ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, July 15, 2010

ਬਲਜੀਤ ਬਾਸੀ - ਸਾਡਾ ਮਾਰਕੋਨੀ - ਯਾਦਾਂ

ਸਾਡਾ ਮਾਰਕੋਨੀ

ਯਾਦਾਂ

ਸਾਡੇ ਪੁਰਾਣੇ ਘਰ ਦੇ ਦਲਾਨ ਦੀ ਉਰਲੀ ਕੰਧ ਨਾਲ ਕੰਧ ਜਿੱਡਾ ਹੀ ਇਕ ਸੰਦੂਕ ਲੱਗਾ ਹੁੰਦਾ ਸੀਨਿੱਕੇ ਹੁੰਦਿਆਂ ਮੈਂ ਜਦ ਵੀ ਇਸ ਸੰਦੂਕ ਦਾ ਹੇਠਲਾ ਖਾਨਾ ਖੋਲ੍ਹਣਾ, ਸਾਹਮਣੇ ਟਰੰਕ ਦਾ ਟਰੰਕ ਇਕ ਲੱਕੜ ਦਾ ਬਕਸਾ ਪਿਆ ਦਿਸਦਾ ਸੀਰਜਾਈਆਂ, ਤਲਾਈਆਂ, ਖੇਸਾਂ, ਸਰਹਾਣਿਆਂ ਦੀਆਂ ਬੇਅੰਤ ਤਹਿਆਂ ਦੀ ਗੁਦਗਦਾਹਟ ਉਪਰ ਝੂਲਦਾ ਇਹ ਬਕਸਾ ਰੇਡੀਓ ਅਖਵਾਉਂਦਾ ਸੀਇਹ ਘਰ ਦੇ ਹੋਰ ਜੰਤਰਾਂ ਚਿਮਟੇ ਭੂਕਨੇ ਆਦਿ ਨਾਲੋਂ ਵੱਖਰਾ ਹੀ ਸੀ ਕਿਉਂਕਿ ਇਸ ਵਿੱਚ ਕਿੰਨੇ ਸਾਰੇ ਡੂਡਣੇ ਜਿਹੇ, ਗੱਭੇ ਸ਼ੀਸ਼ਾ ਤੇ ਪਾਸੇ ਜਾਲ਼ੀ ਲੱਗੇ ਹੋਏ ਸਨਇਹ ਸਭ ਨਗ ਇਸ ਨੂੰ ਅਦਭੁੱਤ ਤੇ ਵਚਿੱਤਰ ਆਭਾ ਬਖ਼ਸ਼ ਰਹੇ ਸਨਮੈਂ ਦਾਅ ਲਗਦੇ ਇਕ ਢੈਂਚੇ ਜਿੱਡੇ ਡੂਡਣੇ ਨੂੰ ਦਵਾ ਸ਼ਟ ਗੇੜਾ ਦੇ ਦੇਣਾ ਜਿਸ ਨਾਲ ਇਸਦੇ ਸ਼ੀਸ਼ੇ ਵਿਚੋਂ ਝਾਕਦੀ ਸੂਈ ਏਧਰ ਉਧਰ ਲਰਜ਼ਣ ਲਗਦੀ ਸੀਬਾਅਦ ਵਿੱਚ ਪਤਾ ਲੱਗਾ ਕਿ ਇਸ ਜੁਗਾੜ ਨਾਲ ਰੇਡੀਓ ਦੇ ਸਟੇਸ਼ਨ ਬਦਲੇ ਜਾਂਦੇ ਹਨਇਹ ਛੇੜ-ਛਾੜ ਕਰਕੇ ਮੇਰੇ ਅੰਦਰ ਅਜੀਬ ਸੁਖਦ ਤਰਬਾਂ ਛਿੜ ਜਾਂਦੀਆਂ ਜਿਸਦਾ ਸੁਭਾਗ ਪਿੰਡ ਵਿੱਚ ਸਿਰਫ਼ ਮੈਨੂੰ ਹੀ ਹਾਸਿਲ ਸੀ

-----

ਸਾਡੇ ਭਾਪਾ ਜੀ ਦੇਸ਼ ਦੀਆਂ ਕਈ ਕੱਪੜਾ ਮਿੱਲਾਂ ਵਿੱਚ ਵੀਵਿੰਗ ਮਾਸਟਰ ਰਹਿ ਚੁੱਕੇ ਸਨਪਿਛਲੀ ਸਦੀ ਦੇ ਪੰਜਾਹਵਿਆਂ ਵਿੱਚ ਉਹ ਫਗਵਾੜੇ ਦੀ ਮਸ਼ਹੂਰ ਜਗਤਜੀਤ ਕਾਟਨ ਮਿੱਲ ਵਿੱਚ ਇਹੋ ਨੌਕਰੀ ਕਰਦੇ ਸਨਸਾਡੇ ਭਾਪਾ ਜੀ ਬੜੀ ਸਾਫ਼ ਨੀਅਤ ਵਾਲੇ, ਕੰਮ ਚ ਨਿਪੁੰਨ ਪਰ ਗਰਮ ਸੁਭਾਅ ਦੇ ਸਨਉਹ ਪ੍ਰੋਫੈਸਰ ਪੂਰਨ ਸਿੰਘ ਦੇ ਸੰਕਲਪਿਤ ਕਿਸੇ ਦੀ ਟੈਂਅ ਨਾ ਮੰਨਣ ਵਾਲੇ ਪੰਜਾਬੀ ਸਨਉਨ੍ਹਾਂ ਇਸ ਪ੍ਰੋਫੈਸਰ ਦੀ ਕਥਨੀ ਤੇ ਖਰੇ ਉਤਰਨ ਲਈ ਕਈ ਵਾਰੀ ਰੋਟੀ ਰੋਜ਼ੀ ਨੂੰ ਲੱਤ ਮਾਰੀਦਰਜਣ ਭਰ ਕੱਪੜਾ ਮਿੱਲਾਂ ਵਿੱਚੋਂ ਇਸੇ ਲਈ ਨੌਕਰੀ ਤੋਂ ਹੱਥ ਧੋਤੇ ਕਿਉਂਕਿ ਉਹ ਕਿਸੇ ਨਾਂ ਕਿਸੇ ਕਾਰਨ ਆਪਣੇ ਸੀਨੀਅਰ ਨਾਲ ਪੰਗਾ ਲੈ ਲੈਂਦੇ ਸਨ ਤੇ ਬੋਰੀਆ-ਬਿਸਤਰਾ ਚੱਕ ਕੇ ਪਿੰਡ ਆ ਬਹਿੰਦੇ ਸਨਫਗਵਾੜੇ ਦੀ ਮਿੱਲ ਵਿੱਚ ਅੰਗਰੇਜ਼ ਅਫਸਰ ਨਾਲ ਆਢਾ ਲਾ ਲਿਆ ਤੇ ਇਸ ਵਾਰੀ ਬੋਰੀਏ ਬਿਸਤਰੇ ਵਿੱਚ ਫਗਵਾੜਿਓਂ ਖਰੀਦਿਆ ਰੇਡੀਓ ਵੀ ਬੰਨ੍ਹ ਲਿਆਏ

-----

ਪਿੰਡ ਆ ਕੇ ਸਾਡੀ ਮਾਂ ਨੇ ਇਹ ਰੇਡੀਓ ਸੰਦੂਕ ਦੇ ਅੰਦਰ ਤਾੜ ਦਿੱਤਾਮੈਨੂੰ ਖਿਝ ਚੜ੍ਹਨੀ ਕਿ ਇਹ ਚਾਪੜ ਜਿਹਾ ਬੋਲਦਾ ਨਹੀਂ ਭਾਵੇਂ ਪਤਾ ਲੱਗ ਗਿਆ ਸੀ ਕਿ ਇਸਦੀ ਬੋਲਤੀ ਬਿਜਲੀ ਨਾਲ ਹਰਕਤ ਵਿੱਚ ਆਉਂਦੀ ਹੈ ਤੇ ਬਿਜਲੀ ਤਾਂ ਪਿੰਡ ਵਿੱਚ ਆਈ ਹੀ ਨਹੀਂ ਸੀਮੈਂ ਕਈ ਵਾਰੀ ਆਪਣੇ ਬੇਲੀਆਂ ਮੱਖਣ, ਠੇਲਾ, ਟਿੱਡਾ, ਬਾਗੀ ਵਰਗਿਆਂ ਤੇ ਟੌਅਰ ਜਮਾਉਣ ਲਈ ਉਨ੍ਹਾਂ ਨੂੰ ਘਰ ਚ ਲਿਆ ਕੇ ਇਸ ਬਾਬੇ ਦੇ ਦਰਸ਼ਨ ਕਰਾਉਣੇ ਤੇ ਦੱਸਣਾ ਕਿ ਇਸ ਵਿੱਚ ਬੰਦ ਕੀਤੇ ਬੰਦੇ ਬੋਲਦੇ ਹਨਉਨ੍ਹਾਂ ਆਖਣਾ ਬੁਲਾ ਕੇ ਦਿਖਾਜਦ ਉਨ੍ਹਾਂ ਨੂੰ ਬਿਜਲੀ ਵਾਲਾ ਭੇਤ ਦੱਸਣਾ ਤਾਂ ਉਨ੍ਹਾਂ ਨੂੰ ਬੜੀ ਨਮੋਸ਼ੀ ਹੋਣੀਰੇੜੂਆ ਤਾਂ ਉਨ੍ਹਾਂ ਨੇ ਪਹਿਲਾਂ ਦੇਖਿਆ ਹੋਇਆ ਸੀ ਜੋ ਲਊਡਸਪੀਕਰ ਲਈ ਪ੍ਰਚੱਲਿਤ ਲਫਜ਼ ਸੀਤਵਿਆਂ ਤੋਂ ਬਿਨਾਂ ਵੀ ਕੋਈ ਰੇੜੂਆ ਹੋ ਸਕਦਾ ਹੈ, ਇਹ ਉਨ੍ਹਾਂ ਲਈ ਨਵੀਂ ਗੱਲ ਸੀਮੈਂ ਦੇਖਣਾ ਕਿ ਮੇਰੇ ਮੂੰਹੋਂ ਘਰੋੜ ਕੇ ਬੋਲਿਆ ਸਹੀ ਸ਼ਬਦ 'ਰੇਡੀਓ' ਸੁਣ ਕੇ ਉਨ੍ਹਾਂ ਦਾ ਮੂੰਹ ਲਮਕ ਜਾਂਦਾ ਸੀ

-----

ਸਾਡੀ ਮਾਂ ਨੇ ਕਈ ਵਾਰੀ ਜਦ ਕੋਈ ਰਜਾਈ ਜਾਂ ਖੇਸ ਵਗੈਰਾ ਕੱਢਣੇ ਹੁੰਦੇ ਤਾਂ ਇਸ ਰੇਡੀਓ ਨੂੰ ਚੁਕਵਾਉਣ ਲਈ ਮੈਂ ਵੀ ਹੱਥ ਪਵਾਉਣਾਇਹ ਦੈਂਗੜਾ ਜਿਹਾ ਮਸੀਂ ਬਾਰੀ ਵਿਚੀਂ ਟੇਢਾ ਮੇਢਾ ਕਰਕੇ ਲੰਘਾਈਦਾ ਸੀਮਾਂ ਕਪੜਿਆਂ ਦੀ ਖਾਣ ਪੁੱਟ ਰਹੀ ਹੁੰਦੀ ਤੇ ਮੈਂ ਮੌਕਾ ਲਗਦੇ ਹੀ ਰੇਡੀਓ ਨੂੰ ਪਿਛਿਓਂ ਖੋਲ੍ਹ ਕੇ ਇਸਦਾ ਅੰਦਰਲਾ ਤਾਣਾਪੇਟਾ ਦੇਖਣ ਲੱਗ ਪੈਣਾਕਿੰਨੀਆਂ ਸਾਰੀਆਂ ਲਾਟੂਨੁਮਾ ਸ਼ੀਸ਼ੀਆਂ ਜਿਹੀਆਂ ਦੇਖ ਕੇ ਸੋਚਣਾ ਕਿ ਏਹੀ ਆਦਮੀ ਹੁੰਦੇ ਹੋਣਗੇ ਜੋ ਬਿਜਲੀ ਦੀ ਛੋਹ ਲਗਦੇ ਹੀ ਬੋਲਣ ਲੱਗ ਪੈਂਦੇ ਹੋਣਗੇਮਾਂ ਨੇ ਝਿੜਕਣਾ ਕਿ ਜੇ ਇਸਨੂੰ ਸੱਟ-ਫੇਟ ਲੱਗ ਗਈ ਜਾਂ ਕੋਈ ਨਾੜ ਹਿੱਲ ਗਈ ਤਾਂ ਇਹ ਆਦਮੀ ਬੋਲਣ ਜੋਗੇ ਨਹੀਂ ਰਹਿਣੇ

-----

ਫਿਰ ਜਦ ਸਾਡੇ ਪਿੰਡ ਬਿਜਲੀ ਆਈ ਤਾਂ ਸਾਡੇ ਪਿੰਡ ਸਭ ਤੋਂ ਪਹਿਲਾਂ ਜਿਨਾਂ ਨੂੰ ਆਕਾਸ਼ਬਾਣੀ ਹੋਈ ਉਹ ਵਡਭਾਗੇ ਅਸੀਂ ਸਾਂਘਰ ਵਿੱਚ ਪਏ ਇਕ ਢਿਚਕੂੰ-ਢਿਚਕੂੰ ਮੇਜ਼ ਉਤੇ ਚਾਦਰ ਵਿਛਾ ਕੇ ਤੇ ਰੇਡੀਓ ਨੂੰ ਸੰਦੂਕ ਦੀ ਕੈਦ ਚੋਂ ਕਢਕੇ ਇਸ ਉਤੇ ਸੁਸ਼ੋਭਿਤ ਕਰ ਦਿੱਤਾ ਗਿਆਚਾਲੂ ਕਰਨ ਪਿਛੋਂ ਜਿਉਂ ਹੀ ਸਾਡਾ ਘਰ ਆਕਾਸ਼ਬਾਣੀ ਨਾਲ ਗੂੰਜਿਆ, ਸਾਡੇ ਘਰ ਦਾ ਦਲਾਨ, ਵਰਾਂਡਾ, ਵਿਹੜਾ, ਕੋਠਾ ਤੇ ਗਲੀ ਲੋਕਾਂ ਨਾਲ ਸੁਣ ਜਾ ਸੁਣ ਜਾ ਹੋ ਗਏਪਿੰਡ ਵਿੱਚ ਸਾਡੀ ਚੜ੍ਹਤ ਮਚ ਗਈਸਾਡਾ ਘਰ ਰੋਜ਼ ਲੋਕਾਂ ਨਾਲ ਭਰ ਜਾਣਾ, ਖ਼ਾਸ ਤੌਰ ਤੇ ਸ਼ਾਮ ਨੂੰ ਖ਼ੂਬ ਰੌਣਕ ਹੋਣੀਉਦੋਂ ਲੋਕ ਆਮ ਤੌਰ ਤੇ ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਹੀ ਸੁਣਦੇ ਹੁੰਦੇ ਸਨ ਜਿਸ ਵਿੱਚ ਠੰਢੂ ਰਾਮ, ਕੰਮੇਦਾਨ ਤੇ ਮੁਨਸ਼ੀ ਜੀ ਦੇ ਟੋਟਕੇ ਸੁਣ ਸੁਣ ਕੇ ਲੋਕ ਖ਼ੁਸ਼ ਹੋ ਜਾਂਦੇਜਾਂ ਫਿਰ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੇ ਗਾਣੇ ਆਉਂਦੇਇਕ ਵਾਰੀ ਅਮਰਜੀਤ ਠੇਲੇ ਨਾਲ ਖੁੱਤੀ ਵਿੱਚ ਠੀਕਰੀਆਂ ਖੇਲਦਿਆਂ ਮੈਂ ਸਾਰੀਆਂ ਠੀਕਰੀਆਂ ਹਾਰ ਗਿਆਕੀ ਨਿਕਾਰੀ ਚੀਜ਼ ਠੀਕਰੀਆਂ ਹੁੰਦੀਆਂ ਹਨ, ਟੁੱਟੇ ਭੱਜੇ ਮਿੱਟੀ ਦੇ ਭਾਂਡਿਆਂ ਦੇ ਟੁਕੜੇ ਪਰ ਉਨ੍ਹਾਂ ਦਿਨਾਂ ਵਿੱਚ ਉਹ ਵੀ ਦੁਰਲੱਭ ਹੀ ਸਨਅਮਰਜੀਤ ਠੇਲੇ ਨੇ ਮੈਨੂੰ ਪੇਸ਼ਕਸ਼ ਕੀਤੀ ਕਿ ਜੇ ਮੈਂ ਉਸਨੂੰ ਆਪਣੇ ਰੇਡੀਓ ਤੋਂ "ਤੈਨੂੰ ਦੇਵਾਂਗੇ ਪੰਜ ਪਤਾਸ਼ੇ ਕਿ ਮੁਣਸ਼ੀ ਖ਼ਤ ਲਿਖਦੇ" ਗਾਣਾ ਸੁਣ ਲੈਣ ਦੇਵਾਂਗਾ ਤਾਂ ਉਹ ਮੈਨੂੰ ਸਾਰੀਆਂ ਜਿੱਤੀਆਂ ਹੋਈਆਂ ਠੀਕਰੀਆਂ ਵਾਪਿਸ ਕਰ ਦੇਵੇਗਾਮੇਰੇ ਲਈ ਉਦੋਂ ਠੀਕਰੀਆਂ ਕਿਹੜੀਆਂ ਪਤਾਸ਼ਿਆਂ ਤੋਂ ਘਟ ਸਨਲੱਭਣ ਲਈ ਹੋਰ ਢੇਰਾਂ ਕੂੜਿਆਂ ਦੀ ਫੋਲਾਫਾਲੀ ਕਰਨੀ ਪੈਣੀ ਸੀਮੈਂ ਮੰਨ ਗਿਆਉਸਨੇ ਮੈਨੂੰ ਸਾਰੀਆਂ ਜਿੱਤੀਆਂ ਠੀਕਰੀਆਂ ਮੋੜ ਦਿੱਤੀਆਂਇਸ ਤਰਾਂ ਰੇਡੀਓ ਦਾ ਮੈਨੂੰ ਵਿੱਤੀ ਲਾਭ ਤਾਂ ਹੋਇਆ ਪਰ ਰੇਡੀਓ ਦੀ ਐਂਠ ਕਾਰਨ ਖੁੱਤੀ ਦੀ ਖੇਡ ਵਿੱਚ ਮੈਂ ਕਦੇ ਤਾਕ ਨਾ ਹੋ ਸਕਿਆ ਹੌਲੀ-ਹੌਲੀ ਸਾਡੇ ਰੇਡੀਓ ਦੀ ਧਾਂਕ ਮੰਦੀ ਪੈਣ ਲੱਗ ਪਈਘਰੋ-ਘਰੀ ਰੇਡੀਓ ਆਉਣ ਲੱਗ ਪਏ ਸਨਲੋਕ ਦੂਜਿਆਂ ਦੀ ਟੈਂ ਤੇ ਦੂਜੇ ਦੇ ਰੇਡੀਓ ਦੀ ਟੈਂ ਟੈਂ ਕਿੰਨਾ ਕੁ ਚਿਰ ਜਰ ਸਕਦੇ ਸਨ!

-----

ਸਾਡਾ ਘਰ ਪਿੰਡ ਦੀ ਲੰਮੀ ਬੀਹੀ ਜੋ ਅਖੀਰ ਦੋ ਹਿਸਿਆਂ ਚ ਪਾਟਦੀ ਸੀ, ਦੀ ਚੜ੍ਹਦੀ ਸ਼ਾਖਾ ਦੇ ਸਿਰੇ ਤੇ ਸੀਦਰਅਸਲ ਇਹ ਇਕ ਵਿੱਚ ਦੋ ਘਰ ਸਨਬਾਹਰਲਾ ਦਰਵਾਜ਼ਾ ਇਕ ਸੀ ਤੇ ਫਿਰ ਇਕ ਸਾਂਝਾ ਤਿਕੋਨਾ ਵਿਹੜਾ, ਇਕ ਸਾਂਝਾ ਵਰਾਂਡਾ, ਇਕ ਲੱਕੜ ਦੀ ਵਿੰਗ ਤੜਿੰਗੀ ਪੌੜੀ ਤੇ ਅੱਗੇ ਆਪੋ ਆਪਣੇ ਇਕ ਇਕ ਦਲਾਨ ਤੇ ਅੱਗੇ ਕੋਠੜੀਆਂਇੱਕ ਘਰ ਸਾਡਾ ਤੇ ਇਕ ਸਾਡੇ ਥੋੜਾ ਦੂਰੋਂ ਲਗਦੇ ਚਾਚਾ ਜੀ ਦਾ ਸੀਅਜਿਹੇ ਘਰ ਨੂੰ ਅਮਰੀਕਾ ਵਿੱਚ ਡੂਪਲੈਕਸ ਕਿਹਾ ਜਾਂਦਾ ਹੈ ਤੇ ਉਨ੍ਹਾਂ ਦਿਨਾਂ ਵਿੱਚ ਪਿੰਡ ਵਿੱਚ ਸਾਡੀ ਸ਼ਾਨ ਅਮਰੀਕੀਆਂ ਨਾਲੋਂ ਘਟ ਤਾਂ ਨਹੀਂ ਸੀਸਾਡੇ ਡੂਪਲੈਕਸ ਵਿੱਚ ਪਿੰਡ ਦੇ ਹੋਰ ਘਰਾਂ ਨਾਲੋਂ ਅਲੋਕਾਰ ਗੱਲ ਇਹ ਸੀ ਕਿ ਇਸ ਵਿੱਚ ਵਰਾਂਡੇ ਬਰਾਜਮਾਨ ਸਨ ਜਿਸ ਕਰਕੇ ਪਹਿਲੀਆਂ ਚ ਲੋਕ ਸਾਨੂੰ ਬਰਾਂਡਿਆਂ ਵਾਲੇ ਸੱਦਦੇ ਸਨਸਾਡੇ ਚਾਚਾ ਜੀ ਸਕੂਲ ਵਿੱਚ ਪੀਟੀ ਤੇ ਮੇਰੇ ਭਾਪਾ ਜੀ ਮਿੱਲਾਂ ਵਿੱਚ ਵੀਵਿੰਗ ਮਾਸਟਰ ਲੱਗੇ ਹੋਣ ਕਾਰਨ ਫਿਰ ਸਾਨੂੰ ਮਾਸਟਰਾਂ ਦੇ ਕਿਹਾ ਜਾਣ ਲੱਗ ਪਿਆਫਿਰ ਜਦ ਸਭ ਤੋਂ ਪਹਿਲਾਂ ਸਾਡੇ ਘਰ ਰੇਡੀਓ ਬੋਲਿਆ ਤਾਂ ਸਾਡੀ ਅੱਲ ਰੇੜੂਏ ਕੇ ਚੱਲ ਪਈਸਪੱਸ਼ਟ ਹੈ ਕਿ ਸਾਡੇ ਖ਼ਾਨਦਾਨ ਨੇ ਖੇਤੀ ਨੂੰ ਨਖਿੱਧ ਤੇ ਚਾਕਰੀ ਨੂੰ ਉੱਤਮ ਕਿੱਤਾ ਮੰਨ ਲੈਣ ਦਾ ਬੀੜਾ ਚੁਕਿਆ ਸੀ ਤੇ ਲੋਕਾਂ ਨੇ ਇਸ ਪ੍ਰਾਪਤੀ ਨੂੰ ਸਾਡੀ ਹਮੇਸ਼ਾ ਬਦਲਦੀ ਅੱਲ ਨਾਲ ਤਸਲੀਮ ਕੀਤਾ ਸੀਪਰ 'ਰੇੜੂਏ ਕੇ' ਸਾਡੀ ਅੱਲ ਬਹੁਤਾ ਚਿਰ ਨਾ ਚੱਲੀ ਕਿਉਂਕਿ ਸਾਡੇ ਦੋਨਾਂ ਪਰਿਵਾਰਾਂ ਦੀ ਅਗਲੀ ਪੁਸ਼ਤ ਨੇ ਤਾਂ ਜਿਵੇਂ ਮਾਸਟਰਾਂ ਦੀ ਝੋਲ ਹੀ ਸੁੱਟ ਦਿੱਤੀ; ਸਾਨੂੰ ਮੁੜ ਮਾਸਟਰਾਂ ਦੇ ਕਿਹਾ ਜਾਣ ਲੱਗਾਪ੍ਰਾਇਮਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦਰਜਾ ਬ ਦਰਜਾ ਹਰ ਤਰਾਂ ਦੀ ਅਧਿਆਪਕੀ ਸਾਡੇ ਡੂਪਲੈਕਸ ਦੀ ਮਾਰ ਵਿੱਚ ਆ ਗਈਸਾਡਾ ਨਾਨਾ ਜਿਸਨੇ ਆਪ ਜ਼ਿੰਦਗੀ ਭਰ ਡੱਕਾ ਨਹੀਂ ਤੋੜਿਆ, ਇਕ ਵਾਰ ਆਪਣੇ ਦੋਹਤਿਆਂ ਦੇ ਕੰਮ-ਕਾਰ ਬਾਰੇ ਕਿਸੇ ਨੂੰ ਦੱਸ ਰਿਹਾ ਸੀ,"ਬੜਾ ਬੜਿਆਂ ਦੀਆਂ ਨਲੀਆਂ ਪੂੰਝਦੈ, ਛੋਟਾ ਛੋਟਿਆਂ ਦੀਆਂ।"

-----

ਆਪਣੇ ਖ਼ਨਦਾਨ ਦੀ ਮਿੱਟੀ ਫਰੋਲਣ ਤੇ ਪਤਾ ਲੱਗਾ ਕਿ ਜਦ ਸਾਡੀ ਦਾਦੀ ਵਿਆਹੀ ਹੋਈ ਆਈ ਤਾਂ ਉਸਨੂੰ ਸਾਡੇ ਘਰ ਦੇ ਹਰ ਖੱਲ ਖੂੰਜੇ ਵਿੱਚ ਤਮਾਖੂ ਦੀਆਂ ਪੋਟਲੀਆ ਹੀ ਦਿਸਣ ਨੂੰ ਮਿਲੀਆਂਉਸ ਸਚਿਆਰੀ ਦਾਦੀ ਦੀ ਰਹਿੰਦੀ ਥੋੜੀ ਜਿਹੀ ਉਮਰ ਤਮਾਖੂ ਤੇ ਹੁੱਕੇ ਦੀ ਸੁਆਹ ਸੁੰਭਰਦੀ ਦੀ ਹੀ ਨਿਕਲ ਗਈਮੈਂ ਡਰਦਾ ਚਚੇਰੇ ਟੱਬਰ ਦੀ ਦਫ਼ਾ ਨਹੀਂ ਪੱਟਣੀ ਚਾਹੁੰਦਾ ਪਰ ਉਨ੍ਹਾਂ ਦੇ ਤਾਂ ਅਫੀਮ ਡੋਡੇ ਵੀ.....ਅਜੇਹੇ ਦਲਿੱਦਰੀ ਖ਼ਾਨਦਾਨ ਵਿੱਚ ਖੇਤੀ ਪ੍ਰਤੀ ਉਦਾਸੀਣਤਾ ਪੈਦਾ ਨਾ ਹੁੰਦੀ ਤਾਂ ਕੁਦਰਤ ਦੇ ਰੰਗਾਂ ਦੀ ਸਿਫ਼ਤ ਫਿਰ ਕਿਸਨੇ ਕਰਨੀ ਸੀ

-----

ਸਾਡੇ ਦਲਾਨ ਦੇ ਐਨ ਦਰਮਿਆਨ ਇਕ ਪੀਲਪਾਵਾ ਹੁੰਦਾ ਸੀ ਜੋ ਪੂਰੇ ਦਲਾਨ ਨੂੰ ਚਾਰ ਹਿਸਿਆਂ ਵਿੱਚ ਵੰਡਦਾ ਸੀਪੀਲਪਾਵੇ ਦੇ ਅਖਰੀ ਅਰਥ ਹੁੰਦੇ ਹਨ ਹਾਥੀ ਦਾ ਪੈਰ, ਪੀਲ=ਹਾਥੀ, ਪਾਵਾ=ਪੈਰਪਰ ਦਰਅਸਲ ਇਹ ਹਾਥੀ ਦਾ ਪੈਰ ਨਾ ਹੋਕੇ ਪੂਰਾ ਹਾਥੀ ਦਾ ਹਾਥੀ ਸੀ, ਸੀਖਪਾ ਖੜ੍ਹਾ ਕੀਤਾ ਹਾਥੀਇਸਨੇ ਜਬਰੀ ਘੱਟੋ-ਘੱਟ ਮੰਜੇ ਜਿੰਨਾ ਥਾਂ ਹੜੱਪਿਆ ਹੋਇਆ ਸੀਮੇਰਾ ਖਿਆਲ ਹੈ ਕਿ ਇਸ ਪੀਲਪਾਵੇ ਨੂੰ ਖੜੇ ਕਰਨ ਵਿੱਚ ਦਰਜਣ ਭਰ ਮਿੱਟੀ ਦੇ ਗੱਡੇ ਜ਼ਰੂਰ ਲੱਗੇ ਹੋਣਗੇਇਸ ਨੇ ਭਾਵੇਂ ਦੋ ਭਾਰੀ ਭਰਕਮ ਸ਼ਤੀਰੀਆਂ ਨੂੰ ਆਪਣੇ ਸਿਰ ਤੇ ਚੁੱਕਿਆ ਹੋਇਆ ਸੀ ਪਰ ਘਰ ਦੇ ਜੀਵਾਂ ਦੀ ਨਿਤਾਪ੍ਰਤੀ ਆਵਾਜਾਈ ਵਿੱਚ ਇਹ ਆਢਾ ਡਾਹੀ ਰੱਖਦਾ ਸੀਦਲਾਨ ਵਿੱਚ ਇਸਨੇ ਸਾਡੇ ਵਿਚਰਨ ਜੋਗੀ ਖੁੱਲ੍ਹੀ ਥਾਂ ਛੱਡੀ ਹੀ ਨਹੀਂ ਸੀਇਹ ਘਣਚੱਕਰ ਅੰਦਰ ਵੜਦਿਆਂ ਸਾਡੀਆਂ ਅੱਖਾਂ ਵਿੱਚ ਵੱਜਦਾ ਤੇ ਸਾਡੇ ਤੋਂ ਆਪਣੀ ਪਰਿਕਰਮਾ ਹੀ ਕਰਵਾਉਂਦਾ ਰਹਿੰਦਾ

-----

ਉਸ ਜ਼ਮਾਨੇ ਦੀ ਕਿਰਸ ਦੀ ਕਮਾਲ ਦੇਖੋ ਕਿ ਜਦ ਘਰ ਬਿਜਲੀ ਲੁਆਈ ਤਾਂ ਇਸ ਦਲਾਨ ਵਿੱਚ ਇਕੋ ਪੱਚੀ ਦਾ ਬਲਬ ਸਰਿਆ, ਉਹ ਵੀ ਇਸਦੇ ਅਗਲੇ ਹਿੱਸੇ ਫਲਸਰੂਪ ਦਰਵਾਜ਼ੇ ਦੇ ਸਿਰਫ਼ ਸਾਹਮਣਲੇ ਹਿੱਸੇ ਹੀ ਬਲਬ ਦੀ ਸਿਧੀ ਰੋਸ਼ਨੀ ਆਉਂਦੀ ਸੀ, ਬਾਕੀ ਭਾਗ ਤੇ ਪਿਛਲੀਆਂ ਕੋਠੜੀਆਂ ਵਿੱਚ ਰਾਹ-ਰੋਕੂ ਪੀਲਪਾਵੇ ਕਾਰਨ ਸਿਰਫ ਇਸ ਰੋਸ਼ਨੀ ਦੀ ਰੋਸ਼ਨੀ ਹੀ ਪੁੱਜਦੀ ਸੀਪਿਛਲੇ ਪਾਸੇ ਛੱਤ ਤੇ ਇਕ ਮੋਘਾ ਰੱਖਿਆ ਗਿਆ ਸੀ, ਜੋ ਇਸ ਪਾਸੇ ਦੀ ਰੋਸ਼ਨੀ ਦੀ ਘਾਟ ਪੂਰੀ ਕਰਨ ਦੀ ਕੋਸਿਸ਼ ਕਰਦਾ ਸੀਇਸ ਮੋਘ ਚੋਂ ਝਰਦੇ ਚਾਨਣ ਵਿੱਚ ਚਮਕਦੇ ਧੂੜ ਦੇ ਕਿਣਕੇ ਹਨੇਰੇ ਘਰ ਵਿੱਚ ਜ਼ਿੰਦਗੀ ਦੀ ਰਾਸ ਪੇਸ਼ ਕਰ ਜਾਂਦੇ

-----

ਕਈ ਵਾਰੀ ਸਾਡੇ ਰੇਡੀਓ ਦੇ ਸੰਘ ਚ ਖੰਘਾਰ ਫਸ ਜਾਣੀ ਤਾਂ ਅਸੀਂ ਇਸ ਨੂੰ ਹਿਲਾ ਹਿਲਾ ਕੇ ਕੱਢ ਲੈਣੀ ਪਰ ਜਦ ਬਹੁਤਾ ਹੀ ਘਰੜ ਘਰੜ ਕਰਨ ਲੱਗਣਾ ਤਾਂ ਪਿੰਡ ਦੇ ਹਾਈ ਸਕੂਲ ਦੇ ਡਰਾਇੰਗ ਮਾਸਟਰ ਜਿਸ ਨੂੰ ਅਸੀਂ ਡਰੈਂਗਾ ਕਹਿੰਦੇ ਸਾਂ ਤੇ ਜੋ ਸਾਡੇ ਹੀ ਪਿੰਡ ਦਾ ਸੀ, ਨੂੰ ਸੱਦ ਲਿਆਉਣਾਉਸਨੇ ਇਸ ਮੋਘ ਦੇ ਥੱਲੇ ਮੇਜ਼ ਡਾਹ ਕੇ ਰੇਡੀਓ ਖੋਲ੍ਹ ਲੈਣਾਬੈਟਰੀ ਵਾਂਗ ਚਾਨਣ ਦੀ ਡਿਗਦੀ ਛੱਲੀ ਨਾਲ ਰੇਡੀਓ ਦਾ ਸਾਰਾ ਤਾਣਾ ਪੇਟਾ ਜਗਮਗ ਕਰ ਉਠਣਾਜਦੋਂ ਵੀ ਘਰ ਬੁਹਾਰਿਆ ਜਾਂਦਾ, ਸਾਰੀ ਮਿੱਟੀ ਉੜ ਉੜ ਕੇ ਗਲੀਆਂ ਵਾਲੇ ਪਿਛਲੇ ਪਾਸਿਓਂ ਰੇਡੀਓ ਵਿੱਚ ਵੜ ਜਾਂਦੀ ਸੀਇਕ ਵਾਰੀ ਜਦ ਡਰੈਂਗੇ ਨੇ ਰੇਡੀਓ ਖੋਲ੍ਹ ਕੇ ਇਸ ਵਿੱਚ ਪਏ ਮਿੱਟੀ ਦੇ ਅੰਬਾਰ ਦੇਖੇ ਤਾਂ ਕਹਿੰਦਾ, "ਮੇਰਾ ਜੀਅ ਕਰਦਾ ਹੈ ਇਸ ਵਿੱਚ ਕਹੀ ਲੈ ਕੇ ਵੜ ਜਾਵਾਂ।"

-----

ਭਾਪਾ ਜੀ ਨੇ ਇਸ ਰੇਡੀਓ ਦੀਆਂ ਬੜੀਆਂ ਸਿਫ਼ਤਾਂ ਕਰਨੀਆਂ, ਇਹ ਬੜਾ ਮਹਿੰਗਾ ਖ਼ਰੀਦਿਆ ਹੈ, ਇਸਦੀ ਆਵਾਜ਼ ਗੜ੍ਹਕਵੀਂ ਹੈ ਤੇ ਜਿਸ ਬੰਦੇ ਜਾਣੀ ਮਾਰਕੋਨੀ ਨੇ ਰੇਡੀਓ ਦੀ ਕਾਢ ਕੱਢੀ ਸੀ, ਇਹ ਉਸੇ ਦੀ ਕੰਪਨੀ ਦਾ ਬਣਿਆ ਹੋਇਆ ਹੈਸਾਨੂੰ ਤੇ ਹੋਰ ਲੋਕਾਂ ਨੂੰ ਇਹ ਗੱਲ ਇਸ ਤਰਾਂ ਸਮਝ ਆਉਣੀ ਜਿਵੇਂ ਇਹ ਸਾਡਾ ਰੇਡੀਓ ਮਾਰਕੋਨੀ ਨੇ ਆਪਣੇ ਹੱਥੀਂ ਬਣਾਇਆ ਹੋਵੇਅਸੀਂ ਇਸ ਰੇਡੀਓ ਤੇ ਹੋਰ ਵੀ ਹਰਸ਼ ਕਰਨ ਲੱਗਣਾਅਸਲ ਵਿੱਚ ਇਸ ਦੇ ਉਪਰ ਲਿਖੇ ਸਟੇਸ਼ਨ ਵੀ ਯੂਰਪ ਦੇ ਹੀ ਸਨ ਜਿਵੇਂ ਪੈਰਿਸ, ਫ਼ਰੈਂਕਫ਼ਰਟ, ਬਰਲਿਨ, ਬੁਡਾਪੈਸਟ, ਸੋਫੀਆ, ਲੰਡਨ ਆਦਿ

------

ਦਲਾਨ ਦੇ ਪਿਛਲੇ ਪਾਸੇ ਬਾਲਣ ਵਾਲੀ ਕੋਠੜੀ ਵਿੱਚ ਰਾਤਰੀਚਰ ਚੂਹਿਆਂ ਦਾ ਰੈਣ-ਬਸੇਰਾ ਸੀਪੂਰੀ ਰਾਤ ਇਨ੍ਹਾਂ ਦੀ ਟਰੈਫ਼ਿਕ ਚਲਦੀ ਸੀਇਕ ਫਰੀਵੇਅ ਸਾਡੀਆਂ ਰਜਾਈਆਂ ਉਪਰੋਂ ਵੀ ਲੰਘਦਾ ਸੀਅਸੀਂ ਟਰੈਫਿਕ ਵਿੱਚ ਰੁਕਾਵਟ ਪਾਉਣ ਤੋਂ ਡਰਦੇ ਮੂੰਹ ਬਾਹਰ ਨਹੀਂ ਸਾਂ ਕੱਢਦੇਉਹ ਦੂਜੀ ਕੋਠੜੀ ਵਿੱਚੋਂ ਗੁੜ ਸ਼ੱਕਰ ਛਕ ਕੇ ਤੇ ਮੀਂਗਣਾਂ ਕਰਕੇ ਮਨੋਰੰਜਨ ਕਰਨ ਲਈ ਰੇਡੀਓ ਦਾ ਕਵਰ ਚੁੱਕ ਇਸਦੇ ਅੰਦਰ ਘੁਸ ਜਾਂਦੇ ਸਨਜੇ ਖ਼ਬਰ ਮਾੜੀ ਹੋਣੀ ਜਾਂ ਗਾਣਾ ਬੇਸੁਰਾ ਹੋਣਾ ਤਾਂ ਗ਼ੁੱਸੇ ਵਿੱਚ ਆ ਕੇ ਅੰਦਰ ਫੜਦੌਲ ਪਾਉਂਦੇ, ਇਸਦੀਆਂ ਤਾਰਾਂ ਤੇ ਸਪੀਕਰ ਦੇ ਪਰਦੇ ਕੁਤਰ ਕੁਤਰ ਖਾ ਜਾਂਦੇ ਤੇ ਇਸਦੇ ਬੋਲਣਹਾਰੇ ਵਾਲਵ ਭੰਨ ਸੁੱਟਦੇਇਸ ਤਰਾਂ ਡਰੈਂਗੇ ਦਾ ਸਾਡੇ ਘਰ ਆਉਣ ਜਾਣ ਬਣਿਆ ਰਹਿੰਦਾਪਰ ਸਕੂਲ ਮਾਸਟਰ ਦੀ ਵਿਦਿਆਰਥੀ ਦੇ ਘਰ ਵਿੱਚ ਨਿਰੰਤਰ ਮੌਜੂਦਗੀ ਵਿਦਿਆਰਥੀ ਉਤੇ ਘੋਰ ਤਸ਼ੱਦਦ ਹੈਮਸੀਂ ਤਾਂ ਇਸ ਬਲਾ ਤੋਂ ਸਕੂਲੋਂ ਬਚੀਦਾ ਸੀ ਤੇ ਇਹ ਘਰ ਵੀ ਆ ਧਮਕਦਾ ਸੀਸਗੁੱਚਦਿਆਂ ਹੋਇਆਂ ਮੈਂ ਕਦੇ ਉਸਨੂੰ ਕੜ੍ਹਿਆ ਹੋਇਆ ਦੁੱਧ ਪਿਲਾਉਣਾ, ਕਦੇ ਚਾਹ, ਕਦੇ ਸ਼ਕੰਜਵੀਆਏ ਦਿਨ ਮਾਰਕੋਨੀ ਦਾ ਵਾਲਵ ਫਿਊਜ਼ ਹੀ ਰਹਿੰਦਾਵੱਡੀ ਗੱਲ ਇਸ ਦੇ ਗਿੱਠ ਗਿਠ ਲੰਬੇ ਮੌਲਿਕ ਵਾਲਵਾਂ ਦੇ ਨਾਲ ਦੇ ਵਾਲਵ ਮਿਲਦੇ ਹੀ ਨਹੀਂ ਸਨਹੌਲੀ ਹੌਲੀ ਦੇਸੀ ਕੰਪਨੀਆਂ ਦੇ ਇਸ ਤੋਂ ਅੱਧੇ ਸਾਈਜ਼ ਦੇ ਬੌਨੇ ਜਿਹੇ ਵਾਲਵਾਂ ਤੇ ਹੋਰ ਪੁਰਜਿਆਂ ਨਾਲ ਹੀ ਬੁੱਤਾ ਸਾਰਿਆ ਜਾਣ ਲੱਗਾ

-----

ਪਿੰਡ ਦੇ ਇਸ ਕੱਚੇ ਘਰ ਵਿੱਚ ਬਚਪਨ ਵਿੱਚ ਮੈਨੂੰ ਮਾਰਕੋਨੀ ਤੋਂ ਵਿਸ਼ਾਲ ਜਾਣਕਾਰੀ ਮਿਲੀਵਿਵਿਧ ਭਾਰਤੀ ਸੁਣਦਿਆਂ ਦੇਸ਼ ਦੇ ਕਈ ਸ਼ਹਿਰਾਂ ਜਿਵੇਂ ਝੂਮਰੀ ਤਲੱਈਆ, ਰਤਲਾਮ, ਮਾਰਵਾ ਮੁੰਡਵਾ, ਨਇਆ ਜਾਲਨਾ, ਪੁਰਾਨਾ ਜਾਲਨਾ ਆਦਿ ਦਾ ਗਿਆਨ ਹੋਇਆ; ਪੰਜਾਬ ਦੀਆਂ ਮੰਡੀਆਂ ਖੰਨਾ, ਕੋਟਕਪੂਰਾ, ਤਪਾ ਆਦਿ ਬਾਰੇ ਪਤਾ ਲੱਗਾਜਦ ਚੀਨ ਨਾਲ ਭਾਰਤ ਦੀ ਲੜਾਈ ਦੀਆਂ ਖ਼ਬਰਾਂ ਸੁਣੀਆਂ ਤਾਂ ਪਤਾ ਲੱਗਾ ਕਿ ਚੀਨ ਦੇ ਲੋਕ ਫੀਨੇ ਤੇ ਠਿੰਗਣੇ ਹੁੰਦੇ ਹਨਬਹਾਦਰ ਭਾਰਤੀ ਫੌਜੀ ਅਜੇਹੇ ਘਸਿਆਂ ਜਿਹਿਆਂ ਨੂੰ ਕੀ ਸਮਝਦੇ ਸਨਪਰ ਔਖੀਆਂ ਘਾਟੀਆਂ -ਵਿੱਚ ਲੜਨ ਦਾ ਤਜਰਬਾ ਨਾ ਹੋਣ ਕਾਰਨ ਉਨਾਂ ਨੂੰ ਸਾਰੀਆਂ ਚੌਕੀਆਂ ਮਜਬੂਰਨ ਛੱਡਣੀਆਂ ਪਈਆਂ

-----

ਜਵਾਹਰ ਲਾਲ ਦੀ ਮੌਤ ਵੀ ਇਸ ਮਾਰਕੋਨੀ ਨੇ ਹੀ ਸੁਣਾਈ ਪ੍ਰਾਇਮਰੀ ਸਕੂਲ ਦੇ ਅਧਿਆਪਕ ਬੋਧ ਰਾਜ ਨੇ ਸਾਨੂੰ ਲਗਾਤਾਰ ਪਰੇਰ ਕੇ ਦਾਤਣਾਂ ਕਰਨ ਲਾਇਆ ਸੀ, ਬਿਨਾਕਾ ਗੀਤ ਮਾਲਾ ਦੇ ਅਮੀਨ ਸਾਈਨੀ ਨੇ ਸਾਨੂੰ ਇਹ ਦਾਤਣਾਂ ਛੁਡਾ ਕੇ ਬਿਨਾਕਾ ਟੁਥਪੇਸਟ ਕਰਨ ਲਾ ਦਿੱਤਾਦੁਪਹਿਰ ਨੂੰ ਲਾਹੌਰ ਤੋਂ ਆਉਂਦੇ ਗਾਣਿਆਂ ਵਿੱਚ ਲਤਾ ਦੇ ਗਾਣੇ ਸੁਣ ਕੇ ਫਿਰ ਜਦ ਜਲੰਧਰ ਤੋਂ ਵੀ ਲਤਾ ਦੇ ਗਾਣੇ ਸੁਣਨੇ ਤਾਂ ਹੈਰਾਨ ਹੋਣਾ ਕਿ ਲਤਾ ਏਨੀ ਛੇਤੀ ਲਾਹੌਰ ਤੋਂ ਜਲੰਧਰ ਕਿਵੇਂ ਪਹੁੰਚ ਗਈਗਰਜ ਨਾਲ ਛਿੱਟੇ ਪੈਣ ਵਾਲੀ ਗੱਲ ਰੋਜ਼ ਦੁਹਰਾਈ ਜਾਂਦੀ ਪਰ ਕਦੇ ਸੱਚੀ ਨਹੀਂ ਸੀ ਹੋਈ, ਹੋ ਵੀ ਨਹੀਂ ਸੀ ਸਕਦੀ ਕਿਉਂਕਿ ਮੁਹਾਵਰਾ ਕਹਿੰਦਾ ਹੈ, 'ਜੋ ਗਰਜਦੇ ਹਨ ਉਹ ਵਰਸਦੇ ਨਹੀਂ'ਗੁਆਚੇ ਹੋਏ ਬੰਦਿਆਂ ਦੀਆਂ ਸੂਚਨਾਵਾਂ ਤੇ ਹੁਲੀਏ ਕਈ ਵਾਰੀ ਨੋਟ ਕੀਤੇ ਪਰ ਕਦੇ ਕੋਈ ਨਾ ਲੱਭਾ, ਇਸ ਲਈ ਸਾਨੂੰ ਸਫਰ ਖਰਚ ਤੋਂ ਇਲਾਵਾ ਕਦੇ ਪੰਜ ਰੁਪਏ ਵੀ ਨਹੀਂ ਜੁੜੇਉਹ ਹੋਰ ਹੀ ਜਿਣਸਾਂ ਹੁੰਦੀਆਂ ਹਨ ਜਿਨਾਂ ਨੂੰ ਗੁਆਚੀਆਂ ਚੀਜ਼ਾਂ ਲੱਭ ਪੈਂਦੀਆਂ ਹਨ, ਅਸੀਂ ਤਾਂ ਲੱਭੀਆਂ ਚੀਜ਼ਾਂ ਗੁਆਉਣ ਵਾਲੇ ਹਾਂ

-----

ਲੰਮੀ ਗਲੀ ਦੇ ਸ਼ੁਰੂ ਵਿੱਚ ਸਾਡੀ ਇਕ ਹਵੇਲੀ ਹੁੰਦੀ ਸੀ ਜਿਥੇ ਸਾਡੀ ਮੱਝ ਬੱਝਦੀ ਸੀਚੀਨ ਦੀ ਲੜਾਈ ਖ਼ਤਮ ਹੁੰਦਿਆਂ ਹੀ ਅਸੀਂ ਹਵੇਲੀ ਢਾਹ ਕੇ ਇਕ ਤੀਲਾਂ ਦੀ ਡੱਬੀ ਜੇਹਾ ਤਿਆਸਵਾਂ ਘਰ ਛੱਤ ਲਿਆ ਜਿਸਦੀ ਵਿਚਕਾਰਲੀ ਮੰਜ਼ਿਲ ਤੇ ਵਸੋਂ ਕੀਤੀਪੁਰਾਣਾ ਕੱਚਾ ਘਰ ਹੁਣ ਹਵੇਲੀ ਬਣ ਗਿਆ ਜਿਥੇ ਮੱਝ ਬੰਨ੍ਹਣੀ ਸ਼ੁਰੂ ਕਰ ਦਿੱਤੀਅਸੀਂ ਕੱਟੜ ਮਾਨਵਵਾਦੀ, ਕਦੇ ਵੀ ਪਸ਼ੂਆਂ ਨੂੰ ਬੰਦਿਆਂ ਦੇ ਬਰਾਬਰ ਨਹੀਂ ਸਾਂ ਰਖਦੇਅਸਲ ਵਿੱਚ ਮੇਰੇ ਵੱਡੇ ਭਰਾ ਭੈਣ ਹੁਣ ਵਿਆਹੁਣਯੋਗ ਹੁੰਦੇ ਜਾਂਦੇ ਸਨ ਤੇ ਪੁਰਾਣੇ ਕੱਚੇ ਘਰ ਰਹਿੰਦਿਆਂ ਚੱਜਦੇ ਰਿਸ਼ਤੇ ਆਉਣ ਦੀ ਸੰਭਾਵਨਾ ਨਹੀਂ ਸੀਅਸੀਂ ਜਦੋਂ ਨਵਾਂ ਘਰ ਛੱਤਣ ਲਈ ਹਵੇਲੀ ਕੋਲ਼ ਇੱਟਾਂ ਸੁਟਾਈਆਂ ਤਾਂ ਮੇਰੇ ਵੱਡੇ ਭਰਾ ਨੂੰ ਕੋਈ ਦੇਖਣ ਆ ਗਏਅਸੀਂ ਬੜੀ ਹੁਸ਼ਿਆਰੀ ਨਾਲ ਉਨਾਂ ਨੂੰ ਬਣਨ ਜਾ ਰਹੇ ਪੱਕੇ ਘਰ ਦੀਆਂ ਇੱਟਾਂ ਦਿਖਾਲ ਕੇ ਡੂਪਲੈਕਸ ਲਿਆਂਦਾ ਤੇ ਮਾਰਕੋਨੀ ਚਲਾ ਕੇ ਇਸਦੇ ਅੱਗੇ ਬਠਾਲਿਆਮਾਰਕੋਨੀ ਨੇ ਬਥੇਰੇ ਰਾਗ ਪੇਸ਼ ਕੀਤੇ ਪਰ ਗੱਲ ਨਹੀਂ ਬਣੀ, ਸ਼ਾਇਦ ਇੱਟਾਂ ਥੋੜ੍ਹੀਆਂ ਸਨ ਤੇ ਕੁੜੀ ਵਾਲਿਆ ਨੂੰ ਸ਼ੱਕ ਪੈ ਗਿਆ ਕਿ ਇਹ ਦਿਖਾਉਣ ਲਈ ਹੀ ਹਨਨਾਲੇ ਪੀਲਪਾਵੇ ਨੇ ਸਾਡੀ ਮੰਦਹਾਲੀ ਦੀ ਖ਼ੂਬ ਭਾਨੀ ਮਾਰੀ ਸੀ

-----

ਖ਼ੈਰ! ਨਵੇਂ ਘਰ ਵਿੱਚ ਆਉਣ ਵੇਲੇ ਅਸੀਂ ਸਾਰੇ ਭੈਣ ਭਰਾ ਜਵਾਨ ਹੋ ਗਏ ਸਾਂ, ਵੱਡਾ ਭਰਾ ਜੰਮੂ ਪਰੋਫ਼ੈਸਰ ਲੱਗ ਗਿਆ ਤੇ ਗਭਲਾ ਭਰਾ ਤੇ ਭੈਣ ਪਿੰਡ ਮਾਸਟਰ ਲੱਗ ਗਏਪਰ ਮਾਰਕੋਨੀ ਬੁੱਢਾ ਹੋਣ ਲੱਗ ਪਿਆਹੁਣ ਭਾਵੇਂ ਇਸਦੇ ਅਧੇ ਪੌਣੇ ਵਾਲਵ ਝੜ ਚੁਕੇ ਸਨ ਪਰ ਇਹ ਮਨੋਰੰਜਨ ਤੋਂ ਸਿਵਾ ਹੋਰ ਵੀ ਕੰਮ ਦੇਣ ਲੱਗ ਪਿਆਇਸ ਦੇ ਅੰਦਰ ਕਾਫੀ ਜਗ੍ਹਾ ਖ਼ਾਲੀ ਪਈ ਸੀ, ਇਸਦੇ ਕਾਢੂ ਮਾਰਕੋਨੀ ਨੁੰ ਇਸ ਗੱਲ ਦੀ ਸਮਝ ਸੀ ਕਿ ਚੀਜ਼ਾਂ ਲੁਕੋਣ ਲਈ ਵੀ ਇਸ ਨੂੰ ਵਰਤਿਆ ਜਾਵੇਗਾ ਜਾਂ ਫਿਰ ਉਸ ਨੂੰ ਸ਼ੱਕ ਹੋਵੇਗਾ ਕਿ ਜੇ ਰੇਡੀਓ ਨਾਂ ਦੀ ਚੀਜ਼ ਕਾਮਯਾਬ ਨਾ ਹੋਈ ਤਾਂ ਇਸ ਤੋਂ ਹੋਰ ਕੰਮ ਲੈ ਲਏ ਜਾਣਅਸੀਂ ਭਰਾਵਾਂ ਨੇ ਅਕਸਰ ਹੀ ਇਸਦੇ ਅੰਦਰ ਸ਼ਰਾਬ ਦੀ ਬੋਤਲ ਤੇ ਗਲਾਸੀ ਲੁਕੋ ਛੱਡਣੀਕਦੇ-ਕਦਾਈਂ ਗਲੀ ਦੀ ਬਿੱਲੀ ਨੇ ਵੀ ਗਾਣੇ ਸੁਣਦਿਆ ਇਸ ਵਿੱਚ ਠੌਂਕਾ ਲਾ ਲੈਣਾ

-----

ਭਾਪਾ ਜੀ ਤੇ ਬੀਬੀ ਜੀ ਕਈ ਵਾਰੀ ਬਹੁਤ ਉਚੀ ਉਚੀ ਲੜ ਪੈਂਦੇ ਸਨਤਦ ਮੈਂ ਰੇਡੀਓ ਦੀ ਆਵਾਜ਼ ਚੁੱਕ ਦੇਣੀ, ਉਨ੍ਹਾਂ ਦੀ ਤੂੰ ਤੂੰ ਮੈਂ ਮੈਂ ਬੇਅਸਰ ਤੇ ਹਾਸੋ-ਹੀਣੀ ਚੀਜ਼ ਬਣਕੇ ਰਹਿ ਜਾਂਦੀ ਸੀਆਪ ਤਾਂ ਮੈਂ ਸਾਰਾ ਸਾਰਾ ਦਿਨ ਕਿਤਾਬ ਫੜ ਕੇ ਰੇਡੀਓ ਦੇ ਵਿੱਚ ਹੀ ਵੜੇ ਰਹਿਣਾਪਿੰਡ ਵਾਲੇ ਭਰਾ ਦਾ ਵਿਆਹ ਹੋ ਗਿਆ ਤੇ ਮੈਂ ਅੱਗੇ ਪੜ੍ਹਨ ਚੰਡੀਗੜ੍ਹ ਚਲੇ ਗਿਆਮੇਰੇ ਮਗਰੋਂ ਮਾਰਕੋਨੀ ਦੀ ਕਦਰ ਘਟਣੀ ਸ਼ੁਰੂ ਹੋ ਗਈਇਕ ਵਾਰੀ ਜਦ ਮੈਂ ਪਿੰਡ ਆਇਆ ਤਾਂ ਪਤਾ ਲੱਗਾ ਕਿ ਇਸ ਦੀਆਂ ਸਾਰੀਆਂ ਟਿਊਬਾਂ, ਟਰਾਂਸਫਰਮਰ ਤੇ ਸਪੀਕਰ ਨਵੇਂ ਪੁਆਏ ਹਨਮੇਰੇ ਭਤੀਜੇ ਨੇ ਦੱਸਿਆ ਕਿ ਇਸਦੀ ਸਟੇਸ਼ਨ ਬਦਲਣ ਵਾਲੀ ਸੂਈ ਉਖੜ ਕੇ ਕਿਧਰੇ ਡਿੱਗ ਪਈ ਸੀ ਸੋ ਉਸਨੇ ਆਪ ਹੀ 'ਕੈਲੀਬਰੇਟ ਕਰਕੇ' ਉਸਦੀ ਜਗਹ ਆਪਣੀ ਮੰਮੀ ਦੀ ਸਿਰ ਦੀ ਸੂਈ ਫਿਟ ਕਰ ਦਿੱਤੀ ਹੈ ਹੋਰ ਫਰਮਾਇਆ ਕਿ ਹੁਣ ਤਾਂ ਮਾਰਕੋਨੀ ਅੰਦਰੋਂ ਖੋਖਲਾ ਹੋ ਚੁੱਕਾ ਹੈ ਤੇ ਖਰਚੇ ਦਾ ਖੌ ਬਣ ਚੁੱਕਾ ਹੈ।। ਉਸਨੇ ਮੇਰੇ ਸਾਹਮਣੇ ਇਸ ਦੀ ਨਿੰਦਿਆ ਕੀਤੀ, ਇਸਨੂੰ ਖੋਖਾ ਤਕ ਕਹਿਣ ਦੀ ਜੁਰੱਅਤ ਵੀ ਕੀਤੀਉਹ ਮਾਰਕੋਨੀ ਦੇ ਜ਼ਰਾ ਵੀ ਘਰੜ ਘਰੜ ਕਰਨ ਤੇ ਹੱਥ ਚੁੱਕਣ ਲੱਗ ਪਿਆਉਸਨੇ ਇਸਨੂੰ ਢੀਠ ਬਣਾ ਦਿੱਤਾ ਤੇ ਕੁੱਟ ਖਾਣ ਤੇ ਲਾ ਦਿਤਾ ਸੀ

-----

.....ਤੇ ਜਿਸਦਾ ਮੈਨੂੰ ਡਰ ਸੀ ਉਹ ਵੀ ਹੋ ਕੇ ਰਿਹਾਅਗਲੀ ਵਾਰ ਜਦ ਮੈਂ ਆਇਆ ਤਾਂ ਮੇਜ਼ ਤੇ ਹੋਰ ਹੀ ਇਕ ਗੱਲੇ ਕੁ ਜਿੱਡਾ ਰੇਡੀਓ ਪਿਆ ਦੇਖਿਆਇਹ ਦੇਖਣ ਨੂੰ ਬੜਾ ਚੁਸਤ ਫੁਰਤ ਸੀ ਪਰ ਮਾਰਕੋਂਨੀ ਦੇ ਟਾਕਰੇ ਨਿਰਾ ਸ਼ੁਆਨਭਤੀਜਾ ਕਹਿੰਦਾ ਮਾਰਕੋਨੀ ਨੂੰ ਅਲਮਾਰੀ ਵਿੱਚ ਸੰਤੋਖ ਦਿੱਤਾ ਹੈ, ਉਸਦੇ ਦਿਨ ਪੁੱਗ ਗਏ ਹਨ, ਜ਼ਮਾਨਾ ਛੋਟੀਆਂ ਚੀਜ਼ਾਂ ਦਾ ਆ ਗਿਆ ਹੈਮੇਰੇ ਦੇਖਦੇ ਹੀ ਦੇਖਦੇ ਮੇਰਾ ਭਤੀਜਾ ਇੰਜਨੀਅਰੀ ਪੜ੍ਹਨ ਲੱਗ ਪਿਆਇਕ ਹੋਰ ਵਾਰੀ ਜਦ ਮੈਂ ਆਪਣੇ ਪਿੰਡ ਅਇਆ ਤਾਂ ਉਸਨੇ ਮੈਨੂੰ ਇਕ ਬੂਟਾਂ ਦੇ ਡੱਬੇ ਜਿੱਡਾ ਰੇਡੀਓ ਦਿਖਾਇਆਂ ਜੋ ਉਸਨੇ ਆਪ ਬਣਾਇਆ ਸੀਇਹ ਉਸਦੇ ਕਾਲਜ ਦਾ ਪਰੌਜੇਕਟ ਸੀਉਸਨੇ ਦੱਸਿਆ ਕਿ ਉਸਨੇ ਮਾਰਕੋਨੀ ਦੇ ਸਾਰੇ ਚੰਗੇ ਚੰਗੇ ਪੁਰਜ਼ੇ ਕੱਢ ਕੇ ਇਸ ਵਿੱਚ ਪਾ ਲਏ ਹਨ। "ਇਸ ਕਰਕੇ ਮੈਂ ਤੈਨੂੰ ਹਿਸਾਬ ਦੇ ਸਵਾਲ ਸਮਝਾਉਂਦਾ ਰਿਹਾ ਕੇ ਤੂੰ ਇੰਜਨੀਅਰ ਬਣਕੇ ਇਕ ਦਿਨ ਮਾਰਕੋਨੀ ਹੀ ਚੁੱਕ ਦੇਵੇਂ?" ਮੈਂ ਉਸ ਤੇ ਬੇਹੱਦ ਖ਼ਫ਼ਾ ਹੋਇਆ

------

ਪਰ ਜ਼ਮਾਨਾ ਤੇ ਭਰਾ ਦਾ ਘਰ ਮੇਰੇ ਨਾਲ ਨਹੀਂ ਸਨਹੁਣ ਮਾਰਕੋਨੀ ਦੇ ਖੋਖੇ ਤੋਂ ਪਹਿਲਾ ਧੋਤੇ ਕੱਪੜੇ ਰੱਖਣ ਦਾ ਤੇ ਫਿਰ ਬਾਲਣ ਵਾਲੇ ਅੰਦਰੋਂ ਗੁੱਲ, ਟੋਕ, ਪਾਥੀਆਂ, ਛਿਟੀਆਂ ਆਦਿ ਲਿਆਕੇ ਚੁੱਲ੍ਹੇ ਮੂਹਰੇ ਰੱਖਣ ਦਾ ਕੰਮ ਲਿਆ ਜਾਣ ਲੱਗ ਪਿਆ ਸੀਛੇਤੀ ਹੀ ਦੂਜਾ ਰੇਡੀਓ ਵੀ ਚਲਦਾ ਬਣਿਆ ਕਿਉਂਕਿ ਘਰ ਵਿੱਚ ਟੈਲੀਵੀਯਨ ਆ ਚੁਕਾ ਸੀਮੈਂ ਤਾਂ ਜਿਵੇਂ ਹੁਣ ਸਿਰਫ਼ ਮਾਰਕੋਨੀ ਦੀ ਹੋਣੀ ਦਾ ਮੂਕ ਦਰਸ਼ਕ ਹੀ ਬਣ ਗਿਆ ਸਾਂਆਖਰੀ ਦਰਸ਼ਨਾਂ ਸਮੇਂ ਇਸ ਨੂੰ ਖੁਰਲੀ ਵਜੋਂ ਵਰਤਿਆ ਜਾ ਰਿਹਾ ਸੀਇਸ ਵਿੱਚ ਪੱਠੇ ਦੱਥੇ ਪਾਕੇ ਕੱਟੀ ਦੇ ਅੱਗੇ ਧਰਿਆ ਪਿਆ ਸੀਪਾਣੀ ਪੁਲਾਂ ਦੇ ਉਪਰੋਂ ਲੰਘ ਚੁਕਾ ਸੀ, ਮੈਂ ਜੀਅ ਥੋੜ੍ਹਾ ਕਰਕੇ ਘੁੱਟਿਆ ਵੱਟਿਆ ਰਿਹਾ

-----

ਪਿੰਡ ਦੀ ਇਕ ਹੋਰ ਫੇਰੀ ਸਮੇਂ ਮੈਂ ਮਾਰਕੋਨੀ ਪ੍ਰਤੀ ਸ਼ਰਧਾ ਵੱਸ ਸਿੱਧਾ ਪਿਛਲੇ ਘਰ ਮਝਾਂ ਵਾਲੇ ਅੰਦਰ ਚਲੇ ਗਿਆਉਥੇ ਮਾਰਕੋਨੀ ਮਾਰਕਾ ਖੁਰਲੀ ਤਾਂ ਕੀ ਕੱਟੀ ਵੀ ਨਹੀਂ ਸੀ ਬੱਧੀ ਹੋਈਪਤਾ ਲੱਗਾ ਕਿ ਮੱਝਾਂ ਵੇਚ ਕੇ ਇਨ੍ਹਾਂ ਦਾ ਕਜੀਆ ਮੁਕਾ ਲਿਆ ਗਿਆ ਹੈ'ਤੇ ਮਾਰਕੋਨੀ?' ਉਹ ਤਾਂ ਕੱਟੀ ਨੇ ਸਿੰਗ ਮਾਰ ਮਾਰਕੇ ਭੰਨ ਦਿਤਾ ਸੀਮੱਝਾਂ ਵੇਚਣ ਪਿਛੋਂ ਮਾਰਕੋਨੀ ਵਿੱਚਲੀ ਅਲਮੀਨੀਅਮ ਇਕ ਕਬਾੜੀਏ ਨੂੰ ਵੇਚ ਦਿੱਤੀ ਤੇ ਇਸਦੀ ਲੱਕੜ ਨੂੰ ਬਾਲਣ ਵਜੋਂ ਵਰਤ ਲਿਆ। "ਹੋਰ ਤਾਂ ਗੱਲਾਂ ਦੀਆਂ ਗੱਲਾਂ ਇਸ ਦੀ ਅੱਗ ਦਾ ਤਾਅ ਬੁਹਤ ਸੀਸਾਰਾ ਸਾਗ ਇਸੇ ਨਾਲ ਰਿੰਨ੍ਹਿਆ" ਭਾਬੀ ਨੇ ਦੱਸਿਆਕੁਝ ਵੀ ਹੋਵੇ, ਮੈਂ ਮਾਰਕੋਨੀ ਦੇ ਅੰਤਮ ਸੰਸਕਾਰ ਤੋਂ ਸੰਤੁਸ਼ਟ ਸਾਂ, ਉਸਨੂੰ ਢੇਰ ਤੇ ਨਹੀਂ ਸੀ ਸੁੱਟਿਆ ਗਿਆ ਬਲਕਿ ਚਿਖ਼ਾ ਦਿਖਾਈ ਗਈ ਸੀ

******

No comments: