ਲੇਖ
ਭਾਗ ਦੂਜਾ
ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।
ਕਿਸੇ ਆਲੋਚਨਾਤਮਕ ਕਿਰਤ ਬਾਰੇ ਜਾਨਣ/ਸਮਝਣ ਲਈ ਜ਼ਰੂਰੀ ਹੈ ਕਿ ਉਹ ਆਲੋਚਕ ਸੰਬੰਧਿਤ ਰਚਨਾ ਨੂੰ ਪਰਖ਼ਣ ਪੜਚੋਲਣ ਲਈ ਕਿਸ ਆਲੋਚਨਾ-ਵਿਧੀ ਦਾ ਸਹਾਰਾ ਲੈਂਦਾ ਹੈ। ਸੁਖਿੰਦਰ ਨੇ ਜੋ ਆਲੋਚਨਾ-ਵਿਧੀ ਵਰਤੀ ਹੈ, ਉਹ ਸਮਾਜ-ਸ਼ਾਸ਼ਤਰੀ ਆਲੋਚਨਾ ਪ੍ਰਣਾਲੀ ਦੇ ਨਜ਼ਦੀਕ ਹੈ। ਕਿਸੇ ਰਚਨਾ ਨੂੰ ਸਮਝਣ ਲਈ ਉਹ ਉਸ ਵਿਚ ਪੇਸ਼ ਵਿਸ਼ਾ-ਵਸਤੂ ਦੀ ਵਿਆਖਿਆ ਤੇ ਵਿਵੇਚਨ ਤੱਕ ਹੀ ਸੀਮਤ ਰਹਿੰਦਾ ਹੈ। ਵਿਸ਼ਾ-ਕੇਂਦਰਿਤ ਆਲੋਚਨਾ ਵਿਧੀ ਅਪਨਾਉਣ ਕਰਕੇ ਉਹ ਕਿਸੇ ਵਿਸ਼ੇਸ਼ ਰਚਨਾ ਵਿਚ ਪੇਸ਼ ਜੀਵਨ ਸਰੋਕਾਰਾਂ ਜਾਂ ਸਮੱਸਿਆਵਾਂ ਬਾਰੇ ਪਹਿਲਾਂ ਆਪਣੀ ਸਾਧਾਰਨੀਕ੍ਰਿਤ ਰਾਇ ਪ੍ਰਸਤੁਤ ਕਰਦਾ ਹੈ। ਫਿਰ ਸੰਬੰਧਿਤ ਰਚਨਾ ਵਿਚੋਂ ਲੰਮੀ ਟੂਕ, ਵਾਰਤਾਲਾਪ ਦਾ ਲੰਮਾਂ ਅੰਸ਼ ਜਾਂ ਕਾਵਿ-ਟੋਟਾ/ਟੋਟੇ ਦੇ ਕੇ ਆਪਣੀ ਪਹਿਲਾਂ ਦਿੱਤੀ ਹੋਈ ਰਾਇ ਨੂੰ ਪੁਸ਼ਟ ਤੇ ਪ੍ਰਮਾਣਿਤ ਕਰਦਾ ਹੈ। ਫਿਰ ਪਹਿਲਾਂ ਦਿੱਤੀ ਰਾਇ ਦਾ ਹੀ ਕੋਈ ਅਗਲਾ ਵਿਸਥਾਰ ਦਿੰਦਾ ਹੈ ਜਾਂ ਕਿਸੇ ਨਵੇਂ ਨੁਕਤੇ ਨੂੰ ਛੂੰਹਦਾ ਹੈ ਤੇ ਉਸਨੂੰ ਪੁਸ਼ਟ ਕਰਨ ਲਈ ਉਸ ਰਚਨਾ ਵਿਚੋਂ ਲੰਮਾ ਹਵਾਲਾ ਬਿਆਨ ਕਰਦਾ ਹੈ। ਕਈ ਵਾਰ ਇਹ ਤਰਤੀਬ ਬਦਲ ਵੀ ਜਾਂਦੀ ਹੈ। ਉਹ ਪਹਿਲਾਂ ਸਮੱਸਿਆ ਵੱਲ ਸੰਕੇਤ ਕਰ ਦਿੰਦਾ ਹੈ ਤੇ ਫਿਰ ਰਚਨਾ ਵਿਚੋਂ ਟੂਕ ਦਿੰਦਾ ਹੈ। ਉਸਤੋਂ ਉਪਰੰਤ ਉਸ ਟੂਕ ਦੇ ਹਵਾਲੇ ਨਾਲ ਉਸ ਵਿਸ਼ੇਸ਼ ਪੱਖ ਦੀ ਵਿਆਖਿਆ ਵੀ ਕਰਦਾ ਹੈ ਤੇ ਨਾਲ ਦੇ ਨਾਲ ਸੰਬੰਧਿਤ ਮਸਲੇ ਬਾਰੇ ਆਪਣਾ ਮੱਤ ਵੀ ਪ੍ਰਸਤੁਤ ਕਰਦਾ ਹੈ। ਇੰਝ ਲੜੀ ਦਰ ਲੜੀ ਇਹ ਵਿਆਖਿਆ ਚੱਲਦੀ ਰਹਿੰਦੀ ਹੈ। ਇੰਝ ਉਹ ਮਸਲਿਆਂ ਪ੍ਰਤੀ ਲੇਖਕ ਦੇ ਵਿਸ਼ੇਸ਼ ਸਿਧਾਂਤਕ ਪੈਂਤੜਿਆਂ ਦੀ ਨਿਸ਼ਾਨਦੇਹੀ ਕਰਦਾ ਤੁਰਿਆ ਜਾਂਦਾ ਹੈ।
-----
ਜਦੋਂ ਕੋਈ ਆਲੋਚਕ ਕਨੇਡੀਅਨ ਸਮਾਜ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਬਾਰੇ ਕਿਸੇ ਵਿਸ਼ੇਸ਼ ਲੇਖਕ ਦੀ ਵਿਸ਼ੇਸ਼ ਰਚਨਾ ਦੇ ਹਵਾਲੇ ਨਾਲ ਆਲੋਚਨਾ ਜਾਂ ਵਿਆਖਿਆ ਕਰ ਰਿਹਾ ਹੋਵੇ ਤਾਂ ਉਹਨਾਂ ਸਮਾਜਿਕ-ਸਭਿਆਚਾਰਕ, ਰਾਜਨੀਤਕ, ਧਾਰਮਿਕ ਤੇ ਆਰਥਿਕ ਮਸਲਿਆਂ ਬਾਰੇ ਉਸ ਕੋਲ ਲੋੜੀਂਦੀ ਜਾਣਕਾਰੀ ਤੇ ਉਹਨਾਂ ਮਸਲਿਆਂ ਦਾ ਵਿਸ਼ਲੇਸ਼ਣ ਕਰ ਸਕਣ ਦੀ ਪ੍ਰਮਾਣਿਕ ਸਮਝ ਹੋਣੀ ਵੀ ਲਾਜ਼ਮੀ ਹੈ। ਸੁਖਿੰਦਰ ਇਸ ਜਾਣਕਾਰੀ ਨਾਲ ਭਰਪੂਰ ਹੈ। ਉਹ ਕਨੇਡੀਅਨ ਪੰਜਾਬੀ ਸਮਾਜ, ਧਰਮ, ਸਭਿਆਚਾਰ, ਰਾਜਨੀਤੀ ਬਾਰੇ ਭਰੋਸੇਯੋਗ ਜਾਣਕਾਰੀ ਹੀ ਨਹੀਂ ਰੱਖਦਾ ਸਗੋਂ ਇਸਦੇ ਨਾਲ ਹੀ ਇਹਨਾਂ ਪੱਖਾਂ ਬਾਰੇ ਉਸਦਾ ਇਕ ਆਪਣਾ ਨਿਸਚਿਤ ਮੱਤ ਵੀ ਹੈ। ਇਸ ਮੱਤ ਪਿੱਛੇ ਉਸਦਾ ਆਪਣਾ ਦ੍ਰਿਸ਼ਟੀਕੋਨ ਕਾਰਜਸ਼ੀਲ ਹੈ। ਇਹ ਦ੍ਰਿਸ਼ਟੀਕੋਨ ਰਾਜਨੀਤਕ ਸ਼ਬਦਾਵਲੀ ਅਨੁਸਾਰ ‘ਮਾਰਕਸਵਾਦੀ’ ਜਾਂ ਸਾਹਿਤਕ ਸ਼ਬਦਾਵਾਲੀ ਅਨੁਸਾਰ, ‘ਪ੍ਰਗਤੀਵਾਦੀ’ ਆਖਿਆ ਜਾ ਸਕਦਾ ਹੈ। ਉਹ ਜਦੋਂ ਵੀ ਰਚਨਾਵਾਂ ਵਿਚ ਪੇਸ਼ ਮਸਲਿਆਂ ਜਾਂ ਵਰਤਾਰਿਆਂ ਨੂੰ ਪਛਾਣ ਰਿਹਾ ਹੁੰਦਾ ਹੈ ਤਾਂ ਇਸ ਪਛਾਣ ਪਿੱਛੇ ਉਸਦਾ ਪ੍ਰਗਤੀਵਾਦੀ ਦ੍ਰਿਸ਼ਟੀਕੋਨ ਹੀ ਕਾਰਜਸ਼ੀਲ ਦਿਖਾਈ ਦਿੰਦਾ ਹੈ। ਵਿਚਾਰ ਅਧੀਨ ਸਤਵੰਜਾ ਲੇਖਕਾਂ ਨੇ ਪਰਵਾਸੀ ਪੰਜਾਬੀਆਂ ਨਾਲ ਸੰਬੰਧਿਤ ਲਗਭਗ ਸਾਰੇ ਹੀ ਮੁੱਦੇ ਆਪਣੀਆਂ ਰਚਨਾਵਾਂ ਵਿਚ ਚਰਚਾ ਅਧੀਨ ਲੈ ਆਂਦੇ ਹਨ ਅਤੇ ਇਹਨਾਂ ਮੁੱਦਿਆਂ ਬਾਰੇ ਇਕ ਸਮਾਜ ਵਿਗਿਆਨੀ ਵਾਂਗ ਸੁਖਿੰਦਰ ਨੇ ਆਪਣੀ ਪ੍ਰਮਾਣਿਕ ਅਤੇ ਨਿਰਣਾਜਨਕ ਰਾਇ ਵੀ ਪ੍ਰਸਤੁਤ ਕੀਤੀ ਹੈ। ਪਾਠਕ ਪੁਸਤਕ ਨੂੰ ਪੜ੍ਹਦਿਆਂ ਕਨੇਡੀਅਨ ਪੰਜਾਬੀ ਪਰਵਾਸੀਆਂ ਦੇ ਜੀਵਨ ਇਤਿਹਾਸ, ਏਥੇ ਸਥਾਪਤ ਹੋਣ ਲਈ ਕੀਤੇ ਸੰਘਰਸ਼ ਅਤੇ ਇਥੋਂ ਤੇ ਸਮਾਜ-ਸਭਿਆਚਾਰ ਨਾਲ ਤਣਾਓਸ਼ੀਲ ਰਿਸ਼ਤੇ ਦੇ ਵਿਭਿੰਨ ਪਸਾਰਾਂ ਦੀ ਸੋਝੀ ਗ੍ਰਹਿਣ ਕਰਦਾ ਹੈ। ਇਸ ਪੱਖੋਂ ਸਾਹਿਤਕ ਦੇ ਨਾਲ ਨਾਲ ਇਸ ਪੁਸਤਕ ਦਾ ਸਮਾਜਿਕ-ਸਭਿਆਚਾਰਕ ਤੇ ਇਤਿਹਾਸਕ ਮਹੱਤਵ ਵੀ ਬਣ ਜਾਂਦਾ ਹੈ। ਕਨੇਡੀਅਨ ਸਾਹਿਤ ਨੂੰ ਜਾਨਣ ਤੇ ਖੋਜਣ ਦੀ ਇੱਛਾ ਰੱਖਣ ਵਾਲਿਆਂ ਵੱਲੋਂ ਇਸਨੂੰ ਇਕ ਸੰਦਰਭ-ਗ੍ਰੰਥ ਵਜੋਂ ਵੀ ਇਸਤੇਮਾਲ ਕੀਤਾ ਜਾ ਸਕੇਗਾ।
-----
ਇਹ ਪੁਸਤਕ ਕਿਉਂਕਿ ਕਨੇਡੀਅਨ ਪੰਜਾਬੀ ਸਾਹਿਤ ਬਾਰੇ ਪਹਿਲੀ ਪੁਸਤਕ ਹੈ ਤੇ ਇਸ ਪੱਖੋਂ ਵਿਆਪਕ ਪੱਧਰ ਤੇ ਇਕੋ ਵੇਲੇ ਵੱਖ ਵੱਖ ਵਿਧਾਵਾਂ ਦੇ ਲੇਖਕਾਂ ਦੀਆਂ ਅਨੇਕਾਂ ਪੁਸਤਕਾਂ ਦੇ ਵਿਵੇਚਨ ਨੂੰ ਇਕੋ ਥਾਂ ਤੇ ਪ੍ਰਸਤੁਤ ਕਰਕੇ ਤੇ ਪਾਠਕਾ ਨੂੰ ਇਸ ਸਾਹਿਤ ਨੂੰ ਪੜ੍ਹਨ ਲਈ ਤੇ ਨਵੇਂ ਆਲੋਚਕਾਂ ਨੂੰ ਇਸ ਸਾਹਿਤ ਨੂੰ ਸਮਝਣ ਤੇ ਪਰਖ਼ਣ ਲਈ ਪ੍ਰੇਰਿਤ ਕਰਨ ਲਈ ਇਸ ਪੁਸਤਕ ਨੇ ਇਤਿਹਾਸਕ ਰੋਲ ਤਾਂ ਨਿਭਾਇਆ ਹੀ ਹੈ ਪਰ ਇਸਦੇ ਨਾਲ ਪਹਿਲੀ ਪੁਸਤਕ ਵਾਲੀਆਂ ਕੁਝ ਸੀਮਾਵਾਂ ਵੀ ਇਸ ਵਿਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਕਿਸੇ ਵੀ ਰਚਨਾ ਦੀ ਆਲੋਚਨਾ ਕਰਨ ਲਈ ਵਿਧੀ ਭਾਵੇਂ ਕੋਈ ਵੀ ਵਰਤੀ ਜਾਵੇ, ਸੁਚੇਤ ਪਾਠਕ ਦੀ ਆਲੋਚਕ ਕੋਲੋਂ ਇਹ ਮੰਗ ਹੁੰਦੀ ਹੈ ਕਿ ਉਹ ਸੰਬੰਧਿਤ ਰਚਨਾ ਦੇ ਅੰਦਰ ਦਾਖ਼ਲ ਹੋਣ ਲਈ ਉਸ ਅੱਗੇ ਸਾਰੇ ਦਰਵਾਜ਼ੇ ਖੋਲ੍ਹੇ। ਮਸਲਨ: ਕਿਸੇ ਰਚਨਾ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਉਸ ਵਿਚ ਪੇਸ਼ ਰਚਨਾ ਵਸਤੂ ਦੇ ਵਿਸ਼ਲੇਸ਼ਣ ਲਈ ਕਾਰਜਸ਼ੀਲ ਰਚਨਾ-ਦ੍ਰਿਸ਼ਟੀ ਨੂੰ ਵੀ ਸਮਝਿਆ ਜਾਵੇ ਤੇ ਫਿਰ ਇਹ ਵੀ ਸਮਝਿਆ ਜਾਵੇ ਕਿ ਉਸ ਵਿਸ਼ੇਸ਼ ਰਚਨਾ ਦ੍ਰਿਸ਼ਟੀ ਦੇ ਹਵਾਲੇ ਨਾਲ ਕਿਸੇ ਵਸਤੂ ਨੂੰ ਚੁਣਨ ਤੇ ਫਿਰ ਪੇਸ਼ ਕਰਨ ਲਈ ਕਿਸ ਹੁਨਰਮੰਦੀ ਦਾ ਕਮਾਲ ਕੀਤਾ ਗਿਆ ਹੈ। ਕੋਈ ਵੀ ਲੇਖਕ ਆਪਣੇ ਅਨੁਭਵ ਅਤੇ ਕਲਪਨਾ ਦੇ ਸਹਾਰੇ ਵਿਸ਼ਾਲ ਜੀਵਨ ਵਿਚੋਂ ਕੁਝ ਟੋਟੇ ਆਪਣੀ ਰਚਨਾ ਵਿਚ ਪੇਸ਼ ਕਰਨ ਲਈ ਚੁਣਦਾ ਹੈ ਅਤੇ ਫਿਰ ਉਸਨੂੰ ਆਪਣੇ ਆਤਮ-ਅਨੁਭਵ ਦਾ ਭਾਗ ਬਣਾ ਕੇ ਹੁਨਰਮੰਦੀ ਨਾਲ ਉਸ ਵਿਸ਼ੇਸ਼ ਵਿਧਾ ਦੀ ਸ਼ਕਲ ਵਿਚ ਕਾਗ਼ਜ਼ਾਂ ‘ਤੇ ਉਤਾਰਦਾ ਹੈ। ਇਸ ਲਈ ਕਿਸੇ ਵੀ ਰਚਨਾ ਦਾ ਸਹੀ ਮੁੱਲ ਪਾਉਣ ਲਈ ਉਸ ਰਚਨਾ ਦੀ ਵਿਧਾਗਤ ਵਿਲੱਖਣਤਾ ਨੂੰ ਪਛਾਨਣਾ ਬਹੁਤ ਜ਼ਰੂਰੀ ਹੈ। ਕੀ ਉਹ ਵਿਸ਼ੇਸ਼ ਰਚਨਾ ਕਵਿਤਾ, ਕਹਾਣੀ, ਨਾਵਲ ਜਾਂ ਨਾਟਕ ਬਣ ਵੀ ਸਕੀ ਹੈ ਜਾਂ ਨਹੀਂ, ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ। ਸਾਹਿਤ ਦੇ ਸਿਆਣੇ ਤਾਂ ਇਹ ਵੀ ਕਹਿੰਦੇ ਹਨ ਕਿ ਸਿਆਣਾ ਆਲੋਚਕ ਰਚਨਾ ਦੀ ਤਕਨੀਕ ਨੂੰ ਖੋਲ੍ਹਣ ਦਾ ਆਹਰ ਕਰਦਿਆਂ ਹੀ ਰਚਨਾ ਦੀ ਕਲਾਤਮਕਤਾ, ਉਸ ਵਿਚ ਪੇਸ਼ ਰਚਨਾ ਦ੍ਰਿਸ਼ਟੀ ਤੇ ਰਚਨਾ ਵਸਤੂ ਦਾ ਸਹੀ ਮੁਲਾਂਕਣ ਕਰ ਲੈਂਦਾ ਹੈ। ਮਾਰਕ ਸ਼ੋਰਰ ਦਾ ਕਥਨ, ‘ਤਕਨੀਕ ਹੀ ਦਰਿਆਫ਼ਤ ਹੈ’ ਇਸ ਮਕਸਦ ਲਈ ਅਕਸਰ ਹੀ ਦੁਹਰਾਇਆ ਜਾਂਦਾ ਹੈ।
-----
ਸੁਖਿੰਦਰ ਨੇ ਸੰਬੰਧਿਤ ਰਚਨਾਵਾਂ ਨੂੰ ਸਮਝਦਿਆਂ ਰਚਨਾ ਦੀ ਕਲਾ, ਸੁਹਜਾਤਮਕਤਾ ਜਾਂ ਉਸਦੇ ਤਕਨੀਕੀ ਪੱਖ ਨੂੰ ਅਸਲੋਂ ਹੀ ਅਣਗੌਲਾ ਕੀਤੀ ਰੱਖਿਆ ਹੈ। ਉਸਦੀ ਆਲੋਚਨਾ ਪੜ੍ਹਦਿਆਂ ਇਹ ਤਾਂ ਪਤਾ ਲੱਗਦਾ ਹੈ ਕਿ ਲੇਖਕ ਨੇ ਕਿਹੜੇ ਵਿਸ਼ੇ ਤੇ ਕਲਮ-ਅਜ਼ਮਾਈ ਕੀਤੀ ਹੈ ਤੇ ਉਸਦੀ ਉਸ ਮਸਲੇ ‘ਤੇ ਕਿੰਨੀ ਕੁ ਪਕੜ ਹੈ ਤੇ ਉਸ ਵਿਸ਼ੇਸ਼ ਲੇਖਕ ਦਾ ਉਸ ਵਿਸ਼ੇਸ਼ ਮਸਲੇ ਬਾਰੇ ਦ੍ਰਿਸ਼ਟੀਕੋਣ ਕੀ ਹੈ, ਪਰ ਉਸ ਰਚਨਾ ਦੀ ਤਕਨੀਕ ਜਾਂ ਕਲਾਪੱਖ ਬਾਰੇ ਡੂੰਘਾਈ ਵਿਚ ਜਾ ਕੇ ਉਸਨੂੰ ਸਮਝਣ ਦੀ ਖ਼ੇਚਲ ਕਰਨੋਂ ਆਲੋਚਕ ਉੱਕ ਗਿਆ ਹੈ। ਮਿਸਾਲ ਦੇ ਤੌਰ ‘ਤੇ ਨਦੀਮ ਪਰਮਾਰ ਦੇ ਨਾਵਲ ਚਿੱਟੀ ਮੌਤ ਬਾਰੇ ਸੁਖਿੰਦਰ ਦੀ ਆਲੋਚਨਾ ਪੜ੍ਹਦਿਆਂ ਮੈਨੂੰ ਉਸ ਵਿਚ ਪੇਸ਼ ਪਾਤਰ ਦੇ ਏਡਜ਼ ਪੀੜਤ ਹੋਣ ਬਾਰੇ ਤਾਂ ਜਾਣਕਾਰੀ ਮਿਲਦੀ ਹੈ ਤੇ ਏਡਜ਼ ਦੀ ਬੀਮਾਰੀ ਦੇ ਹੋਣ, ਫ਼ੈਲਣ ਜਾਂ ਇਲਾਜ ਬਾਰੇ ਗਿਆਨ ਵੀ ਮਿਲਦਾ ਹੈ ਪਰ ਬਤੌਰ ‘ਨਾਵਲ’ ਉਹ ਰਚਨਾ ਕਿਹੋ ਜਿਹੀ ਹੈ, ਇਸਦੀ ਕੋਈ ਵੀ ਜਾਣਕਾਰੀ ਉਪਲਬਧ ਨਹੀਂ। ਇਕ ਸੁਚੇਤ ਪਾਠਕ ਵਜੋਂ ਮੈਂ ਇਹ ਵੀ ਜਾਨਣਾ ਚਾਹੁੰਦਾ ਹਾਂ ਕਿ ਉਸ ਵਿਚ ਪਾਤਰ ਉਸਾਰੀ ਦਾ ਵਿਧਾਨ ਕਿਹੋ ਜਿਹਾ ਹੈ, ਬਿਰਤਾਂਤ ਦੀ ਪੇਸ਼ਕਾਰੀ ਦਾ ਪੱਧਰ ਕਿਹੋ ਕਿਹਾ ਹੈ, ਨਾਵਲਕਾਰ ਦੀ ਰਚਨਾ-ਸ਼ੈਲੀ ਕਿਹੋ ਜਿਹੀ ਹੈ ਆਦਿ ਆਦਿ; ਪਰ ਮੈਨੂੰ ਇਸਦੀ ਕਿਧਰੇ ਇਕ ਝਲਕ ਵੀ ਨਹੀਂ ਮਿਲਦੀ। ਕਲਾ ਦੇ ਨਾਂ ‘ਤੇ ਲੇਖ ਦੀ ਆਖ਼ਰੀ ਸਤਰ ਵਿਚ ਉਹ ਇਸਨੂੰ ‘ਖ਼ੂਬਸੂਰਤ’ ਨਾਵਲ ਆਖ ਕੇ ਵਡਿਆਉਂਦਾ ਹੈ ਪਰ ਇਹ ਭੁੱਲ ਜਾਂਦਾ ਹੈ ਕਿ ਕਿਸੇ ਰਚਨਾ ਦੀ ਖ਼ੂਬਸੂਰਤੀ ਉਸਦੀ ਕਲਾਤਮਕਤਾ ਦੇ ਨਕਸ਼-ਨਿਗ਼ਾਰ ਵਿਚ ਪਈ ਹੁੰਦੀ ਹੈ। ਜਸਵੀਰ ਕਾਲਰਵੀ, ਤ੍ਰਿਲੋਚਨ ਗਿੱਲ ਅਤੇ ਅਮਰਜੀਤ ਸਿੰਘ ਦੇ ਨਾਵਲਾਂ ਬਾਰੇ ਵੀ ਇਹੋ ਗੱਲ ਆਖੀ ਜਾ ਸਕਦੀ ਹੈ। ਕੇਵਲ ਉਹ ਤ੍ਰਿਲੋਚਨ ਗਿੱਲ ਦੇ ਨਾਵਲ ਵਿਚਲੀ ਵਿਉਂਤਬੰਦੀ ਵਿਚ ਬੇਲੋੜੇ ਵਿਸਥਾਰ ਵੱਲ ਹੀ ਮਾੜਾ ਜਿਹਾ ਸੰਕੇਤ ਕਰਦਾ ਹੈ ਤੇ ਫਿਰ ਆਮ ਵਾਂਗ ਨਾਵਲ ਦੀ ਵਿਆਖਿਆ ਕਰਨ ਵੱਲ ਰੁਚਿਤ ਹੋ ਜਾਂਦਾ ਹੈ। ਇੰਝ ਹੀ ਕਵੀਆਂ ਦੀਆਂ ਰਚਨਾਵਾਂ ਬਾਰੇ ਇਹ ਚਰਚਾ ਕਿਧਰੇ ਨਹੀਂ ਛਿੜਦੀ ਕਿ ਕੀ ‘ਉਹਨਾਂ ਦੀ ਕਵਿਤਾ, ਕਵਿਤਾ ਵੀ ਬਣੀ ਹੈ ਕਿ ਨਹੀਂ?’ ਜੇ ਉਹ ਗੁਰਦਰਸ਼ਨ ਬਾਦਲ ਦੇ ਗੀਤਾਂ ਦੀ ਗੱਲ ਕਰ ਰਿਹਾ ਹੈ ਤਾਂ ਮੇਰੀ ਇੱਛਾ ਹੈ ਕਿ ਉਹ ਇਹ ਵੀ ਦੱਸੇ ਕਿ ਚੰਗੇ ਗੀਤ ਦੀ ਰੂਹ ਕਿੱਥੇ ਲੁਕੀ ਹੁੰਦੀ ਹੈ ਤੇ ਗੁਰਦਰਸ਼ਨ ਬਾਦਲ ਨੇ ਉਹਨਾਂ ਗੀਤਾਂ ਦੀ ਰੂਹ ਨੂੰ ਕਿੰਨਾਂ ਕੁ ਲੱਭਿਆ ਹੈ। ਇੰਝ ਹੀ ਕਸ਼ਮੀਰਾ ਸਿੰਘ ਚਮਨ ਜਾਂ ਸ਼ਮਸ਼ੇਰ ਸਿੰਘ ਸੰਧੂ ਦੀਆਂ ਗ਼ਜ਼ਲਾਂ ਬਾਰੇ ਪੜ੍ਹਦਿਆਂ ਸੁਹਿਰਦ ਪਾਠਕ ਇਹਨਾਂ ਦੀ ਗ਼ਜ਼ਲੀਅਤ ਬਾਰੇ ਵੀ ਜਾਨਣਾ ਚਾਹੇਗਾ ਤੇ ਇਹ ਪੁੱਛਣਾ ਵੀ ਉਸਦਾ ਹੱਕ ਹੈ ਕਿ ਗ਼ਜ਼ਲ ਲੇਖਕ ਨੇ ਗ਼ਜ਼ਲ ਦਾ ਵਿਧਾਨ ਕਿਹੋ ਜਿਹਾ ਨਿਭਾਇਆ ਹੈ। ਵਾਰਤਕ ਭਾਵੇਂ ਗੁਰਦੇਵ ਚੌਹਾਨ ਲਿਖ ਰਿਹਾ ਹੋਵੇ, ਭਾਵੇਂ ਬਲਬੀਰ ਮੋਮੀ ਜਾਂ ਇਕਬਾਲ ਮਾਹਲ ਪਾਠਕ ਦਾ ਇਹ ਪੁੱਛਣਾ ਵੀ ਹੱਕ-ਬ-ਜਾਨਬ ਹੈ ਕਿ ਲੇਖਕ ਕੋਲ ਸ਼ਬਦਾਂ ਨੂੰ ਜੋੜਨ-ਬੀੜਨ ਦਾ ਹੁਨਰ ਕਿਹੋ ਜਿਹਾ ਹੈ, ਉਸਦੀ ਰਚਨਾ ਸ਼ੈਲੀ ਦੀਆਂ ਕੀ ਵਿਸ਼ੇਸ਼ਤਾਈਆਂ ਹਨ, ਜਿਨ੍ਹਾਂ ਦੇ ਆਧਾਰ ‘ਤੇ ਉਸਨੂੰ ਹੋਰ ਲੇਖਕਾਂ ਦੀਆਂ ਲਿਖਤਾਂ ਤੋਂ ਨਿਖੇੜਿਆ ਤੇ ਵੱਖਰਾ ਪਛਾਣਿਆਂ ਜਾ ਸਕਦਾ ਹੈ। ਅਸਲ ਵਿਚ ਸੁਖਿੰਦਰ ਦਾ ਸਾਰਾ ਜ਼ੋਰ ਸੰਬੰਧਿਤ ਰਚਨਾਵਾਂ ਵਿਚ ਪੇਸ਼ ਮਸਲੇ ਤੇ ਉਸ ਵਿਚ ਨਿਹਿਤ ਵਿਚਾਰਧਾਰਾ ਦੀ ਵਿਆਖਿਆ ਅਤੇ ਵਿਸ਼ਲੇਸ਼ਣ ‘ਤੇ ਹੀ ਲੱਗਾ ਰਹਿੰਦਾ ਹੈ ਪਰ ਕੋਈ ਵਿਚਾਰ ਸਾਹਿਤ ਕਿਵੇਂ ਬਣਦਾ ਹੈ ਇਸ ਵੱਲ ਉਸਦਾ ਬਹੁਤ ਘੱਟ ਧਿਆਨ ਜਾਂਦਾ ਹੈ। ਇਹ ਤਾਂ ਐਵੇਂ ਚੱਲਦੇ ਚੱਲਦੇ ਕੁਝ ਇਕ ਰਚਨਾਵਾਂ ਦਾ ਹਵਾਲਾ ਦਿੱਤਾ ਗਿਆ ਹੈ, ਪਰ ਇਸ ਪੁਸਤਕ ਵਿਚੋਂ ਬਹੁਤ ਸਾਰੀਆਂ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਦੇ ਕਲਾ ਪੱਖ ਨੂੰ ਲੇਖਕ ਨੇ ਛੂਹਿਆ ਤੱਕ ਨਹੀਂ। ਵਿਸਥਾਰ ਤੋਂ ਬਚਣ ਲਈ ਮੈਂ ਹੋਰ ਹਵਾਲੇ ਦੇਣ ਤੋਂ ਸੰਕੋਚ ਕਰਦਾ ਹਾਂ।
-----
ਕੋਈ ਲੇਖਕ ਕਿਸ ਕਲਾਤਮਕ ਮੁਹਾਰਤ ਨਾਲ ਸੰਬੰਧਿਤ ਮਸਲਿਆਂ ਨੂੰ ਬਿਆਨ ਕਰਦਾ ਹੈ, ਏਸੇ ਵਿਚ ਹੀ ਉਸ ਲੇਖਕ ਦੀ ਹੁਨਰਮੰਦੀ ਦਾ ਹੁਸਨ ਲੁਕਿਆ ਹੁੰਦਾ ਹੈ ਅਤੇ ਇਸ ‘ਹੁਸਨ’ ਨੇ ਹੀ ਉਸ ਲੇਖਕ ਨੂੰ ਉੱਤਮ, ਮੱਧਮ ਜਾਂ ਨਿਮਨ ਦਰਜੇ ਦਾ ਲੇਖਕ ਸਾਬਤ ਕਰਨਾ ਹੁੰਦਾ ਹੈ। ਅਜਿਹੀ ਗੱਲ ਵੀ ਨਹੀਂ ਕਿ ਸੁਖਿੰਦਰ ਕੋਲ ਕਿਸੇ ਰਚਨਾ ਦੀ ਕਲਾ ਨੂੰ ਪਰਖਣ਼ ਦੀ ਅਸਲੋਂ ਹੀ ਸੋਝੀ ਨਾ ਹੋਵੇ ਜਾਂ ਉਹ ਸਾਹਿਤਕ ਰਚਨਾਵਾਂ ਦੇ ਕਲਾਤਮਕ ਮਹੱਤਵ ਨੂੰ ਅਸਲੋਂ ਘਟਾ ਕੇ ਵੇਖਦਾ ਹੋਵੇ। ਸਿਧਾਂਤਕ ਪੱਧਰ ‘ਤੇ ਉਹ ਭਲੀ-ਭਾਂਤ ਜਾਣਦਾ ਹੈ ਕਿ ਕਿਸੇ ਲੇਖਕ ਦੀ ਵਡਿਆਈ ਦਾ ਪਹਿਲਾ ਮਾਪ-ਦੰਡ ਲੇਖਕ ਦੀ ਕਲਾ-ਕੌਸ਼ਲਤਾ ਹੀ ਹੈ। ਬਲਬੀਰ ਸਿੰਘ ਮੋਮੀ ਬਾਰੇ ਚਰਚਾ ਕਰਦਿਆਂ ਉਹ ਦੱਸਦਾ ਹੈ ਕਿ ਮੋਮੀ ਨੇ ਸੰਸਾਰ ਦੇ ਪ੍ਰਸਿੱਧ ਲੇਖਕ ਪੜ੍ਹੇ ਹੋਏ ਹਨ ਅਤੇ ਮੋਮੀ ਦੀਆਂ ਲਿਖਤਾਂ ਵਿਚ ਇਹੋ ‘ਜਿਹੇ ਮਹਾਨ ਸਾਹਿਤਕਾਰਾਂ ਦੀਆਂ ਲਿਖਤਾਂ ਦੇ ਸ਼ਿਲਪੀ ਝਲਕਾਰੇ ਪੈਂਦੇ ਹਨ, ਬਲਬੀਰ ਮੋਮੀ ਦੀਆਂ ਲਿਖਤਾਂ ਦੇ ਅਜਿਹੇ ਗੁਣਾਂ ਕਰਕੇ ਹੀ ਉਸਨੂੰ ਕਨੇਡਾ ਦੇ ਨਾਮਵਰ ਅਤੇ ਚਰਚਿਤ ਪੰਜਾਬੀ ਲੇਖਕਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ।’(ਪੰਨਾਂ:430) ਪਰ ਸੁਖਿੰਦਰ ਆਪ ਪਤਾ ਨਹੀਂ ਕਿਉਂ ਵਿਚਾਰ-ਅਧੀਨ ਲੇਖਕਾਂ ਦੀਆਂ ਰਚਨਾਵਾਂ ਵਿਚਲੇ ਸ਼ਿਲਪੀ ਝਲਕਾਰਿਆਂ ਤੋਂ ਨਜ਼ਰਾਂ ਚੁਰਾ ਕੇ ਲੰਘ ਜਾਂਦਾ ਹੈ। ਕਿਉਂਕਿ ਆਲੋਚਕ ਰਚਨਾ ਦੇ ਕਲਾਤਮਕ ਪਹਿਲੂਆਂ ਨੂੰ ਬਹੁਤ ਹੀ ਘੱਟ ਛੂੰਹਦਾ ਹੈ, ਇਸ ਲਈ ਸਾਧਾਰਨ ਪਾਠਕ ਨੂੰ ਕਨੇਡੀਅਨ ਨਾਵਲਕਾਰਾਂ, ਕਹਾਣੀਕਾਰਾਂ, ਕਵੀਆਂ ਜਾਂ ਵਾਰਤਕ ਲੇਖਕਾਂ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਤਾਂ ਮਿਲ ਜਾਂਦੀ ਹੈ,ਉਹਨਾਂ ਵਿਚ ਪੇਸ਼ ਸਮਾਜ-ਸਭਿਆਚਾਰ ਦੀਆਂ ਵੰਨਗੀਆਂ ਤੇ ਵਿਸ਼ਲੇਸ਼ਣ ਵੀ ਪ੍ਰਾਪਤ ਹੋ ਜਾਂਦਾ ਹੈ ਪਰ ਇਹ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਲਾ ਦੇ ਪੱਖੋਂ ਇਹਨਾਂ ਵਿਚੋਂ ਕਿਹੜਾ ਉੱਤਮ, ਮੱਧਮ ਜਾਂ ਨਿਮਨ ਦਰਜੇ ਦਾ ਲੇਖਕ ਹੈ। ਇਸ ਪੁਸਤਕ ਵਿਚ ਸਾਰੇ ਲੇਖਕ ਇਕੋ ਜਿਹੇ ਨਜ਼ਰ ਆਉਂਦੇ ਹਨ।
-----
ਸਿਰਫ਼ ਕੁਝ ਇਕ ਲੇਖਕਾਂ ਦੀਆਂ ਰਚਨਾਵਾਂ ਦੀ ਗੱਲ ਕਰਦਿਆਂ ਉਹ ਸੰਬੰਧਿਤ ਵਿਧਾ ਦੇ ਕਲਾ-ਵਿਧਾਨ ਵੱਲ ਵੀ ਸੰਕੇਤ ਕਰਦਾ ਹੈ ਤੇ ਵਿਧਾਗਤ ਨੇਮਾਂ ਦੀ ਰੌਸ਼ਨੀ ਵਿਚ ਸੰਬੰਧਿਤ ਲੇਖਕਾਂ ਦੀਆਂ ਰਚਨਾਵਾਂ ਬਾਰੇ ਆਪਣੀ ਨਿਰਣਾ-ਜਨਕ ਰਾਇ ਵੀ ਪੇਸ਼ ਕਰਦਾ ਹੈ। ਉਹਨਾਂ ਕੁਝ ਇਕ ਲੇਖਕਾਂ, ਜਿਨ੍ਹਾਂ ਦੇ ਲਿਖਣ-ਢੰਗ ਬਾਰੇ ਉਸਨੇ ਸੰਕੇਤਿਕ ਜਿਹੀ ਚਰਚਾ ਕੀਤੀ ਹੈ, ਵਿਚੋਂ ਇਸ ਤੱਥ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਜਰਨੈਲ ਸਿੰਘ ਕਹਾਣੀਕਾਰ, ਬਲਬੀਰ ਸੰਘੇੜਾ, ਕੁਲਜੀਤ ਮਾਨ, ਜਰਨੈਲ ਸਿੰਘ ਗਰਚਾ ਬਾਰੇ ਚਰਚਾ ਕਰਦਿਆਂ ਉਹ ਚੰਗੀ ਕਲਾਤਮਕ ਕਹਾਣੀ ਦੀਆਂ ਕਲਾਤਮਕ ਲੋੜਾਂ ਵੱਲ ਸਹਿਜੇ ਹੀ ਧਿਆਨ ਦਿਵਾ ਜਾਂਦਾ ਹੈ ਅਤੇ ਕਿਸੇ ਕਹਾਣੀ ਨੂੰ ਸਮਝਣ ਲਈ ਆਪਣੇ ਕਲਾਤਮਕ ਪੈਮਾਨੇ ਵੱਲ ਸੰਕੇਤਿਕ ਝਾਤ ਵੀ ਪੁਆ ਜਾਂਦਾ ਹੈ। ਉਸ ਅਨੁਸਾਰ ਕਹਾਣੀ ਦੀ ਧੀਮੀ ਤੋਰ ਨਾਲ ਕਹਾਣੀਆਂ ਵਿਚ ਤਨਾਓ ਵੀ ਹੌਲੀ ਹੌਲੀ ਪੈਦਾ ਹੁੰਦਾ ਹੈ। (ਪੰਨਾਂ:419) ਜ਼ਾਹਿਰ ਹੈ ਕਿ ਉਸ ਅਨੁਸਾਰ ਕਹਾਣੀ ਦੀ ਤੋਰ ਨਾਵਲੀ ਜਾਂ ਮੱਧਮ ਗਤੀ ਵਾਲੀ ਹੋਣ ਦੀ ਥਾਂ ਤੇਜ਼ ਗਤੀ ਵਾਲੀ ਹੋਣੀ ਚਾਹੀਦੀ ਹੈ ਅਤੇ ਕਹਾਣੀ ਵਿਚ ਪਾਠਕ ਦੀ ਜਗਿਆਸਾ ਜਗਾਈ ਰੱਖਣ ਲਈ ਤਨਾਓ ਵੀ ਮਘਦਾ ਰਹਿਣਾ ਚਾਹੀਦਾ ਹੈ। ਕਹਾਣੀ ਦਾ ਅੰਤ ਵੀ ਉਸ ਅਨੁਸਾਰ ‘ਝੰਜੋੜਨ ਵਾਲਾ’ ਹੋਣਾ ਚਾਹੀਦਾ ਹੈ ਅਤੇ ਕਹਾਣੀ ਭਾਵ-ਵਿਰੇਚਨ ਕਰਨ ਵਾਲੀ ਨਾ ਹੋ ਕੇ ਪਾਠਕ ਨੂੰ ਬੇਚੈਨ ਕਰਨ ਵਾਲੀ ਹੋਵੇ, ਜਿਸਨੂੰ ਪੜ੍ਹ ਕੇ ਪਾਠਕ ਨੂੰ ਰਾਤ ਭਰ ਨੀਂਦ ਨਾ ਆਵੇ।(ਪੰਨਾਂ:320-21) ਜਾਣਦਾ ਤਾਂ ਉਹ ਇਹ ਵੀ ਹੈ ਕਿ ਕਹਾਣੀ ਵਿਚ ਵਾਰਤਾਲਾਪ ਸਿਰਜਣ ਦੀ ਵੀ ਵਿਸ਼ੇਸ਼ ਕਲਾ ਹੈ ਤੇ ਵਾਰਤਾਲਾਪ ਉਹੋ ਹੀ ਪ੍ਰਭਾਵਸ਼ਾਲੀ ਹੋਣਗੇ ਜਿਨ੍ਹਾਂ ਦੀ ਉਚਾਰਣੀ ਭਾਸ਼ਾ ਜੀਵਨ ਅਤੇ ਪਾਤਰਾਂ ਦੀ ਉਮਰ, ਕਿੱਤੇ, ਪਿਛੋਕੜ ਅਤੇ ਸਮਝ ਦਾ ਯਥਾਰਥਕ ਬਿਆਨ ਕਰਨ ਵਾਲੀ ਹੋਵੇ। ਨਹੀਂ ਤਾਂ ਵਾਰਤਾਲਾਪ ‘ਨਕਲੀ’(ਪੰਨਾਂ:257) ਜਾਪਣਗੇ। ਕੁਲਜੀਤ ਮਾਨ ਦੀ ਕਹਾਣੀ ‘ਚਿੜੀ’ ਦੇ ਹਵਾਲੇ ਨਾਲ ਉਹ ਉਸਦੀ ਭਾਸ਼ਾ ਵਿਚਲੀ ਵਧੇਰੀ ਕਾਵਿਕਤਾ ਵੱਲ ਧਿਆਨ ਦਿਵਾਉਂਦਾ (ਪੰਨਾ: 256) ਅਚੇਤ ਹੀ ਇਸ ਗੱਲ ਵੱਲ ਵੀ ਅਣਕਿਹਾ ਸੰਕੇਤ ਛੱਡ ਜਾਂਦਾ ਹੈ ਕਿ ਕਵਿਤਾ ਨੂੰ ਭਾਵੇਂ ਗਲਪ ਵਿਚ ਵਰਤੇ ਜਾਣ ਦੀ ਮਨਾਹੀ ਨਹੀਂ ਪਰ ਗਲਪ ਲਿਖਦਿਆਂ ਕਵਿਤਾ ਨੂੰ ਗਲਪ ਦੀ ਭਾਸ਼ਾ ਦਾ ਅੰਗ ਬਣ ਕੇ ਹੀ ਸ਼ਾਮਲ ਹੋਣਾ ਪੈਣਾ ਹੈ। ਉਹ ਕਹਾਣੀ ਵਿਚ ਵਰਤੀ ਜਾਣ ਵਾਲੀ ਨਵੀਨ ਕਲਾ-ਜੁਗਤ ‘ਸਥਿਤੀ-ਮੁਖਤਾ’ ਦੇ ਮਹੱਤਵ ਨੂੰ ਵੀ ਪਛਾਣਦਾ ਤੇ ਸਮਝਦਾ ਹੈ ‘ਜਿਵੇਂ ਕਿ ਕਿਸੇ ਨਾਟਕ ਵਿਚ ਕੋਈ ਸਥਿਤੀ ਪੇਸ਼ ਕਰਨ ਵਾਲੇ ਪਾਤਰ ਆਪਣੀ ਅਦਾਕਾਰੀ ਦਿਖਾ ਰਹੇ ਹੁੰਦੇ ਹਨ ਅਤੇ ਪਿੱਠ-ਭੂਮੀ ਵਿਚ ਪਰਦੇ ਉੱਤੇ ਕੋਈ ਫਿਲਮ ਦਿਖਾਈ ਜਾ ਰਹੀ ਹੁੰਦੀ ਹੈ ਜਾਂ ਕੋਈ ਦ੍ਰਿਸ਼ ਦਿਖਾਏ ਜਾ ਰਹੇ ਹੁੰਦੇ ਹਨ( ਪੰਨਾਂ:256)।” ਇੰਝ ਉਹ ਕਹਾਣੀ ਵਿਚ ਦ੍ਰਿਸ਼ ਸਿਰਜਣ ਦੀ ਕਲਾ ਦੇ ਮਹੱਤਵ ਨੂੰ ਦ੍ਰਿੜਾਉਂਦਿਆਂ ਇਸ ਜੁਗਤ ਨੂੰ ਪਾਤਰਾਂ ਦੇ ਕਿਰਦਾਰ ਤੇ ਵਿਹਾਰ ਨੂੰ ਸਮਝਣ ਦਾ ਕਲਾਤਮਕ ਮਾਧਿਅਮ ਮੰਨਦਾ ਹੈ। ਮੇਜਰ ਮਾਂਗਟ ਦੀਆਂ ਕਹਾਣੀਆਂ ਵਿਚ ਉਹ ‘ਰੂਪਕ’ ਪੱਖ ਅਤੇ ‘ਤੱਤ’ ਵਿਚ ਸੰਤੁਲਨ ਸਿਰਜਣ ਵਾਲੀ ਕਲਾ ਦਾ ਇਕ ਸਤਰੀ ਸੰਕੇਤ ਤਾਂ ਕਰਦਾ ਹੈ ਪਰ ਇਸ ਸੰਤੁਲਨ ਨੂੰ ਕਿਸੇ ਕਹਾਣੀ ਦੇ ਹਵਾਲੇ ਨਾਲ ਪੁਸ਼ਟ ਨਹੀਂ ਕਰਦਾ। ਮਿੰਨੀ ਗਰੇਵਾਲ ਦੀਆਂ ਕਹਾਣੀਆਂ ਵਿਚ ਉਸਦੀ ‘ਤਕਨੀਕੀ’ ਵਿਲੱਖਣਤਾ ਵੱਲ ਇਸ਼ਾਰਾ ਕਰਕੇ ਵੀ ਉਹ ਇਸ ਵਿਲੱਖਣਤਾ ਦਾ ਕੋਈ ਦਰਵਾਜ਼ਾ ਸਾਡੇ ਸਾਹਮਣੇ ਨਹੀਂ ਖੋਲ੍ਹਦਾ। ਇਹਨਾਂ ਵੇਰਵਿਆਂ ਤੋਂ ਇਹ ਤਾਂ ਭਲੀਭਾਂਤ ਮਾਲੂਮ ਹੋ ਜਾਂਦਾ ਹੈ ਕਿ ਉਸਨੂੰ ਕਿਸੇ ਰਚਨਾ ਦੇ ਤਕਨੀਕੀ, ਕਲਾਤਮਕ ਜਾਂ ਸੁਹਜਾਤਮਕ ਮਹੱਤਵ ਦਾ ਅਹਿਸਾਸ ਹੈ ਪਰ ਚੰਗੀ ਕਹਾਣੀ ਦੇ ਕਲਾਤਮਕ ਵਿਧਾਨ ਦੀ ਸੋਝੀ ਰੱਖਦਿਆਂ ਹੋਇਆਂ ਵੀ ਨਾ ਤਾਂ ਉਹ ਕਹਾਣੀਕਾਰਾਂ ਨੂੰ ਤੇ ਨਾ ਹੀ ਦੂਜੀਆਂ ਵਿਧਾਵਾਂ ਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਉਸ ਵਿਧਾ ਦੀਆਂ ਕਲਾਤਮਕ ਲੋੜਾਂ ਅਨੁਸਾਰ ਪਰਖ਼ਦਾ ਪੜਚੋਲਦਾ ਹੈ। ਇਹਨਾਂ ਕਹਾਣੀਕਾਰਾਂ ਬਾਰੇ ਵੀ ਬਹੁਤੀ ਵਾਰ ਉਹ ਕੇਵਲ ਬਿਆਨ ਦੀ ਪੱਧਰ ‘ਤੇ ਹੀ ਉਹਨਾਂ ਦੀ ਕਹਾਣੀ ਕਲਾ ਬਾਰੇ ਆਪਣਾ ਮੱਤ ਪ੍ਰਸਤੁਤ ਕਰਦਾ ਹੈ, ਇਸ ਮੱਤ ਨੂੰ ਕਹਾਣੀਆਂ ਦੇ ਹਵਾਲੇ ਨਾਲ ਪੁਸ਼ਟ ਨਹੀਂ ਕਰਦਾ।
------
ਰਚਨਾ ਵਿਚ ‘ਸ਼ਿਲਪੀ ਝਲਕਾਰਿਆਂ’ ਦੇ ਮਹੱਤਵ ਨੂੰ ਭਲੀ-ਭਾਂਤ ਸਮਝਦਿਆਂ ਹੋਇਆਂ ਵੀ ਜੇ ਆਲੋਚਕ ਦਾ ਧਿਆਨ ਇਸ ਪਾਸੇ ਨਹੀਂ ਗਿਆ ਤਾਂ ਸਾਨੂੰ ਇਸਦੀ ਵੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ ਵੀ ਕਰਨੀ ਚਾਹੀਦੀ ਹੈ। ਕਿਸੇ ਕੁਲਜੀਤ ਮਾਨ ਦੀ ਕਹਾਣੀ ‘ਰੰਗ ਕਾਟ’ ਬਾਰੇ ਗੱਲ ਕਰਦਿਆਂ ਉਹ ਇੱਕ ਥਾਂ ਲਿਖਦਾ ਹੈ, “ਇਹ ਕਹਾਣੀ ਮੈਨੂੰ ਬਹੁਤ ਕਾਹਲੀ ਵਿਚ ਲਿਖੀ ਲੱਗੀ।”(ਪੰਨਾਂ: 257) ਕੀ ਕਿਤੇ ਸਾਡਾ ਆਲੋਚਕ ਵੀ ਕਿਸੇ ਅਜਿਹੀ ਕਾਹਲੀ ਦਾ ਸ਼ਿਕਾਰ ਤਾਂ ਨਹੀਂ ਹੈ, ਜਿਸ ਕਾਹਲੀ ਕਰਕੇ ਉਹ ਇਹਨਾਂ ਰਚਨਾਵਾਂ ਦੇ ਸਰਬਪੱਖੀ ਅਧਿਅਨ ਲਈ ਲੋੜੀਂਦਾ ਸਮਾਂ ਹੀ ਨਾ ਕੱਢ ਸਕਿਆ ਹੋਵੇ! ਆਲੋਚਕ ਨੇ ਕੁਝ ਇੱਕ ਲੇਖਾਂ ਨੂੰ ਛੱਡ ਕੇ ਬਹੁਤੇ ਲੇਖਾਂ ਹੇਠ ਉਸ ਲੇਖ ਦੇ ਲਿਖਣ ਦੀ ਮਿਤੀ, ਮਹੀਨਾ, ਸਾਲ ਤੇ ਥਾਂ ਦਾ ਨਾਂ ਵੀ ਲਿਖਿਆ ਹੈ। ਅਸੀਂ ਵੇਖਿਆ ਹੈ ਕਿ ਇਹ ਲੇਖ 2008-9 ਵਿਚ ਲਿਖੇ ਗਏ ਹਨ। ਲੱਗਦਾ ਹੈ ਕਿ ਸਾਡਾ ਆਲੋਚਕ ਇਕ ਮੁਹਿੰਮ ਬਣਾ ਕੇ ਇੱਕ ਨਿਵੇਕਲੀ ਪਹਿਲਕਦਮੀ ਦਾ ਝੰਡਾ ਆਪਣੇ ਹੱਥ ਵਿਚ ਲੈਣ ਲਈ ਦੌੜ ਰਿਹਾ ਹੈ। ਇਹਨਾਂ ਦੋ ਸਾਲਾਂ ਵਿਚ 2008 ਦਾ ਕੋਈ ਮਹੀਨਾ ਹੀ ਹੈ ਜਿਹੜਾ ਖ਼ਾਲੀ ਗਿਆ ਹੋਵੇ ਤੇ ਉਸਨੇ ਕਿਸੇ ਕਿਤਾਬ ਬਾਰੇ ਲੇਖ ਨਾ ਲਿਖਿਆ ਹੋਵੇ। 2009 ਵਿਚ ਤਾਂ ਕਿਸੇ ਕਿਸੇ ਮਹੀਨੇ ਤਾਂ ਉਹ ਪੰਜ-ਪੰਜ, ਛੇ-ਛੇ ਕਿਤਾਬਾਂ ਬਾਰੇ ਇਕੋ ਸਾਹੇ ਲਿਖਦਾ ਨਜ਼ਰ ਆਉਂਦਾ ਹੈ। ਫਰਵਰੀ 2009 ਦੇ ਮਹੀਨੇ ਵਿਚ ਤਾਂ ਉਹ ਆਪਣੇ ਨਾਲ ਨਾਲ ਵਿਚਾਰੇ ਨਿੱਕੇ ਜਿਹੇ ‘ਮਹੀਨੇ’ ਨੂੰ ਵੀ ਲੇਖਾਂ ਦੇ ਭਾਰ ਹੇਠ ਦੱਬ ਦਿੰਦਾ ਹੈ। ਇਸ ਇੱਕ ਮਹੀਨੇ ਵਿਚ ਹੀ ਉਸਨੇ ਤੇਰਾਂ ਪੁਸਤਕਾਂ ਬਾਰੇ ਆਪਣੇ ਲੇਖ ਮੁਕੰਮਲ ਕੀਤੇ ਹਨ। ਜ਼ਾਹਿਰ ਹੈ ਕਿ ਇਸ ਮਹੀਨੇ ਉਸਨੂੰ ਪੁਸਤਕ ਪੜ੍ਹਨ ਅਤੇ ਉਸ ਬਾਰੇ ਲਿਖਣ ਲਈ ਕੇਵਲ ਔਸਤਨ ਦੋ ਦਿਨ ਹੀ ਨਸੀਬ ਹੋਏ ਹਨ। ਇਹਨਾਂ ਵਿਚੋਂ ਇਕ ਦਿਨ ਪੁਸਤਕ ਪੜ੍ਹਨ ਨੂੰ ਤੇ ਦੂਜਾ ਦਿਨ ਉਸ ਪੁਸਤਕ ਬਾਰੇ ਲਿਖਣ ਨੂੰ ਦਿੱਤਾ ਮੰਨਿਆ ਜਾ ਸਕਦਾ ਹੈ। ਜਿੱਥੇ ਦਿਨ ਰਾਤ ਕੀਤੀ ਨਿਰੰਤਰ ਮਿਹਨਤ ਪੱਖੋਂ ਉਸਦੀ ਦਾਦ ਦੇਣੀ ਬਣਦੀ ਹੈ ਓਥੇ ਇਸ ਤੱਥ ਵੱਲ ਵੀ ਧਿਆਨ ਜਾਂਦਾ ਹੈ ਕਿ ਆਲੋਚਕ ਨੇ ਪੁਸਤਕ ਪੜ੍ਹਨ ਤੇ ਉਸ ਬਾਰੇ ਰਾਇ ਬਣਾਉਣ ਅਤੇ ਦੇਣ ਵਿਚ ਕਾਹਲੀ ਕੀਤੀ ਲੱਗਦੀ ਹੈ।
-----
ਕਿਸੇ ਵੀ ਪੁਸਤਕ ਬਾਰੇ ਆਪਣਾ ਸਰਬਾਂਗੀ ਆਲੋਚਨਾਤਮਕ ਨਿਰਣਾ ਦੇਣ ਲਈ ਉਸ ਪੁਸਤਕ ਦੇ ਇੱਕ ਤੋਂ ਵਧੇਰੇ ਪਾਠ ਕਰਨ ਦੀ ਲੋੜ ਹੁੰਦੀ ਹੈ ਤੇ ਫਿਰ ਉਸ ਬਾਰੇ ਚਿੰਤਨ-ਮਨਨ ਕਰਨ ਲਈ ਵੀ ਸਮਾਂ ਦਰਕਾਰ ਹੁੰਦਾ ਹੈ। ਫਿਰ ਕਿਤੇ ਜਾ ਕੇ ਹੀ ਕੋਈ ਆਲੋਚਕ ਕਿਸੇ ਲਿਖਤ ਬਾਰੇ ਨਿਰਣਾ ਦੇਣ ਦਾ ਅਧਿਕਾਰੀ ਹੋ ਸਕਦਾ ਹੈ। ਪਰ ਅਸੀਂ ਵੇਖਦੇ ਹਾਂ ਕਿ ਸਾਡੇ ਆਲੋਚਕ ਕੋਲ ਨਿਸਚੈ ਹੀ ਸਮੇਂ ਦੀ ਘਾਟ ਵੀ ਲੱਗਦੀ ਹੈ। ਕਿਸੇ ਰਚਨਾ ਵਿਚ ਡੂੰਘਾ ਉੱਤਰਨ ਦੀ ਲੰਮੀ ਮਾਨਸਿਕ ਘਾਲਣਾ ਘਾਲਣ ਦੀ ਜਿਹੜੀ ਲੋੜ ਹੁੰਦੀ ਹੈ, ਸ਼ਾਇਦ ਇਸ ਘਾਲਣਾ ਲਈ ਸਾਡਾ ਆਲੋਚਕ ਲੋੜੀਂਦਾ ਸਮਾਂ ਨਹੀਂ ਜੁਟਾ ਸਕਿਆ। ਏਸੇ ਕਰਕੇ ਹੀ ਸ਼ਾਇਦ ਉਹ ਰਚਨਾਵਾਂ ਦੇ ‘ਸ਼ਿਲਪੀ ਝਲਕਾਰਿਆਂ’ ਵੱਲ ਸਾਡਾ ਧਿਆਨ ਨਹੀਂ ਦਿਵਾ ਸਕਿਆ। ਅਸੀਂ ਆਸ ਕਰਦੇ ਹਾਂ ਕਿ ਆਪਣੀ ਅਗਲੀ ਪੁਸਤਕ ਵਿਚ, ਜਿਸਨੂੰ ਅਗਲੇ ਹੀ ਸਾਲ ਤੱਕ ਮੁਕੰਮਲ ਕਰ ਦੇਣ ਦਾ ਉਸਨੇ ਐਲਾਨ ਵੀ ਕਰ ਦਿੱਤਾ ਹੈ, ਉਹ ਸਾਡਾ ਇਹ ਉਲ੍ਹਾਮਾ ਵੀ ਦੂਰ ਕਰ ਦੇਵੇਗਾ।
------
ਪਰ ‘ਉਲ੍ਹਾਮੇ’ ਦੇਈ ਜਾਣਾ ਤੇ ਪ੍ਰਾਪਤੀ ਨੂੰ ਅੱਖੋਂ ਓਹਲੇ ਕਰੀ ਰੱਖਣਾ ਵੀ ਦਿਆਨਤਦਾਰੀ ਨਹੀਂ। ਮੈਂ ਅਜਿਹਾ ਬਦ-ਦਿਆਨਤਦਾਰ ਵਿਸ਼ਲੇਸ਼ਕ ਨਹੀਂ ਹਾਂ ਜਿਹੜਾ ਸੁਖਿੰਦਰ ਦੀ ਇਸ ਇਤਿਹਾਸਕ ਪਹਿਲਕਦਮੀ ਨੂੰ ਘਟਾ ਕੇ ਵੇਖਣ ਦੀ ਦੁਰਭਾਵਨਾ ਦਾ ਸ਼ਿਕਾਰ ਹੋਵੇ। ਸੁਖਿੰਦਰ ਨੇ ਕਨੇਡੀਅਨ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਸਚਮੁੱਚ ਇਤਿਹਾਸ ਸਿਰਜ ਦਿੱਤਾ ਹੈ। ਇਸ ਪੱਖੋਂ ਲੇਖਕਾਂ ਦੇ ਨਾਲ ਨਾਲ ਕਨੇਡੀਅਨ ਪੰਜਾਬੀ ਸਾਹਿਤ ਦੇ ਭਵਿੱਖੀ ਆਲੋਚਕ ਸਦਾ ਸੁਖਿੰਦਰ ਦਾ ਰਿਣ ਮਹਿਸੂਸ ਕਰਦੇ ਰਹਿਣਗੇ।
No comments:
Post a Comment