੰਦੂ ਜਾਂ ਮੁਸਲਮਾਨ ਬਣੇ
ਪੰਜ ਤੱਤ ਦੇ ਪੁਤਲੇ ਦੇਖੋ
ਵੱਖੋ-ਵੱਖ ਇਨਸਾਨ ਬਣੇ
........
2.ਹਿੰਦੂ ਕਹੇ ਮੈਂ ਸਰਵੋਤਮ
ਮੈਂ ਹੀ ਪਾਕ ਕਹੇ ਮੁਸਲਮਾਨ
ਸਿਖ ਕਹੇ ਬਸ ਮੈਂ ਹੀ ਮੈਂ ਹਾਂ
ਈਸਾਈ ਕਹੇ ਮੈਂ ਹਾਂ ਮਹਾਨ
ਜ਼ਾਤ ਨਹੀਂ ਉਚੀ ਧਰਮ ਨਹੀਂ ਉਚਾ
ਕਰਮ ਉਚਾ ਭੋਲੇ ਨਾਦਾਨ
ਏਹਨਾਂ ਝਗੜਿਆਂ ਦੇ ਵਿਚ ਪੈ ਕੇ
ਦੇਸ਼ ਬਣੇ ਜੰਗੇ-ਮੈਦਾਨ
-----
ਇਨ੍ਹਾਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਮਸਲਿਆਂ ਬਾਰੇ ਚਰਚਾ ਛੇੜਨ ਦੇ ਨਾਲ ਨਾਲ ਹਰਬੰਸ ਕੇ. ਬਰਾੜ ਆਪਣੇ ਗੀਤਾਂ ਰਾਹੀਂ ਅਨੇਕਾਂ ਮਨੁੱਖੀ ਰਿਸ਼ਤਿਆਂ ਨਾਲ ਜੁੜੀਆਂ ਸੂਖਮ ਭਾਵਨਾਵਾਂ ਦਾ ਵੀ ਪ੍ਰਗਟਾ ਕਰਦੀ ਹੈ। ਜਿਨ੍ਹਾਂ ਵਿੱਚ ਮਾਂ-ਧੀ ਦਾ ਪਿਆਰ, ਪਿਓ-ਧੀ ਦਾ ਪਿਆਰ ਅਤੇ ਭੈਣ-ਭਰਾ ਦੇ ਪਿਆਰ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਇਸ ਪਿਆਰ ਦੀ ਸੂਖ਼ਮਤਾ ਦਾ ਅਹਿਸਾਸ ਵਿਸ਼ੇਸ਼ ਕਰਕੇ ਉਨ੍ਹਾਂ ਘੜੀਆਂ ਵਿੱਚ ਹੁੰਦਾ ਹੈ ਜਦੋਂ ਧੀ ਵਿਆਹ ਹੋਣ ਤੋਂ ਬਾਹਦ ਆਪਣੇ ਭੈਣਾਂ, ਭਰਾਵਾਂ, ਮਾਂ, ਪਿਓ ਨੂੰ ਛੱਡ ਕੇ ਕਿਸੇ ਹੋਰ ਪ੍ਰਵਾਰ ਵਿੱਚ ਜਾਣ ਲੱਗਦੀ ਹੈ। ਉਹ ਇੱਕ ਐਸੇ ਪ੍ਰਵਾਰ ਨੂੰ ਛੱਡ ਕੇ ਜਾ ਰਹੀ ਹੁੰਦੀ ਹੈ ਜਿੱਥੇ ਕਿ ਉਸਨੇ ਜਨਮ ਲਿਆ ਹੁੰਦਾ ਹੈ, ਜਿੱਥੇ ਉਸਦਾ ਪਾਲਣ-ਪੋਸ਼ਣ ਹੋਇਆ ਹੁੰਦਾ ਹੈ-ਜਿੱਥੇ ਰਹਿਕੇ ਉਸਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ। ਪਰ ਇਸਦੇ ਮੁਕਾਬਲੇ ਵਿਆਹ ਹੋਣ ਤੋਂ ਬਾਹਦ ਉਹ ਇੱਕ ਐਸੇ ਪ੍ਰਵਾਰ ਵਿੱਚ ਜਾ ਰਹੀ ਹੁੰਦੀ ਹੈ ਜਿਸ ਨਾਲ ਸਬੰਧਤ ਹਰ ਚੀਜ਼ ਹੀ ਉਸ ਲਈ ਬੇਗਾਨੀ ਹੁੰਦੀ ਹੈ। ਇਸੇ ਲਈ ਉਹ ਜਿਸ ਪ੍ਰਵਾਰ, ਜਿਨ੍ਹਾਂ ਪਰਿਵਾਰਕ ਰਿਸ਼ਤਿਆਂ ਨੂੰ ਛੱਡ ਕੇ ਜਾ ਰਹੀ ਹੁੰਦੀ ਹੈ, ਜਿੱਥੇ ਉਸ ਨੇ ਹਰ ਤਰ੍ਹਾਂ ਦੀਆਂ ਖ਼ੁਸ਼ੀਆਂ ਮਾਣੀਆਂ ਹੁੰਦੀਆਂ ਹਨ ਉਨ੍ਹਾਂ ਦੀ ਸਦਾ-ਸਲਾਮਤੀ ਲਈ ਉਹ ਦੁਆਵਾਂ ਕਰਦੀ ਹੈ। ‘ਧੀ ਦੇ ਡੋਲੇ ਦੀਆਂ ਦੁਆਵਾਂ’ ਅਤੇ ‘ਗੀਤ ਡੋਲੀ ਦਾ’ ਨਾਮ ਦੇ ਗੀਤਾਂ ਵਿੱਚ ਧੀ ਦੀਆਂ ਭਾਵਨਾਵਾਂ ਦਾ ਕੁਝ ਇਸ ਤਰ੍ਹਾਂ ਦਾ ਹੀ ਪ੍ਰਗਟਾਅ ਕੀਤਾ ਮਿਲਦਾ ਹੈ:
1.ਤੇਰੇ ਵਸਦੇ ਰਹਿਣ ਗਰਾਂ ਮੇਰੇ ਵੇ ਪਿਆਰੇ ਬਾਬਲਾ
ਤੇਰੀ ਠੰਡੀ-ਠੰਡੀ ਮਿੱਠੀ-ਮਿੱਠੀ ਛਾਂ ਮੇਰੇ ਵੇ ਪਿਆਰੇ ਬਾਬਲਾ
ਜਿਥੇ ਹੱਸ ਖੇਡ ਕੇ ਦਿਨ ਸੀ ਗੁਜ਼ਾਰੇ ਮੈਂ
ਅਜ ਛੱਡ ਚਲੀ ਉਹ ਗਲੀਆਂ ਚੁਬਾਰੇ ਮੈਂ
ਪਈ ਜਾਪਦੀ ਏ ਓਪਰੀ ਜਿਹੀ ਥਾਂ
ਮੇਰੇ ਵੇ ਪਿਆਰੇ ਬਾਬਲਾ
.........
2.ਸੁਣ ਵੇ ਮੇਰੇ ਵੀਰਿਆ ਵੇ ਮੇਰੇ ਹੀਰਿਆ
ਕਿਵੇਂ ਦਿਲ ਸਮਝਾਵਾਂ ਲੜਨਾ ਖੇਡਣਾ ਬਚਪਨ ਦਾ
ਵੇ ਮੈਂ ਕਿਵੇਂ ਭੁਲ ਜਾਵਾਂ
ਸੁਣ ਨੀ ਮੇਰੀ ਅੰਮੜੀਏ ਨੀ ਮੇਰੀ ਜਿੰਦੜੀਏ
ਨੀ ਐਵੇਂ ਨਾ ਰੋਈਂ
ਯਾਦ ਰੱਖੀਂ ਮੇਰੀ ਸਾਂਭ ਕੇ ਨਾ ਹੰਝੂਆਂ ਨਾਲ ਧੋਈਂ
ਜੇ ਦੁਨੀਆਂ ਦਾ ਦਸਤੂਰ ਹੈ ਤੇ ਜ਼ਰੂਰ ਹੈ
ਧੀਆਂ ਧਨ ਪਰਾਇਆ
ਫਿਰ ਵੀ ਮੇਰਿਆ ਬਾਬਲਾ ਐਨਾ ਪਿਆਰ ਕਿਉਂ ਪਾਇਆ
ਆ ਨੀ ਭਾਬੀ ਰਾਣੀਏ ਨੀ ਬੜੀ ਸਿਆਣੀਏਂ
ਕਹਾਂ ਨਾਲੇ ਸ਼ਰਮਾਵਾਂ
ਕੌੜਾ ਫਿੱਕਾ ਕਦੀ ਬੋਲੀ ਹਾਂ ਤੈਥੋਂ ਅੱਜ ਬਖ਼ਸ਼ਾਵਾਂ
ਹਰਬੰਸ ਅੱਜ ਉਦਾਸ ਹੈ ਅਤੇ ਆਸ ਹੈ
ਰਹੇ ਆਬਾਦ ਇਹ ਖੇੜਾ
ਖ਼ੁਸ਼ੀਆਂ ਵੰਡਦਾ ਰਹੇ ਸਦਾ ਬਾਬਲ ਦਾ ਵੇਹੜਾ
-----
‘ਫੁੱਲਾਂ ਭਰੀ ਚੰਗੇਰ’ ਗੀਤ-ਸੰਗ੍ਰਹਿ ਵਿੱਚ ਹਰਬੰਸ ਕੇ. ਬਰਾੜ ਨੇ ਭਾਵੇਂ ਕਿ ਅਨੇਕਾਂ ਹੋਰ ਵੀ ਵਿਸ਼ਿਆਂ ਬਾਰੇ ਗੀਤ ਲਿਖੇ ਹਨ; ਪਰ ਮੈਂ ਜਵਾਨ ਦਿਲਾਂ ਅੰਦਰ ਧੜਕਦੇ ਪਿਆਰ ਦੇ ਜਜ਼ਬਾਤ ਨਾਲ ਸਬੰਧਤ ਉਸ ਦੇ ਕੁਝ ਕੁ ਗੀਤਾਂ ਬਾਰੇ ਚਰਚਾ ਕਰਨ ਤੋਂ ਬਾਹਦ ਆਪਣੀ ਗੱਲਬਾਤ ਸਮਾਪਤ ਕਰਨੀ ਚਾਹਾਂਗਾ। ਅਜਿਹੇ ਗੀਤਾਂ ਵਿੱਚ ਆਪਣੇ ਮਹਿਬੂਬ ਲਈ ਤੜਪ ਦਾ ਪ੍ਰਗਟਾਅ ਹੁੰਦਾ ਹੈ, ਮਹਿਬੂਬਾ ਆਪਣੇ ਮਹਿਬੂਬ ਨੂੰ ਇਸ ਗੱਲ ਦਾ ਵੀ ਅਹਿਸਾਸ ਕਰਵਾਉਣਾ ਚਾਹੁੰਦੀ ਹੈ ਕਿ ਉਸਦਾ ਮਹਿਬੂਬ ਉਸ ਦੇ ਪਿਆਰ ਦੀ ਡੂੰਘਾਈ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਅਜਿਹੇ ਗੀਤਾਂ ਵਿੱਚ ਮਹਿਬੂਬਾ ਆਪਣੇ ਮਹਿਬੂਬ ਨੂੰ ਇਸ ਗੱਲ ਦਾ ਵੀ ਅਹਿਸਾਸ ਕਰਵਾਉਣੀ ਚਾਹੁੰਦੀ ਹੈ ਕਿ ਉਹ ਪਿਆਰ ਦੀਆਂ ਘੜੀਆਂ ਦਾ ਆਨੰਦ ਮਾਨਣ ਲਈ ਹਰ ਖਤਰਾ ਮੁੱਲ ਲੈਣ ਲਈ ਤਿਆਰ ਹੈ- ਪਰ ਉਸ ਦਾ ਮਹਿਬੂਬ ਉਸ ਦੀਆਂ ਅਜਿਹੀਆਂ ਭਾਵਨਾਵਾਂ ਅਤੇ ਦਲੇਰੀ ਦੀ ਕਦਰ ਕਰਨ ਦੀ ਥਾਂ ਹਰ ਮੌਕਾ ਮਿਲਣ ਉੱਤੇ ਨਿਰਾਸਤਾ ਹੀ ਪੱਲੇ ਪਾਉਂਦਾ ਹੈ। ‘ਅਧੂਰੀ ਖ਼ਾਹਿਸ਼’, ‘ਬੇਵਫ਼ਾਈ ਦੇ ਝੇੜੇ’, ਅਤੇ ਉਸਦੀ ਗੀਤ ਨੁਮਾ ‘ਗ਼ਜ਼ਲ’ ਇਨ੍ਹਾਂ ਵਿਚਾਰਾਂ ਦੀ ਤਰਜਮਾਨੀ ਕਰਦੇ ਹਨ:
1.ਤੈਥੋਂ ਚੁੰਮਣ ਮੰਗੇ ਸੀ ਪਿਆਰਾਂ ਦੇ
ਤੇ ਆਸਾਂ ਲਾਈਆਂ ਬਹਾਰ ਦੀਆਂ
ਕੁਝ ਜ਼ਖ਼ਮ ਮਿਲੇ ਤੇ ਵੀਰਾਨੇ
ਕੀ ਸਿਫ਼ਤਾਂ ਸੁਹਣੇ ਯਾਰ ਦੀਆਂ
ਜਿਸ ਬਰਤਨ ਵਿੱਚ ਸੀ ਜ਼ਹਿਰ ਪਿਆ
ਮੈਂ ਅੰਮ੍ਰਿਤ ਸਮਝ ਕੇ ਚਖ ਬੈਠੀ
ਭੁਲ ਹੋਈ ਭੁਲ ਦੇ ਵਿਚ ਆ ਕੇ
ਮੈਂ ਪਾਈਆਂ ਸਜ਼ਾਵਾਂ ਪਿਆਰ ਦੀਆਂ
...........
2.ਵਿਚ ਗ਼ਮਾਂ ਦੀ ਭੱਠੀ ਦੇ ਸੜ ਕੇ ਤੇ
ਮੇਰੇ ਕਾਲਜਾ ਭੁੱਜ ਮਨੂਰ ਹੋਇਆ
ਐਸਾ ਵੱਜਿਆ ਪੱਥਰ ਦੇ ਨਾਲ ਲੋਕੋ
ਸ਼ੀਸ਼ਾ ਦਿਲ ਵਾਲਾ ਚੂਰ ਚੂਰ ਹੋਇਆ
ਗਰਮੀ ਪਿਆਰ ਦੀ ਦਿੱਤੀ ਮੈਂ ਰੱਜ ਰੱਜ ਕੇ
ਉਹਦਾ ਪੱਥਰ ਜਿਹਾ ਦਿਲ ਪਰ ਪਿਘਲਿਆ ਨਾ
ਨਾ ਦੱਸਿਆ ਜ਼ਾਲਮ ਨੇ ਬੋਲ ਕੇ ਤੇ
ਕੀ ਗੁਨਾਹ ਮੈਥੋਂ ਕੀ ਕਸੂਰ ਹੋਇਆ
.............
3.ਮੈਂ ਆਪਣੀ ਵਲੋਂ ਵਫ਼ਾ ਦੀ
ਉਹਨੂੰ ਭੇਟਾ ਰੋਜ਼ ਚੜਾਉਂਦੀ ਰਹੀ
ਪਰ ਲੋਕੀਂ ਉਸਦੇ ਦਗ਼ਿਆਂ ਦੇ
ਮੈਨੂੰ ਕਿੱਸੇ ਰੋਜ਼ ਸੁਣਾਉਂਦੇ ਰਹੇ
ਉਹ ਜਿਉਂਦਾ ਸਦੀਆਂ ਤੀਕ ਰਹੇ
ਮੈਂ ਰੱਬ ਤੋਂ ਉਸ ਲਈ ਮੰਗਦੀ ਰਹੀ
ਮੇਰੀ ਮੌਤ ਦੀ ਇੰਤਜ਼ਾਰ ‘ਚ ਉਹ
ਅਪਣੇ ਦਿਨ ਰਾਤ ਬਿਤਾਉਂਦੇ ਰਹੇ
-----
ਇੰਨੇ ਤਲਖ਼ੀਆਂ ਭਰੇ ਗੀਤ ਲਿਖਣ ਦੇ ਬਾਵਜੂਦ ਹਰਬੰਸ ਕੌਰ ਬਰਾੜ ‘ਗਿੱਧਾ’ ਵਰਗੇ ਗੀਤ ਵੀ ਲਿਖਦੀ ਹੈ। ਜਿਨ੍ਹਾਂ ਵਿੱਚ ਤਾਜ਼ੀ ਹਵਾ ਦੇ ਬੁੱਲੇ ਵਰਗਾ ਅਹਿਸਾਸ ਭਰਿਆ ਹੁੰਦਾ ਹੈ:
ਇੱਕ ਵਾਰ ਸੰਗ ਲਹਿਜੇ ਵੇਖੀਂ ਕਿਵੇਂ ਨੱਚਦੀ,
ਲਾਟ ਅੱਗ ਦੀ ਮੈਂ ਬਣ ਫੇਰ ਫਿਰੂੰ ਮਚਦੀ
ਬੰਸ ਨਾਲੋਂ ਨਚੂੰ ਵੱਧ ਕੇ ਨਿਸ਼ੰਗ ਮੁੰਡਿਆ
ਕਿਵੇਂ ਨੱਚ ਕੇ ਦਿਖਾਵਾਂ ਲਗੇ ਸੰਗ ਮੁੰਡਿਆ
ਮੇਰੀ ਵੀਣੀ ਨਾ ਮਰੋੜ ਟੁਟੇ ਵੰਗ ਮੁੰਡਿਆ
-----
‘ਫੁੱਲਾਂ ਭਰੀ ਚੰਗੇਰ’ ਗੀਤ ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਹਰਬੰਸ ਕੇ. ਬਰਾੜ ਕੈਨੇਡਾ ਦੇ ਚੇਤੰਨ ਅਤੇ ਪ੍ਰਗਤੀਸ਼ੀਲ ਗੀਤਕਾਰਾਂ ਦੀ ਢਾਣੀ ਵਿੱਚ ਸ਼ਾਮਿਲ ਹੋ ਜਾਂਦੀ ਹੈ। ਨਿਰਸੰਦੇਹ, ਉਹ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਗੀਤਾਂ ਦਾ ਉਦੇਸ਼ ਸਮਾਜ ਨੂੰ ਇੱਕ ਸਾਰਥਿਕ ਸੇਧ ਦੇਣਾ ਹੁੰਦਾ ਹੈ। ਅਜਿਹੇ ਉਦੇਸ਼ ਭਰਪੂਰ ਪੰਜਾਬੀ ਗੀਤਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕਰਨ ਲਈ ਹਰਬੰਸ ਕੇ. ਬਰਾੜ, ਨਿਰਸੰਦੇਹ, ਮੁਬਾਰਕ ਦੀ ਹੱਕਦਾਰ ਹੈ।
*****
No comments:
Post a Comment