ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, March 4, 2010

ਸੁਆਦਤ ਹਸਨ ਮੰਟੋ – ਬਾਬੂ ਗੋਪੀ ਨਾਥ – ਸੰਸਾਰ ਪ੍ਰਸਿੱਧ ਕਹਾਣੀ – ਭਾਗ ਦੂਜਾ

ਬਾਬੂ ਗੋਪੀ ਨਾਥ

ਸੰਸਾਰ ਪ੍ਰਸਿੱਧ ਕਹਾਣੀ

ਪੰਜਾਬੀ ਰੂਪ: ਬਲਬੀਰ ਸਿੰਘ ਮੋਮੀ

ਲੜੀ ਜੋੜਨ ਲਈ ਭਾਗ ਦੂਜਾ ਉੱਪਰਲੀ ਪੋਸਟ ਜ਼ਰੂਰ ਦੇਖੋ ਜੀ।

ਮੈਂ ਜਦ ਉਸਨੂੰ ਹੱਸ-ਹੱਸ ਕੇ ਜ਼ੀਨਤ ਨਾਲ ਗੱਲਾਂ ਕਰਦੇ ਵੇਖਿਆ ਤਾਂ ਮੈਨੂੰ ਹੈਰਾਨੀ ਨਾ ਹੋਈ ਕਿ ਉਹ ਇੰਝ ਕਿਉਂ ਕਰ ਰਿਹਾ ਹੈ। ਮੈਨੂੰ ਤਾਂ ਇਹ ਸਮਝ ਨਹੀਂ ਸੀ ਆ ਰਹੀ ਕਿ ਉਹ ਏਥੇ ਪੁੱਜਿਆ ਕਿਵੇਂ? ਸੈਂਡੋ ਉਸ ਨੂੰ ਜਾਣਦਾ ਸੀ ਪਰ ਦੋਹਾਂ ਦੀ ਕਾਫੀ ਸਮੇਂ ਤੋਂ ਬੋਲ-ਚਾਲ ਬੰਦ ਸੀ। ਪਿਛੋਂ ਪਤਾ ਲੱਗਾ ਕਿ ਸੈਂਡੋ ਹੀ ਉਸ ਨੂੰ ਲਿਆਇਆ ਸੀ ਤੇ ਦੋਹਾਂ ਦੀ ਸੁਲ੍ਹਾ ਹੋ ਗਈ ਸੀ।

-----

ਬਾਬੂ ਗੋਪੀ ਨਾਥ ਇਕ ਪਾਸੇ ਬੈਠਾ ਹੁੱਕਾ ਪੀ ਰਿਹਾ ਸੀ। ਮੈਂ ਸ਼ਾਇਦ ਪਹਿਲਾ ਨਹੀਂ ਦੱਸਿਆ ਕਿ ਉਹ ਸਿਗਰਟ ਬਿਲਕੁਲ ਨਹੀਂ ਪੀਂਦਾ ਸੀ। ਮੁਹਮੰਦ ਸ਼ਫੀਕ ਤੂਸੀ ਮਰਾਸੀਆਂ ਦੇ ਚੁਕਟਲੇ ਸੁਣਾ ਰਿਹ ਸੀ ਜਿਨਾਂ ਵਿਚ ਜ਼ੀਨਤ ਤਾਂ ਬਹੁਤੀ ਦਿਲਚਸਪੀ ਨਹੀਂ ਲੈ ਰਹੀ ਸੀ ਪਰੰਤੂ ਸਰਦਾਰਾਂ ਬੜੀ ਖ਼ੁਸ਼ ਸੀ। ਸ਼ਫੀਕ ਨੇ ਮੈਨੂੰ ਵੇਖਿਆ ਤੇ ਆਖਿਆ -"ਬਿਸਮਿਲਾ-ਕੀ ਤੁਹਾਡਾ ਗੁਜ਼ਰ ਵੀ ਏਸ ਵਾਦੀ 'ਚ ਹੁੰਦਾ ਹੈ?"

ਸੈਂਡੋ ਨੇ ਆਖਿਆ,"ਤਸ਼ਰੀਫ ਲੈ ਆਓ ਅਜ਼ਰਾਇਲ ਸਾਹਿਬ, ਏਧਰ, ਧੜਨ ਤਖ਼ਤਾ।" ਮੈਂ ਉਸ ਦਾ ਮਤਲਬ ਸਮਝ ਗਿਆ।

-----

ਥੋੜ੍ਹੀ ਦੇਰ ਦੀ ਗੱਪਬਾਜ਼ੀ ਪਿਛੋਂ ਮੈਂ ਜ਼ੀਨਤ ਤੇ ਤੂਸੀ ਦੀਆਂ ਨਜ਼ਰਾਂ ਭਿੜਦੀਆਂ ਵੇਖੀਆਂ। ਸਰਦਾਰਾਂ ਦੋਹਾਂ ਦੀਆਂ ਅੱਖਾਂ ਮਿਲਦੀਆਂ ਇੰਝ ਵੇਖ ਰਹੀ ਸੀ ਜਿਵੇਂ ਅਖਾੜੇ ਦੇ ਬਾਹਰ ਬੈਠੇ ਪਹਿਲਵਾਨ ਖ਼ਲੀਫ਼ੇ ਆਪਣੇ ਪੱਠਿਆਂ ਦੇ ਦਾਅ-ਪੇਚ ਵਿਹੰਦੇ ਹਨ। ਹੁਣ ਤਕ ਮੈਂ ਵੀ ਜ਼ੀਨਤ ਨਾਲ ਕਾਫੀ ਖੁੱਲ੍ਹ ਗਿਆ ਸਾਂ। ਉਹ ਮੈਨੂੰ ਭਰਾ ਕਹਿੰਦੀ ਸੀ ਜੋ ਮੈਨੂੰ ਪਸੰਦ ਸੀ। ਚੰਗੀ ਮਿਲਣਸਾਰ ਔਰਤ ਸੀ। ਘੱਟ ਬੋਲਣਾ, ਸਾਦੀ ਤੇ ਸ਼ਫੀਕ ਨਾਲ ਉਸ ਦੀ ਘਟੀਆ ਅੱਖਾਂ ਮਿਲਾਉਣ ਦੀ ਖੇਡ ਮੈਨੂੰ ਪਸੰਦ ਨਹੀਂ ਸੀ। ਸ਼ਫੀਕ ਤੇ ਸੈਂਡੋ ਜਦੋਂ ਬਾਹਰ ਗਏ ਤਾਂ ਮੈਂ ਬੜੀ ਬੇਰਹਿਮੀ ਨਾਲ ਜ਼ੀਨਤ ਨੂੰ ਕਹਿ ਵੀ ਦਿਤਾ ਤੇ ਉਹ ਰੋਂਦੀ-ਰੋਂਦੀ ਅੰਦਰ ਕਮਰੇ ਵਿਚ ਚਲੀ ਗਈ। ਬਾਬੂ ਗੋਪੀ ਨਾਥ ਜੋ ਇਕ ਨੁੱਕਰੇ ਬੈਠਾ ਹੁੱਕਾ ਪੀ ਰਿਹਾ ਸੀ, ਉਠ ਕੇ ਜ਼ੀਨਤ ਪਿੱਛੇ ਕਮਰੇ ਵਿਚ ਚਲਾ ਗਿਆ ਤੇ ਸਰਦਾਰਾਂ ਨੇ ਇਕ ਐਸੀ ਨਜ਼ਰ ਨਾਲ ਮੇਰੇ ਵਲ ਵੇਖਿਆ ਜਿਸ ਦਾ ਮੈਂ ਮਤਲਬ ਨਾ ਸਮਝ ਸਕਿਆ। ਕੁਝ ਸਮੇਂ ਪਿਛੋਂ ਬਾਬੂ ਗੋਪੀ ਨਾਥ ਅੰਦਰੋਂ ਆ ਕੇ ਮੈਨੂੰ ਵੀ ਨਾਲ ਹੀ ਅੰਦਰ ਲੈ ਗਿਆ।

------

ਜ਼ੀਨਤ ਪਲੰਘ ਤੇ ਬੈਠੀ ਸੀ। ਮੈਂ ਅੰਦਰ ਵੜਿਆ ਤਾਂ ਦੋਹਾਂ ਹੱਥਾਂ ਨਾਲ ਆਪਣਾ ਮੂੰਹ ਢਕ ਕੇ ਉਹ ਪਲੰਘ ‘ਤੇ ਲੇਟ ਗਈ। ਮੈਂ ਤੇ ਬਾਬੂ ਗੋਪੀ ਨਾਥ ਦੋਵੇਂ ਪਲੰਘ ਦੇ ਨੇੜੇ ਪਈਆਂ ਕੁਰਸੀਆਂ ਤੇ ਬੈਠ ਗਏ। ਬਾਬੂ ਗੋਪੀ ਨਾਥ ਨੇ ਬੜੀ ਗੰਭੀਰਤਾ ਨਾਲ ਕਹਿਣਾ ਸ਼ੁਰੂ ਕੀਤਾ, “ਮੰਟੋ ਸਾਹਿਬ, ਮੈਨੂੰ ਇਸ ਔਰਤ ਨਾਲ ਬੜੀ ਮੁਹੱਬਤ ਹੈ। ਦੋ ਵਰ੍ਹਿਆਂ ਤੋਂ ਇਹ ਮੇਰੇ ਕੋਲ ਹੈ। ਮੈਂ ਹਜ਼ਰਤ ਗੌਸ ਆਜ਼ਮ ਜੈਲਾਨੀ ਦੀ ਕਸਮ ਖਾ ਕੇ ਆਖਦਾ ਹਾਂ ਕਿ ਇਸ ਨੇ ਮੈਨੂੰ ਕਦੇ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਏਸ ਦੀਆਂ ਦੂਜੀਆਂ ਭੈਣਾਂ, ਮੇਰਾ ਮਤਲਬ ਇਸ ਦੇ ਪੇਸ਼ੇ ਦੀਆਂ ਦੂਸਰੀਆਂ ਔਰਤਾਂ ਮੈਨੂੰ ਦੋਹੀਂ ਹੱਥੀ ਲੁੱਟ ਕੇ ਖਾਂਦੀਆਂ ਰਹੀਆਂ। ਇਸ ਔਰਤ ਨੇ ਕਦੇ ਮੇਰੇ ਕੋਲੋਂ ਇਕ ਪੈਸਾ ਵੀ ਫਾਲਤੂ ਨਹੀਂ ਮੰਗਿਆ। ਜੇ ਮੈਂ ਹਫ਼ਤਿਆਂ ਤਕ ਕਿਸੇ ਹੋਰ ਔਰਤ ਦੇ ਪਿਆ ਰਿਹਾ ਤਾਂ ਏਸ ਗ਼ਰੀਬ ਨੇ ਆਪਣਾ ਕੋਈ ਜ਼ੇਵਰ ਗਿਰਵੀ ਰੱਖ ਕੇ ਗੁਜ਼ਾਰਾ ਕਰ ਲਿਆ।

------

ਮੈਂ ਜਿਵੇਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਏਸ ਦੁਨੀਆਂ ਤੋਂ ਛੇਤੀ ਹੀ ਕਿਨਾਰਾਕਸ਼ੀ ਕਰਨ ਵਾਲਾ ਹਾਂ। ਮੇਰੀ ਦੌਲਤ ਹੁਣ ਕੁਝ ਦਿਨਾਂ ਦੀ ਪ੍ਰਾਹੁਣੀ ਹੈ। ਮੈਂ ਨਹੀਂ ਚਾਹੁੰਦਾ ਕਿ ਇਸ ਦੀ ਜ਼ਿੰਦਗੀ ਖ਼ਰਾਬ ਹੋਵੇ। ਮੈਂ ਲਾਹੌਰ ਵਿਚ ਇਸ ਨੂੰ ਬਹੁਤ ਸਮਝਾਇਆ ਕਿ ਤੂੰ ਦੂਸਰੀਆਂ ਕੋਠੇ ਵਾਲੀਆਂ ਵੱਲ ਵੇਖ। ਜੋ ਕੁਝ ਉਹ ਕਰਦੀਆਂ ਹਨ, ਸਿੱਖ ਲੈ। ਅੱਜ ਮੈਂ ਦੌਲਤਮੰਦ ਹਾਂ, ਕੱਲ੍ਹ ਮੈਂ ਮੰਗਤਾ ਬਣ ਜਾਣਾ ਹੈ। ਤੁਸਾਂ ਲੋਕਾਂ ਦੀ ਜ਼ਿੰਦਗੀ 'ਚ ਕੇਵਲ ਇਕ ਦੌਲਤਮੰਦ ਕਾਫੀ ਨਹੀਂ। ਮੇਰੇ ਪਿੱਛੋਂ ਜੇ ਤੂੰ ਕਿਸੇ ਹੋਰ ਨੂੰ ਨਹੀਂ ਫਸਾਏਗੀ ਤਾਂ ਕੰਮ ਕਿਵੇਂ ਚੱਲੇਗਾ। ਪਰ ਮੰਟੋ ਜੀ ਇਸ ਨੇ ਮੇਰੀ ਇਕ ਨਹੀਂ ਸੁਣੀ। ਸਾਰਾ ਦਿਨ ਸ਼ਰੀਫ਼ਜ਼ਾਦੀਆਂ ਵਾਂਗ ਘਰ ਹੀ ਪਈ ਰਹਿੰਦੀ ਹੈ। ਮੈਂ ਗੁਫ਼ਾਰ ਸਾਈਂ ਨਾਲ ਸਲਾਹ ਕੀਤੀ ਤਾਂ ਉਸ ਨੇ ਕਿਹਾ ਕਿ ਇਸ ਨੂੰ ਬੰਬਈ ਲੈ ਜਾਓ। ਇਸ ਨੂੰ ਇਥੇ ਲਿਆਂਦਿਆਂ ਦੋ ਮਹੀਨੇ ਹੋ ਗਏ ਹਨ। ਸਰਦਾਰਾਂ ਨੂੰ ਵੀ ਲਾਹੌਰੋਂ ਬੁਲਾਇਆ ਹੈ ਕਿ ਇਸ ਨੂੰ ਸਾਰੇ ਗੁਰ ਸਿਖਾਵੇ। ਗ਼ੁਫਾਰ ਸਾਈਂ ਤੋਂ ਵੀ ਇਹ ਬਹੁਤ ਕੁਝ ਸਿੱਖ ਸਕਦੀ ਹੈ। ਏਥੇ ਮੈਨੂੰ ਕੋਈ ਨਹੀਂ ਜਾਣਦਾ। ਇਸ ਨੂੰ ਖ਼ਿਆਲ ਸੀ ਕਿ ਬਾਬੂ, ਤੇਰੀ ਬੇਇੱਜ਼ਤੀ ਹੋਵੇਗੀ। ਮੈਂ ਆਖਿਆ, ਤੈਨੂੰ ਕੀ ਇਸ ਦੇ ਨਾਲ, ਬੰਬਈ ਬੜਾ ਵੱਡਾ ਸ਼ਹਿਰ ਹੈ। ਲੱਖਾਂ ਰਈਸ ਹਨ। ਮੈਂ ਇਸ ਨੂੰ ਮੋਟਰ ਲੈ ਦਿੱਤੀ ਹੈ ਕਿ ਕੋਈ ਚੰਗਾ ਬੰਦਾ ਫਸਾ ਲੈ-ਮੰਟੋ ਸਾਹਿਬ, ਮੈਂ ਰੱਬ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਇਹ ਆਪਣੇ ਪੈਰਾਂ ਤੇ ਖੜ੍ਹੀ ਹੋ ਜਾਵੇ। ਚੰਗੀ ਤਰ੍ਹਾਂ ਹੁਸ਼ਿਆਰ ਹੋ ਜਾਵੇ। ਮੈਂ ਇਸ ਦੇ ਨਾਂ ਤੇ ਅੱਜ ਹੀ ਦਸ ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਤਿਆਰ ਹਾਂ। ਪਰ ਮੈਨੂੰ ਪਤਾ ਹੈ ਕਿ ਬਾਹਰ ਬੈਠੀ ਸਰਦਾਰਾਂ ਦਸਾਂ ਦਿਨਾਂ ਦੇ ਅੰਦਰ ਅੰਦਰ ਹੀ ਇਸ ਨੂੰ ਠੱਗ ਲਵੇਗੀ। ਤੁਸੀਂ ਵੀ ਇਸ ਨੂੰ ਸਮਝਾਓ ਕਿ ਚਾਲਾਕ ਬਣਨ ਦੀ ਕੋਸ਼ਿਸ਼ ਕਰੇ। ਜਦੋਂ ਦੀ ਮੋਟਰ ਖ਼ਰੀਦੀ ਹੈ, ਸਰਦਾਰਾਂ ਹਰ ਸ਼ਾਮੀ ਇਸ ਨੂੰ ਅਪੋਲੋ ਬੰਦਰ ਲੈ ਜਾਂਦੀ ਹੈ। ਪਰ ਅਜੇ ਤੱਕ ਕੋਈ ਕਾਮਯਾਬੀ ਨਹੀਂ ਹੋਈ। ਸੈਂਡੋ ਬੜੀਆਂ ਮਸ਼ਕਿਲਾਂ ਨਾਲ ਅੱਜ ਮੁਹਮੰਦ ਸਫ਼ੀਕ ਨੂੰ ਏਥੇ ਲਿਆਇਆ ਹੈ। ਤੁਹਾਡਾ ਕੀ ਵਿਚਾਰ ਹੈ"?

ਮੈਂ ਆਪਣਾ ਵਿਚਾਰ ਦੱਸਣਾ ਠੀਕ ਨਾ ਸਮਝਿਆ ਪਰ ਬਾਬੂ ਗੋਪੀ ਨਾਥ ਨੇ ਆਪ ਹੀ ਕਹਿ ਦਿੱਤਾ,"ਚੰਗਾ ਖਾਂਦਾ ਪੀਂਦਾ ਆਦਮੀ ਦਿਸਦਾ ਹੈ, ਖ਼ੂਬਸੂਰਤ ਵੀ ਹੈ। ਕਿਉਂ ਜੀ਼ਨੋ ਬਾਈ ਪਸੰਦ ਏ ਤੈਨੂੰ?

ਜ਼ੀਨੋ ਚੁੱਪ ਰਹੀ।

ਬਾਬੂ ਗੋਪੀ ਨਾਥ ਜ਼ੀਨੋ ਦੇ ਬੰਬਈ ਲਿਆਉਣ ਦੀ ਗੱਲ ਸੁਣ ਕੇ ਮੇਰਾ ਦਿਮਾਗ਼ ਹੀ ਚਕਰਾ ਗਿਆ। ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇੰਝ ਵੀ ਹੋ ਸਕਦਾ ਹੈ। ਪਿੱਛੋਂ ਪੂਰੇ ਅਧਿਐਨ ਬਾਅਦ ਮੇਰੀ ਹੈਰਾਨੀ ਦੂਰ ਹੋ ਗਈ ਕਿ ਬਾਬੂ ਗੋਪੀ ਨਾਥ ਦੀ ਸੱਚ ਮੁਚ ਹੀ ਦਿਲੀ ਖ਼ਾਹਿਸ਼ ਸੀ ਕਿ ਜ਼ੀਨਤ ਬੰਬਈ ਵਿਚ ਕਿਸੇ ਮਾਲਦਾਰ ਆਦਮੀ ਦੀ ਰਖੇਲ ਬਣ ਜਾਵੇ ਜਾਂ ਐਸੇ ਸਾਰੇ ਤਰੀਕੇ ਸਿੱਖ ਜਾਵੇ ਜਿਨ੍ਹਾਂ ਨਾਲ ਉਹ ਵੱਖ-ਵੱਖ ਆਦਮੀਆਂ ਕੋਲੋਂ ਰੁਪਏ ਪੈਸੇ ਬਟੋਰ ਸਕੇ।

-----

ਜ਼ੀਨਤ ਕੋਲੋਂ ਜੇ ਛੁਟਕਾਰਾ ਹੀ ਪਾਉਣਾ ਸੀ ਤਾਂ ਇਹ ਕੋਈ ਔਖਾ ਕੰਮ ਨਹੀਂ ਸੀ। ਬਾਬੂ ਗੋਪੀ ਨਾਥ ਇਕ ਦਿਨ 'ਚ ਹੀ ਇਹ ਕੰਮ ਕਰ ਸਕਦਾ ਸੀ। ਪਰ ਉਸ ਦੀ ਨੀਅਤ ਨੇਕ ਸੀ ਤੇ ਉਸ ਨੇ ਸੱਚੇ ਦਿਲੋਂ ਜ਼ੀਨਤ ਵਾਸਤੇ ਸੁੰਦਰ ਭਵਿੱਖ ਦੀ ਕੋਸ਼ਿਸ ਕੀਤੀ। ਉਸ ਨੂੰ ਐਕਟਰੈਸ ਬਣਾਉਣ ਲਈ ਕਈ ਨਕਲੀ ਡਾਇਰੈਕਟਰਾਂ ਦੀਆਂ ਪਾਰਟੀਆਂ ਕੀਤੀਆਂ। ਘਰ ਵਿਚ ਟੈਲੀਫੋਨ ਵੀ ਲਵਾ ਦਿਤਾ ਪਰ ਗੱਲ ਕਿਸੇ ਤਰਾਂ ਵੀ ਨਾ ਬਣੀ। ਮੁਹੰਮਦ ਸ਼ਫੀਕ ਤੂਸੀ ਲਗਭਗ ਡੇਢ ਮਹੀਨਾ ਆਉਂਦਾ ਰਿਹਾ। ਕਈ ਰਾਤਾਂ ਵੀ ਉਹਨੇ ਜ਼ੀਨਤ ਨਾਲ ਲੰਘਾਈਆਂ ਪਰ ਉਹ ਐਸਾ ਆਦਮੀ ਨਹੀਂ ਸੀ ਜੋ ਕਿਸੇ ਔਰਤ ਦਾ ਸਹਾਰਾ ਬਣ ਸਕੇ। ਬਾਬੂ ਗੋਪੀ ਨਾਥ ਨੇ ਇਕ ਦਿਨ ਬੜੇ ਹੀ ਅਫਸੋਸ ਤੇ ਗ਼ੁੱਸੇ ਨਾਲ ਆਖਿਆ, "ਸ਼ਫੀਕ ਸਾਹਿਬ ਖ਼ਾਲੀ ਖੂਲੀ ਜੈਂਟਲਮੈਨ ਹੀ ਨਿਕਲੇ। ਠੁੱਸਾ ਦੇਖੋ, ਵਿਚਾਰੀ ਜ਼ੀਨਤ ਕੋਲੋਂ ਚਾਰ ਚਾਦਰਾਂ, ਛੇ ਸਰ੍ਹਾਹਣੇ, ਗੁਲਾਫ ਅਤੇ ਦੋ ਸੌ ਰੁਪਏ ਨਕਦ ਹਥਿਆ ਕੇ ਲੈ ਗਏ। ਸੁਣਿਆ ਹੈ ਕਿ ਅੱਜ ਕਲ੍ਹ ਇਕ ਕੁੜੀ ਅਲਮਾਸ ਨਾਲ ਇਸ਼ਕ਼ ਲੜਾ ਰਹੇ ਹਨ"।

-----

ਇਹ ਠੀਕ ਸੀ। ਅਲਮਾਸ ਨਜ਼ੀਰ ਜਾਨ ਪਟਿਆਲੇ ਵਾਲੀ ਦੀ ਸਭ ਤੋਂ ਛੋਟੀ ਤੇ ਆਖ਼ਰੀ ਲੜਕੀ ਸੀ। ਇਸ ਤੋਂ ਪਹਿਲਾਂ ਤਿੰਨ ਭੈਣਾਂ ਸ਼ਫੀਕ ਦੀਆਂ ਦਾਸੀਆਂ ਰਹਿ ਚੁਕੀਆਂ ਸਨ। ਦੋ ਸੌ ਰੁਪਏ ਜੋ ਜ਼ੀਨਾਂ ਤੋਂ ਲਏ ਸਨ, ਮੈਨੂੰ ਪਤਾ ਹੈ ਅਲਮਾਸ ਤੇ ਖ਼ਰਚ ਹੋਏ ਸਨ। ਭੈਣਾਂ ਨਾਲ ਲੜ ਝਗੜ ਕੇ ਅਲਮਾਸ ਨੇ ਜ਼ਹਿਰ ਖਾ ਲਿਆ ਸੀ। ਮੁਹਮੰਦ ਸ਼ਫੀਕ ਤੂਸੀ ਨੇ ਜਦੋਂ ਆਉਣਾ ਜਾਣਾ ਬੰਦ ਕਰ ਦਿਤਾ ਤਾਂ ਜ਼ੀਨਤ ਨੇ ਮੈਨੂੰ ਟੈਲੀਫੋਨ ਤੇ ਤੂਸੀ ਨੂੰ ਲੱਭ ਕੇ ਲਿਆਉਣ ਲਈ ਆਖਿਆ। ਪਰ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਿੱਥੇ ਰਹਿੰਦਾ! ਇਕ ਦਿਨ ਅਚਾਨਕ ਰੇਡੀਉ ਸਟੇਸ਼ਨ ਤੇ ਮੁਲਾਕਾਤ ਹੋ ਗਈ। ਸਖ਼ਤ ਪਰੇਸ਼ਾਨ ਦਿਖਾਈ ਦੇਂਦਾ ਸੀ। ਜਦੋਂ ਮੈਂ ਉਸ ਨੂੰ ਦੱਸਿਆ ਕਿ ਜ਼ੀਨਤ ਸੁਨੇਹਾ ਦੇਂਦੀ ਸੀ ਤਾਂ ਕਹਿਣ ਲੱਗਾ, "ਇਹ ਸੁਨੇਹੇ ਮੈਨੂੰ ਹੋਰ ਵੀ ਕਈ ਪਾਸਿਉਂ ਮਿਲ ਚੁਕੇ ਹਨ। ਅਫਸੋਸ ਹੈ ਕਿ ਅੱਜ ਕਲ੍ਹ ਮੇਰੇ ਕੋਲ ਸਮਾਂ ਹੀ ਨਹੀਂ। ਜ਼ੀਨਤ ਤੇ ਬੜੀ ਚੰਗੀ ਔਰਤ ਹੈ ਪਰ ਅਫ਼ਸੋਸ ਹੈ ਕਿ ਬੇਹੱਦ ਸ਼ਰੀਫ਼ ਹੈ। ਐਸੀਆਂ ਔਰਤਾਂ ਜੋ ਵਹੁਟੀਆਂ ਵਰਗੀਆਂ ਹੋਣ, ਮੈਨੂੰ ਚੰਗੀਆ ਨਹੀਂ ਲਗਦੀਆਂ"।

------

ਸ਼ਫੀਕ ਤੋਂ ਜਵਾਬ ਮਿਲਣ ਪਿੱਛੋਂ ਸਰਦਾਰਾਂ ਤੇ ਜ਼ੀਨਤ ਨੇ ਫੇਰ ਅਪੋਲੋ ਬੰਦਰ ਜਾਣਾ ਸ਼ੁਰੂ ਕਰ ਦਿਤਾ। ਪੰਦਰਾਂ ਦਿਨਾਂ ਦੀ ਖੇਚਲ ਤੇ ਕਈ ਗੈਲਣ ਪਟਰੋਲ ਫੂਕਣ ਪਿੱਛੋਂ ਬੜੀ ਮੁਸ਼ਕਿਲ ਨਾਲ ਦੋ ਆਦਮੀਆਂ ਕੋਲੋਂ ਚਾਰ ਸੌ ਰੁਪਏ ਪ੍ਰਾਪਤ ਹੋਏ। ਬਾਬੂ ਗੋਪੀ ਨਾਥ ਨੇ ਸਮਝਿਆ ਕਿ ਹਾਲਾਤ ਹੁਣ ਠੀਕ ਹੋ ਜਾਣਗੇ ਪਰ ਉਹਨਾਂ ਵਿਚੋਂ ਇਕ ਆਦਮੀ ਜਿਹੜਾ ਰੇਸ਼ਮੀ ਕੱਪੜੇ ਦੀ ਮਿੱਲ ਦਾ ਮਾਲਕ ਸੀ, ਵਿਆਹ ਕਰਵਾਉਣ ਦਾ ਲਾਰਾ ਲਾ ਕੇ ਮਹੀਨਾ ਲੰਘਾ ਗਿਆ, ਨਾ ਆਇਆ।

ਇਕ ਦਿਨ ਮੈਂ ਹਾਰਬਨੀ ਰੋਡ ਤੇ ਕਿਸੇ ਕੰਮ ਜਾ ਰਿਹਾ ਸਾਂ ਕਿ ਫੁਟਪਾਥ ਤੇ ਮੈਂ ਜ਼ੀਨਤ ਦੀ ਮੋਟਰ ਖੜੀ ਵੇਖੀ। ਪਿਛਲੀ ਸੀਟ ਤੇ ਮੁਹਮੰਦ ਨਸੀਨ ਬੈਠਾ ਸੀ, ਨਗੀਨਾ ਹੋਟਲ ਦਾ ਮਾਲਕ। ਮੈਂ ਉਸ ਨੂੰ ਪੁੱਛਿਆ, “ਤੂੰ ਇਹ ਮੋਟਰ ਕਿਥੋਂ ਲਈ ਹੈ?”

ਨਸੀਨ ਮੁਸਕਰਾਇਆ, "ਤੂੰ ਜਾਣਦਾ ਏ ਮੋਟਰ ਵਾਲੀ ਨੂੰ''?

ਮੈਂ ਆਖਿਆ, "ਜਾਣਦਾ ਹਾਂ"।

ਤਾਂ ਬੱਸ ਸਮਝ ਲੈ ਮੇਰੇ ਕੋਲ ਕਿਵੇਂ ਆਈ। ਚੰਗੀ ਕੁੜੀ ਹੈ ਯਾਰ"।

ਨਸੀਨ ਨੇ ਅੱਖ ਦੱਬੀ ਤੇ ਮੁਸਕਰਾ ਪਿਆ।

ਚੌਥੇ ਦਿਨ ਬਾਬੂ ਗੋਪੀ ਨਾਥ ਟੈਕਸੀ ਤੇ ਮੇਰੇ ਦਫ਼ਤਰ ਆਇਆ ਤਾਂ ਉਹਦੇ ਕੋਲੋਂ ਪਤਾ ਲੱਗਾ ਕਿ ਨਸੀਨ ਤੇ ਜ਼ੀਨਤ ਦੀ ਮੁਲਾਕਾਤ ਕਿਵੇਂ ਹੋਈ। ਇਕ ਸ਼ਾਮ ਅਪੋਲੋ ਬੰਦਰ ਤੋਂ ਕੋਈ ਆਦਮੀ ਲੈ ਕੇ ਸਰਦਾਰਾਂ ਤੇ ਜ਼ੀਨਤ ਨਗੀਨਾ ਹੋਟਲ ਗਈਆਂ। ਉਹ ਆਦਮੀ ਤਾਂ ਕਿਸੇ ਗੱਲੋਂ ਝਗੜ ਕੇ ਟੁਰ ਗਿਆ ਪਰ ਹੋਟਲ ਦੇ ਮਾਲਕ ਨਾਲ ਜ਼ੀਨਤ ਦੀ ਦੋਸਤੀ ਹੋ ਗਈ।

ਬਾਬੂ ਗੋਪੀ ਨਾਥ ਨੂੰ ਹੁਣ ਤਸੱਲੀ ਸੀ ਕਿਉਂਕਿ ਦਸ ਪੰਦਰਾਂ ਦਿਨਾਂ ਦੀ ਦੋਸਤੀ 'ਚ ਨਸੀਨ ਨੇ ਜ਼ੀਨੋ ਨੂੰ ਛੇ ਬੜੀਆਂ ਸੁੰਦਰ ਤੇ ਕੀਮਤੀ ਸਾੜ੍ਹੀਆਂ ਲੈ ਦਿੱਤੀਆਂ ਸਨ। ਬਾਬੂ ਗੋਪੀ ਨਾਥ ਹੁਣ ਇਹ ਸੋਚ ਰਿਹਾ ਸੀ ਕਿ ਇਹਨਾਂ ਦੀ ਦੋਸਤੀ ਹੋਰ ਪੱਕੀ ਹੋ ਜਾਵੇ ਤਾਂ ਉਹ ਲਾਹੌਰ ਵਾਪਿਸ ਚਲਾ ਜਾਵੇ ਪਰ ਇੰਝ ਨਾ ਹੋਇਆ।

-----

ਨਗੀਨਾ ਹੋਟਲ ਵਿਚ ਇਕ ਕਰਿਸਚੀਅਨ ਔਰਤ ਨੇ ਕਮਰਾ ਕਿਰਾਏ ਤੇ ਲਿਆ ਤਾਂ ਉਸ ਦੀ ਜਵਾਨ ਲੜਕੀ ਮਿੳਰੇਲ ਨਾਲ ਨਸੀਨ ਦੀ ਅੱਖ ਲੜ ਗਈ ਤੇ ਵਿਚਾਰੀ ਜ਼ੀਨਤ ਤਾਂ ਹੋਟਲ 'ਚ ਬੈਠੀ ਰਹਿੰਦੀ ਤੇ ਨਸੀਨ ਉਸ ਦੀ ਮੋਟਰ ਵਿਚ ੳਸ ਕੁੜੀ ਨੂੰ ਘੁਮਾਉਂਦਾ ਰਹਿੰਦਾ। ਬਾਬੂ ਗੋਪੀ ਨਾਥ ਨੂੰ ਪਤਾ ਲੱਗਾ, "ਮੰਟੋ ਸਾਹਿਬ , ਇਹ ਕਿਸ ਤਰਾਂ ਦੇ ਲੋਕ ਹਨ, ਮੇਰਾ ਤਾਂ ਦਿਲ ਉਚਾਟ ਹੋ ਗਿਆ ਹੈ ਇਹਨਾਂ ਕੋਲੋਂ। ਪਰ ਜ਼ੀਨਤ ਵੀ ਅਜੀਬ ਹੈ, ਮੂੰਹੋਂ ਏਨਾਂ ਵੀ ਨਹੀਂ ਕਹਿੰਦੀ, ਭਾਈ ਜੇ ਇਸ ਕਰਿਸਚੀਅਨ ਕੁੜੀ ਨਾਲ ਇਸ਼ਕ ਕਰਨਾ ਹੈ ਤਾਂ ਮੇਰੀ ਮੋਟਰ ਤਾਂ ਨਾ ਲਿਜਾਓ, ਆਪਣੀ ਮੋਟਰ ਦਾ ਇੰਤਜ਼ਾਮ ਕਰੋ। ਮੈਂ ਕੀ ਕਰਾਂ ਮੰਟੋ ਸਾਹਿਬ ਬੜੀ ਸ਼ਰੀਫ਼ ਤੇ ਨੇਕਬਖ਼ਤ ਔਰਤ ਹੈ, ਕੁਝ ਸਮਝ 'ਚ ਨਹੀਂ ਆਉਂਦਾ, ਕੁਝ ਚਲਾਕ ਬਣਨਾ ਚਾਹੀਦਾ ਹੈ ਇਸ ਨੂੰ"।

-----

ਨਸੀਨ ਨਾਲ ਗੱਲ ਟੁੱਟੀ ਤਾਂ ਜ਼ੀਨਤ ਨੂੰ ਕੋਈ ਦੁੱਖ ਨਾ ਹੋਇਆ। ਕਈ ਦਿਨ ਕੋਈ ਖ਼ਾਸ ਗੱਲ ਨਾ ਵਾਪਰੀ। ਇਕ ਦਿਨ ਟੈਲੀਫੋਨ ਤੇ ਪਤਾ ਲੱਗਾ ਕਿ ਬਾਬੂ ਗੋਪੀ ਨਾਥ, ਗ਼ੁਲਾਮ ਅਲੀ ਤੇ ਗੁਫ਼ਰ ਸਾਈਂ ਨਾਲ ਲਾਹੌਰ ਰੁਪਈਆਂ ਦਾ ਬੰਦੋਬਸਤ ਕਰਨ ਚਲੇ ਗਏ ਹਨ ਕਿਉਂਕਿ ਪੰਜਾਹ ਹਜ਼ਾਰ ਖ਼ਤਮ ਹੋ ਚੁਕੇ ਸਨ। ਜਾਣ ਲੱਗਾ ਉਹ ਜ਼ੀਨਤ ਨੂੰ ਕਹਿ ਗਿਆ ਸੀ ਕਿ ਉਸ ਨੂੰ ਲਾਹੌਰ ਕਈ ਦਿਨ ਲੱਗ ਜਾਣਗੇ ਕਿਉਂਕਿ ਕਈ ਮਕਾਨ ਵੇਚਣੇ ਪੈਣੇ ਸਨ।

----

ਸਰਦਾਰਾਂ ਨੂੰ ਮਾਰਫੀਏ ਦੇ ਟੀਕਿਆਂ ਦੀ ਲੋੜ ਸੀ। ਸੈਂਡੋ ਨੂੰ ਪੋਲਸਨ ਮੱਖਣ ਦੀ। ਏਸ ਲਈ ਦੋਹਾਂ ਨੇ ਯਤਨ ਕੀਤੇ ਤੇ ਹਰ ਰੋਜ਼ ਦੋ-ਤਿੰਨ ਆਦਮੀ ਫਸਾ ਕੇ ਲੈ ਆਉਂਦੇ। ਜ਼ੀਨਤ ਨੂੰ ਦੱਸਿਆ ਗਿਆ ਕਿ ਬਾਬੂ ਗੋਪੀ ਨਾਥ ਵਾਪਿਸ ਨਹੀਂ ਆਵੇਗਾ, ਏਸ ਲਈ ਤੁਹਾਨੂੰ ਆਪਣੀ ਫ਼ਿਕਰ ਕਰਨੀ ਚਾਹੀਦੀ ਹੈ। ਸੌ, ਸਵਾ ਸੌ ਰੁਪਏ ਰੋਜ਼ ਦੇ ਹੋ ਜਾਂਦੇ ਸਨ, ਜਿਨ੍ਹਾਂ ਵਿਚੋਂ ਅੱਧੇ ਜ਼ੀਨਤ ਨੂੰ ਮਿਲਦੇ ਤੇ ਬਾਕੀ ਦੇ ਸੈਂਡੋ ਤੇ ਸਰਦਾਰਾਂ ਦੱਬ ਲੈਂਦੇ।

ਮੈਂ ਇਕ ਦਿਨ ਜ਼ੀਨਤ ਨੂੰ ਕਿਹਾ । "ਇਹ ਤੂੰ ਕੀ ਕਰ ਰਹੀ ਹੈਂ"?

ਉਸ ਨੇ ਬੜੇ ਅੱਲ੍ਹੜਪਨ 'ਚ ਆਖਿਆ, ਮੈਨੂੰ ਕੋਈ ਪਤਾ ਨਹੀਂ ਭਾਈ ਜਾਨ, ਇਹ ਲੋਕ ਜੋ ਕੁਝ ਕਹਿੰਦੇ ਹਨ, ਮੈਂ ਮੰਨ ਲੈਂਦੀ ਹਾਂ"।

-----

ਦਿਲ ਕਰਦਾ ਸੀ ਕਿ ਕੋਲ ਬੈਠ ਕੇ ਸਮਝਾਵਾਂ ਕਿ ਜੋ ਕੁਝ ਤੂੰ ਕਰ ਰਹੀ ਏ ਠੀਕ ਨਹੀਂ। ਸੈਂਡੋ ਤੇ ਸਰਦਾਰਾਂ ਆਪਣਾ ਉੱਲੂ ਸਿਧਾ ਕਰਨ ਲਈ ਤੈਨੂੰ ਵੇਚ ਵੀ ਦੇਣਗੇ। ਪਰ ਮੈਂ ਕੁਝ ਨਾ ਆਖਿਆ। ਜ਼ੀਨਤ ਅਕਾਅ ਦੇਣ ਤੀਕ ਦੀ ਹੱਦ ਤਕ ਬੇ-ਸਮਝ, ਬੇ-ਉਮੰਗ ਤੇ ਬੇ-ਜ਼ੁਬਾਨ ਔਰਤ ਸੀ। ਉਸ ਕਮਬਖ਼ਤ ਨੂੰ ਆਪਣੀ ਜ਼ਿੰਦਗੀ ਦੀ ਕੋਈ ਕਦਰ-ਕੀਮਤ ਹੀ ਨਹੀਂ ਸੀ। ਜੇ ਜਿਸਮ ਹੀ ਵੇਚਣਾ ਸੀ ਤਾਂ ਕੋਈ ਢੰਗ ਤਾਂ ਹੋਣਾ ਚਾਹੀਦਾ ਸੀ। ਅੱਲਾ ਕਸਮ ਇਹ ਜਾਣ ਕੇ ਬੜਾ ਜੀਅ ਦੁਖੀ ਹੁੰਦਾ ਸੀ। ਸਿਗਰਟ, ਸ਼ਰਾਬ, ਖਾਣਾ,ਘਰ, ਟੈਲੀਫੋਨ, ਤੇ ਸੋਫੇ ਜਿਸ ਤੇ ਉਹ ਅਕਸਰ ਲੇਟਦੀ ਸੀ, ਵਿਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀ।

-----

ਬਾਬੂ ਗੋਪੀ ਨਾਥ ਪੂਰੇ ਇਕ ਮਹੀਨੇ ਬਾਅਦ ਪਰਤਿਆ। ਮਾਹਿਮ ਵਾਲੇ ਫਲੈਟ ਤੇ ਇਕ ਦਿਨ ਗਿਆ ਵੇਖਿਆ, ਕੋਈ ਹੋਰ ਹੀ ਰਹਿ ਰਿਹਾ ਸੀ। ਸੈਂਡੋ ਨੇ ਸਰਦਾਰਾਂ ਦੀ ਸਲਾਹ ਨਾਲ ਜ਼ੀਨਤ ਲਈ ਬਾਂਦਰਾ 'ਚ ਇਕ ਬੰਗਲੇ ਦਾ ਉਪਰਲਾ ਹਿੱਸਾ ਕਿਰਾਏ ਤੇ ਲੈ ਲਿਆ ਸੀ। ਬਾਬੂ ਗੋਪੀ ਨਾਥ ਮੇਰੇ ਕੋਲ ਆਇਆ ਤਾਂ ਮੈਂ ਉਸ ਨੂੰ ਪੂਰਾ ਪਤਾ ਦੱਸ ਦਿਤਾ। ਉਸ ਨੇ ਮੈਨੂੰ ਜ਼ੀਨਤ ਬਾਰੇ ਪੁੱਛਿਆ, ਜੋ ਕੁਝ ਮੈਨੂੰ ਪਤਾ ਸੀ, ਮੈਂ ਦੱਸ ਦਿਤਾ ਪਰ ਇਹ ਨਾ ਦੱਸਿਆ ਕਿ ਸੈਂਡੋ ਤੇ ਸਰਦਾਰਾਂ ਉਸ ਕੋਲੋਂ ਪੇਸ਼ਾ ਕਰਾਉਂਦੇ ਰਹੇ ਹਨ।

-----

ਬਾਬੂ ਗੋਪੀ ਨਾਥ ਐਤਕੀਂ ਦਸ ਹਜ਼ਰ ਰੁਪਇਆ ਆਪਣੇ ਨਾਲ ਲਿਆਇਆ ਸੀ। ਇਹ ਪੈਸਾ ਵੀ ਬੜੀਆਂ ਮੁਸ਼ਕਲਾਂ ਨਾਲ ਪ੍ਰਾਪਤ ਹੋਇਆ ਸੀ। ਗ਼ੁਲਾਮ ਅਲੀ ਤੇ ਗੁਫ਼ਾਰ ਸਾਈਂ ਨੂੰ ਉਹ ਲਾਹੌਰ ਹੀ ਛੱਡ ਆਇਆ ਸੀ। ਟੈਕਸੀ ਥੱਲੇ ਖਲੋਤੀ ਸੀ। ਬਾਬੂ ਗੋਪੀ ਨਾਥ ਨੇ ਜ਼ਿੱਦ ਕੀਤੀ ਕਿ ਮੈਂ ਵੀ ਉਸ ਦੇ ਨਾਲ ਚੱਲਾਂ।

ਕੋਈ ਇਕ ਘੰਟੇ ਪਿੱਛੋਂ ਅਸੀਂ ਬਾਂਦਰਾ ਪੁੱਜ ਗਏ। ਪਾਲੀਹਿੱਲ ਤੇ ਟੈਕਸੀ ਚੜ੍ਹ ਰਹੀ ਸੀ ਕਿ ਸਾਹਮਣੇ ਤੰਗ ਸੜਕ ਤੇ ਸੈਂਡੋ ਦਿਸਿਆ।

ਬਾਬੂ ਗੋਪੀ ਨਾਥ ਨੇ ਜ਼ੋਰ ਨਾਲ ਆਵਾਜ਼ ਦਿੱਤੀ, “ਸੈਂਡੋ” !

ਸੈਂਡੋ ਨੇ ਜਦ ਬਾਬੂ ਗੋਪੀ ਨਾਥ ਨੂੰ ਵੇਖਿਆ ਤਾਂ ਉਸ ਦੇ ਮੂੰਹੋਂ ਸਿਰਫ਼ ਇਹੋ ਨਿਕਲਿਆ,"ਧੜਨ ਤਖ਼ਤਾ"।

ਬਾਬੂ ਗੋਪੀ ਨਾਥ ਨੇ ਉਸ ਨੂੰ ਆਖਿਆ,"ਆਓ ਟੈਕਸੀ 'ਚ ਬਹਿ ਕੇ ਸਾਡੇ ਨਾਲ ਚੱਲੋ"। ਪਰ ਸੈਂਡੋ ਨੇ ਆਖਿਆ ਟੈਕਸੀ ਇਕ ਪਾਸੇ ਖੜ੍ਹੀ ਕਰੋ, ਮੈਂ ਤੁਹਾਡੇ ਨਾਲ ਕੁਝ ਪਰਾਈਵੇਟ ਗੱਲਾਂ ਕਰਨੀਆਂ ਹਨ"। ਟੈਕਸੀ ਇਕ ਪਾਸੇ ਖਲ੍ਹਾਰ ਦਿਤੀ ਗਈ। ਬਾਬੂ ਗੋਪੀ ਨਾਥ ਖ਼ੁਸ਼ ਸੀ। ਅਸੀ ਦਾਦਰ ਪੁੱਜੇ ਤਾਂ ਉਸ ਕਿਹਾ, "ਮੰਟੋ ਸਾਹਿਬ ਜ਼ੀਨੋ ਦੀ ਸ਼ਾਦੀ ਹੋਣ ਵਾਲੀ ਹੈ"। ਮੈਂ ਹੈਰਾਨੀ ਨਾਲ ਪੁੱਛਿਆ, "ਕੀਹਦੇ ਨਾਲ?"

-----

ਬਾਬੂ ਗੋਪੀ ਨਾਥ ਨੇ ਉੱਤਰ ਦਿਤਾ-"ਹੈਦਰਾਬਾਦ ਸਿੰਧ ਦਾ ਇਕ ਜ਼ਿਮੀਂਦਾਰ ਹੈ ਬੜਾ ਅਮੀਰ। ਰੱਬ ਕਰੇ ਦੋਵੇਂ ਖ਼ੁਸ਼ ਰਹਿਣ। ਇਹ ਵੀ ਚੰਗਾ ਹੈ ਕਿ ਮੈਂ ਸਮੇਂ ਸਿਰ ਪੁੱਜ ਗਿਆ। ਜੋ ਰੁਪਏ ਮੇਰੇ ਕੋਲ ਹਨ, ਇਹਨਾਂ ਨਾਲ ਜ਼ੀਨੋ ਦਾ ਜ਼ੇਵਰ ਬਣ ਜਾਵੇਗਾ ਕਿਉਂ ਕੀ ਖ਼ਿਆਲ ਹੈ ਤੁਹਾਡਾ"? ਮੇਰੇ ਦਿਮਾਗ਼ 'ਚ ਉਸ ਵੇਲੇ ਕੋਈ ਖ਼ਿਆਲ ਨਹੀਂ ਸੀ। ਮੈਂ ਸੋਚ ਰਿਹਾ ਸਾਂ ਕਿ ਹੈਦਰਾਬਾਦ ਸਿੰਧ ਦਾ ਦੌਲਤਮੰਦ ਜ਼ਿਮੀਂਦਾਰ ਕੌਣ ਹੈ। ਸੈਂਡੋ ਤੇ ਸਰਦਾਰਾਂ ਦੀ ਕੋਈ ਜਾਅਲਸਾਜ਼ੀ ਤਾਂ ਨਹੀਂ। ਪਰ ਪਿਛੋਂ ਇਸ ਦੀ ਤਸਦੀਕ ਹੋ ਗਈ ਕਿ ਉਹ ਸੱਚ ਮੁੱਚ ਹੈਦਰਾਬਾਦ ਸਿੰਧ ਦਾ ਅਮੀਰ ਜ਼ਿਮੀਂਦਾਰ ਸੀ ਜਿਸ ਦਾ ਹੈਦਰਾਬਾਦ ਸਿੰਧ ਦੇ ਹੀ ਇਕ ਮਿਊਜ਼ਿਕ ਮਾਸਟਰ ਰਾਹੀਂ ਜ਼ੀਨਤ ਨਾਲ ਪਰੀਚੈ ਹੋਇਆ। ਇਹ ਮਾਸਟਰ ਜ਼ੀਨੋ ਨੂੰ ਗਾਣਾ ਸਿਖਾਉਣ ਦੀ ਫਜ਼ੂਲ ਕੋਸ਼ਿਸ ਕਰਿਆ ਕਰਦਾ ਸੀ।

ਇਕ ਦਿਨ ਉਹ ਆਪਣੇ ਹੈਦਰਾਬਾਦ ਦੇ ਰਈਸ ਨੂੰ ਨਾਲ ਲੈ ਕੇ ਆਇਆ। ਜ਼ੀਨਤ ਨੇ ਚੰਗੀ ਖ਼ਾਤਰ ਕੀਤੀ ਤੇ ਰਈਸ ਦੀ ਫਰਮਾਇਸ਼ ਵੀ ਸੁਣਾਈ-

"ਨੁਕਤਾ ਚੀਂ ਹੈ ਗ਼ਮੇ -ਦਿਲ ਉਸ ਕੋ ਸੁਨਾਏ ਨਾ ਬਨੇ" ਹੈਦਰਾਬਾਦ ਸਿੰਧ ਦਾ ਰਈਸ ਜ਼ਿਮੀਂਦਾਰ ਗੁਲਾਮ ਹੁਸੈਨ ਉਸ ਤੇ ਆਸ਼ਕ਼ ਹੋ ਗਿਆ। ਇਸ ਗੱਲ ਦਾ ਜ਼ਿਕਰ ਮਿਊਜ਼ਿਕ ਮਾਸਟਰ ਨੇ ਜ਼ੀਨਤ ਨਾਲ ਕੀਤਾ। ਸਰਦਾਰਾਂ ਤੇ ਸੈਂਡੋ ਨੇ ਰਲ ਮਿਲ ਕੇ ਗੱਲ ਪੱਕੀ ਕਰ ਦਿਤੀ ਤੇ ਵਿਆਹ ਬੱਝ ਗਿਆ।

-----

ਬਾਬੂ ਗੋਪੀ ਨਾਥ ਖ਼ੁਸ਼ ਸੀ। ਇਕ ਵਾਰ ਉਹ ਸੈਂਡੋ ਦੇ ਦੋਸਤ ਦੇ ਰੂਪ 'ਚ ਜ਼ੀਨਤ ਵੱਲ ਗਿਆ। ਗ਼ੁਲਾਮ ਹੁਸੈਨ ਨਾਲ ਉਸਦੀ ਮੁਲਾਕਾਤ ਹੋਈ ਤੇ ਉਸ ਨੂੰ ਮਿਲ ਕੇ ਬਾਬੂ ਗੋਪੀ ਨਾਥ ਦੀ ਖ਼ੁਸ਼ੀ ਦੂਣੀ ਹੋ ਗਈ। ਮੈਨੂੰ ਕਿਹਾ, “ਮੰਟੋ ਸਾਹਿਬ, ਖ਼ੂਬਸੂਰਤ, ਜਵਾਨ ਅਤੇ ਬੜਾ ਲਾਇਕ ਆਦਮੀ ਹੈ। ਮੈਂ ਏਥੇ ਆਉਂਦਿਆ ਈ ਦਾਤਾ ਗੰਜ ਬਖ਼ਸ਼ ਦੀ ਦਰਗਾਹ ਵਿਚ ਦੁਆ ਮੰਗੀ ਸੀ ਜੋ ਕਬੂਲ ਹੋ ਗਈ। ਰੱਬ ਕਰੇ! ਦੋਵੇਂ ਖ਼ੁਸ਼ ਰਹਿਣ।”

ਬਾਬੂ ਗੋਪੀ ਨਾਥ ਨੇ ਬੜੀ ਵਫ਼ਾਦਾਰੀ ਤੇ ਧਿਆਨ ਨਾਲ ਜ਼ੀਨਤ ਦੀ ਸ਼ਾਦੀ ਦਾ ਪਰਬੰਧ ਕੀਤਾ। ਦੋ ਹਜ਼ਾਰ ਦੇ ਜ਼ੇਵਰ ਤੇ ਦੋ ਹਜ਼ਾਰ ਦੇ ਕੱਪੜੇ ਬਣਵਾਏ। ਪੰਜ ਹਜ਼ਾਰ ਨਕਦ ਦੇ ਦਿਤੇ।

ਮੁਹੰਮਦ ਸ਼ਫੀਕ ਤੂਸੀ, ਮੁਹੰਮਦ ਨਸੀਨ ਮਾਲਕ ਨਗੀਨਾ ਹੋਟਲ, ਸੈਂਡੋ, ਮਿਊਜ਼ਿਜਕ ਟੀਚਰ, ਮੈਂ ਅਤੇ ਬਾਬੂ ਗੋਪੀ ਨਾਥ ਸ਼ਾਦੀ 'ਚ ਸ਼ਾਮਲ ਹੋਏ। ਵਹੁਟੀ ਵਲੋਂ ਸੈਂਡੋ ਵਕੀਲ ਸੀ। ਨਿਕਾਹ ਵੇਲੇ ਇਕ ਦੂਜੇ ਨੂੰ ਕਬੂਲ ਕਰਨ ਦੀਆਂ ਗੱਲਾਂ ਹੋਈਆਂ ਤਾਂ ਸੈਂਡੋ ਨੇ ਹੌਲੀ ਜਿਹੀ ਆਖਿਆ---

"ਧੜਨ ਤਖ਼ਤਾ"।

ਗ਼ੁਲਾਮ ਹੁਸੈਨ ਨੇ ਸਰਜ ਦਾ ਨੀਲਾ ਸੂਟ ਪਾਇਆ ਹੋਇਆ ਸੀ। ਸਾਰਿਆਂ ਉਸ ਨੂੰ ਵਧਾਈ ਦਿੱਤੀ ਜਿਹੜੀ ਉਸ ਨੇ ਖਿੜੇ ਮੱਥੇ ਕਬੂਲ ਕੀਤੀ। ਕਾਫੀ ਲੰਮਾ ਲੰਝਾ ਸੀ ਤੇ ਬਾਬੂ ਗੋਪੀ ਨਾਥ ਉਸ ਦੇ ਸਾਹਮਣੇ ਛੋਟਾ ਜਿਹਾ ਬਟੇਰਾ ਲਗਦਾ ਸੀ।

ਵਿਆਹ ਤੇ ਖਾਣ ਪੀਣ ਦਾ ਇੰਤਜ਼ਾਮ ਵੀ ਗੋਪੀ ਨਾਥ ਦਾ ਹੀ ਸੀ। ਖਾ ਪੀ ਕੇ ਜਦੋਂ ਵਿਹਲੇ ਹੋਏ ਤਾਂ ਬਾਬੂ ਗੋਪੀ ਨਾਥ ਨੇ ਸਾਰਿਆ ਦੇ ਹੱਥ ਧੁਆਏ। ਜਦੋਂ ਮੈਂ ਹੱਥ ਧੋਣ ਲੱਗਾ ਤਾਂ ਉਸ ਨੇ ਬੱਚਿਆਂ ਵਾਂਗ ਆਖਿਆ -"ਮੰਟੋ ਸਾਹਿਬ ਜ਼ਰਾ ਅੰਦਰ ਜਾ ਕੇ ਵੇਖੋ, ਜ਼ੀਨੋ ਵਹੁਟੀ ਵਾਲੇ ਕਪੜਿਆਂ 'ਚ ਕੈਸੀ ਲਗਦੀ ਹੈ"?

-----

ਮੈਂ ਪਰਦਾ ਪਰ੍ਹਾਂ ਕਰ ਕੇ ਅੰਦਰ ਵੜਿਆ। ਜ਼ੀਨੋ ਨੇ ਲਾਲ ਰੰਗ ਦੇ ਕੁੜਤਾ ਸਲਵਾਰ ਪਹਿਨੇ ਹੋਏ ਸਨ। ਦੁਪੱਟਾ ਵੀ ਲਾਲ ਸੀ ਜਿਸ ਤੇ ਗੋਟਾ ਲਾਇਆ ਹੋਇਆ ਸੀ। ਚਿਹਰੇ ਤੇ ਹਲਕਾ ਮੇਕਅਪ ਸੀ। ਮੈਨੂੰ ਭਾਵੇਂ ਬੁੱਲ੍ਹਾਂ ਤੇ ਲਿਪਸਟਕ ਬੜੀ ਭੈੜੀ ਲਗਦੀ ਹੈ ਪਰ ਜ਼ੀਨੋ ਦੇ ਚੰਗੀ ਲੱਗ ਰਹੀ ਸੀ। ੳਸ ਨੇ ਮੈਨੂੰ ਥੋੜ੍ਹਾ ਜਿਹਾ ਝੁਕ ਕੇ ਸਲਾਮ ਆਖਿਆ ਤਾਂ ਬੜੀ ਪਿਆਰੀ ਲੱਗੀ ਪਰ ਜਦੋਂ ਮੈਂ ਕਮਰੇ ਦੇ ਇਕ ਪਾਸੇ ਸੇਜ ਵੇਖੀ ਜਿਸ ਤੇ ਫੁੱਲ ਹੀ ਫੁੱਲ ਸਨ ਤਾਂ ਮੈਨੂੰ ਹਾਸਾ ਆ ਗਿਆ। ਮੈਂ ਜ਼ੀਨਤ ਨੂੰ ਆਖਿਆ, "ਇਹ ਕੀ ਬਕਵਾਸ ਹੈ"?

ਜ਼ੀਨਤ ਨੇ ਮੇਰੇ ਵੱਲ ਇਕ ਮਾਸੂਮ ਕਬੂਤਰੀ ਵਾਂਗ ਵੇਖ ਕੇ ਆਖਿਆ,"ਭਾਈ ਸਾਹਿਬ ਮਜ਼ਾਕ ਕਰਦੇ ਹੋ"। ਤੇ ਇਹ ਆਖ ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ।

ਮੈਨੂੰ ਅਜੇ ਆਪਣੀ ਗ਼ਲਤੀ ਦਾ ਅਹਿਸਾਸ ਵੀ ਨਹੀਂ ਹੋਇਆ ਸੀ ਕਿ ਬਾਬੂ ਗੋਪੀ ਨਾਥ ਅੰਦਰ ਆਇਆ। ਬੜੇ ਪਿਆਰ ਨਾਲ ਉਸਨੇ ਰੁਮਾਲ ਨਾਲ ਜ਼ੀਨਤ ਦੇ ਅੱਥਰੂ ਪੂੰਝੇ ਤੇ ਦੁੱਖ ਨਾਲ ਮੈਨੂੰ ਆਖਿਆ, "ਮੰਟੋ ਸਾਹਿਬ, ਮੈਂ ਸਮਝਦਾ ਸਾਂ ਤੁਸੀਂ ਬੜੇ ਸਮਝਦਾਰ ਅਤੇ ਲਾਇਕ ਆਦਮੀ ਹੋ। ਜ਼ੀਨੋ ਦਾ ਮਜ਼ਾਕ ਉਡਾਉਣ ਤੋਂ ਪਹਿਲਾਂ ਤੁਸਾਂ ਕੁਝ ਸੋਚਿਆ ਤਾਂ ਹੁੰਦਾ!"

-----

ਬਾਬੂ ਗੋਪੀ ਨਾਥ ਦੇ ਵਤੀਰੇ 'ਚ ਮੇਰੇ ਵਾਸਤੇ ਜਿਹੜੀ ਸ਼ਰਧਾ ਸੀ, ਜ਼ਖ਼ਮੀ ਹੋ ਗਈ। ਏਸ ਤੋਂ ਪਹਿਲਾਂ ਕਿ ਮੈਂ ਉਸ ਦੇ ਕੋਲੋਂ ਮੁਆਫ਼ੀ ਮੰਗਦਾ, ਉਸ ਨੇ ਜ਼ੀਨਤ ਦੇ ਸਿਰ ਤੇ ਹੱਥ ਫੇਰਿਆ ਅਤੇ ਪਿਆਰ ਭਿੱਜੀ ਵਫ਼ਾ ਨਾਲ ਆਖਿਆ, “ਰੱਬ ਤੈਨੂੰ ਖ਼ੁਸ਼ ਰਖੇ।” ਇਹ ਕਹਿ ਕੇ ਗਿੱਲੀਆਂ ਅੱਖਾਂ ਨਾਲ ਬਾਬੂ ਗੋਪੀ ਨਾਥ ਨੇ ਮੇਰੇ ਵੱਲ ਵੇਖਿਆ। ਉਨ੍ਹਾਂ ਅੱਖਾਂ 'ਚ ਮਲਾਮਤ ਸੀ-ਬਹੁਤ ਹੀ ਕਰੁਣਾ ਭਰਪੂਰ ਮਲਾਮਤ ਤੇ ਫੇਰ ਉਹ ਚਲਾ ਗਿਆ।

******

ਸਮਾਪਤ

Wednesday, March 3, 2010

ਬਰਿੰਦਰ ਸਿੰਘ ਢਿੱਲੋਂ - ਵਿਆਹ ਅਤੇ ਭੋਗ ਸਮਾਗਮ ਵੀ ਹੁਣ ਮੇਲੇ ਬਣ ਕੇ ਰਹਿ ਗਏ ਹਨ - ਲੇਖ

ਵਿਆਹ ਅਤੇ ਭੋਗ ਸਮਾਗਮ ਵੀ ਹੁਣ ਮੇਲੇ ਬਣ ਕੇ ਰਹਿ ਗਏ ਹਨ

ਲੇਖ

ਅੱਜ ਸਵੇਰੇ ਮੈਂ ਇੱਕ ਲੀਡਰ ਮਿੱਤਰ ਨੂੰ ਫੋਨ ‘ਤੇ ਪੁੱਛ ਬੈਠਾ ਕਿ ਇਸ ਵੇਲੇ ਕੀ ਕਰ ਰਹੇ ਹੋ? ਜਵਾਬ ਮਿਲਿਆ ਕਿ ਕੁੱਤੇ-ਭਕਾਈ ਕਰਨ ਚੱਲੇ ਹਾਂ ਤੇ ਨਾਲ ਹੀ ਉਹ ਹੱਸ ਪਿਆ। ਫਿਰ ਦੱਸਣ ਲੱਗਾ ਕਿ ਅੱਜ ਤਿੰਨ ਵਿਆਹਾਂ ‘ਚ ਪਹੁੰਚਣਾ ਹੈ। ਬੱਸ ਹੁਣ ਵਿਆਹਾਂ ਦੀ ਰੁੱਤ ਸ਼ੁਰੂ ਹੋ ਗਈ। ਰੋਜ਼ ਇਹੀ ਕੰਮ ਕਰਾਂਗੇ, ਪਰ ਨਾਲ ਹੀ ਕਹਿਣ ਲੱਗਾ ਕਿ ਮੇਰਾ ਨਾਮ ਨਾਂ ਲਿਖੀਂ। ਮੈਂ ਵੋਟਾਂ ਵੀ ਲੈਣੀਆਂ ਹਨ। ਇਹ ਕਿਸੇ ਇੱਕ ਲੀਡਰ ਦੀ ਕਹਾਣੀ ਨਹੀਂ। ਕਿਸੇ ਵਿਰਲੇ ਟਾਂਵਿਆਂ ਨੂੰ ਛੱਡ ਕੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਸੂਬਾ ਪੱਧਰ ਦੇ ਲੀਡਰਾਂ ਦਾ ਇਹੋ ਹਾਲ ਹੈ। ਆਮ ਵਿਆਹ ਸਮਾਗਮਾਂ ‘ਚ ਤਿੰਨ ਕੁ ਸੌ ਵਿਅਕਤੀਆਂ ਦਾ ਇਕੱਠ ਹੁੰਦਾ। ਜਿਹੜਾ ਥੋੜ੍ਹਾ ਲੀਡਰ ਕਿਸਮ ਦਾ ਤੇ ਪੈਸੇ ਧੇਲੇ ਪੱਖੋ ਸੌਖਾ ਹੁੰਦਾ ਉਹਦੇ ਸੱਤ ਕੁ ਸੌ ਤੱਕ ਲੋਕੀਂ ਆਏ ਹੁੰਦੇ ਹਨ। ਸੌ ਦੋ ਸੌ ਬਹਿਰੇ ਡਰਾਈਵਰ ਇਨ੍ਹਾਂ ਤੋਂ ਵੱਖ ਹੁੰਦੇ ਹਨ। ਹਜ਼ਾਰ ਵਿਅਕਤੀ ਡਕਾਰ ਮਾਰਕੇ ਤੁਰ ਜਾਂਦੇ ਹਨ। ਪਰ ਅਨੰਦ ਕਾਰਜ ਵੇਲੇ ਗੁਰਦਵਾਰੇ ਅਤੇ ਡੋਲੀ ਤਰਨ ਵੇਲੇ ਸਿਰਫ਼ ਘਰ ਵਾਲੇ ਹੀ ਹੁੰਦੇ ਹਨ।

-----

ਮੈਰਿਜ ਪੈਲੇਸ ਵਾਲਿਆਂ ਚਾਰ-ਪੰਜ ਸੌ ਰੁਪਈਆ ਪ੍ਰਤੀ ਪਲੇਟ ਤੋਂ ਲੈ ਕੇ ਹਜ਼ਾਰ ਰੁਪਏ ਪਰਤੀ ਪਲੇਟ ਤੱਕ ਦੇ ਹਿਸਾਬ ਤਹਿ ਕੀਤਾ ਹੁੰਦਾ ਹੈ। ਖ਼ਰਚੇ ਦਾ ਅੰਦਾਜ਼ਾ ਦੋ ਲੱਖ ਤੋਂ ਸੱਤ ਲੱਖ ਤੱਕ ਹੁੰਦਾ। ਇਉਂ ਕਹਿ ਲਉ ਇਹ ਪੈਸਾ ਇੱਕ ਦਿਨ ਵਿੱਚ ਰੋੜ੍ਹ ਦਿੱਤਾ ਜਾਂਦਾ ਹੈ। ਦਾਜ ਦਹੇਜ ਅਤੇ ਹੋਰ ਖ਼ਰਚੇ ਸੱਤ ਤੋਂ ਤੀਹ ਲੱਖ ਦੇ ਵਿਚਕਾਰ ਹੁੰਦੇ ਹਨ। ਯਾਨੀ ਪੰਜਾਬੀ ਘਰ ਫੂਕ ਕੇ ਤਮਾਸ਼ਾ ਵੇਖ ਰਹੇ ਹਨ। ਹਰ ਪਿੰਡ ਵਿੱਚ ਤੁਹਾਨੂੰ ਸੌ, ਪੰਜਾਹ ਆਦਮੀ ਅਜਿਹੇ ਮਿਲਣਗੇ ਜਿਹੜੇ ਕੋਈ ਕੰਮ ਨਹੀਂ ਕਰਦੇ ਸਿਰਫ਼ ਸਮਾਗਮਾਂ ਦੀ ਸ਼ੋਭਾ ਵਧਾਉਂਦੇ ਹਨ।ਸਮਾਗਮਾਂ ਵਿੱਚ ਘੁੰਮ ਰਹੇ ਨੇਤਾ ਜੀ ਨਾਲ ਦੋ ਤਿੰਨ ਗੰਨਮੈਨ ਇੱਕ ਦੋ ਪੀ.ਏ. ਅਤੇ ਸਾਥੀ ਹੁੰਦੇ ਹਨ। ਜਿੰਨਾ ਕੋਈ ਲੀਡਰ ਵੱਡਾ ਹੁੰਦਾ ਓਨਾ ਹੀ ਉਸ ਦਾ ਕਾਫ਼ਿਲਾ ਵੀ ਵੱਡਾ ਹੁੰਦਾ ਹੈ।

-----

ਇੱਕ ਇੱਕ ਦਿਨ ‘ਚ ਦੋ ਵਿਆਹਾਂ ਜਾਂ ਦੋ ਭੋਗਾਂ ‘ਤੇ ਨੇਤਾ ਲੋਕ ਨੇ ਪਹੁੰਚਣਾ ਹੁੰਦਾ ਹੈ। ਗਿੱਠ-ਗਿੱਠ ਉੱਗੀ ਕਣਕ ਵਿਚ ਅਵਾਰਾ ਗਊਆਂ ਦੇ ਫੇਰਾ ਪਾਉਣ ਵਾਂਗ ਨੇੜੇ ਖੜ੍ਹੇ ਲੋਕਾਂ ਨਾਲ ਪੋਲੇ ਜਿਹੇ ਹੱਥ ਮਿਲਾ ਕੇ ਇਹ ਲੋਕ ਅਗਲੇ ਘਰ ਲਈ ਤੁਰ ਪੈਂਦੇ ਹਨ। ਬਹੁਤੇ ਥਾਵਾਂ ਤੇ ਇਹ ਲੋਕ ਪਹੁੰਚ ਵੀ ਨਹੀਂ ਸਕਦੇ । ਓਦੋਂ ਵੱਧ ਵੋਟਾਂ ਵਾਲੇ ਘਰ ਨੂੰ ਪਹਿਲ ਦਿੱਤੀ ਜਾਂਦੀ ਹੈ। ਸ਼ਾਮ ਤੱਕ ਸਾਰੇ ਹੀ ਥੱਕ ਜਾਂਦੇ ਹਨ। ਟੁੱਟੀਆਂ ਲਿੰਕ ਸੜਕਾਂ ‘ਤੇ ਸੌ ਕਿਲੋਮੀਟਰ ਦੀ ਸਪੀਡ ਨਾਲ ਦੌੜਦੀਆਂ ਗੱਡੀਆਂ ਜਦੋਂ ਕਿਸੇ ਅਚਾਨਕ ਆਏ ਹੰਪ ਜਾਂ ਟੋਏ ਵਿਚ ਵੱਜ ਕੇ ਅੱਧਾ ਫੁੱਟ ਉਛਲਦੀਆਂ ਸਨ ਤਾਂ ਸਿਰ ਛੱਤਾਂ ਨਾਲ ਜਾ ਵੱਜਦੇ ਹਨ। ਪਰ ਕਹਿੰਦੇ ਕਰੀਏ ਕੀ? ਜਿਸ ਦੇ ਨਾ ਪਹੁੰਚੇ ਓਹੀ ਰੁੱਸ ਜਾਵੇਗਾ ਕਿ ਸਾਡੇ ਵਿਆਹ ‘ਤੇ ਨਹੀਂ ਪਹੁੰਚੇ। ਉਤੋਂ ਕੋਈ ਨਾ ਕੋਈ ਚੋਣਾਂ ਬਾਬਰ ਦੀ ਤਲਵਾਰ ਵਾਂਗ ਸਿਰ ‘ਤੇ ਲਟਕਦੀਆਂ ਹੀ ਰਹਿੰਦੀਆਂ ਹਨ। ਇਹ ਨੇਤਾ ਲੋਕ ਰੋਂਦੇ ਵੀ ਹਨ ਕਿ ਇੱਕ ਦਿਨ ਵਿੱਚ ਸਿਰਫ਼ ਸ਼ਗਨਾਂ ‘ਤੇ ਹੀ ਦੋ ਹਜ਼ਾਰ ਖ਼ਰਚ ਹੋ ਗਿਆ ਤੇ ਗੱਡੀਆਂ ਦਾ ਤੇਲ ਵੱਖਰਾ। ਉਤੋਂ ਸੜਕ ਹਾਦਸਿਆਂ ਦਾ ਜ਼ੋਖਮ ਵੀ ਉਠਾਉਣਾ ਪੈਂਦਾ। ਹੁਣ ਤਾਂ ਟੱਬਰਾਂ ਦੇ ਟੱਬਰ ਮਰਨ ਲੱਗੇ ਹਨ। ਇੰਜ ਸਾਲ ‘ਚ ਦੋ ਵਾਰੀ ਕੱਤੇ ਅਤੇ ਫੱਗਣ ਦੇ ਮਹੀਨੇ ਵਿਆਹਾਂ ਦੀ ਰੁੱਤ ਆਉਂਦੀ ਹੈ। ਭੋਗ ਤਾਂ ਸਾਰਾ ਸਾਲ ਹੀ ਚੱਲਦੇ ਹਨ।

-----

ਐਤਵਾਰ ਦੇ ਦਿਨ ਲੋਕਾਂ ਦੇ ਕੰਮ ਕਰਨ ਦੀ ਥਾਂ ਇੰਜ ਭਟਕਦਿਆਂ ਹੀ ਲੰਘ ਜਾਂਦੇ ਹਨ। ਵਿਆਹ ਸਮਾਗਮਾਂ ਅਤੇ ਭੋਗਾਂ ਦੇ ਬੇਲੋੜੇ ਖਰਚੇ ਅਤੇ ਇਕੱਠ ਕਰਨ ਨੂੰ ਹੁਣ ਲੋਕ ਵੀ ‘ਅੰਦਰੋਂ‘ ਮਹਿੰਗਾ ਕਿੱਤਾ ਕਹਿ ਰਹੇ ਹਨ। ਫੇਰ ਵੀ ਸਮਾਜਕ ਵਿਖਾਵੇ ਲਈ ਉਹ ਅਜਿਹਾ ਕਰਨ ਲਈ ਮਜਬੂਰ ਹਨ। ਆਪਣੇ ਸਿਆਸੀ ਦਾਬੇ-ਸ਼ਾਬੇ ਲਈ ਵੀ ਉਹ ਇਸ ਫ਼ਜ਼ੂਲ ਖ਼ਰਚੀ ਲਈ ਮਜਬੂਰ ਸਨ। ਦੂਜਾ ਕਾਰਨ ਭ੍ਰਿਸ਼ਟਾਚਾਰ ਵੀ ਹੈ ਕਿਉਂਕਿ ਨਿੱਟੇ-ਮੋਟੇ ਦਫਤਰਾਂ ਵਿਚ ਵੀ ਆਮ ਬੰਦੇ ਦੀ ਖੱਜਲ-ਖੁਆਰੀ ਹੁੰਦੀ ਹੈ। ਮਾਮੂਲੀ ਜਿਹੇ ਨਿਜੀ ਕੰਮ ਕਰਵਾਉਣ ਲਈ ਵੀ ਸਿਫਾਰਸ਼ਾਂ ਦੀ ਲੋੜ ਪੈਂਦੀ ਹੈ। ਵਿਰਲੇ ਟਾਂਵੇਂ ਵੱਡੇ ਅਫ਼ਸਰ ਤਾਂ ਅਜੇ ਗੱਲ ਸੁਣ ਲੈਂਦੇ ਹਨ ਪਰ ਬਾਬੂ ਤਬਕਾ ਤਾਂ ਅਜੇ ਵੀ ਅੰਗਰੇਜ਼ੀ ਰਾਜ ਹੀ ਸਮਝ ਰਿਹਾ ਹੈ। ਚੱਲੀ ਆ ਰਹੀ ਰਵਾਇਤ ‘ਚ ਡਾਢੀ ਤਾਕਤ ਹੁੰਦੀ ਹੈ ਇਹ ਏਨੀ ਸੌਖੀ ਨਹੀਂ ਟੁੱਟਿਆ ਕਰਦੀ। ਸੂਚਨਾ ਦੇਣ ਦੇ ਅਧਿਕਾਰ ਨਾਲ ਥੋੜ੍ਹਾ ਸੁਧਾਰ ਹੋਣ ਦੀ ਆਸ ਬੱਝੀ ਹੈ।ਚੰਡੀਗੜ੍ਹ ਜਾਂ ਦਿੱਲੀ ਵਰਗੇ ਮਹਾਂ ਨਗਰਾਂ ‘ਚ ਹੁੰਦੇ ਵੱਡੇ ਲੋਕਾਂ ਦੇ ਵਿਆਹ ਸਮਾਗਮਾਂ ਦੀ ਗੱਲ ਹੋਰ ਹੁੰਦੀ ਹੈ।

-----

ਇਕੱਠ ਦਿਖਾਉਣਾ ਉਨ੍ਹਾਂ ਲੋਕਾਂ ਦੀ ਮਜਬੂਰੀ ਵੀ ਹੁੰਦੀ ਹੈ ਤੇ ਸ਼ੁਗਲ ਵੀ।ਵਿਆਹ ‘ਚ ਦੋ ਤਿੰਨ ਹਜ਼ਾਰ ਲੋਕਾਂ ਦਾ ਇਕੱਠ, ਮੇਲੇ ਵਰਗਾ ਮਾਹੌਲ ਹੁੰਦਾ ਹੈ। ਅਜਿਹੇ ਵੱਡੇ ਲੋਕਾਂ ਦੇ ਵੇਖਾ-ਵੇਖੀ ਪੰਜਾਬ ਦਾ ਮੱਧ-ਵਰਗ ਵੀ ਅੱਡੀਆਂ ਚੁੱਕ ਕੇ ਫਾਹਾ ਲੈ ਰਿਹਾ ਹੈ। ਪੰਜਾਬੀ ਹਰ ਮੌਕੇ ਨੂੰ ਹੀ ਮੇਲਾ ਬਣਾ ਦਿੰਦੇ ਹਨ।ਵਿਆਹ ਅਤੇ ਭੋਗ ਕੋਈ ਮੇਲਾ ਜਾਂ ਰਾਜਸੀ ਸੰਮੇਲਨ ਨਹੀਂ ਹੁੰਦੇ ਜਿੱਥੇ ਲੱਖਾਂ ਲੋਕਾਂ ਦਾ ਇੱਕਠ ਹੋਇਆ ਕਰਦਾ।ਵਿਆਹ ਸਮਾਗਮਾਂ ਨੂੰ ਇਸ ਮਹਿੰਗਾਈ ਦੇ ਦੌਰ ‘ਚ ਚੰਦ ਇਕ ਰਿਸ਼ਤੇਦਾਰਾਂ ਤੇ ਪਰਿਵਾਰਕ ਮਿੱਤਰਾਂ ਦੀ ਹਾਜ਼ਰੀ ਵਿਚ ਹੀ ਕੀਤਾ ਜਾਣਾ ਚਾਹੀਦਾ। ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਕਦੇ ਵੀ ਪੁਰਾਣੇ ਸਮਿਆਂ ਵਰਗੀਆਂ ਨਹੀਂ ਹੋਇਆ ਕਰਦੀਆਂ। ਫੋਕੀ ਹਉਮੈ ਖ਼ਾਤਿਰ ਅਜਿਹੇ ਵਿਆਹ ਸਮਾਗਮ ਘਰ ਵਾਲਿਆਂ ਤੇ ਸਿਆਸੀ ਨੇਤਾਵਾਂ ਦੋਹਾਂ ਲਈ ਹੀ ਪੈਸੇ ਤੇ ਸਮੇਂ ਦੀ ਬਰਬਾਦੀ ਹੈ।

-----

ਇਸ ਸਾਰੇ ਰੰਡੀ-ਰੋਣੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਦੋਵੇਂ ਧਿਰਾਂ ਮੇਜ਼ਬਾਨ ਤੇ ਨੇਤਾ ਲੋਕ ਇਸ ਨੂੰ ਗ਼ਲਤ ਅਤੇ ਫ਼ਜ਼ੂਲ ਖ਼ਰਚੀ ਸਮਝਦੀਆਂ ਹੋਈਆਂ ਵੀ ਰੋਕਣੋਂ ਅਸਮਰੱਥ ਹਨ। ਇਕ ਫੋਕੀ ਹਉਮੈ ਕਾਰਨ ਦੂਜੀ ਵੋਟਾਂ ਰੁੱਸਣ ਦੇ ਡਰੋਂ। ਜਾਣ-ਪਹਿਚਾਣ ਤਾਂ ਸੈਂਕੜੇ-ਹਜ਼ਾਰਾਂ ਨਾਲ ਹੋ ਸਕਦੀ ਹੈ। ਪਰ ਪਰਿਵਾਰਕ ਸਬੰਧਾਂ ਦਾ ਗਰਾਫ ਤਿੰਨ-ਚਾਰ ਦਰਜਨ ਪਰਿਵਾਰਾਂ ਤੋਂ ਅਗਾਂਹ ਨਹੀਂ ਚੜ੍ਹਦਾ। ਰਿਸ਼ਤਿਆਂ ਦੇ ਚਿਹਰਿਆਂ ‘ਤੇ ਵਕਤ ਦੀ ਧੂੜ ਜੰਮਦੀ ਹੀ ਰਹਿੰਦੀ ਹੈ। ਫੇਰ ਵੀ ਇਹ ਵਿਖਾਵਿਆਂ ਦਾ ਦੌਰ ਜਾਰੀ ਹੈ। ਤੀਹ ਕੁ ਸਾਲ ਪਹਿਲਾਂ ਸਾਲ ਵਿੱਚ ਇੱਕ ਅੱਧ ਵਿਆਹ ਆਇਆ ਕਰਦਾ ਸੀ ਤੇ ਸਾਰੇ ਟੱਬਰ ਨੂੰ ਚਾਅ ਚੜ੍ਹ ਜਾਂਦਾ ਸੀ। ਹੁਣ ਹਰ ਹਫ਼ਤੇ ਵਿਆਹ ਤੇ ਭੋਗ ਦੇ ਸੱਦੇ ਹੁੰਦੇ ਹਨ।

-----

ਵਿਆਹਾਂ ਸਮੇਂ ਬੇਲੋੜਾ ਇਕੱਠ ਰੋਕਣ ਲਈ ਸਿਆਸੀ ਲੀਡਰਾਂ ਨੂੰ ਹੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ‘ਵੋਟਾਂ ਲੁੱਟਣ’ ਦੇ ਹੋਰ ਬਥੇਰੇ ਢੰਗ ਹਨ। ਇਸ ਬੇਲੋੜੇ ਇਕੱਠਾਂ ਨੇ ਪੰਜਾਬ ਵਿੱਚੋਂ ਕੰਮ ਸੱਭਿਆਚਾਰ ਹੀ ਤਬਾਹ ਕਰਕੇ ਰੱਖ ਦਿੱਤਾ ਹੈ। ਆਮ ਲੋਕੀ ਆਪ ਤੋਂ ਵੱਡਿਆਂ ਦੀਆਂ ਬਾਂਦਰ ਨਕਲਾਂ ਹੀ ਕਰਿਆ ਕਰਦੇ ਹਨ।ਇਸ ਦੇਸ਼ ਦੇ ਹਰ ਮਾਮਲੇ ਦੀ ਤਾਣ ਵਧੀ ਹੋਈ ਆਬਾਦੀ ਤੇ ਵੋਟ ਬੈਂਕ ‘ਤੇ ਆ ਕੇ ਟੁੱਟਦੀ ਹੈ। ਹੁਣ ਨੇਤਾ ਲੋਕ ਵਿਆਹ ਜਾਂ ਭੋਗ ਸਮਾਗਮਾਂ ਤੋਂ ਅਗਾਂਹ ਪੈਨਸ਼ਨਾਂ, ਵਜ਼ੀਫੇ, ਆਟਾ, ਦਾਲ, ਗਰਾਂਟਾਂ ਵੰਡਣ ਲਈ ਵੀ ਪਿੰਡਾਂ ‘ਚ ਘੁੰਮਦੇ ਰਹਿੰਦੇ ਹਨ। ਪਹਿਲਾਂ ਇਹ ਕੰਮ ਸਰਕਾਰੀ ਦਫਤਰਾਂ ਰਾਹੀਂ ਹੋਇਆ ਕਰਦੇ ਸਨ। ਲੋਕ ਵੀ ਵੋਟਾਂ ਵੇਲੇ ਵਿਕਾਸ ਜਾਂ ਸਾਂਝੇ ਕੰਮਾਂ ਦੀ ਗੱਲ ਨਹੀਂ ਕਰਦੇ। ਉਨ੍ਹਾਂ ਦੀ ਇੱਕੋ ਇੱਕ ਸ਼ਿਕਾਇਤ ਹੁੰਦੀ ਹੈ ਕਿ ਇਹ ਹਲਕੇ ‘ਚ ਨਹੀਂ ਰਹਿੰਦਾ (ਮਤਲਬ ਸਾਡੇ ਵਿਆਹ ਜਾਂ ਭੋਗ ਤੇ ਨਹੀਂ ਆਇਆ)। ਜੇ ਚੋਣ ਕਮਿਸ਼ਨ ਨੇ ਕੋਈ ਨਿਯਮ ਨਾ ਬਣਾਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਵੋਟਰ ਉਡੀਕਣਗੇ ਕਿ ਨੇਤਾ ਜੀ ਸਾਡੇ ਰਾਸ਼ਨ ਕਾਰਡ, ਡਰਾਈਵਰ ਲਾਇਸੈਂਸ, ਸਹਾਇਤਾ ਰਾਸ਼ੀ, ਰਿਹਾਇਸ਼, ਜ਼ਾਤ ਅਤੇ ਜਨਮ, ਮੌਤ ਦੇ ਸਰਟੀਫਿਕੇਟ ਪਿੰਡ ਵਿੱਚ ਵੰਡਣ ਆਉਣ। ਮੈਨੂੰ ਅਮਰੀਕਾ ਵਿੱਚ ਇੱਕ ਗੋਰੇ ਸੈਨੇਟਰ ਅਤੇ ਕਨੇਡਾ ਵਿੱਚ ਮਿੱਤਰ ਵਿਧਾਇਕਾਂ ਅਤੇ ਐੱਮ. ਪੀ. ਦੇ ਦਫਤਰਾਂ ‘ਚ ਜਾਣ ਦਾ ਮੌਕਾ ਮਿਲਿਆ ਹੈ। ਉਹ ਪੰਜ ਦਿਨ ਬਾਕਾਇਦਾ ਆਪਣੇ ਦਫਤਰਾਂ ਵਿੱਚ ਸਵੇਰ ਦੇ 9 ਤੋਂ ਸ਼ਾਮ 5 ਵਜੇ ਤੱਕ ਬੈਠਕੇ ਕੰਮ ਕਰਦੇ ਹਨ। ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੁੰਦੀ ਹੈ, ਜਾਂ ਸੈਸ਼ਨ ਲਈ ਰਾਜਧਾਨੀਆਂ ‘ਚ ਜਾਂਦੇ ਹਨ। ਸਾਡੇ ਲੋਕ ਅਤੇ ਲੀਡਰ ਕਦੋਂ ਕੰਮ ਕਰਨ ਵੱਲ ਮੁੜਣਗੇ ?

Tuesday, March 2, 2010

ਬਲਬੀਰ ਸਿੰਘ ਮੋਮੀ - ਕਿਹੋ ਜਿਹਾ ਸੀ ਜੀਵਨ – ਸਵੈ-ਜੀਵਨੀ - ਕਿਸ਼ਤ - 15

ਮਾਵਾਂ ਧੀਆਂ ਦੀ ਕੁੱਟ

ਸਵੈ-ਜੀਵਨੀ - ਕਿਸ਼ਤ - 15

ਲੜੀ ਜੋੜਨ ਲਈ ਕਿਸ਼ਤ – 14 ਪੜ੍ਹੋ ਜੀ।

ਗਰਮੀਆਂ ਦੀ ਇਕ ਸ਼ਾਮ ਨੂੰ ਮੈਂ ਮਹਿਤੇ ਆਇਆ ਤਾਂ ਬਾਪੂ ਕਹਿਣ ਲੱਗਾ ਕਿ ਜੇ ਮੈਂ ਚਾਹਾਂ ਤਾਂ ਗੋਨਿਆਣਾ ਮੰਡੀ ਵਾਲੇ ਸਕੂਲ ਦੀ ਬਜਾਏ ਮੈਂ ਫਿਰੋਜ਼ਪੁਰ ਦੇ ਕਿਸੇ ਸਕੂਲ ਵਿਚ ਦਾਖਲ ਹੋ ਜਾਵਾਂ ਤੇ ਓਥੇ ਹੀ ਹੋਸਟਲ ਵਿਚ ਰਹਿ ਕੇ ਪੜ੍ਹਾਈ ਕਰਾਂ। ਓਥੋਂ ਪੱਕੀ ਅਲਾਟ ਹੋਈ ਜ਼ਮੀਨ ਵਾਲੇ ਪਿੰਡ ਵੀ ਮਹੀਨੇ ਵਿਚ ਇਕ ਦੋ ਵਾਰ ਗੇੜਾ ਮਾਰ ਜਾਇਆ ਕਰਾਂ। ਮੈਂ ਕਿਹਾ ਕਿ ਮੈਂ ਮੰਡੀ ਵਾਲੇ ਸਕੂਲ ਦੋਬਾਰਾ ਦਾਖਲ ਹੋ ਕੇ ਮੈਂ ਆਪਣੇ ਆਪ ਨੂੰ ਪੜ੍ਹਾਈ ਵਿਚ ਖੋਭ ਲਿਆ ਹੈ। ਨਾਲੇ ਮਹਿਤਾ ਛੱਡਦਿਆਂ ਛੱਡਦਿਆਂ ਸਾਲ ਛੇ ਮਹੀਨੇ ਲੱਗ ਜਾਣੇ ਹਨ। ਫਿਰੋਜ਼ਪੁਰ ਵੱਡਾ ਸ਼ਹਿਰ ਹੈ ਅਤੇ ਮੈਨੂੰ ਓਥੇ ਕੋਈ ਜਾਣਦਾ ਵੀ ਨਹੀਂ। ਇਸ ਲਈ ਏਥੇ ਈ ਠੀਕ ਆ। ਫੇਲ੍ਹ ਹੋਏ ਮੁੰਡਿਆਂ ਵਿਚੋਂ ਕਈ ਤਾਂ ਸਕੂਲ ਛੱਡ ਗਏ ਸਨ ਅਤੇ ਕੁਝ ਦੋਬਾਰਾ ਦਾਖਲ ਹੋ ਗਏ ਸਨ। ਨਹੀਆਂਵਾਲਾ ਪਿੰਡ ਕੋਲੋਂ ਬਠਿੰਡੇ ਨੂੰ ਜਾਂਦੀ ਰੇਲਵੇ ਲਾਈਨ ਦੇ ਦੂਜੇ ਪਾਸੇ ਹੋਸਟਲ ਦੇ ਬਾਹਰ ਇਕ ਛੱਪੜ ਸੀ ਜਿਸ ਦੇ ਕੰਢੇ ਤੇ ਇਕ ਬਹੁਤ ਵੱਡਾ ਬੋਹੜ ਦਾ ਰੁੱਖ ਸੀ। ਮੈਂ ਅਕਸਰ ਸ਼ਾਮ ਨੂੰ ਇਸ ਬੋਹੜ ਉਤੇ ਚੜ੍ਹ ਕੇ ਟਾਹਣਿਆਂ ਦੇ ਵਿਚਕਾਰ ਬਣੇ ਇਕ ਥਾਂ ਤੇ ਬੈਠ ਜਾਂਦਾ ਤੇ ਪੜ੍ਹਦਾ ਰਹਿੰਦਾ। ਕਈ ਵਾਰ ਹੋਸਟਲ ਦੇ ਨਾਲ ਰਹਿੰਦੇ ਮੁੰਡਿਆਂ ਨੂੰ ਪਤਾ ਵੀ ਨਾ ਲਗਦਾ ਕਿ ਮੈਂ ਕਿੱਥੇ ਚਲਾ ਜਾਂਦਾ ਸਾਂ।

-----

ਜਦੋਂ ਕੋਟਕਪੂਰੇ ਮਾਰਚ ਵਿਚ ਇਮਤਿਹਾਨ ਦੇਣ ਦਾ ਸੈਂਟਰ ਬਣਿਆ ਸੀ ਤਾਂ ਓਥੋਂ ਦਾ ਇਕ ਬੜਾ ਖ਼ੂਬਸੂਰਤ ਮੁੰਡਾ ਬਲਦੇਵ ਜੋ ਬੜੇ ਕੀਮਤੀ ਤੇ ਖ਼ੂਬਸੂਰਤ ਕਪੜੇ ਪਹਿਨਦਾ ਸੀ, ਮੇਰਾ ਦੋਸਤ ਬਣ ਗਿਆ। ਅਮੀਰ ਹੋਣ ਕਰ ਕੇ ਉਹ ਕਈ ਵਾਰ ਮੈਨੂੰ ਜਾਂ ਮੇਰੇ ਨਾਲ ਦਿਆਂ ਨੂੰ ਚਾਹ ਨਾਲ ਪੇਸਟਰੀ ਜਾਂ ਕੇਕ ਲੈ ਕੇ ਖਵਾ ਦੇਂਦਾ। ਇਹ ਸਾਨੂੰ ਬੜੇ ਸਵਾਦ ਲਗਦੇ ਤੇ ਬਲਦੇਵ ਸਾਨੂੰ ਆਪਣੇ ਨਾਲੋਂ ਬੜਾ ਵੱਡਾ ਵੱਡਾ ਲਗਦਾ ਤੇ ਅਸੀਂ ਉਹਦਾ ਰੁਅਬ ਜਿਹਾ ਵੀ ਮੰਨਦੇ। ਇਕ ਵਾਰ ਓਸ ਕਿਹਾ ਕਿ ਮੈਂ ਐਕਟਰ ਬਣਨ ਲਈ ਬੰਬਈ ਵੀ ਜਾ ਆਇਆ ਹਾਂ ਅਤੇ ਬੰਬਈ ਤੋਂ ਸੱਪ ਦੀ ਖੱਲ ਦੇ ਬੂਟ ਲੈ ਕੇ ਆਇਆ ਹਾਂ। ਅਸੀਂ ਉਹਦਾ ਸੱਚ ਮੰਨ ਲੈਂਦੇ ਅਤੇ ਓਸ ਨੂੰ ਕਿਸੇ ਦਿਨ ਸੱਪ ਦੀ ਖੱਲ ਦੇ ਬਣੇ ਹੋਏ ਬੂਟ ਪਾ ਕੇ ਆਉਣ ਲਈ ਕਹਿੰਦੇ। ਕਈ ਵਾਰ ਓਸ ਨਾਲ ਬਠਿੰਡੇ ਸਟੇਸ਼ਨ ਤੇ ਤੁਰੇ ਫਿਰਦਿਆਂ ਮੇਲ ਹੋ ਜਾਂਦਾ। ਹਰ ਵਾਰ ਉਸਦੇ ਕੱਪੜੇ ਵਧੀਆ ਪਾਏ ਹੁੰਦੇ। ਉਹਦੀ ਜੇਬ ਵਿਚ ਪੈਸੇ ਵੀ ਹੁੰਦੇ ਅਤੇ ਉਹ ਸਾਨੂੰ ਸਟੇਸ਼ਨ ਤੇ ਚਾਹ ਵੇਚਣ ਵੇਚਣ ਵਾਲਿਆਂ ਚਾਹ ਖਰੀਦ ਕੇ ਜ਼ਰੂਰ ਪਿਆਉਂਦਾ ਤੇ ਚਾਹ ਨਾਲ ਕੁਝ ਨਾ ਕੁਝ ਖਾਣ ਲਈ ਵੀ ਜ਼ਰੂਰ ਲੈਂਦਾ। ਕਰੀਮ ਰੋਲ ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਬਠਿੰਡੇ ਦੇ ਰੇਲਵੇ ਸਟੇਸ਼ਨ ‘ਤੇ ਹੀ ਖਾਧੇ। ਉਹ ਕਦੀ ਟਿਕਟ ਨਹੀਂ ਲੈਂਦਾ ਸੀ ਅਤੇ ਕਹਿੰਦਾ ਕਿ ਰੇਲਵੇ ਵਾਲੇ ਬਹੁਤੇ ਉਹਨੂੰ ਜਾਣਦੇ ਸਨ। ਪਤਾ ਨਹੀਂ ਉਹ ਘਰੋਂ ਕਿੰਨਾ ਕੁ ਅਮੀਰ ਸੀ ਪਰ ਬਹੁਤ ਪਿਛੋਂ ਜਦੋਂ ਮੈਂ ਆਰ ਐਸ ਡੀ ਕਾਲਜ ਫਿਰੋਜ਼ਪੁਰ ਦਾਖਲ ਹੋ ਗਿਆ ਸਾਂ ਤਾਂ ਕੋਟਕਪੂਰੇ ਜਾ ਕੇ ਉਹਨੂੰ ਲੱਭ ਲਿਆ ਤਾਂ ਉਹ ਆਪਣੇ ਪਿਓ ਦੀ ਟਰੰਕਾਂ ਦੀ ਦੁਕਾਨ ਤੇ ਬੈਠਾ ਸੀ ਤੇ ਪੜ੍ਹਾਈ ਛਡ ਗਿਆ ਸੀ। ਮੈਂ ਉਹਨੂੰ ਆਪਣਾ ਕਾਲਜ ਦਾ ਅਤਾ-ਪਤਾ ਲਿਖਾ ਦਿਤਾ ਤੇ ਉਹ ਕਦੀ ਕਦੀ ਮੈਨੂੰ ਮਿਲਣ ਲਈ ਆ ਜਾਂਦਾ ਤੇ ਫਿਰ ਹੋਰ ਕੁਝ ਸਾਲਾਂ ਪਿੱਛੋਂ ਪਤਾ ਲੱਗਾ ਕਿ ਉਹ ਇਸ ਦੁਨੀਆ ਵਿਚ ਨਹੀਂ ਰਿਹਾ ਸੀ। ਮੈਂ ਸੋਚਿਆ ਉਸ ਦੇ ਬਗੈਰ ਕੋਟਕਪੂਰੇ ਵਿਚ ਹੁਣ ਮੇਰਾ ਕੌਣ ਸੀ। ਵੈਸੇ ਵੀ ਮੈਂ ਕੋਟ ਕਪੂਰੇ ਨੂੰ ਪਸੰਦ ਨਹੀਂ ਕਰਦਾ ਸਾਂ ਜਿਥੇ ਸੈਂਟਰ ਬਣਨ ਨਾਲ ਮੇਰੀ ਪੜ੍ਹਾਈ ਵਿਚ ਵਿਘਨ ਪਿਆ ਤੇ ਸ਼ੇਖ਼ ਚਿਲੀ ਵਾਲੇ ਸੁਫ਼ਨੇ ਲੈਣ ਵਾਲਾ ਮੈਂ ਦਸਵੀਂ ਵਿਚੋਂ ਹੀ ਫੇ੍ਹ ਹੋ ਗਿਆ ਸਾਂ। ਮੈਨੂੰ ਕਲਾਸ ਵਿਚ ਪੜ੍ਹਦਿਆਂ ਪੜ੍ਹਦਿਆਂ ਦਿਮਾਗ਼ੀ ਤੌਰ ਤੇ ਗ਼ੈਰ ਹਾਜ਼ਰ ਹੋਣ ਦੀ ਆਦਤ ਪੈ ਗਈ ਸੀ। ਟੀਚਰ ਜੋ ਪੜ੍ਹਾ ਰਿਹਾ ਹੁੰਦਾ, ਮੈਂ ਘਟ ਸੁਣਦਾ ਅਤੇ ਖ਼ਿਆਲਾਂ ਦੇ ਘੋੜੇ ਦੁੜਾ ਕੇ ਕਿਧਰੇ ਹੋਰ ਪਹੁੰਚ ਜਾਂਦਾ। ਦਿਨੇ ਸੁਪਣੇ ਲੈਣ ਦੀ ਆਦਤ ਫਿਲਮਾਂ ਵੇਖ-ਵੇਖ ਅਤੇ ਨਾਵਲ ਪੜ੍ਹ-ਪੜ੍ਹ ਕੇ ਪੈ ਗਈ ਸੀ। ਪਤਾ ਨਹੀਂ ਇਹ ਆਦਤ ਚੰਗੀ ਜਾਂ ਮਾੜੀ ਪਰ ਇਹ ਮੇਰਾ ਨੁਕਸਾਨ ਕਰ ਰਹੀ ਸੀ।

-----

ਗਰਮੀਆਂ ਦੀ ਇਕ ਸ਼ਾਮ ਹਾਲੇ ਰਾਤ ਵਿਚ ਨਹੀਂ ਸੀ ਬਦਲੀ। ਮਾਂ ਗੁਰਦਵਾਰੇ ਚੋਂ ਰਹਿਰਾਸ ਦਾ ਪਾਠ ਸੁਣ ਕੇ ਅਤੇ ਮੱਥਾ ਟੇਕ ਕੇ ਮੁੜੀ ਹੀ ਸੀ ਕਿ ਨਾਲ ਦੇ ਘਰੋਂ ਮਹਿਕ ਤੇ ਉਹਦੀ ਮਾਂ ਨੂੰ ਚਾਨਣ ਸਿੰਘ ਵੱਲੋਂ ਕੁੱਟ ਮਾਰ ਅਤੇ ਗਾਲ੍ਹਾਂ ਦੀਆਂ ਆਵਾਜ਼ਾਂ ਸਾਡੇ ਪਾਸੇ ਸੁਣ ਰਹੀਆਂ ਸਨ। ਮਾਂ ਧੀ ਦੀਆਂ ਰੋਂਦੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਕਿ ਸਾਨੂੰ ਬਚਾਓ ਨਹੀਂ ਤਾਂ ਇਹ ਸਾਨੂੰ ਮਾਰ ਦੇਵੇਗਾ। ਕੁਝ ਚਿਰ ਤਾਂ ਮੈਂ ਬਾਪੂ ਤੇ ਮੇਰੀ ਮਾਂ ਰੋਣ ਪਿਟਣ, ਕੁੱਟ ਤੇ ਗਾਲ੍ਹਾਂ ਦੀਆਂ ਅਵਾਜ਼ਾਂ ਸੁਣਦੇ ਰਹੇ ਪਰ ਜਦ ਇਹ ਬੰਦ ਨਾ ਹੋਈਆਂ ਤਾਂ ਬਾਪੂ ਮੇਰੀ ਮਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਓਸ ਪਾਸੇ ਚਲਾ ਗਿਆ। ਚਾਨਣ ਸਿਹੁੰ ਨੇ ਸ਼ਰਾਬ ਪੀਤੀ ਹੋਈ ਸੀ। ਬਾਪੂ ਦੇ ਜਾਣ ਤੇ ਉਹ ਕੁੱਟਣੋਂ ਤਾਂ ਹਟ ਗਿਆ ਪਰ ਗਾਲ੍ਹਾਂ ਦੀਆਂ ਆਵਾਜ਼ਾਂ ਅਜੇ ਵੀ ਆ ਰਹੀਆਂ ਸਨ। ਬਾਪੂ ਨੇ ਚਾਨਣ ਸਿਹੁੰ ਨੂੰ ਸਮਝਾਇਆ ਕਿ ਇਹਨਾਂ ਗਰੀਬਣੀਆਂ ਨੂੰ ਕਿਉਂ ਕੁੱਟਦਾ ਏਂ ਤਾਂ ਅੱਗੋਂ ਕਹਿਣ ਲਗਾ ਤੈਨੂੰ ਨਹੀਂ ਪਤਾ ਜੱਥੇਦਾਰਾ ਇਹਨਾਂ ਨੇ ਬੜਾ ਗੰਦ ਪਾਇਆ ਹੋਇਆ ਹੈ। ਬਾਪੂ ਨੇ ਫਿਰ ਕਿਹਾ ਜਵਾਨ ਧੀ ਨੂੰ ਨਹੀਂ ਕੁੱਟੀਦਾ ਹੁੰਦਾ ਤਾਂ ਜਾ ਕੇ ਚੰਨਣ ਸਿਹੁੰ ਹਟਿਆ ਪਰ ਦੋਹਾਂ ਮਾਵਾਂ ਧੀਆਂ ਅਜੇ ਵੀ ਰੋ ਰਹੀਆਂ ਸਨ ਅਤੇ ਲੱਗਦਾ ਸੀ ਕਿ ਉਹਨਾਂ ਨੂੰ ਚੰਨਣ ਸਿਹੁੰ ਨੇ ਬਹੁਤ ਕੁੱਟਿਆ ਸੀ। ਅਗਲੇ ਦਿਨ ਨਮੋਸ਼ੀ ਦੀਆਂ ਮਾਰੀਆਂ ਮਾਵਾਂ ਧੀਆਂ ਬਾਹਰ ਨਹੀਂ ਨਿਕਲ ਰਹੀਆਂ ਸਨ ਤੇ ਮੈਂ ਵੇਖਿਆ ਕਿ ਮਹਿਕ ਦੇ ਖ਼ੂਬਸੂਰਤ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਸਨ। ਮੇਰੀ ਮਾਂ ਨੇ ਮੈਨੂੰ ਮਹਿਕ ਦੇ ਘਰ ਵੱਲ ਝਾਤੀ ਮਾਰਨ ਤੋਂ ਹਟਕ ਦਿੱਤਾ ਸੀ ਤੇ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲਈ ਕਹਿੰਦੀ ਰਹਿੰਦੀ। ਜਿਸ ਦਿਨ ਵੀ ਚੰਨਣ ਸਿਹੁੰ ਸ਼ਰਾਬ ਪੀ ਕੇ ਆਉਂਦਾ, ਮਾਵਾਂ ਧੀਆਂ ਦਾ ਕੁਟਾਪਾ ਜ਼ਰੂਰ ਕਰਦਾ। ਹੁਣ ਬਾਪੂ ਦੇ ਸਮਝਾਉਣ ਤੇ ਵੀ ਨਹੀਂ ਸਮਝਦਾ ਸੀ। ਮਹਿਕ ਹੁਣ ਬਹੁਤਾ ਅੰਦਰ ਈ ਵੜੀ ਰਹਿੰਦੀ ਤੇ ਚੁੱਪ-ਚਾਪ ਰਹਿੰਦੀ। ਜੇ ਕਿਤੇ ਟਾਕਰਾ ਹੋ ਵੀ ਜਾਂਦਾ ਤਾਂ ਪਾਸਾ ਵੱਟ ਕੇ ਲੰਘ ਜਾਂਦੀ ਜਿਵੇਂ ਇਕ ਦੂਜੇ ਨੂੰ ਕਦੇ ਵੇਖਿਆ ਵੀ ਨਾ ਹੋਵੇ ਤੇ ਜਾਣਦੇ ਵੀ ਨਾ ਹੋਈਏ। ਮਾਵਾਂ-ਧੀਆਂ ਨੂੰ ਪੈਂਦੀ ਕੁੱਟ ਦਾ ਪਤਾ ਸਾਰੇ ਪਿੰਡ ਵਿਚ ਲੱਗ ਗਿਆ ਸੀ। ਇਕ ਦਿਨ ਮਹਿਕ ਦੀ ਇਕ ਸਹੇਲੀ ਸੰਤੋ ਮੈਨੂੰ ਅਮਰ ਨਾਥ ਸਿੰਗਲਾ ਦੇ ਬਾਗ਼ ਲਾਗੇ ਮਿਲ ਗਈ ਤੇ ਇਕ ਪਾਸੇ ਕਰ ਕੇ ਕਹਿਣ ਲਗੀ ਕਿ ਮਹਿਕ ਸੁਨੇਹਾ ਦਿੰਦੀ ਸੀ ਕਿ ਮੈਂ ਉਹਨੂੰ ਕਿਤੇ ਲੈ ਜਾਵਾਂ ਕਿਉਂਕਿ ਉਹਦਾ ਪਿਓ ਡੱਬਵਾਲੀ ਮੰਡੀ ਤੋਂ ਪਰ੍ਹਾਂ ਪੈਂਦੇ ਕਿਸੇ ਪਿੰਡ ਦੇ ਅਧਖੜ੍ਹ-ਅਨਪੜ੍ਹ ਜੱਟ ਨਾਲ ਉਹਦਾ ਮੰਗਣਾ ਕਰਨ ਵਾਲਾ ਹੈ ਤੇ ਅਗਲੇ ਸਾਲ ਹਾੜ ਵਿਚ ਉਹਦਾ ਵਿਆਹ ਕਰ ਕੇ ਨਵੀਂ ਅਲਾਟ ਹੋਈ ਜ਼ਮੀਨ ਤੇ ਚਲਾ ਜਾਵੇਗਾ। ਮੈਂ ਉਹਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਮੇਰੇ ਕੋਲ ਇਸ ਦਾ ਜਵਾਬ ਵੀ ਕੋਈ ਨਹੀਂ ਸੀ। ਮੈਂ ਤਾਂ ਹੁਣ ਦਿਨ ਰਾਤ ਮਿਹਨਤ ਕਰ ਰਿਹਾ ਸਾਂ ਕਿ ਦੋਬਾਰਾ ਦਸਵੀਂ ਜਮਾਤ ਦਾ ਇਮਤਿਹਾਨ ਦੇਵਾਂ ਤੇ ਪਾਸ ਹੋ ਕੇ ਅਗਲੇਰੀ ਵਿਦਿਆ ਲਈ ਕਾਲਜ ਵਿਚ ਦਾਖਲ ਹੋ ਜਾਵਾਂ।

-----

ਤੀਆਂ ਦੇ ਦਿਨ ਹੋਣ ਕਰ ਕੇ ਵਿਆਹੀਆਂ ਮੁਟਿਆਰਾਂ ਪੇਕੀਂ ਆਈਆਂ ਹੋਈਆਂ ਸਨ। ਛੱਪੜ ਤੇ ਖੂਹ ਲਾਗਲੇ ਰੁੱਖਾਂ ਤੇ ਕੁੜੀਆਂ ਪੀਂਘਾਂ ਝੂਟਦੀਆਂ, ਗੀਤ ਗਾਉਂਦੀਆਂ, ਗਿੱਧਾ ਪਾਉਂਦੀਆਂ ਤੇ ਨੱਚਦੀਆਂ। ਘਰਾਂ ਚੋਂ ਪੂੜੇ ਪੱਕਣ ਦੀਆਂ ਖ਼ੁਸ਼ਬੂਆਂ ਆਉਂਦੀਆਂ। ਮੁੰਡੇ ਵੀ ਕੁੜੀਆਂ ਤੋਂ ਥੋੜ੍ਹਾ ਪਾਸੇ ਹੋ ਕੇ ਕੌਡੀ ਖੇਡਦੇ ਤੇ ਘੁਲ਼ਦੇ। ਭਾਵੇਂ ਮੇਰੀ ਉਮਰ ਪੀਂਘਾਂ ਝੂਟਣ ਤੇ ਹੱਸਣ ਖੇਡਣ ਦੀ ਸੀ ਪਰ ਮੈਂ ਆਪਣਾ ਜ਼ਿਆਦਾ ਧਿਆਨ ਪੜ੍ਹਾਈ ਵੱਲ ਰੱਖਦਾ ਸਾਂ। ਮਹਿਕ ਦੀਆਂ ਸਹੇਲੀਆਂ ਵੀ ਉਹਨੂੰ ਮਜਬੂਰ ਕਰ ਕੇ ਤੀਆਂ ਵਿਚ ਲੈ ਜਾਂਦੀਆਂ ਪਰ ਦਿਸਦਾ ਸੀ ਕਿ ਜੋ ਕੁਝ ਉਹਦੇ ਘਰ ਵਿਚ ਹੁੰਦਾ ਸੀ, ਓਸ ਤੋਂ ਉਹ ਵੀ ਤੀਆਂ ਵਿਚ ਆ ਕੇ ਬਹੁਤੀ ਖ਼ੁਸ਼ ਨਹੀਂ ਸੀ। ਤੀਆਂ ਲੱਗੀਆਂ ਹੁੰਦੀਆਂ ਤੇ ਮੈਂ ਓਥੋਂ ਰਿਹਾ ਹੁੰਦਾ ਤਾਂ ਹੁਣ ਮਹਿਕ ਮੇਰੇ ਵੱਲ ਵਿੰਹਦੀ ਨਹੀਂ ਸੀ। ਕੁੜੀਆਂ ਮੈਨੂੰ ਤੁਰੇ ਜਾਂਦੇ ਨੂੰ ਵੇਖ ਕੇ ਇਸ਼ਾਰਾ ਵੀ ਕਰਦੀਆਂ ਸਨ ਪਰ ਉਹ ਮੁੱਖ ਮੋੜ ਲੈਂਦੀ ਸੀ। ਇਹ ਦਿਨ ਖ਼ਤਮ ਹੋ ਗਏ ਤੇ ਗਰਮੀਆਂ ਦੀਆਂ ਛੁੱਟੀਆਂ ਵੀ ਖ਼ਤਮ ਹੋ ਗਈਆਂ। ਮੈਂ ਸਕੂਲ ਨੂੰ ਤੁਰ ਗਿਆ ਤੇ ਬਾਪੂ ਜਿਸ ਨੇ ਹੁਣ ਬਾਜ਼ਾਰ ਲਾਉਣਾ ਛੱਡ ਦਿਤਾ ਸੀ, ਨਵੀਂ ਅਲਾਟ ਹੋਈ ਜ਼ਮੀਨ ਵਾਲੇ ਪਿੰਡ ਨੂੰ ਚਲਾ ਗਿਆ। ਮਾਂ ਅਜੇ ਬਾਜ਼ਾਰ ਲਾਉਣ ਦਾ ਕੰਮ ਛੱਡਣ ਦੇ ਹੱਕ ਵਿਚ ਨਹੀਂ ਸੀ ਕਿਓਂਕਿ ਨਕਦ ਪੈਸੇ ਘਰ ਆ ਜਾਂਦੇ ਸਨ। ਜਦੋਂ ਵੀ ਉਹ ਜਾਂਦਾ ਤਾਂ ਜਿੰਨਾ ਕੁ ਘਰ ਦਾ ਸਾਮਾਨ ਨਾਲ ਲਿਜਾ ਹੁੰਦਾ, ਲੈ ਜਾਂਦਾ।

-----

ਮੈਨੂੰ ਵੀ ਬਾਪੂ ਨੇ ਕਿਹਾ ਕਿ ਸਤੰਬਰ ਦੇ ਅਖੀਰ ਵਿਚ ਮੈਂ ਵੀ ਨਵੀਂ ਅਲਾਟ ਹੋਈ ਜ਼ਮੀਨ ਤੇ ਆਵਾਂ ਕਿਉਂਕਿ ਝੋਨਾ ਪੱਕ ਕੇ ਝਾੜਿਆ ਜਾਣਾ ਸੀ। ਝੋਨੇ ਦਾ ਝਾੜ ਵੀ ਇਸ ਵਾਰ ਬਹੁਤ ਸੀ। ਮੰਡੀ ਝੋਨਾ ਵੇਚ ਕੇ ਬਾਪੂ ਕੋਲ ਵਾਹਵਾ ਪੈਸੇ ਹੋ ਜਾਣੇ ਸਨ। ਬਾਪੂ ਦੱਸਣ ਲੱਗਾ ਕਿ ਪਿੰਡ ਗੁਦੜਢੰਡੀ ਕਿਵੇਂ ਪੁੱਜਣਾ ਹੈ। ਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ ਤੋਂ ਫਾਲਿਜ਼ਕਾ ਵਾਲੀ ਗਡੀ ਫੜ ਕੇ ਝੋਕ ਟਹਿਲ ਸਿੰਘ ਸਟੇਸ਼ਨ ਤੋਂ ਪੰਜ ਛੇ ਕੋਹ ਤੁਰ ਕੇ ਗੁਦੜਢੰਡੀ ਆ ਜਾਈਦਾ ਹੈ। ਸਾਰੇ ਰਾਹ ਵਿਚ ਕੋਈ ਪਿੰਡ ਨਹੀਂ ਆਉਂਦਾ ਤੇ ਸਾਰਾ ਰਾਹ ਡਾਂਡਾ ਮੀਂਡਾ ਹੀ ਹੈ। ਜੇ ਝੋਕ ਟਹਿਲ ਸਿੰਘ ਨਹੀਂ ਉਤਰਣਾ ਤਾਂ ਮੰਡੀ ਗੁਰੂ ਹਰ ਸਹਾਏ ਤੋਂ ਉਤਰ ਕੇ ਵੀ ਆ ਜਾਈਦਾ ਹੈ। ਇਥੋਂ ਪੈਂਡਾ ਥੋੜ੍ਹਾ ਦੂਰ ਪੈਂਦਾ ਹੈ। ਰਾਤ ਪੈ ਜੇ ਤਾਂ ਆੜ੍ਹਤੀਆਂ ਦੀ ਦੁਕਾਨ ਤੇ ਰਾਤ ਕੱਟ ਕੇ ਸਵੇਰੇ ਤੁਰ ਕੇ ਗੁਦੜਢੰਡੀ ਆ ਜਾਵੀਂ। ਪਿੰਡੋਂ ਬੇਰੀਆਂ ਵਾਲਾ ਖੂਹ ਪੁੱਛ ਕੇ ਆ ਜਾਈਂ। ਖੇਮ ਸਿੰਘ ਲੰਬਰਦਾਰ ਦਾ ਟੱਬਰ ਜੀਹਦਾ ਮੁੰਡਾ ਨਿਰੰਜਨ ਨਵੇਂ ਪਿੰਡ ਤੈਥੋਂ ਦੋ ਸਾਲ ਅੱਗੇ ਪੜ੍ਹਦਾ ਹੁੰਦਾ ਸੀ। ਉਹਨਾਂ ਨੂੰ ਵੀ ਜ਼ਮੀਨ ਏਸੇ ਪਿੰਡ ਅਲਾਟ ਹੋਈ ਆ ਤੇ ਉਹਨਾਂ ਦੀ ਰਿਹਾਇਸ਼ ਪਿੰਡ ਵਿਚ ਈ ਆ। ਜੇ ਹਨੇਰਾ ਹੋ ਜਾਵੇ ਤਾਂ ਉਹਨਾਂ ਦੇ ਘਰ ਚਲਾ ਜਾਈਂ। ਬਾਪੂ ਨੇ ਇਹ ਵੀ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੀ ਸਬਜ਼ੀ ਮੰਡੀ ਦੇ ਬਾਹਰ ਇਕ ਆਹਾਤੇ ਵਿਚੋਂ ਇਕ ਬੱਸ ਵੀ ਫਿਰੋਜ਼ਪੁਰ ਨੂੰ ਚਲਦੀ ਹੈ। ਖਾਈ ਫੇਮੇ ਕੀ ਤਕ ਸੜਕ ਪੱਕੀ ਹੈ ਅਤੇ ਅੱਗੇ ਸਾਰੀ ਕੱਚੀ। ਕੱਚੇ ਰਾਹ ਵਿਚ ਮਿੱਟੀ ਘੱਟਾ ਬਹੁਤ ਹੈ। ਬੱਸ ਦਿਨ ਵਿਚ ਇਕ ਵਾਰ ਹੀ ਚਲਦੀ ਹੈ ਤੇ ਇਹਨੂੰ ਲਾਂਬਿਆਂ ਦੀ ਬੱਸ ਵੀ ਕਹਿੰਦੇ ਹਨ। ਇਹਦਾ ਭਰੋਸਾ ਵੀ ਕੋਈ ਨਹੀਂ। ਕਈ ਵਾਰ ਕਈ ਕਈ ਦਿਨ ਚਲਦੀ ਹੀ ਨਹੀਂ ਹੈ। ਪਤਾ ਕਰ ਲਈਂ।

-----

ਚਲੋ ਪਿਛਲੇ ਪਿੰਡਾਂ ਦਾ ਕੋਈ ਵਾਕਿਫ਼ ਤਾਂ ਗੁਦੜਢੰਡੀ ਪਿੰਡ ਵਿਚ ਆ ਕੇ ਆਬਾਦ ਹੋਇਆ ਹੈ। ਨਿਰੰਜਨ ਜੀਹਦਾ ਛੋਟਾ ਨਾਂ ਨੰਜੀ ਸੀ, ਕੱਦ ਦਾ ਲੰਮਾ ਸੀ ਤੇ ਵਾਲੀਬਾਲ ਦਾ ਬਹੁਤ ਵਧੀਆ ਖਿਡਾਰੀ ਸੀ। ਨੇਂ ਪਿੰਡ ਵਾਲੇ ਸਕੂਲ ਵਿਚ ਉਹਦਾ ਬੜਾ ਨਾਂ ਸੀ। ਮੇਰੇ ਦਿਲ ਵਿਚ ਇਸ ਅਗਲੇ ਪਿੰਡ ਨੂੰ ਵੇਖਣ ਦੀ ਬੜੀ ਰੀਝ ਸੀ। ਸਤੰਬਰ ਮਹੀਨੇ ਦਾ ਅੰਤ ਆਇਆ ਤਾਂ ਮੈਂ ਬੜੀ ਰੀਝ ਨਾਲ ਗੋਨਿਆਣਾ ਮੰਡੀ ਦੇ ਸਟੇਸ਼ਨ ਤੋਂ ਫਿਰੋਜ਼ਪੁਰ ਜਾਂਦੀ ਗੱਡੀ ‘ਤੇ ਚੜ੍ਹ ਗਿਆ। ਹਾਲੇ ਰਾਤਾਂ ਠੰਢੀਆਂ ਹੋਣੀਆਂ ਸ਼ੁਰੂ ਨਹੀਂ ਸੀ ਹੋਈਆਂ। ਸ਼ਾਮ ਪੈਣ ਵਾਲੀ ਜਦੋਂ ਇਹ ਗੱਡੀ ਫਿਰੋਜ਼ਪੁਰ ਸਟੇਸ਼ਨ ਤੇ ਪਹੁੰਚ ਗਈ। ਏਥੋਂ ਜੇ ਮੈਂ ਫਾਜ਼ਿਲਕਾ ਵਾਲੀ ਗੱਡੀ ਫੜਦਾ ਸਾਂ ਤਾਂ ਉਹਨੇ ਰਾਤ ਨੂੰ ਮੰਡੀ ਗੁਰੂ ਹਰ ਸਹਾਏ ਪਹੁੰਚਣਾ ਸੀ ਤੇ ਆੜ੍ਹਤੀਆਂ ਦੀ ਦੁਕਾਨ ਓਸ ਵੇਲੇ ਬੰਦ ਵੀ ਹੋ ਸਕਦੀ ਸੀ। ਝੋਕ ਟਹਿਲ ਸਿੰਘ ਉਤਰਣ ਦੀ ਵੀ ਕੋਈ ਤੁਕ ਨਹੀਂ ਸੀ। ਰਾਤ ਓਭੜ ਸਟੇਸ਼ਨ ਤੇ ਕਿਵੇਂ ਰਿਹਾ ਜਾ ਸਕਦਾ ਸੀ। ਮੈਂ ਸੋਚਿਆ ਕਿ ਜਿਥੋਂ ਗੱਡੀ ਦੀਆਂ ਟਿਕਟਾਂ ਮਿਲਦੀਆਂ ਹਨ, ਓਥੇ ਬਣੇ ਰਾਤ ਵੇਟਿੰਗ ਰੂਮ ਤੇ ਕਿਸੇ ਬੈਂਚ ਤੇ ਲੇਟ ਕੇ ਰਾਤ ਲੰਘਾ ਲਈ ਜਾਵੇ ਅਤੇ ਸਵੇਰੇ ਫਾਜ਼ਿਲਕਾ ਜਾਣ ਵਾਲੀ ਗੱਡੀ ਫੜਨੀ ਠੀਕ ਰਹੇਗੀ। ਪਰ ਸਾਰੀ ਰਾਤ ਬੈਂਚ ਤੇ ਕੱਟਣੀ ਕੁਝ ਵੀ ਔਖੀ ਸੀ। ਸਤਿਆਂ ਕੋਈ ਜੇਬ ਕਤਰ ਲਵੇ ਜਾਂ ਝੋਲਾ ਲੈ ਕੇ ਭੱਜ ਜਾਵੇ ਤਾਂ ਕੀ ਬਣੇਗਾ। ਫਿਰੋਜ਼ਪੁਰ ਵਿਚ ਕਿਸੇ ਗੁਰਦਵਾਰੇ ਦਾ ਵੀ ਪਤਾ ਨਹੀਂ ਸੀ। ਓਪਰੀ ਥਾਂ ਕਰ ਕੇ ਡਰ ਵੀ ਲਗਦਾ ਸੀ। ਭਾਵੇਂ ਮੈਨੂੰ ਦੋ ਮਹੀਨਿਆਂ ਤਕ ਸੋਲ੍ਹਵਾਂ ਸਾਲ ਚੜ੍ਹਨ ਵਾਲਾ ਸੀ ਪਰ ਤਾਂ ਵੀ ਮੈਂ ਅਜੇ ਨਿਆਣਾ ਈ ਸਾਂ। ਕੁਝ ਚਿਰ ਮੈਂ ਆਪਣਾ ਝੋਲ਼ਾ ਸਿਰ ਹੇਠ ਰੱਖ ਕੇ ਲੇਟਿਆ ਵੀ ਪਰ ਨੀਂਦ ਕਿਥੇ ਆ ਰਹੀ ਸੀ।

-----

ਬਾਹਰ ਸੜਕ ਤੇ ਅਮਰ ਟਾਕੀ ਸਿਨਮੇ ਵਿਚ ਚੱਲ ਰਹੀ ਪੰਜਾਬੀ ਫਿਲਮ ਭਾਈਆ ਜੀ ਦਾ ਇਸ਼ਤਿਹਾਰ ਲਗਾ ਹੋਇਆ ਸੀ। ਮੈਂ ਸੋਚਿਆ ਕਿ ਰਾਤ ਵਾਲਾ ਸ਼ੋਅ ਵੇਖ ਕੇ ਫਿਰ ਸਟੇਸ਼ਨ ‘ਤੇ ਆ ਜਾਵਾਂਗਾ ਤੇ ਸਵੇਰ ਵਾਲੀ ਗੱਡੀ ਫੜ ਕੇ ਝੋਕ ਟਹਿਲ ਸਿੰਘ ਚਲਾ ਜਾਵਾਂਗਾ ਤੇ ਅੱਗੋਂ ਤੁਰ ਕੇ ਪਿੰਡ। ਕਿਸੇ ਤੋਂ ਮੈਂ ਅਮਰ ਟਾਕੀ ਦਾ ਰਾਹ ਪੁੱਛਿਆ ਤੇ ਪੈਦਲ ਚੱਲ ਪਿਆ। ਡੀ ਸੀ ਜੈਨ ਕਾਲਜ ਕੋਲੋਂ ਲੰਘ ਤੇ ਅੱਗੋਂ ਐਲ ਐਮ ਐੱਲ ਸਕੂਲ ਨੂੰ ਮੁੜ ਕੇ ਤੇ ਓਸ ਤੋਂ ਅੱਗੇ ਮੋਗੇ ਵੱਲ ਨੂੰ ਜਾਂਦੀ ਵੱਡੀ ਸੜਕੇ ਕੁਝ ਚਿਰ ਤੁਰ ਕੇ ਫਿਰ ਸੱਜੇ ਮੁੜ ਕੇ ਅਮਰ ਟਾਕੀ ਅੱਗੇ ਪਹੁੰਚ ਗਿਆ। ਤੁਰਦਿਆਂ ਕੁਝ ਵਾਰ ਅਮਰ ਟਾਕੀ ਪਹੁੰਚਣ ਦਾ ਰਾਹ ਪੁੱਛਣਾ ਪਿਆ ਸੀ। ਭੁੱਖ ਲੱਗੀ ਹੋਣ ਕਰ ਕੇ ਟਾਕੀ ਅਗਿਓਂ ਲੰਘਦੀ ਸੜਕ ਦੇ ਦੂਜੇ ਪਾਸੇ ਇਕ ਦੁਕਾਨ ਤੋਂ ਪੂਰੀਆਂ ਛੋਲੇ ਖਾ ਲਏ ਅਤੇ ਜਦੋਂ ਟਾਕੀ ਦੀਆਂ ਟਿਕਟਾਂ ਖੁੱਲ੍ਹੀਆਂ ਤਾਂ ਥਰਡ ਕਲਾਸ ਦੀ ਟਿਕਟ ਲੈ ਕੇ ਰਾਤ ਦਾ ਸ਼ੋਅ ਵੇਖਿਆ। ਮੇਰੇ ਨਾਲ ਬੈਠੇ ਸ਼ਹਿਰ ਦੇ ਤਿੰਨ ਚਾਰ ਹੋਰ ਲਾਲਿਆਂ ਦੇ ਮੁੰਡੇ ਵੀ ਇਹ ਪਿਕਚਰ ਵੇਖਣ ਆਏ ਸਨ ਜੋ ਮੇਰੇ ਵਾਕਿਫ਼ ਬਣ ਗਏ। ਜਦੋਂ ਮੈਂ ਦੱਸਿਆ ਕਿ ਸਾਨੂੰ ਗੁਦੜਢੰਡੀ ਪਿੰਡ ਵਿਚ ਜ਼ਮੀਨ ਅਲਾਟ ਹੋਈ ਆ ਤਾਂ ਉਹ ਕਹਿਣ ਲਗੇ ਕਿ ਤੂੰ ਰਾਤ ਲੂਣ ਮੰਡੀ ਵਿਚ ਸਾਡੀ ਆੜ੍ਹਤ ਦੀ ਦੁਕਾਨ ਵਿਚ ਕੱਟ ਕੇ ਸਵੇਰੇ ਸਬਜ਼ੀ ਮੰਡੀ ਦੇ ਬਾਹਰੋਂ ਚੱਲਣ ਵਾਲੀ ਬੱਸ ਫੜ ਕੇ ਚਲਾ ਜਾਈਂ। ਫਿਲਮ ਵੇਖ ਕੇ ਅਸੀਂ ਸਾਰੇ ਤੁਰ ਕੇ ਰਾਤ ਦੇ ਹਨੇਰੇ ਵਿਚ ਬਸਤੀ ਟੈਂਕਾਂ ਵਾਲੀ ਤੇ ਰੇਲਵੇ ਦਾ ਫਾਟਕ ਟੱਪ ਕੇ ਸੈਂਟਰਲ ਜੇਲ੍ਹ ਫਿਰੋਜ਼ਪੁਰ ਦੇ ਪਿਛੇ ਪੈਂਦੀ ਸੜਕ ਜੋ ਕੋੜ੍ਹੀਆਂ ਦੀ ਬਸਤੀ ਵਿਚੋਂ ਲੰਘਦੀ ਸੀ, ਵਿਚੋਂ ਹੁੰਦੇ ਹੋਏ ਆਖ਼ਰ ਕਾਫੀ ਰਾਤ ਗਈ ਲੂਣ ਮੰਡੀ ਵਿਚ ਆ ਗਏ ਜਿਥੇ ਉਹਨਾਂ ਨੇ ਆਪਣੀ ਦੁਕਾਨ ਖੁਲ੍ਹਵਾ ਕੇ ਮੈਨੂੰ ਅੰਦਰ ਸੌਣ ਲਈ ਥਾਂ ਦੇ ਦਿਤੀ ਤੇ ਨਾਲ ਇਹ ਵੀ ਕਿਹਾ ਕਿ ਆਪਣੀ ਫ਼ਸਲ ਸਾਡੀ ਆੜ੍ਹਤ ‘ਤੇ ਲਿਆਇਆ ਕਰਨੀ। ਅੰਦਰ ਗਰਮੀ ਸੀ ਪਰ ਥੋੜ੍ਹੀ ਸਪੀਡ ਤੇ ਪੱਖਾ ਚੱਲ ਰਿਹਾ ਸੀ। ਥੱਕੇ ਹੋਣ ਕਰ ਕੇ ਮੈਨੂੰ ਛੇਤੀ ਹੀ ਨੀਂਦ ਆ ਗਈ। ਸਵੇਰੇ ਉਠੇ ਤਾਂ ਰਾਤ ਨੂੰ ਆੜ੍ਹਤ ਦੀ ਦੁਕਾਨ ਦਾ ਬੂਹਾ ਖੋਲ੍ਹਣ ਵਾਲੇ ਨੇ ਚਾਹ ਮੰਗਵਾ ਕੇ ਪਿਆਈ ਤੇ ਕਸੂਰੀ ਗੇਟ ਦੇ ਬਾਹਰ ਜਿਥੋਂ ਫਾਜ਼ਿਲਕਾ ਨੂੰ ਬੱਸ ਚਲਦੀ ਸੀ, ਉਥੇ ਕਿਵੇਂ ਪਹੁੰਚਣਾ ਹੈ, ਸਮਝਾ ਦਿੱਤਾ।

*********

ਲੜੀ ਜੋੜਨ ਲਈ ਕਿਸ਼ਤ 16 – ਹੇਠਲੀ ਪੋਸਟ ਵੇਖੋ ਜੀ!


ਬਲਬੀਰ ਸਿੰਘ ਮੋਮੀ - ਕਿਹੋ ਜਿਹਾ ਸੀ ਜੀਵਨ – ਸਵੈ-ਜੀਵਨੀ - ਕਿਸ਼ਤ - 16

ਫਿਰੋਜ਼ਪੁਰ ਸ਼ਹਿਰ ਦੀਆਂ ਗਲ਼ੀਆਂ ਵਿਚ

ਸਵੈ-ਜੀਵਨੀ - ਕਿਸ਼ਤ - 16

ਲੜੀ ਜੋੜਨ ਲਈ ਉੱਪਰਲੀ ਕਿਸ਼ਤ – 15 ਪੜ੍ਹੋ ਜੀ।

ਬਠਿੰਡੇ ਸ਼ਹਿਰ ਤੇ ਉਹਦਾ ਆਲਾ ਦਵਾਲਾ ਮੇਰਾ ਸਾਰਾ ਪੈਦਲ ਗਾਹਿਆ ਹੋਇਆ ਸੀ ਤੇ ਮੈਂ ਬਠਿੰਡੇ ਦੀਆਂ ਗਲ਼ੀਆਂ ਤੋਂ ਪੂਰੀ ਤਰ੍ਹਾਂ ਵਾਕਿਫ਼ ਸਾਂ। ਓਦੋਂ ਬਠਿੰਡਾ ਸ਼ਹਿਰ ਹੁੰਦਾ ਵੀ ਬਹੁਤ ਛੋਟਾ ਸੀ ਪਰ ਨਿਆਣੀ ਉਮਰ ਵਿਚ ਵੇਖੀ ਹਰ ਸ਼ੈਅ ਵੱਡੀ ਵੱਡੀ ਲੱਗਦੀ ਹੈ ਅਤੇ ਬੜੀ ਅਜੀਬ ਤੇ ਅਦਭੁੱਤ ਵੀ। ਵੈਸੇ ਵੀ ਮੇਰੀ ਆਦਤ ਜਾਂ ਸ਼ੌਕ ਸੀ ਕਿ ਮੈਂ ਹਰ ਚੀਜ਼ ਨੂੰ ਆਪਣੇ ਅੰਦਰ ਸਮੋਅ ਲੈਣਾ ਚਾਹੁੰਦਾ ਸਾਂ ਤੇ ਸ਼ਾਇਦ ਇਸ ਉਮਰੇ ਸਾਰੇ ਇਸ ਤਰ੍ਹਾਂ ਹੀ ਸੋਚਦੇ ਹਨ। ਕਈ ਵਾਰ ਉਹ ਕੁਝ ਕਰਨ ਨੂੰ ਵੀ ਦਿਲ ਕਰਦਾ ਜੋ ਸਮਾਜਿਕ, ਕਾਨੂੰਨੀ ਜਾਂ ਨੈਤਿਕ ਤੌਰ ਤੇ ਮਾੜਾ ਸਮਝਿਆ ਜਾਂਦਾ ਸੀ, ਜਿਵੇਂ ਇਕ ਵਾਰ ਬਠਿੰਡੇ ਰੇਲਵੇ ਸਟੇਸ਼ਨ ਤੇ ਮੈਂ ਜ਼ਨਾਨਾ ਟੱਟੀਆਂ ਵਿਚ ਵੜ ਗਿਆ ਤੇ ਝਿੜਕਾਂ ਖਾਧੀਆਂ ਪਰ ਮਨ ਵਿਚ ਜਾਨਣ ਦੀ ਉਤਸੁਕਤਾ ਸੀ ਕਿ ਫ਼ਰਕ ਕੀ ਹੈ। ਬਠਿੰਡੇ ਸਟੇਸ਼ਨ ਤੇ ਰੇੜ੍ਹੀ ਲਾ ਕੇ ਚਾਹ, ਕਰੀਮ ਰੋਲ, ਬਿਸਕੁਟ, ਕੇਕ ਵੇਚਣ ਵਾਲਿਆਂ ਤੋਂ ਪਹਿਲੀ ਵਾਰ ਮੈਂ ਪੇਸਟਰੀ ਜਾਂ ਕੇਕ ਸਣੇ ਕਾਗ਼ਜ਼ ਹੀ ਖਾ ਲਿਆ ਸੀ। ਇਸੇ ਤਰ੍ਹਾਂ ਪਹਿਲੀ ਵਾਰ ਮੈਨੂੰ ਇਹ ਵੀ ਪਤਾ ਨਾ ਲੱਗੇ ਕਿ ਚਾਹ ਕੱਪ ਨਾਲ ਪੀਣੀ ਹੈ ਜਾਂ ਥੱਲੇ ਰੱਖੀ ਪਲੇਟ ਵਿਚ। ਮੈਂ ਜੋ ਅੰਦਾਜ਼ਾ ਲਾ ਸਕਿਆ ਸਾਂ ਉਹ ਸਿਰਫ਼ ਇਹ ਸੀ ਕਿ ਜੇ ਜਲਦੀ ਹੋਵੇ ਭਾਵ ਗੱਡੀ ਟੁਰਨ ਵਾਲੀ ਹੋਵੇ ਤਾਂ ਗਰਮ ਚਾਹ ਥੱਲੇ ਪਲੇਟ ਵਿਚ ਪਾ ਕੇ ਪੀ ਲਓ ਕਿਉਂਕਿ ਪਲੇਟ ਵਿਚ ਠੰਢੀ ਜਲਦੀ ਹੋ ਜਾਂਦੀ ਹੈ। ਜੇਕਰ ਚਾਹ ਵੇਚਣ ਵਾਲੇ ਦਾ ਧਿਆਨ ਥੋੜ੍ਹਾ ਏਧਰ ਓਧਰ ਹੋਵੇ ਤਾਂ ਇਕ ਅੱਧੀ ਚੀਜ਼ ਚੁੱਕ ਕੇ ਮੂੰਹ ਵਿਚ ਪਾ ਲਓ ਜਿਵੇਂ ਦੁਕਾਨਦਾਰ ਤੋਂ ਕੁਝ ਖ਼ਰੀਦਣ ਤੋਂ ਬਾਅਦ ਝੂੰਗਾ ਮੰਗਣ ਦਾ ਬੜਾ ਰਿਵਾਜ਼ ਸੀ ਤੇ ਕਈ ਵਾਰ ਕਹਿਣਾ ਕਿ ਝੂੰਗਾ ਥੋੜ੍ਹਾ ਦਿੱਤਾ ਹੈ। ਕਣਕ ਦੀਆਂ ਵਾਢੀਆਂ ਦੇ ਦਿਨਾਂ ਵਿਚ ਜਦੋਂ ਫਲ੍ਹੇ ਵਾਹ ਕੇ ਕਣਕ ਨਿਕਲਣੀ। ਤੂੜੀ ਤੇ ਕਣਕ ਅੱਡ-ਅੱਡ ਹੋ ਜਾਣੀ ਤਾਂ ਓਥੇ ਪਿੜਾਂ ਵਿਚ ਜਾ ਕੇ ਰਿੜੀ ਜ਼ਰੂਰ ਮੰਗਣੀ। ਫਿਰ ਇਹ ਮਿੱਟੀ ਤੇ ਸਿਟੇ ਰਲੇ ਦਾਣੇ ਹੱਟੀ ਤੇ ਜਾ ਕੇ ਵੇਚਣੇ ਤੇ ਮਰੂੰਡਾ ਜਾਂ ਕੋਈ ਹੋਰ ਚੀਜ਼ ਲੈ ਕੇ ਖਾਣੀ।

-----

ਫਿਰੋਜ਼ਪੁਰ ਆੜ੍ਹਤ ਦੀ ਦੁਕਾਨ ਤੋਂ ਮੁਲਤਾਨੀ ਗੇਟ ਜਿਥੋਂ ਫਾਜ਼ਿੱਲਕਾ ਨੂੰ ਬੱਸ ਚਲਦੀ ਸੀ, ਕਿਵੇਂ ਪੁਜਣਾ ਹੈ, ਦੁਕਾਨ ਤੇ ਕੰਮ ਕਰਨ ਵਾਲੇ ਨੇ ਸਮਝਾ ਤਾਂ ਦਿਤਾ ਸੀ ਪਰ ਬਾਹਰ ਆ ਕੇ ਮੈਂ ਗਵਾਚ ਗਿਆ। ਕਿਸੇ ਗਲੀ ਮੁਹੱਲੇ ਦੀ ਕੋਈ ਵਾਕਫ਼ੀਅਤ ਨਹੀਂ ਸੀ। ਇਸ ਸ਼ਹਿਰ ਦੀ ਬਨਾਵਟ ਬਠਿੰਡੇ ਨਾਲੋਂ ਕਾਫੀ ਵੱਖਰੀ ਸੀ। ਪਹਿਰਾਵਾ, ਬੋਲੀ, ਲੋਕ ਤੇ ਦੁਕਾਨਾਂ ਦੇ ਰੰਗਾਂ ਦਾ ਵੀ ਫ਼ਰਕ ਸੀ। ਮੁਲਤਾਨੀ ਗੇਟ ਲੱਭਦਾ-ਲੱਭਦਾ ਮੈਂ ਮੁੜ ਕੇ ਲੂਣ ਮੰਡੀ ਹੀ ਆ ਜਾਂਦਾ ਸਾਂ। ਸੰਗਦਾ ਕਿਸੇ ਨੂੰ ਜ਼ਿਆਦਾ ਪੁੱਛਦਾ ਵੀ ਨਹੀਂ ਸਾਂ। ਬੜਾ ਭੁੱਲ ਭੁਲੱਈਆਂ ਵਾਲਾ ਸ਼ਹਿਰ ਸੀ ਫਿਰੋਜ਼ਪੁਰ। ਲੂਣ ਮੰਡੀ ਦਾ ਓਦੋਂ ਇਕੋ ਗੇਟ ਹੁੰਦਾ ਸੀ। ਓਥੋਂ ਮੈਂ ਫਿਰੋਜ਼ਪੁਰ ਦੇ ਮੇਨ ਬਾਜ਼ਾਰ ਵਿਚ ਆ ਗਿਆ। ਏਥੋਂ ਇਕ ਰਾਹ ਸੱਜੇ, ਇਕ ਖੱਬੇ, ਇਕ ਸਿੱਧਾ ਗੋਬਰ ਮੰਡੀ ਵੱਲ ਤੇ ਖੱਬੇ ਪਾਸੇ ਮੋਚੀ ਬਾਜ਼ਾਰ ਨੂੰ ਨਿਕਲਦਾ ਸੀ। ਏਥੇ ਆ ਕੇ ਮੈਨੂੰ ਸਮਝ ਨਾ ਸਾਵੇ ਕਿ ਕਿਸ ਪਾਸੇ ਜਾਵਾਂ। ਸੋਚ ਕੇ ਮੈਂ ਚੌਂਕ ਵਿਚੋਂ ਸੱਜੇ ਪਾਸੇ ਨੂੰ ਮੁੜ ਗਿਆ ਤੇ ਤੁਰੀ ਗਿਆ। ਅਖੀਰ ਮੈਂ ਦੇਵ ਸਮਾਜ ਕਾਲਜ ਅੱਗੋਂ ਲੰਘਦਾ ਹੋਇਆ ਬਾਂਸੀ ਗੇਟ ਟੱਪ ਗਿਆ ਤੇ ਏਥੋਂ ਫਿਰ ਪਤਾ ਨਾ ਲੱਗੇ ਕਿ ਏਥੋਂ ਖੱਬੇ ਮੁੜਨਾ ਹੈ ਜਾਂ ਸੱਜੇ ਜਾਂ ਸਿੱਧੇ ਬਸਤੀ ਕੰਬੋਜ ਵੱਲ ਜਾਣਾ ਹੈ। ਏਥੋਂ ਫਿਰ ਮੈਂ ਸੱਜੇ ਪਾਸੇ ਵਲ ਮੁੜ ਕੇ ਮਖੂ ਗੇਟ ਪਹੁੰਚ ਗਿਆ ਤੇ ਕਿਸੇ ਨੂੰ ਪੁੱਛਿਆ ਕਿ ਮੈਂ ਮੁਲਤਾਨੀ ਗੇਟ ਕਿਵੇਂ ਪੁੱਜਣਾ ਹੈ। ਓਸ ਆਪਣੀ ਸਮਝ ਅਨੁਸਰ ਮੈਨੂੰ ਮਖੂ ਗੇਟ ਅੰਦਰ ਜਾ ਕੇ ਸਿਧੇ ਤੁਰੇ ਜਾਣ ਨੂੰ ਕਿਹਾ। ਅੱਗੇ ਜਾ ਕੇ ਇਹ ਰਾਹ ਫਿਰ ਦੋ ਪਾਸੇ ਮੁੜਦਾ ਸੀ। ਇਕ ਸਿੱਧਾ ਤੇ ਇਕ ਸੱਜੇ ਪਾਸੇ ਬਾਵਿਆਂ ਵਾਲੇ ਮੁਹੱਲੇ ਵੱਲ ਨੂੰ। ਏਥੋਂ ਮੈਂ ਸਿੱਧੇ ਜਾਣਾ ਠੀਕ ਸਮਝਿਆ ਤੇ ਫਿਰ ਲੂਣ ਮੰਡੀ ਅੱਗੇ ਪਹੁੰਚ ਗਿਆ ਜਿਥੋਂ ਮੈਂ ਸਵੇਰੇ ਤੁਰਿਆ ਸਾਂ। ਹੁਣ ਫਿਰ ਸਿਧਾ ਤੁਰਿਆ ਗਿਆ ਤੇ ਮੇਨ ਬਾਜ਼ਾਰ ਤੇ ਆ ਕੇ ਇਸ ਵਾਰ ਸੱਜੇ ਦੀ ਬਜਾਏ ਖੱਬੇ ਨੂੰ ਮੁੜ ਗਿਆ ਤੇ ਦਿੱਲੀ ਦਰਵਾਜ਼ੇ ਪਹੁੰਚ ਗਿਆ। ਏਥੋਂ ਫਿਰ ਕਿਸੇ ਤੋਂ ਪੁੱਛਿਆ ਤਾਂ ਕੋਈ ਦੱਸਣ ਲੱਗਾ ਜਾਂ ਤਾਂ ਸਿਟੀ ਥਾਣੇ ਅੱਗੋਂ ਦੀ ਹੋ ਕੇ, ਸੱਜੇ ਮੁੜ ਕੇ ਕਾਸ਼ੀ ਨਗਰੀ ਵਾਲੀ ਸੜਕ ਤੇ ਸਿੱਧਾ ਤੁਰਿਆ ਜਾ ਤੇ ਮੈਗਜ਼ੀਨੀ ਗੇਟ ਟੱਪ ਕੇ ਫਿਰ ਮੁਲਤਾਨੀ ਗੇਟ ਦੇ ਬਾਹਰਵਾਰ ਇਕ ਆਹਾਤੇ ਵਿਚੋਂ ਬੱਸਾਂ ਚਲਦੀਆਂ ਹਨ। ਜਾਂ ਦਿੱਲੀ ਗੇਟ ਵਿਚੋਂ ਪਿਛੇ ਮੁੜ ਜਾ ਤੇ ਅੱਗੇ ਖੱਬੇ ਹੱਥ ਤੁਰਿਆ ਜਾ ਤੇ ਇਕ ਚੌਕ ਆਏਗਾ ਪੁਰਾਣੇ ਬਾਜ਼ਾਰ ਦਾ। ਏਥੋਂ ਖੱਬੇ ਮੁੜ ਕੇ ਮੁਲਤਾਨੀ ਗੇਟ ਦੇ ਬਾਹਰ ਬੱਸਾਂ ਦਾ ਅੱਡਾ ਮਿਲ ਜਾਵੇਗਾ।

-----

ਵੈਸੇ ਤਾਂ ਮੈਨੂੰ ਪੂਰੀ ਤਰ੍ਹਾਂ ਕੁਝ ਸਮਝ ਨਹੀਂ ਆ ਰਹੀ ਸੀ। ਦਰਅਸਲ ਗੱਲ ਇੰਜ ਹੋਈ ਕਿ ਬੜਾ ਖੱਜਲ ਖਵਾਰ ਹੋ ਕੇ ਮੈਂ ਬਾਰਾਂ ਵਜੇ ਤਕ ਸਬਜ਼ੀ ਮੰਡੀ ਦੇ ਬਾਹਰਵਾਰ ਇਕ ਹਾਤੇ ਵਿਚ ਤਾਂ ਪਹੁੰਚ ਗਿਆ ਜਿਥੋਂ ਸਾਰੇ ਦਿਨ ਵਿਚ ਇਕ ਬੱਸ ਫਾਜ਼ਿਲਕਾ ਨੂੰ ਜਾਂਦੀ ਸੀ ਪਰ ਉਸਦੇ ਚੱਲਣ ਦਾ ਕੋਈ ਟਾਈਮ ਮੁਕੱਰਰ ਨਹੀਂ ਸੀ। ਓਥੇ ਜਾ ਕੇ ਪਤਾ ਲੱਗਾ ਕਿ ਬੱਸ ਚਾਰ ਵਜੇ ਚੱਲਣੀ ਹੈ। ਰੀਪੇਅਰ ਹੋਣ ਗਈ ਹੋਈ ਹੈ। ਟਿਕਟ ਹੁਣ ਲੈ ਲਵੋ। ਮੈਂ ਟਿਕਟ ਤਾਂ ਖ਼ਰੀਦ ਲਈ ਪਰ ਕਈ ਸਵਾਰੀਆਂ ਲੰਮੀ ਉਡੀਕ ਪਿਛੋਂ ਅੱਕ ਕੇ ਟਿਕਟਾਂ ਮੋੜ ਕੇ ਚਲੀਆਂ ਗਈਆਂ ਤੇ ਹੋਰ ਸਵਾਰੀਆਂ ਆ ਗਈਆਂ ਸਨ। ਇਥੇ ਇਹ ਹੀ ਪਤਾ ਲੱਗਾ ਕਿ ਕਈ ਵਾਰ ਇਹ ਬੱਸ ਚੱਲਦੀ ਸੀ ਤੇ ਕਈ ਵਾਰ ਚੱਲਦੀ ਹੀ ਨਹੀਂ ਸੀ।

-----

ਪਾਠਕ ਹੈਰਾਨ ਹੋਣਗੇ ਕਿ ਮੈਨੂੰ ਨਵੇਂ ਨਵੇਂ ਨੂੰ ਫਿਰੋਜ਼ਪੁਰ ਸ਼ਹਿਰ ਦੀਆਂ ਗਲ਼ੀਆਂ ਤੇ ਗੇਟਾਂ ਦਾ ਇਕ ਦਮ ਕਿਵੇਂ ਪਤਾ ਲੱਗ ਗਿਆ ਸੀ। ਦਰਅਸਲ ਬਾਅਦ ਵਿਚ ਮੈਂ ਫਿਰੋਜ਼ਪੁਰ ਸ਼ਹਿਰ ਤੇ ਇਸ ਇਲਾਕੇ ਵਿਚ ਅਪ੍ਰੈਲ 1951 ਤੋਂ ਲੈ ਕੇ ਮਈ 1971 ਤਕ 20 ਸਾਲ ਇਥੇ ਰਿਹਾ ਅਤੇ ਇਹ ਲੰਮਾ ਸਮਾਂ ਫਿਰੋਜ਼ਪੁਰ ਵਿਚ ਰਹਿਣ ਨਾਲ ਸਿਰਫ਼ ਸ਼ਹਿਰ ਦੇ ਸਭ ਗਲੀ, ਮੁਹੱਲਿਆਂ ਤੇ ਕੂਚਿਆਂ ਦਾ ਪਤਾ ਈ ਨਾ ਲੱਗਾ, ਸਗੋਂ ਜੀਵਨ ਦੇ ਪਹਿਲੇ 35 ਸਾਲਾਂ ਵਿਚੋਂ ਫਿਰੋਜ਼ਪੁਰ ਵਿਚ 20 ਸਾਲ ਰਹਿਣਾ ਜੀਵਨ ਦਾ ਬਹੁਤ ਵੱਡਾ ਤਜਰਬਾ ਅਤੇ ਵਰਦਾਨ ਸੀ। ਖ਼ੈਰ ! ਮੈਂ ਮੁਲਤਾਨੀ ਗੇਟ ਦੇ ਬਾਹਰਵਾਰ ਸਬਜ਼ੀ ਮੰਡੀ ਦੇ ਬਾਹਰ ਬਣੇ ਢਾਬਿਆਂ ਤੋਂ ਬੜੇ ਸਵਾਦ ਪੂੜੀਆਂ ਛੋਲੇ ਖਾਧੇ। ਕਿਉਂਕਿ ਬੱਸ ਸ਼ਾਮੀਂ ਚਾਰ ਵਜੇ ਚੱਲਣੀ ਸੀ, ਇਸ ਲਈ ਮੈਂ ਲਾਗੇ ਪੈਂਦਾ ਫਿਰੋਜ਼ਪੁਰ ਦਾ ਰੇਲਵੇ ਸਟੇਸ਼ਨ ਵੀ ਵੇਖ ਆਇਆ ਤੇ ਮੈਨੂੰ ਯਾਦ ਆ ਗਿਆ ਕਿ ਜਦੋਂ ਸਾਡੀ ਗੱਡੀ ਪਾਕਿਸਤਾਨ ਵਿਚੋਂ ਸਤਲੁਜ ਦਰਿਆ ਪਾਰ ਕਰ ਕੇ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਤੇ ਰੁਕੀ ਸੀ ਤਾਂ ਇਸ ਸ਼ਹਿਰ ਦੇ ਲੋਕਾਂ ਨੇ ਗੱਡੀ ਵਿਚ ਡੱਕੇ ਹੋਏ ਪਾਕਿਸਤਾਨ ਵਿਚੋਂ ਉੱਜੜ ਕੇ ਆਏ ਭੁੱਖੇ ਅਤੇ ਤਿਹਾਏ ਨਿਢਾਲ ਸ਼ਰਨਾਰਥੀਆਂ ਨੂੰ ਲੰਗਰ ਛਕਾਇਆ ਸੀ। ਫਾਜ਼ਿਲਕਾ ਨੂੰ ਜਾਣ ਵਾਲੀਆਂ ਜੋ ਗੱਡੀਆਂ ਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ ਤੋਂ ਚਲਦੀਆਂ ਸਨ, ਉਹ ਇਸ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਆ ਕੇ ਕਈ ਵਾਰ ਕਾਫੀ ਦੇਰ ਰੁਕਦੀਆਂ ਸਨ। ਇਥੋਂ ਫਾਜ਼ਿਲਕਾ ਰੇਲਵੇ ਲਾਈਨ ਤੇ ਅਗਲਾ ਸਟੇਸ਼ਨ ਖਾਈ ਫੇਮੇ ਕੀ, ਫਿਰ ਝੋਕ ਟਹਿਲ ਸਿੰਘ, ਫਿਰ ਕੋਰ ਸਿੰਘ ਵਾਲਾ ਤੇ ਅਗਲਾ ਸਟੇਸ਼ਨ ਮੰਡੀ ਗੁਰੂ ਹਰ ਸਹਾਏ ਸੀ। ਇਕ ਤਰ੍ਹਾਂ ਦਾ ਕੁਝ ਕੁ ਨਕਸ਼ਾ ਮੇਰੇ ਮਨ ਵਿਚ ਬਣ ਗਿਆ ਸੀ। ਸ਼ਾਮ ਤੱਕ ਫਾਜ਼ਿਲਕਾ ਨੂੰ ਜਾਣ ਵਾਲੀ ਬੱਸ ਏਨੀ ਭਰ ਗਈ ਕਿ ਬੱਸ ਦੀ ਛੱਤ ਉਤੇ ਵੀ ਬੈਠਣ ਨੂੰ ਥਾਂ ਨਹੀਂ ਸੀ। ਬਹੁਤ ਲੋਕ ਬੱਸ ਦੇ ਇੰਜਣ ਅੱਗੇ ਵੀ ਬੈਠੇ ਹੋਏ ਸਨ ਤੇ ਕੁਝ ਬਾਰੀਆਂ ਨਾਲ ਲਟਕੇ ਹੋਏ ਸਨ। ਇਸ ਛੋਟੀ ਜਿਹੀ ਬੱਸ ਦਾ ਇੰਜਣ ਸਟਾਰਟ ਕਰਨ ਲਈ ਇਸ ਦੇ ਮੂਹਰੇ ਇਕ ਲੋਹੇ ਦਾ ਹੈਂਡਲ ਕਈ ਵਾਰ ਫੇਰਨਾ ਪੈਂਦਾ ਸੀ ਤਾਂ ਜੇ ਮਸਾਂ ਇਹ ਬੱਸ ਸਟਾਰਟ ਹੁੰਦੀ ਸੀ। ਜੇ ਡਰਾਈਵਰ ਬੱਸ ਦਾ ਇੰਜਣ ਬੰਦ ਕਰ ਦੇਵੇ ਤਾਂ ਕੰਡਕਟਰ ਨੂੰ ਫਿਰ ਹੈਂਡਲ ਫੇਰਨਾ ਪੈਂਦਾ ਸੀ। ਇਕ ਹੋਰ ਬੱਸ ਵੀ ਓਥੇ ਖੜ੍ਹੀ ਸੀ ਜੀਹਦੇ ਮਗਰ ਚੂਨੇ ਵਾਲਾ ਢੋਲ ਜਿਹਾ ਲੱਗਾ ਹੋਇਆ ਸੀ ਤੇ ਉਹ ਸ਼ਾਇਦ ਕੋਇਲੇ ਨਾਲ ਚੱਲਦੀ ਸੀ ਤੇ ਇਸ ਨੂੰ ਕਾਫੀ ਚਿਰ ਪਹਿਲਾਂ ਗਰਮ ਕਰਨਾ ਪੈਂਦਾ ਸੀ।

-----

ਜਦੋਂ ਬੱਸ ਖਾਈ ਫੇਮੇ ਕੀ ਟੱਪ ਕੇ ਅੱਗੇ ਨਹਿਰ ਦਾ ਪੁਲ ਲੰਘ ਕੇ ਫਾਜ਼ਿਲਕਾ ਨੂੰ ਜਾਂਦੀ ਕੱਚੀ ਸੜਕ ਤੇ ਚੱਲੀ ਤਾਂ ਸਾਰੇ ਮੁਸਾਫ਼ਿਰਾਂ ਦੇ ਮੂੰਹ ਸਿਰ ਮਿੱਟੀ ਨਾਲ ਭਰ ਗਏ। ਕੰਡਕਟਰ ਦੀ ਆਵਾਜ਼ ਤੋਂ ਈ ਪਤਾ ਲਗਦਾ ਸੀ ਕਿ ਹੁਣ ਕਿਹੜਾ ਅੱਡਾ ਆਇਆ ਹੈ। ਏਨੀ ਜ਼ਿਆਦਾ ਭਰੀ ਬੱਸ ਵਿਚੋਂ ਉਤਰਨਾ ਤੇ ਚੜ੍ਹਨਾ ਬਹੁਤ ਔਖਾ ਸੀ ਕਿਓਂਕਿ ਮੂੰਹ ਸਿਰ ਘੱਟੇ ਮਿੱਟੀ ਨਾਲ ਭਰ ਜਾਣ ਕਰ ਕੇ ਪੂਰੀ ਤਰ੍ਹਾਂ ਦਿਸਦਾ ਹੀ ਕੁਝ ਨਹੀਂ ਸੀ। ਜਿਵੇਂ ਕਿਵੇਂ ਬੱਸ ਹੌਲੀ ਹੌਲੀ ਚੱਲਦੀ, ਡਿੱਕ ਡੋਲੇ ਖਾਂਦੀ ਤੇ ਟੋਇਆਂ ਵਿਚ ਹਜੋਕੇ ਮਾਰਦੀ ਚੱਲ ਰਹੀ ਸੀ। ਮੁਸਾਫ਼ਿਰ ਇਕ ਦੂਜੇ ਉੱਤੇ ਡਿੱਗ ਰਹੇ ਸਨ। ਬੱਸ ਦੇ ਅੰਦਰ ਸਾਹ ਵੀ ਘੁੱਟ ਰਿਹਾ ਸੀ। ਮੈਨੂੰ ਤਾਂ ਇਹ ਵੀ ਪਤਾ ਨਹੀਂ ਸੀ ਗੁਦੜਢੰਡੀ ਅਜੇ ਕਿੰਨੂ ਕੁ ਦੂਰ ਹੈ। ਨਾਲ ਬੈਠੇ ਇਕ ਹੱਟੇ ਕੱਟੇ ਪੱਕੇ ਰੰਗ ਦੇ ਇਕ ਮੁਸਾਫ਼ਿਰ ਜਿਸ ਦਾ ਮੂੰਹ ਸਿਰ ਤਾਂ ਮੁੰਨਿਆ ਹੋਇਆ ਸੀ ਪਰ ਮੁੱਛਾਂ ਨੂੰ ਵੱਟ ਦਿਤੇ ਹੋਏ ਸਨ ਤੇ ਵੇਖਣ ਨੂੰ ਡਾਕੂ ਲਗਦਾ ਸੀ, ਨੂੰ ਮੈਂ ਪੁੱਛਿਆ ਕਿ ਪਿੰਡ ਗੁੱਦੜਢੰਡੀ ਕਿੰਨੂ ਕੁ ਦੂਰ ਹੈ। ਉਹਨੇ ਬੜੀ ਹਲੀਮੀ ਨਾਲ ਦੱਸਿਆ ਕਿ ਅਜੇ ਪਿੰਡ ਭੂਰੇ, ਫਿਰ ਕਰੀਆਂ ਪਹਿਲਵਾਨ, ਫਿਰ ਲਖੋ ਕੇ ਬਹਿਰਾਮ, ਫਿਰ ਅਲਫੂ ਕੇ, ਫਿਰ ਲੋਧਰਾਂ, ਫਿਰ ਹਾਮਦ ਤੇ ਫਿਰ ਗੁੱਦੜਢੰਡੀ ਆਉਣਾ ਹੈ। ਘੰਟਾ ਕੁ ਲੱਗ ਜਾਵੇਗਾ। ਫਿਰ ਉਹਨੇ ਆਪ ਈ ਦੱਸ ਦਿਤਾ ਕਿ ਉਹਨੇ ਵੀ ਪਿੰਡ ਗੁੱਦੜਢੰਡੀ ਹੀ ਜਾਣਾ ਹੈ ਤੇ ਮੈਨੂੰ ਪੁੱਛਿਆ ਕਿ ਮੈਂ ਕਿਨ੍ਹਾਂ ਵੱਲ ਜਾਣਾ ਹੈ। ਮੈਂ ਦਸਿਆ ਸਾਨੂੰ ਇਸ ਪਿੰਡ ਵਿਚ ਬੇਰੀਆਂ ਵਾਲੇ ਖੂਹ ਤੇ ਜ਼ਮੀਨ ਅਲਾਟ ਹੋਈ ਹੈ ਤੇ ਪਿੰਡ ਵਿਚ ਲੰਬਰਦਾਰ ਖੇਮ ਸਿੰਘ ਦੇ ਘਰ ਜਾਣਾ ਹੈ ਜਿਹੜਾ ਪਿਛੋਂ ਪਾਸਿਤਾਨ ਵਿਚੋਂ ਸਾਡੇ ਪਿੰਡ ਲਾਗੇ ਦਾ ਹੈ। ਉਹ ਫੱਟ ਕਹਿਣ ਲੱਗਾ ਕਿ ਤੂੰ ਜੱਥੇਦਾਰ ਭਗਤ ਸਿੰਘ ਦਾ ਲੜਕਾ ਹੈ? ਮੈਂ ਜਦੋਂ ਹਾਂ ਕਿਹਾ ਤਾਂ ਉਹ ਕਹਿਣ ਲੱਗਾ ਕਿ ਮੈਂ ਪਿੰਡ ਦਾ ਚੌਕੀਦਾਰ ਹਾਂ। ਮੈਂ ਤੈਨੂੰ ਤੁਹਾਡੇ ਖੂਹ ਤੇ ਛੱਡ ਕੇ ਆਵਾਂਗਾ ਤੇ ਜੇ ਤੂੰ ਪਿੰਡ ਰਹਿਣਾ ਹੋਇਆ ਤਾਂ ਲੰਬਰਦਰ ਖੇਮ ਸਿੰਘ ਦੇ ਘਰ ਛੱਡ ਆਵਾਂਗਾ। ਇਹ ਤਾਂ ਮੇਰੇ ਬਾਪੂ ਨੂੰ ਵੀ ਜਾਣਦਾ ਸੀ ਤੇ ਨਾਲੇ ਸਾਡੇ ਓਸ ਪਿੰਡ ਦਾ ਈ ਆ ਜਿਥੇ ਸਾਨੂੰ ਜ਼ਮੀਨ ਅਲਾਟ ਹੋਈ ਆ, ਇਸ ਤੋਂ ਵੱਧ ਮੈਨੂੰ ਹੋਰ ਖ਼ੁਸ਼ੀ ਕੀ ਹੋ ਸਕਦੀ ਸੀ। ਜਿਵੇਂ ਕਿਵੇਂ ਵੀ ਸ਼ਾਮ ਤਕ ਜਦੋਂ ਬੱਸ ਨੇ ਸਾਨੂੰ ਪਿੰਡ ਗੁੱਦੜਢੰਡੀ ਦੇ ਅੱਡੇ ‘ਤੇ ਉਤਾਰਿਆ ਤਾਂ ਮੂੰਹ ਸਿਰ ਘੱਟੇ ਤੇ ਮਿੱਟੀ ਨਾਲ ਭਰੇ ਹੋਏ ਸਨ।

-----

ਚੌਕੀਦਾਰ ਜਿਸਦਾ ਨਾਂ ਮੈਨੂੰ ਭੁੱਲ ਗਿਆ ਹੈ ਪਰ ਏਨਾ ਯਾਦ ਹੈ ਕਿ ਉਹ ਈਸਾਈ ਸੀ, ਨੇ ਆਪਣੇ ਪਰਨੇ ਨਾਲ ਮੇਰਾ ਸਾਰਾ ਮੂੰਹ ਸਿਰ ਝਾੜਿਆ ਤੇ ਮੈਂ ਆਪਣੇ ਕੱਪੜੇ ਸਾਫ਼ ਕੀਤੇ। ਉਹਨੇ ਬਧੋ-ਬਧੀ ਝੋਲਾ ਮੇਰੇ ਹੱਥੋਂ ਫੜ ਲਿਆ ਤੇ ਅਸੀਂ ਦਸ ਕੁ ਮਿੰਟਾਂ ਬਾਅਦ ਅਸੀੰ ਪਿੰਡ ਗੁਦੜਢੰਡੀ ਅੰਦਰ ਪਹੁੰਚ ਗਏ ਜਿਥੇ ਚੌਕੀਦਾਰ ਨੇ ਮੈਨੂੰ ਸਾਨੂੰ ਅਲਾਟ ਹੋਇਆ ਕੱਚੇ ਕੋਠੇ ਵਾਲਾ ਘਰ ਵਿਖਾਇਆ ਅਤੇ ਨਾਲ ਹੀ ਲੱਗਦੇ ਲੰਬਰਦਾਰ ਖੇਮ ਸਿੰਘ ਦੇ ਘਰ ਮੈਨੂੰ ੱਛਡ ਆਇਆ। ਜਦ ਉਹਨੇ ਲੰਬੜਦਾਰਨੀ ਭਾਵ ਨੰਜੀ ਦੀ ਮਾਂ ਨੂੰ ਦੱਸਿਆ ਕਿ ਇਹ ਬੇਰੀਆਂ ਵਾਲੇ ਖੂਹ ਦੇ ਨਵੇਂ ਅਲਾਟੀ ਜਥੇਦਾਰ ਭਗਤ ਸਿਹੁੰ ਦਾ ਲੜਕਾ ਹੈ ਤਾਂ ਉਹ ਬਹੁਤ ਖ਼ੁਸ਼ ਹੋਈ। ਮੇਰਾ ਸਿਰ ਪਲੋਸਿਆ। ਮੇਰੀ ਮਾਂ ਦਾ ਹਾਲ-ਚਾਲ ਪੁੱਛਿਆ ਤੇ ਮੇਰੇ ਹਾਣ ਦੀਆਂ ਕੁੜੀਆਂ ਨੂੰ ਚਾਹ ਪਾਣੀ ਬਣਾਉਣ ਲਈ ਚੌਂਕੇ ਵਿਚ ਭੇਜ ਦਿਤਾ। ਉਹਨਾਂ ਨੂੰ ਅਲਾਟ ਹੋਇਆ ਵੀ ਸਾਰਾ ਘਰ ਕੱਚਾ ਸੀ। ਮੈਂ ਵੇਖਿਆ ਕਿ ਪਿੰਡ ਤਾਂ ਛੋਟਾ ਜਿਹਾ ਹੀ ਸੀ ਤੇ ਸਾਰੇ ਪਿੰਡ ਵਿਚ ਕੋਈ ਪੱਕਾ ਘਰ ਨਹੀਂ ਸੀ। ਚੌਕੀਦਾਰ ਇਹ ਕਹਿ ਕੇ ਚਲਾ ਗਿਆ ਕਿ ਮੈਂ ਚਾਹ ਪਾਣੀ ਪੀ ਲਵਾਂ ਤੇ ਉਹ ਮੈਨੂੰ ਬੇਰੀਆਂ ਵਾਲੇ ਖੂਹ ਤੇ ਛੱਡ ਆਵੇਗਾ ਜਿਥੇ ਸਾਨੂੰ ਨਵੀਂ ਜ਼ਮੀਨ ਅਲਾਟ ਹੋਈ ਸੀ। ਕਿਉਂਕਿ ਰਾਹ ਵਿਚ ਕਾਨਿਆਂ ਦਾ ਏਡਾ ਵੱਡਾ ਜੰਗਲ ਸੀ ਕਿ ਮੈਂ ਜੇ ਇਕ ਵਾਰ ਡੰਡੀ ਭੁੱਲ ਗਿਆ ਤਾਂ ਗਵਾਚ ਜਾਵਾਂਗਾ। ਨੰਬਰਦਾਰ ਦੇ ਪਰਿਵਾਰ ਨੇ ਬਹੁਤ ਕਿਹਾ ਕਿ ਮੈਂ ਰਾਤ ਉਹਨਾਂ ਦੇ ਘਰ ਰਹਾਂ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਏਸੇ ਪਿੰਡ ਦੇ ਰਕਬੇ ਵਿਚ ਪੈਂਦੀ ਜ਼ਮੀਨ ਬਸਤੀ ਟਰਿਡਿਆਂ ਵਾਲੀ ਵਿਚ ਬੇਰੀਆਂ ਵਾਲੇ ਖੂਹ ਦੇ ਲਾਗੇ ਹੀ ਅਲਾਟ ਹੋਈ ਹੈ ਪਰ ਉਹਨਾਂ ਅਜੇ ਰਿਹਾਇਸ਼ ਪਿੰਡ ਵਿਚ ਹੀ ਰਖੀ ਆ ਕਿਉਂਕਿ ਓਥੇ ਰਹਿਣ ਲਈ ਹਾਲੇ ਕਾਨਿਆਂ ਦੀ ਕੋਈ ਛੰਨ ਜਾਂ ਝੁੱਗੀ ਨਹੀਂ ਬਣੀ। ਤੁਹਾਡੇ ਬੇਰੀਆਂ ਵਾਲੇ ਖੂਹ ਤੇ ਤਾਂ ਰਾਏ ਸਿੱਖਾਂ ਨੇ ਤੇਰੇ ਬਾਪੂ ਨੂੰ ਕੱਚਾ ਕੋਠਾ ਖ਼ਾਲੀ ਕਰ ਦਿਤਾ ਹੈ ਤੇ ਲਾਗੇ ਦੋ ਛੰਨਾਂ ਵੀ ਬਣਾ ਦਿਤੀਆਂ ਹਨ। ਇਕ ਪਸੂ ਡੰਗਰਾਂ ਲਈ ਤੇ ਇਕ ਆਏ ਗਏ ਲਈ ਜਾਂ ਫ਼ਸਲ ਰੱਖਣ ਲਈ। ਵਾਹੀ ਕਰਨ ਲਈ ਪਿੰਡੋਂ ਜ਼ਮੀਨ ਬੜੀ ਦੂਰ ਪੈਂਦੀ ਆ। ਆਹ ਸਿਆਲ ਕੱਢ ਕੇ ਅਸੀਂ ਵੀ ਅਗਲੇ ਸਾਲ ਬਸਤੀ ਟਰਿਡਿਆਂ ਵਾਲੀ ਚਲੇ ਜਾਵਾਂਗੇ। ਮੈਂ ਚਾਹ ਪੀ ਕੇ ਸਾਨੂੰ ਕਨਾਲ ਦੇ ਪਲਾਟ ਵਿਚ ਅਲਾਟ ਹੋਇਆ ਕੱਚਾ ਕੋਠਾ ਵੇਖਿਆ ਜਿਥੇ ਬਾਹਰ ਇਕ ਰਾਏ ਸਿੱਖ ਔਰਤ ਚੁੱਲ੍ਹੇ ਦੀ ਸਵਾਹ ਨਾਲ ਭਾਂਡੇ ਮਾਂਜ ਰਹੀ ਸੀ। ਕੋਲ ਉਸਦੇ ਵਗਦੇ ਨੱਕਾਂ ਵਾਲੇ ਬੱਚੇ ਖੇਡ ਰਹੇ ਸਨ ਤੇ ਉਹਨਾਂ ਨੇ ਬੜੇ ਮਾੜੇ ਕਪੜੇ ਪਾਏ ਹੋਏ ਸਨ।

-----

ਕੁਝ ਚਿਰ ਬਾਅਦ ਚੌਕੀਦਾਰ ਵੀ ਆ ਗਿਆ ਤੇ ਉਹਦੇ ਨਾਲ ਪਿੰਡ ਦਾ ਦੁਕਾਨਦਾਰ ਸ਼ਾਦੀ ਲਾਲ ਵੀ ਸੀ ਜਿਸ ਦੀ ਪਿੰਡ ਵਿਚ ਛੋਟੀ ਜਿਹੀ ਦੁਕਾਨ ਸੀ। ਇਹ ਲੋਕ ਵੰਡ ਤੋਂ ਪਹਿਲਾਂ ਦੇ ਏਥੇ ਰਹਿੰਦੇ ਸਨ। ਮੁਸਲਮਾਨ ਚਲੇ ਗਏ ਸਨ ਤੇ ਹੁਣ ਇਹਨਾਂ ਦੀ ਆਮਦਨ ਦਾ ਦਾਰੋ-ਮੁਦਾਰ ਨਵੇਂ ਅਲਾਟੀ ਹੀ ਸਨ। ਜਦ ਚੌਂਕੀਦਾਰ ਮੈਨੂੰ ਬੇਰੀਆਂ ਵਾਲੇ ਖੂਹ ਤੇ ਛੱਡਣ ਗਿਆ ਤਾਂ ਮੈਂ ਐਨੇ ਕਾਨੇ ਤੇ ਸੜਕੜੇ ਦਾ ਜੰਗਲ ਵੇਖ ਕੇ ਸਿਰਫ਼ ਹੈਰਾਨ ਹੀ ਨਾ ਹੋਇਆ, ਸਗੋਂ ਡਰ ਗਿਆ ਕਿ ਵਾਕਿਆ ਈ ਇਸ ਜੰਗਲ ਵਿਚ ਕੋਈ ਗਵਾਚ ਜਾਵੇ ਤਾਂ ਫਿਰ ਰਾਹ ਲੱਭਣਾ ਬਹੁਤ ਮੁਸ਼ਕਿਲ ਸੀ। ਜਦੋਂ ਅਸੀਂ ਖੂਹ ਤੇ ਪਹੁੰਚੇ ਤਾਂ ਇਕ ਝੋਨੇ ਵਾਲੀ ਪੈਲੀ ਵਿਚ ਬਾਪੂ ਮੰਜੀ ਤੇ ਬੈਠਾ ਸੀ ਤੇ ਰਾਏ ਸਿੱਖ ਤੇ ਉਹਨਾਂ ਦੀਆਂ ਘਰ ਵਾਲੀਆਂ ਇਕ ਮੋਟੀ ਵੱਟ ਤੇ ਝੋਨੇ ਦੀਆਂ ਪਰਾਲੀਆਂ ਜ਼ੋਰ-ਜ਼ੋਰ ਨਾਲ ਮਾਰ ਕੇ ਝੋਨਾ ਝਾੜ ਰਹੀਆਂ ਸਨ। ਬਾਪੂ ਨੇ ਖ਼ੁਸ਼ ਹੋ ਕੇ ਮੈਨੂੰ ਜੱਫ਼ੀ ਪਾ ਕੇ ਪਿਆਰ ਕੀਤਾ ਤੇ ਮੰਜੀ ਤੇ ਬਿਠਾਲ ਦਿਤਾ ਤੇ ਕੁਝ ਰਾਏ ਸਿੱਖ ਮੁਜ਼ਾਰਿਆਂ ਨੇ ਮੈਨੂੰ ਛੋਟਾ ਲੰਬੜਦਾਰ ਕਹਿੰਦਿਆਂ ਮੇਰੇ ਪੈਰੀਂ ਹੱਥ ਲਾਏ। ਚੌਕੀਦਾਰ ਤਾਂ ਮੈਨੂੰ ਛੱਡ ਕੇ ਤੇ ਬਾਪੂ ਨੂੰ ਮਿਲ ਕੇ ਪਿੰਡ ਨੂੰ ਮੁੜ ਗਿਆ।

-----

ਨਵੀਂ ਅਲਾਟ ਹੋਈ ਜ਼ਮੀਨ ਦੇ ਖੇਤਾਂ ਵਿਚ ਇਹ ਮੇਰੀ ਪਹਿਲੀ ਸ਼ਾਮ ਸੀ ਜੋ ਰਾਤ ਵਿਚ ਵਟਣ ਤੋਂ ਪਹਿਲਾਂ ਬਾਪੂ ਤੇ ਰਾਏ ਸਿੱਖਾਂ ਨੇ ਰਲ ਕੇ ਘਰ ਦੀ ਕੱਢੀ ਸੁਲਫੇ ਦੀ ਲਾਟ ਵਰਗੀ ਸ਼ਰਾਬ ਪੀਤੀ। ਰਾਏ ਸਿੱਖਾਂ ਨੇ ਸ਼ਿਕਾਰ ਕਰ ਕੇ ਲਿਆਂਦਾ ਸਈਅੜ (ਖ਼ਰਗੋਸ਼) ਦਾ ਮਾਸ ਚੰਗਾ ਮਿਰਚ ਮਸਾਲਾ ਪਾ ਕੇ ਦੇਸੀ ਘਿਓ ਵਿਚ ਭੁੰਨ ਕੇ ਨਿਟੀ ਦੇ ਬਰਤਨਾਂ ਵਿਚ ਪਾ ਕੇ ਰੜ੍ਹੀਆਂ ਹੋਈਆਂ ਤੰਦੂਰੀ ਰੋਟੀਆਂ ਨਾਲ ਖਵਾਇਆ ਜੋ ਏਨਾ ਸਵਾਦ ਸੀ ਕਿ ਅੱਜ ਤੱਕ ਵੀ ਨਹੀਂ ਭੁੱਲਿਆ। ਤੰਦੂਰ ਦੋਹੜਾਂ ਚੋਘੇ ਕੱਢ ਕੱਢ ਕੇ ਮੱਖਣ ਨਾਲ ਚੋਪੜੀਆਂ ਹੋਈਆਂ ਸਨ ਅਤੇ ਦੇਸੀ ਘਿਓ ਵਿਚ ਰਲ਼ੀ ਸ਼ੱਕਰ ਦਾ ਆਪਣਾ ਹੀ ਸਵਾਦ ਸੀ। ਘੀਆ ਤੋਰੀਆਂ ਦੀ ਸਬਜ਼ੀ ਤਾਂ ਓਸ ਰਾਤ ਤੋਂ ਬਾਅਦ ਵੀ ਹਜ਼ਾਰਾਂ ਵਾਰ ਖਾਧੀ ਹੋਵੇਗੀ ਪਰ ਕਰਾਰੀਆਂ ਮਿਰਚਾਂ ਪਾ ਕੇ ਜੋ ਸਵਾਦ ਤੋਰੀਆਂ ਘੱਗਰੀਆਂ ਵਾਲੀਆਂ ਰਾਏ ਸਿੱਖਣੀਆਂ ਨੇ ਬਣਾਈਆਂ ਸਨ, ਉਹੋ ਜਿਹੀ ਬਣੀ ਸਵਾਦ ਸਬਜ਼ੀ ਕਦੇ ਵੀ ਨਹੀਂ ਭੁੱਲੀ। ਮੱਠੀ ਮੱਠੀ ਠੰਢ ਵਿਚ ਖੂਹ ਲਾਗੇ ਧਾਈਆਂ ਦੀਆਂ ਪੈਲੀਆਂ ਵਿਚ ਮੱਛਰ ਲੜਨ ਦੇ ਬਾਵਜੂਦ ਵੀ ਭਿੰਨੀ ਰੈਣੜੀਏ ਤੇ ਚਮਕਣ ਤਾਰਿਆਂ ਵਿਚ ਧਾਈਆਂ ਦੇ ਖੇਤਾਂ ਵਿਚ ਕੱਟੀ ਉਹ ਰਾਤ ਕਦੇ ਨਹੀਂ ਭੁੱਲੀ, ਕਦੇ ਭੁੱਲ ਵੀ ਨਹੀਂ ਸਕਦੀ।

*******

ਚਲਦਾ