ਲੇਖ
ਸਮੇਂ ਸਿਰ ਇਨਸਾਫ਼ ਨਾ ਮਿਲ਼ਣਾ ਵੀ ਨਿਆਂ ਦੀ ਗੱਲ ਨਹੀਂ। ਨਿਆਂ ਦੀ ਗੱਲ ਇਹ ਹੈ ਕਿ ਜਿਸ ਨਾਲ ਧੱਕਾ ਹੋਇਆ ਹੋਵੇ ਉਸ ਪੀੜਤ ਨੂੰ ਹੇਰ ਫੇਰ ਤੇ ਵਿੰਗ-ਵਲੇਵੇਂ ਦੀਆਂ ਘੁੰਮਣ ਘੇਰੀਆਂ ਵਿਚ ਫਿਰਦੇ ਰਹਿਣ ਜੋਗਾ ਹੀ ਨਾ ਕਰ ਦਿੱਤਾ ਜਾਵੇ। ਰਾਜ ਪ੍ਰਬੰਧ ਦੀ ਵਧੀਆ ਪ੍ਰਣਾਲੀ ਲੋਕਤੰਤਰ ਵਿਚ ਵੀ ਜੇ ਪੀੜਤ ਦੀ ਤੁਰਤ ਰਸਾਈ ਨਹੀਂ ਹੁੰਦੀ ਤਾਂ ਫੇਰ ਹੋਰ ਕਿਹੜੀ ਪ੍ਰਣਾਲੀ ਵੱਲ ਭੱਜਿਆ ਜਾਵੇ।
-----
ਕਿਸੇ ਵੀ ਕੰਮ / ਮਸਲੇ / ਸਮੱਸਿਆ ਮੁਕੱਦਮੇ ਨੂੰ ਨਜਿੱਠਣ ਲਈ ਮਿਆਦ ਨਾ ਮਿੱਥਣੀ ਅਨਿਆਂ ਦਾ ਆਰੰਭ ਹੈ। ਜਿਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਦਫਤਰਾਂ ’ਚ ਬੈਠੇ ਹਰ ਪੱਧਰ ਦੇ ਬਾਬੂ ਜੇ ਫਾਈਲਾਂ ਦੇ ਨਿਪਟਾਰੇ ਲਈ ਮਾਇਆ ਦੇ ਪਹੀਆਂ ਦੀ ਉਡੀਕ ਕਰਨ ਲੱਗ ਪੈਣ ਤਾਂ ਵਰ੍ਹਿਆਂ ਦੇ ਵਰ੍ਹੇ ਫਾਈਲਾਂ ਅੱਗੇ ਨਹੀਂ ਤੁਰ ਸਕਦੀਆਂ। ਜਦ ਹਕ਼ੂਮਤ ਉਨ੍ਹਾਂ ਨੂੰ ਉਨ੍ਹਾਂ ਵਲੋਂ ਕੀਤੇ ਜਾਂਦੇ ਦਫਤਰੀ ਕੰਮ ਲਈ ਢੁਕਵੀਂ ਤਨਖਾਹ ਦਿੰਦੀ ਹੈ ਤਾਂ ਉਹ ਪਹੀਆਂ ਲਈ ਲਾਲਚ ਦੇ ਖੇਤਰ ਵਿਚ ਦਾਖਲ ਹੋਣ ਦਾ ਜਤਨ ਹੀ ਭਲਾਂ ਕਿਉਂ ਕਰਨ?
-----
ਕਾਗ਼ਜ਼ਾਂ ਵਿਚ ਲੋੜੀਂਦੇ ਤੱਥ ਅਤੇ ਫਾਰਮਾਂ ਵਿਚ ਮੰਗੇ ਵੇਰਵੇ ਦੇਣ ਤੋਂ ਬਾਅਦ ਵੀ ਜੇ ਕੰਮ ਕਰਾਉਣ ਵਾਲੇ ਨੂੰ ਲਾਰਿਆਂ ਦੇ ਜੰਗਲ਼ ਵਿਚ ਭਟਕਣ ਲਈ ਤੋਰਿਆ ਜਾਂਦਾ ਰਹੇ ਤਾਂ ਕਸੂਰ ਕਿਸਦਾ ਹੋਇਆ? ਇਸ ਤਰ੍ਹਾਂ ਦੇ ਲਾਰੇਬਾਜ਼ ਕਰਮਚਾਰੀਆਂ / ਅਧਿਕਾਰੀਆਂ ਨੂੰ ਅਜਿਹਾ ਦੰਡ ਦਿੱਤਾ ਜਾਣਾ ਚਾਹੀਦਾ ਹੈ ਕਿ ਦੂਜਿਆਂ ਤੱਕ ਨੂੰ ਕੰਨ ਹੋ ਜਾਣ। ਜਿਹੜੇ ਕੰਮ ਛੇਤੀ / ਤੁਰਤ ਫੁਰਤ ਹੋਣ ਵਾਲੇ ਹੋਣ ਉਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਵੀ ਦੇਰੀ ਨਹੀਂ ਹੋਣੀ ਚਾਹੀਦੀ।
-----
ਲੱਖਾਂ ਕਰੋੜਾਂ ਦੀਆਂ ਰਿਸ਼ਵਤਾਂ ਦੇ ਕਿੱਸੇ ਵੱਡੇ ‘ਬੰਦਿਆਂ’ ਦੇ ਨਾਵਾਂ ਨਾਲ ਛਪਦੇ ਹਨ ਛੋਟਿਆਂ ਦੇ ਨਹੀਂ। ਉਹ ਹੱਥ ਆਉਂਦੇ ਵੀ ਹਨ ਪਰ ਉਨ੍ਹਾਂ ਨੂੰ ਹੁੰਦਾ ਕੁਝ ਨਹੀਂ। ਉਨ੍ਹਾਂ ਦਾ ਬਚਾਅ ਕਰਨ ਵਾਲਿਆਂ ਦੀ ਕਮੀ ਨਹੀਂ ਸਗੋਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸੇ ਕਾਰਨ ਉਹ ਫਸਕੇ ਵੀ ਨਹੀਂ ਫਸਦੇ। ਬਚਾਅ ਦੇ ਐਹੋ ਜਿਹੇ ਰਾਹ ਲੱਭਦੇ ਹਨ ਕਿ ਆਮ ਬੰਦਿਆਂ ਦੇ ਤਾਂ ਉਹ ਚਿੱਤ-ਚੇਤਿਆਂ ’ਚ ਵੀ ਨਹੀਂ ਹੁੰਦੇ। ਏਹੋ ਜਹੇ ਵੱਡੇ ਬੰਦੇ ਇਨਸਾਫ਼ ਦੇ ਰਾਹ ਵਿਚ ਰੋੜੇ ਅਟਕਾਉਂਦੇ ਹਨ। ਜਿਸ ਕਾਰਨ ਨਿਆਂ ਦੇਣ ਵਾਲਿਆਂ ਦੇ ਹੱਥ-ਪੱਲੇ ਵੀ ਕੁੱਝ ਨਹੀਂ ਰਹਿੰਦਾ।
-----
ਦੇਸ਼ ਭਰ ਦੇ ਦਫਤਰਾਂ ਵਿਚ ਏਨੀ ਤਰ੍ਹਾਂ ਦੇ ਮਸਲੇ ਏਨੀ ਗਿਣਤੀ ਵਿਚ ਪਏ ਹਨ ਕਿ ਉਨ੍ਹਾਂ ਦੀ ਗਿਣਤੀ ਕਰਨੀ ਤਾਂ ਇਕ ਪਾਸੇ ਗਿਣਤੀ ਕਰਨ ਦਾ ਅੰਦਾਜ਼ਾ ਤੱਕ ਨਹੀਂ ਲਾਇਆ ਜਾ ਸਕਦਾ। ਅਮੀਰ ਤਾਂ ਮਾਇਆ ਅਤੇ ਪਹੁੰਚ ਕਾਰਨ ਕੰਮ ਕਰਵਾ ਲੈਂਦੇ ਹਨ ਪਰ ਗ਼ਰੀਬ ਕਿੱਧਰ ਜਾਵੇ। ਆਮ ਆਦਮੀ ਦੇ ਕੰਮ ਦਫਤਰਾਂ ਵਿਚ ਨਹੀਂ ਹੁੰਦੇ । ਉਹ ਵਿਚਾਰੇ ਧੱਕੇ-ਧੌਲ਼ੇ ਖਾਣ ਤੋਂ ਬਗੈਰ ਕੁਝ ਨਹੀਂ ਕਰ ਸਕਦੇ। ਮਸਲੇ ਹੱਲ ਨਾ ਹੋਣ ਕਾਰਨ ਉਹ ਉਮਰ ਭਰ ਪ੍ਰੇਸ਼ਾਨੀ ਦੇ ਚੱਕਰ ‘ਚੋਂ ਬਾਹਰ ਨਿਕਲਣ ਜੋਗੇ ਨਹੀਂ ਰਹਿੰਦੇ।
-----
ਰਹੀ ਗੱਲ ਨਿਆਂ ਪ੍ਰਣਾਲੀ ਦੀ। ਹੁਣ ਦੀ ਪ੍ਰਕਿਰਿਆ ਵਿਚ ਮੁਕੱਦਮਿਆਂ ਦਾ ਫੈਸਲਾ ਛੇਤੀ ਨਹੀਂ ਹੁੰਦਾ। ਕਾਰਨ ਲੰਮੀ ਪ੍ਰਕਿਰਿਆ ਦੀ ਹੈ ਜੋ ਛੇਤੀ ਕੀਤੇ ਪੂਰੀ ਨਹੀਂ ਹੁੰਦੀ। ਗਵਾਹੀਆਂ ਦਾ ਲੰਮਾ ਸਿਲਸਿਲਾ ਹੈ ਜਿਨ੍ਹਾਂ ਦੇ ਭੁਗਤਣ ਬਿਨਾ ਮੁਕੱਦਮਿਆਂ ਦਾ ਚਿਹਰਾ-ਮੋਹਰਾ ਮੁਕੰਮਲ ਨਹੀਂ ਹੁੰਦਾ। ਸਬੂਤਾਂ ਬਿਨਾਂ ਗੱਲ ਹੀ ਨਹੀਂ ਬਣਦੀ ਜਿਨ੍ਹਾਂ ਨੂੰ ਇਕੱਠੇ ਕਰਨ ਲਈ ਜਿੰਨਾ ਵੀ ਸਮਾਂ ਲਾਈ ਜਾਉ ਓਨਾ ਹੀ ਥੋੜਾ। ਹੋਰ ਉਲਝਣਾਂ ਅਤੇ ਗੁੰਝਲਾਂ ਨੂੰ ਸੁਲਝਾਣ ਲਈ ਵਕਤ ਆਪਣੀ ਚਾਲੇ ਤੁਰਿਆ ਰਹਿੰਦਾ ਹੈ। ਜਿਸ ਕਰਕੇ ਕੋਈ ਵੀ ਮੁਕੱਦਮਾ ਸਮੇਂ ਸਿਰ ਨਿਪਟਾਇਆ ਨਹੀਂ ਜਾਂਦਾ।
-----
ਇਹ ਵੀ ਅਕਸਰ ਆਖਿਆ ਜਾਂਦਾ ਹੈ ਕਿ ਅਦਾਲਤਾਂ ਵਿਚ ਕੇਸਾਂ ਦੇ ਨਿਪਟਾਰੇ ਲਈ ਨਿਆਂਕਾਰਾਂ ਦੀ ਥੁੜ੍ਹ ਹੈ ਜਿਹੜੀ ਅਕਸਰ ਪੂਰੀ ਨਹੀਂ ਕੀਤੀ ਜਾਂਦੀ। ਇਹ ਘਾਟ ਜਨਤਾਂ ਨੇ ਤਾਂ ਪੂਰੀ ਕਰਨੀ ਨਹੀਂ, ਇਹ ਤਾਂ ਸਮੇਂ ਸਮੇਂ ਹਕ਼ੂਮਤ ਨੇ ਹੀ ਪੂਰੀ ਕਰਨੀ ਹੁੰਦੀ ਹੈ ਜਿਸ ਨੂੰ ਇਸ ਵਿਚ ਢਿੱਲ ਨਹੀਂ ਕਰਨੀ ਚਾਹੀਦੀ। ਜੇ ਉਹ ਢਿੱਲ ਵਰਤਦੀ ਹੈ ਤੇ ਨਿਆਂਕਾਰਾਂ ਦੀ ਘਾਟ ਪੂਰੀ ਨਹੀਂ ਕਰਦੀ ਤਾਂ ਇਹ ਸਮਝਿਆ ਜਾਣਾ ਚਾਹੀਦਾ ਹੈ ਕਿ ਉਹ ਜਨਤਾ ਨੂੰ ਛੇਤੀ ਅਤੇ ਸਸਤਾ ਨਿਆਂ ਦੇਣ ਦੇ ਹੱਕ਼ ਵਿਚ ਨਹੀਂ।
-----
ਏਨੀਆਂ ਛੋਟੀਆਂ ਵੱਡੀਆਂ ਅਦਾਲਤਾਂ ਦੇ ਹੁੰਦਿਆਂ ਹੋਇਆਂ ਅਤੇ ਏਨੀ ਗਿਣਤੀ ਵਿਚ ਨਿਆਂਕਾਰਾਂ ਦੀ ਮੌਜੂਦਗੀ ਵਿਚ ਵੀ ਜੇ ਨਿਆਂ ਪ੍ਰਣਾਲੀ ਵਿਚ ਸੁਧਾਰ ਨਹੀਂ ਕੀਤਾ ਜਾ ਰਿਹਾ ਤਾਂ ਮੁਕੱਦਮਿਆਂ ਦੀ ਲਮਕਣ-ਗਿਣਤੀ ਨੂੰ ਘਟਾਇਆ ਨਹੀਂ ਜਾ ਸਕਦਾ। ਪਰ ਇਹ ਸਭ ਜਨਤਾ ਦੇ ਹੱਕ ਵਿਚ ਨਹੀਂ ਸਗੋਂ ਉਸ ਲਈ ਪ੍ਰੇਸ਼ਾਨੀਆਂ ਅਤੇ ਮੁਸੀਬਤਾਂ ਪੈਦਾ ਕਰਨ ਦਾ ਕਾਰਨ ਬਣਦਾ ਹੈ, ਜਿਹੜਾ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ। ਹਾਕਮ ਜਨਤਾ ਦੇ ਅਤੇ ਲੋਕ ਰਾਜੀ ਪ੍ਰਣਾਲੀ ਦੇ ਹੱਕ ਵਿਚ ਹੋਣ ਤਾਂ ਅਜਿਹਾ ਨਹੀਂ ਹੋ ਸਕਦਾ।
-----
ਮੁੱਕਦੀ ਗੱਲ ਏਹੀ ਹੈ ਕਿ ਪੀੜਤ ਦੀ ਸੁਣੀ ਜਾਵੇ, ਮੁਲਜ਼ਮ ਦੇ ਸੱਚ ਨੂੰ ਝੂਠੇ ਸਬੂਤਾਂ ਅਤੇ ਫ਼ੋਕੀਆਂ ਗਵਾਹੀਆਂ ਨਾਲ ਨਾ ਝੁਠਲਾਇਆ ਜਾਵੇ ਸਗੋਂ ਉਸਦੇ ਸੱਚ ਦੀ ਵਿਗਿਆਨਕ ਪੜਤਾਲ ਕੀਤੀ ਜਾਵੇ। ਇਹ ਵੀ ਕਿ ਹਰ ਮੁਕੱਦਮੇ ਦੀ ਸਮਾਂ-ਸੀਮਾਂ ਹਰ ਸੂਰਤ ਮਿੱਥੀ ਜਾਵੇ ਅਤੇ ਉਸਦਾ ਫੈਸਲਾ ਉਸ ਸੀਮਾਂ ਦੇ ਅੰਦਰ ਅੰਦਰ ਰਹਿ ਕੇ ਹੀ ਕੀਤਾ ਜਾਵੇ। ਜਿਹੜਾ ਨਿਆਂਕਾਰ ਅਜਿਹੀ ਸੀਮਾਂ ਨਾ ਮੰਨੇ ਉਸ ਨੂੰ ਸੁਚੇਤ ਕੀਤਾ ਜਾਵੇ ਅਤੇ ਚੇਤਾਵਨੀ ਦਿੱਤੀ ਜਾਵੇ। ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿਚ ਮੁਕੱਦਮੇ ਅਦਾਲਤਾਂ ਵਿਚ ਲਟਕਦੇ ਰਹਿਣਗੇ ਅਤੇ ਜਨਤਾ ਵੀਹ ਵੀਹ ਸਾਲ ਫੈਸਲਿਆਂ ਦੀ ਉਡੀਕ ਕਰਦੀ ਰਹੇਗੀ।
*****
ਪ੍ਰੇਮ ਤਾਂ ਇਕ ਵਗਦਾ ਦਰਿਆ
ਪ੍ਰੇਮ ਇਕ ਕੁਦਰਤੀ ਜਜ਼ਬਾ ਹੈ ਜਿਹੜਾ ਰੋਕਿਆ ਵੀ ਨਹੀਂ ਰੁਕਦਾ। ਜੋ ਕੋਈ ਇਸ ਦੇ ਰਾਹ ਵਿਚ ਰੋੜਾ ਬਣਨ ਦਾ ਜਤਨ ਕਰਦਾ ਹੈ ਉਹ ਜੀਵ / ਮਨੁੱਖ / ਇਸਤਰੀ ਨੂੰ ਤਾਂ ਖ਼ਤਮ ਕਰ ਸਕਦਾ ਹੈ ਪਰ ਪਿਆਰ ਦੇ ਵਲਵਲੇ ਨੂੰ ਨਹੀਂ, ਇਸ ਦੀ ਰਵਾਨੀ ਨੂੰ ਨਹੀਂ, ਇਸ ਦੀ ਗਹਿਰਾਈ ਨੂੰ ਨਹੀਂ। ਪ੍ਰੇਮ ਜ਼ਰੂਰ ਹੁੰਦਾ ਰਹੇਗਾ ਪਰ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਕਦੇ ਸਫਲਤਾ ਨਹੀਂ ਮਿਲ ਸਕਦੀ ਕਿਉਂਕਿ ਪ੍ਰੇਮ ਅਜਿਹਾ ਜਜ਼ਬਾ ਹੈ ਜਿਹੜਾ ਕਿਸੇ ਤਰ੍ਹਾਂ ਦੀਆਂ ਬੰਦਿਸ਼ਾਂ ਵਿਚ ਨਹੀਂ ਰਹਿ ਸਕਦਾ।
-----
ਸੰਤ / ਮਹਾਤਮਾ / ਰਿਸ਼ੀ ਮੁਨੀ / ਪੀਰ ਪੈਗ਼ੰਬਰ ਵੀ ਪ੍ਰੇਮ ਕਰਨ ਦੀ ਪ੍ਰੇਰਨਾ ਦਿੰਦੇ ਹਨ ਭਾਵੇਂ ਉਨ੍ਹਾਂ ਦੇ ਪ੍ਰੇਮ ਦੀ ਪੱਧਰ ਜਿਸਮਾਨੀ ਤੋਂ ਉੱਠ ਕੇ ਰੂਹਾਨੀਅਤ ਤੱਕ ਪਹੁੰਚ ਜਾਂਦੀ ਹੈ। ਪ੍ਰੇਮ ਬਿਨਾਂ ਰੱਬ ਤੱਕ ਵੀ ਨਹੀਂ ਪਹੁੰਚਿਆ ਜਾ ਸਕਦਾ। ਜਿਹੜੇ ਰੱਬ ਦੇ ਬੰਦਿਆਂ / ਔਰਤਾਂ / ਬੱਚਿਆਂ ਨੂੰ ਪ੍ਰੇਮ ਨਹੀਂ ਕਰ ਸਕਦੇ ਉਹ ਰੱਬ ਨੂੰ ਵੀ ਪ੍ਰੇਮ ਨਹੀਂ ਕਰ ਸਕਦੇ।
-----
ਪ੍ਰੇਮ ਆਦਿ ਕਾਲ ਤੋਂ ਹੁੰਦੇ ਆਏ ਹਨ। ਲੋਕ ਜਾਨ ਤਾਂ ਵਾਰਦੇ ਰਹੇ ਹਨ ਪਰ ਪ੍ਰੇਮ ਦਾ ਰਾਹ ਨਹੀਂ ਛੱਡ ਸਕੇ। ਇਹ ਜਜ਼ਬਾ ਹੀ ਅਜਿਹਾ ਹੈ ਕਿ ਜਿਹੜਾ ਆਪਣੇ ਆਪ ਤੋਂ ਮੁੜਨ ਨਹੀਂ ਦਿੰਦਾ। ਜਿਹੜੇ ਕਹਿੰਦੇ ਹਨ ਕਿ ਪ੍ਰੇਮ ਵਿਆਹ ਨਾ ਕਰੋ, ਉਨ੍ਹਾਂ ਨੂੰ ਪ੍ਰੇਮ ਦੇ ਜਜ਼ਬੇ ਦੀ ਸਮਝ ਹੀ ਨਹੀਂ। ਫੇਰ ਉਨ੍ਹਾਂ ਨੂੰ ਸਲਾਹ ਦੇਣ ਦਾ ਭਲਾਂ ਹੱਕ ਕਿਵੇਂ ਹੋਇਆ? ਜਾਤ-ਪਾਤ / ਗੋਤ ਅਤੇ ਅਜਿਹੀਆਂ ਹੋਰ ਢੁੱਚਰਾਂ ਦੀ ਵੀ ਆਧੁਨਿਕ ਸਮੇਂ ਅੰਦਰ ਕੋਈ ਵੁੱਕਤ ਨਹੀਂ। ਅਖਬਾਰਾਂ / ਰਸਾਲੇ / ਚੈਨਲ / ਫਿਲਮਾਂ / ਰੇਡੀਉ ਰਾਹੀਂ ਨਿੱਤ ਪ੍ਰੇਮ ਪਰੋਸਿਆ ਜਾ ਰਿਹਾ ਹੈ ਫੇਰ ਉਸ ਦੇ ਅਸਰ ਤੋਂ ਅਭਿੱਜ ਕਿਵੇਂ ਰਿਹਾ ਜਾ ਸਕਦੈ? ਇਹ ਤਾਂ ਇੰਜ ਹੀ ਹੋਇਆ ਕਿ ਠੇਕੇ ਤਾਂ ਖੋਲ੍ਹ ਦਿੱਤੇ ਜਾਣ ਪਰ ਕਿਹਾ ਇਹ ਜਾਵੇ ਕਿ ਸ਼ਰਾਬ ਕੋਈ ਨਾ ਖ਼ਰੀਦੇ ਅਤੇ ਨਾ ਹੀ ਕੋਈ ਪੀਵੇ?
=====
ਕਾਵਿ-ਟੋਟਕਾ
ਵਗਦਾ ਪਾਣੀ ਵਗਦੀ ਹਵਾ ਹੈ, ਜ਼ਿੰਦਗੀ ਇਕ ਵਗਦਾ ਦਰਿਆ ਹੈ।
ਕਿੱਥੋਂ ਤੁਰੀ ਤੇ ਕਿੱਥੇ ਹੈ ਜਾਣਾ, ਇਸ ਦਾ ਲਗਦਾ ਨਹੀਂ ਪਤਾ ਹੈ।
ਤੁਰੇ ਜੇ ਕੋਈ ਆਪਣਾ ਬਣਕੇ, ਸਮੇਂ ਦੇ ਪੈਰੀਂ ਝਾਂਜਰ ਛਣਕੇ,
ਮਹਿਕੋ ਮਹਿਕ ਫ਼ਿਜ਼ਾ ਹੋ ਜਾਵੇ , ਹੋਰ ਕੀ ਦੁਨੀਆਂ ਵਿਚ ਪਿਆ ਹੈ।
No comments:
Post a Comment