ਲੇਖ
ਭਾਗ ਪਹਿਲਾ
ਸੁਖਿੰਦਰ ਬਹੁ-ਵਿਧਾਈ ਲੇਖਕ ਹੈ ਭਾਵੇਂ ਉਸਨੂੰ ਮੁੱਖ ਤੌਰ ‘ਤੇ ਕਵੀ ਵਜੋਂ ਹੀ ਜਾਣਿਆ ਜਾਂਦਾ ਹੈ। ਲਗਭਗ ਦਸ ਕਾਵਿ ਸੰਗ੍ਰਹਿ ਰਚਣ ਵਾਲੇ ਸੁਖਿੰਦਰ ਨੇ ਵਿਗਿਆਨ ਸੰਬੰਧੀ ਵੀ ਤਿੰਨ ਪੁਸਤਕਾਂ ਲਿਖੀਆਂ ਹਨ, ਇੱਕ ਪੁਸਤਕ ਬਾਲ ਸਾਹਿਤ ਨਾਲ ਵੀ ਸੰਬੰਧਿਤ ਹੈ। ਅੰਗਰੇਜ਼ੀ ਵਿਚ ਵੀ ਕਵਿਤਾਵਾਂ ਲਿਖੀਆਂ ਹਨ। ਕਵਿਤਾ ਦੀ ਇਕ ਪੁਸਤਕ ਸੰਪਾਦਤ ਕਰਨ ਤੋਂ ਇਲਾਵਾ ਸਾਹਿਤਕ ਮੈਗ਼ਜ਼ੀਨ ‘ਸੰਵਾਦ’ ਦੀ ਸੰਪਾਦਨਾ ਵੀ ਕਰ ਰਿਹਾ ਹੈ। ਕਨੇਡਾ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਸਮੇਂ ਸਮੇਂ ਉਸਦੇ ਆਲੋਚਨਾਤਮਕ ਲੇਖ ਵੀ ਅਖ਼ਬਾਰਾਂ/ਮੈਗ਼ਜ਼ੀਨਾਂ ਵਿਚ ਵੇਖਣ/ਪੜ੍ਹਨ ਨੂੰ ਮਿਲਦੇ ਰਹਿੰਦੇ ਹਨ। ਹੱਥਲੀ ਪੁਸਤਕ ‘ਕੈਨੀਡਅਨ ਪੰਜਾਬੀ ਸਾਹਿਤ’ਉਸਦੇ ਉਹਨਾਂ ਆਲੋਚਨਾਤਮਕ ਨਿਬੰਧਾਂ ਦਾ ਹੀ ਸੰਕਲਨ ਹੈ। ਇਸ ਪੁਸਤਕ ਵਿਚ ਉਸਨੇ ਕਨੇਡਾ ਦੇ ਵਿਭਿੰਨ ਭੁਗੋਲਿਕ ਖਿੱਤਿਆਂ ਵਿਚ ਵੱਸਦੇ 57 ਪੰਜਾਬੀ ਲੇਖਕਾਂ ਦੀਆਂ ਚਰਚਿਤ ਪੁਸਤਕਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਇਹਨਾਂ ਵਿਚੋਂ 34 ਸ਼ਾਇਰ, ਅੱਠ ਕਹਾਣੀਕਾਰ, ਅੱਠ ਹੀ ਵਾਰਤਕ ਲੇਖਕ ਤੇ ਛੇ ਨਾਵਲਕਾਰ ਹਨ। ਇੱਕ ਨਾਟਕਕਾਰ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਇਹਨਾਂ ਵਿਚੋਂ ਕੁਝ ਪੁਸਤਕਾਂ ਸੰਪਾਦਤ ਵੀ ਕੀਤੀਆਂ ਹੋਈਆਂ ਹਨ। ਉਦਾਹਰਣ ਵਜੋਂ ਹਰਜੀਤ ਦੌਧਰੀਆ ਵੱਲੋਂ ਸੰਪਾਦਿਤ ਵਾਰਤਕ ਦੀ ਪੁਸਤਕ ‘ਦਰਸ਼ਨ’ ਉਸਦੀ ਆਪਣੀ ਰਚਨਾ ਨਹੀਂ ਸਗੋਂ ਦਰਸ਼ਨ ਸਿੰਘ ਕਨੇਡੀਅਨ ਦੇ ਜੀਵਨ ਸਮਾਚਾਰਾਂ ਨੂੰ ਬਿਆਨਦੇ ਵਿਭਿੰਨ ਲੇਖਕਾਂ ਦੇ ਜੀਵਨੀ ਜਾਂ ਰੇਖਾ-ਚਿਤਰ ਨੁਮਾ ਲੇਖਾਂ ਦਾ ਸੰਗ੍ਰਹਿ ਹੈ। ਇੰਝ ਹੀ ਕਸ਼ਮੀਰਾ ਸਿੰਘ ਚਮਨ ਦਾ ਗ਼ਜ਼ਲ-ਸੰਗ੍ਰਹਿ ਸ਼ਮਸ਼ੇਰ ਸਿੰਘ ਸੰਧੂ ਦੁਆਰਾ ਸੰਪਾਦਿਤ ਕੀਤਾ ਹੋਇਆ ਹੈ ਤੇ ਬਲਬੀਰ ਮੋਮੀ ਨੇ ਆਪਣੀਆਂ ਲਿਖਤਾਂ ਵਿਚੋਂ ਕਹਾਣੀਆਂ, ਨਿਬੰਧ, ਰੇਖਾ-ਚਿਤਰ ਤੇ ਵਿਅੰਗ ਚੁਣ ਕੇ ਆਪ ਹੀ ਵਿਚਾਰ-ਅਧੀਨ ਪੁਸਤਕ ਦਾ ਸੰਪਾਦਨ ਕੀਤਾ ਹੈ। ਬਲਬੀਰ ਮੋਮੀ ਦੀ ਪੁਸਤਕ ਤੋਂ ਇਹ ਗੱਲ ਸਾਬਤ ਵੀ ਹੁੰਦੀ ਹੈ ਤੇ ਇਹ ਗੱਲ ਅਸੀਂ ਵੀ ਭਲੀ-ਭਾਂਤ ਜਾਣਦੇ ਹਾਂ ਕਿ ਇਹਨਾਂ ਚਰਚਾ-ਅਧੀਨ ਲੇਖਕਾਂ ਵਿਚੋਂ ਬਹੁਤ ਸਾਰੇ ਲੇਖਕ ਬਹੁ-ਵਿਧਾਈ ਲੇਖਕ ਵੀ ਹਨ। ਉਹ ਇੱਕੋ ਵੇਲੇ ਵੱਖ ਵੱਖ ਵਿਧਾਵਾਂ ਵਿਚ ਲਿਖ ਰਹੇ ਹਨ। ਪਰ ਲੇਖਕ ਨੇ ਉਹਨਾਂ ਦੇ ਕਿਸੇ ਇਕ ਰੂਪ ਨੂੰ ਹੀ ਪੇਸ਼ ਕੀਤਾ ਹੈ। ਪੁਸਤਕ ਦੀ ਆਪਣੀ ਨੌਈਅਤ ਮੁਤਾਬਕ ‘ਰਹਣੁ ਕਿਥਾਊ ਨਾਹਿ’ ਦੇ ਲੇਖਕ ਸੁਖਪਾਲ ਨੂੰ ਇੱਕੋ ਵੇਲੇ ਕਵੀ ਤੇ ਵਾਰਤਾਕਾਰ ਵਜੋਂ ਜਾਣਿਆ ਗਿਆ ਹੈ। ਇਹ ਵੀ ਜ਼ਰੂਰੀ ਨਹੀਂ ਕਿ ਲੇਖਕ ਦੀ ਜਿਹੜੀ ਵਿਧਾ ਦੀ ਪੁਸਤਕ ਚਰਚਾ ਅਧੀਨ ਹੈ, ਉਹ ਲੇਖਕ ਉਸ ਵਿਧਾ ਵਿਚ ਹੀ ਵਿਸ਼ੇਸ਼ਗ ਹੋਵੇ; ਸਗੋਂ ਕਈ ਸੂਰਤਾਂ ਵਿਚ ਤਾਂ ਸੰਬੰਧਿਤ ਲੇਖਕ ਜਾਣਿਆਂ ਤਾਂ ਕਿਸੇ ਹੋਰ ਵਿਧਾ ਦੇ ਲੇਖਕ ਵਜੋਂ ਜਾਂਦਾ ਹੈ ਪਰ ਏਥੇ ਉਸਦੀ ਅਜਿਹੀ ਵਿਧਾ ਵਾਲੀ ਪੁਸਤਕ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਹੜੀ ਵਿਧਾ ਕਿ ਸੰਬੰਧਿਤ ਲੇਖਕ ਦਾ ‘ਪਹਿਲਾ ਪਿਆਰ’ ਨਹੀਂ। ਮਸਲਨ: ਸਾਧੂ ਬਿਨਿੰਗ ਨੂੰ ਸਾਹਿਤਕ ਹਲਕਿਆਂ ਵਿਚ ਬਹੁਤਾ ਕਹਾਣੀਕਾਰ ਵਜੋਂ ਹੀ ਜਾਣਿਆਂ ਜਾਂਦਾ ਹੈ ਪਰ ਸੁਖਿੰਦਰ ਨੇ ਏਥੇ ਉਸਦਾ ਕਵੀ ਵਾਲਾ ਰੂਪ ਪੇਸ਼ ਕੀਤਾ ਹੈ। ਇਸ ਪੱਖੋਂ ਵੀ ਇਹ ਚੰਗੀ ਗੱਲ ਹੈ ਕਿਉਂਕਿ ਇਸਤਰ੍ਹਾਂ ਕਿਸੇ ‘ਵੱਖਰੀ ਵਿਧਾ’ ਵਿਚ ਕੀਤੇ ਲੇਖਕ ਦੇ ਯਤਨਾਂ ਨੂੰ ਸਰਾਹ ਕੇ ਉਸਦਾ ਉਸ ਸੰਬੰਧਿਤ ਵਿਧਾ ਨਾਲ ਪੱਕਾ ਤੇ ਗੂੜ੍ਹਾ ਨਾਤਾ ਜੋੜਨ ਵਿਚ ਸਹਾਇਤਾ ਮਿਲ ਸਕਦੀ ਹੈ।
------
ਸੁਖਿੰਦਰ ਦੇ ਆਪਣੇ ਕਹਿਣ ਮੁਤਾਬਕ ਕਨੇਡਾ ਵਿਚ ਦੋ ਸੌ ਦੇ ਲਗਭਗ ਪੰਜਾਬੀ ਲੇਖਕ ਕਾਰਜਸ਼ੀਲ ਹਨ। ਉਸਨੇ ਇਹਨਾਂ ਵਿਚੋਂ 57 ਲੇਖਕਾਂ ਦੀ ਚੋਣ ਕੀਤੀ ਹੈ। ਇਹਨਾਂ ਵਿਚੋਂ ਬਹੁਤ ਸਾਰੇ ਅਜਿਹੇ ਨਾਂ ਵੀ ਹਨ ਜਿਨ੍ਹਾਂ ਦਾ ਪੰਜਾਬੀ ਸਾਹਿਤ ਦੀ ਮੁਖਧਾਰਾ ਵਿਚ ਵੀ ਚੰਗਾ ਨਾਂ-ਥਾਂ ਹੈ। ਇਹਨਾਂ ਵਿਚੋਂ ਸ਼ਾਇਰ ਗੁਰਚਰਨ ਰਾਮਪੁਰੀ, ਸੁਖਮਿੰਦਰ ਰਾਮਪੁਰੀ; ਕਹਾਣੀਕਾਰ ਜਰਨੈਲ ਸਿੰਘ, ਵਾਰਤਕ-ਲੇਖਕ ਸੁਰਜਨ ਜ਼ੀਰਵੀ, ਬਹੁਵਿਧਾਈ ਲੇਖਕ ਰਵਿੰਦਰ ਰਵੀ ਤੇ ਬਲਬੀਰ ਸਿੰਘ ਮੋਮੀ ਅਤੇ ਨਿਸਬਤਨ ਨਵੇਂ ਪਰ ਚੰਗੇ ਲੇਖਕ ਸੁਖਪਾਲ, ਕੁਲਜੀਤ ਮਾਨ ਤੇ ਇੰਝ ਹੀ ਕੁਝ ਹੋਰ ਲੇਖਕ ਪੰਜਾਬੀ ਸਾਹਿਤ ਦੀ ਮੁੱਖਧਾਰਾ ਵਿਚ ਵੀ ਆਦਰਯੋਗ ਥਾਂ ਰੱਖਦੇ ਹਨ। ਸੁਖਿੰਦਰ ਨੇ ਕੁਝ ਘੱਟ ਚਰਚਿਤ ਚਿਹਰਿਆਂ ਨਾਲ ਵੀ ਸਾਡੀ ਜਾਣ-ਪਛਾਣ ਕਰਵਾਈ ਹੈ। ਚੋਣ ਦਾ ਆਧਾਰ ਉਸਦਾ ਨਿੱਜੀ ਹੈ। ਉਸਨੇ ਬਹੁਤ ਸਾਰੇ ਉਹਨਾਂ ਚਰਚਿਤ ਕਨੇਡੀਅਨ ਲੇਖਕਾਂ ਨੂੰ ਇਸ ਵਿਚ ਸ਼ਾਮਿਲ ਨਹੀਂ ਕੀਤਾ ਜਿਹੜੇ ਕਨੇਡੀਅਨ ਪੰਜਾਬੀ ਸਾਹਿਤ ਦੇ ਜਾਣੇ ਪਛਾਣੇ ਨਾਂ ਹਨ। ਇਹਨਾਂ ਵਿਚ ਅਮਨਪਾਲ ਸਾਰਾ, ਨਵਤੇਜ ਭਾਰਤੀ, ਅਜਮੇਰ ਰੋਡੇ, ਇਕਬਾਲ ਰਾਮੂਵਾਲੀਆ ਤੇ ਅਸਲੋਂ ਨਵਿਆਂ ਵਿਚੋਂ ਬਹੁਚਰਚਿਤ ਕਥਾਕਾਰ ਹਰਪ੍ਰੀਤ ਸੇਖਾ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਸੁਖਿੰਦਰ ਆਪਣੀ ਚੋਣ ਨੂੰ ਨਿਆਂ ਸੰਗਤ ਠਹਿਰਾਉਂਦਾ ਹੋਇਆ ਆਖਦਾ ਹੈ, “ਇਹਨਾਂ ਲੇਖਕਾਂ ਦੀ ਚੋਣ ਕਰਨ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਕਿ ਇਹ ਪੁਸਤਕ ਮਹਿਜ਼ ਉਹਨਾਂ ਲੇਖਕਾਂ ਬਾਰੇ ਹੀ ਨਾ ਬਣ ਜਾਵੇ ਜਿਹੜੇ ਕਿ ਪਹਿਲਾਂ ਹੀ ਚਰਚਿਤ ਹਨ, ਇਸ ਲਈ ਇਸ ਪੁਸਤਕ ਵਿਚ ਕੁਝ ਉਹ ਲੇਖਕ ਵੀ ਸ਼ਾਮਲ ਕੀਤੇ ਗਏ ਹਨ, ਜੋ ਕਿ ਅਜੇ ਪਾਠਕਾਂ ਦਾ ਧਿਆਨ ਨਹੀਂ ਖਿੱਚ ਸਕੇ। ਇਸੇਤਰ੍ਹਾਂ ਕੁਝ ਬਿਲਕੁਲ ਹੀ ਨਵੇਂ ਲੇਖਕਾਂ ਨੂੰ ਉਤਸ਼ਾਹ ਦੇਣ ਲਈ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ।”
-----
ਉਸਦੀ ਚੋਣ ਦੇ ਤਰਕ ਨੂੰ ਆਦਰ ਦਿੰਦਿਆਂ ਹੋਇਆਂ ਵੀ ਸਾਡਾ ਮੱਤ ਹੈ ਕਿ ਜੇ ਕੁਝ ਹੋਰ ਜ਼ਿਕਰਯੋਗ ਲੇਖਕ ਇਸ ਪੁਸਤਕ ਵਿਚ ਸ਼ਾਮਲ ਕਰ ਲਏ ਜਾਂਦੇ ਤਾਂ ਪੁਸਤਕ ਹੋਰ ਵੀ ਵੱਡਾ ਸਾਹਿਤਕ ਮੁੱਲ ਇਖ਼ਤਿਆਰ ਕਰ ਸਕਦੀ ਸੀ। ਪਰ ਉਹਨਾਂ ਲੇਖਿਕਾ ਦੀ ਗ਼ੈਰ-ਸ਼ਮੂਲੀਅਤ ਨਾਲ ਇਸ ਪੁਸਤਕ ਦਾ ਮਹੱਤਵ ਤੇ ਮੁੱਲ ਘਟ ਗਿਆ ਹੋਵੇ ਅਜਿਹੀ ਗੱਲ ਵੀ ਬਿਲਕੁਲ ਨਹੀਂ। ਸਗੋਂ ਸਾਨੂੰ ਸੁਖਿੰਦਰ ਨੂੰ ਦਾਦ ਦੇਣੀ ਬਣਦੀ ਹੈ ਕਿ ਉਸਨੇ ਪਹਿਲੀ ਵਾਰ ਇਸ ਪੁਸਤਕ ਦੇ ਮਾਧਿਅਮ ਰਾਹੀਂ ਕਨੇਡੀਅਨ ਪੰਜਾਬੀ ਸਾਹਿਤ ‘ਤੇ ਸਾਡੀ ਸੰਗਠਿਤ ਤੇ ਸਮੁੱਚੀ ਝਾਤ ਪੁਆਈ ਹੈ। ਇਸ ਰਾਹੀਂ ਸਾਨੂੰ ਪਹਿਲੀ ਵਾਰ ਏਨੇ ਵੱਡੇ ਪੱਧਰ ‘ਤੇ ਜਾਣਕਾਰੀ ਮਿਲੀ ਹੈ ਕਿ ਕਨੇਡਾ ਵਿਚ ਵੱਖ ਵੱਖ ਵਿਧਾਵਾਂ ਵਿਚ ਕਿੰਨੇ ਤੇ ਕਿਹੋ ਜਿਹੇ ਲੇਖਕ ਇਕ ਟੀਮ ਵਜੋਂ ਕਾਰਜਸ਼ੀਲ ਹੋ ਕੇ ਕਨੇਡੀਅਨ ਪੰਜਾਬੀ ਸਾਹਿਤ ਦਾ ਮੂੰਹ-ਮੱਥਾ ਬਣਾਉਣ ਤੇ ਸਵਾਰਨ ਵਿਚ ਜੁੱਟੇ ਹੋਏ ਹਨ। ਵੱਖ ਵੱਖ ਵਿਧਾਵਾਂ ਦੇ ਚੁਨਿੰਦਾ ਤੇ ਚੰਗੇ ਲੇਖਕਾਂ ਨੂੰ ਚਰਚਾ ਅਧੀਨ ਲਿਆ ਕੇ ਸੁਖਿੰਦਰ ਨੇ ਵਿਭਿੰਨ ਵਿਧਾਵਾਂ ਵਿਚ ਹੋ ਰਹੇ ਕੰਮ ਨੂੰ ਰੌਸ਼ਨੀ ਵਿਚ ਲਿਆਂਦਾ ਹੈ। ਕਿਸੇ ਕੱਥ ਜਾਂ ਵੱਥ ਦੇ ਸਮੁੱਚ ਨੂੰ ਜਾਨਣ ਤੇ ਪਛਾਨਣ ਲਈ ਅਕਸਰ ਉਸਦੇ ਚੋਣਵੇਂ ਅੰਸ਼ਾਂ ਨੂੰ ‘ਦੇਗ਼ ‘ਚੋਂ ਦਾਣਾ ਟੋਹਣ’ ਵਾਂਗ ਪੇਸ਼ ਕੀਤਾ ਜਾਂਦਾ ਹੈ ਪਰ ਸੁਖਿੰਦਰ ਨੇ ਤਾਂ ‘ਇੱਕ ਚੌਥਾਈ ਪੱਕੀ ਪਕਾਈ ਦੇਗ਼’ ਸਾਡੇ ਸਾਹਮਣੇ ਲਿਆ ਰੱਖੀ ਹੈ, ਇਹ ਕੋਈ ਛੋਟੀ ਗੱਲ ਨਹੀਂ। ਇਸਤੋਂ ਪਹਿਲਾਂ ਕਨੇਡੀਅਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਅਜਿਹੀ ਘਟਨਾ ਨਹੀਂ ਵਾਪਰੀ ਕਿ ਕਨੇਡੀਅਨ ਪੰਜਾਬੀ ਸਾਹਿਤ ਦਾ ਅਜਿਹਾ ਸੰਗਠਿਤ ਬਿੰਬ ਪ੍ਰਸਤੁਤ ਹੋਇਆ ਹੋਵੇ। ਇਹ ਕਨੇਡੀਅਨ ਪੰਜਾਬੀ ਆਲੋਚਨਾ ਦੀ ਪਹਿਲੀ ਪੁਸਤਕ ਹੈ। ਇਸ ਕਰਕੇ ਇਹ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਮ ਕਰਕੇ ਤੇ ਕਨੇਡੀਅਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਖ਼ਾਸ ਕਰਕੇ ਇੱਕ ਮਹੱਤਵਪੂਰਨ ਸਾਹਿਤਕ ਘਟਨਾ ਵਜੋਂ ਯਾਦ ਰੱਖੀ ਜਾਵੇਗੀ।
------
ਇਸ ਆਲੋਚਨਾ ਪੁਸਤਕ ਦਾ ਇਸ ਪੱਖੋਂ ਵੀ ਇਤਿਹਾਸਕ ਮਹੱਤਵ ਹੈ ਕਿ ਇਸਨੇ ਮੁੱਖਧਾਰਾ ਦੀ ਪੰਜਾਬੀ ਆਲੋਚਨਾ ਦੇ ਸਾਮਰਾਜ ਦੀ ਜਕੜ ਨੂੰ ਪਹਿਲੀ ਵਾਰ ਤੋੜਿਆ ਹੈ। ਜਿੱਥੇ ਵੀ ਤੇ ਜਿਸ ਵਿਧਾ ਵਿਚ ਵੀ ਕੋਈ ਸਾਹਿਤ ਰਚਿਆ ਜਾ ਰਿਹਾ ਹੋਵੇ ਤਾਂ ਉਸਦੀ ਪਹਿਲੀ ਲੋੜ ਓਥੇ ਤੇ ਓਸ ਵਿਧਾ ਵਿਚ ਆਪਣੇ ਆਲੋਚਕ ਵੀ ਪੈਦਾ ਕਰਨ ਦੀ ਹੁੰਦੀ ਹੈ। ਇਹ ਵਾਜਬ ਨਹੀਂ ਕਿ ਕੋਈ ਲੇਖਕ ਸਾਹਿਤ ਤਾਂ ਕਨੇਡਾ ਵਿਚ ਲਿਖੇ ਤੇ ਉਸਦਾ ਮੁਲਾਂਕਣ ਤੇ ਵਿਸ਼ਲੇਸ਼ਣ ਕਰਨ/ਕਰਾਉਣ ਲਈ ਭਾਰਤ/ਪੰਜਾਬ ਦੇ ਆਲੋਚਕਾਂ ਦੇ ਮੂੰਹ ਵੱਲ ਵੇਖੇ ਜਾਂ ਉਹਨਾਂ ਦੇ ਤਰਲੇ ਲਵੇ; ਉਹਨਾਂ ਕੋਲ ਓਥੇ ਜਾਵੇ ਤੇ ਉਹਨਾਂ ਦੀ ਸੇਵਾ ਕਰੇ ਤੇ ਜਾਂ ਉਹਨਾਂ ਨੂੰ ਆਪਣੇ ਖ਼ਰਚੇ ‘ਤੇ ‘ਬਾਹਰ’ ਸਦਵਾਏ ਤੇ ਆਪਣੀ ਚਰਚਾ ਕਰਵਾਏ ਤੇ ਉਸਦੀ ਪ੍ਰਾਹੁਣਚਾਰੀ ਦਾ ਜ਼ਿੰਮਾ ਵੀ ਲਵੇ। ਇਹ ਬਿਲਕੁਲ ਉਸਤਰ੍ਹਾਂ ਹੀ ਹੈ ਜਿਵੇਂ ਇਰਾਕ, ਅਫ਼ਗਾਨਸਿਤਾਨ ਜਾਂ ਹੋਰ ਮੁਲਕਾਂ ਵਿਚ ਜਾ ਕੇ ਅਮਰੀਕਾ ਦੱਸੇ ਕਿ ਓਥੇ ਕਿਹੋ ਜਿਹਾ ਪਰਬੰਧ ਹੈ ਤੇ ਕਿਹੋ ਜਿਹਾ ਉਹ ਖ਼ੁਦ ਹੋਣਾ ਤੇ ਵੇਖਣਾ ਚਾਹੁੰਦਾ ਹੈ। ਏਸੇ ਕਰਕੇ ਮੈਂ ਇਸਨੂੰ ‘ਆਲੋਚਨਾ ਦਾ ਸਾਮਰਾਜ’ ਆਖਦਾ ਹਾਂ। ਸੁਖਿੰਦਰ ਨੇ ਪਹਿਲੀ ਵਾਰ ਦਖ਼ਲ ਦੇ ਕੇ ਇਸ ਸਾਮਰਾਜ ਵਿਚ ਮਘੋਰਾ ਕਰ ਦਿੱਤਾ ਹੈ। ਉਂਝ ਵੀ ਕਿਸੇ ਵਿਸ਼ੇਸ਼ ਭੁਗੋਲਿਕ ਖਿੱਤੇ ਵਿਚ ਰਚੇ ਜਾਂਦੇ ਸਾਹਿਤ ਦਾ ਮੁਲਾਂਕਣ ਤੇ ਵਿਸ਼ਲੇਸ਼ਣ ਕਰਨ ਲਈ ‘ਆਪਣੇ ਆਲੋਚਕ’ ਦੀ ਲੋੜ ਇਸ ਕਰਕੇ ਵੀ ਹੁੰਦੀ ਹੈ ਕਿ ਉਹ ‘ਆਪਣਾ ਆਲੋਚਕ’ ਹੀ ਉਸ ਖਿੱਤੇ ਦੇ ਜੀਵਨ ਤੇ ਸਮੱਸਿਆਵਾਂ ਬਾਰੇ ਪ੍ਰਮਾਣਿਕ ਜਾਣਕਾਰੀ ਰੱਖ ਸਕਦਾ ਹੈ। ਬਾਹਰੋਂ ਆਏ ਆਲੋਚਕ ਕੋਲ ਉਸ ਸਾਹਿਤ ਦੀ ਕਿਸੇ ਵਿਸ਼ੇਸ਼ ਵਿਧਾ ਦੀ ਕਲਾਤਮਕਤਾ ਨੂੰ ਪਛਾਨਣ ਵਾਲੀ ‘ਦੂਰ-ਦ੍ਰਿਸ਼ਟੀ’ ਤਾਂ ਹੋ ਸਕਦੀ ਹੈ ਪਰ ਉਸ ਖਿੱਤੇ ਦੇ ਸਾਹਿਤ ਵਿਚ ਪੇਸ਼ ਸੰਬੰਧਿਤ ਜੀਵਨ ਬਾਰੇ ‘ਨਿਕਟ-ਦ੍ਰਿਸ਼ਟੀ’ ਦੀ ਅਣਹੋਂਦ ਕਾਰਨ ਉਹ ਸੰਬੰਧਿਤ ਸਾਹਿਤ ਦਾ ਸ਼ਾਇਦ ਏਨਾ ਸਹੀ ਮੁਲਾਂਕਣ ਨਹੀਂ ਕਰ ਸਕਦਾ। ਇਸ ਮਕਸਦ ਦੀ ਪੂਰਤੀ ਉਸ ਵਿਸ਼ੇਸ਼ ਖਿੱਤੇ ਦਾ ‘ਆਪਣਾ ਆਲੋਚਕ’ ਹੀ ਸ਼ਾਇਦ ਵਧੇਰੇ ਚੰਗੀ ਤਰ੍ਹਾਂ ਕਰ ਸਕਦਾ ਹੈ, ਬਸ਼ਰਤੇ ਕਿ ਉਸ ਕੋਲ ਆਲੋਚਨਾਤਮਕ ਪ੍ਰਤਿਭਾ ਦੀ ਅਣਹੋਂਦ ਨਾ ਹੋਵੇ। ਕਨੇਡੀਅਨ ਪੰਜਾਬੀ ਸਾਹਿਤ ਦੇ ਧੰਨਭਾਗ ਹਨ ਕਿ ਉਸਨੂੰ ਇਸ ਪੁਸਤਕ ਦੇ ਮਾਧਿਅਮ ਰਾਹੀਂ ਪਹਿਲੀ ਵਾਰ ਉਸਦਾ ‘ਆਪਣਾ ਆਲੋਚਕ’ ਪ੍ਰਾਪਤ ਹੋਇਆ ਹੈ। ਇਸ ਪਹਿਲ-ਪਲੱਕੜੀ ਪਾਈ ਇਤਿਹਾਸਕ ਪੈੜ ਦੇ ਪਿੱਛੇ ਪੈਰ ਰੱਖ ਕੇ ਤੁਰਨ ਲਈ ਸੁਖਿੰਦਰ ਨੇ ਭਵਿੱਖ ਦੇ ਕਨੇਡੀਅਨ ਪੰਜਾਬੀ ਆਲੋਚਕਾਂ ਨੂੰ ਰਾਹ ਵੀ ਵਿਖਾਇਆ ਹੈ।
-----
ਅੱਜ ਜਦੋਂ ਸਾਰਾ ਸੰਸਾਰ ਮੰਡੀ ਕੀਮਤਾਂ ਦੇ ਜਕੜ-ਜੰਜਾਲ ਵਿਚ ਫ਼ਸ ਕੇ ਰਹਿ ਗਿਆ ਹੈ ਤੇ ਮਨੁੱਖ ਅਤੇ ਰਿਸ਼ਤੇ ਵੀ ਖ਼ਰੀਦੇ ਜਾਣ ਵਾਲੀ ਵਸਤ ਤੱਕ ਘਟ ਜਾਂ ਘਟਾ ਦਿੱਤੇ ਗਏ ਹਨ, ਉਸ ਸਮੇਂ ਵਿਚ ਕੋਈ ਕਾਰਜ ਇਸ ਮਨਸ਼ਾ ਨਾਲ ਕਰਨਾ ਕਿ ਉਸ ਵਿਚ ਲੇਖਕ ਨੂੰ ਕਿਸੇ ਕਿਸਮ ਦਾ ਮੁਨਾਫ਼ਾ ਹਾਸਿਲ ਨਾ ਹੋਣਾ ਹੋਵੇ, ਬਹੁਤੀ ਵਾਰ ਸੰਭਵ ਵਿਖਾਈ ਨਹੀਂ ਦਿੰਦਾ। ਇਸ ਪੁਸਤਕ ਨੂੰ ਸਿਰਜਿਦਿਆਂ ਤੇ ਛਾਪਦਿਆਂ ਸੁਖਿੰਦਰ ਨੂੰ ਕਿਸੇ ਅਜਿਹੇ ‘ਮੁਨਾਫ਼ੇ’ ਦੀ ਝਾਕ ਨਹੀਂ। ਉਸਨੇ ਨਿਰੋਲ ਬੇਗ਼ਰਜ਼ ਭਾਵਨਾ ਨਾਲ ਇਸ ਪੁਸਤਕ ਨੂੰ ਕੇਵਲ ਇਸ ਕਰਕੇ ਰਚਿਆ ਹੈ ਕਿ ਇਸ ਨਾਲ ਇਕ ਤਾਂ ਸਮੁੱਚੇ ਕਨੇਡੀਅਨ ਪੰਜਾਬੀ ਸਾਹਿਤ ਦਾ ਇੱਕ ਸੰਗਠਿਤ ਬਿੰਬ ਉਜਾਗਰ ਹੋ ਸਕੇ ਤੇ ਦੂਜਾ ਕਨੇਡੀਅਨ ਪੰਜਾਬੀ ਆਲੋਚਨਾ ਦਾ ਮੁੱਢ ਬੰਨ੍ਹਿਆਂ ਜਾ ਸਕੇ। ਹਾਂ, ਪਹਿਲੇ ਕਨੇਡੀਅਨ ਪੰਜਾਬੀ ਆਲੋਚਕ ਵਜੋਂ ਆਪਣੀ ਪੈਂਠ ਬਨਾਉਣ ਦੀ ਭਾਵਨਾ ਜ਼ਰੂਰ ਇਸ ਪਿੱਛੇ ਕਾਰਜਸ਼ੀਲ ਹੋ ਸਕਦੀ ਹੈ ਪਰ ਇਸ ਭਾਵਨਾ ਨੂੰ ਕਿਸੇ ਵੀ ਤਰੀਕੇ ਨਾਲ ਮੰਡੀ ਕੀਮਤਾਂ ਦੇ ਲਾਲਚ ਨਾਲ ਨਹੀਂ ਜੋੜਿਆ ਜਾ ਸਕਦਾ। ਇਸ ਬੇਗ਼ਰਜ਼ ਕਾਰਜ-ਸਿਧੀ ਲਈ ਵੀ ਸੁਖਿੰਦਰ ਵਧਾਈ ਦਾ ਪਾਤਰ ਹੈ।
-----
ਇਹ ਪੁਸਤਕ ਕਿਉਂਕਿ ‘ਕਨੇਡੀਅਨ ਪੰਜਾਬੀ ਸਾਹਿਤ’ ਦੀ ਸਮੀਖਿਆ ਨਾਲ ਸੰਬੰਧਿਤ ਹੈ, ਇਸ ਲਈ ਇਸਦਾ ਪਾਠਕ ਸਭ ਤੋਂ ਪਹਿਲਾਂ ਇਹ ਵੇਖਣਾ ਜਾਂ ਜਾਨਣਾ ਚਾਹਵੇਗਾ ਕਿ ‘ਕਨੇਡੀਅਨ ਪੰਜਾਬੀ ਸਾਹਿਤ’ ਦੇ ਪਛਾਣ-ਚਿੰਨ੍ਹ ਕੀ ਹਨ। ਇਸ ਸਾਹਿਤ ਨੂੰ ‘ਕਨੇਡੀਅਨ’ ਅਖਵਾਉਣ ਲਈ ਜ਼ਰੂਰੀ ਹੈ ਕਿ ਜਿੱਥੇ ਇਸ ਵਿੱਚ ਕਨੇਡਾ ਦੇ ਭੂਗੋਲ, ਪ੍ਰਕਿਰਤੀ, ਸ਼ਹਿਰਾਂ, ਥਾਵਾਂ, ਮੌਸਮ ਆਦਿ ਦੇ ਦਿੱਖ ਦੀ ਪੱਧਰ ਵਾਲੇ ਹਵਾਲੇ ਹੋਣ ਓਥੇ ਇਸ ਮੁਲਕ ਦੇ ਬਹੁ-ਸਭਿਆਚਾਰਕ ਸਰੂਪ ਦੇ ਪਰਸੰਗ ਵਿੱਚ ‘ਪੰਜਾਬੀਆਂ’ ਅਤੇ ‘ਪੱਛਮੀ’ ਲੋਕਾਂ ਦੀ ਦਵੰਦਾਤਮਕ ਰਿਸ਼ਤਗੀ ਦੇ ਬਿਰਤਾਂਤ ਤੋਂ ਇਲਾਵਾ ਵਿਸ਼ੇਸ਼ ਪਰਕਾਰ ਦੀ ਕਨੇਡੀਅਨ ਜੀਵਨ-ਸ਼ੈਲੀ ਦਾ (ਟਰੈਫ਼ਿਕ, ਪੁਲਿਸ ਪ੍ਰਬੰਧ, ਮਾਲਜ਼, ਵਿਦਿਅਕ ਮਾਹੌਲ, ਸਿਹਤ ਸੇਵਾਵਾਂ, ਰੁਜ਼ਗਾਰ, ਰਾਜਨੀਤੀ ਜਾਂ ਧਾਰਮਿਕ ਵਿਸ਼ਵਾਸ ਵਗ਼ੈਰਾ ਆਦਿ ਦਾ ਸੰਕੇਤਿਕ) ਸਜਿੰਦ ਚਿੱਤਰ ਵੀ ਹੋਵੇ ਅਤੇ ਕਨੇਡਾ ਆਣ ਵੱਸੇ ਪੰਜਾਬੀਆਂ ਦੇ ਉਹਨਾਂ ਜੀਵਨ ਸਰੋਕਾਰਾਂ ਦੀ ਕਹਾਣੀ ਵੀ ਕਹੀ ਹੋਵੇ ਜਿਹੜੇ ਸਰੋਕਾਰ; ਜੇ ਉਹ ਲੋਕ ਕਨੇਡਾ ਵਿੱਚ ਨਾ ਆਉਂਦੇ ਤਾਂ, ਕਦੀ ਪੰਜਾਬੀ ਸਾਹਿਤ ਦਾ ਵਿਸ਼ਾ-ਵਸਤੂ ਨਹੀਂ ਸਨ ਬਣਨੇ। ਭਾਵੇਂ ਬਹੁਤੇ ਪਰਵਾਸੀ ਪੰਜਾਬੀਆਂ ਦੇ ਪੱਛਮੀ ਰਹਿਤਲ ਨਾਲ ਸੰਵਾਦ-ਵਿਵਾਦ ਵਿੱਚ ਪੈਣ ਵਾਲੇ ਵਧੇਰੇ ਸਰੋਕਾਰ ਬਹੁਤ ਹੱਦ ਤੱਕ ਸਾਂਝੇ ਹੀ ਹੋਣਗੇ (ਹੇਰਵਾ, ਨਸਲੀ ਵਿਤਕਰਾ, ਪੀੜ੍ਹੀ-ਪਾੜਾ, ਸਭਿਆਚਾਰਕ ਤਣਾਓ, ਸਭਿਆਚਾਰਕ ਅਨੁਕੂਲਣ ਆਦਿ) ਫਿਰ ਵੀ ਉਹਨਾਂ ਮੁਲਕਾਂ ਵਿੱਚ ਵੱਸਦੇ ਲੇਖਕਾਂ ਦੇ ਵਿਸ਼ੇਸ਼ ਲਿਖਣ-ਅੰਦਾਜ਼, ਰਚਨਾਤਮਕ-ਦ੍ਰਿਸ਼ਟੀ, ਪ੍ਰਤਿਭਾ ਅਨੁਸਾਰ ਆਪਣੇ ਅਵਾਸ ਦੇ ਮੁਲਕ ਦੇ ਨਿਰੋਲ ਨਿੱਜੀ ਪਛਾਣ-ਚਿੰਨ੍ਹਾਂ ਦੇ ਜ਼ਿਕਰ ਦੇ ਹਵਾਲੇ ਨਾਲ ਉਸ ਸਾਹਿਤ ਨੂੰ ਕਨੇਡੀਅਨ ਪੰਜਾਬੀ ਸਾਹਿਤ ਨਾਲੋਂ ਨਿਖੇੜਿਆ ਜਾ ਸਕਦਾ ਹੈ। ਫਿਰ ਵੀ ‘ਅਮਰੀਕੀ ਪੰਜਾਬੀ ਸਾਹਿਤ’ ਨਾਲੋਂ ‘ਕਨੇਡੀਅਨ ਪੰਜਾਬੀ ਸਾਹਿਤ’ ਨੂੰ ਨਿਖੇੜਨ ਲਈ ਸ਼ਾਇਦ ਬਾਹਰੀ ਹਵਾਲਿਆਂ ਤੋਂ ਇਲਾਵਾ ਕੇਵਲ ਲੇਖਕ ਦੇ ‘ਕਨੇਡੀਅਨ ਪੰਜਾਬੀ’ ਜਾਂ ‘ਅਮਰੀਕਨ ਪੰਜਾਬੀ’ ਹੋਣ ਦੇ ਹਵਾਲਿਆਂ ਨਾਲ ਹੀ ਨਿਖੇੜਿਆ ਜਾ ਸਕਦਾ ਹੈ।
-----
ਭਾਵੇਂ ਕਿ ਅਜਿਹੀ ਇਤਿਹਾਸਕ ਮਹੱਤਵ ਵਾਲੀ ਪੁਸਤਕ ਵਿਚ ਲੇਖਕ ਤੋਂ ਇਹ ਉਮੀਦ ਕੀਤੀ ਜਾਣੀ ਵਾਜਬ ਹੈ ਕਿ ਉਹ ਮੁਖ-ਬੰਧ ਵਿਚ ਨਿਰਣਾਜਨਕ ਢੰਗ ਨਾਲ ਕਨੇਡੀਅਨ ਪੰਜਾਬੀ ਸਾਹਿਤ ਦੇ ਪਛਾਣ ਤੇ ਨਿਖੇੜ-ਚਿੰਨ੍ਹਾਂ ਬਾਰੇ ਚਰਚਾ ਕਰਦਾ ਤੇ ਇਹ ਵੀ ਦੱਸਦਾ ਕਿ ਇਸਨੂੰ ਹੋਰ ਮੁਲਕਾਂ ਵਿਚ ਅਤੇ ਪੰਜਾਬ/ਭਾਰਤ ਵਿਚ ਲਿਖੇ ਜਾ ਰਹੇ ਸਾਹਿਤ ਨਾਲੋਂ ਕਿਵੇਂ ਵਖਰਿਆਇਆ ਜਾ ਸਕਦਾ ਹੈ। ਲੇਖਕ ਅਜਿਹੀ ਲੋੜ ਨੂੰ ਮੁੱਖ-ਬੰਧ ਵਿਚ ਸੰਕੇਤਿਕ ਤੌਰ ‘ਤੇ ਹੀ ਪੂਰਿਆਂ ਕਰਦਾ ਹੈ। ਉਹ ਜਾਣਦਾ ਹੈ ਕਿ , ‘ਕਨੇਡੀਅਨ ਸਮਾਜ ਵਿਚ ਹੋਰਨਾਂ ਪੱਛਮੀ ਦੇਸ਼ਾਂ ਨਾਲੋਂ ਕਈ ਗੱਲਾਂ ਵੱਖਰੀਆਂ ਹਨ’ ਅਤੇ ਇਸ ਵੱਖਰੇਪਨ ਨੂੰ ਉਹ ਕਨੇਡਾ ਦੇ ‘ਬਹੁ-ਸਭਿਆਚਾਰਕ’ ਸਮਾਜ ਵਜੋਂ ਪਛਾਣਦਾ ਹੈ ਤੇ ਇਸ ਸਮਾਜ ਦੀਆਂ ਪ੍ਰਾਪਤੀਆਂ ਤੇ ਵਿਸੰਗਤੀਆਂ ਦੀ ਪੇਸ਼ਕਾਰੀ ਨੂੰ ਕਨੇਡੀਅਨ ਪੰਜਾਬੀ ਸਾਹਿਤ ਦਾ ਮੁੱਖ ਪਛਾਣ-ਚਿੰਨ੍ਹ ਨਿਰਧਾਰਤ ਕਰਦਾ ਹੈ। ਪਰ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਦੇ ਸਮੁਚੇ ਹਵਾਲੇ ਨਾਲ ਜੇ ਇਹਨਾਂ ਪਛਾਣ-ਚਿੰਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਤਾਂ ਵਧੇਰੇ ਸਾਰਥਿਕ ਗੱਲ ਹੋਣੀ ਸੀ। ਇਸੇ ਕਰਕੇ ਇਹਨਾਂ ਨਿਖੇੜ-ਚਿੰਨ੍ਹਾਂ ਨੂੰ ਜਾਨਣ ਪਛਾਨਣ ਲਈ ਪਾਠਕ ਨੂੰ ਵੱਖ ਵੱਖ ਲੇਖਕਾਂ ਦੀਆਂ ਰਚਨਾਵਾਂ ਬਾਰੇ ਕੀਤੀ ਚਰਚਾ ਵਿਚ ਡੂੰਘਾ ਉੱਤਰਨਾ ਪੈਂਦਾ ਹੈ। ਲੋੜ ਇਸ ਗੱਲ ਦੀ ਵੀ ਸੀ ਕਿ ਸਾਡਾ ਆਲੋਚਕ ਵਿਭਿੰਨ ਵਿਧਾਵਾਂ ਵਿਚ ਲਿਖੇ ਜਾ ਰਹੇ ਸਾਹਿਤ ਦੀ ਵਿਲੱਖਣਤਾ ਤੇ ਵੱਖਰਤਾ ਬਾਰੇ ਕੋਈ ਜਚਵਾਂ ਨਿਰਣਾ ਦਿੰਦਾ ਅਤੇ ਦੱਸਦਾ ਕਿ ਕਨੇਡੀਅਨ ਪੰਜਾਬੀ ਕਵਿਤਾ, ਨਾਵਲ, ਕਹਾਣੀ, ਨਾਟਕ ਜਾਂ ਵਾਰਤਕ ਦੀਆਂ ਵਿਧਾਵਾਂ ਸਮੁੱਚੇ ਤੌਰ ‘ਤੇ ਕਿਸ ਪੱਧਰ ਦੀਆਂ ਹਨ ਅਤੇ ਇਹਨਾਂ ਵਿਧਾਵਾਂ ਨੂੰ ਮੁੱਖ ਧਾਰਾ ਵਿਚ ਲਿਖੇ ਜਾ ਰਹੇ ਸਾਹਿਤ ਦੇ ਤੁੱਲ ਕਿੱਥੇ ਕੁ ਰੱਖਿਆ ਜਾ ਸਕਦਾ ਹੈ ਅਤੇ ਉਸ ‘ਪੱਧਰ’ ਨੂੰ ਮਾਪਣ ਦੇ ਕਿਹੜੇ ਮਾਪ-ਦੰਡ ਹਨ! ਲੇਖਕ ਉਸ ਸਵਾਲ ਦੇ ਵੀ ਸਿੱਧਾ ਰੁਬਰੂ ਨਹੀਂ ਹੁੰਦਾ, ਜਿਸ ਸਵਾਲ ਨੂੰ ਕਈ ਚਰਚਿਤ ਪੰਜਾਬੀ ਲੇਖਕ ਅਕਸਰ ਉਠਾਉਂਦੇ ਹਨ ਕਿ ਉਹਨਾਂ ਦੇ ਲਿਖੇ ਸਾਹਿਤ ਨੂੰ ਖ਼ਾਨਿਆਂ ਵਿਚ ਵੰਡ ਕੇ ਨਾ ਵੇਖਿਆ ਜਾਵੇ ਸਗੋਂ ਉਸਦਾ ਮੁਲਾਂਕਣ ਜਾਂ ਵਿਸ਼ਲੇਸ਼ਣ ਮੁੱਖਧਾਰਾ ਦੇ ਸਾਹਿਤ ਦੇ ਅੰਤਰਗਤ ਹੀ ਕੀਤਾ ਜਾਵੇ। ਇਸ ਪੁਸਤਕ ਦੇ ਟਾਈਟਲ ਕਵਰ ‘ਤੇ ਹੀ ਸੁਖਪਾਲ ਨੇ ਸਾਹਿਤ ਨੂੰ ‘ਦੇਸੀ-ਪਰਵਾਸੀ-ਪਾਕਿਸਤਾਨੀ ਜਾਂ ਅਜਿਹੇ ਹੋਰ ਮਨਘੜਤ ਖਿੱਤਿਆਂ ਵਿਚ ਵੰਡੇ ਜਾਣ’ ‘ਤੇ ਇਤਰਾਜ਼ ਕੀਤਾ ਹੈ। ਸੁਖਿੰਦਰ ਨੂੰ ਇਸ ਸਵਾਲ ਦੇ ਰੂਬਰੂ ਵੀ ਹੋਣਾ ਚਾਹੀਦਾ ਸੀ ਤੇ ਸਪਸ਼ਟ ਤੌਰ ‘ਤੇ ਕਨੇਡੀਅਨ ਸਾਹਿਤ ਲਈ ਵੱਖਰਾ ‘ਖ਼ਾਨਾ’ ਨਿਯਤ ਕਰਨ ਦਾ ਤਰਕ ਵੀ ਦੇਣਾ ਚਾਹੀਦਾ ਸੀ। ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹ ਤਰਕ ਉਸਦੀ ਆਲੋਚਨਾ ਵਿਚ ਵੱਖ ਵੱਖ ਥਾਵਾਂ ‘ਤੇ ਖਿੰਡਿਆ ਹੋਇਆ ਤਾਂ ਪਿਆ ਹੈ ਪਰ ਇਸਦਾ ਸੰਗਠਿਤ ਤੇ ਸਮੁੱਚਾ ਉੱਤਰ ਇੱਕੋ ਥਾਂ ਤੇ ਨਿਰਣਾਜਨਕ ਢੰਗ ਨਾਲ ਉਪਲਬਧ ਹੁੰਦਾ ਤਾਂ ਪੁਸਤਕ ਦੀ ਸਾਰਥਿਕਤਾ ਹੋਰ ਵੀ ਵਧ ਜਾਣੀ ਸੀ।
-----
ਇਸੇ ਕਾਰਨ ਕਈ ਸਵਾਲ ਹੋਰ ਵੀ ਅਣਸੁਲਝੇ ਰਹਿ ਗਏ ਹਨ। ਲੇਖਕ ਅਨੁਸਾਰ ਕਨੇਡੀਅਨ ਪੰਜਾਬੀ ਸਾਹਿਤ ਦਾ ‘ਮੀਰੀ ਗੁਣ’ ਕਨੇਡੀਅਨ ਪੰਜਾਬੀ ਮਾਨਸਿਕਤਾ ਨੂੰ ਦਰਪੇਸ਼ ਸਭਿਆਚਾਰਕ, ਸਮਾਜਿਕ ਤੇ ਆਰਥਿਕ ਸੰਕਟਾਂ ਦੀ ਨਿਸ਼ਾਨਦੇਹੀ ਕਰਨਾ ਹੈ (ਪੰਨਾ-419)। ਮੁੱਖਬੰਧ ਵਿਚ ਵੀ ਕਨੇਡੀਅਨ ਬਹੁਸਭਿਆਚਾਰ ਦੇ ਹਵਾਲੇ ਨਾਲ ਲੇਖਕ ਨੇ ਕਨੇਡੀਅਨ ਪੰਜਾਬੀ ਸਾਹਿਤ ਨੂੰ ਨਿਖੇੜਿਆ ਸੀ ਪਰ ਜਦੋਂ ਲੇਖਕ ਵੱਲੋਂ ਚਰਚਾ ਅਧੀਨ ਲਿਆਂਦੇ ਲੇਖਕਾਂ ਦੀਆਂ ਸੰਬੰਧਿਤ ਪੁਸਤਕਾਂ ਵਿਚਲੇ ਵਸਤੂ ਵੱਲ ਧਿਆਨ ਮਾਰੀਏ ਤਾਂ ਉਹਨਾਂ ਵਿਚੋਂ ਬਹੁਤ ਸਾਰੇ ਲੇਖਕ ਅਜਿਹੇ ਹਨ ਜਿਨ੍ਹਾਂ ਦੀਆਂ ਲਿਖਤਾਂ ਵਿਚੋਂ ਕਨੇਡੀਅਨ ਪੰਜਾਬੀ ਸਾਹਿਤ ਦੇ ਪਛਾਣ-ਚਿੰਨ੍ਹਾਂ ਦੇ ਝਲਕਾਰੇ ਨਹੀਂ ਮਿਲਦੇ। ਉਹ ਮੁੱਖ ਧਾਰਾ ਦੇ ਪੰਜਾਬੀ ਜੀਵਨ ਦੇ ਸਰੋਕਾਰਾਂ ਦੀ ਬਾਤ ਹੀ ਪਾਉਂਦੇ ਨਜ਼ਰ ਆਉਂਦੇ ਹਨ। ‘ਕਨੇਡਾ’ ਉਹਨਾਂ ਦੀਆਂ ਰਚਨਾਵਾਂ ਵਿਚ ਕਿਧਰੇ ਦਿਖਾਈ ਨਹੀਂ ਦਿੰਦਾ। ਉਦਾਹਰਣ ਦੇ ਤੌਰ ‘ਤੇ ਅਸੀਂ ਗੁਰਚਰਨ ਰਾਮਪੁਰੀ ਦੀ ਪੁਸਤਕ ‘ਅਗਨਾਰ’ ਦਾ ਜਿ਼ਕਰ ਕਰ ਸਕਦੇ ਹਾਂ ਜਿਸ ਵਿਚ ਪੰਜਾਬ/ ਭਾਰਤ ਵਿਚਲੇ ਅੱਤਵਾਦ ਦੇ ਦੌਰ ਦਾ ਹੀ ਕਾਵਿਕ ਬਿਆਨ ਹੈ। ਪੂਰਨ ਸਿੰਘ ਪਾਂਧੀ ਦੀ ਪੁਸਤਕ ਵੀ ਸਮੁੱਚੀ ਜੀਵਨ-ਜਾਚ ਨਾਲ ਸੰਬੰਧਿਤ ਹੈ ਕਿਸੇ ‘ਵਿਸ਼ੇਸ਼ ਕਨੇਡੀਅਨ ਜੀਵਨ ਜਾਚ’ ਨਾਲ ਨਹੀਂ। ਜਸਵੀਰ ਕਾਲਰਵੀ ਦੇ ਨਾਵਲ ਵਿਚੋਂ ਵੀ ਕਨੇਡੀਅਨ ਪਰਸੰਗ ਗ਼ੈਰ ਹਾਜ਼ਰ ਹਨ। ਉਸੇ ਤਰ੍ਹਾਂ ਗੁਰਦੇਵ ਚੌਹਾਨ ਦੀ ਪੁਸਤਕ ‘ਚਸ਼ਮਦੀਦ’ ਵਿਚਲੇ ਰੇਖਾ-ਚਿਤਰ ਅਤੇ ਨਿਬੰਧ ਕਿਸੇ ਵੀ ਤਰ੍ਹਾਂ ‘ਕਨੇਡੀਅਨ ਪੰਜਾਬੀ ਸਾਹਿਤ’ ਦੀ ਪਰਿਭਾਸ਼ਾ ‘ਤੇ ਪੂਰੇ ਨਹੀਂ ਉੱਤਰਦੇ। ਉਹ ਮੁਖਧਾਰਾ ਦੇ ਪੰਜਾਬੀ ਸਾਹਿਤ ਦਾ ਹੀ ਅੰਗ ਹਨ। ਗੁਰਬਖ਼ਸ਼ ਭੰਡਾਲ ਦੀ ਕਵਿਤਾ ਦੇ ਹਵਾਲੇ ਵੀ ਉਸਨੂੰ ਕਨੇਡੀਅਨ ਸਾਹਿਤਕਾਰ ਅਖਵਾਉਣ ਦੇ ਰਾਹ ਵਿਚ ਰੁਕਾਵਟ ਬਣਦੇ ਦਿਖਾਈ ਦਿੰਦੇ ਹਨ।
----
ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਲੇਖਕਾਂ ਦੀਆਂ ਹੋਰ ਰਚਨਾਵਾਂ ਵਿਚ ਵੀ ‘ਕਨੇਡੀਅਨ ਜੀਵਨ ਸਰੋਕਾਰ’ ਗ਼ੈਰਹਾਜ਼ਰ ਹੋਣਗੇ। ਹੋ ਸਕਦਾ ਹੈ ਕਿ ਉਹਨਾਂ ਦੀਆਂ ਉਹ ਲਿਖਤਾਂ ਸੁਖਿੰਦਰ ਵੱਲੋਂ ਸਿਰਜੀ ‘ਕਨੇਡੀਅਨ ਪੰਜਾਬੀ ਸਾਹਿਤ’ ਦੀ ਹਕੀਕੀ ਕਸਵੱਟੀ ‘ਤੇ ਪੂਰਾ ਉੱਤਰਦੇ ਹੋਏ ਕਨੇਡੀਅਨ ਸਾਹਿਤ ਦਾ ਹੀ ਅੰਗ ਹੋਣ। ਪਰ ਨਿਰੋਲ ਕਨੇਡੀਅਨ ਸਰੋਕਾਰਾਂ ਤੋਂ ਬਾਹਰ ਨਿਕਲ ਕੇ ਸਮੁੱਚੇ ਪੰਜਾਬੀ ਜੀਵਨ ਨੂੰ ਜਾਂ ਭਾਰਤੀ ਪੰਜਾਬੀ ਜੀਵਨ ਨੂੰ ਕਲਾਵੇ ਵਿਚ ਲੈਂਦੀਆਂ ਇਹਨਾਂ ਲੇਖਕਾਂ ਦੀਆਂ ਪੁਸਤਕਾਂ ਨੂੰ ਇਸ ਪੁਸਤਕ ਵਿਚ ਚਰਚਾ ਅਧੀਨ ਲੈ ਆਉਣਾ ਏਥੇ ਇਹ ਸਵਾਲ ਉਠਾਉਣ ਲਈ ਪ੍ਰੇਰਿਤ ਕਰਦਾ ਕਿ ਕੀ ਕਨੇਡਾ ਵਿਚ ਆਵਾਸ ਗ੍ਰਹਿਣ ਕਰ ਲੈਣ ਨਾਲ ਹੀ ਕੋਈ ਲੇਖਕ ‘ਕਨੇਡੀਅਨ ਲੇਖਕ’ ਤੇ ਉਸ ਦੁਆਰਾ ਰਚਿਤ ਸਾਹਿਤ ‘ਕਨੇਡੀਅਨ ਪੰਜਾਬੀ ਸਾਹਿਤ’ ਬਣ ਜਾਂਦਾ ਹੈ? ਲੇਖਕ ਵੱਲੋਂ ਆਪ ਹੀ ਨਿਰਧਾਰਤ ਕੀਤੇ ‘ਕਨੇਡੀਅਨ ਪੰਜਾਬੀ ਸਾਹਿਤ’ ਦੀ ਪਰਿਭਾਸ਼ਾ ‘ਤੇ ਇਹ ਗੱਲ ਪੂਰੀ ਨਹੀਂ ਉੱਤਰਦੀ। ਲੇਖਕ ਨੂੰ ਇਸ ਮਸਲੇ ਨਾਲ ਵੀ ਨਜਿੱਠਣਾ ਚਾਹੀਦਾ ਸੀ। ਸਵਾਲ ਤਾਂ ਇਹ ਵੀ ਬਣਦਾ ਹੈ ਕਿ ਕੀ ਕੋਈ ਲੇਖਕ ਕਨੇਡਾ ਦਾ ਵਸਨੀਕ ਨਾ ਹੋਵੇ; ਰਹਿੰਦਾ ਵੀ ਪੰਜਾਬ ਵਿੱਚ ਹੋਵੇ ਪਰ ਰਚਨਾ ਕਨੇਡੀਅਨ ਜੀਵਨ ਸਰੋਕਾਰਾਂ ਬਾਰੇ ਕਰ ਰਿਹਾ ਹੋਵੇ ਤਾਂ ਉਸਦੀ ਰਚਨਾ ਨੂੰ ‘ਕਨੇਡੀਅਨ ਪੰਜਾਬੀ ਰਚਨਾ’ ਕਿਹਾ ਜਾ ਸਕਦਾ ਹੈ। ਭਾਰਤ ਵੱਸਦੇ ਬਲਵਿੰਦਰ ਗਰੇਵਾਲ ਦੀ ‘ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ’ ਬਹੁ-ਚਰਚਿਤ ਕਹਾਣੀ ਦਾ ਇਸ ਪਰਸੰਗ ਵਿੱਚ ਜ਼ਿਕਰ ਕੀਤਾ ਜਾ ਸਕਦਾ ਹੈ ਜਿਸਦੇ ਸਰੋਕਾਰ ਤੇ ਪੇਸ਼ਕਾਰੀ ਦਾ ਸਾਰਾ ਧਰਾਤਲ ਹੀ ਕਨੇਡਾ ਹੈ ਤੇ ਉਸਨੂੰ ਪੰਜਾਬੀ ਦੀਆਂ ਬਹੁਤ ਵਧੀਆ ਕਹਾਣੀਆਂ ਵਿਚ ਵੀ ਸ਼ਾਮਿਲ ਕੀਤਾ ਜਾਂਦਾ ਹੈ।
*****
ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।
No comments:
Post a Comment