ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, March 9, 2010

ਕੇਹਰ ਸ਼ਰੀਫ਼ - ਪਰਵਾਸ : ਸੰਕਲਪ, ਸੰਦਰਭ ਅਤੇ ਬਦਲਦਾ ਸਰੂਪ - ਲੇਖ

ਪਰਵਾਸ : ਸੰਕਲਪ, ਸੰਦਰਭ ਅਤੇ ਬਦਲਦਾ ਸਰੂਪ

ਲੇਖ

ਲੋਕ ਸਮੂਹਾਂ ਦਾ ਕਿੱਤਾ ਅਧਾਰਤ ਜੀਵਨ ਮਨੁੱਖ ਦੀਆਂ ਸਹਿਜਮਈ ਲੋੜਾਂ ਦਾ ਮੁੱਢਲਾ ਤੇ ਸੰਕੋਚਵਾਂ ਜਤਨ ਸੀ। ਪਰ ਇਹ ਜੀਵਨ ਹਰਕਤ ਮੁਖੀ ਹੋ ਕੇ ਸਦਾ ਹੀ ਅੱਗੇ ਵਲ ਵਧਦਾ-ਤੁਰਦਾ ਰਿਹਾ ਹੈ ਜਿਸ ਨਾਲ ਇਸ ਅੰਦਰਲੇ ਫੈਲਾਉ ਅਤੇ ਖਿਲਾਰ ਨੇ ਸੀਮਿਤ ਅਤੇ ਨਿਗੂਣੇ ਜਹੇ ਪ੍ਰਚਾਰ ਸਾਧਨਾਂ ਦੇ ਹੁੰਦੇ ਹੋਏ ਵੀ ਸਮਾਜ ਅੰਦਰ ਵਸਦੇ ਲੋਕਾਂ ਨੂੰ ਖਿੱਤਿਆਂ ਦੇ ਪਾਰਲੇ ਪਾਰ ਦੇ ਜੀਵਨ ਨਾਲ ਵਾਕਿਫ਼ ਕਰਵਾਉਂਦਿਆਂ ਹੋਇਆਂ ਉਸ ਬਾਰੇ ਸੋਝੀ ਪ੍ਰਦਾਨ ਕਰਨ ਦਾ ਮੁੱਢਲਾ ਅਤੇ ਬੁਨਿਆਦੀ ਕਾਰਜ ਸਦਾ ਜਾਰੀ ਰੱਖਿਆ। ਇੱਥੋਂ ਹੀ ਲੋਕ ਮਨ ਦੂਸਰੇ ਪਾਸੇ, ਦੂਸਰੇ ਕਿਨਾਰੇ ਵਲ ਉਤਸ਼ਾਹਿਤ ਹੋਇਆ ਹੋਵੇਗਾ। ਜਿਸ ਪਾਸੇ ਦੀ ਜਾਣਕਾਰੀ ਅਤੇ ਗਿਆਨ ਤਾਂ ਉਸ ਕੋਲ ਬਹੁਤ ਨਹੀਂ ਸੀ ਪਰ ਸੁਣੀਆਂ ਸੁਣਾਈਆਂ ਗੱਲਾਂ ਨੇ ਉਸਦੇ ਅੰਦਰ ਅਗਲੇ ਪਾਰ ਨੂੰ ਜਾਨਣ-ਮਾਨਣ ਦੀ ਜਗਿਆਸਾ ਪੈਦਾ ਕੀਤੀ ਜਿਸ ਦੀ ਪੂਰਤੀ ਵਾਸਤੇ ਉਨ੍ਹਾਂ ਨੂੰ ਬੜੀ ਜੱਦੋ-ਜਹਿਦ ਕਰਕੇ ਹੀ ਕਾਮਯਾਬੀ ਮਿਲੀ। ਜਿਸ ਨੂੰ ਇਸ ਪੰਧ ਦੇ ਪਹਿਲਿਆਂ ਕਦਮਾਂ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ।

-----

ਜਦੋਂ ਮਨੁੱਖ ਅੱਗੇ ਵਲ ਤੁਰਨ ਵਾਸਤੇ ਕਦਮ ਪੁੱਟਦਾ ਹੈ ਤਾਂ ਹਿਚਕਚਾਹਟ ਉਸਦੀਆਂ ਸੋਚਾਂ ਤੇ ਬਹੁਤ ਭਾਰੂ ਹੁੰਦੀ ਹੈ। ਪਰ ਇਸ ਦੁਚਿੱਤੀ ਵਿਚੋਂ ਨਿਕਲ ਕੇ ਜਦੋਂ ਕੋਈ ‘ਦੇਖੀਏ ਤਾਂ ਸਈ’ ਵਾਲੇ ਸਥਾਨ ਤੇ ਪਹੁੰਚ ਜਾਂਦਾ ਹੈ ਤਾਂ ਇਹ ਬਿੰਦੂ ਬਹੁਤ ਵਾਰ ਨਿਰਣਾਇਕ ਸਾਬਤ ਹੋ ਜਾਂਦਾ ਹੈ। ਅੱਗੇ ਵਧਣ ਦੀ ਚਾਹਤ ਵਾਲੀ ਪ੍ਰੇਰਨਾ ਨੇ ਸੰਸਾਰ ਦੇ ਵੱਖੋ ਵੱਖ ਖੇਤਰਾਂ ’ਚ ਲੋਕਾਂ ਨੂੰ ਉਤਸ਼ਾਹਤ ਕੀਤਾ, ਜਿਸ ਕਰਕੇ ਉਹ ਸਮੁੰਦਰਾਂ ਦੇ ਪਾਰਲੇ ਪਾਰ ਵੀ ਜਾ ਅੱਪੜੇ। ਇਹ ਹੀ ਇਕ ਛਾਲ ਸੀ ਜਿਸ ਨਾਲ ਕਦਮ ਦੂਸਰੇ ‘ਵਿਹੜੇ’ ਵਿਚ ਜਾ ਪਹੁੰਚੇ। ਇੱਥੇ ਪਹੁੰਚ ਕੇ ਇਕ ਨਵੇਂ ਜੀਵਨ ਦੇ ਦਰਸ਼ਣ ਹੋਏ ਅਤੇ ਨਵੀਆਂ ਜੀਵਨ ਜੁਗਤਾਂ ਨਾਲ ਉਨ੍ਹਾਂ ਦਾ ਵਾਹ ਪਿਆ, ਜਿਸ ਦੇ ਸਿੱਟੇ ਵਜੋਂ ਜੀਵਨ ਦੀ ਨਵੀਂ ਕਾਰਜ ਸ਼ੈਲੀ ਦਾ ਪਸਾਰ ਸ਼ੁਰੂ ਹੋਇਆ। ਨਵੀਂ ਧਰਤੀ ਉੱਤੇ ਨਵੇਂ ਸਿਆੜ ਵਾਹੁਣ ਦੀ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ। ਸਿਆਣੇ ਤੇ ਪਾਰਖੂ ਇਸ ਨੂੰ ਕੋਈ ਵੀ ਨਾਂ ਦੇ ਸਕਦੇ ਹਨ। ਉਹ ਨਾਂ ਪਰਵਾਸ ਵੀ ਹੋ ਸਕਦਾ ਹੈ। ਸਮੇਂ ਬਾਅਦ ਇਹ ਹੀ ਪਰਵਾਸ, ਆਵਾਸ ਬਣ ਜਾਂਦਾ ਹੈ। ਪਰ ਇਸ ਛੋਟੀ ਜਿਹੀ ਦਿਸਦੀ ਤਬਦੀਲੀ ਵਾਸਤੇ ਲੰਮੇ ਸਮੇਂ ਦੀ ਕੈਨਵਸ ਲੋੜੀਦੀ ਹੈ। ਜਿਸ ਉੱਤੇ ਨਵੀ ਜ਼ਿੰਦਗੀ ਦੀ ਤੋਰ ਦੇ ਨਵੇ-ਨਰੋਏ ਕਦਮ ਉਲੀਕੇ ਜਾ ਸਕਣ। ਇਨ੍ਹਾਂ ਕਦਮਾਂ ਦੀ ਰਵਾਨਗੀ ਆਸ਼ਾਵਾਦੀ ਭਵਿੱਖ ਦੇ ਬੂਹੇ ਵਲ ਜਾਂਦਾ ਰਾਹ ਪੱਧਰਾ ਕਰਨ ਦਾ ਕਾਰਜ ਨਿਭਾਉਂਦੀ ਹੈ। ਸਫ਼ਲ ਜਾਂ ਅਸਫ਼ਲ ਹੋਣਾ ਇਹ ਤਾਂ ਸੋਚ ਅਤੇ ਸਾਧਨਾ ਉੱਤੇ ਨਿਰਭਰ ਕਰਦਾ ਹੈ। ਸਮੇਂ ਦੇ ਬੀਤਣ ਨਾਲ ਸਮੇਂ ਦੀ ਤੋਰ ਬਹੁਤ ਹੀ ਤੇਜ਼ ਹੋ ਗਈ। ਤੇਜ਼ ਕਦਮੀਂ ਸਫ਼ਰ ਬਹੁਤਾ ਮੁੱਕਣਾ ਹੀ ਸੀ। ਵਿਗਿਆਨ ਦੀਆਂ ਨਵੀਆਂ ਕਾਢਾਂ, ਪ੍ਰਚਾਰ ਦੇ ਬਿਜਲਈ-ਇਲੈਕਟ੍ਰਾਨਿਕ ਸਾਧਨਾਂ ਨੇ ਇਸ ਆਮ ਜਿਹੀ ਗੱਲ/ਤੋਰ ਵਿਚ ਬਹੁਤ ਤੇਜ਼ੀ ਲਿਆਂਦੀ ਜਿਸ ਦੇ ਆਸਰੇ ਦੁਨੀਆਂ ਦਾ ਵੱਡ ਅਕਾਰੀ ਦਾਇਰਾ ਛੋਟਾ ਮਹਿਸੂਸ ਹੋਣ ਲੱਗ ਪਿਆ।

-----

ਆਮ ਕਰਕੇ ਪਰਵਾਸੀਆਂ ਦੇ ਜੀਵਨ ਦਾ ਮੁੱਢਲਾ ਸਫ਼ਰ ਉਦਾਸੀ, ਉਦਰੇਵੇ ਅਤੇ ਥੁੜਾਂ ਮਾਰਿਆ ਹੀ ਹੁੰਦਾ ਹੈ। ਇੱਥੋਂ ਹੀ ਬਹੁਤ ਸਾਰੇ ਲੋਕ ਕਿਰਤ ਦੇ ਨਾਲ ਹੀ ਕਿਰਸ ਕਰਨਾ ਵੀ ਸਿੱਖ ਜਾਂਦੇ ਹਨ। ਉਨ੍ਹਾਂ ਦੀ ਮੰਜ਼ਿਲ ਹੀ ਇਕ ਉਜਲੇ ਭਵਿੱਖ ਅਤੇ ਸੁਹਣੇ ਜੀਵਨ ਦੀ ਪ੍ਰਾਪਤੀ ਖ਼ਾਤਿਰ ਥੁੜਾਂ ਨੂੰ ਦੂਰ ਕਰਨਾ ਹੁੰਦੀ ਹੈ, ਭਾਵੇਂ ਕਿ ਥੋੜ੍ਹੇ ਸਮੇਂ ਬਾਅਦ ਹੀ ਇਸ ਸੋਚ ਦੇ, ਅਮਲ ਦੇ ਨੈਣ-ਨਕਸ਼ ਵੀ ਬਦਲਣ ਅਤੇ ਨਿਖਰਨ ਲੱਗ ਪੈਦੇ ਹਨ। ਆਰਥਿਕ ਥੁੜਾਂ ਦੇ ਘਟ ਜਾਣ ਜਾਂ ਦੂਰ ਹੋ ਜਾਣ ਪਿੱਛੋਂ ਫੇਰ ਉਹ ਨਵੇਂ ਘਰ ਦੀ ਤਲਾਸ਼ ਦਾ ਕੰਮ ਸ਼ੁਰੂ ਕਰਦੇ ਹਨ। ਜਿਸ ਵਾਸਤੇ ਸਮੱਸਿਆਵਾਂ ਦਾ ਲੰਮਾ-ਚੌੜਾ ਪੰਧ ਤੈਅ ਕਰਨਾ ਪੈਂਦਾ ਹੈ। ਇਸ ਮੋੜ ਤੋਂ ਜ਼ਿੰਦਗੀ ਵੱਡੀਆਂ ਤਬਦੀਲੀਆਂ ਵਲ ਵਧਦੀ ਹੈ। ਮਨਾਂ ਅੰਦਰਲਾ ਜਵਾਰਭਾਟਾ ਪਲ ਪਲ ਰੰਗ ਬਦਲਦਾ ਹੈ, ਰੰਗਾਂ ਦੀ ਤਾਸੀਰ ਰੂਪ ਵਟਾ ਲੈਦੀ ਹੈ। ਇਹ ਰੰਗ ਦੁਨੀਆਂ ਦੇ ਸੱਤਾਂ ਰੰਗਾਂ ਵਰਗੇ ਨਹੀਂ ਸਗੋਂ ਨਵੀ ਧਰਤੀ ਤੇ ਵਾਹੇ ਸਿਆੜਾਂ ਵਿਚੋਂ ਉੱਗਦੇ ਹਨ। ਜਿਸ ਵਿਚ ਦਰਦ ਦੀ ਚੀਸ ਦਾ ਭਾਰੂ ‘ਰੰਗ’ ਮਨੁੱਖ ਦੇ ਅੰਦਰ ਪਲਦੇ ਮਾਨਸਿਕ ਤਣਾਵਾਂ ਨੂੰ ਵਲੇਵੇਂ ਮਾਰਦਾ ਹੈ ਅਤੇ ਉਸ ਦੀਆਂ ਉਲਝਣਾਂ ਵਧਣ ਲਗਦੀਆਂ ਹਨ ਜਿਸ ਜੱਦੋ-ਜਹਿਦ ਵਿਚੋਂ ਮਨੁੱਖ ਦਾ ਆਪੇ ਤੋਂ ਪਾਰ ਜਾਣ ਦਾ ਸਫ਼ਰ ਸ਼ੁਰੂ ਹੁੰਦਾ ਹੈ। ਉਲਝਣਾਂ ਤੋਂ ਛੁਟਕਾਰਾ ਪਾਉਣ ਦੇ ਜਤਨ ਆਰੰਭ ਹੁੰਦੇ ਹਨ।

-----

ਪਰਵਾਸੀ ਬੰਦੇ ਸ਼ੁਰੂ ਵਿਚ ਨਾਲ ਲੈ ਕੇ ਆਏ ਪੁਰਾਣੀ ਸੋਚ ਅਤੇ ਹੰਢਾਈ ਜਾ ਰਹੀ ਨਵੀਂ ਸਥਿਤੀ ਦੇ ਦੋ ਪੁੜਾਂ ਵਿਚਕਾਰ ਪਿਸਦੇ ਹਨ। ਪਿੱਛੇ ਛੱਡੀਆਂ ਹੋਈਆਂ ਰਵਾਇਤਾਂ ਮੁੜ ਮੁੜ ਚੇਤੇ ਆਉਦੀਆਂ ਹਨ ਪਰ ਧੱਕੇ ਮਾਰਦਾ ਵਕਤ ਉਸਨੂੰ ਅੱਗੇ ਤੋਰਦਾ ਹੋਇਆ ਕੁਝ ਕਰ ਗੁਜ਼ਰਨ ਵਾਸਤੇ ਕਾਹਲਾ ਹੁੰਦਾ ਹੈ। ਇਸ ਕਰ ਗੁਜ਼ਰਨ ਦੀ ਇੱਛਾ (ਭਾਵਨਾ) ਦੀਆਂ ਬਾਰੀਕੀਆਂ ਗੁੱਝੀਆਂ ਨਹੀਂ ਰਹਿੰਦੀਆਂ, ਸਗੋਂ ਪਹਿਲਾਂ ਤੋ ਵੱਧ ਉਜਾਗਰ ਹੋਣ ਲੱਗ ਪੈਂਦੀਆਂ ਹਨ। ਇਹ ਕਿਸੇ ਇਕ ਮੁਲਕ ਜਾਂ ਖਿੱਤੇ ਨਾਲ ਬੰਨ੍ਹੀ ਜਾ ਸਕਣ ਵਾਲੀ ਪ੍ਰਵਿਰਤੀ ਨਹੀਂ ਸਗੋ ਸਰਬ ਪ੍ਰਵਾਨਤ ਆਮ ਮਨੁੱਖੀ ਵਰਤਾਰਾ ਹੈ ਜੋ ਕਿ ਕੁੱਲ ਦੁਨੀਆਂ ਵਿਚ ਪਰਵਾਸੀ ਬਣੇ ਲੋਕ ਤਰਾਸਦੀ ਦੀ ਹੱਦ ਤੱਕ ਇਕ ਸਾਂਝੀ ‘ਹੋਣੀ’ ਵਜੋਂ ਹੰਢਾਉਂਦੇ ਹਨ। ਪਰ ਫੇਰ ਵੀ ਉਹ ਸਾਂਝੇ ਮਸਲਿਆਂ ਦਾ ਸਾਂਝਾ ਹੱਲ ਤਲਾਸ਼ ਕਰਨ ਵਾਸਤੇ ਲੰਮਾ ਸਮਾਂ ਇਕ ਦੂਜੇ ਦੇ ਸਾਥ ਤੋਂ ਬਿਨਾ ਕੱਲੇ-ਕੈਰ੍ਹੇ ਹੀ ਟੱਕਰਾਂ ਮਾਰਦੇ ਰਹਿੰਦੇ ਹਨ। ਇਸ ਤਰਾਂ ਕਰਨ ਨਾਲ ਜਦੋਂ ਬਿਨਾ ਮਾਯੂਸੀ ਦੇ ਕੁੱਝ ਵੀ ਹੱਥ ਪੱਲੇ ਨਹੀਂ ਪੈਂਦਾ ਤਾਂ ਸਾਂਝ ਭਰੀ ਹੋਂਦ ਨੂੰ ਸੰਗਠਤ ਕਰਕੇ ਸਰਗਰਮ ਕਰਨ ਦੇ ਯਤਨ ਕੀਤੇ ਜਾਂਦੇ ਹਨ। ਜਿਸ ਦੇ ਸਿੱਟੇ ਵਜੋਂ ਵੱਖੋ-ਵੱਖ ਖਿੱਤਿਆਂ ਦੇ ਲੋਕਾਂ ਤੇ ਬੋਲੀਆਂ, ਉਨ੍ਹਾਂ ਦੇ ਪਿਛੋਕੜ ਅਤੇ ਸੱਭਿਆਚਾਰਕ ਰਵਾਇਤਾਂ, ਭੂਗੋਲਿਕ ਵੰਡਾਂ, ਸਮਾਜੀ, ਸਿਆਸੀ, ਅਤੇ ਆਰਥਿਕ ਖੇਤਰ ਅੰਦਰ ਨਾ-ਬਰਾਬਰੀ, ਵਖਰੇਵੇਂ ਅਤੇ ਬੇਇਨਸਾਫੀ ਭਰੀ ਪਿੱਠਭੂਮੀ ਅਤੇ ਪਿਛੋਕੜ ਦੇ ਦਰਸ਼ਣ ਹੁੰਦੇ ਹਨ। ਜਿਸ ਦੇ ਆਸਰੇ ਸੱਚ ਪਰਦੇ ਪਾੜ ਕੇ ਬਾਹਰ ਆਉਣ ਲਗਦਾ ਹੈ। ਕਬੀਲੇ ਵਾਲੇ ਪ੍ਰਬੰਧ ਤੋ ਸ਼ੁਰੂ ਹੋ ਕੇ ਅਜੋਕੇ ਯੁੱਗ ਦੇ ਸਮੇਂ ਵਾਲੇ ਇਤਿਹਾਸਕ ਵਿਕਾਸ ਤੱਕ ਦਾ ਆਲੋਚਨਾਤਮਕ ਅਤੇ ਘੋਖਵਾਂ ਜਾਇਜ਼ਾ ਲਿਆ ਜਾਂਦਾ ਹੈ। ਇਸ ਤਰ੍ਹਾਂ ਦੀ ਬੌਧਿਕਤਾਮੁਖੀ ਕਾਰਜ-ਸ਼ੈਲੀ ਦੇ ਆਸਰੇ ਵੱਖੋ ਵੱਖ ਫਿਰਕਿਆਂ ਅਤੇ ਲੋਕ ਸਮੂਹਾਂ ਦੇ ਰਿਵਾਜ਼ਾਂ ਅਤੇ ਧਾਰਮਿਕ ਧਾਰਨਾਵਾਂ/ਭਾਵਨਾਵਾਂ ਨਾਲ ਜਾਣ ਪਹਿਚਾਣ ਹੋਣ ਲਗਦੀ ਹੈ ਅਤੇ ਇਕ ਦੂਜੇ ਵਲ ਜਾਂਦੀਆਂ ਸ਼ੱਕੀ ਨਜ਼ਰਾਂ ਤੋ ਅੱਗੇ ਲੰਘਦਿਆਂ ਉਹਨਾਂ ਦੀ ਪਰਖ ਕਰਨ ਦੇ ਹਾਂਅ ਪੱਖੀ ਨਜ਼ਰੀਏ ਵਜੋਂ ਦੇਖਣ ਵਾਲੀ ਅੱਖ ‘ਪ੍ਰਗਟ’ ਹੁੰਦੀ ਹੈ। ਅਜਿਹਾ ਨਜ਼ਰੀਆਂ ਨਵੀਆਂ ਬਣੀਆਂ ਸਾਝਾਂ ਵਿਚੋਂ ਹੀ ਪੈਦਾ ਹੁੰਦਾ ਹੈ। ਵੱਖੋ ਵੱਖ ਲੋਕ ਸਮੂਹਾਂ, ਕੌਮੀਅਤਾਂ ਅਤੇ ਕੌਮਾਂ ਦੀਆਂ ਸਾਂਝੀਆਂ ਰਵਾਇਤਾਂ ਸਿਰਜਣ ਅਤੇ ਉਨ੍ਹਾਂ ਨੂੰ ਅੱਗੇ ਤੋਰਨ ਵਾਸਤੇ ਕਈ ਵਾਰ ਧਰਮ ਰੁਕਾਵਟ ਪੈਦਾ ਕਰਨ ਵਾਲਾ ਤੱਤ ਬਣ ਜਾਂਦਾ ਹੈ (ਇਹ ਬੇਸਮਝੀ ਕਰਕੇ ਹੀ ਹੁੰਦਾ ਹੈ) ਅਜਿਹਾ ਬਹੁਤ ਸਾਰੇ ਆਖਦੇ ਹਨ। ਜਦੋਂ ਕਿ ਇਹ ਵੀ ਧਾਰਨਾ ਹੈ ਕਿ ਧਰਮ ਮਨੁੱਖਾਂ ਨੂੰ ਜੋੜਦਾ ਅਤੇ ਮਨੁੱਖੀ ਸਾਂਝ ਨੂੰ ਪੱਕਿਆਂ ਕਰਦਾ ਹੈ। ਧਰਮ ਬਾਰੇ ਅਜਿਹਾ ਹੋਰ ਵੀ ਬਹੁਤ ਕੁੱਝ ਹੈ ਜੋ ਵਾਰ ਵਾਰ ਬਹਿਸਾਂ ਦਾ ਵਿਸ਼ਾ ਬਣਦਾ ਹੈ। ਪਰ ਅਮਲ ਵਿਚ ਫੈਸਲਾ ਕਰੂ ਨੁਕਤਾ ਇਹ ਹੋ ਜਾਂਦਾ ਹੈ ਕਿ ਧਰਮ ਦੀ ਸਰਪ੍ਰਸਤੀ (ਜਾਂ ਡੋਰ) ਕਿਹੜੇ ਹੱਥਾਂ ਵਿਚ ਹੈ? ਉਹਨਾ ‘ਹੱਥਾਂ’ ਦੀ ਅਸਲੀ ਇੱਛਾ ਤੇ ਮੰਤਵ ਕੀ ਹੈ? ਕੀ ਧਰਮ ਦੀ ਸਰਪ੍ਰਸਤੀ ਵਾਲੇ ਲੁਕਵੇਂ ਹੱਥ ਸਿਆਸੀ ਸਰਪ੍ਰਸਤੀ (ਘਟੀਆ) ਵਾਲੇ ਮਾਫੀਏ ਦੇ ਤਨਖਾਹਦਾਰ ਜਾਂ ‘ਬਿਨ-ਤਨਖਾਹੋ’ ਨੌਕਰ ਜਾਂ ਦੱਲੇ ਤਾਂ ਨਹੀ? ਜੇ ਅਜਿਹਾ ਹੋਵੇ ਤਾਂ ਧਰਮ ਦਾ ਅਸਲ ਗੁਆਚ ਜਾਂਦਾ ਹੈ , ਫੇਰ ਤਾਂ ਸਿਆਸੀ ਮਾਲਕਾਂ ਦੀ ਚਾਕਰੀ ਕਰਨ ਵਾਸਤੇ ‘ਫ਼ਤਵੇ’ ‘ਤਨਖਾਹਾਂ’ ਅਤੇ ‘ਧਾਰਮਿਕ’ ਸਜ਼ਾਵਾਂ (?) ਉੱਗਣ ਲੱਗ ਪੈਂਦੀਆਂ ਹਨ। ਪਿਆਰ ਅਤੇ ਸੱਚਾਈ ਵਾਲੇ ਫਲਸਫੇ ਦੇ ਫੱਟੇ ਹੇਠ ਪਾਪ ਅਤੇ ਝੂਠ ਪਲਣ ਲੱਗ ਪੈਂਦੇ ਹਨ। ਇਸ ਕਿਸਮ ਦੀ ਜਥੇਬੰਦਕ ‘ਧਾਰਮਿਕ ਜੂਠ’ ਚੰਗੇ ਮੰਦੇ ਦੀ ਪਰਖ ਕਰਨ ਦੀ ਥਾਂਵੇ ਦੂਜਿਆਂ ਨੂੰ ਜ਼ਲੀਲ ਕਰਨ ਲੱਗ ਪੈਂਦੀ ਹੈ। ਫੇਰ ਲੋਕ ਮਨਾਂ ਅੰਦਰ ਨਵੇਂ ਯੁੱਗ ਦੀ ਕੀਤੀ ਜਾ ਰਹੀ ਗੁੰਝਲਦਾਰ ਵਿਆਖਿਆ ਵਾਂਗ ਧਰਮ ਬਾਰੇ ਕੀਤੀ ਜਾਂਦੀ ਨਵੀਂ ਵਿਆਖਿਆ ਵੀ ਵਲ-ਫੇਰਾਂ ਤੋ ਮੁਕਤ ਨਹੀ ਰਹਿ ਜਾਂਦੀ। ਫੇਰ ਧਰਮ ਵਲੋਂ ‘ਜੋੜਨ’ ਵਾਲੀ ਸਰਬ ਪ੍ਰਵਾਨਤ ਸੱਚਾਈ ਤੋੜਨ ਵਾਲੀ ਫਿਤਰਤ ਦਾ ਰੂਪ ਧਾਰਨ ਕਰਨ ਲੱਗ ਪੈਂਦੀ ਹੈ। ਧਰਮ ਦਾ ਅਸਲ ਗੁਆਚਣ ਲੱਗ ਪੈਂਦਾ ਹੈ। ਇਥੋਂ ਹੀ ਧਰਮੀਆਂ ਅੰਦਰ ਵੀ ਧਰਮ ਪ੍ਰਤੀ ਡਾਵਾਂਡੋਲ ਜਹੀ ਉਦਾਸੀਨਤਾ ਪੈਦਾ ਹੋਣ ਲੱਗ ਪੈਂਦੀ ਹੈ।

-----

ਜਦੋ ਪੰਜਾਬੀ ਪਰਵਾਸੀਆਂ (ਉਂਜ ਇਹ ਸਾਰੇ ਪਰਵਾਸੀਆਂ ਦੀ ਸਾਂਝੀ ਗੱਲ ਹੀ ਹੈ) ਦੀ ਗੱਲ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਪਹਿਲਾਂ ਤਾਂ ਇਹ ਘਰ ਬੰਨ੍ਹਣ ਦਾ ਢੰਗ ਤਰੀਕਾ ਸੋਚਦੇ ਹਨ। ਇਹ ਬੜੀ ਕੌੜੀ ਸੱਚਾਈ ਹੈ ਕਿ ਇਸ ਖ਼ਲਜਗਣ ਵਿਚ ਕਈ ਸਾਰੇ ਕਸੂਤੇ ਫਸੇ ਹੋਣ ਕਰਕੇ ਪਹਿਲਾਂ ਤਾਂ ਆਮ ਕਰਕੇ ‘ਸੱਤਾਂ ਫੇਰਿਆਂ’, ‘ਚਾਰ ਲਾਵਾਂ’ ਅਤੇ ‘ਸ਼ਰਾ ਦੇ ਨਾਂ ਹੇਠ’ ਕੀਤੇ ਕੌਲ-ਕਰਾਰਾਂ ਵਾਲੀ ਸੱਚਾਈ ਤੋ ਮੁੱਖ ਮੋੜਦੇ ਹਨ। ‘ਮਜਬੂਰੀ’ ਦੇ ਬੇਲਣੇ ਵਿਚ ਫਸੇ ਹੋਣ ਦਾ ਬਹਾਨਾ ਲਾ ਕੇ ਝੂਠ ਦਾ ਮੌਹਰਾ ਚੱਟਦੇ ਹਨ। ਆਪਣੇ ਪ੍ਰੀਵਾਰ ਨਾਲ ਹੀ ਨਹੀਂ ਸਗੋਂ ਆਪਣੇ ਆਪ ਨਾਲ ਵੀ ਧੋਖਾ ਕਰਨ ਵਾਸਤੇ ਬੁਰੇ ਦੇ ਘਰ ਪੈਰ ਧਰਨ ਵਰਗਾ ਕੁਕਰਮ ਕਰਦੇ ਹਨ। ਪੁੱਠੇ-ਸਿੱਧੇ ਢੰਗ ਤਰੀਕੇ ਨਾਲ ਕਿਸੇ ਔਰਤ (ਉਮਰ ਦਾ ਖ਼ਿਆਲ ਕੀਤੇ ਬਿਨਾ) ਦੀ ਭਾਲ ਕਰਕੇ ਆਮ ਕਰਕੇ ਮੁੱਲ ਤਾਰ ਕੇ ਉਹਦੇ ਨਾਲ ਅੰਗਰੇਜ਼ੀ ਢੰਗ ਦੀਆਂ ਨਵੀਆਂ ਲਾਵਾਂ (ਫੇਰੇ ਜਾਂ ਨਿਕਾਹ) ਲੈਣ ਦਾ ਜੁਗਾੜ ਬੰਨਿਆ ਜਾਂਦਾ ਹੈ। ਜਿਸ ਦੇ ਆਸਰੇ ਉਹ ਆਪਣਾ ਟਿਕਾਣਾ ਪੱਕਾ ਹੋ ਗਿਆ ਸਮਝਣ ਲੱਗ ਪੈਂਦੇ ਹਨ ਅਤੇ ਆਪਣੇ ਪਿੰਡ ਵਾਲੇ ਭਾਈਚਾਰੇ ਵਿਚ ਉਹ ਆਪਣਾ ਰੁਤਬਾ/ਟੌਅਰ ਪਹਿਲਾਂ ਤੋਂ ਹੋਰ ਉੱਚਾ ਹੋ ਗਿਆ ਮਹਿਸੂਸ ਕਰਨ ਲੱਗ ਪੈਦੇ ਹਨ। ਪਰ ! ਇਸ ਦੇ ਬਦਲੇ ਵਿਚ ਤਾਰੀ ਹੋਈ ‘ਕੀਮਤ’ ਅੰਦਰੋ ਨਿੱਤ ਦਿਨ ਜਿਬਾਹ ਕਰਦੀ ਹੈ। ਨਿੱਤ ਦਿਹਾੜੇ ਉਹ ਆਪਣੀ ਹੀ ਬੁੱਕਲ਼ ਵਿਚ ਬਹਿ ਕੇ ਬੇਹਿਸਾਬੇ ਹੰਝੂ ਕੇਰਦੇ ਹਨ। ਕਈ ਸੰਵੇਦਨਸ਼ੀਲ ਮਨੁੱਖ ਇਸ ਤਣਾਉ ਗ੍ਰਸਤ ਸਥਿਤੀ ਦੇ ਸਿੱਟੇ ਵਜੋਂ ਅਣਦਿਸਦੇ ਮਾਨਸਿਕ ਰੋਗਾਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ।

-----

ਪਰਵਾਸ ਵਾਲੇ ਮੁਲਕਾਂ ਦੇ ਕਾਨੂੰਨਾਂ ਅਨੁਸਾਰ ਜਦੋ ਪੱਕੇ ਰਹਿਣ ਦਾ ਸਬੱਬ ਨਹੀ ਬਣਦਾ ਦਿਸਦਾ ਤਾਂ ਉਹ ਮਜਬੂਰ ਹੋ ਕੇ ਵਿਆਹ/ਨਿਕਾਹ ਕਰ ਲੈਣ ਦਾ ਰਾਹ ਲੱਭ ਲੈਦੇ ਹਨ। ਜਿਸ ਦੇ ਆਸਰੇ ਕੁੱਝ ਸਮੇਂ ਬਾਅਦ ਉਸਦੇ ਪਾਸਪੋਰਟ ਉੱਤੇ ਪੱਕੇ ਤੌਰ ਤੇ ਉਸ ਮੁਲਕ ਵਿਚ ਰਹਿਣ ਦੀ ਮੋਹਰ ਲੱਗ ਜਾਂਦੀ ਹੈ। ਪਰ ਇੱਥੇ ਨਵੀਂ ਸਮੱਸਿਆ ਜੋ ਪਿਛਲੇ ਕਿੰਨੇ ਹੀ ਸਾਲਾਂ ਤੋ ਲੱਗਭਗ ਅਜਿਹੇ ਲੋਕਾਂ ਦੇ ਰਾਹ ਦਾ ਰੋੜਾ ਬਣ ਬੈਠੀ ਹੈ ਕਿ ਕਾਨੂੰਨ ਮੁਤਾਬਿਕ ਵਿਆਹ ਤੋ ਬਾਅਦ ‘ਮੀਆਂ-ਬੀਵੀ’ ਨੂੰ ਤਿੰਨ ਤੋਂ ਪੰਜ ਸਾਲ ਤੱਕ ਦਾ ਸਮਾਂ ਇਕੱਠੇ ਰਹਿਣਾ ਪੈਦਾ ਹੈ। ਫੇਰ ਹੀ ਇਹ ਮੋਹਰ ਪੱਕੀ ਹੁੰਦੀ ਹੈ। ਕਾਫੀ ਸਾਰੇ ਲੋਕ ਅਜਿਹੀ ਉੱਖਲੀ ਵਿਚ ਸਿਰ ਦੇਣ ਤੋ ਬਾਅਦ ਇਹ ਸਮਾਂ ਵੀ ਕੱਢ ਹੀ ਲੈਂਦੇ ਹਨ। ਜਿਹੜੇ ਇਸ ਜ਼ਲਾਲਤ ਭਰੀ ਉੱਖਲੀ ਵਿਚੋ ਸਿਰ ਬਾਹਰ ਕੱਢਦੇ ਹਨ ਜਾਂ ਫੇਰ ਕੱਢਣ ਦਾ ਜਤਨ ਕਰਦੇ ਹਨ ਕਈ ਵਾਰ ਉਹ ਕਾਨੂੰਨ ਦੇ ਛਾਣਨੇ ਵਿਚੋਂ ਕਿਰ ਕੇ ਆਪਣੇ ਮੁਲਕੀਂ ਜਾ ਡਿਗਦੇ ਹਨ। ਜਿਨ੍ਹਾਂ ਜੋੜਿਆਂ ਦੇ ਬੱਚੇ ਹੋ ਜਾਂਦੇ ਹਨ, ਪ੍ਰਵਾਰਿਕ ਝਗੜੇ ਵੇਲੇ ਜਾਂ ਤਲਾਕ ਤੋਂ ਬਾਅਦ ਆਮ ਪ੍ਰਵਾਸੀ ਇਹ ਉਨ੍ਹਾਂ ਦੀ ਮਾਂ ਕੋਲ ਹੀ ਛੱਡ ਜਾਂਦੇ ਹਨ। ਇਨ੍ਹਾਂ ਹੀ ਪਰਵਾਸੀਆਂ ਵਿਚੋ ‘ਹੱਥ ਦੀ ਸਫਾਈ’ ਦੇ ਆਸਰੇ (ਮਿਹਨਤ ਨਾਲ ਨਹੀਂ) ਬਣੇ ਨਵੇਂ ਅਮੀਰਜ਼ਾਦਿਆਂ ਵਿਚੋਂ ਜਿਨ੍ਹਾਂ ਦੇ ਹੱਥ ਸੋਨੇ ਦੀਆਂ ਮੁੰਦਰੀਆਂ, ਛੱਲਿਆਂ, ਬਾਹੀਂ ਸੋਨੇ ਦੇ ਕੜੇ ਅਤੇ ਗਲ਼ ਸੋਨੇ ਦੀਆਂ ਜੰਜੀਰੀਆਂ, ਚੇਨਾਂ ਨਾਲ ਭਰੇ ਹੋਏ ਹੁੰਦੇ ਹਨ। ਪਿੰਡ ਨਵੀਂ ਕੋਠੀ ਉਸਰ ਰਹੀ ਹੁੰਦੀ ਹੈ। ਕਈ ਕਈ ਕਾਰੋਬਾਰਾਂ ਦੇ ਆਪਣੇ ਆਪ ਨੂੰ ਮਾਲਕ ਵੀ ਦੱਸਣ ਲੱਗ ਪੈਂਦੇ ਹਨ। ਉਨ੍ਹਾਂ ਦੇ ਆਪਣੇ ਬੱਚੇ ਸੋਸ਼ਲ ਸਕਿਉਰਟੀ (ਸਾਧਨ ਵਿਹੂਣੇ ਲੋਕਾਂ ਨੂੰ ਸਰਕਾਰ ਵਲੋ ਮਿਲਦੀ ਜੀਊਣ ਯੋਗ ਆਰਥਿਕ ਮੱਦਦ) ਦੇ ਭੱਤੇ ਉੱਤੇ ਹੀ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਤੰਗੀਆਂ-ਤੁਰਸ਼ੀਆਂ ਨਾਲ ਬੀਤਣ ਲਗਦੀ ਹੈ। ਆਰਥਿਕ ਪੱਖੋਂ ਉਹ ਤਰਸਯੋਗ ਹਾਲਤ ਹੰਢਾਉਂਦੇ ਹਨ। ਉਨ੍ਹਾਂ ਬੱਚਿਆਂ ਦਾ ਬਚਪਨ ਸਹੂਲਤਾਂ ਤੋ ਸੱਖਣਾ ਹੋ ਜਾਂਦਾ ਹੈ ਜਿਨ੍ਹਾਂ ਦੇ ਉਹ ਲੋੜਵੰਦ ਤੇ ਹੱਕਦਾਰ ਹੁੰਦੇ ਹਨ। ਉਨ੍ਹਾਂ ਬੱਚਿਆਂ ਦੀ ਸ਼ਖ਼ਸੀਅਤ ਦਾ ਪੂਰਨ ਵਿਕਾਸ ਨਹੀ ਹੁੰਦਾ ਅਤੇ ਉਨ੍ਹਾਂ ਦੇ ਅੰਦਰ ਸਵੈ-ਵਿਸ਼ਵਾਸ ਦੀ ਘਾਟ ਵੀ ਰਹਿ ਜਾਂਦੀ ਹੈ। ਇਸਦੇ ਜ਼ਿੰਮੇਵਾਰ ਉਹ ਬੱਚੇ ਨਹੀਂ ਉਨ੍ਹਾਂ ਦੇ ਨਾਲਾਇਕ ਮਾਪੇ ਹੁੰਦੇ ਹਨ।

------

ਸਮਾਂ ਬੀਤਣ ਨਾਲ ਇਨ੍ਹਾਂ ਪਰਵਾਸੀਆਂ ਦੇ ਬੱਚਿਆਂ ਵਿਚੋਂ, ਬਹੁਤ ਸਾਰੇ ਪਰਦੇਸੀਆਂ ਦੇ ਖ਼ਿਲਾਫ਼ ਵੀ ਹੋ ਜਾਂਦੇ ਹਨ। ਇਨ੍ਹਾਂ ਪਰਵਾਸੀਆਂ ਨੇ ਆਪਣੇ ਹੀ ਖ਼ੂਨ, ਆਪਣੇ ਹੀ ਬੇਕਸੂਰ ਮਾਸੂਮ ਬੱਚਿਆਂ ਦੇ ਮਨਾਂ ਉੱਤੇ ਨਫ਼ਰਤ ਦੀ ਇਬਾਰਤ ਵੀ ਖ਼ੁਦ ਆਪਣੇ ਹੀ ਹੱਥੀਂ ਲਿਖੀ ਹੁੰਦੀ ਹੈ। ਇਸ ਮਸਲੇ ਬਾਰੇ ਕਿਸੇ ਹੋਰ ਦੇ ਮੱਥੇ ਦੋਸ਼ ਮੜ੍ਹਨਾ ਉਨ੍ਹਾਂ ਨੂੰ ਸ਼ੋਭਾ ਨਹੀ ਦਿੰਦਾ। ਮੇਮ ਨਾਲ ‘ਵਿਆਹ’ ਅਤੇ ਬੱਚਿਆਂ ਦੇ ਜੰਮਣ ਦੀ ਖ਼ੁਸ਼ੀ ਵਿਚ ਮਾਪਿਆਂ ਵਲੋ ਕਰਵਾਏ ਅਖੰਡਪਾਠਾਂ, ਜਗਰਾਤਿਆਂ ਅਤੇ ‘ਗੌਣ’ ਵਾਲੇ ਸੱਦ ਕੇ ਲਾਏ ਅਖਾੜਿਆਂ ਦੀਆਂ ਬਣਾਈਆਂ ‘ਮੂਵੀਆਂ’ ਟੈਲੀਵੀਜ਼ਨ ਵਿਚੋ ਦੇਖਦਿਆਂ ਮੂੰਹ ਚਿੜਾਉਂਦੀਆਂ ਅਤੇ ਲਾਅਨਤਾਂ ਪਾਉਣ ਲੱਗ ਪੈਦੀਆਂ ਹਨ। ਬਹੁਤੇ ਅਜਿਹੇ ਸਮੇਂ ਦੇ ਦਰਦ ਨੂੰ ਵਿਸਕੀ ਦੇ ਘੁੱਟ ਨਾਲ ਥੱਲੇ ਲੰਘਾ ਕੇ ਦੱਬ ਦੇਣ ਦਾ ਭਰਮ ਪਾਲਦੇ ਹਨ। ਪਰ ਇਹ ਸਮੱਸਿਆ ਇਸ ਤੋਂ ਬਹੁਤ ਡੂੰਘੀ ਤੇ ਘਿਨਾਉਣੀ ਹੈ। ਬੱਸ! ਇਹਨੂੰ ਹੰਢਾਉਣ ਵਾਲਾ ਹੀ ਇਸ ਦੀ ਵਿਆਖਿਆ ਕਰ ਸਕਦਾ ਹੈ।

-----

ਕਾਫੀ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਨੇ ਕਿਸੇ ਬੀਬੀ/ਬੇਬੇ ਨੂੰ ਪੈਸੇ ਦੇ ਕੇ ਵਿਆਹ ਜਾਂ ਨਿਕਾਹ ਕਰਵਾਇਆ ਹੁੰਦਾ ਹੈ। ਪਰ ਅਜਿਹੀਆਂ ਮੁੱਲ ਦੀਆਂ ਤੀਵੀਆਂ ਸਿਰਫ਼ ਵਿਆਹ ਵਾਲੇ ਕਾਗ਼ਜ਼ਾਂ ਤੇ ਦਸਖ਼ਤ ਹੀ ਕਰਦੀਆਂ ਹਨ। ਖਾਨਾਪੂਰਤੀ ਦੀ ਖ਼ਾਤਿਰ ਰਿਹਾਇਸ਼ ਦੀ ਰਜਿਸਟਰੇਸ਼ਨ ਵੀ ਇਕੱਠੀ ਹੁੰਦੀ ਹੈ। ਉਂਜ ਉਹ ਆਪਣਾ ਜੀਵਨ ਆਪਣੇ ਦੋਸਤਾਂ ਨਾਲ ਹੀ ਗੁਜ਼ਾਰਦੀਆਂ ਹਨ। ਕਈ ਔਰਤਾਂ ਸੌਦੇ ਦੇ ਸਾਰੇ ਪੈਸੇ ਇਕੱਠੇ ਹੀ ਵਸੂਲ ਕਰ ਲੈਦੀਆਂ ਹਨ, ਪਰ ਕਈ ‘ਭਲੇ’ ਦੇ ਲਿਹਾਜ਼ ਨਾਲ ਕਿਸ਼ਤਾਂ ਵੀ ਕਰ ਲੈਂਦੀਆਂ ਹਨ। ਇਸ ਤਰਾਂ ਦੀਆਂ ਔਰਤਾਂ ਆਮ ਕਰਕੇ ਏਜੰਟਾਂ ਰਾਹੀ ਲੱਭੀਆਂ ਜਾਂਦੀਆਂ ਹਨ। ਉਂਜ ਜੇ ਕਿਸੇ ਨੂੰ ਚਕਲੇ ਵਿਚੋਂ ਵੀ ਕੋਈ ਔਰਤ ਲੱਭ ਜਾਵੇ ਤਾਂ ਵੀ ਕੋਈ ਹਰਜ਼ ਨਹੀ ਸਮਿਝਆ ਜਾਂਦਾ। ਬਣ ਗਈ ਨਵੀ ਅਖਾਣ ਵਾਂਗ ‘ਸਭ ਚੱਲਦਾ ਹੈ’ ਆਪਣੇ ਲੋਕ ਮੇਮ ਦੇ ਆਸਰੇ ਆਪਣੇ ਆਪ ਨੂੰ ‘ਇੱਜ਼ਤਦਾਰ’ ਹੀ/ਵੀ ਸਮਝਦੇ ਹਨ। ਪਿਛਲੇ ਘਰ ਵਾਲੇ ਪਿੰਡ ਵਿਚ ਇਸ ਕਰਕੇ ਖ਼ੁਸ਼ ਹੋ ਕੇ ਟੌਅਰ ਨਾਲ ਤੁਰਦੇ ਹਨ ਕਿ ਸਾਡੇ ਮੁੰਡੇ ਦੇ ਘਰ ਮੇਮ ਵਸਦੀ ਐ। ਉਹ ਵਿਚਾਰੇ ਕੀ ਜਾਨਣ ਅਸਲੀਅਤ? ਕਿ ਮੁੰਡੇ ਦੇ ਘਰ ਮੇਮ ਵਸਦੀ ਐ ਕਿ ਮੇਮ ਦੇ ਘਰ ਮੁੰਡਾ ਵਸਦਾ ਹੈ? ਬਹੁਤ ਸਾਰਿਆਂ ਵਾਸਤੇ ਸ਼ਾਇਦ ਇਹ ਹੈਰਾਨੀ ਦੀ ਗੱਲ ਹੋਵੇ ਕਿ ਪਰਵਾਸੀਆਂ ਨੇ ਪੱਕੇ ਹੋਣ ਖਾਤਰ ਉਨ੍ਹਾਂ ਮੁਲਕਾਂ ਵਿਚ ਜਿਵੇਂ ਹਾਲੈਡ, ਡੈਨਮਾਰਕ, ਸਵੀਡਨ ਬਗੈਰਾ ਜਿੱਥੇ ਸਮਲਿੰਗੀਆਂ (ਹੋਮੋਸੈਕਸੂਅਲ) ਨੂੰ ਵਿਆਹ ਕਰਵਾਉਣ ਦਾ ਕਾਨੂੰਨੀ ਹੱਕ ਹੈ, ਆਪਣੇ ਆਪ ਨੂੰ ਸਮਲਿੰਗੀ ਕਹਾਉਣ ਤੋ ਵੀ ਪਰਹੇਜ਼ ਨਹੀਂ ਕੀਤਾ। ਇਸ ਕਿਸਮ ਦੇ ਬੁੱਢੇ ਲੱਭ ਕੇ ਉਨ੍ਹਾਂ ਦੇ ਖਾਵੰਦ ਬਣਨ ਦੇ ਇੱਛੁਕ, ਪੱਕੇ ਹੋਣ ਦੀ ਆਸ ਲੈ ਕੇ ਉਨ੍ਹਾਂ ਦੇ ਨਾਲ ਹੀ ਰਿਹਾਇਸ਼ ਰੱਖਣ ਤੱਕ ਪਹੁੰਚ ਗਏ ਅਤੇ ਨਿਕਾਹ ਪੜ੍ਹਾਉਣ ਦੇ ਜਤਨ ਵੀ ਕੀਤੇ। ਇੱਥੋਂ ਤੱਕ ਕਿ ਅਜਿਹੀ ਸਥਿਤੀ ਦੇਖ ਕੇ ਸਵੀਡਨ ਵਰਗੇ ਉਦਾਰਵਾਦੀ ਮੁਲਕ ਦੀ ਸਰਕਾਰ ਨੂੰ ਇਸ ਕਾਨੂੰਨ ਵਿਚ ਹੀ ਤਬਦੀਲੀ ਕਰਨੀ ਪਈ ਕਿ ਜਮਾਂਦਰੂ ਸਵੀਡਿਸ਼ ਹੀ ਅਜਿਹੇ ਵਿਆਹ ਦੇ ਹੱਕਦਾਰ ਹੋਣਗੇ। ਅਜਿਹੀ ਸਥਿਤੀ ਉੱਤੇ ਟਿੱਪਣੀ ਦੀ ਗੁੰਜਾਇਸ਼ ਹੀ ਕੋਈ ਨਹੀਂ ਰਹਿੰਦੀ। ਉਹ ਲੋਕ ਸਿਰਫ਼ ਤਰਸ ਭਾਵਨਾ ਦੇ ਹੱਕਦਾਰ ਰਹਿ ਜਾਂਦੇ ਹਨ।

-----

ਆਮ ਪਰਵਾਸੀ ਬੰਦਾ ਜੀਹਦੇ ਵਿਚ ਪੰਜਾਬੀ ਵੀ ਸ਼ਾਮਲ ਹਨ, ਉਨ੍ਹਾਂ ਦੀ ਬਹੁਗਿਣਤੀ ਦੂਸਰੇ ਸਮਾਜ ਅੰਦਰਲੀਆਂ ਚੰਗੀਆਂ ਆਦਤਾਂ/ਗੱਲਾਂ ਅਪਨਾਉਣ ਵਾਸਤੇ ਤਾਂ ਭਾਵੇ ਦੇਰ ਕਰ ਦੇਵੇ ਪਰ ਭੈੜੀਆਂ ਆਦਤਾਂ ਬੜੀ ਛੇਤੀ ਫੜਦੇ ਹਨ। ਨਸ਼ਿਆਂ ਦੀ ਵਰਤੋਂ ਦੇ ਰਾਹੇ ਪੈਣਾ ਜਾਂ ਕਿਸੇ ਤਰਾਂ ਵੀ ਅਮੀਰ ਹੋਣ ਦੀ ਲਾਲਸਾ ਪੂਰੀ ਕਰਨ ਵਲ ਤੁਰਨ ਲੱਗਿਆਂ ਉਹ ਮਹਾਂਪੁਰਸ਼ਾਂ ਦੇ ਬੋਲਾਂ ਵਲ ਵੀ ਪਿੱਠ ਕਰ ਲੈਦੇ ਹਨ. ਇੱਥੇ ਚੇਤੇ ਰੱਖਣ ਦੀ ਗੱਲ, ਬਾਬੇ ਨਾਨਕ ਨੇ ਕਿਹਾ ਸੀ ਕਿ ‘ਪਾਪਾਂ ਬਾਂਝਹੁੰ ਹੋਇ ਨਾਹੀ............’ ਆਦਿ ਵਰਗੇ ਕੀਮਤੀ ਪ੍ਰਵਚਨ ਵੀ ਉਹ ਲੋਕ ਭੁੱਲ ਜਾਂਦੇ ਹਨ. ਬਹੁਤ ਹੀ ਘੱਟ ਲੋਕ ਹੋਣਗੇ ਜਿਹੜੇ ਦਸਾਂ ਨਹੁੰਆਂ ਦੀ ਕਿਰਤ/ਮਿਹਨਤ ਨਾਲ ਅਮੀਰ ਹੋਏ ਹੋਣਗੇ ਨਹੀਂ ਤਾਂ ਬਾਈਪਾਸ ਦੇ ਰਸਤੇ..............

-----

ਸਮਾਂ ਗੁਜ਼ਰ ਜਾਣ ਤੋ ਬਾਅਦ ਘਰ ਪੱਕਾ ਹੋ ਗਿਆ ਸਮਝ ਕੇ ਪਿੰਡੋਂ ਪਹਿਲੀ (ਜੋ ਮਰ ਗਈ ਜਾਂ ਤਲਾਕਸ਼ੁਦਾ ਦੱਸੀ ਗਈ ਹੁੰਦੀ ਹੈ) ਪਤਨੀ ਜਾਂ ਨਵੀਂ ਬੀਵੀ ਨੂੰ ਮੰਗਵਾਇਆ ਜਾਂਦਾ ਹੈ। ਬੱਚੇ ਹੋਣ ਦੀ ਸੂਰਤ ਵਿਚ ਉਨ੍ਹਾਂ ਦਾ ਪਾਲਣ ਪੋਸ਼ਣ ਪਿੰਡ ਵਾਂਗ ਹੀ ਕੀਤਾ ਚਾਹੁੰਦੇ ਹਨ ਪਰ ਇਹ ਬਿਲਕੁਲ ਸੰਭਵ ਨਹੀ ਹੁੰਦਾ। ਭੰਡਣਯੋਗ ਗੱਲ ਇਹ ਹੈ ਕਿ ਅਖੌਤੀ ਉੱਚੀਆਂ ਜਾਤਾਂ ਦੇ ਲੋਕ ਆਪਣੇ ਬੱਚਿਆਂ ਨੂੰ ਇੱਥੋਂ ਦੇ ਜਾਤ ਰਹਿਤ ਸਮਾਜ ਅੰਦਰ ਵੀ ਆਪਣੀ ਜਾਤ ਵਾਰ-ਵਾਰ ਦੱਸਦੇ ਰਹਿੰਦੇ ਹਨ ਇਹ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ। ਪਰ ਇਹ ਮੂਰਖ ਨਾਥ ਬੀਨ ਵਜਾਉਣੋਂ ਵਾਹ ਲਗਦੀ ਟਲ਼ਦੇ ਨਹੀਂ। ਉਨ੍ਹਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਬੱਚਿਆਂ ਨੇ ਜਾਤ-ਪਾਤ ਵਾਲੀ ਗੱਲ ਸਮਝਣੀ ਨਹੀਂ, ਨਾ ਹੀ ਉਹ ਸਮਝਦੇ ਹਨ ਅਤੇ ਨਾ ਹੀ ਸਮਝਣੀ ਚਾਹੁੰਦੇ ਹਨ। ਕਿਉਂਕਿ ਜਿਸ ਸਮਾਜ ਵਿਚ ਉਹ ਜੰਮੇ ਤੇ ਪਲ ਰਹੇ ਹੁੰਦੇ ਹਨ, ਉੱਥੇ ਜਾਤ- ਪਾਤ ਦਾ ਸੰਕਲਪ ਹੀ ਨਹੀਂ, ਫੇਰ ਉਹ ਕਿਵੇਂ ਸਮਝਣ? ਅਤੇ ਕਿਉਂ ਸਮਝਣ? ਜੇ ਬੱਚੇ ਕੁੱਝ ਵੱਡੇ ਹੋਣ ਤਾਂ ਉਹ ਜਾਤ ਪਾਤ ਬਾਰੇ ਮਾਪਿਆਂ ਨੂੰ ਇੰਨੇ ਡੂੰਘੇ ਸਵਾਲ ਕਰਦੇ ਹਨ ਕਿ ਮਾਪਿਆਂ ਨੂੰ ਕੋਈ ਜਵਾਬ ਨਹੀ ਅਹੁੜਦਾ ਤੇ ਉਹ ਬਿਟਰ-ਬਿਟਰ ਝਾਕਦੇ ਹਨ ਅਤੇ ‘ਬੱਚੇ ਸਾਡੇ ਅੱਗੇ ਬੋਲਦੇ ਹਨ’ ਆਖ ਕੇ ਉਨ੍ਹਾਂ ਦੇ ਸਵਾਲਾਂ ਤੋਂ ਮੂੰਹ ਵੱਟਣ ਲੱਗ ਪੈਂਦੇ ਹਨ। ਦਰਅਸਲ ਇਹ ਸਵਾਲ ਮਾਪਿਆਂ ਨੇ ਖ਼ੁਦ ਹੀ ਵਾਰ ਵਾਰ ਦੁਹਰਾ ਕੇ ਬੱਚਿਆਂ ਦੇ ਮੂੰਹ ਵਿਚ ਪਾਏ ਹੁੰਦੇ ਹਨ। ਪਰ ਹੁਣ ਉਨ੍ਹਾਂ ਕੋਲ ਜਵਾਬ ਕੋਈ ਨਹੀਂ ਹੁੰਦਾ। ਆਪਣੀ ਮੂਰਖਤਾ ਦਾ ਬੋਝ ਬੱਚਿਆਂ ਦੇ ਮੋਢਿਆਂ ’ਤੇ ਧਰਨ ਦਾ ਕਮੀਨਾ ਜਤਨ ਕਰਦੇ ਹਨ ਅਤੇ ਕਸੂਰਵਾਰ ਵੀ ਬੱਚਿਆਂ ਨੂੰ ਹੀ ਦੱਸਦੇ ਹਨ।

-----

ਇਸ ਤਰਾਂ ਹੀ ਕਈ ਹੋਰ ਖੇਤਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਅਜਿਹੀ ਸਥਿਤੀ ਵਿਚ ਤਾਂ ਮਾਂ ਬੋਲੀ ਦਾ ਸੰਕਲਪ ਵੀ ਬਦਲ ਜਾਂਦਾ ਹੈ। ਜਿਹੜੇ ਬੱਚੇ ਜਿਸ ਖਿੱਤੇ ਵਿਚ ਜੰਮਦੇ ਹਨ ਉਹਨਾ ਦੀ ਮਾਂ ਬੋਲੀ ਉਸ ਖਿਤੇ ਅੰਦਰਲੀ ਜ਼ੁਬਾਨ ਨੇ ਹੀ ਬਣਨਾ ਹੁੰਦਾ ਹੈ ਨਾ ਕਿ ਜਨਮ ਦੇਣ ਵਾਲੀ ਪਰਦੇਸਣ ਮਾਂ ਦੀ ਬੋਲੀ ਨੇ। ਜਿਸ ਚੌਗਿਰਦੇ ਵਿਚ ਇਨ੍ਹਾਂ ਬੱਚਿਆਂ ਦਾ ਜਨਮ, ਪਾਲਣ-ਪੋਸ਼ਣ ਤੇ ਵਿਕਾਸ ਹੁੰਦਾ ਹੈ, ਉਹ ਵੱਡੇ ਹੁੰਦੇ ਹਨ, ਉੱਥੇ ਪਹਿਲੇ ਕਦਮ ਤੋਂ ਹੀ ਉਨ੍ਹਾਂ ਦਾ ਕਿਸੇ ਹੋਰ ਬੋਲੀ ਜਿਵੇ ਜਰਮਨ, ਫਰੈਂਚ, ਇਟਾਲੀਅਨ, ਡੱਚ, ਯੂਨਾਨੀ, ਸਪੇਨੀ ਤੇ ਅੰਗਰੇਜ਼ੀ ਆਦਿ ਨਾਲ ਪੈਂਦਾ ਹੈ। ਕਿੰਡਰਗਾਰਟਨ (ਨਰਸਰੀ) ਤੋਂ ਸ਼ੁਰੂ ਹੋ ਕੇ ਵੱਡੀਆਂ ਡਿਗਰੀਆਂ ਤੱਕ ਦੀ ਪੜ੍ਹਾਈ ਇਨ੍ਹਾਂ ਮੁਲਕਾਂ ਦੀ ਆਪਣੀ ਜ਼ੁਬਾਨ ਵਿਚ ਹੋਣੀ ਹੁੰਦੀ ਹੈ। ਫੇਰ ਭਲਾਂ ਉਨ੍ਹਾਂ ਦੀ ਮਾਂ ਬੋਲੀ ਕਿਵੇਂ ਕੋਈ ਹੋਰ ਹੋਈ? ਕਈ ਲੋਕ ਅਜੇ ਵੀ ਮਾਂ ਬੋਲੀ ਦੇ ਸੰਕਲਪ ਨੂੰ ਮੱਧਯੁਗੀ ਤਰਕਾਂ ਵਾਲੇ ਗਜ਼ਾਂ ਦੇ ਸਹਾਰੇ ਮਿਣਦੇ ਹਨ, ਜੋ ਬਿਲਕੁਲ ਹੀ ਜਾਇਜ਼ ਨਹੀਂ। ਇਹਨੂੰ ਗ਼ੈਰ-ਵਿਗਿਆਨਕ ਨਜ਼ਰੀਆ ਹੀ ਆਖਿਆ ਜਾ ਸਕਦਾ ਹੈ।

-----

ਆਪਣੇ ਜੀਊਂਦੇ ਜੀਅ ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪਾਲਣ ਵਾਲੇ ਲੋਕ ਕਈ ਵਾਰ ਸਿਰਫ਼ ਭਾਵਨਾਤਮਕ ਪੱਧਰ ਤੇ ਸੋਚਦੇ ਹਨ, ਦਲੀਲ ਨਾਲ ਨਹੀਂ। ਆਪਣੀ ਮਾਂ ਬੋਲੀ ਦਾ ਸੰਚਾਰ (ਜਿਹੜੀ ਉਹ ਨਾਲ ਲੈ ਕੇ ਆਏ ਹੁੰਦੇ ਹਨ) ਆਪਣੇ ਬੱਚਿਆਂ ਰਾਹੀਂ ਕਰਦੇ ਹਨ। ਬੱਚੇ ਭਾਵੇਂ ਟੁੱਟੀ-ਫੁੱਟੀ ਹੀ ਸਹੀ ਜਦੋਂ ਉਨ੍ਹਾਂ ਦੀ ਜ਼ੁਬਾਨ ਬੋਲਦੇ ਹਨ ਤਾਂ ਮਾਪੇ ਖ਼ੁਸ਼ ਹੁੰਦੇ ਹਨ। ਸ਼ਾਇਦ ਗਾਲਿਬ ਨੂੰ ਚੇਤੇ ਕਰਦੇ ਹੋਣ -‘ਦਿਲ ਕੋ ਬਹਿਲਾਨੇ ਕੇ ਲੀਏ ਗਾਲਿਬ ਯੇਹ ਖ਼ਿਆਲ ਅੱਛਾ ਹੈ’। ਕਈ ਥਾਂ (ਇੰਗਲੈਡ, ਕਨੇਡਾ ਬਗੈਰਾ ਅਤੇ ਸਕੈਂਡੇਨੇਵੀਅਨ ਮੁਲਕ) ਇਹ ਸਹੂਲਤ ਵੀ ਹੈ ਕਿ ਭਾਰੀ ਬਹੁ-ਗਿਣਤੀ ਹੋਣ ਕਰਕੇ ਸਕੂਲੀ ਸਿਲੇਬਸਾਂ ਵਿਚ ਘੱਟ ਗਿਣਤੀ ਦੀਆਂ ਅਜਿਹੀਆਂ ਜ਼ੁਬਾਨਾਂ (ਪੰਜਾਬੀ ਆਦਿ) ਨੂੰ ਵੀ ਥਾਂ ਮਿਲ ਜਾਂਦੀ ਹੈ। ਇਹ ਲੋਕ ਘੋਲਾਂ ਦਾ ਸਿੱਟਾ ਹੀ ਹੈ। ਇਸ ਕਰਕੇ ਹੀ ਲੋਕ ਬਹੁਤ ਕੁਝ ਗੁਆਚ ਗਏ ਵਿਚੋਂ ਕੁੱਝ ਕੁ ਬਚ ਗਏ ਦਾ ਮਿੱਠਾ ਅਹਿਸਾਸ ਪਾਲਦੇ ਹਨ। ਛੁੱਟੀਆਂ ਵੇਲੇ ਪਿੰਡ ਫੇਰਾ ਮਾਰਨ ਸਮੇਂ ਇਸ ਟੁੱਟੀ-ਫੁੱਟੀ ਜ਼ੁਬਾਨ ਦੇ ਸਹਾਰੇ ਬੱਚੇ ਆਪਣੇ ਵਡੇਰਿਆਂ ਤੇ ਰਿਸ਼ਤੇਦਾਰਾਂ ਨਾਲ ਥੋੜ੍ਹੀ ਬਹੁਤੀ ਗੱਲਬਾਤ ਕਰ ਲੈਂਦੇ ਹਨ ਅਤੇ ਆਪਣੇ ਮਾਪਿਆਂ ਨੂੰ ਦੁਭਾਸ਼ੀਏ ਬਨਾਉਣ ਦਾ ਉਨ੍ਹਾਂ ’ਤੇ ਬੋਝ ਵੀ ਨਹੀਂ ਪਾਉਦੇ ਤੇ ਇਸ ਦੇ ਆਸਰੇ ਹੀ ਆਪਣੇ ਵਡੇਰਿਆਂ ਦੀਆਂ ਸੱਭਿਆਚਾਰਕ ਰਵਾਇਤਾਂ ਵਿਚੋ ਕੁੱਝ ਫੜ ਲੈਣ ਵਿਚ ਆਪਣੇ ਆਪ ਨੂੰ ਕਾਮਯਾਬ ਹੋ ਗਿਆ ਸਮਝਦੇ ਹਨ।

-----

ਪਰਵਾਸੀਆਂ ਨੂੰ ਕਈ ਵਾਰ ਪਿੱਛੇ ਮੁੜ ਜਾਣ ਦੀ ਝਾਕ ਵੀ ਰਹਿੰਦੀ ਹੈ ਪਰ ਵਿਰਲੇ ਟਾਂਵੇ ਨੂੰ ਛੱਡ ਕੇ ਇਹ ਸੱਚ ਕਦੇ ਵੀ ਨਹੀਂ ਹੁੰਦਾ। ਪਰਵਾਸੀਆਂ ਕੋਲ ਸ਼ਾਇਦ ਵਾਪਸ ਮੁੜਨ ਦੀ ਸੱਤਿਆ ਹੀ ਨਹੀ ਰਹਿੰਦੀ। ਇਹ ਵੀ ਸੱਚ ਹੀ ਹੈ ਕਿ ਜਿਹੜੀ ਪਰਵਾਸੀਆਂ ਦੇ ਬੱਚਿਆਂ ਦੀ ਜਨਮਭੂਮੀ ਹੁੰਦੀ ਹੈ ਉਹ ਹੀ ਉਨ੍ਹਾਂ (ਪਰਵਾਸੀਆਂ ਦੀ ਪਹਿਲੀ ਪੀੜ੍ਹੀ) ਦੀ ਮਰਨ ਭੂਮੀ ਬਣ ਜਾਂਦੀ ਹੈ। ਬਾਕੀ ਖ਼ਿਆਲ ਭਰਮ ਜਾਲ ਤੋਂ ਵੱਧ ਕੁਝ ਵੀ ਨਹੀਂ ਹੁੰਦੇ। ਸਿਆਸਤ ਵੱਲੋਂ ਪਾਈਆਂ ਜਾਂਦੀਆਂ ਵੰਡੀਆਂ ਜਿਨ੍ਹਾਂ ਦਾ ਮਕਸਦ ਕੌਮਾਂਤਰੀ ਪੱਧਰ ਤੇ ਨਵ-ਬਸਤੀਵਾਦ ਨੂੰ ਹਵਾ ਦੇਣਾ ਅਤੇ ਨਵੀਆਂ ਮੰਡੀਆਂ ਦੀ ਭਾਲ ਕਰਕੇ ਗ਼ਰੀਬ ਮੁਲਕਾਂ ਦੀ ਆਰਥਿਕ ਲੁੱਟ ਕਰਨ ਦੇ ਨਾਲ ਹੀ ਸਿਆਸੀ ਤੇ ਸੱਭਿਆਚਾਰਕ ਗਲਬਾ ਕਾਇਮ ਕਰਨ ਦੇ ਜਤਨ ਕਰਨਾ ਵੀ ਹੁੰਦਾ ਹੈ। ਦੁਨੀਆਂ ਦੇ ਨਕਸ਼ੇ ਤੇ ਪਰਵਾਸ ਰਾਹੀ ਸੱਭਿਆਚਾਰਕ ਸਾਂਝ ਵੀ ਫੈਲਦੀ ਹੈ। ਕਲਾ ਅਤੇ ਸਾਹਿਤ ਆਪਣੇ ਯੋਗਦਾਨ ਰਾਹੀ ਲੋਕਾਂ ਨੂੰ ਭੈਅ ਮੁਕਤ ਕਰਨ ਦੇ ਕਾਰਜ ਰਸਤੇ ਲੋਕਾਂ ਨੂੰ ਨੇੜੇ ਲਿਆਉਣ ਅਤੇ ਹੋਸ਼ਮੰਦ ਲੋਕਾਂ ਦੇ ਨਵੇ ਭਾਈਚਾਰੇ ਦੀ ਸਿਰਜਣਾ ਵਿਚ ਮੱਦਦ ਕਰਦੇ ਹਨ। ਬਦਲਦੇ ਸਮੇਂ ਨਾਲ ਹਰ ਖੇਤਰ ਨੇ ਸਾਂਝੀਆਂ ਸਰਗਰਮੀਆਂ ਰਾਹੀ ਸਰੂਪ ਵਟਾਉਣਾ ਹੀ ਹੁੰਦਾ ਹੈ।


Sunday, March 7, 2010

ਸ਼ਾਮ ਸਿੰਘ (ਅੰਗ ਸੰਗ) - ਅਸੀਮ ਤੇ ਖੁੱਲ੍ਹੇ ਅੰਬਰ ਹੇਠਾਂ ਤੰਗ-ਦਿਲੀ ਕਿਉਂ ਅਪਣਾਈਏ- ਲੇਖ

ਅਸੀਮ ਤੇ ਖੁੱਲ੍ਹੇ ਅੰਬਰ ਹੇਠਾਂ ਤੰਗਦਿਲੀ ਕਿਉਂ ਅਪਣਾਈਏ

ਲੇਖ

ਅੰਬਰ ਤਾਂ ਸਦੀਆਂ ਤੋਂ ਅਸੀਮ ਅਤੇ ਖੁੱਲ੍ਹਾ ਹੈ ਕਦੇ ਵੀ ਤੰਗ ਨਹੀਂ ਰਿਹਾ। ਸ਼ੁਰੂ ਤੋਂ ਹੁਣ ਤੱਕ ਖੁੱਲ੍ਹਾ ਹੀ ਚਲਿਆ ਆ ਰਿਹਾ ਅਤੇ ਪਤਾ ਨਹੀਂ ਕਦੋਂ ਤੱਕ ਇਸੇ ਤਰ੍ਹਾਂ ਦੀ ਮੌਜੂਦਾ ਬਣਤਰ ਵਿਚ ਬਣਿਆ ਰਹੇ। ਜਿੱਥੋਂ ਤੱਕ ਮਨੁੱਖ ਦੀ ਨਜ਼ਰ ਜਾਂਦੀ ਹੈ ਉੱਥੋਂ ਤੱਕ ਇਸ ਦੀ ਹੱਦ ਨਹੀਂ ਦੇਖੀ ਜਾ ਸਕਦੀ। ਦਿਲ ’ਚੋਂ ਉਠਦੇ ਜਜ਼ਬੇ ਅਤੇ ਜ਼ਿਹਨੀ ਸੋਚ ਵੀ ਇਸਦੇ ਆਖਰੀ ਸਿਰਿਆਂ ਤੱਕ ਨਹੀਂ ਪਹੁੰਚ ਸਕਦੀ। ਭਾਵੇਂ ਮਨੁੱਖ ਨੇ ਕੁਦਰਤ ਦੀ ਅਸੀਮਤਾ ਅਤੇ ਖੁੱਲ੍ਹ ਦੇ ਕਾਫੀ ਭੇਤਾਂ ਦਾ ਪਤਾ ਲਾਉਣ ਵੱਲ ਕਦਮ ਪੁੱਟੇ ਨੇ, ਫੇਰ ਵੀ ਮਨੁੱਖ ਇਨ੍ਹਾਂ ਦਾ ਬਹੁਤ ਕੁਝ ਜਾਨਣ ਦੇ ਅਜੇ ਸਮਰੱਥ ਨਹੀਂ ਹੋ ਸਕਿਆ।

-----

ਧਰਤੀ ’ਤੇ ਵਸਦਾ ਮਨੁੱਖ ਰੋਜ਼ ਅੰਬਰ ਦੇਖਦਾ ਹੈ, ਇਸਦਾ ਖੁੱਲ੍ਹਾਪਣ ਵੀ ਤੇ ਅਸੀਮਤਾ ਵੀ, ਪਰ ਇਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਲਈ ਤਿਆਰ ਨਹੀਂ ਹੋਇਆ। ਜੇ ਉਸ ਨੇ ਅਜਿਹਾ ਕੀਤਾ ਹੁੰਦਾ ਤਾਂ ਸਮਾਜ ਅਤੇ ਜੀਵਨ ਦੇ ਵੱਖ ਵੱਖ ਪੱਖਾਂ ਵਿਚ ਤੰਗ-ਦਿਲੀ ਕਿਸੇ ਵੀ ਸੂਰਤ ਵਿਚ ਰਾਜ ਕਰਨ ਦੇ ਕਾਬਲ ਨਾ ਹੋ ਸਕਦੀ। ਤੰਗ-ਦਿਲੀ, ਤੰਗ-ਨਜ਼ਰੀ ਅਤੇ ਸੌੜੀ ਸੋਚ ਤਾਂ ਮਨੁੱਖੀ ਮਨਾਂ ਅੰਦਰ ਏਨਾ ਘਰ ਕਰੀ ਬੈਠੀ ਹੈ ਕਿ ਇਸ ਤੋਂ ਬਿਨਾਂ ਵਿਚਰਨ ਵਾਲਾ ਕੋਈ ਨਜ਼ਰ ਹੀ ਨਹੀਂ ਆ ਰਿਹਾ। ਜਿਸ ਨੇ ਤੰਗ ਦਿਲੀ ਦਾ ਫੈਲਾਅ ਕੀਤਾ ਹੋਵੇਗਾ ਉਸਨੂੰ ਕਿਸੇ ਸ਼ੈਤਾਨ ਤੋਂ ਘੱਟ ਨਹੀਂ ਸਮਝਿਆ ਜਾ ਸਕਦਾ। ਫੈਲਾਅ ਨੂੰ ਜਰਬ ਦੇਣ ਵਾਲੇ ਅਤੇ ਇਸ ਨੂੰ ਜਾਰੀ ਰੱਖਣ ਵਾਲੇ ਸ਼ੈਤਾਨ ਦੇ ਪਿਉ ਤੋਂ ਘੱਟ ਰੁਤਬੇ ਦੇ ਨਹੀਂ ਹੋ ਸਕਦੇ।

-----

ਕੁਝ ਰੌਸ਼ਨ ਦਿਮਾਗ਼ਾਂ ਨੇ ਰੌਸ਼ਨੀ ਕੀਤੀ, ਚਾਨਣ ਫੈਲਾਇਆ ਜਿਸ ਨਾਲ ਹਨੇਰੇ ਵਿਚ ਘਿਰੇ ਲੋਕਾਂ ਦੀਆਂ ਸੋਚਾਂ ਵਿਚ ਲੋਅ ਜਗ ਪਈ। ਉਨ੍ਹਾਂ ਕੋਲ ਜਗਦੇ ਅਤੇ ਜਾਗਦੇ ਨਿੱਗਰ ਵਿਚਾਰ ਆ ਗਏ ਜਿਨ੍ਹਾਂ ਕਰਕੇ ਉਹ ਚਾਨਣੇ ਰਾਹਾਂ ਉੱਤੇ ਤੁਰ ਪਏ। ਉਨ੍ਹਾਂ ਉਡਾਰੀਆਂ ਭਰੀਆਂ, ਚੰਗੇ ਸੁਪਨੇ ਲਏ। ਅਗਿਆਨ ਅਤੇ ਹਨੇਰੇ ਵਿਚ ਫਸੇ ਲੋਕਾਂ ਨੂੰ ਉੱਥੋਂ ਕੱਢਣ ਦਾ ਸਫ਼ਲ ਯਤਨ ਕੀਤਾ। ਉਨ੍ਹਾਂ ਦੇ ਇਹ ਯਤਨ ਹੀ ਸਨ / ਹਨ ਕਿ ਮਾਨਵ ਦਾ ਕੁੱਝ ਹਿੱਸਾ ਖੁੱਲ੍ਹਦਿਲੀ ਅਤੇ ਅਸੀਮਤਾ ਦੇ ਦਰ ਖੋਲ੍ਹਣ ਦੇ ਯਤਨ ਕਰਨ ਲੱਗਾ, ਕੁਝ ਹੱਦ ਤੱਕ ਕਾਮਯਾਬ ਵੀ ਹੋ ਗਿਆ।

-----

ਮਾਨਸ ਨੂੰ ਅਕਲ ਆਉਣੀ ਸ਼ੁਰੂ ਹੋਈ ਜਿਸ ਨੇ ਆਲੇ-ਦੁਆਲੇ ਨੂੰ ਮਹਿਸੂਸਿਆ ਅਤੇ ਉਸ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕੀਤਾ। ਗਲਵੱਕੜੀਆਂ ਦੇ ਦੌਰ ਨਾਲ ਭਾਈਚਾਰੇ ਦਾ ਸਿਲਸਿਲਾ ਆਰੰਭ ਹੋਇਆ ਜਿਸ ਨਾਲ ਸੱਭਿਅਕ ਤੌਰ ਤਰੀਕਿਆਂ ਨੇ ਜਨਮ ਲੈ ਲਿਆ ਪਰ ਨਾਲ ਦੀ ਨਾਲ ਮੁਕਾਬਲੇ ਦੀ ਦੌੜ ਕਾਰਨ ਸਾੜੇ, ਵਿਤਕਰੇ ਅਤੇ ਈਰਖਾ ਵੀ ਮੈਦਾਨ ਵਿਚ ਕੁੱਦਣ ਤੋਂ ਪਿੱਛੇ ਨਾ ਰਹੇ। ਬਸ ! ਇਨ੍ਹਾਂ ਕਾਰਨ ਹੀ ਤੰਗ ਦਿਲੀ ਮਨੁੱਖੀ ਮਨਾਂ ਉੱਤੇ ਅਜਿਹੀ ਛਾਈ ਕਿ ਉਹ ਕਈ ਤਰ੍ਹਾਂ ਦੇ ਛੋਟੇ ਛੋਟੇ ਪਰ ਖ਼ਤਰਨਾਕ ਦਾਇਰਿਆਂ ਵਿਚ ਏਨਾ ਘਿਰ ਕੇ ਰਹਿ ਗਿਆ ਜਿਸ ਦਾ ਅੰਦਾਜ਼ਾ ਲਾਉਣਾ ਆਸਾਨ ਨਹੀਂ।

------

ਧਰਤੀ ਸਭ ਦੀ ਹੈ ਕਿਉਂਕਿ ਜਿੱਥੇ ਕਿਸੇ ਨੇ ਜਨਮ ਲਿਆ ਹੈ ਉਹ ਆਪਣੀ ਮਰਜ਼ੀ ਨਾਲ ਨਹੀਂ ਲਿਆ। ਅਜਿਹੀ ਚੋਣ ਕਰਨ ਦਾ ਮਾਨਵ ਨੂੰ ਹੱਕ ਹੀ ਨਹੀਂ ਦਿੱਤਾ ਗਿਆ। ਹੋਇਆ ਇਹ ਕਿ ਧਰਤੀ ਉੱਤੇ ਜੰਮੇ ਮਾਨਸ ਨੇ ਇਸ ਉੱਤੇ ਲਕੀਰਾਂ ਖਿੱਚ ਲਈਆਂ ਜੋ ਹੱਦਾਂ ਬਣ ਗਈਆਂ ਜਿਨ੍ਹਾਂ ਨੂੰ ਸੌਖੀ ਤਰ੍ਹਾਂ ਪਾਰ ਕਰਨਾ ਬਿਲਕੁਲ ਹੀ ਸੌਖਾ ਨਹੀਂ। ਇੱਥੋਂ ਤੱਕ ਕਿ ਦੇਸ਼ਾਂ ’ਤੇ ਕਾਬਜ਼ ਹੋਣ ਦੇ ਨਾਲ ਨਾਲ ਸੂਬਿਆਂ ਅਤੇ ਸ਼ਹਿਰਾਂ ਉੱਤੇ ਕਬਜ਼ਾ ਜਮਾਉਣ ਤੋਂ ਵੀ ਪਿੱਛੇ ਨਾ ਰਹੇ। ਇਕ, ਦੂਜੇ ਦੇਸ਼ ਅਤੇ ਸ਼ਹਿਰ ਦੇ ਲੋਕਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦਿਆਂ ਥਾਂ-ਥਾਂ ਨਕਾਰਿਆ ਜਾਣ ਲੱਗ ਪਿਆ। ਇਹ ਕੰਮ ਉੱਕਾ ਹੀ ਚੰਗਾ ਨਹੀਂ, ਪਰ ਇਸ ’ਤੇ ਉਤਾਰੂ ਲੋਕ ਇਸ ਤੋਂ ਪਿੱਛੇ ਹਟਣ ਲਈ ਬਿਲਕੁਲ ਤਿਆਰ ਨਹੀਂ।

-----

ਭਾਸ਼ਾ, ਧਰਮ ਅਤੇ ਸੱਭਿਆਚਾਰ ਦੇ ਵਖਰੇਵਿਆਂ ਕਾਰਨ ਵੀ ਮਾਨਸ ਇਕ ਦੂਜੇ ਦੀ ਅੱਖ ਵਿਚ ਚੁਭਣ ਲੱਗ ਪਿਆ। ਹਨ ਤਾਂ ਇਹ ਹੋਛੀਆਂ ਗੱਲਾਂ ਪਰ ਇਹ ਕੁੱਝ ਕਰਨ ਵਾਲੇ ਜਾਂ ਤਾਂ ਸਮਝ ਤੋਂ ਕੋਰੇ ਹਨ ਜਾਂ ਫੇਰ ਉਨ੍ਹਾਂ ਦੀ ਬਿਰਤੀ ਸ਼ਰਾਰਤਾਂ ਬਗੈਰ ਟਿਕ ਨਹੀਂ ਸਕਦੀ। ਵਸਣ ਵਾਸਤੇ, ਰੁਜ਼ਗਾਰ ਦੀ ਭਾਲ਼ ਲਈ ਅਤੇ ਨੌਕਰੀਆਂ ਉੱਤੇ ਲੱਗਣ ਵਾਸਤੇ ਦੁਨੀਆਂ ਭਰ ਦੇ ਲੋਕ ਕਿਤੇ ਵੀ ਜਾ ਸਕਦੇ ਹਨ ਪਰ ਹਾਕਮ ਜਾਂ ਫੇਰ ਆਪੇ ਬਣੇ ਚੌਧਰੀ ਇਸ ਕੰਮ ਵਿਚ ਤੰਗ-ਦਿਲੀ ਦਾ ਪਿੱਛਾ ਨਹੀਂ ਛੱਡਦੇ। ਉਹ ਆਪੋ ਆਪਣੇ ਦੇਸ਼ਾਂ ਤੇ ਸੂਬਿਆਂ ਵਿਚ ਆਪਣਾ ਹੀ ਰਾਜ ਸਮਝਦੇ ਹਨ ਹੋਰ ਕਿਸੇ ਦਾ ਨਹੀਂ।

-----

ਅੱਜ ਵਿਸ਼ਵ ਨੂੰ ‘ਗਲੋਬਲੀ ਪਿੰਡ’ ਕਿਹਾ ਜਾ ਰਿਹਾ ਜਿਸ ਦਾ ਅਰਥ ਹੈ ਕਿ ਧਰਤੀ ਦੇ ਵੱਖ ਵੱਖ ਹਿੱਸਿਆਂ ’ਚ ਨੇੜਤਾ ਵਧ ਗਈ ਅਤੇ ਸੰਚਾਰ ਵੀ ਵਧ ਗਿਆ। ਇਸ ਕਹੇ ਜਾਂਦੇ ‘ਗਲੋਬਲ ਵਿਲੇਜ’ ਵਿਚ ਤਾਲੀਆਂ ਦੀ ਘਾਟ ਕਿਉਂ? ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਨੂੰ ਸਵਾਗਤ ਦਾ ਦਰਵਾਜ਼ਾ ਕਿਉਂ ਨਹੀਂ ਮਿਲਦਾ? ਭਾਈਚਾਰੇ ਦੀਆਂ ਸਾਂਝਾ ਦਾ ਆਦਰ ਕਿਉਂ ਨਹੀਂ? ਅਜਿਹੇ ਹੀ ਹੋਰ ਬਹੁਤ ਸਾਰੇ ਸਵਾਲ ਹਨ ਜੋ ਖੁੱਲ੍ਹੇ ਅੰਬਰ ਹੇਠਾਂ ਵਸਦੇ ਮਾਨਸ ਨੂੰ ਕੀਤੇ ਜਾ ਸਕਦੇ ਹਨ ਪਰ ਜ਼ਰੂਰਤ ਹੈ ਇਨ੍ਹਾਂ ਸਵਾਲਾਂ ਦੇ ਸਹੀ ਤੇ ਢੁਕਵੇਂ ਉੱਤਰ ਲੱਭੇ ਜਾਣ।

-----

ਸਵਾਲਾਂ ਦਾ ਸਵਾਲ ਤਾਂ ਇਹ ਹੈ ਕਿ ਸੋਚ ਦੇ ਖੁੱਲ੍ਹੇ ਅੰਬਰ ਹੇਠਾਂ ਤੰਗਦਿਲੀ ਕਿਉਂ ਅਪਣਾਈਏ? ਸੰਚਾਰ ਵਧ ਗਿਆ, ਜਾਣਕਾਰੀ ਵਿਸ਼ਾਲ ਹੋ ਗਈ, ਸੋਚ ਨੇ ਅੰਬਰਾਂ ਦੇ ਅੰਬਰ ਗਾਹ ਲਏ, ਵਿਚਾਰਾਂ ’ਚ ਬੜੀ ਵੰਨ-ਸੁਵੰਨਤਾ ਆ ਗਈ, ਮੇਲ-ਜੋਲ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਅਤੇ ਗਿਆਨ ਦੀ ਵਧੀ ਰੌਸ਼ਨੀ ਵੀ ਕਿਸੇ ਤੋਂ ਲੁਕੀ-ਛੁਪੀ ਨਹੀਂ ਪਰ ਫੇਰ ਵੀ ਮਨੁੱਖੀ ਵਿਹਾਰ ’ਚ ਖੁੱਲ੍ਹ-ਦਿਲੀ ਨਹੀਂ ਆਈ। ਏਨੀ ਤਰੱਕੀ ਦੇ ਹੁੰਦਿਆਂ-ਸੁੰਦਿਆਂ ਮਨੁੱਖ ਤੰਗ-ਦਿਲੀ ਅਤੇ ਸੌੜੀ ਸੋਚ ਕਿਉਂ ਅਪਣਾਈ ਜਾ ਰਿਹਾ, ਕਿਉਂ ਗਲ਼ੀਆਂ ਸੜੀਆਂ ਰੀਤਾਂ ਨੂੰ ਮੁਰਦੇ ਵਾਂਗ ਸਜਾ ਕੇ ਮੋਢਿਆਂ ’ਤੇ ਚੁੱਕੀ ਜਾ ਰਿਹੈ। ਅੱਜ ਦੇ ਰੋਸ਼ਨ-ਯੁੱਗ ਵਿਚ ਮਨੁੱਖ ਨੂੰ ਤੰਗ-ਦਿਲੀ ਨਹੀਂ ਸਗੋਂ ਖੁੱਲ੍ਹੀ ਧਰਤੀ ਤੇ ਖੁੱਲ੍ਹੇ ਅੰਬਰ ਵਰਗੀ ਸੋਚ ਅਪਣਾਉਣੀ ਪਵੇਗੀ।

*******

ਅੰਗਰੇਜ਼ੀ ’ਚ ਪੰਜਾਬੀ ਕਿਤਾਬਾਂ

ਪੰਜਾਬੀ ਦੇ ਲੇਖਕ ਅਕਸਰ ਚਾਹੁੰਦੇ ਰਹਿੰਦੇ ਹਨ ਕਿ ਉਨ੍ਹਾਂ ਦੀਆਂ ਕਿਤਾਬਾਂ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ਬਹੁਤੇ ਪਾਠਕਾਂ ਕੋਲ ਪਹੁੰਚਣ। ਇਹ ਚੰਗੀ ਸੋਚ ਹੈ ਜਿਸ ਤੇ ਅਮਲ ਕਰਦਿਆਂ ਕਈ ਇਕ ਤਾਂ ਆਪ ਹੀ ਕਰ ਲੈਂਦੇ ਹਨ, ਕਈ ਦੂਜਿਆਂ ਤੋਂ ਕਰਵਾ ਲੈਂਦੇ ਹਨ ਪਰ ਕਈ ਅਜਿਹੇ ਵੀ ਹਨ ਜਿਹੜੇ ਨਾ ਆਪ ਕਰ ਸਕਦੇ ਹਨ ਨਾ ਹੀ ਕਰਵਾ ਸਕਦੇ ਹਨ। ਉਨ੍ਹਾਂ ਦੀਆਂ ਮਿਆਰੀ ਰਚਨਾਵਾਂ, ਵਿਲੱਖਣ ਰਚਨਾਵਾਂ ਹੋਣ ਕਾਰਨ ਸੰਸਥਾਵਾਂ ਦੀ ਨਿਗਾਹ ਪੈ ਜਾਂਦੀਆਂ ਹਨ ਜਿਸ ਕਾਰਨ ਅੰਗਰੇਜ਼ੀ ਵਿਚ ਅਨੁਵਾਦ ਹੋ ਜਾਂਦੀਆਂ ਹਨ।

-----

ਦਿੱਲੀ ਵਸਦੇ ਬਲਵੀਰ ਮਾਧੋਪੁਰੀ ਦੀ ਸਵੈ ਜੀਵਨੀ ‘ਛਾਂਗਿਆ ਰੁੱਖ’ ਬੜੀ ਪੜ੍ਹੀ ਗਈ। ਵਧੀਆ ਭਾਸ਼ਾ ਵਿਚ ਵਧੀਆ ਰਚਨਾ ਹੈ ਜਿਸ ਕਾਰਨ ਅਨੁਵਾਦ ਲਈ ਚੁਣੀ ਗਈ ਅਤੇ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵਲੋਂ ਛਾਪ ਦਿੱਤੀ ਗਈ ਜੋ ਕਿਸੇ ਵੱਡੇ ਮਾਣ ਤੋਂ ਘੱਟ ਨਹੀਂ। ਪਹਿਲਾਂ ਵੀ ਇਸਦੇ ਪੰਜਾਬੀ ਵਿਚ ਹੀ ਕਈ ਐਡੀਸ਼ਨ ਛਪੇ ਜੋ ਇਸ ਗੱਲ ਦਾ ਸਬੂਤ ਹਨ ਕਿ ਇਹ ਵੱਧ ਵਿਕੀ ਤਾਂ ਹੀ ਬਹੁਤੇ ਪਾਠਕਾਂ ਕੋਲ ਪਹੁੰਚ ਸਕੀ। ਇਹ ਕਿਤਾਬ ਪਾਕਿਸਤਾਨ ’ਚ ਸ਼ਾਹਮੁਖੀ ਲਿੱਪੀ ਵਿਚ ਵੀ ਛਪ ਗਈ ਹੈ।

-----

ਦੂਜੀ ਕਿਤਾਬ ਬਲਦੇਵ ਸਿੰਘ ਸੜਕਨਾਮਾ ਦਾ ਨਾਵਲ ਹੈ ‘ਅੰਨਦਾਤਾ’ ਜੋ ਇਸੇ ਨਾਂ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅੰਗਰੇਜ਼ੀ ਵਿਚ ਛਾਪਿਆ ਗਿਆ ਹੈ। ਅਨੁਵਾਦ ਨਰਿੰਦਰਜੀਤ ਕੌਰ ਨੇ ਕੀਤਾ ਹੈ। ਇਹ ਨਾਵਲ ਨਾਂ ਤੋਂ ਹੀ ਸਪੱਸ਼ਟ ਹੈ ਕਿ ਕਿਸਾਨੀ ਦੀ ਵਿਥਿਆ ਹੈ ਜਿਸ ਨੇ ਬਾਰੀਕ ਪਰਤਾਂ ਫੋਲਣ ਦਾ ਜਤਨ ਕੀਤਾ ਹੈ। ਦੋਵੇਂ ਹੀ ਕਿਤਾਬਾਂ ਗ਼ੈਰ-ਪੰਜਾਬੀ ਪਾਠਕਾਂ ਕੋਲ ਪਹੁੰਚਣਗੀਆ ਜਿਸ ਨਾਲ ਪੰਜਾਬੀ ਲੇਖਕਾਂ ਦੀ ਸਮਰੱਥਾ ਅੰਗਰੇਜ਼ੀ ਪਾਠਕਾਂ ਵਿਚ ਵੀ ਮਕਬੂਲ ਹੋਣ ਦੀ ਸੰਭਾਵਨਾ ਬਣੀ ਹੈ। ਦੋਹਾਂ ਲੇਖਕਾਂ ਨੂੰ ਮੁਬਾਰਕਾਂ ਅਤੇ ਨਾਲ ਹੀ ਅਨੁਵਾਦਕਾਂ ਦੀ ਬਰਾਬਰ ਦੀ ਮਿਹਨਤ ਨੂੰ ਵੀ।

******

ਲਤੀਫੇ ਦਾ ਚਿਹਰਾ-ਮੋਹਰਾ

ਕਵੀ ਨੇ ਬੜੇ ਹੀ ਟਿਕਾਅ ਵਿਚ ਸਰੋਤਿਆਂ ਨੂੰ ਕਵਿਤਾ ਸੁਣਾਈ ਅਤੇ ਦੋਂਹ-ਚਹੁੰ ਤੋਂ ਪ੍ਰਤੀਕਰਮ ਪੁੱਛਿਆ। ਉਨ੍ਹਾਂ ਨੇ ਪ੍ਰਤੀਕਰਮ ਵਿਚ ਕਿਹਾ ਕਿ ਉਨ੍ਹਾਂ ਨੂੰ ਤਾਂ ਕਵਿਤਾ ਸਮਝ ਹੀ ਨਹੀਂ ਆਈ। ਕਵੀ ਨੇ ਕਿਹਾ, “ਫੇਰ ਸਭ ਠੀਕ ਹੈ, ਤੁਹਾਡਾ ਸਭ ਦਾ ਧੰਨਵਾਦ।” ਸਰੋਤਿਆਂ ਨੇ ਫੇਰ ਪੁੱਛਿਆ ਕਿ ਜਦ ਸਮਝ ਪੈਣ ਵਾਲੀ ਹੀ ਨਹੀਂ ਫੇਰ ਸਭ ਠੀਕ ਕਿਵੇਂ ਹੋ ਗਿਆ?" ਕਵੀ ਦਾ ਉੱਤਰ ਸੀ, “ਮੈਂ ਦਾਰਸ਼ਨਿਕ ਕਵਿਤਾ ਲਿਖਣੀ ਚਾਹੁੰਦਾ ਸਾਂ ਜੋ ਲਿਖੀ ਗਈ।”

Thursday, March 4, 2010

ਸੁਆਦਤ ਹਸਨ ਮੰਟੋ – ਬਾਬੂ ਗੋਪੀ ਨਾਥ – ਸੰਸਾਰ ਪ੍ਰਸਿੱਧ ਕਹਾਣੀ – ਭਾਗ ਪਹਿਲਾ

ਬਾਬੂ ਗੋਪੀ ਨਾਥ

ਸੰਸਾਰ ਪ੍ਰਸਿੱਧ ਕਹਾਣੀ

ਭਾਗ ਪਹਿਲਾ

ਪੰਜਾਬੀ ਰੂਪ: ਬਲਬੀਰ ਸਿੰਘ ਮੋਮੀ

ਬਾਬੂ ਗੋਪੀ ਨਾਥ ਨਾਲ ਮੇਰੀ ਮੁਲਾਕਾਤ ਸੰਨ ਚਾਲੀ ਵਿੱਚ ਹੋਈ। ਉਹਨੀਂ ਦਿਨੀਂ ਮੈਂ ਬੰਬਈ ਵਿਚ ਇਕ ਸਪਤਾਹਿਕ ਪਰਚੇ ਦਾ ਸੰਪਾਦਕ ਸਾਂ। ਦਫ਼ਤਰ ਵਿਚ ਅਬਦੁਲ ਰਹੀਮ ਸੈਂਡੋ ਇਕ ਮਧਰੇ ਕੱਦ ਦੇ ਆਦਮੀ ਨਾਲ ਆਇਆ ਤੇ ਆਪਣੇ ਵਿਸ਼ੇਸ ਅੰਦਾਜ਼ ਵਿਚ ਉੱਚੀ ਸਾਰੀ ਮੈਨੂੰ ਸਲਾਮ ਕਹਿ ਕੇ ਆਪਣੇ ਸਾਥੀ ਨਾਲ ਪਰਿਚੈ ਕਰਵਾਇਆ-

"ਮੰਟੋ ਸਾਹਿਬ, ਗੋਪੀ ਨਾਥ ਬਾਬੂ ਨੂੰ ਮਿਲੋ"। ਮੈਂ ਉੱਠ ਕੇ ਉਹਦੇ ਨਾਲ ਹੱਥ ਮਿਲਾਇਆ।

ਸੈਂਡੋ ਨੇ ਆਦਤ ਅਨੁਸਾਰ ਮੇਰੀਆਂ ਤਾਅਰੀਫ਼ਾਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ। ਤੁਸੀਂ ਹਿੰਦੋਸਤਾਨ ਦੇ ਨੰਬਰ ਵੰਨ ਲੇਖਕ ਨਾਲ ਹੱਥ ਮਿਲਾ ਰਹੇ ਹੋ। ਲਿਖਦਾ ਹੈ ਤਾਂ ਧੜਨ ਤਖ਼ਤਾ ਹੋ ਜਾਂਦਾ ਹੈ। ਲੋਕਾਂ ਦੀ ਐਸੀ ਐਸੀ ਕੈਂਟੀ-ਨਿਓਟਲੀ ਮਿਲਾਉਂਦਾ ਹੈ ਕਿ ਤਬੀਅਤ ਸਾਫ਼ ਹੋ ਜਾਂਦੀ ਹੈ। ਪਿਛਲੇ ਦਿਨੀਂ ਤੁਸੀਂ ਕੀ ਚੁਟਕਲਾ ਲਿਖਿਆ ਸੀ ਮੰਟੋ ਸਾਹਿਬ,ਮਿਸ ਖ਼ੁਰਸ਼ੀਦ ਨੇ ਕਾਰ ਖਰੀਦੀ, ਅੱਲਾ ਬੜਾ ਕਾਰਸਾਜ਼ ਏ। ਕਿਉਂ ਬਾਬੂ ਗੋਪੀ ਨਾਥ। ਹੈਂ ਨਾ ਐਂਟੀ ਦੀ ਪੈਂਟੀ ਪੋ”।

ਅਬਦੁਲ ਰਹੀਮ ਸੈਂਡੋ ਦੇ ਗੱਲਾਂ ਕਰਨ ਦਾ ਢੰਗ ਬਿਲਕੁਲ ਨਿਰਾਲਾ ਸੀ। ਕੈਂਟੀ-ਨਿਉਟਲੀ, ਧੜਨ ਤਖ਼ਤਾ ਅਤੇ ਐਂਟੀ ਦੀ ਪੈਂਟੀ ਪੋ ਜਿਹੇ ਸ਼ਬਦ ਉਹਦੀ ਆਪਣੀ ਖੋਜ ਦਾ ਸਿੱਟਾ ਸਨ ਜਿਹੜੇ ਉਹ ਆਪਣੀ ਗੱਲ ਬਾਤ ਵਿੱਚ ਵਰਤਦਾ ਹੀ ਰਹਿੰਦਾ ਸੀ। ਮੇਰੀ ਵਾਕਫ਼ੀ ਕਰਾਉਣ ਪਿਛੋਂ ਉਹ ਬਾਬੂ ਗੋਪੀ ਨਾਥ ਵੱਲ ਮੁਖ਼ਾਤਿਬ ਹੋਇਆ ਜਿਹੜਾ ਕਿ ਬੜਾ ਦੱਬਿਆ ਦੱਬਿਆ ਮਹਿਸੂਸ ਕਰ ਰਿਹਾ ਸੀ।

"ਆਪ ਹੋ ਬਾਬੂ ਗੋਪੀ ਨਾਥ,ਬੜੇ ਖ਼ਾਨਾ ਖ਼ਰਾਬ। ਲਾਹੌਰ ਤੋਂ ਝੱਖ ਮਾਰਦੇ ਮਾਰਦੇ ਬੰਬਈ ਤਸ਼ਰੀਫ਼ ਲੈ ਆਏ ਹਨ, ਨਾਲ ਇਕ ਕਸ਼ਮੀਰੀ ਕਬੂਤਰੀ ਵੀ ਹੈ।"

ਬਾਬੂ ਗੋਪੀ ਨਾਥ ਮੁਸਕਰਾਇਆ। ਅਬਦੁਲ ਰਹੀਮ ਸੈਂਡੋ ਨੇ ਵਾਕਫ਼ੀ ਨੂੰ ਥੋੜੀ ਸਮਝਦਿਆਂ ਹੋਰ ਦੱਸਿਆ,"ਨੰਬਰ ਵੰਨ ਕੋਈ ਬੇਵਕੂਫ਼ ਹੋ ਸਕਦਾ ਹੈ ਤਾਂ ਉਹ ਆਪ ਹਨ। ਲੋਕ ਇਹਨਾਂ ਨੂੰ ਮਸਕਾ ਲਗਾ ਕੇ ਪੈਸੇ ਲੁੱਟ ਰਹੇ ਹਨ। ਮੈਂ ਸਿਰਫ਼ ਗੱਲਾਂ ਕਰ ਕੇ ਹੀ ਇਨ੍ਹਾਂ ਕੋਲੋਂ ਪੋਲਸਨ ਬਟਰ ਦੇ ਦੋ ਪੈਕਟ ਲੈਂਦਾ ਹਾਂ। ਮੰਟੋ ਸਾਹਿਬ ਬੱਸ ਸਮਝ ਲਓ ਕਿ ਬੜੇ ਐਂਟੀ ਫੁਲ ਜਸਟਿਸ ਕਿਸਮ ਦੇ ਇਨਸਾਨ ਹਨ। ਅੱਜ ਸ਼ਾਮੀ ਤੁਸੀਂ ਇਹਨਾਂ ਦੇ ਫਲੈਟ ਤੇ ਜ਼ਰੂਰ ਦਰਸ਼ਨ ਦਿਓ।"

ਬਾਬੂ ਗੋਪੀ ਨਾਥ ਰੱਬ ਜਾਣੇ ਕੀ ਸੋਚ ਰਿਹਾ ਸੀ। ਘਬਰਾਹਟ ਜਿਹੀ ਚੋਂ ਬੋਲਿਆ, "ਹਾਂ ਹਾਂ ਮੰਟੋ ਸਾਹਿਬ ਜ਼ਰੂਰ ਤਸ਼ਰੀਫ਼ ਲਿਆਓ।" ਫਿਰ ਸੈਂਡੋ ਨੂੰ ਪੁੱਛਿਆ,"ਕਿਉ ਸੈਂਡੋ, ਆਪ ਉਹ ਸ਼ੁਗਲ ਵੀ ਕਰ ਲੈਦੇ ਹਨ?

ਅਬਦੁਲ ਰਹੀਮ ਨੇ ਉੱਚੀ ਹੱਸ ਕੇ ਆਖਿਆ,"ਅਜੀ ਹਰ ਕਿਸਮ ਦਾ ਸ਼ੁਗਲ ਕਰ ਲੈਂਦੇ ਹਨ। ਮੰਟੋ ਸਾਹਿਬ ਜ਼ਰੂਰ ਆਉਣਾ ਸ਼ਾਮੀਂ। ਮੈਂ ਵੀ ਪੀਣੀ ਸ਼ੁਰੂ ਕਰ ਦਿੱਤੀ ਹੈ, ਏਸ ਲਈ ਕਿ ਮੁਫ਼ਤ ਮਿਲਦੀ ਹੈ ।

-----

ਸੈਂਡੋ ਨੇ ਮੈਨੂੰ ਪਤਾ ਲਿਖਾ ਦਿਤਾ। ਉਥੇ ਮੈਂ ਵਾਅਦੇ ਅਨੁਸਾਰ ਸ਼ਾਮੀ ਛੇ ਵਜੇ ਪਹੁੰਚ ਗਿਆ। ਤਿੰਨਾਂ ਕਮਰਿਆਂ ਦਾ ਸਾਫ- ਸੁਥਰਾ ਫਲੈਟ ਸੀ। ਨਵੇਂ ਫਰਨੀਚਰ ਨਾਲ ਸਜਾਇਆ ਹੋਇਆ ਸੀ। ਸੈਂਡੋ ਤੇ ਬਾਬੂ ਗੋਪੀ ਨਾਥ ਤੋਂ ਬਿਨ੍ਹਾ ਬੈਠਣ ਵਾਲੇ ਕਮਰੇ ਵਿਚ ਦੋ ਮਰਦ ਦੋ ਔਰਤਾਂ ਹੋਰ ਸਨ ਜਿਨ੍ਹਾਂ ਨਾਲ ਸੈਂਡੋ ਨੇ ਮੇਰੀ ਜਾਣ ਪਛਾਣ ਕਰਾਈ।

ਇਕ ਸੀ ਗੁਫ਼ਾਰ ਸਾਈਂ, ਤਹਿਮਤ ਬੰਨ੍ਹੀ ਹੋਈ, ਪੰਜਾਬ ਦਾ ਠੇਠ ਸਾਈਂ, ਗਲ਼ ਵਿੱਚ ਮੋਟੇ ਮੋਟੇ ਦਾਣਿਆਂ ਦੀ ਮਾਲਾ। ਸੈਂਡੋ ਨੇ ਉਸ ਦੇ ਬਾਰੇ ਕਿਹਾ, "ਆਪ ਹਨ ਬਾਬੂ ਗੋਪੀ ਨਾਥ ਦੇ ਲੀਗਲ ਐਡਵਾਈਜ਼ਰ। ਮੇਰਾ ਮਤਲਬ ਸਮਝ ਲਓ ਹਰ ਉਹ ਆਦਮੀ ਜਿਹਦਾ ਨੱਕ ਵਗਦਾ ਹੋਵੇ ਤੇ ਮੂੰਹ 'ਚੋਂ ਲਾਲਾਂ ਵਗਦੀਆਂ ਹੋਣ, ਪੰਜਾਬ ਵਿੱਚ ਪਹੁੰਚਿਆ ਹੋਇਆ ਦਰਵੇਸ਼ ਬਣ ਜਾਂਦਾ ਹੈ। ਇਹ ਵੀ ਬੱਸ ਪਹੁੰਚੇ ਹੋਏ ਜਾਂ ਪਹੁੰਚਣ ਵਾਲੇ ਹਨ। ਲਾਹੌਰ ਤੋਂ ਬਾਬੂ ਗੋਪੀ ਨਾਥ ਨਾਲ ਆਏ ਹਨ ਕਿਉਂਕਿ ਇਹਨਾਂ ਨੂੰ ਓਥੇ ਹੋਰ ਕੋਈ ਐਸਾ ਬੇਵਕੂਫ਼ ਮਿਲਣ ਦੀ ਆਸ ਨਹੀਂ ਸੀ। ਏਥੇ ਆਪ ਬਾਬੂ ਜੀ ਤੋਂ ਕਰੇਵਨ ਏ ਦੇ ਸਿਗਰਟ ਅਤੇ ਸਕਾਚ ਵਿਸਕੀ ਦੇ ਪੈਗ ਪੀ ਕੇ ਪ੍ਰਾਰਥਨਾ ਕਰਦੇ ਹਨ ਕਿ ਅੰਤ ਨੇਕ ਹੋਵੇ"।

ਗੁਫ਼ਾਰ ਸਾਈਂ ਇਹ ਸੁਣ ਕੇ ਹੱਸਦਾ ਰਿਹਾ।

-----

ਦੂਸਰੇ ਮਰਦ ਦਾ ਨਾਂ ਗ਼ੁਲਾਮ ਅਲੀ ਸੀ। ਲੰਮਾ ਲੰਝਾ ਜਵਾਨ, ਕਸਰਤੀ ਬਦਨ, ਮੂੰਹ ਤੇ ਮਾਤਾ ਦੇ ਦਾਗ਼। ਉਸ ਦੇ ਬਾਰੇ ਸੈਂਡੋ ਨੇ ਦੱਸਿਆ, "ਇਹ ਮੇਰਾ ਸ਼ਗਿਰਦ ਹੈ। ਆਪਣੇ ਉਸਤਾਦ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈ। ਲਾਹੌਰ ਦੀ ਇਕ ਮਸ਼ਹੂਰ ਵੇਸਵਾ ਦੀ ਕੁਆਰੀ ਕੁੜੀ ਇਹਦੇ ਤੇ ਆਸ਼ਕ਼ ਹੋ ਗਈ। ਬੜੀਆਂ ਬੜੀਆਂ ਕੈਂਟੀ ਨਿਉਟਲੀਆਂ ਮਲਾਈਆਂ ਗਈਆਂ ਇਸ ਨੂੰ ਫਸਾਉਣ ਲਈ। ਪਰ ਇਹਨੇ ਕਿਹਾ ਡੂ ਔਰ ਡਾਈ। ਮੈਂ ਲੰਗੋਟ ਦਾ ਪੱਕਾ ਹਾਂ। ਇਕ ਤਕੀਏ 'ਚ ਪੀਂਦਿਆ ਪੀਂਦਿਆ ਬਾਬੂ ਗੋਪੀ ਨਾਥ ਨਾਲ ਮੁਲਾਕਾਤ ਹੋ ਗਈ। ਬੱਸ ਓਸੇ ਦਿਨ ਤੋਂ ਇਹਨਾਂ ਨਾਲ ਚਿੰਬੜਿਆ ਹੋਇਆ ਹੈ। ਹਰ ਰੋਜ਼ ਕਰੇਵਨ ਏ ਦਾ ਡੱਬਾ ਤੇ ਖਾਣਾ ਮਿਲਦਾ ਹੈ।"

-----

ਇਹ ਸੁਣ ਕੇ ਗੁਲਾਮ ਅਲੀ ਵੀ ਹੱਸਦਾ ਰਿਹਾ। ਗੋਲ ਚਿਹਰੇ ਵਾਲੀ ਇਕ ਲਾਲ ਚਿੱਟੀ ਔਰਤ ਸੀ। ਕਮਰੇ ਅੰਦਰ ਵੜਦਿਆਂ ਹੀ ਮੈਂ ਅੰਦਾਜ਼ਾ ਲਾ ਲਿਆ ਸੀ ਕਿ ਇਹ ਉਹੋ ਹੀ ਕਸ਼ਮੀਰੀ ਕਬੂਤਰੀ ਹੈ ਜਿਸ ਦਾ ਜ਼ਿਕਰ ਦਫਤਰ 'ਚ ਸੈਂਡੋ ਨੇ ਕੀਤਾ ਸੀ। ਬੜੀ ਸਾਫ਼-ਸੁਥਰੀ ਔਰਤ ਸੀ। ਵਾਲ ਛੋਟੇ ਸਨ ਜਿਵੇਂ ਕੱਟੇ ਹੋਏ ਹੋਣ। ਪਰ ਅਸਲ ਵਿੱਚ ਇੰਝ ਨਹੀ ਸੀ। ਅੱਖਾਂ ਸਾਫ਼ ਤੇ ਚਮਕੀਲੀਆਂ ਸਨ। ਮੁੱਖੜੇ ਦੀ ਨੁਹਾਰ ਤੋਂ ਪਤਾ ਲਗਦਾ ਸੀ ਕਿ ਅੱਲ੍ਹੜ ਤੇ ਤਜਰਬੇ ਤੋਂ ਊਣੀ ਹੈ। ਸੈਂਡੋ ਨੇ ਉਸ ਦੀ ਵਾਕਫ਼ੀ ਕਰਾਉਂਦਿਆ ਹੋਇਆਂ ਆਖਿਆ,"ਜ਼ੀਨਤ ਬੇਗ਼ਮ, ਬਾਬੂ ਗੋਪੀ ਨਾਥ ਪਿਆਰ ਨਾਲ ਜ਼ੀਨੋ ਕਹਿੰਦੇ ਹਨ। ਇਕ ਬੜੀ ਖਰਾਂਟ ਨਾਇਕਾ ਏਸ ਕਸ਼ਮੀਰੀ ਸੇਬ ਨੂੰ ਤੋੜ ਕੇ ਲਾਹੌਰ ਲੈ ਆਈ। ਬਾਬੂ ਗੋਪੀ ਨਾਥ ਨੂੰ ਆਪਣੀ ਸੀ ਆਈ ਡੀ ਤੋਂ ਪਤਾ ਲੱਗਾ ਤਾਂ ਇਕ ਰਾਤ ਲੈ ਉੜੇ। ਮੁਕੱਦਮੇ ਬਾਜ਼ੀ ਹੋਈ। ਦੋ ਮਹੀਨੇ ਪੁਲਿਸ ਐਸ਼ ਕਰਦੀ ਰਹੀ। ਅਖ਼ੀਰ ਬਾਬੂ ਨਾਥ ਨੇ ਮੁਕਦਮਾ ਜਿੱਤ ਲਿਆ ਅਤੇ ਇਸ ਨੂੰ ਇਥੇ ਲੈ ਆਏ। ਬੱਸ ਧੜਨ ਤਖ਼ਤਾ।"

-----

ਹੁਣ ਗੂੜ੍ਹੇ ਕਾਲੇ ਰੰਗ ਦੀ ਔਰਤ ਹੀ ਬਾਕੀ ਰਹਿ ਗਈ ਸੀ। ਉਹ ਚੁੱਪ ਚਾਪ ਬੈਠੀ ਸਿਗਰਟ ਪੀ ਰਹੀ ਸੀ। ਅੱਖਾਂ ਲਾਲ ਸਨ ਤੇ ਉਹਨਾਂ ਵਿੱਚੋਂ ਬੇਹਯਾਈ ਦੀ ਝਲਕ ਦਿਸਦੀ ਸੀ। ਬਾਬੂ ਗੋਪੀ ਨਾਥ ਨੇ ਉਹਦੇ ਵੱਲ ਇਸ਼ਾਰਾ ਕਰ ਕੇ ਸੈਂਡੋ ਨੂੰ ਕਿਹਾ, "ਇਹਦੇ ਬਾਰੇ ਵੀ ਕੁਝ ਹੋ ਜਾਏ।"

ਸੈੰਡੋ ਨੇ ਉਸ ਔਰਤ ਦੇ ਪੱਟ ਤੇ ਹੱਥ ਮਾਰਿਆ ਤੇ ਕਿਹਾ, "ਇਹ ਹੈ ਟੀਨ ਪਟੋਟੀ, ਫਿਲਾ ਫਿਲ ਫੋਟੀ, ਮਿਸ਼ਿਜ ਅਬਦੁਲ ਰਹੀਮ ਸੈਂਡੋ ਉਰਫ਼ ਸਰਦਾਰ ਬੇਗ਼ਮ। ਆਪ ਵੀ ਲਾਹੌਰ ਦੀ ਪੈਦਾਵਰ ਹਨ। ਸੰਨ ਛੱਤੀ ‘ਚ ਮੇਰੇ ਨਾਲ ਇਸ਼ਕ਼ ਹੋਇਆ। ਦੋ ਵਰ੍ਹਿਆਂ ਵਿਚ ਹੀ ਮੇਰਾ ਧੜਨ ਤਖ਼ਤਾ ਕਰਕੇ ਰੱਖ ਦਿੱਤਾ। ਮੈਂ ਲਾਹੌਰ ਛੱਡ ਕੇ ਭੱਜ ਆਇਆ। ਬਾਬੂ ਗੋਪੀ ਨਾਥ ਨੇ ਇਸ ਨੂੰ ਬੁਲਾ ਲਿਆ ਹੈ ਤਾਂ ਜੋ ਮੇਰਾ ਦਿਲ ਲੱਗਾ ਰਹੇ। ਇਸ ਨੂੰ ਵੀ ਕਰੇਵਨ ਏ ਦਾ ਇਕ ਡੱਬਾ ਰਾਸ਼ਨ ਵਿਚ ਮਿਲਦਾ ਹੈ। ਹਰ ਸ਼ਾਮ ਨੂੰ ਢਾਈ ਰੁਪਏ ਦਾ ਮਾਰਫੀਏ ਦਾ ਟੀਕਾ ਲਗਵਾਉਂਦੀ ਹੈ। ਰੰਗ ਕਾਲਾ ਹੈ ਪਰ ਬੜੀ ਟਿੱਟ ਫਾਰ ਟੈਟ ਕਿਸਮ ਦੀ ਔਰਤ ਹੈ।

ਸਰਦਾਰਾਂ ਨੇ ਇਕ ਨਖ਼ਰੇ ਨਾਲ ਆਖਿਆ, "ਬਕਵਾਸ ਨਾ ਕਰ"। ਏਸ ਨਖ਼ਰੇ ਵਿਚ ਪੇਸ਼ਾਵਰ ਔਰਤਾਂ ਵਾਲੀ ਬਨਾਵਟ ਸੀ। ਸਾਰਿਆਂ ਨਾਲ ਵਾਕਫੀ ਕਰਾਉਣ ਪਿੱਛੋ ਸੈਂਡੋ ਨੇ ਮੇਰੀ ਤਾਰੀਫ਼ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ। ਮੈਂ ਆਖਿਆ, "ਛੱਡੋ ਯਾਰ, ਆਉ ਕੁਝ ਗੱਲਾਂ ਕਰੀਏ।"

ਸੈਂਡੋ ਚੀਕਿਆ,"ਬੁਆਏ, ਵਿਸਕੀ ਐਂਡ ਸੋਡਾ-ਬਾਬੂ ਗੋਪੀ ਨਾਥ ਲਵਾਓ ਹਵਾ ਇਕ ਹਰੇ ਨੂੰ।"

-----

ਬਾਬੂ ਗੋਪੀ ਨਾਥ ਨੇ ਜੇਬ ‘ਚ ਹੱਥ ਪਾ ਕੇ ਸੌ ਸੌ ਦੇ ਨੋਟਾਂ ਦੀ ਇਕ ਥਹੀ ਕੱਢੀ ਤੇ ਇਕ ਨੋਟ ਸੈਂਡੋ ਨੂੰ ਫੜਾ ਦਿੱਤਾ। ਨੋਟ ਲੈ ਕੇ ਸੈਂਡੋ ਨੇ ਉਸ ਦੇ ਵੱਲ ਧਿਆਨ ਨਾਲ ਵੇਖਿਆ ਤੇ ਕਿਹਾ,"ਓ ਗਾਡ-- ਓ ਮੇਰੇ-- ਖ਼ੁਦਾ ਉਹ ਦਿਨ ਕਦੋਂ ਆਵੇਗਾ ਜਦੋਂ ਮੈਂ ਵੀ ਏਸੇ ਤਰ੍ਹਾਂ ਥੁੱਕ ਲਗਾ ਕੇ ਨੋਟ ਕੱਢਿਆ ਕਰਾਂਗਾ। ਜਾਹ ਵਈ ਗ਼ੁਲਾਮ ਅਲੀ! ਦੋ ਬੋਤਲਾਂ ਜਾਨੀ ਵਾਕਰ ਸਟਰਾਂਗ ਦੀਆਂ ਲੈ ਆ।"

-----

ਬੋਤਲਾਂ ਆਈਆਂ ਤਾਂ ਸਾਰਿਆਂ ਪੀਣੀ ਸ਼ੁਰੂ ਕਰ ਦਿਤੀ। ਇਹ ਸ਼ੁਗਲ ਦੋ ਤਿੰਨ ਘੰਟੇ ਚਲਦਾ ਰਿਹਾ। ਏਸ ਸਮੇਂ ਵਿਚ ਸਭ ਤੋਂ ਵੱਧ ਗੱਲਾਂ ਅਬਦੁਲ ਰਹੀਮ ਸੈਂਡੋ ਨੇ ਕੀਤੀਆਂ। ਪਹਿਲਾ ਪੈੱਗ ਇਕੋ ਸਾਹੇ ਮੁਕਾ ਕੇ ਉਹ ਚੀਕਿਆ,"ਧੜਨ ਤਖ਼ਤਾ ਮੰਟੋ ਸਾਹਿਬ, ਵਿਸਕੀ ਹੋਵੇ ਤਾਂ ਇਹੋ ਜਿਹੀ। ਹਲਕ ਚੋਂ ਪੇਟ ‘ਚ ਉਤਰ ਕੇ ਇਨਕ਼ਲਾਬ ਜ਼ਿੰਦਾਬਾਦ ਕਰਦੀ ਚਲੀ ਜਾਂਦੀ ਹੈ। ਜੀਓ ਬਾਬੂ ਗੋਪੀ ਨਾਥ ਜੀਓ। ਬਾਬੂ ਗੋਪੀ ਨਾਥ ਵਿਚਾਰਾ ਚੁੱਪ ਰਿਹਾ। ਕਦੀ ਉਹ ਸੈਂਡੋ ਦੀ ਹਾਂ ਵਿਚ ਹਾਂ ਜ਼ਰੂਰ ਮਿਲਾ ਦੇਂਦਾ। ਮੈਂ ਸੋਚਿਆ ਏਸ ਆਦਮੀ ਦੀ ਆਪਣੀ ਕੋਈ ਰਾਏ ਨਹੀਂ। ਦੂਜਾ ਜੋ ਕੁਝ ਕਹਿੰਦਾ ਹੈ, ਇਹ ਮੰਨ ਲੈਂਦਾ ਹੈ। ਬੁੱਢਾ ਸਾਈਂ ਫ਼ਕੀਰ ਗੁਫ਼ਾਰ ਜੋ ਸੈਂਡੋ ਦੇ ਕਹਿਣ ਅਨੁਸਾਰ ਬਾਬੂ ਗੋਪੀ ਨਾਥ ਦਾ ਲੀਗਲ ਐਡਵਾਇਜ਼ਰ ਸੀ, ਨਾਲ ਬਾਬੂ ਗੋਪੀ ਨਾਥ ਨੂੰ ਬੜੀ ਸ਼ਰਧਾ ਸੀ। ਗੱਲਾਂ ਬਾਤਾਂ ‘ਚ ਮੈਨੂੰ ਇਹ ਵੀ ਪਤਾ ਲੱਗਾ ਕਿ ਲਾਹੌਰ ਵਿੱਚ ਬਾਬੂ ਗੋਪੀ ਨਾਥ ਦਾ ਬਹੁਤਾ ਸਮਾਂ ਫ਼ਕੀਰਾਂ ਤੇ ਦਰਵੇਸ਼ਾਂ ਦੀ ਸੰਗਤ ਵਿੱਚ ਹੀ ਲੰਘਦਾ ਸੀ। ਮੈਂ ਇਕ ਗੱਲ ਖ਼ਾਸ ਤੌਰ ਤੇ ਨੋਟ ਕੀਤੀ ਕਿ ਉਹ ਗੁਆਚਾ ਗੁਆਚਾ ਜਿਹਾ ਸੀ ਜਿਵੇਂ ਕੁਝ ਸੋਚ ਰਿਹਾ ਹੋਵੇ। ਮੈਂ ਉਸ ਨੂੰ ਇਕ ਵਾਰ ਪੁੱਛਿਆ,"ਬਾਬੂ ਗੋਪੀ ਨਾਥ ਕੀ ਸੋਚ ਰਹੇ ਹੋ ਤੁਸੀ"? ਉਹ ਘਬਰਾ ਕੇ ਬੋਲਿਆ, ਜੀ ਮੈਂ ਮੈਂ ਕੁਝ ਨਹੀ।" ਇਹ ਕਹਿ ਕੇ ਹਲਕੀ ਜਿਹੀ ਮੁਸਕਰਾਹਟ ਨਾਲ ਜ਼ੀਨਤ ਵੱਲ ਇਕ ਪਿਆਰ ਦੀ ਨਿਗਾਹ ਸੁੱਟੀ। "ਇਹਨਾਂ ਹੁਸੀਨਾਂ ਬਾਰੇ ਹੀ ਸੋਚ ਰਿਹਾ ਹਾਂ-ਹੋਰ ਸਾਨੂੰ ਕੀ ਸੋਚ ਹੋਵੇਗੀ।"

-----

ਸੈਂਡੋ ਨੇ ਆਖਿਆ,"ਬੜੇ ਖਾਨਾ ਖ਼ਰਾਬ ਹਨ ਇਹ ਮੰਟੋ ਸਾਹਿਬ, ਬੜੇ ਖਾਨਾ ਖ਼ਰਾਬ ਹਨ। ਲਾਹੌਰ ਦੀ ਕੋਈ ਐਸੀ ਵੇਸਵਾ ਨਹੀਂ ਜਿਸ ਨਾਲ ਬਾਬੂ ਜੀ ਦੀ ਕੈਂਟੀ ਨਿਓਟਲੀ ਨਾ ਰਹੀ ਹੋਵੇ।" ਬਾਬੂ ਗੋਪੀ ਨਾਥ ਨੇ ਇਹ ਸੁਣ ਕੇ ਬੜੇ ਭੱਦੇ ਤਰੀਕੇ ਨਾਲ ਆਖਿਆ,"ਹੁਣ ਕਮਰ ਵਿੱਚ ਉਹ ਦਮ ਨਹੀਂ ਮੰਟੋ ਸਾਹਿਬ।"

ਏਸ ਪਿਛੋਂ ਵਾਹਯਾਹ ਗੱਲਬਾਤ ਆਰੰਭ ਹੋ ਗਈ। ਲਾਹੌਰ ਦੀਆਂ ਸਾਰੀਆਂ ਕੋਠੇ ਵਾਲੀਆਂ ਦੇ ਘਰਾਣੇ ਗਿਣੇ ਗਏ। ਕਿਹੜੀ ਡੇਰਾਵਾਰ ਸੀ। ਕਿਹੜੀ ਨਟਨੀ ਸੀ। ਕੌਣ ਕਿਸਦੀ ਗੋਪੀ ਸੀ। ਨੱਥ ਲਾਹੁਣ ਦਾ ਬਾਬੂ ਗੋਪੀ ਨਾਥ ਨੇ ਕੀ ਦਿੱਤਾ ਸੀ। ਇਹ ਸਭ ਗੱਲਾਂ ਗੁਫ਼ਾਰ ਸਾਈਂ, ਸੈਂਡੋ, ਸਰਦਾਰਾਂ ਤੇ ਗ਼ੁਲਾਮ ਅਲੀ ਦੇ ਵਿਚਕਾਰ ਹੁੰਦੀਆਂ ਰਹੀਆਂ ਠੇਠ ਲਾਹੌਰ ਦੀ ਬੋਲੀ ਵਿਚ। ਮਤਲਬ ਤਾਂ ਮੈਂ ਸਮਝਦਾ ਰਿਹਾ ਪਰ ਕੁਝ ਗੱਲਾਂ ਸਮਝ ਤੋਂ ਬਾਹਰ ਸਨ।

-----

ਜ਼ੀਨਤ ਬਿਲਕੁਲ ਚੁੱਪ ਚਾਪ ਬੈਠੀ ਰਹੀ। ਕਦੀ ਕਦੀ ਕਿਸੇ ਗੱਲ ਤੇ ਮੁਸਕਰਾ ਛਡਦੀ। ਪਰ ਮੈਨੂੰ ਇੰਜ ਲੱਗਾ ਜਿਵੇਂ ਉਸ ਨੂੰ ਇਨ੍ਹਾਂ ਸਾਰੀਆਂ ਗੱਲਾਂ ‘ਚ ਕੋਈ ਦਿਲਚਸਪੀ ਨਹੀਂ ਸੀ। ਵਿਸਕੀ ਦਾ ਇਕ ਹਲਕਾ ਜਿਹਾ ਪੈੱਗ ਵੀ ਉਸ ਨੇ ਬਿਨਾਂ ਕਿਸੇ ਦਿਲਚਸਪੀ ਦੇ ਹੀ ਪੀਤਾ। ਸਿਗਰਟ ਵੀ ਪੀਂਦੀ ਤਾਂ ਇੰਜ ਲੱਗਦਾ ਜਿਵੇਂ ਉਸ ਨੂੰ ਤਮਾਕੂ ਤੇ ਇਸ ਦੇ ਧੂੰਏ ਨਾਲ ਕੋਈ ਵਾਕਫ਼ੀ ਨਾ ਹੋਵੇ ਪਰ ਸਵਾਦ ਇਹ ਕਿ ਸਭ ਤੋਂ ਵੱਧ ਸਿਗਰਟ ਵੀ ਉਸ ਨੇ ਪੀਤੇ। ਬਾਬੂ ਗੋਪੀ ਨਾਥ ਨਾਲ਼ ਉਸ ਨੂੰ ਮੁਹੱਬਤ ਸੀ? ਏਸ ਗੱਲ ਦਾ ਪਤਾ ਮੈਨੂੰ ਕਿਸੇ ਗੱਲੋਂ ਨਾ ਲੱਗਿਆ। ਹਾਂ ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਬਾਬੂ ਗੋਪੀ ਨਾਥ ਨੂੰ ਉਸ ਦੇ ਹਰ ਅਰਾਮ ਦਾ ਖ਼ਿਆਲ ਸੀ। ਪਰ ਇਹ ਗੱਲ ਮੈਨੂੰ ਮਹਿਸੂਸ ਹੋਈ ਕਿ ਇਹਨਾਂ ਦੋਹਾਂ ਵਿਚਕਾਰ ਇਕ ਅਜੀਬ ਤਰਾਂ ਦੀ ਦੂਰੀ ਸੀ। ਮੇਰਾ ਮਤਲਬ ਹੈ ਕਿ ਇਕ ਦੂਜੇ ਦੇ ਨੇੜੇ ਹੁੰਦਿਆ ਹੋਇਆਂ ਵੀ ਉਹ ਇਕ ਦੂਜੇ ਤੋਂ ਦੂਰ-ਦੂਰ ਦਿਖਾਈ ਦੇ ਰਹੇ ਸਨ।

-----

ਅੱਠ ਵਜੇ ਦੇ ਲਾਗੇ ਸਰਦਾਰਾਂ ਡਾਕਟਰ ਮਜੀਦ ਵੱਲ ਚਲੀ ਗਈ ਕਿਉਂਕਿ ਉਸ ਨੇ ਮਾਰਫੀਏ ਦਾ ਟੀਕਾ ਲਵਾਉਣਾ ਸੀ। ਗੁਫ਼ਾਰ ਸਾਈਂ ਤਿੰਨ ਪੈੱਗ ਪੀਣ ਪਿਛੋਂ ਆਪਣੀ ਤਸਵੀ ਲੈ ਕੇ ਬਾਹਰ ਕਾਲੀਨ ਤੇ ਜਾ ਕੇ ਸੌਂ ਗਿਆ। ਗ਼ੁਲਾਮ ਅਲੀ ਨੂੰ ਹੋਟਲ ਤੇ ਖਾਣਾ ਲੈਣ ਭੇਜ ਦਿੱਤਾ ਗਿਆ। ਸੈਂਡੋ ਨੇ ਜਦੋਂ ਆਪਣੀ ਦਿਲਚਸਪ ਬਕਵਾਸ ਕੁਝ ਸਮੇਂ ਲਈ ਬੰਦ ਕੀਤੀ ਤਾਂ ਬਾਬੂ ਗੋਪੀ ਨਾਥ ਜੋ ਹੁਣ ਨਸ਼ੇ ਵਿਚ ਸੀ, ਜ਼ੀਨਤ ਵੱਲ ਵੇਖ ਕੇ ਪਿਆਰ ਨਾਲ ਕਹਿਣ ਲੱਗਾ, "ਮੰਟੋ ਸਾਹਿਬ, ਮੇਰੀ ਜ਼ੀਨਤ ਬਾਰੇ ਤੁਹਾਡਾ ਕੀ ਖ਼ਿਆਲ ਹੈ?" ਮੈਂ ਸੋਚਿਆ ਕੀ ਕਹਾਂ? ਜ਼ੀਨਤ ਵੱਲ ਵੇਖਿਆ ਤਾਂ ਉਹ ਸ਼ਰਮਾ ਗਈ। ਮੈਂ ਉਂਜ ਹੀ ਕਹਿ ਦਿੱਤਾ,"ਬੜਾ ਨੇਕ ਖ਼ਿਆਲ ਹੈ।"

-----

ਬਾਬੂ ਗੋਪੀ ਨਾਥ ਖ਼ੁਸ਼ ਹੋ ਗਿਆ।"ਮੰਟੋ ਸਾਹਿਬ, ਹੈ ਵੀ ਬੜੀ ਭਲੀ ਲੋਕ। ਰੱਬ ਦੀ ਸਹੁੰ ਨਾ ਜ਼ੇਵਰ ਦਾ ਸ਼ੌਕ ਹੈ ਨਾ ਹੀ ਕਿਸੇ ਹੋਰ ਚੀਜ਼ ਦਾ। ਮੈਂ ਕਈ ਵਾਰੀ ਆਖਿਆ ਹੈ ਪਿਆਰੀਏ, ਮਕਾਨ ਬਣਵਾ ਦਿਆਂ? ਜਵਾਬ ਕੀ ਦਿੱਤਾ ਪਤਾ ਤੁਹਾਨੂੰ,,,,,। ਕੀ ਕਰਾਂਗੀ ਮਕਾਨ ਲੈ ਕੇ - ਮੇਰਾ ਕੌਣ ਹੈ। ਮੰਟੋ ਸਾਹਿਬ ਮੋਟਰ ਕਿੰਨੇ 'ਚ ਆ ਜਾਏਗੀ?"

ਮੈਂ ਆਖਿਆ, ਮੈਨੂੰ ਨਹੀਂ ਪਤਾ।" ਬਾਬੂ ਗੋਪੀ ਨਾਥ ਨੇ ਬੜੀ ਹੈਰਾਨੀ ਨਾਲ ਆਖਿਆ, ਕੀ ਗੱਲ ਕਰਦੇ ਹੋ ਮੰਟੋ ਸਾਹਿਬ, ਤਹਾਨੂੰ ਕਾਰਾਂ ਦੀਆਂ ਕੀਮਤਾਂ ਦਾ ਪਤਾ ਨਹੀ। ਕੱਲ ਚੱਲੋ ਮੇਰੇ ਨਾਲ, ਜ਼ੀਨੋ ਲਈ ਇੱਕ ਮੋਟਰ ਖ਼ਰੀਦਾਂਗੇ। ਮੈਂ ਹੁਣ ਵੇਖਿਆ ਹੈ ਕਿ ਬੰਬਈ 'ਚ ਮੋਟਰ ਹੋਣੀ ਹੀ ਚਾਹੀਦੀ ਹੈ।" ਜ਼ੀਨਤ ਦੇ ਚਿਹਰੇ ਤੇ ਕੋਈ ਉਤਰਾਅ-ਚੜ੍ਹਾਅ ਨਾ ਆਏ।

-----

ਬਾਬੂ ਗੋਪੀ ਨਾਥ ਦਾ ਨਸ਼ਾ ਥੋੜੀ ਦੇਰ ਪਿੱਛੋਂ ਹੋਰ ਤੇਜ਼ ਹੋ ਗਿਆ। ਬੜੇ ਜਜ਼ਬਾਤੀ ਹੋ ਕੇ ਉਸ ਨੇ ਕਿਹਾ, "ਮੰਟੋ ਸਾਹਿਬ, ਆਪ ਤਾਂ ਬੜੇ ਲਾਇਕ ਆਦਮੀ ਹੋ, ਮੈਂ ਤਾਂ ਬਿਲਕੁਲ ਗਧਾ ਹਾਂ। ਪਰ ਤੁਸੀ ਮੈਨੂੰ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ। ਕੱਲ ਗੱਲੀਂ-ਬਾਤੀਂ ਸੈਂਡੋ ਨੇ ਤੁਹਾਡਾ ਜ਼ਿਕਰ ਕੀਤਾ। ਮੈਂ ਓਸ ਵੇਲੇ ਟੈਕਸੀ ਮੰਗਵਾਈ ਤੇ ਕਿਹਾ ਮੈਨੂੰ ਮੰਟੋ ਸਾਹਿਬ ਕੋਲ ਲੈ ਚੱਲੋ। ਮੈਂਥੋ ਕੋਈ ਗੁਸਤਾਖ਼ੀ ਹੋ ਗਈ ਹੋਵੇ ਤਾਂ ਮੁਆਫ਼ ਕਰਨਾ। ਬੜਾ ਪਾਪੀ ਆਦਮੀ ਹਾਂ। ਵਿਕਸੀ ਮੰਗਵਾਵਾਂ ਤੁਹਾਡੇ ਲਈ ਹੋਰ।"

ਮੈਂ ਕਿਹਾ,"ਨਹੀਂ ਨਹੀ,ਬਹੁਤ ਪੀ ਚੁੱਕੇ ਹਾਂ।"

----

ਉਹ ਹੋਰ ਜਜ਼ਬਾਤੀ ਹੋ ਗਿਆ। “ਹੋਰ ਲੌ ਮੰਟੋ ਸਾਹਿਬ”, ਇਹ ਕਹਿ ਕੇ ਜੇਬ 'ਚੋਂ ਸੌ ਸੌ ਦੇ ਨੋਟਾਂ ਦੀ ਥਹੀ ਕੱਢੀ ਤੇ ਇਕ ਨੋਟ ਨਿਖੇੜਨ ਲੱਗਾ। ਮੈਂ ਸਾਰੇ ਨੋਟ ਉਸ ਕੋਲੋ ਫੜ ਕੇ ਦੁਬਾਰਾ ਉਸ ਦੀ ਜੇਬ ਦੇ ਵਿਚ ਪਾ ਦਿਤੇ।"ਸੌ ਰੁਪਏ ਦਾ ਇਕ ਨੋਟ ਤੁਸਾਂ ਗ਼ੁਲਾਮ ਅਲੀ ਨੂੰ ਦਿਤਾ ਸੀ, ਉਸ ਦਾ ਕੀ ਬਣਿਆ?" ਅਸਲ 'ਚ ਮੈਨੂੰ ਬਾਬੂ ਗੋਪੀ ਨਾਥ ਨਾਲ ਹਮਦਰਦੀ ਜਿਹੀ ਹੋ ਗਈ ਸੀ। ਕਿੰਨੇ ਆਦਮੀ ਉਸ ਨਾਲ ਜੋਕਾਂ ਵਾਂਗ ਚਿੰਬੜੇ ਹੋਏ ਸਨ। ਮੇਰਾ ਖ਼ਿਆਲ ਸੀ ਕਿ ਬਾਬੂ ਗੋਪੀ ਨਾਥ ਬਿਲਕੁਲ ਗਧਾ ਹੈ ਪਰ ਉਹ ਮੇਰਾ ਇਸ਼ਾਰਾ ਸਮਝ ਗਿਆ ਤੇ ਮੁਸਕਰਾ ਕੇ ਕਹਿਣ ਲੱਗਾ, ਮੰਟੋ ਸਾਹਿਬ ਉਸ ਨੋਟ ਵਿੱਚੋਂ ਜੋ ਕੁਝ ਬਚਿਆ ਹੋਵੇਗਾ ਉਹ ਗ਼ੁਲਾਮ ਅਲੀ ਦੀ ਜੇਬ ਵਿਚੋਂ ਡਿੱਗ ਪਿਆ ਹੋਵੇਗਾ।

-----

ਬਾਬੂ ਗੋਪੀ ਨਾਥ ਨੇ ਅਜੇ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਗ਼ੁਲਾਮ ਅਲੀ ਨੇ ਕਮਰੇ ਅੰਦਰ ਆ ਕੇ ਬੜੇ ਦੁੱਖ ਨਾਲ ਇਹ ਸੂਚਨਾ ਦਿੱਤੀ ਕਿ ਹੋਟਲ ਵਿਚ ਕਿਸੇ ਹਰਾਮਜ਼ਾਦੇ ਨੇ ਉਹਦੀ ਜੇਬ ਵਿਚੋਂ ਸਾਰੇ ਰੁਪਏ ਕੱਢ ਲਏ ਹਨ। ਬਾਬੂ ਗੋਪੀ ਨਾਥ ਮੇਰੇ ਵੱਲ ਵੇਖ ਕੇ ਮੁਸਕਰਾਇਆ, ਫਿਰ ਸੌ ਰੁਪਏ ਦਾ ਇਕ ਨੋਟ ਹੋਰ ਜੇਬ ਚੋਂ ਕੱਢਿਆ ਤੇ ਗ਼ੁਲਾਮ ਅਲੀ ਨੂੰ ਦੇ ਕੇ ਆਖਿਆ," ਛੇਤੀ ਖਾਣਾ ਲੈ ਆਓ।"

-----

ਪੰਜ ਛੇ ਮੁਲਾਕਾਤਾਂ ਪਿੱਛੋਂ ਮੈਨੂੰ ਗੋਪੀ ਨਾਥ ਦੀ ਠੀਕ ਸ਼ਖ਼ਸੀਅਤ ਦਾ ਪਤਾ ਲੱਗਾ। ਪੂਰੀ ਤਰ੍ਹਾਂ ਤਾਂ ਖ਼ੈਰ ਇਨਸਾਨ ਕਿਸੇ ਨੂੰ ਵੀ ਨਹੀਂ ਜਾਣ ਸਕਦਾ ਪਰ ਮੈਨੂੰ ਉਹਦੇ ਬਾਰੇ ਬੜੇ ਦਿਲਚਸਪ ਹਾਲਾਤ ਦਾ ਪਤਾ ਲਗਾ। ਪਹਿਲੀ ਗੱਲ ਇਹ ਕਿ ਉਹ ਪਰਲੇ ਦਰਜੇ ਦਾ ਬੇਵਕੂਫ਼ ਹੈ, ਬਿਲਕੁਲ ਗ਼ਲਤ ਸਾਬਤ ਹੋਇਆ। ਉਸ ਨੂੰ ਇਸ ਗੱਲ ਦਾ ਪਤਾ ਸੀ ਕਿ ਸੈਡੋਂ, ਗ਼ੁਲਾਮ ਅਲੀ ਅਤੇ ਸਰਦਾਰਾਂ ਵਗੈਰਾ,ਜਿਹੜੇ ਉਹਦੇ ਸ਼ੁੱਭ ਚਿੰਤਕ ਬਣੇ ਹੋਏ ਸਨ, ਮਤਲਬੀ ਇਨਸਾਨ ਸਨ। ਉਹ ਇਹਨਾਂ ਸਾਰਿਆਂ ਦੀਆਂ ਝਾੜਾਂ ਤੇ ਗਾਲ੍ਹਾਂ ਸੁਣਦਾ ਸੀ ਪਰ ਗ਼ੁੱਸਾ ਨਹੀਂ ਕਰਦਾ ਸੀ। ਉਸ ਨੇ ਮੈਨੂੰ ਕਿਹਾ, “ਮੰਟੋ ਸਾਹਿਬ, ਮੈਂ ਕਿਸੇ ਦਾ ਮਸ਼ਵਰਾ ਰੱਦ ਨਹੀ ਕੀਤਾ। ਜਦੋਂ ਵੀ ਮੈਨੂੰ ਕੋਈ ਰਾਏ ਦੇਦਾਂ ਹੈ ਤਾਂ ਮੈਂ ਸੁਬਹਾਨ ਅੱਲਾ ਕਹਿਦਾ ਹਾਂ, ਉਹ ਮੈਨੂੰ ਬੇਵਕੁਫ ਸਮਝਦੇ ਹਨ। ਪਰ ਮੈਂ ਇਹਨਾਂ ਨੂੰ ਅਕਲਮੰਦ ਸਮਝਦਾਂ ਹਾਂ, ਘੱਟ ਤੋਂ ਘੱਟ ਇਹਨਾਂ 'ਚ ਏਨੀ ਅਕਲ ਤਾਂ ਹੈ ਹੀ ਜੋ ਮੇਰੇ ਵਿਚਲੀ ਬੇਵਕੂਫੀ ਨੂੰ ਸ਼ਨਾਖ਼ਤ ਕਰ ਲਿਆ ਜਿਸ ਨਾਲ ਇਹਨਾਂ ਦਾ ਆਪਣਾ ਉੱਲੂ ਸਿੱਧਾ ਹੋ ਸਕਦਾ ਹੈ। ਦਰਅਸਲ ਗੱਲ ਇਹ ਹੈ ਕਿ ਮੈਂ ਸ਼ੁਰੂ ਤੋਂ ਹੀ ਕੰਜਰਾਂ ਤੇ ਫ਼ਕੀਰਾਂ ਦੀ ਸੁਹਬਤ ਵਿਚ ਰਿਹਾ ਹਾਂ। ਮੈਨੂੰ ਇਹਨਾਂ ਨਾਲ ਮੁਹੱਬਤ ਜਿਹੀ ਹੋ ਗਈ ਹੈ। ਮੈਂ ਇਹਨਾਂ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਮੈਂ ਸੋਚ ਰੱਖਿਆ ਹੈ ਕਿ ਜਦੋਂ ਮੇਰੀ ਦੌਲਤ ਬਿਲਕੁਲ ਖ਼ਤਮ ਹੋ ਜਾਵੇਗੀ ਤਾਂ ਕਿਸੇ ਤਕੀਏ ਵਿਚ ਜਾ ਬੈਠਾਂਗਾ। ਰੰਡੀ ਦਾ ਕੋਠਾ ਤੇ ਪੀਰ ਦਾ ਮਜ਼ਾਰ ਬੱਸ ਇਹ ਦੋ ਥਾਵਾਂ ਹਨ ਜਿਥੇ ਮੇਰੇ ਦਿਲ ਨੂੰ ਸ਼ਾਂਤੀ ਮਿਲਦੀ ਹੈ। ਰੰਡੀ ਦਾ ਕੋਠਾ ਤਾਂ ਜਦੋਂ ਪੈਸੇ ਮੁੱਕੇ ਤਾਂ ਆਪ ਹੀ ਛੁੱਟ ਜਾਵੇਗਾ ਪਰ ਹਿੰਦੋਸਤਾਨ ਵਿਚ ਹਜ਼ਾਰਾਂ ਪੀਰ ਹਨ, ਕਿਸੇ ਇਕ ਦੇ ਮਜ਼ਾਰ ਤੇ ਚਲਾ ਜਾਵਾਂਗਾ।

ਮੈਂ ਉਸ ਨੂੰ ਪੁੱਛਿਆ, “ਰੰਡੀ ਦੇ ਕੋਠੇ ਤੇ ਤਕੀਏ ਤੁਹਾਨੂੰ ਕਿਉਂ ਪਸੰਦ ਹਨ?”

ਕੁਝ ਦੇਰ ਸੋਚ ਕੇ ਉਸ ਜਵਾਬ ਦਿਤਾ, “ਇਸ ਲਈ ਕਿ ਇਹਨਾਂ ਥਾਂਵਾਂ ਤੇ ਫਰਸ਼ ਤੋਂ ਲੈ ਕੇ ਛੱਤ ਤੀਕ ਧੋਖਾ ਹੀ ਧੋਖਾ ਹੈ। ਜਿਹੜਾ ਬੰਦਾ ਆਪਣੇ ਆਪ ਨੂੰ ਧੋਖਾ ਦੇਣਾ ਚਾਹੇ, ਉਹਦੇ ਲਈ ਇਸ ਤੋਂ ਚੰਗੀ ਥਾਂ ਹੋਰ ਕਿਹੜੀ ਹੋ ਸਕਦੀ ਹੈ।”

ਮੈਂ ਇਕ ਹੋਰ ਸਵਾਲ ਕੀਤਾ, “ਤੁਹਾਨੂੰ ਕੋਠੇ ਵਾਲੀਆਂ ਦਾ ਗਾਣਾ ਸੁਣਨ ਦਾ ਸ਼ੌਕ ਹੈ, ਕੀ ਤੁਹਾਨੂੰ ਸੰਗੀਤ ਦੀ ਕੁਝ ਸਮਝ ਵੀ ਹੈ?”

ਉਸ ਨੇ ਉੱਤਰ ਦਿਤਾ, “ਮੰਟੋ ਸਾਹਿਬ! ਮੈਨੂੰ ਗਾਣੇ ਵਾਣੇ ਨਾਲ ਦਿਲਚਸਪੀ ਨਹੀਂ ਪਰ ਜੇਬ ਵਿਚੋਂ ਦਸ ਜਾਂ ਸੌ ਦਾ ਨੋਟ ਕੱਢ ਕੇ ਗਾਣ ਵਾਲੀ ਨੂੰ ਵਿਖਾਉਣ ਵਿਚ ਬੜਾ ਸਵਾਦ ਆਉਂਦਾ ਹੈ ਤੇ ਬੱਸ ਖ਼ੁਸ਼ ਹੋ ਗਏ। ਇਹੋ ਜਿਹੀਆਂ ਫ਼ਜ਼ੂਲ ਗੱਲਾਂ ਸਾਡੇ ਜਿਹੇ ਤਮਾਸ਼ਬੀਨਾਂ ਨੂੰ ਬੜੀਆਂ ਪਸੰਦ ਹਨ। ਪਰ ਕਿਹੜਾ ਨਹੀਂ ਸਮਝਦਾ ਕਿ ਰੰਡੀ ਦੇ ਕੋਠੇ ਤੇ ਮਾਂ ਪਿਓ ਆਪਣੀ ਔਲਾਦ ਤੋਂ ਪੇਸ਼ਾ ਕਰਾਉਂਦੇ ਹਨ ਤੇ ਖਾਨਗਾਹਾਂ ਤੇ ਇਨਸਾਨ ਆਪਣੇ ਰੱਬ ਕੋਲੋਂ ਪੇਸ਼ਾ ਕਰਾਉਂਦੇ ਹਨ।

----

ਬਾਬੂ ਗੋਪੀ ਨਾਥ ਦਾ ਅੱਗਾ-ਪਿੱਛਾ ਤਾਂ ਮੈਂ ਨਹੀਂ ਸਾਂ ਜਾਣਦਾ ਪਰ ਏਨਾ ਪਤਾ ਲੱਗਾ ਕਿ ਉਹ ਇਹ ਕਿ ਬਹੁਤ ਵੱਡੇ ਕੰਜੂਸ ਬਾਣੀਏ ਦਾ ਪੁੱਤਰ ਹੈ। ਪਿਓ ਦੀ ਮੌਤ ਪਿਛੋਂ ਉਸਨੂੰ ਦਸ ਲੱਖ ਰੁਪਏ ਦੀ ਜਾਇਦਾਦ ਮਿਲੀ ਜਿਹੜੀ ਉਸ ਨੇ ਆਪਣੀ ਖ਼ਾਹਿਸ਼ ਮੁਤਾਬਿਕ ਉਡਾਉਣੀ ਸ਼ੁਰੂ ਕਰ ਦਿਤੀ। ਬੰਬਈ ਆਉਣ ਲੱਗਿਆਂ ਉਹ ਆਪਣੇ ਨਾਲ ਪੰਜਾਹ ਹਜ਼ਾਰ ਰੁਪਏ ਲਿਆਇਆ ਸੀ। ਉਸ ਜ਼ਮਾਨੇ ਵਿਚ ਸਾਰੀਆਂ ਚੀਜ਼ਾਂ ਸਸਤੀਆਂ ਸਨ ਪਰ ਤਾਂ ਵੀ ਹਰ ਰੋਜ਼ ਸੌ ਸਵਾ ਸੌ ਰੁਪਏ ਖ਼ਰਚ ਹੋ ਜਾਂਦੇ ਸਨ।

-----

ਜ਼ੀਨੋ ਲਈ ਉਹਨੇ ਫੀਏਟ ਕਾਰ ਖ਼ਰੀਦੀ। ਯਾਦ ਨਹੀਂ ਸ਼ਾਇਦ ਤਿੰਨ ਹਜ਼ਾਰ ਰੁਪਏ ਵਿਚ ਖ਼ਰੀਦੀ ਸੀ। ਇਕ ਲਫੰਗਾ ਜਿਹਾ ਡਰਾਈਵਰ ਰੱਖ ਲਿਆ। ਬਾਬੂ ਗੋਪੀ ਨਾਥ ਨੂੰ ਇਸ ਤਰ੍ਹਾਂ ਦੇ ਹੀ ਕੁਝ ਬੰਦੇ ਪਸੰਦ ਸਨ।

ਸਾਡੀਆਂ ਮੁਲਾਕਾਤਾਂ ਦਾ ਸਿਲਸਿਲਾ ਵਧਦਾ ਗਿਆ। ਬਾਬੂ ਗੋਪੀ ਨਾਥੀ ਨਾਲ ਤਾਂ ਮੈਨੂੰ ਦਿਲਚਸਪੀ ਸੀ ਪਰ ਉਸ ਨੂੰ ਮੇਰੇ ਨਾਲ ਬੜੀ ਸ਼ਰਧਾ ਹੋ ਗਈ ਸੀ। ਏਸੇ ਲਈ ਦੂਜਿਆਂ ਦੇ ਮੁਕਾਬਲੇ ਵਿਚ ਉਹ ਮੇਰੀ ਬੜੀ ਇੱਜ਼ਤ ਕਰਨ ਲਗ ਪਿਆ ਸੀ।

-----

ਇਕ ਦਿਨ ਸ਼ਾਮੀਂ ਜਦੋਂ ਮੈਂ ਫਲੈਟ ਤੇ ਗਿਆ ਤਾਂ ਸ਼ਫੀਕ ਨੂੰ ਉਥੇ ਵੇਖ ਕੇ ਬੜੀ ਹੈਰਾਨੀ ਹੋਈ। ‘ਮੁਹਮੰਦ ਸ਼ਫੀਕ ਤੂਸੀ’ ਕਹਾਂ ਤਾਂ ਸ਼ਾਇਦ ਤੁਹਾਨੂੰ ਪਤਾ ਲਗ ਜਾਵੇਗਾ ਕਿ ਮੇਰਾ ਮਤਲਬ ਕਿਸ ਆਦਮੀ ਤੋਂ ਹੈ। ਉਂਜ ਤਾਂ ਸ਼ਫੀਕ ਕਾਫੀ ਮਸ਼ਹੂਰ ਹੈ ਪਰ ਉਸਦੀ ਜ਼ਿੰਦਗੀ ਦਾ ਇਕ ਛੁਪਿਆ ਹਿੱਸਾ ਸ਼ਾਇਦ ਕਈਆਂ ਨੂੰ ਪਤਾ ਨਾ ਹੋਵੇ। ਬਹੁਤ ਥੋੜ੍ਹੇ ਆਦਮੀਆਂ ਨੂੰ ਪਤਾ ਹੈ ਕਿ ਤਿੰਨ ਸਕੀਆਂ ਭੈਣਾਂ ਨਾਲ ਇਸ਼ਕ਼ ਕਰਨ ਤੇ ਤਿੰਨਾਂ ਨੂੰ ਤਿੰਨ-ਤਿੰਨ ਚਾਰ-ਚਾਰ ਸਾਲ ਦੀ ਵਿੱਥ ਤੇ ਆਪਣੀਆਂ ਰਖੇਲਾਂ ਬਣਾਉਣ ਤੋਂ ਪਹਿਲਾਂ ਉਸ ਦਾ ਸਬੰਧ ਉਹਨਾਂ ਦੀ ਮਾਂ ਨਾਲ ਵੀ ਸੀ। ਉਸ ਦੀ ਪਹਿਲੀ ਵਹੁਟੀ ਜਿਹੜੀ ਛੇਤੀ ਹੀ ਮਰ ਗਈ ਸੀ, ਉਹਨੂੰ ਏਸ ਲਈ ਪਸੰਦ ਨਹੀਂ ਸੀ ਕਿ ਉਹਦੇ ਵਿਚ ਕੋਠੇ ਵਾਲੀਆਂ ਵਾਲੇ ਨਖ਼ਰੇ ਨਹੀਂ ਸਨ। ਸ਼ਫੀਕ ਤੂਸੀ ਨੂੰ ਜਾਣਨ ਵਾਲਾ ਹਰ ਆਦਮੀ ਜਾਣਦਾ ਹੈ ਕਿ ਚਾਲੀ ਵਰ੍ਹਿਆਂ ਦੀ ਉਮਰ ਤਕ ਸੈਂਕੜੇ ਕੋਠੇ ਵਾਲੀਆਂ ਨੇ ਉਹਨੂੰ ਰੱਖਿਆ। ਉਸ ਚੰਗੇ ਤੋਂ ਚੰਗਾ ਕੱਪੜਾ ਪਹਿਨਿਆ, ਵਧੀਆ ਤੋਂ ਵਧੀਆ ਖਾਧਾ, ਨਵੀਂ ਤੋਂ ਨਵੀਂ ਮੋਟਰ ਕਾਰ ਰੱਖੀ ਪਰ ਉਸ ਨੇ ਆਪਣੇ ਪਲਿੱਓਂ ਕਦੇ ਦਮੜੀ ਵੀ ਨਾ ਖ਼ਰਚੀ। ਪੇਸ਼ਾਵਰ ਔਰਤਾਂ ਉਸ ਦੇ ਮਰਾਸੀਆਂ ਵਾਲੇ ਗੁਣਾਂ ਕਾਰਨ ਛੇਤੀ ਹੀ ਉਸ ਦੇ ਵੱਲ ਖਿੱਚੀਆਂ ਜਾਂਦੀਆਂ ਸਨ।

-----

ਲੜੀ ਜੋੜਨ ਲਈ ਭਾਗ ਦੂਜਾ ਹੇਠਲੀ ਪੋਸਟ ਜ਼ਰੂਰ ਦੇਖੋ ਜੀ।