ਕਹਾਣੀ
ਭਾਗ - ਦੂਜਾ
ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।
*****
ਡਿਊਟੀ ’ਤੇ ਮੁੜ ਹਾਜ਼ਿਰ ਹੋਈ ਤਾਂ ਮੈਂ ਐਡਮਨ ਅਫਸਰ ਨੂੰ ਬੇਨਤੀ ਕਰਕੇ ਹੈੱਡ ਆਫਿਸ ਤੋਂ ਦੂਰ ਪੈਂਦੀ ਇਸ ਬ੍ਰਾਂਚ ਵਿਚ ਬਦਲੀ ਕਰਾ ਲਈ ਸੀ। ਇਹ ਬ੍ਰਾਂਚ ਇਕਬਾਲ ਦੀ ਬ੍ਰਾਂਚ ਵਾਲੀ ਦਿਸ਼ਾ ਤੋਂ ਉਲਟ ਦਿਸ਼ਾ ’ਚ ਸੀ। ਆਪਸੀ ਦੂਰੀ ਤਿੰਨ ਕਿਲੋਮੀਟਰ ਦੀ ਸੀ। ਨਾ ਇਸ ਬ੍ਰਾਂਚ ਵਿਚ ਤੇ ਨਾ ਉਸ ਬ੍ਰਾਂਚ ਵਿਚ ਫੋਨ ਸੀ। ਇਕ ਦੂਜੇ ਦੇ ਮੱਥੇ ਲੱਗਣ ਦੇ ਬਹੁਤ ਘੱਟ ਮੌਕੇ ਸਨ। ਮੈਂ ਸਿਰਫ ਤੇ ਸਿਰਫ਼ ਆਪਣੇ ਕੰਮ ਨਾਲ ਮਤਲਬ ਰੱਖਦੀ ਸੀ। ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਰਿਹਾ ਸੀ। ਇਥੋਂ ਤੀਕ ਕਿ ਮੈਂ ਕਿਸੇ ਨੂੰ ਵਿਸ਼ ਤੱਕ ਨਹੀਂ ਕਰਦੀ ਸੀ। ਮੈਂ ਸਟਾਫ-ਮੈਂਬਰਾਂ ਨਾਲ ਕਮਰੇ ਵਿੱਚ ਬਣਦੀ ਚਾਹ ਵੀ ਨਹੀਂ ਪੀਂਦੀ ਸੀ। ਮੈਂ ਆਪਣੇ ਬੌਸ ਮਹਿੰਦਰ ਨੂੰ ਵੀ ਇਗਨੋਰ ਕਰ ਦਿੰਦੀ ਸੀ। ਉਨ੍ਹਾਂ ਨੇ ਮੈਨੂੰ ਕਈ ਵਾਰ ਝਿੜਕਿਆ ਸੀ ਕਿ ਮੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਹ ਮੇਰੇ ਬੌਸ ਹਨ। ਉਹ ਮੈਨੂੰ ਬੁਲਾਉਂਦੇ ਸਨ। ਮੈਂ ਲੈਟਰ ਪੈਡ ਤੇ ਪੈ¤ਨ ਲੈ ਕੇ ਜਾ ਖੜ•ਦੀ ਸੀ। ਉਹ ਮੈਨੂੰ ਬੈਠਣ ਲਈ ਇਸ਼ਾਰਾ ਕਰਦੇ ਸਨ। ਉਨ੍ਹਾਂ ਨੂੰ ਮੇਰੀ ਘਰੇਲੂ ਸਥਿਤੀ ਦਾ ਗਿਆਨ ਸੀ। ਉਹ ਘਰ ਪਰਿਵਾਰ ਦੀਆਂ ਗੱਲਾਂ ਛੇੜ ਲੈਂਦੇ ਸਨ। ਡੈਡੀ ਦੀਆਂ ਗੱਲਾਂ ਕਰਦੇ ਸਨ, ‘‘ਅਵਤਾਰ ਹੁਰਾਂ ਮੇਰੇ ਕੋਲ ਦੋ ਸਾਲ ਕੰਮ ਕੀਤਾ। ਉਹ ਬੜੇ ਨੇਕ ਇਨਸਾਨ ਸਨ। ਅਸੂਲੀ ਬੰਦੇ। ਕਦੇ ਕਿਸੇ ਕੋਲੋਂ ਚਾਹ ਦਾ ਕੱਪ ਵੀ ਨ੍ਹੀਂ ਪੀਤਾ ਹੋਣਾ। ਫਾਇਲਾਂ ਤਾਂ ਉਨ੍ਹਾਂ ਨੂੰ ਟਿਪਸ ’ਤੇ ਯਾਦ ਸਨ.....ਕੁਦਰਤ ਨੂੰ ਕੁਛ ਹੋਰ ਹੀ ਮੰਜ਼ੂਰ ਸੀ। ਇਹ ਉਨ੍ਹਾਂ ਦੇ ਜਾਣ ਦੀ ਉਮਰ ਨ੍ਹੀ ਸੀ। ਤੁਹਾਡਾ ਸੁਭਾਅ ਵੀ ਤੁਹਾਡੇ ਡੈਡੀ ਵਰਗਾ। ਮੇਰੇ ਵੱਲੋਂ ਕਿਸੇ ਸਹਿਯੋਗ ਦੀ ਲੋੜ ਪਵੇ ਤਾਂ ਬਿਨਾਂ ਕਿਸੇ ਝਿਜਕ ਦੇ ਦੱਸ ਦੇਣਾ।’’ ਇਸ ਬਰਾਂਚ ’ਚ ਆ ਕੇ ਵੀ ਡੈਡੀ ਜੀ ਨੇ ਮੇਰਾ ਪਿੱਛਾ ਨਹੀਂ ਛੱਡਿਆ ਸੀ। ਮੈਨੂੰ ਕਿਸੇ ਦੀ ਫੋਕੀ ਹਮਦਰਦੀ ਦੀ ਲੋੜ ਨਹੀਂ ਸੀ। ਮੈਨੂੰ ਆਪਣੇ ਡੈਡੀ ਬਾਰੇ ਚੰਗੀ ਤਰ੍ਹਾਂ ਪਤਾ ਸੀ। ਮੈਂ ਉਨ੍ਹਾਂ ਦੀਆਂ ਭੈੜੀਆਂ ਆਦਤਾਂ ਜਾਣਦੀ ਸੀ। ਉਹ ਬੜੇ ਲਾਹਪ੍ਰਵਾਹ ਸਨ। ਉਨ੍ਹਾਂ ਕਦੇ ਘਰ ਬਾਰੇ ਸੋਚਿਆ ਹੀ ਨਹੀਂ ਸੀ। ਜਿੰਨੀ ਉਹਨਾਂ ਦੀ ਬਾਹਰ ਇੱਜ਼ਤ ਸੀ, ਉਨੀ ਹੀ ਘਰ ’ਚ ਬੇਕਦਰੀ ਸੀ। ਇਹ ਮੇਰੀ ਮੰਮੀ ਜਾਣਦੀ ਸੀ ਕਿ ਉਹ ਘਰ ਕਿਵੇਂ ਚਲਾਉਂਦੀ ਸੀ। ਡੈਡੀ ਨੂੰ ਕਿਵੇਂ ਸੰਭਾਲਦੀ ਸੀ। ਮੈਂ ਚਾਹੁੰਦੀ ਸੀ ਕਿ ਇਥੇ ਸਿਰਫ਼ ਤੇ ਸਿਰਫ਼ ਮੈਨੂੰ ਜਾਨਣ ਵਾਲੇ ਹੋਣ। ਮੈਂ ਉਨ੍ਹਾਂ ਨੂੰ ਟੋਕ ਦਿੱਤਾ ਸੀ, ‘‘ਸਰ, ਮੇਰਾ ਨਾਂ ਗੁਰਲੀਨ ਵਿਰਦੀ ਆ। ਮੈਂ ਇਹੀ ਰਹਿਣਾ ਚਾਹੁੰਦੀ ਆਂ। ਅੱਜ ਤੋਂ ਬਾਅਦ ਤੁਸੀਂ ਮੇਰੇ ਨਾਲ ਮੇਰੇ ਡੈਡੀ ਕਰਕੇ ਕੋਈ ਹਮਦਰਦੀ ਨ੍ਹੀਂ ਕਰਨੀ। ਜੇ ਤੁਹਾਨੂੰ ਮੇਰੇ ਕੰਮ ਪ੍ਰਤੀ ਕੋਈ ਸ਼ਿਕਾਇਤ ਹੋਈ ਤਾਂ ਦੱਸਿਓ।’’ ਉਨ੍ਹਾਂ ਕਿਹਾ ਸੀ, ‘‘ਤੁਸੀਂ ਗ਼ਲਤ ਸੋਚਦੇ ਹੋ। ਇਹ ਹਮਦਰਦੀ ਨ੍ਹੀਂ-ਇਹ ਤਾਂ ਉਹਨਾਂ ਨੂੰ ਉਨ੍ਹਾਂ ਦੇ ਗੁਣਾਂ ਕਰਕੇ ਯਾਦ ਕੀਤਾ ਜਾਂਦਾ।’’ ਮੈਂ ਖਿਝ ਕੇ ਕਿਹਾ ਸੀ, ‘‘ਤੁਸੀਂ ਬਹੁਤੀਆਂ ਗੱਲਾਂ ਉਨ੍ਹਾਂ ਨਾਲ ਜੋੜ ਕੇ ਕਿਉਂ ਦੇਖਦੇ ਹੋ?’’ ਉਨ੍ਹਾਂ ਕਿਹਾ ਸੀ, ‘‘ਤੁਹਾਨੂੰ ਆਪਣੇ ਡੈਡੀ ਦੀ ਆਈਡੈਨਟੀਟੀਫਿਕੇਸ਼ਨ ਦੀ ਲੋੜ ਵਿਆਹ ਤਕ ਹੀ ਰਹਿਣੀ ਆਂ।’’ ਮੈਂ ਕਿਹਾ ਸੀ, ‘‘ਮੈਂ ਇਸ ਗੱਲੋਂ ਇਨਕਾਰੀ ਨ੍ਹੀਂ ਹਾਂ ਕਿ ਮੈਂ ਗੁਰਲੀਨ ਵਿਰਦੀ ਸਪੁੱਤਰੀ ਅਵਤਾਰ ਸਿੰਘ ਵਿਰਦੀ-ਜਾਤ ਤਰਖਾਣ ਆਂ। ਮੈਨੂੰ ਉਨ੍ਹਾਂ ਦਾ ਨਾਂ ਚਾਹੀਦਾ ਆ-ਉਹ ਤਾਂ ਆ। ਉਨ੍ਹਾਂ ਦੇ ਨਾਂ ’ਤੇ ਹਮਦਰਦੀ ਨ੍ਹੀਂ ਚਾਹੀਦੀ।’’ ਉਹ ਤਾੜੀ ਮਾਰ ਕੇ ਉੱਚੀ-ਉੱਚੀ ਹੱਸੇ ਸਨ। ਫਿਰ ਗੰਭੀਰ ਹੁੰਦਿਆਂ ਕਿਹਾ ਸੀ, ‘‘ਤੁਹਾਨੂੰ ਖਿਝ ਬੜੀ ਆਉਂਦੀ....ਆਹ ਉਮਰ ਤੇ ਖਿਝ... ਮੈਨੂੰ ਇਸ ਗੱਲ ਦੀ ਸੰਤੁਸ਼ਟੀ- ਪਹਿਲੀ ਦਫਾ ਹੋਈ ਆ ਕਿ ਇਸ ਡਫਰ ਬ੍ਰਾਂਚ ਵਿਚ ਕੋਈ ਸਿਆਣੀ ਗੱਲ ਕਰਨ ਵਾਲਾ ਵੀ ਆਇਆ ਆ। ਮੈਂ ਤੁਹਾਡੇ ਵਿਚਾਰਾਂ ਨੂੰ ਐਪਰੀਸ਼ੀਏਟ ਕਰਦਾਂ। ਇਹਨੂੰ ਕਹਿੰਦੇ ਆ ਕਿ ਸਾਡੀ ਸੁਸਾਇਟੀ ਵਿਚ ਚੇਂਜ਼ ਆ ਰਹੀ ਆ।’’ ਉਨ੍ਹਾਂ ਦੀ ਇਕ ਇਹ ਵੀ ਸਿਫ਼ਤ ਸੀ ਕਿ ਉਹ ਕਿਸੇ ਗੱਲ ਨੂੰ ਰਿਪੀਟ ਨਹੀਂ ਕਰਦੇ ਸਨ। ਨਾ ਹੀ ਰਿਪੀਟ ਕਰਨ ਵਾਲੇ ਨੂੰ ਪਸੰਦ ਕਰਦੇ ਸਨ। ਉਨ੍ਹਾਂ ਦੀ ਉਮਰ ਮੈਥੋਂ ਛੇ ਸਾਲ ਜ਼ਿਆਦਾ ਸੀ। ਦੇਖਣ ਚਾਖਣ ਤੋਂ ਮੈਂ ਵੱਡੀ ਲੱਗਦੀ ਸੀ। ਫੇਰ ਉਨ੍ਹਾਂ ਮੈਨੂੰ ਗੱਲਾਂ ਵਿਚ ਫਸਾ ਹੀ ਲਿਆ ਸੀ। ਜਿਵੇਂ ਕਦੇ ਮੈਂ ਇਕਬਾਲ ਨੂੰ ਫਸਾਇਆ ਸੀ। ਮੈਂ ਇਸ ਗੱਲ ਪ੍ਰਤੀ ਸੁਚੇਤ ਸੀ ਕਿ ਉਹ ਮੈਥੋਂ ਕੀ ਚਾਹੁੰਦੇ ਸਨ। ਉਹ ਵਿਆਹੇ ਸਨ। ਇਕ ਬੇਟੇ ਦੇ ਬਾਪ ਸਨ। ਪਰ ਮੈਨੂੰ ਪਤਾ ਨਹੀਂ ਲੱਗਾ ਸੀ ਜਾਂ ਲੱਗ ਰਿਹਾ ਸੀ ਕਿ ਮੈਂ ਕਿਵੇਂ ਉਨ੍ਹਾਂ ਨਾਲ ਜੁੜ ਗਈ ਸੀ। ਸ਼ਾਇਦ ਮੈਨੂੰ ਉਨ੍ਹਾਂ ਨਾਲ ਹਮਦਰਦੀ ਹੋ ਗਈ ਸੀ। ਉਨ੍ਹਾਂ ਆਪਣੀ ਕਥਾ, ਮੇਰੇ ਪੁੱਛੇ ਬਿਨਾਂ ਹੀ ਸੁਣਾ ਦਿੱਤੀ ਸੀ, ‘‘ਗੁਰਲੀਨ, ਮੇਰੀ ਪਰਿਵਾਰਕ ਲਾਈਫ ਠੀਕ ਨ੍ਹੀਂ ਚੱਲ ਰਹੀ। ਸ਼ਾਇਦ ਮੈਂ ਆਉਣ ਵਾਲੇ ਦਿਨਾਂ ਵਿਚ ਤਲਾਕ ਹੀ ਲੈ ਲਵਾਂ। ਜਾਂ ਆਤਮ ਹੱਤਿਆ ਹੀ ਕਰਲਾਂ। ਜਾਂ ਘਰ ਹੀ ਛੱਡ ਦੇਵਾਂ। ਮੈਥੋਂ ਕੁਸ਼ ਨਾ ਕੁਸ਼ ਹੋ ਜਾਣਾ ਆ। ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗ਼ਲਤੀ ਇਹ ਸੀ ਕਿ ਮੈਂ ਵਿਆਹ ਕਰਾਉਣ ਲੱਗਿਆਂ ਬਹੁਤਾ ਸੋਚਿਆ-ਵਿਚਾਰਿਆ ਨ੍ਹੀਂ। ਸਾਰੀ ਗੱਲ ਘਰਦਿਆਂ ’ਤੇ ਛੱਡ ਦਿੱਤੀ। ਇਥੇ ਮੈਥੋਂ ਗਲਤੀ ਹੋ ਗਈ। ਆਖਰ ਜ਼ਿੰਦਗੀ ਦਾ ਮਸਲਾ ਹੁੰਦਾ। ਵਿਆਹ ਤੋਂ ਪਹਿਲਾਂ ਇਕ ਦੂਜੇ ਨੂੰ ਮਿਲਣਾ-ਗਿਲਣਾ-ਸਮਝਣਾ ਤੇ ਕਦਰ ਕਰਨੀ ਜਾਣਨੀ ਚਾਹੀਦੀ ਆ। ਕਦੇ ਕੋਈ ਕਾਹਲ ਨ੍ਹੀਂ ਕਰਨੀ ਚਾਹੀਦੀ। ਇਕ ਗੱਲ ਹੋਰ। ਤੂੰ ਵੀ ਕਾਹਲ ਨਾ ਕਰੀਂ। ਜੇ ਲੋੜ ਪਈ ਤਾਂ ਮੈਥੋਂ ਸਲਾਹ ਲੈ ਲਈਂ।’’
-----
ਇਹਨੀਂ ਦਿਨੀਂ ਮੈਂ ਅਜਿਹੇ ਸਾਥ ਦੀ ਲੋੜ ਮਹਿਸੂਸ ਕਰਨ ਲੱਗੀ ਸੀ ਜਿਸ ਦੀ ਛਾਤੀ ’ਤੇ ਸਿਰ ਰੱਖ ਕੇ ਮੈਂ ਘੰਟਿਆਂ ਬੱਧੀ ਭਰਵੀਂ ਨੀਂਦ ਸੌਂ ਸਕਾਂ। ਮਹਿੰਦਰ ਦਾ ਜਿਸਮ ਇਕਬਾਲ ਨਾਲੋਂ ਗੁੰਦਵਾਂ ਤੇ ਭਰਵਾਂ ਸੀ। ਉਨ੍ਹਾਂ ਦੇ ਨੈਣ-ਨਕਸ਼ਾਂ ਤੇ ਚਿਹਰੇ ’ਤੇ ਅਜੀਬ ਜਿਹੀ ਇਬਾਰਤ ਉਕਰੀ ਸੀ ਜਿਸ ਨੂੰ ਮੈਂ ਪੜ੍ਹਣਾ ਸ਼ੁਰੂ ਕਰ ਦਿੱਤਾ ਸੀ। ਮੈਂ ਉਨ੍ਹਾਂ ਵੱਲ ਖਿੱਚੀ ਗਈ ਸੀ। ਉਹ ਮੈਨੂੰ, ਜਦੋਂ ਵੀ ਵਿਹਲ ਹੁੰਦੀ, ਪੀਅਨ ਹੱਥ ਸੁਨੇਹਾ ਭੇਜ ਕੇ ਬੁਲਾ ਲੈਂਦੇ ਸਨ।
ਇਕ ਦਿਨ ਉਨ੍ਹਾਂ ਕਿਹਾ ਸੀ, ‘‘ਆਪਣੀ ਜਾਤ ਤੋਂ ਬਾਹਰ ਵਿਆਹ ਕਰਵਾਉਣਾ ਵੀ ਚੌਥੀ ਕੂੰਟ ਵੱਲ ਜਾਣਾ ਹੁੰਦਾ।’’
‘‘ਚੌਥੀ ਕੂੰਟ?’’
‘‘ਇਕ ਚੌਥੀ ਕੂੰਟ ਹੁੰਦੀ ਆ। ਪਿਛਲੇ ਸਮਿਆਂ ਵਿਚ ਕੋਈ ਰਾਜਾ, ਰਾਜ ਕੁਮਾਰ ਜਾਂ ਖੋਜੀ ਜਦੋਂ ਆਪਣੇ ਮਿਸ਼ਨ ’ਤੇ ਨਿਕਲਦਾ ਸੀ ਤਾਂ ਕੋਈ ਸਿਆਣਾ ਕਹਿੰਦਾ ਸੀ। ਸਮਝਾਉਂਦਾ ਹੁੰਦਾ ਸੀ ਕਿ ਫਲਾਣੇ ਪਾਸੇ ਚੌਥੀ ਕੂੰਟ ਪੈਂਦੀ ਆ। ਉਥੇ ਦਿਉ, ਫਫਾਕੁਟਣੀਆਂ, ਵੱਡੇ-ਵੱਡੇ ਸੱਪ, ਜਾਦੂਗਰਣੀਆਂ ਹੁੰਦੀਆਂ। ਉਸ ਪਾਸੇ ਨ੍ਹੀਂ ਜਾਣਾ। ਜੇ ਗਿਆ ਤਾਂ ਵਾਪਸ ਨ੍ਹੀਂ ਮੁੜ ਹੋਣਾ। ਜੋ ਵੀ ਉਸ ਪਾਸੇ ਗਿਆ ਕਦੇ ਜਿਊਂਦਾ ਨ੍ਹੀਂ ਮੁੜਿਆ। ਜਾਣ ਵਾਲੇ ਦੇ ਮਨ ’ਤੇ ਅਜਿਹਾ ਪ੍ਰਭਾਵ ਛੱਡਿਆ ਜਾਂਦਾ ਕਿ ਉਹ ਉਸ ਪਾਸੇ ਜਾਣ ਦਾ ਹੀਆਂ ਨਾ ਕਰਦਾ। ਜੇ ਕੋਈ ਲੀਕ ਪਾੜ ਕੇ ਉਸ ਪਾਸੇ ਗਿਆ-ਉਸ ਨੇ ਹੀ ਕੁਸ਼ ਪ੍ਰਾਪਤ ਕੀਤਾ।’’
-----
ਅਸੀਂ ਕੱਲ੍ਹ ਨੂੰ ਬਾਅਦ ਦੁਪਹਿਰ ਪਿੰਜੌਰ ਗਾਰਡਨ ਜਾਣ ਦਾ ਪ੍ਰੋਗਰਾਮ ਉਲੀਕਿਆ ਸੀ। ਇਸੇ ਖੁਸ਼ੀ ’ਚ ਕਿ ਮੈਂ ਉਨ੍ਹਾਂ ਨੂੰ ਹਾਂ ਕਰ ਦਿੱਤੀ ਸੀ, ਉਨ੍ਹਾਂ ਪੀਅਨ ਨੂੰ ਬੁਲਾ ਕੇ ‘ਮਲਹੋਤਰਾ ਕੌਫੀ ਹਾਊਸ’ ਤੋਂ ਸਪੈਸ਼ਲ ਕੌਫੀ ਮੰਗਵਾਈ ਸੀ। ਉਨ੍ਹਾਂ ਮੈਨੂੰ ਆਪਣੇ ਕਾਲਜ ਸਮੇਂ ਦੀ ਕੋਈ ਦਿਲਚਸਪ ਆਪ ਬੀਤੀ ਸੁਣਾਉਣ ਲਈ ਜ਼ੋਰ ਪਾਇਆ ਸੀ। ਮੈਂ ਉਨ੍ਹਾਂ ਨੂੰ ਦੱਸਿਆ ਸੀ, ‘‘ਮੈਂ ਬੀ. ਏ. ਥਰਡ ਯੀਅਰ ਵਿੱਚ ਸੀ। ਇੰਗਲਿਸ਼ ਪ੍ਰੋ. ਜਗਦੀਸ਼ ਤੇ ਰਾਮ ਰਤਨ ਪੜ੍ਹਾਉਂਦੇ ਸਨ। ਉਨ੍ਹਾਂ ਦੋਹਾਂ ਨੇ ਮੈਨੂੰ ਲਲਚਾਈਆਂ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਸੀ। ਦੋਹਾਂ ਵਿਚ ਕਸ਼ਮਕਸ਼ ਵੱਧ ਗਈ ਸੀ। ਇਕ ਕਹਿੰਦਾ ਕਿ ਉਹ ਪਹਿਲਾ ਪੀਰੀਅਡ ਲਵੇਗਾ। ਦੂਜਾ ਕਹਿੰਦਾ ਮੈਂ ਲਵਾਂਗਾ। ਉਨ੍ਹਾਂ ਦਾ ਇਹ ਵਤੀਰਾ ਹਰ ਸਾਲ ਇਉਂ ਹੀ ਚਲਦਾ ਰਹਿੰਦਾ। ਇਕ ਸਾਲ ਤਾਂ ਉਨ੍ਹਾਂ ਹੋਰ ਹੀ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜੀਆਂ ਸਨ। ਮੈਨੇਜਮੈਂਟ ਨਾਲ ਪੰਗਾ ਲਿਆ ਸੀ। ਕੋਈ ਪੇਸ਼ ਨਾ ਜਾਂਦੀ ਦੇਖ ਉਹ ਹੱਥੋਂ ਪਾਈ ਹੋਣ ਤੱਕ ਗਏ ਸਨ।’’ ਮਹਿੰਦਰ ਨੇ ਕਾਹਲਾ ਪੈਂਦਿਆਂ ਪੁੱਛਿਆ ਸੀ, ‘‘ਫੇਰ ਜਿੱਤ ਕਿਸ ਦੀ ਹੋਈ ਸੀ?’’ ‘‘ਇਹਨੂੰ ਰਾਜ਼ ਹੀ ਰਹਿਣ ਦਿਉ।’’ ਉਦੋਂ ਹੀ ਪੀਅਨ ਅੰਦਰ ਆਇਆ ਸੀ। ਉਹਨੇ ਦੱਸਿਆ ਕਿ ਬਾਹਰ ਕੋਈ ਗੈਸਟ ਮਿਲਣ ਵਾਲੇ ਆਏ ਸਨ। ਮੈਨੂੰ ਪਤਾ ਸੀ ਕਿ ਕੌਣ ਆਏ ਹੋਣਗੇ। ਫੇਰ ਵੀ ਦਿਖਾਵੇ ਲਈ ਮੈਂ, ਸ਼ੀਸ਼ੇ ਦੇ ਵਿਚਕਾਰਲੀ ਥਾਂ, ਜਿਥੋਂ ਮਹਿੰਦਰ ਨੇ ਬਾਹਰ ਦੇਖਣ ਲਈ ਥੋੜ੍ਹੀ ਕੁ ਜਗ੍ਹਾ ਪਰਦਾ ਹਟਾਇਆ ਹੋਇਆ ਸੀ, ਦੇਖਿਆ ਸੀ। ਮੰਮੀ ਦੇ ਨਾਲ ਦੋ ਓਪਰੇ ਬੰਦੇ ਤੇ ਇਕ ਪੈਂਤੀ ਕੁ ਸਾਲਾਂ ਦੀ ਤੀਵੀਂ ਬੈਠੀ ਸੀ। ਮਹਿੰਦਰ ਨੇ ਮੈਨੂੰ ਜਾਣ ਲਈ ਇਸ਼ਾਰਾ ਕੀਤਾ ਸੀ ਪਰ ਮੈਂ ਉਨ੍ਹਾਂ ਦੇ ਇਸ਼ਾਰੇ ਵੱਲ ਧਿਆਨ ਹੀ ਨਹੀਂ ਦਿੱਤਾ ਸੀ। ਮੈਂ ਕੋਈ ਹੋਰ ਗੱਲ ਛੇੜ ਲਈ ਸੀ। ਮੈਂ ਉਨ੍ਹਾਂ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਤਾਂ ਕਿ ਬਾਹਰ ਬੈਠੇ ਮੇਰੀ ਆਵਾਜ਼ ਨੂੰ ਸੁਣ ਲੈਣ। ਮਨ ’ਚ ਇਹ ਵਿਚਾਰ ਆ ਰਿਹਾ ਸੀ ਕਿ ਕਾਸ਼-ਇਨ੍ਹਾਂ ਨਾਲ ਚਾਚਾ ਜੀ ਤੇ ਫੁੱਫੜ ਜੀ ਆਏ ਹੁੰਦੇ। ਮੈਂ ਉਨ੍ਹਾਂ ਨੂੰ ਘੰਟਾ ਭਰ ਬੈਠਾਉਣਾ ਸੀ। ਦੱਸਣਾ ਸੀ-ਦੇਖੋ ਮੈਂ ‘ਆਪਣੇ ਯਾਰ’ ਨਾਲ ਬੈਠੀ ਹਾਂ। ਛੰਦੜਾਂ ਵਾਲੇ ਮਹਿੰਦਰ ਵਾਲਮੀਕ ਨਾਲ। ਹੁਣ ਮੈਂ ਉਨ੍ਹਾਂ ਨਾਲ ਵਿਆਹ ਕਰਵਾ ਕੇ ਦਿਖਾਊਂਗੀ। ਤੁਸੀਂ ਜਿਹੜਾ ਕਿਲਾ ਫਤਹਿ ਕਰਨ ਤੁਰੇ ਹੋ-ਉਹਦੀ ਤੁਹਾਡੇ ਸਾਹਮਣੇ ਹੀ ਮੈਂ ਇੱਟ ਨਾਲ ਇੱਟ ਖੜਕਾ ਦੇਣੀ ਹੈ। ਵਿਚ-ਵਿਚ ਮੈਂ ਮੰਮੀ ਵੱਲ ਦੇਖ ਲੈਂਦੀ ਸੀ। ਉਨ੍ਹਾਂ ਦੇ ਚਿਹਰੇ ਦਾ ਰੰਗ ਪਲ ਪਲ ਬਦਲ ਰਿਹਾ ਸੀ। ਮੈਂ 15-20 ਮਿੰਟ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ ਸੀ। ਆਪੇ ਉਡੀਕ ਕਰਕੇ ਚਲੇ ਜਾਣਗੇ। ਜਦੋਂ ਮੈਂ ਮੰਮੀ ਵੱਲੋਂ ਦੱਸੀ ਥਾਂ ’ਤੇ ਵਿਆਹ ਹੀ ਨਹੀਂ ਕਰਵਾਉਣਾ ਸੀ ਤਾਂ ਫਿਰ ਦੇਖ ਦਿਖਾਵਾ ਕਾਸ ਲਈ ਕਰਨਾ ਸੀ। ਮੈਂ ਇਸ ਸੰਬੰਧੀ ਮਹਿੰਦਰ ਨਾਲ ਕੋਈ ਗੱਲ ਨਹੀਂ ਕੀਤੀ ਸੀ। ਬੱਸ ਇਹੀ ਕਿਹਾ ਸੀ ਕਿ ਮੇਰੇ ਰਿਸ਼ਤੇਦਾਰ ਸਨ। ਇਨ੍ਹਾਂ ਨੂੰ ਕੋਈ ਕਾਹਲ ਨਹੀਂ ਹੋਵੇਗੀ। ਮੈਂ ਗੱਲਾਂ ਦੀ ਲੜੀ ਨਹੀਂ ਤੋੜਣੀ ਚਾਹੁੰਦੀ ਸੀ। ਆਪਣਾ ਮਜ਼ਾ ਕਿਰਕਿਰਾ ਨਹੀਂ ਕਰਨਾ ਚਾਹੁੰਦੀ ਸੀ। ਇਸ ਤੋਂ ਜ਼ਿਆਦਾ ਇਹ ਵੀ ਸੀ ਕਿ ਮੈਂ ਬਾਹਰ ਬੈਠਿਆਂ ਨੂੰ ਖਿਝਾਉਣਾ ਚਾਹੁੰਦੀ ਸੀ। ਬਾਹਰੋਂ ਫੇਰ ਸੁਨੇਹਾ ਆਇਆ ਸੀ ਤਾਂ ਮੈਂ ਲੈਟਰ ਪੈਡ ਤੇ ਪੈੱਨ ਫੜੀ ਕਾਹਲੀ-ਕਾਹਲੀ ਬਾਹਰ ਆ ਗਈ ਸੀ। ਆਉਂਦਿਆਂ ਹੀ ਪੀਅਨ ਨੂੰ ਉ¤ਚੀ ਉ¤ਚੀ ਬੋਲਣ ਲੱਗੀ ਸੀ, ‘‘ਤੂੰ ਮੈਨੂੰ ਇਹਨਾਂ ਬਾਰੇ ਪਹਿਲਾਂ ਕਿਉਂ ਨ੍ਹੀਂ ਦੱਸਿਆ? ਇਨ੍ਹਾਂ ਨੂੰ ਚਾਹ ਵੀ ਪਿਲਾਈ ਕਿ ਨ੍ਹੀਂ?’’ ਪੀਅਨ ਨੇ ਅੱਗੋਂ ਕੋਈ ਜੁਆਬ ਨਹੀਂ ਦਿੱਤਾ ਸੀ। ਉਹ ਤਾਂ ਸਬਰ ਦਾ ਘੁੱਟ ਭਰ ਗਿਆ ਸੀ।
-----
ਮੰਮੀ ਮੈਨੂੰ ਉਠਾਲ ਕੇ ਬਾਹਰ ਲੈ ਗਏ ਸਨ। ਮੈਨੂੰ ਮੇਰੀ ਪਸੰਦ ਬਾਰੇ ਪੁੱਛਿਆ ਸੀ। ਇਸ ਗੱਲ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮੁੰਡਾ ਸਿਵਲ ਹਸਪਤਾਲ ਵਿਚ ਅਸਿਸਟੈਂਟ ਲੱਗਾ ਹੋਇਆ ਸੀ। ਦੇਖਣ-ਚਾਖਣ ਨੂੰ ਚੰਗਾ ਭਲਾ ਸੀ। ਮੈਂ ਚਾਹੁੰਦੀ ਸੀ ਕਿ ਮੰਮੀ ਇਕ ਵਾਰ ਮਹਿੰਦਰ ਨੂੰ ਮਿਲ ਲੈਣ। ਦੇਖ ਲੈਣ। ਫੇਰ ਮੈਂ ਉਨ੍ਹਾਂ ਨੂੰ ਆਪਣੀ ਇਸ ਨਵੀਂ ਪਸੰਦ ਬਾਰੇ ਦੱਸ ਦਵਾਂਗੀ। ਮੈਨੂੰ ਪਤਾ ਸੀ ਕਿ ਮਸਲਾ ਵਿਆਹ ਕਰਾਉਣ ਨਾਲ ਹੀ ਹੱਲ ਹੋਣਾ ਸੀ। ਭਾਵੇਂ ਮੈਂ ਇਕਬਾਲ ਤੋਂ ਟੁੱਟਣ ਵੇਲੇ ਭਾਵੁਕ ਹੋ ਕੇ ਮੰਮੀ ਨੂੰ ਇਥੋਂ ਤੀਕ ਕਹਿ ਦਿੱਤਾ ਸੀ ਕਿ ਮੇਰੇ ਹੱਥਾਂ ਦੀਆਂ ਲਕੀਰਾਂ ਵਿਚੋਂ ਵਿਆਹ ਵਾਲੀ ਰੇਖਾ ਸਦਾ ਸਦਾ ਲਈ ਮਿੱਟ ਗਈ ਹੈ।
-----
ਮੰਮੀ ਦੇ ਜ਼ੋਰ ਦੇਣ ’ਤੇ ਮੈਂ ਉਨ੍ਹਾਂ ਨੂੰ ਡਿਵਲਪਮੈਂਟ ਅਥਾਰਟੀ ਦੀ ਕੰਟੀਨ ਵਿਚ ਲੈ ਜਾ ਕੇ ਠੰਢਾ ਪਿਆਇਆ ਸੀ। ਉਸ ਮੁੰਡੇ ਨੇ, ਜਿਸ ਦਾ ਨਾਂ ਸੁਭਾਸ਼ ਸੀ, ਮੇਰੀ ਪੋਸਟ, ਬੇਸਿਕ ਪੇਅ ਤੇ ਪਸੰਦਗੀਆਂ-ਨਾਪਸੰਦਗੀਆਂ ਬਾਰੇ ਪੁੱਛਿਆ ਸੀ। ਉਹੀ ਮੇਰੇ ਕੋਲੋਂ ਪੁੱਛੀ ਗਿਆ ਸੀ। ਮੈਂ ਉਸ ਕੋਲੋਂ ਕੁਝ ਨਹੀਂ ਪੁੱਛਿਆ ਸੀ। ਅਜਿਹੀਆਂ ਪੁੱਛਾਂ-ਗਿੱਛਾਂ ’ਚੋਂ ਮੈਂ ਪੰਦਰਾਂ ਵੀਹ ਵਾਰ ਗੁਜ਼ਰ ਚੁੱਕੀ ਸੀ। ਅਗਲੇ ਦੀ ਭਾਵਨਾ ਜਾਣ ਲੈਂਦੀ ਸੀ। ਸੁਭਾਸ਼ ਮੈਨੂੰ ਦੂਜਿਆਂ ਨਾਲੋਂ ਸਿਆਣਾ ਲੱਗਾ ਸੀ। ਉਸ ਮੈਨੂੰ ਕਿਹਾ ਸੀ, ‘‘ਜਦੋਂ ਅਸੀਂ ਪੜ•ਦੇ ਹਾਂ ਤਾਂ ਸਾਡੇ ਵਿਚਾਰ ਹੋਰ ਹੀ ਤਰ੍ਹਾਂ ਦੇ ਹੁੰਦੇ ਆ। ਜਦੋਂ ਅਸੀਂ ਜੌਬ ਕਰਦੇ ਆਂ ਤਾਂ ਅਕਸਰ ਸਾਡੀਆਂ ਪਰਾਏਓਰੀਟੀਆਂ ਬਦਲ ਜਾਂਦੀਆਂ। ਜਦੋਂ ਅਸੀਂ ਪਿਆਰ ਕਰਦੇ ਆਂ ਸਾਡੀਆਂ ਭਾਵਨਾਵਾਂ ਹੋਰ ਹੁੰਦੀਆਂ ਆਂ। ਵਿਆਹ ਸੰਬੰਧੀ ਹੋਰ। ਇਹ ਚੇਂਜ ਤੁਸੀਂ ਵੀ ਮਹਿਸੂਸ ਕੀਤੀ ਹੋਵੇਗੀ?’’ ਮੈਂ ‘ਹਾਂ’ ’ਚ ਸਿਰ ਹਿਲਾਇਆ ਸੀ। ਫੇਰ ਉਸ ਪੁੱਛਿਆ ਸੀ, ‘‘ਕਾਲਜ ਵੇਲੇ ਤੁਹਾਡੀ ਖ਼ਵਾਹਿਸ਼ ਕੀ ਹੁੰਦੀ ਸੀ?’’ ਮੈਂ ਬੇਝਿਜਕ ਦੱਸ ਦਿੱਤਾ ਸੀ, ‘‘ਪ੍ਰੇਮ ਵਿਆਹ।’’ ਉਸ ਅਗਾਂਹ ਪੁੱਛਿਆ ਸੀ, ‘‘ਹੁਣ?’’ ਮੈਂ ਕਿਹਾ ਸੀ, ‘‘ਕੋਈ ਸਮਝ ਨ੍ਹੀਂ ਪੈਂਦੀ। ਮਨ ਦੋ ਚਿੱਤੀ ’ਚ ਪਿਆ ਰਹਿੰਦਾ।’’ ਉਸ ਜਾਂਦਿਆਂ ਹੋਇਆਂ ਪੁੱਛਿਆ ਸੀ, ‘‘ਤੁਹਾਡੇ ਮੇਰੇ ਬਾਰੇ ਕੀ ਵਿਚਾਰ ਬਣੇ?’’
‘‘ਇਹ ਤਾਂ ਸੋਚ ਕੇ ਦੱਸਾਂਗੀ।’’
‘‘ਕਿੰਨਾ ਕੁ ਚਿਰ ਵਿਚ?’’
‘‘ਤੁਹਾਨੂੰ ਕੋਈ ਕਾਹਲੀ ਤਾਂ ਨ੍ਹੀ?’’
‘‘ਕਾਹਲੀ ਮੈਨੂੰ ਨ੍ਹੀਂ, ਮੇਰੇ ਘਰਦਿਆਂ ਨੂੰ ਆ’’
‘‘ਇਧਰ ਵੀ ਉਹੀ ਹਾਲ ਆ। ਮੈਨੂੰ ਆਪਣਾ ਮੋਬਾਇਲ ਨੰਬਰ ਲਿਖਾ ਦਿਓ। ਮੈਂ ਤੁਹਾਨੂੰ ਇਕੱਲਿਆਂ ਨੂੰ ਮਿਲਣਾ ਚਾਹੁੰਦੀ ਹਾਂ। ਤੁਹਾਨੂੰ ਕੋਈ ਅਬਜ਼ੈਕਸ਼ਨ ਤਾਂ ਨ੍ਹੀਂ?’’
‘‘ਬਿਲਕੁਲ ਨ੍ਹੀਂ। ਸਾਡਾ ਪਰਿਵਾਰ ਮੌਡਰਨ ਆ।’’
ਮੈਂ ਘੰਟੇ ਕੁ ਬਾਅਦ ਮੁੜ ਕੇ ਦਫ਼ਤਰ ਵਿਚ ਆਈ ਤਾਂ ਮਹਿੰਦਰ ਜਾ ਚੁੱਕੇ ਸਨ। ਸ਼ਾਇਦ ਉਨ੍ਹਾਂ ਪਿੰਡ ਵਾਲੀ ਬਸ ਫੜ ਲਈ ਹੋਵੇਗੀ। ਇਹ ਵੀ ਚੰਗਾ ਹੋਇਆ ਕਿ ਉਹ ਸ਼ਾਮ ਤੱਕ ਵਾਪਸ ਨਹੀਂ ਆਏ। ਨਾ ਹੀ ਮੋਬਾਇਲ ’ਤੇ ਉਨ੍ਹਾਂ ਦਾ ਕੋਈ ਮੈਸਿਜ਼ ਮਿਲਿਆ ਸੀ।
-----
ਮੰਮੀ ਨੇ ਦੋ ਤਿੰਨ ਵਾਰ ਇਸ ਰਿਸ਼ਤੇ ਬਾਰੇ ਪੁੱਛਿਆ ਸੀ। ਉਹ ਇਸੇ ਗੱਲ ’ਤੇ ਜ਼ੋਰ ਦੇ ਰਹੇ ਸਨ ਕਿ ਸੁਭਾਸ਼ ਦੇ ਨੈਣ ਨਕਸ਼ ਤਿੱਖੇ ਸਨ। ਉਹਦੀ ਨੌਕਰੀ ਚੰਗੀ ਸੀ। ਉਨ੍ਹਾਂ ਦਾ ਘਰ ਦਾ ਮਕਾਨ ਸੀ। ਸਭ ਤੋਂ ਵੱਡੀ ਗੱਲ-ਉਹ ਬਾਈ ਸੈਕਟਰ ’ਚ ਰਹਿੰਦੇ ਸਨ। ਸੌ ਦੁੱਖ-ਸੁੱਖ ’ਚ ਕੰਮ ਆ ਸਕਦੇ ਸਨ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਕੁਝ ਚਿਰ ਇੰਤਜ਼ਾਰ ਕਰਨ। ਉਨ੍ਹਾਂ ਆਪਣੀ ਗੱਲ ’ਤੇ ਜ਼ੋਰ ਦਿੰਦਿਆਂ ਹੋਇਆਂ ਕਿਹਾ ਸੀ, ‘‘ਹੁਣ ਮੈਥੋਂ ਹੋਰ ਇੰਤਜ਼ਾਰ ਨ੍ਹੀਂ ਹੋਣਾ। ਤੂੰ ਸਾਡੇ ਬਾਰੇ ਸੋਚਣਾ ਛੱਡ ਦੇ। ਸਾਡੇ ਕਰਕੇ ਆਪਣੀ ਜ਼ਿੰਦਗੀ ਨਾ ਖਰਾਬ ਕਰ। ਤੂੰ ਆਪਣੇ ਬਾਰੇ ਸੋਚ। ਹਰ ਚੀਜ਼ ਦਾ ਇਕ ਸਮਾਂ ਹੁੰਦਾ। ਕੁਦਰਤ ਸਭ ਨੂੰ ਮੌਕਾ ਦਿੰਦੀ ਆ। ਤੈਨੂੰ ਵੀ ਮੌਕਾ ਮਿਲਿਆ ਆ। ਜੇ ਤੂੰ ਇਸ ਦਾ ਫ਼ਾਇਦਾ ਨਾ ਉਠਾਇਆ ਤਾਂ.... ਹੁਣ ਤੈਨੂੰ ਆਪਣੇ ਮਾਲਕ ਦੀ ਲੋੜ ਆ। ਤੂੰ ਉਸ ਬਿਨਾਂ ਅਧੂਰੀ ਆ। ਤੇਰਾ ਜਿਸਮ ਅਧੂਰਾ ਆ। ਤੂੰ ਮੇਰੀ ਗੱਲ ਨੂੰ ਕਿਉਂ ਨ੍ਹੀਂ ਸਮਝਦੀ? ਮੈਂ ਤੇਰੀ ਦੁਸ਼ਮਣ ਨ੍ਹੀਂ ਆਂ। ਮੈਂ ਤੇਰੀ ਮਾਂ ਹਾਂ। ਤੈਨੂੰ ਹੁਣ ਮਰਦ ਦੀ ਲੋੜ ਆ-ਆਪਣੇ ਮਾਲਕ ਦੀ ਲੋੜ ਆ। ਸਮਝੀ ਕਿ ਨ੍ਹੀਂ?’’ ਮਨ ਦੀ ਕਿਸੇ ਨੁੱਕਰ ਵਿਚੋਂ ਨਿਕਲਿਆ ਸੀ ਕਿ ਹਾਂ ਜਾਂ ਨਾਂਹ ਕਹਿਣ ਤੋਂ ਪਹਿਲਾਂ ਮਹਿੰਦਰ ਦੀ ਸਲਾਹ ਵੀ ਪੁੱਛ ਹੀ ਲਵਾਂ। ਉਸ ਤੋਂ ਵੱਡਾ ਮੇਰਾ ਕੋਈ ਹਮਦਰਦੀ ਨਹੀਂ ਹੋ ਸਕਦਾ।
------
ਇਨ੍ਹਾਂ ਸੋਚਾਂ, ਵਿਚਾਰਾਂ, ਜੱਕਾਂ ਤੱਕਾਂ ਵਿਚ ਪਈ ਦੀ ਅੱਖ ਲੱਗ ਗਈ ਸੀ। ਅੱਧ ਸੁਰਤੀ ਦੀ ਅਵਸਥਾ ’ਚ ਮੈਨੂੰ ਭੁਚੱਕਾ ਜਿਹਾ ਪਿਆ ਸੀ ਜਿਵੇਂ ਇਕਬਾਲ ਨੇ ਕਿਹਾ ਸੀ, ‘‘ਗੁਰਲੀਨ ਕੌਰੇ-ਤੂੰ ਆਪਣੀ ਦੇਹ ਨੂੰ ਕਿਹੜੇ ਜੁਰਮਾਂ ਦੀ ਸਜ਼ਾ ਦੇ ਰਹੀ ਆਂ। ਇਹਨੂੰ ਇਹਦੇ ਮਾਲਕ ਕੋਲ ਸੌਂਪ ਦੇ।...ਪਹਿਲਾਂ ਵੀ ਤੂੰ ਇਕ ਵਾਰੀ ਗ਼ਲਤੀ ਕੀਤੀ ਸੀ। ਮੁੜ ਇਹੀ ਗ਼ਲਤੀ ਨਾ ਕਰੀਂ। ਤੈਨੂੰ ਮਹਿੰਦਰ ਨੇ ਸਮਝਾਇਆ ਸੀ ਕਿ ਚੌਥੀ ਕੂੰਟ ਵੱਲ ਜਾ ਕੇ ਹੀ ਕੁਸ਼ ਹਾਸਿਲ ਕੀਤਾ ਜਾ ਸਕਦਾ।’’ ਮੈਂ ਉਸੇ ਵੇਲੇ ਮੋਬਾਇਲ ’ਤੇ ਐਸ. ਐਮ. ਐਸ. ਕੀਤਾ ਸੀ।
*****
ਸਮਾਪਤ
No comments:
Post a Comment