ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, April 10, 2010

ਸੁਖਿੰਦਰ - ਕੈਨੇਡੀਅਨ ਪੰਜਾਬੀ ਕਵਿਤਾ : ਸੰਵਾਦ ਦੀ ਸਮੱਸਿਆ - ਬਹਿਸ ਪੱਤਰ – ਭਾਗ ਦੂਜਾ

ਕੈਨੇਡੀਅਨ ਪੰਜਾਬੀ ਕਵਿਤਾ : ਸੰਵਾਦ ਦੀ ਸਮੱਸਿਆ

ਬਹਿਸ ਪੱਤਰ ਭਾਗ ਦੂਜਾ

ਲੜੀ ਜੋੜਨ ਲਈ ਭਾਗ ਪਹਿਲਾ ਪੜ੍ਹੋ ਜੀ।

(ਇਹ ਬਹਿਸ-ਪੱਤਰ 24, 25, 26 ਜੁਲਾਈ, 2009 ਨੂੰ ਵਿਸ਼ਵ ਪੰਜਾਬੀ ਕਾਨਫਰੰਸ 2009ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਪੇਸ਼ ਕੀਤਾ ਗਿਆ ਸੀ। ਹੁਣ ਇਸਨੂੰ ਬਲੌਗ ਦੇ ਸੂਝਵਾਨ ਪਾਠਕਾਂ ਲਈ ਲੜੀਵਾਰ ਪੋਸਟ ਕੀਤਾ ਜਾ ਰਿਹਾ ਹੈ। ਤੁਹਾਡੇ ਇਸ ਬਹਿਸ-ਪੱਤਰ ਬਾਰੇ ਕੀ ਵਿਚਾਰ ਹਨ, ਪੜ੍ਹਨ ਉਪਰੰਤ ਜ਼ਰੂਰ ਲਿਖਣਾ ਜੀ। ਸ਼ੁਕਰੀਆ। )

ਕੈਨੇਡੀਅਨ ਪੰਜਾਬੀ ਕਵਿਤਾ ਦੀ ਵੱਖਰੀ ਪਹਿਚਾਣ :

ਕੈਨੇਡਾ ਦੇ ਵਧੇਰੇ ਪੰਜਾਬੀ ਕਵੀ ਕੈਨੇਡਾ ਦੇ ਪੱਧਰ ਉੱਤੇ ਅਤੇ ਵਿਸ਼ਵ ਪੱਧਰ ਉੱਤੇ ਪੇਸ਼ ਆ ਰਹੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਸਿਹਤ ਸਬੰਧੀ ਜਾਂ ਵਾਤਾਵਰਨ ਨਾਲ ਸਬੰਧਤ ਸਮੱਸਿਆਵਾਂ ਬਾਰੇ ਖ਼ੂਬਸੂਰਤ ਕਵਿਤਾਵਾਂ ਲਿਖ ਰਹੇ ਹਨਜਦੋਂ ਕਿ ਇਸਦੇ ਮੁਕਾਬਲੇ ਵਿੱਚ ਭਾਰਤੀ ਕਵੀ / ਆਲੋਚਕ ਦੇਹਵਾਦੀ ਕਵਿਤਾ, ਪਿਆਰ ਕਵਿਤਾ ਜਾਂ ਲਿੰਗਕ ਸਬੰਧਾਂ ਦੇ ਜਸ਼ਨ ਵਾਲੀ ਕਵਿਤਾ ਦੇ ਆਸਪਾਸ ਹੀ ਘੁੰਮ ਰਹੇ ਹਨ ਜਾਂ ਉਸਦਾ ਚਰਚਾ ਕਰ ਰਹੇ ਹਨ

-----

ਕੈਨੇਡੀਅਨ ਪੰਜਾਬੀ ਕਵਿਤਾ ਦਾ ਹੋਰਨਾਂ ਦੇਸ਼ਾਂ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਨਾਲੋਂ ਅਨੇਕਾਂ ਪਹਿਲੂਆਂ ਤੋਂ ਵੱਖਰੇਵਾਂ ਹੈਇਸ ਵੱਖਰੇਵੇਂ ਨੂੰ ਸਮਝਣ ਵਿੱਚ ਵਧੇਰੇ ਭਾਰਤੀ ਪੰਜਾਬੀ ਆਲੋਚਕ ਕਾਮਯਾਬ ਨਹੀਂ ਹੋ ਸਕੇਭਾਰਤੀ ਸਭਿਆਚਾਰ / ਭਾਰਤੀ ਸਮਾਜ ਨਾਲੋਂ ਕੈਨੇਡੀਅਨ ਸਭਿਆਚਾਰ / ਸਮਾਜ ਦੀਆਂ ਸਮੱਸਿਆਵਾਂ ਵੱਖਰੀਆਂ ਹਨਇਸ ਤੱਥ ਨੂੰ ਭਾਰਤੀ ਆਲੋਚਕਾਂ ਨੇ ਕਦੀ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਲੱਗਦੀਸ਼ਾਇਦ, ਇਸੇ ਕਾਰਨ ਹੀ ਕੈਨੇਡਾ ਵਿੱਚ ਰਚੀ ਜਾ ਰਹੀ ਵਧੀਆ ਪੰਜਾਬੀ ਕਵਿਤਾ ਵਧੇਰੇ ਭਾਰਤੀ ਪੰਜਾਬੀ ਆਲੋਚਕ ਨਜ਼ਰ ਅੰਦਾਜ਼ ਕਰ ਦਿੰਦੇ ਹਨਪਿਛਲੇ ਕੁਝ ਸਮੇਂ ਤੋਂ ਪਰਾ-ਆਧੁਨਿਕਤਾ ਦੇ ਨਾਮ ਉੱਤੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਕਵਿਤਾ ਬਾਰੇ ਜੋ ਚਰਚਾ ਸ਼ੁਰੂ ਹੋਇਆ ਹੈ ਉਸਨੇ ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਵਾਲੀ ਕਵਿਤਾ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੈ

-----

ਕੈਨੇਡੀਅਨ ਪੰਜਾਬੀ ਕਵਿਤਾ ਭਾਰਤ ਅਤੇ ਪਾਕਿਸਤਾਨ ਦੇ ਖਿੱਤੇ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਨਾਲੋਂ ਨਾ ਸਿਰਫ਼ ਕਈ ਪਹਿਲੂਆਂ ਤੋਂ ਵੱਖਰੇਵਾਂ ਹੀ ਰੱਖਦੀ ਹੈ; ਬਲਕਿ ਕੈਨੇਡਾ ਵਿੱਚ ਲਿਖੀ ਜਾ ਰਹੀ ਕਵਿਤਾ ਭਾਰਤੀ ਪੰਜਾਬੀ ਕਵੀਆਂ / ਪਾਕਿਸਤਾਨੀ ਪੰਜਾਬੀ ਕਵੀਆਂ ਵੱਲੋਂ ਲਿਖੀ ਜਾ ਰਹੀ ਕਵਿਤਾ ਤੋਂ ਕਈ ਪਹਿਲੂਆਂ ਤੋਂ ਬੇਹਤਰ ਵੀ ਹੈ

-----

ਮੈਂ ਇਹ ਗੱਲ ਕਹਿਣ ਵਿੱਚ ਵੀ ਕੋਈ ਝਿਜਕ ਮਹਿਸੂਸ ਨਹੀਂ ਕਰਦਾ ਕਿ ਜਦੋਂ ਕਿ ਕੈਨੇਡੀਅਨ ਪੰਜਾਬੀ ਕਵੀਆਂ ਵੱਲੋਂ ਲਿਖੀ ਜਾ ਰਹੀ ਵਧੇਰੇ ਪੰਜਾਬੀ ਕਵਿਤਾ ਸਥਾਨਕ, ਪ੍ਰਾਂਤਕ, ਕੌਮੀ ਅਤੇ ਅੰਤਰ-ਰਾਸ਼ਟਰੀ ਮਸਲਿਆਂ ਨੂੰ ਆਪਣਾ ਵਿਸ਼ਾ ਬਣਾ ਰਹੀ ਹੈ; ਪਰ ਇਸਦੇ ਮੁਕਾਬਲੇ ਵਿੱਚ ਭਾਰਤ ਵਿੱਚ ਲਿਖੀ ਜਾ ਰਹੀ ਵਧੇਰੇ ਪੰਜਾਬੀ ਕਵਿਤਾ ਨਿੱਜੀ ਪਿਆਰ, ਦੇਹਵਾਦੀ ਕਵਿਤਾ ਅਤੇ ਸੈਕਸ ਸਬੰਧਾਂ ਦੇ ਜਸ਼ਨ ਆਦਿ ਵਰਗਿਆਂ ਵਿਸ਼ਿਆਂ ਦੇ ਆਲੇ ਦੁਆਲੇ ਹੀ ਘੁੰਮਦੀ ਰਹਿਣ ਕਰਕੇ ਪੰਜਾਬੀ ਕਵਿਤਾ ਦੇ ਪਾਠਕਾਂ ਨੂੰ ਗੁੰਮਰਾਹ ਕਰ ਰਹੀ ਹੈਭਾਰਤੀ ਕਵੀਆਂ ਨੂੰ ਆਪਣੇ ਚੌਗਿਰਦੇ ਵਿੱਚ ਪੱਸਰੀਆਂ ਅਤੇ ਸਮਾਜ ਦੀਆਂ ਸਮੱਸਿਆਵਾਂ ਵੱਲ ਦੇਖਣ ਦੀ ਜਾਂ ਤਾਂ ਵਿਹਲ ਹੀ ਨਹੀਂ ਜਾਂ ਉਹ ਸਮਝਦੇ ਹਨ ਕਿ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ ਜਾਂ ਵਾਤਾਵਰਨ ਸਬੰਧੀ ਸਮੱਸਿਆਵਾਂ ਨੂੰ ਕਵਿਤਾ ਦਾ ਵਿਸ਼ਾ ਬਣਾਉਣ ਨਾਲ ਕਵਿਤਾ ਘਟੀਆ ਪੱਧਰ ਦੀ ਬਣ ਜਾਂਦੀ ਹੈ ਇਸ ਗੱਲ ਲਈ ਮੈਂ ਕਾਫੀ ਹੱਦ ਤੱਕ ਸਮੀਖਿਆਕਾਰਾਂ/ਆਲੋਚਕਾਂ ਨੂੰ ਜ਼ਿੰਮੇਵਾਰ ਸਮਝਦਾ ਹਾਂ ਕਿਉਂਕਿ ਉਹ ਭਾਰਤੀ ਕਵੀਆਂ ਨੂੰ ਅਜਿਹੀ ਕਿਸਮ ਦੀ ਨਿੱਜੀ ਪੱਧਰ ਦੀ ਕਵਿਤਾ ਲਿਖਣ ਲਈ ਹੀ ਉਤਸ਼ਾਹਿਤ ਕਰ ਰਹੇ ਹਨ

-----

ਪੰਜਾਬੀ ਕਵਿਤਾ ਦੇ ਆਲੋਚਕ/ਸਮੀਖਿਆਕਾਰ ਕਿਉਂਕਿ ਵਧੇਰੇ ਗਿਣਤੀ ਵਿੱਚ ਭਾਰਤ ਵਿੱਚ ਹੀ ਸਥਿਤ ਹਨ- ਇਸ ਲਈ ਉਹ ਭਾਰਤੀ ਕਵਿਤਾ ਦੇ ਮਾਪਦੰਢ ਹੀ ਵਿਦੇਸ਼ਾਂ ਵਿੱਚ ਲਿਖੀ ਜਾ ਰਹੀ ਕਵਿਤਾ ਦੀ ਸਮੀਖਿਆ/ਆਲੋਚਨਾ ਕਰਨ ਵੇਲੇ ਵੀ ਲਗਾਉਂਦੇ ਹਨਜਿਸ ਕਾਰਨ ਕੈਨੇਡੀਅਨ ਪੰਜਾਬੀ ਕਵਿਤਾ ਦੀ ਸਮੀਖਿਆ/ਆਲੋਚਨਾ ਕਰਨ ਵੇਲੇ ਵੀ ਉਹ ਭਾਰਤੀ ਕਵਿਤਾ ਦੇ ਮਾਪਦੰਢ ਹੀ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨਪਰ ਕੁਝ ਹੱਦ ਤੱਕ ਅਜਿਹਾ ਕਰਦਿਆਂ ਉਨ੍ਹਾਂ ਦਾ ਕਸੂਰ ਵੀ ਨਹੀਂ; ਕਿਉਂਕਿ ਉਹ ਕੈਨੇਡਾ ਦੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਆਰਥਿਕ, ਵਾਤਾਵਰਨ ਸਬੰਧੀ ਸਮੱਸਿਆਵਾਂ ਤੋਂ ਬਹੁਤੇ ਵਾਕਿਫ਼ ਨਹੀਂ ਹੁੰਦੇਉਨ੍ਹਾਂ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਜਾਂ ਤਾਂ ਅਖਬਾਰਾਂ, ਮੈਗਜ਼ੀਨਾਂ ਜਾਂ ਪੁਸਤਕਾਂ ਵਿੱਚ ਹੀ ਪੜ੍ਹਿਆ ਹੁੰਦਾ ਹੈ ਜਾਂ ਕਦੇ ਕਦਾਈਂ ਕੈਨੇਡਾ ਦੀ ਸੈਰ ਕਰਕੇ ਕੈਨੇਡਾ ਦੇ ਸਮਾਜ ਨੂੰ ਸੈਰ ਸਪਾਟੇ ਲਈ ਆਏ ਹੋਏ ਵਿਅਕਤੀ ਵਾਂਗ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈਉਨ੍ਹਾਂ ਨੂੰ ਕੈਨੇਡੀਅਨ ਸਮਾਜ ਵਿੱਚ ਵਧੇਰੇ ਸਮਾਂ ਵਿਚਰਨ ਦਾ ਮੌਕਾ ਨਹੀਂ ਮਿਲਿਆ ਹੁੰਦਾਇਸ ਲਈ ਉਨ੍ਹਾਂ ਨੂੰ ਕੈਨੇਡੀਅਨ ਸਮਾਜ ਦੀਆਂ ਸਮੱਸਿਆਵਾਂ ਦੀਆਂ ਗੁੰਝਲਾਂ ਦੀ ਵਧੇਰੇ ਸਮਝ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਨੂੰ ਕੈਨੇਡੀਅਨ ਮਾਨਸਿਕਤਾ ਦਾ ਹੀ ਡੂੰਘਾਈ ਵਿੱਚ ਗਿਆਨ ਹੁੰਦਾ ਹੈ ਭਾਰਤੀ ਸਮਾਜ ਵਿੱਚ ਰਹਿਣ ਵਾਲੇ ਮਨੁੱਖ ਦੀ ਵੱਖਰੀ ਮਾਨਸਿਕਤਾ ਹੋਣ ਵਾਂਗ ਕੈਨੇਡੀਅਨ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਦੀ ਵੀ ਵੱਖਰੀ ਮਾਨਸਿਕਤਾ ਹੁੰਦੀ ਹੈ; ਜਿਸਨੂੰ ਸਮਝੇ ਬਿਨ੍ਹਾਂ ਕੈਨੇਡੀਅਨ ਪੰਜਾਬੀ ਕਵੀਆਂ ਵੱਲੋਂ ਲਿਖੀ ਜਾ ਰਹੀ ਕਵਿਤਾ ਨੂੰ ਸਹੀ ਤਰ੍ਹੀ ਸਮਝਿਆ ਨਹੀਂ ਜਾ ਸਕਦਾ

-----

ਆਪਣੇ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਲਈ ਮੈਂ ਆਪਣੇ ਬਹਿਸ-ਪੱਤਰ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਨਾਲ ਸਬੰਧਤ ਅਜਿਹੇ ਅਨੇਕਾਂ ਹੀ ਵਿਸ਼ਿਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਬਾਰੇ ਕੈਨੇਡਾ ਦੇ ਕਵੀ ਖ਼ੂਬਸੂਰਤ ਰਚਨਾਵਾਂ ਲਿਖ ਰਹੇ ਹਨ ਅਤੇ ਜਿਨ੍ਹਾਂ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਹੈ; ਪਰ ਉਨ੍ਹਾਂ ਵਿਸਿ਼ਆਂ ਬਾਰੇ ਪੰਜਾਬੀ ਆਲੋਚਕ / ਸਮੀਖਿਆਕਾਰ ਜਾਂ ਤਾਂ ਬਿਲਕੁਲ ਹੀ ਚੁੱਪ ਹਨ ਜਾਂ ਬਹੁਤ ਘੱਟ ਵਿਚਾਰ ਪ੍ਰਗਟ ਕਰ ਰਹੇ ਹਨ

-----

ਗੰਭੀਰ ਸੰਵਾਦ ਦੀ ਮੰਗ ਕਰ ਰਹੇ ਕੈਨੇਡੀਅਨ ਪੰਜਾਬੀ ਕਵਿਤਾ ਨਾਲ ਸਬੰਧਤ ਵਿਸ਼ੇ :

1. ਪਰਵਾਸ ਦਾ ਸੰਕਟ, ਭੂ-ਹੇਰਵਾ ਅਤੇ ਹੋਂਦ ਦਾ ਮਸਲਾ :

ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਹੋਂਦਦੇ ਸੁਆਲ ਬਾਰੇ ਵੀ ਅਨੇਕਾਂ ਪਰਤਾਂ ਰਾਹੀਂ ਚਰਚਾ ਛੇੜਿਆ ਗਿਆ ਹੈਇਹ ਹੋਂਦ ਦਾ ਸੁਆਲ ਅੰਤਰੀਵ ਤੌਰ ਉੱਤੇ ਵੀ ਅਤੇ ਬਾਹਰੀ ਤੌਰ ਉੱਤੇ ਵੀ ਜੁੜਿਆ ਰਹਿੰਦਾ ਹੈਇਸੇ ਅਹਿਸਾਸ ਵਿੱਚੋਂ ਹੀ ਭੂ-ਹੇਰਵਾ ਜਾਗਦਾ ਹੈਬੇਗਾਨੀ ਧਰਤੀ ਹੋਣ ਦਾ ਅਹਿਸਾਸ ਜਾਗਦਾ ਹੈ ਹੋਂਦ ਦੇ ਸਵਾਲ ਦਾ ਪਰਵਾਸ ਦਾ ਸੰਕਟ ਬਣਕੇ ਪਰਵਾਸੀ ਪੰਜਾਬੀਆਂ ਨੂੰ ਕਦਮ ਕਦਮ ਉੱਤੇ ਸਾਹਮਣਾ ਕਰਨਾ ਪੈਂਦਾ ਹੈਕੁਝ ਲੋਕ ਕੈਨੇਡਾ ਪ੍ਰਵਾਸ ਕਰਨ ਤੋਂ ਕੁਝ ਸਮੇਂ ਬਾਅਦ, ਕੁਝ ਹੱਦ ਤੱਕ, ਇਸ ਸਥਿਤੀ ਚੋਂ ਬਾਹਰ ਆ ਜਾਂਦੇ ਹਨ - ਪਰ ਕੁਝ ਲੋਕਾਂ ਲਈ ਇਸ ਸਥਿਤੀ ਵਿੱਚੋਂ ਬਾਹਰ ਨਿਕਲਣਾ ਅਸੰਭਵ ਹੋ ਜਾਂਦਾ ਹੈਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਲਈ ਜੋ ਆਪਣੀ ਜ਼ਿੰਦਗੀ ਦਾ ਵਧੇਰੇ ਹਿੱਸਾ ਕੈਨੇਡਾ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਬਿਤਾ ਕੇ ਆਏ ਹੁੰਦੇ ਹਨ

-----

ਨਵੇਂ ਦੇਸ਼ ਵਿੱਚ ਉਨ੍ਹਾਂ ਨੂੰ ਨਵੇਂ ਸਭਿਆਚਾਰ, ਨਵੀਆਂ ਸਮਾਜਿਕ, ਰਾਜਨੀਤਿਕ, ਆਰਥਿਕ ਸਥਿਤੀਆਂ ਅਤੇ ਵਾਤਾਵਰਨ ਸਬੰਧੀ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਕਈ ਸਥਿਤੀਆਂ ਵਿੱਚ ਤਾਂ ਇਹ ਹਾਲਤਾਂ ਇੰਨੀਆਂ ਕਠੋਰ ਹੁੰਦੀਆਂ ਹਨ ਕਿ ਮਨੁੱਖ ਮਾਨਸਿਕ ਤੌਰ ਉੱਤੇ ਬੁਰੀ ਤਰ੍ਹਾਂ ਟੁੱਟ ਜਾਂਦਾ ਹੈਵਿਸ਼ੇਸ਼ ਕਰਕੇ, ਮੂਲ ਦੇਸ਼ ਵਿੱਚ ਚੰਗੇ ਅਹੁਦਿਆਂ ਉੱਤੇ ਲੱਗੇ ਰਹੇ ਲੋਕਾਂ ਨੂੰ ਜਦੋਂ ਕੈਨੇਡਾ ਆ ਕੇ 7-7 ਡਾਲਰ ਪ੍ਰਤੀ ਘੰਟਾ ਦੇ ਕੰਮ ਦੀ ਤਲਾਸ਼ ਵਿੱਚ ਸਰੀਰ ਨੂੰ ਸੁੰਨ ਕਰ ਦੇਣ ਵਾਲੇ ਠੰਢੇ ਮੌਸਮ ਵਿੱਚ ਬਰਫ਼ਾਂ ਮਿੱਧਦੇ ਹੋਏ ਥਾਂ ਥਾਂ ਭਟਕਣਾ ਪੈਂਦਾ ਹੈ, ਕਦੀ ਇੱਕ ਅਤੇ ਕਦੀ ਦੂਜੇ ਦਫਤਰ ਵਿੱਚ ਨੌਕਰੀ ਲਈ ਅਰਜ਼ੀਆਂ ਦੇਣ ਲਈ ਖੱਜਲ ਖਵਾਰ ਹੋਣਾ ਪੈਂਦਾ ਹੈ; ਤਾਂ ਪ੍ਰਵਾਸੀ ਬਹੁਤ ਨਿਰਾਸਤਾ ਵਿੱਚ ਡੁੱਬ ਜਾਂਦੇ ਹਨ ਅਤੇ ਸੋਚਦੇ ਹਨ ਕਿ ਕੀ ਖੱਟਿਆ ਹੈ ਉਨ੍ਹਾਂ ਨੇ ਕੈਨੇਡਾ ਆ ਕੇ? ਪਰਵਾਸੀਆਂ ਨੂੰ ਮਜਬੂਰ ਹੋ ਕੇ ਹਰ ਤਰ੍ਹਾਂ ਦਾ ਕੰਮ ਕਰਨਾ ਪੈਂਦਾ ਹੈਇੰਡੀਆ ਵਿੱਚ ਪਰੋਫੈਸਰ, ਇੰਜਨੀਅਰ, ਡਾਕਟਰ, ਵਕੀਲ ਜਾਂ ਜੱਜ ਦੇ ਅਹੁਦੇ ਉੱਤੇ ਕੰਮ ਕਰਦੇ ਰਹੇ ਲੋਕਾਂ ਨੂੰ ਵੀ ਕੈਨੇਡਾ ਆ ਕੇ ਕਈ ਵਾਰ ਰੈਸਟੋਰੈਂਟਾਂ ਵਿੱਚ ਭਾਂਡੇ ਧੋਣ ਦਾ ਕੰਮ ਕਰਨਾ ਪੈਂਦਾ ਹੈ- ਜਾਂ ਗੈਸ ਪੰਪਾਂ ਉੱਤੇ ਕਾਰਾਂ / ਵੈਨਾਂ ਵਿੱਚ ਗੈਸ ਭਰਨ ਦਾ ਕੰਮ ਕਰਨਾ ਪੈਂਦਾ ਹੈ ਜਾਂ ਟੈਕਸੀ ਚਲਾਉਣੀ ਪੈਂਦੀ ਹੈਇੱਥੋਂ ਤੱਕ ਕਿ ਕਈ ਵਾਰੀ ਕਾਲਿਜ ਦੇ ਪ੍ਰਿੰਸੀਪਲ ਦੇ ਅਹੁਦੇ ਉੱਤੇ ਕੰਮ ਕਰਦੇ ਰਹੇ ਲੋਕਾਂ ਨੂੰ ਕੈਨੇਡਾ ਆ ਕੇ ਸਕਿਉਰਟੀ ਗਾਰਡ ਦਾ ਹੀ ਕੰਮ ਕਰਨਾ ਪੈਂਦਾ ਹੈਕਿਉਂਕਿ ਘਰ ਦਾ ਖਰਚਾ ਚਲਾਉਣ ਲਈ ਹਰ ਹੀਲੇ ਪੈਸੇ ਤਾਂ ਕਮਾਉਣੇ ਹੀ ਪੈਂਦੇ ਹਨਲੋਕ ਸਿਰਫ਼ ਇਸ ਆਸ ਉੱਤੇ ਹੀ ਹਰ ਕੰਮ ਸਵੀਕਾਰ ਕਰ ਲੈਂਦੇ ਹਨ ਕਿ ਕਦੀ ਤਾਂ ਉਨ੍ਹਾਂ ਨੂੰ ਆਪਣੀ ਪਸੰਦ ਦਾ ਰੁਜ਼ਗਾਰ ਮਿਲੇਗਾਭਾਵੇਂ ਕਿ ਕਈ ਵਾਰ ਇਸ ਆਸ ਉੱਤੇ ਹੀ ਉਨ੍ਹਾਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈਕਈ ਹਾਲਤਾਂ ਵਿੱਚ ਪ੍ਰਵਾਸੀਆਂ ਨੂੰ ਪਰਵਾਸ ਤੋਂ ਪਹਿਲਾਂ ਬਿਤਾਈ ਵਧੀਆ ਜ਼ਿੰਦਗੀ ਨੂੰ ਭੁੱਲਕੇ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਬਿਲਕੁਲ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪੈਂਦੀ ਹੈ

-----

ਪਰਵਾਸ ਵਿੱਚ ਹੋਂਦ ਦੇ ਮਸਲੇ ਨੂੰ ਲੈ ਕੇ ਅਨੇਕਾਂ ਕੈਨੇਡੀਅਨ ਪੰਜਾਬੀ ਕਵੀਆਂ ਨੇ ਖ਼ੂਬਸੂਰਤ ਰਚਨਾਵਾਂ ਲਿਖੀਆਂ ਹਨਪੇਸ਼ ਹਨ ਕੁਝ ਅਰਥ ਭਰਪੂਰ ਉਦਾਹਰਣਾਂ:

1.ਬਾਲ ਭੁੱਲੇ, ਨੀਂਦ ਰੁੱਸੀ, ਨਾਰ ਵੀ ਗੁੰਮ-ਸੁੰਮ ਰਹੇ

ਮਿਲ ਰਹੀ ਕੀ ਕੀ ਨਾ ਮੈਨੂੰ, ‘ਘਰਬਣਾਵਣ ਦੀ ਸਜ਼ਾ

(ਕੁਲਵਿੰਦਰ ਖਹਿਰਾ)

-----

2.ਰੁੱਖ ਵਰਗਾ ਹੈ ਮੇਰਾ ਮੈਂ

ਪੁੱਟ ਕੇ ਕਿਸੇ ਪੰਜਾਬ ਦੀ ਧਰਤੀ ਤੋਂ

ਲਿਆ ਗੱਡਿਆ....ਸਮੁੰਦਰੋਂ ਪਾਰ

ਪਰ ਜੜ੍ਹਾਂ ਤਾਂ ਰਹਿ ਗਈਆਂ ਓਥੇ

ਪੱਤਰ ਸੁੱਕਦੇ ਜਾਂਦੇ ਰੁੱਖ ਨਿਰਜਿੰਦ ਜਿਹਾ ਕੀ ਰਚਨਾ?

ਸਾਰੇ ਪੱਤਰ-ਇਕ ਇਕ ਕਰਕੇ, ਝੜਦੇ ਪਏ

ਓੜਕ ਰੁੱਖ ਨੇ ਇਕ ਦਿਨ ਮੁੱਕ ਜਾਣੀ...

ਰੱਬ ਦੇ ਵਾਸਤੇ ਕਦੀ ਨਾ ਪੁੱਟਿਓ ਰੁੱਖ...

ਉਹ ਹੋਰ ਹੁੰਦੇ ਨੇ ਜੋ ਗਮਲਿਆਂ ਵਿਚ ਉੱਗਦੇ ਨੇ

ਮੇਰਾ ਰੁੱਖ ਤਾਂ ਧਰਤੀ ਨਹੀਂ ਫੜਦਾ

ਮੈਂ ਰੁੱਖ, ਧੁੱਪ, ਠੰਢ ਤੇ ਮੀਂਹ ਵਿੱਚ ਵੀ ਖੜ੍ਹਾ ਰਹਾਂ ਬਾਹਾਂ ਖਿਲਾਰੀ

ਕਦੇ ਨਾ ਸੁੱਕਾਂ ਜੇ ਜੜ੍ਹਹੀਣ ਨਾ ਕਰੇ ਕੋਈ...

(‘ਮੈਂ’ - ਹਰਭਜਨ ਸਿੰਘ ਮਾਂਗਟ)

-----

3.ਕੋਈ ਵੀ ਥਾਂ ਮਿਲੀ ਨਾ ਬਰਸਣ ਨੂੰ

ਇਹ ਘਟਾ ਭਟਕਦੀ ਰਹੀ ਥਲ ਥਲ

(ਭੂਪਿੰਦਰ ਦੁਲੇ)

-----

4 ਕਮਰੇ ਦੇ ਵਿਚ

ਬਰਫ਼ ਪਈ ਹੈ

ਤੇ ਬਾਹਰ ਵੀਬਾਹਰ ਦੀ ਸਰਦੀ

ਤੋਂ ਡਰਦੇ

ਹੌਲੀ ਹੌਲੀ

ਖਿੜਕੀ ਬੰਦ ਕਰਦੇ ਹਾਂ

ਪਰ ਜਦ

ਦਮ ਘੁੱਟਦਾ ਹੈ

ਮੁੜ ਖਿੜਕੀ ਵਲ ਨਸਦੇ ਹਾਂ

ਨਾ ਬੰਦ ਖਿੜਕੀ ਵਿੱਚ ਹੀ

ਹੁਣ ਅਪਣਾ ਘਰ ਹੈ

ਤੇ ਨਾ ਖਿੜਕੀ ਤੋਂ ਬਾਹਰ

(‘ਅਸੀਂ ਦਰਸ਼ਕ ਹਾਂ’ - ਸੁਖਿੰਦਰ)

-----

5.ਜਸ਼ਨਾਂ ਚ ਤੁਸੀਂ

ਦਸਤਾਨਿਆਂ ਨਾਲ ਹੱਥ ਮਿਲਾਉਂਦੇ ਹੋ

ਹਉਮੈ ਨੂੰ ਜੱਫ਼ੀ ਪਾਉਂਦੇ ਹੋ

ਬੈਂਕ-ਖ਼ਾਤਿਆਂ ਦੀ ਸੁੱਖ-ਸਾਂਦ ਪੁੱਛਦਿਆਂ

ਗਲਾਸ ਬਹਿਰੇ ਦੀ ਟਰੇਅ ਚੋਂ ਚੁੱਕਦਿਆਂ

ਵਸਤ ਬਣ ਗਏ ਬੰਦਿਆਂ ਨਾਲ ਸੰਵਾਦ ਰਚਾਉਂਦੇ ਹੋ

ਤੁਸੀਂ ਅੰਦਰੋਂ ਅੰਦਰੀ ਮਹਿਸੂਸ ਕਰਦੇ ਹੋ

ਦੇਖ ਕੇ ਇਹ ਝਾਕੀ

ਕਿ ਇਨਸਾਨ ਨੂੰ ਤਾਂ ਨਿਗਲ ਗਿਆ ਕੋਈ ਦੈਂਤ

ਬੁੱਤ, ਬਸਤਰ ਤੇ ਜ਼ੇਵਰ ਬਚੇ ਨੇ ਬਾਕੀ

(‘ਪਛਾਣ’ - ਜਸਬੀਰ ਮਾਹਲ)

------

6.ਬਰਫ਼ ਪਏਗੀ

ਬਰਫ਼ ਦੇ ਅੰਬਾਰ ਖੁਰ ਜਾਣਗੇ

ਤੂਫਾਨ ਆਉਣਗੇ

ਝੰਜੋੜਣਗੇ ਆਲ੍ਹਣੇ ਦੀ ਜਾਨ ਬਹੁਤ

ਪਰ ਨਿਰਾਸ਼ ਤੁਰ ਜਾਣ ਗੇ

ਜਿਊਣ ਦਾ ਹੀਆ ਅਤੇ ਅਹਿਸਾਸ

ਹੀ ਤਾਂ ਇਕ ਗੱਲ ਹੈ

ਜੋ ਸੱਚ ਗੱਲ ਹੈ

(‘ਅਰਜ਼’ - ਪੁਸ਼ਪ ਦੀਪ)

-----

7.ਕੁਝ ਲੋਗ

ਬਰਫ਼ ਹੇਠਾਂ

ਦੱਬ ਹੋਏ ਡਾਲਰ

ਕੱਢ ਰਹੇ ਹਨ

ਕੁਝ ਡਾਲਰ

ਲੋਕਾਂ ਨੂੰ ਦੱਬ ਹੁੰਦੇ ਹੋਏ

ਦੇਖ ਰਹੇ ਹਨ

ਫਿਰ ਵੀ ਸਭ ਖ਼ੁਸ਼ ਲਗਦੇ ਹਨ

(‘ਚਮਤਕਾਰੀ ਬਰਫ਼’ - ਜਸਬੀਰ ਕਾਲਰਵੀ)

*****

ਚਲਦਾ

Wednesday, April 7, 2010

ਰੋਜ਼ੀ ਸਿੰਘ - ਇਲਮ ਤੇ ਅਕਲ - ਲੇਖ

ਇਲਮ ਤੇ ਅਕਲ

ਲੇਖ

ਅਕਲ ਨੂੰ ਉਮਰ ਦੇ ਪੈਮਾਨੇ ਨਾਲ ਨਹੀਂ ਮਾਪਿਆ ਜਾ ਸਕਦਾਅਸਲ ਵਿੱਚ ਅਕਲ ਨੂੰ ਨਾਪਣ ਲਈ ਕੋਈ ਪੈਮਾਨਾ ਬਣਿਆ ਹੀ ਨਹੀਂ ਏ ਕੁਝ ਲੋਕਾਂ ਨੂੰ ਸਾਰੀ ਹਯਾਤੀ ਅਕਲ ਨਹੀਂ ਆਉਂਦੀ ਤੇ ਕੁਝ ਲੋਕ ਸਿਆਣਪ ਤੋਂ ਵੀ ਵੱਧ ਸਿਆਣੇ ਹੁੰਦੇ ਨੇਇੱਕ ਬੁੱਢਾ ਵਿਅਕਤੀ ਵੀ ਬੇਅਕਲਾ ਹੋ ਸਕਦਾ ਹੈ ਤੇ ਇੱਕ ਛੋਟਾ ਬੱਚਾ ਵੀ ਸਿਆਣਾਬਾਬਾ ਬੁੱਢਾ ਸਾਹਿਬ ਨੂੰ ਬੁੱਢਾਦੀ ਉਪਾਧੀ ਉਹਨਾ ਦੀ ਸਿਆਣਪ ਅਤੇ ਅਕਲ ਕਾਰਨ ਛੋਟੀ ਉਮਰ ਵਿੱਚ ਹੀ ਮਿਲ ਗਈ ਸੀਸਾਲ, ਮਹੀਨੇ, ਦਿਨ, ਰਾਤ ਦਰਅਸਲ ਜ਼ਿੰਦਗੀ ਤੇ ਮੌਤ ਵਿਚਲੇ ਸਫ਼ਰ ਨੂੰ ਮਿਣਦੇ ਹਨ, ਇਹਨਾ ਦਾ ਅਕਲ ਨਾਲ ਕੋਈ ਜ਼ਿਆਦਾ ਸਬੰਧ ਨਹੀਂ ਹੁੰਦਾਇਲਮ ਤੇ ਅਕਲ ਭਾਵੇਂ ਕਿ ਇਕ ਦੂਜੇ ਤੋਂ ਬਿਨ੍ਹਾਂ ਅਧੂਰੇ ਲਗਦੇ ਨੇ, ਪਰ ਜ਼ਰੂਰੀ ਨਹੀਂ ਕਿ ਸਿਰਫ਼ ਪੜ੍ਹੇ-ਲਿਖੇ ਲੋਕਾਂ ਕੋਲ ਹੀ ਅਕਲ ਦਾ ਖ਼ਜ਼ਾਨਾ ਹੁੰਦਾ ਹੈਜੇ ਇੰਝ ਹੁੰਦਾ ਤਾਂ ਪੀਰਾਂ ਪੈਗੰਬਰਾਂ ਨੇ ਕਿਹੜੀਆਂ ਡਿਗਰੀਆਂ ਕੀਤੀਆਂ ਸਨ..?? ਅਸਲ ਗੱਲ ਸਮਝਣ ਦੀ ਹੈ ਇਕ ਮੰਦਬੁੱਧੀ ਬੱਚੇ ਦੀ ਹੀ ਮਿਸਾਲ ਲੈ ਲਈਏ ਤਾਂ ਗੱਲ ਸਾਫ਼ ਹੋ ਜਾਵੇਗੀਉਸਨੂੰ ਇਨੀ ਕੁ ਅਕਲ ਤਾਂ ਹੁੰਦੀ ਹੈ ਕਿ ਉਹ ਖਾਣ ਵਾਲੀਆਂ ਸ਼ੈਆਂ ਆਪਣੇ ਮੂੰਹ ਵਿੱਚ ਤਾਂ ਪਾ ਹੀ ਲੈਂਦਾ ਏ

-----

ਅਕਲ ਜਾਂ ਸਿਆਣਪ, ਦਾ ਸਾਰਥਿਕ ਅਤੇ ਉਚਿਤ ਇਸਤੇਮਾਲ ਕਰਕੇ ਅਸੀਂ ਗਿਆਨ ਦੇ ਸਰੋਤ ਤਲਾਸ਼ਦੇ ਹਾਂ ਗਿਆਨ ਕੀ ਹੈ ? ਇਹ ਕਿਥੋਂ ਉਪਜਦਾ ਹੈ ? ਇਸਦੇ ਸਰੋਤਾਂ ਦੀ ਖੋਜ ਕਿਵੇਂ ਕੀਤੀ ਜਾ ਸਕਦੀ ਹੈ ? ਕੀ ਪੜ੍ਹੇ-ਲਿਖੇ ਲੋਕ ਹੀ ਅਕਲਮੰਦ ਹੁੰਦੇ ਹਨ ? ਅਤੇ ਅਨਪੜ੍ਹ ......? ਇਹ ਗੱਲ ਤੇ ਪੱਕੀ ਹੈ ਕਿ ਅਕਲ ਜਾਂ ਸੂਝ ਜਾਂ ਸਿਆਣਪ ਦਾ ਜਨਮ ਹੁੰਦਾ ਹੈ, ਮਨੁੱਖ ਦੇ ਪੈਦਾ ਹੋਣ ਨਾਲ ਇਹ ਵੀ ਜਨਮਦੀ ਹੈਆਦਿ ਮਨੁੱਖ ਨੇ ਪੱਥਰ ਰਗੜ ਕੇ ਅੱਗ ਦੀ ਖੋਜ ਕਰ ਲਈ ਸੀ, ਜਦ ਕੇ ਉਹਨਾਂ ਕੋਲ ਉਸ ਵਕਤ ਵਿੱਦਿਆ ਜਾਂ ਇਲਮ ਦੀਆਂ ਡਿਗਰੀਆਂ ਨਹੀਂ ਸਨਇਸ ਖੇਤਰ ਵਿੱਚ ਬਾਕੀ ਸਾਰੀਆਂ ਖੋਜਾਂ ਬਾਅਦ ਦੀਆਂ ਗੱਲਾਂ ਹਨਵਿੱਦਿਅਕ ਯੋਗਤਾ ਨਾਲ ਅਕਲ ਨੂੰ ਤਰਾਸ਼ਿਆ ਜਾਂਦਾ ਹੈ, ਪਰ ਕਈ ਵਾਰੀ ਇਹ ਵੀ ਵੇਖਿਆ ਗਿਆ ਹੈ ਕਿ ਜ਼ਿਆਦਾ ਪੜ੍ਹੇ ਲਿਖੇ ਲੋਕਾਂ ਵਿੱਚੋਂ ਵੀ ਕੁਝ ਲੋਕ ਮੂਰਖਤਾ ਭਰੀ ਬਹਿਸ ਕਰਨ ਦੇ ਆਦੀ ਹੁੰਦੇ ਹਨਵਹਿਮ ਉਹਨਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦਾ ਹੈਨੁਕਸ ਕੱਢਣਾ ਉਹ ਆਪਣਾ ਅਧਿਕਾਰ ਸਮਝਣ ਲੱਗ ਜਾਂਦੇ ਨੇ, ਤੇ ਇੰਝ ਵਿਚਰਦੇ ਨੇ ਜਿਵੇਂ ਉਹਨਾਂ ਤੋਂ ਵੱਧ ਅਕਲ ਵਾਲਾ ਹੋਰ ਕੋਈ ਸ਼ਖ਼ਸ ਹੀ ਨਾ ਹੋਵੇ

-----

ਖੋਤੇ ਨੂੰ ਖੋਤਾ ਕਿਉਂ ਕਿਹਾ ਜਾਂਦਾ ਹੈ..? ਕਿਉਂ ਜੋ ਖੋਤੇ ਨੂੰ ਅਕਲ ਨਹੀਂ ਹੁੰਦੀ ਪਰ ਹਾਲੇ ਤੱਕ ਕਦੀ ਕਿਸੇ ਨੇ ਕਿਸੇ ਖੋਤੇ ਨੂੰ ਇਹ ਨਹੀਂ ਕਿਹਾ ਬੰਦਾ ਬਣ ਓਏਜਦ ਕੇ ਬੰਦਾ ਜਦੋਂ ਵੀ ਕੋਈ ਗ਼ਲਤੀ ਕਰਦਾ ਹੈ ਤਾਂ ਉਸਨੂੰ ਕਿਹਾ ਜਾਂਦਾ ਬੰਦਾ ਬਣ ਬੰਦਾਇਹ ਇਸ ਨਜ਼ਰੀਏ ਜਾਂ ਦ੍ਰਿਸ਼ਟੀਕੋਣ ਕਾਰਨ ਹੁੰਦਾ ਹੈ ਕਿਉਂ ਜੋ ਇਨਸਾਨ ਜਾਂ ਬੰਦੇ ਕੋਲ ਜਾਨਵਰਾਂ ਨਾਲੋਂ ਵੱਧ ਇੱਕ ਸ਼ੈਅ ਸੋਚ ਅਕਲਹੁੰਦੀ ਹੈਇਸ ਅਕਲ ਕਰਕੇ ਹੀ ਅਸੀਂ ਬਾਕੀ ਜਾਨਵਰਾਂ ਨਾਲੋਂ ਵੱਖਰੇ ਸਮਾਜਿਕ ਜੀਵ ਹਾਂ ਦੇਖਣ ਵਿੱਚ ਇਹ ਵੀ ਆਉਦਾ ਹੈ ਕਿ ਚੰਗੇ ਭਲੇ ਪੜ੍ਹੇ-ਲਿਖੇ ਲੋਕ ਵੀ ਮੂਰਖਤਾ ਪੂਰਵਕ ਕੰਮ ਕਰਦੇ ਨੇਮਾਨਸਿਕ ਦ੍ਰਿਸ਼ਟੀ ਤੋਂ ਪਾਗਲਪਨ ਦਾ ਸ਼ਿਕਾਰ ਹੁੰਦੇ ਨੇਇਸ ਬਿਮਾਰੀ ਨੂੰ ਅਕਲ ਦਾ ਅੰਨ੍ਹਾਪਣ ਆਖਿਆ ਜਾ ਸਕਦਾ ਹੈ ਜੋ ਅੱਖਾਂ ਦੇ ਅੰਨ੍ਹੇਪਣ ਤੋਂ ਕਿਤੇ ਵੱਧ ਦੁਖਦਾਈ ਅਤੇ ਨੁਕਸਾਨਦੇਹ ਹੁੰਦਾ ਹੈਇੱਕ ਚੰਗਾ ਬੱਚਾ ਹੀ ਚੰਗਾ ਨੌਜਵਾਨ ਬਣਦਾ ਹੈ ਅਤੇ ਇੱਕ ਚੰਗਾ ਬੰਦਾ ਚੰਗਾ ਬਜ਼ੁਰਗ ਬਣੇਗਾਸੰਸਾਰ ਵਿੱਚ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ ਉਹ ਕੋਈ ਅਕਲਮੰਦੀ ਦਾ ਸਿੱਟਾ ਨਹੀਂ ਸਨ ਪਰ ਲੜਾਈਆਂ ਪਿਛੋਂ ਹੋਈ ਸ਼ਾਂਤੀ ਅਤੇ ਮੁੜ ਵਿਸੇਬਾ ਅਕਲਮੰਦੀ ਦਾ ਕਾਰਜ ਸੀ

----

ਹੁਨਰ ਅਤੇ ਇਲਮ ਵਿੱਚ ਵੀ ਫ਼ਰਕ ਹੁੰਦਾ ਹੈਹੁਨਰਮੰਦ ਵਿਅਕਤੀ ਆਪਣੇ ਹੁਨਰ ਨਾਲ ਕਿਸੇ ਨਾ ਕਿਸੇ ਚੀਜ਼ ਦੀ ਪੈਦਾਵਾਰ ਕਰਦਾ ਹੈ ਅਤੇ ਦੇਸ਼ ਦੀ ਤਰੱਕੀ ਅਤੇ ਸਮਾਜ ਦੇ ਆਰਥਿਕ ਕਾਰਜਾਂ ਨੂੰ ਅੱਗੇ ਟੋਰਨ ਲਈ ਸਹਾਈ ਹੁੰਦਾ ਹੈਇਕੱਲੇ ਇਲਮ ਦਾ ਹੋਣਾ ਫ਼ਲ਼ਦਾਇਕ ਨਹੀਂ ਹੁੰਦਾ ਯੋਗਤਾ ਜਾਂ ਸਿੱਖਿਆ ਜੇਕਰ ਉਤਪਾਦਨਕਾਰੀ ਨਾ ਹੋਵੇ ਤਾਂ ਅਜਿਹੀ ਯੋਗਤਾ ਰੱਖਣ ਵਾਲਾ ਵਿਅਕਤੀ ਅਨਪੜ੍ਹ ਵਿਅਕਤੀ ਦੇ ਮੁਕਾਬਲੇ ਸਮਾਜ ਤੇ ਜਿਆਦਾ ਬੋਝ ਹੁੰਦਾ ਹੈਕਿਤਾਬਾਂ ਦਾ ਜ਼ਖੀਰਾ ਪੜ੍ਹ ਲੈਣਾ ਕੋਈ ਬਹਾਦਰੀ ਦੀ ਗੱਲ ਨਹੀਂ। ਇੱਕ ਚੰਗੀ ਕਿਤਾਬ ਵਿਚਲੀਆਂ ਗੱਲਾਂ ਨੂੰ ਅਕਲਮੰਦੀ ਨਾਲ ਜੀਵਨ ਵਿੱਚ ਸ਼ਾਮਿਲ ਕਰਕੇ ਲਾਭਦਾਇਕ ਸਿੱਟੇ ਪ੍ਰਾਪਤ ਕਰਨੇ ਅਸਲ ਵਿੱਚ ਸਹੀ ਅਤੇ ਉਸਾਰੂ ਦ੍ਰਿਸ਼ਟੀਕੋਣ ਹੁੰਦਾ ਹੈਅਜਿਹੀ ਪੜ੍ਹਾਈ ਦਾ ਕੀ ਫਾਇਦਾ ਜਿਹੜੀ ਜੀਵਨ ਦੇ ਨਿਰਬਾਹ ਵਿੱਚ ਸਹਾਈ ਨਾ ਬਣ ਸਕੇਹੁਨਰਮੰਦ ਹੋਣ ਲਈ ਇੱਕ ਦਮ ਲੱਕ ਤੋੜਵੀਂ ਮਿਹਨਤ ਕਰਨ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਸਗੋਂ ਸਹਿਜ ਅਤੇ ਸੂਹਜ ਨਾਲ ਕਿਸੇ ਸ਼ੈਅ ਨੂੰ ਇੱਕ-ਇੱਕ ਕਰਕੇ ਆਪਣੇ ਜ਼ਿਹਨ ਵਿੱਚ ਉਤਾਰਦੇ ਰਹਿਣ ਨਾਲ ਕਾਮਯਾਬ ਹੋਣ ਦੀ ਵਧੇਰੇ ਲੋੜ ਹੁੰਦੀ ਹੈਅੰਗਰੇਜ਼ੀ ਸਿੱਖਣੀ ਹੋਵੇ ਤਾਂ ਡਿਕਸ਼ਨਰੀ ਤੋਂ ਦਸ ਸ਼ਬਦ ਰੋਜ਼ ਪੜ੍ਹ ਕੇ ਕਈਂ ਵਾਰ ਅਭਿਆਸ ਕਰੋ ਇੰਝ ਕਰਨ ਨਾਲ ਮਹੀਨੇ ਵਿੱਚ ਤਿੰਨ ਸੌ ਅਤੇ ਸਾਲ ਵਿੱਚ ਤਿੰਨ ਹਜ਼ਾਰ ਛੇ ਸੌ ਸ਼ਬਦ ਯਾਦ ਹੋ ਜਾਣਗੇ ਜਿਨਾਂ ਦਾ ਅਕਲਮੰਦੀ ਨਾਲ ਇਸਤੇਮਾਲ ਕਰਕੇ ਚੰਗੀ ਭਲੀ ਅੰਗਰੇਜ਼ੀ ਬੋਲੀ ਜਾ ਸਕਦੀ ਹੈਇਸੇ ਤਰ੍ਹਾਂ ਬਾਕੀ ਭਾਸ਼ਾਵਾਂ ਦੇ ਸਬੰਧ ਵਿੱਚ ਵੀ ਹੋ ਸਕਦਾ ਹੈਗੱਲ ਸਿਰਫ਼ ਅਭਿਆਸ ਅਤੇ ਸੋਚ ਦੇ ਸੀਮਤ ਅਸੀਮਤ ਜ਼ਖੀਰੇ ਨੂੰ ਦਰੁਸਤ ਜਗ੍ਹਾ ਤੇ ਸਹੀ ਢੰਗ ਨਾਲ ਇਸਤੇਮਾਲ ਕਰਨ ਦੀ ਹੈਜਦ ਕੋਈ ਵਿਅਕਤੀ ਬੋਲ ਰਿਹਾ ਹੋਵੇ ਤਾਂ ਧਿਆਨ ਨਾਲ ਚੰਗਾ ਸਰੋਤਾ ਬਣਕੇ ਸੁਣਨ ਦੀ ਲੋੜ ਹੁੰਦੀ ਹੈ, ਬਹੁਤਿਆਂ ਵਿੱਚ ਇਸ ਕੰਮ ਦੀ ਅਕਸਰ ਘਾਟ ਵੇਖਣ ਨੂੰ ਮਿਲਦੀ ਹੈਅਜਿਹੀ ਹੀ ਸਥਿਤੀ ਬੋਲਣ ਅਤੇ ਕੁਝ ਕਹਿਣ ਦੇ ਨਜ਼ਰੀਏ ਤੇ ਵੀ ਲਾਗੂ ਹੁੰਦੀ ਹੈਸੰਖੇਪ ਅਤੇ ਅਸਰਦਾਰ ਗੱਲਬਾਤ, ਲਫ਼ਜ਼ ਦੀ ਸੁਚੱਜੀ ਵਰਤੋਂ ਅਤੇ ਵਿਸ਼ੇ ਮੁਤਾਬਿਕ ਗੱਲ ਸ਼ਰੂ ਅਤੇ ਖਤਮ ਕਰਨ ਦਾ ਲਹਿਜਾ ਸ਼ਖ਼ਸੀਅਤ ਦਾ ਨਿਖਾਰ ਹੋ ਨਿਬੜਦਾ ਹੈਕਹਿਦੇ ਹਨ ਕਿ ਉਹ ਲੋਕ ਸਭ ਤੋਂ ਵੱਧ ਬੋਲਦੇ ਹਨ ਜਿਨਾਂ ਕੋਲ ਕਹਿਣ ਲਈ ਸਭ ਤੋਂ ਘੱਟ ਹੁੰਦਾ ਹੈ

-----

ਕਹਿੰਦੇ ਹਨ ਕੇ ਮੂਰਖਾਂ ਸਿਰ ਸਿੰਙ ਨਹੀਂ ਹੁੰਦੇ ਜੇਕਰ ਹੁੰਦੇ ਤਾਂ ਸਾਡੇ ਲਾਗੇ-ਛਾਗੇ ਬਹੁਤ ਸਾਰੇ ਬਾਰਾਂ ਸਿੰਙੇ ਹੋਣੇ ਸੀਦਰਅਸਲ ਬਹੁਤੇ ਵਾਰੀ ਅਸੀਂ ਅਕਲਮੰਦ ਬਣਦੇ ਬਣਦੇ ਮੂਰਖ ਬਣ ਜਾਂਦੇ ਹਾਂਅਕਲ ਝੂਠ ਤੋਂ ਕੋਹਾਂ ਦੂਰ ਸੱਚ ਦੇ ਪਹਿਰੇ ਵਿੱਚ ਹੁੰਦੀ ਹੈਦਿਖ ਰਹੀ ਸ਼ੈਅ ਨੂੰ ਹਕੀਕਤ ਵਿੱਚ ਪਹਿਚਾਨਣਾ ਅਤੇ ਲੋਕਾਂ ਦੀ ਭੀੜ ਵਿੱਚ ਉਸਦੀ ਅਸਲੀਅਤ ਨੂੰ ਸਾਹਮਣੇ ਲਿਆਉਣਾ ਬੇਡਰ, ਬੇਖ਼ੌਫ਼ ਅਤੇ ਸਿਆਣੇ ਵਿਅਕਤੀ ਦਾ ਹੀ ਕੰਮ ਹੈਅਕਲਮੰਦ ਵਿਅਕਤੀ ਮਿਹਨਤ ਦੇ ਸਤਕਾਰੀ ਅਤੇ ਹੱਕ ਸੱਚ ਦੇ ਪਹਿਰੇਦਾਰ ਵੀ ਹੁੰਦੇ ਹਨਸਵੈ-ਮਾਨੀ ਅਤੇ ਸਵੈ-ਕਾਬੂ ਵਿਅਕਤੀ ਸਿੱਖਣ ਅਤੇ ਸਮਝਣ ਵਿੱਚ ਵਿਸ਼ਵਾਸ ਰੱਖਣ ਵਾਲਾ ਮਨੁੱਖ ਹੀ ਅਕਲਮੰਦ ਹੈਵਿੱਦਿਆ ਸਾਡਾ ਤੀਜਾ ਨੇਤਰ ਹੁੰਦੀ ਹੈਸਿੱਖਿਅਤ ਹੋਣਾ ਸਾਡਾ ਧਰਮ ਵੀ ਹੈ ਅਤੇ ਫ਼ਰਜ਼ ਵੀਇਹ ਹੱਕ ਹਰ ਅਮੀਰ ਗ਼ਰੀਬ ਲਈ ਇੱਕੋ ਜਿਹਾ ਹੈ, ਪਰ ਅਕਸਰ ਕਈ ਲੋਕ ਇਸ ਤੋਂ ਵਾਂਝੇ ਰਹਿ ਜਾਂਦੇ ਹਨ ਅਜਿਹੇ ਲੋਕਾਂ ਵਿੱਚ ਕੁਝ ਲੋਕ ਸਿਰਫ਼ ਦੇਖ ਦੇਖ ਕੇ ਅਤੇ ਅਭਿਆਸ ਕਰਕੇ ਆਪਣੀ ਜਿਹਨੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਜੀਵਨ ਵਿੱਚ ਖ਼ੁਸ਼ੀਆਂ ਲੈ ਆਉਂਦੇ ਹਨਅਜਿਹਾ ਹੀ ਇੱਕ ਮੁੰਡਾ ਰਵੀ ਜੋ ਦਿੱਲੀ ਦੇ ਪਾਰਕਾਂ ਅਤੇ ਘੁੰਮਣ ਫਿਰਨ ਵਾਲੀਆਂ ਜਗ੍ਹਾਂ ਤੇ ਪੱਖੀਆਂ ਵੇਚਦਾ ਹੈ ਜਿਥੇ ਬਹੁਤ ਸਾਰੇ ਵਿਦੇਸ਼ੀ ਸੈਲਾਨੀ ਆਉਂਦੇ ਹਨਬਚਪਣ ਤੋਂ ਉਥੇ ਪੱਖੀਆਂ ਵੇਚਦੇ ਰਵੀ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਸੁਣ ਕੇ ਅਭਿਆਸ ਕਰ ਕਰ ਕੇ ਅੱਜ 6 ਵਿਦੇਸ਼ੀ ਭਸ਼ਾਵਾਂ ਸਿਰਫ਼ ਸਿੱਖੀਆਂ ਹੀ ਨਹੀਂ ਸਗੋਂ ਉਹ ਇਹਨਾਂ ਭਾਸ਼ਾਵਾਂ ਨੂੰ ਫਰਾਟੇਦਾਰ ਤਰੀਕੇ ਨਾਲ ਬੋਲ ਵੀ ਲੈਂਦਾ ਹੈ ਜਦੋਂ ਕਿ ਉਹ ਇੱਕ ਦਿਨ ਵੀ ਸਕੂਲ ਨਹੀਂ ਗਿਆਇਹ ਸਿਰਫ਼ ਉਸਦੀ ਅਕਲਮੰਦੀ ਅਤੇ ਕੰਮ ਪ੍ਰਤੀ ਲਗਨ ਦਾ ਹੀ ਸਿੱਟਾ ਹੈ

-----

ਇਲਮ ਜਾਂ ਪੜ੍ਹਾਈ ਸਾਡੀ ਸ਼ਖ਼ਸੀਅਤ ਨੂੰ ਉਸਾਰਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਅਕਲ ਨਾ ਹੋਵੇ ਤਾਂ ਡਿਗਰੀਆਂ ਦਾ ਕੋਈ ਮੁੱਲ ਨਹੀਂ ਪੈਂਦਾਅਜੋਕੇ ਸਮੇਂ ਕਈ ਉੱਚ-ਪੱਧਰ ਦੀ ਸਿੱਖਿਆ ਪ੍ਰਾਪਤ ਲੋਕ ਨਸ਼ਿਆਂ ਵਿੱਚ ਗਲਤਾਨ ਹਨਨਸ਼ੇ ਦੇ ਲੋਰ ਵਿੱਚ ਮੂਰਖਤਾਈਆਂ ਤੋਂ ਵੀ ਗੁਰੇਜ਼ ਨਹੀਂ ਕਰਦੇਪਰ ਦੁਜੇ ਪਾਸੇ ਇੱਕ ਬੂਟ ਪਾਲਿਸ਼ ਕਰਨ ਵਾਲਾ ਇੱਕ ਛੋਟਾ ਬੱਚਾ ਵੀ ਆਪਣੀ ਪੇਟੀ ਤੇ ਨਸ਼ਿਆਂ ਖ਼ਿਲਾਫ਼ ਨਾਅਰੇ ਲਿਖਾਈ ਫਿਰਦਾ ਏਸਿਰਜਣਾ ਦਾ ਰਾਜ਼ ਇਹ ਹੁੰਦਾ ਹੈ ਕਿ ਉਸ ਨਾਲ ਸਬੰਧਤ ਆਪਣੇ ਵਸੀਲਿਆਂ ਨੂੰ ਕਿਵੇਂ ਲੁਕਾਇਆ ਜਾਵੇਸਿਰਜਣਾਤਮਕ ਕਾਰਜ ਪ੍ਰਤੀ ਲੋਕਾਂ ਨੂੰ ਵੱਡਾ ਇਕੱਠ ਕਰਕੇ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਸਗੋਂ ਕਿਸੇ ਵੀ ਖੇਤਰ ਵਿੱਚ ਕੀਤੀ ਗਈ ਸਿਰਜਣਾ ਆਪ ਲੋਕਾਂ ਤੱਕ ਪਹੁੰਚ ਜਾਂਦੀ ਹੈਅਕਲਮੰਦ ਹੋਣ ਲਈ ਤਪੱਸਿਆ ਕਰਨ ਦੀ ਲੋੜ ਨਹੀਂ ਸਗੋਂ ਲਗਨ, ਮਿਹਨਤ ਅਤੇ ਸਥਿਰਤਾ ਨਾਲ਼ ਟੁਰੇ ਰਹਿਣ ਨਾਲ ਹੀ ਨਵੇਂ ਰਸਤਿਆਂ ਦੀ ਤਲਾਸ਼ ਸੰਭਵ ਹੈ

Monday, April 5, 2010

ਬਲਜੀਤ ਬਾਸੀ - ਅਈਥੇ ਈ ਠੀਕ ਆ - ਕਹਾਣੀ

ਅਈਥੇ ਈ ਠੀਕ ਆ

ਕਹਾਣੀ

ਲਾਡੀ, ਸਾਡੇ ਗੂੜ੍ਹੇ ਯਾਰ ਦੀ ਸਭ ਤੋਂ ਵੱਡੀ ਰੀਝ ਪੂਰੀ ਹੋ ਗਈ ਜਿਸ ਦਿਨ ਉਸਦੇ ਪੈਰਾਂ ਨੇ ਕੈਨੇਡਾ ਦੀ ਧਰਤੀ ਦੀ ਛੋਹ ਪ੍ਰਾਪਤ ਕੀਤੀਜੁਗਾੜਾਂ ਨੂੰ ਫ਼ਲ਼ ਲੱਗ ਚੁੱਕਾ ਸੀ, ਦੇਸ਼ ਨੂੰ ਅਲਵਿਦਾ ਹੋ ਚੁੱਕੀ ਸੀ, ਨਵੇਂ ਦੇਸ਼ ਵਿੱਚ ਹੁਣ ਤਾਂ ਅੱਗੋਂ ਜੋ ਕਰਨਾ ਸੀ, ਕਰਾਂ ਪੈਰਾਂ ਨੇ ਹੀ ਕਰਨਾ ਸੀਉਸ ਦੀਆਂ ਰਗਾਂ ਵਿੱਚ ਜਵਾਨੀ ਦਾ ਖ਼ੂਨ ਖੌਲ ਰਿਹਾ ਸੀ ਤੇ ਡੌਲੇ ਫ਼ਰਕ ਰਹੇ ਸਨ ਜਿਨ੍ਹਾਂ ਦੀ ਬਦੌਲਤ ੳਸਨੇ ਮਸ਼ੀਨਾਂ ਨਾਲ ਮਸ਼ੀਨ ਹੋ ਜਾਣਾ ਸੀ; ਟਰੱਕਾਂ ਦੇ ਗੁਰਭਾਈ ਬਣ ਜਾਣਾ ਸੀ; ਸਟੋਰਾਂ ਦੇ ਰਜਿਸਟਰਾਂ ਨਾਲ਼ ਚਿਪਕ ਜਾਣ ਸੀ; ਜਾਂ ਫਿਰ ਟੈਕਸੀਆਂ ਦੇ ਸਟੇਰਿੰਗ ਨਾਲ ਜੱਫ਼ਾ ਪਾ ਲੈਣਾ ਸੀਉਸ ਨੇ ਕਮਾਈਆਂ ਕਰ ਕਰ, ਕੈਨੇਡਾ ਨੂੰ ਲੁੱਟ ਲੁੱਟ, ਡਾਲਰਾਂ ਦੀਆਂ ਡਾਰਾਂ ਲਾ ਦੇਣੀਆਂ ਸਨਪਰ ਹਾਲ ਦੀ ਘੜੀ ਉਸ ਦੇ ਮਨ ਚ ਡਾਢੀ ਹਲਚਲ ਸੀ ਜਿਵੇਂ ਉਸ ਨੂੰ ਪਟਕਾਕੇ ਮਾਰਿਆ ਗਿਆ ਹੋਵੇਕੈਨੇਡਾ ਦੇ ਇਸ ਸ਼ਹਿਰ ਬਰੈਂਪਟਨ ਚ ਆਕੇ ਉਹ ਕੁਝ ਦਿਨ ਸੜਕਾਂ ਤੇ ਭੌਂਦਾ ਰਿਹਾ, ਪਿਛਲੇ ਯਾਰਾਂ ਨੂੰ, ਪਿਛਲੀਆਂ ਬਹਾਰਾਂ ਨੂੰ ਯਾਦ ਕਰਕੇ ਤੜਪਦਾ ਰਿਹਾ

-----

ਜ਼ਿੰਦਾਦਿਲ, ਸ਼ੋਸ਼ੇਬਾਜ਼, ਮਜ਼ਾਕੀਆ ਤੇ ਜਜ਼ਬਾਤੀ, ਲਾਡੀ ਸਾਡੀ ਕਲਾਸ ਦੀ ਰੂਹੇ-ਰਵਾਂ ਸੀਅਧਿਆਪਕਾਂ ਨਾਲ਼ ਪੰਗੇ ਲੈਣੇ, ਕੁੜੀਆਂ ਨਾਲ ਛੇੜਖਾਨੀ ਤੇ ਦੋਸਤਾਂ ਅੱਗੇ ਯੱਕੜ ਤੋਲੀ ਜਾਣੇ- ਲਾਡੀ ਦੇ ਸੁਭਾਅ ਦੇ ਉੱਘੜਵੇਂ ਲੱਛਣ ਸਨਪਰ ਫਿਰ ਵੀ ਉਸਦੇ ਵਿਵਿਹਾਰ ਵਿੱਚ ਇੱਕ ਕਲਾ, ਇਕ ਸਲੀਕਾ ਹੁੰਦਾ ਸੀ ਜਿਸ ਦਾ ਅੰਤ ਅਕਸਰ ਖ਼ੁਸ਼ਗਵਾਰ ਹੀ ਹੁੰਦਾ ਸੀਜਿਵੇਂ ਚੁੰਝ ਚ ਕੰਕਰ ਫਸਾਈ ਥੋੜੇ ਪਾਣੀ ਵਾਲੇ ਘੜੇ ਵੱਲ ਉਡਦੇ ਕਾਂ ਦੀ ਕਹਾਣੀ ਤੋਂ 'ਲੋੜ ਕਾਢ ਦੀ ਮਾਂ ਹੈ' ਦਾ ਸਬਕ ਮਿਲਦਾ ਹੈ; ਲਾਡੀ ਇਕ ਜਿਉਂਦੀ ਜਾਗਦੀ ਤੁਰੀ ਫਿਰਦੀ ਸਿਖਿਆਦਾਇਕ ਕਹਾਣੀ ਸੀ

-----

ਮਾਰਿਆ-ਮਾਰਿਆ ਫਿਰਦਾ ਲਾਡੀ ਉਸ ਦਿਨ ਮਗ਼ਜ਼ ਚੱਟਣ ਨੂੰ ਆਉਦੇ ਸ਼ਹਿਰ ਦੇ ਸੁੰਨੇ ਬਲਾਕਾਂ ਚ ਇਕੱਲਾ ਘੁੰਮ ਰਿਹਾ ਸੀਉਸਦੇ ਚੌਤਰਫੀਂ ਸੁੰਦਰ ਮਕਬਰਿਆਂ ਜਿਹੇ ਵੱਡੇ ਵੱਡੇ ਘਰ ਸਨ ਪਰ ਕਿਧਰੇ ਚਿੜੀ ਵੀ ਫੜਕਦੀ ਸੁਣਾਈ ਨਹੀਂ ਸੀ ਦਿੰਦੀਕਹਿੰਦੇ ਹਨ ਇਹ ਪੰਜਾਬੀਆਂ ਦਾ ਇਲਾਕਾ ਹੈਹੋਵੇਗਾ, ਘਰਾਂ ਚੋਂ ਤਾਂ ਕਾਰਾਂ ਨਿਕਲਦੀਆਂ ਸਨ ਤੇ ਕਾਰਾਂ ਹੀ ਵੜਦੀਆਂ ਸਨ ਅੰਦਰ ਭਾਵੇਂ ਪੰਜਾਬੀ ਅੜਿੰਗਦੇ ਹੋਣ ਤੇ ਭਾਵੇਂ ਪੰਜਾਬੀ ਗੀਤਲਾਡੀ ਦਾ ਦਿਲ ਅੱਜ ਭੁੜਕ-ਭੁੜਕ ਜਾਂਦਾ ਸੀ, ਉਹ ਕੁਝ ਕਰਕੇ ਰਹੇਗਾਕਿੰਨੇ ਦਿਨ ਹੋ ਗਏ ਸਨ ਕਿਸੇ ਪੰਜਾਬੀ ਨਾਲ ਗੱਲ ਕੀਤਿਆਂ

-----

ਉਸਨੇ ਸੁਣ ਰੱਖਿਆ ਸੀ ਕਿ ਪਿਛਲੇ ਦਿਨੀਂ ਇਸ ਬਲਾਕ ਵਿੱਚ ਕੁਝ ਘਰ ਛੱਡ ਕੇ ਕਿਸੇ ਪੰਜਾਬੀ ਬੁੜ੍ਹੇ ਦੀ ਮੌਤ ਹੋ ਗਈ ਸੀਕਮਾਲ ਹੋ ਗਈ, ਉਹ ਸੋਚਦਾ, ਬੁੜਾ ਮਰ ਗਿਆ, ਜਿਵੇਂ ਕੋਈ ਮੱਖੀ ਮਰ ਗਈ ਹੈਕਿਸੇ ਪਾਸੇ ਕੋਈ ਮਾਤਮੀ ਹਰਕਤ ਹੀ ਨਹੀਂ ਹੈਲਾਡੀ ਕੋਲ ਬਹਾਨਾ ਸੀ ਕਿਸੇ ਪੰਜਾਬੀ ਦੇ ਘਰ ਜਾਣ ਦਾ, ਅਫਸੋਸ ਤਾਂ ਦੁਸ਼ਮਣ ਦਾ ਵੀ ਕਰ ਲਈਦਾ ਹੈ, ਸਾਡੀ ਰਵਾਇਤੀ ਸਿਆਣਪ ਕਹਿੰਦੀ ਹੈਤੁਰਦਾ ਤੁਰਦਾ ਉਹ ਮਰਗ ਵਾਲੇ ਘਰ ਪਹੁੰਚ ਗਿਆਡਰਾਈਵ ਵੇਅ ਅਤੇ ਬਾਹਰਲੀ ਸੜਕ ਤੇ ਕਈ ਕਾਰਾਂ ਖੜੋਤੀਆਂ ਸਨਲਾਡੀ ਨੇ ਘੰਟੀ ਵਾਲੇ ਬਟਨ ਦਾ ਉਭਾਰ ਨੱਪਿਆ ਤੇ ਕੁਝ ਪਲਾਂ ਵਿੱਚ ਹੀ ਬੂਹਾ ਖੁੱਲ੍ਹਿਆਉਹ ਲਿਵਿੰਗ ਰੂਮ ਵਿੱਚ ਦਾਖਿਲ ਹੋਇਆਉਸਨੇ ਚਾਰ ਚੁਫੇਰੇ ਸੋਫਿਆਂ ਤੇ ਬੈਠੇ ਸਾਰੇ ਬੰਦਿਆ ਵੱਲ ਨਜ਼ਰ ਦੁੜਾਈਉਨ੍ਹਾਂ ਦੇ ਚਿਹਰਿਆਂ ਤੇ ਠਹਿਰ ਗਈ ਉਮਰ ਦੇ ਸੰਕੇਤ ਸਨ, ਜਿਨਾਂ ਤੋਂ ਮਨੁੱਖ ਦੀ ਨਾਸ਼ਵਾਨਤਾ ਪੜ੍ਹੀ ਜਾ ਸਕਦੀ ਸੀ, ਫ਼ਰੀਦ ਦੇ ਸ਼ਲੋਕ ਉਠਾਏ ਜਾ ਸਕਦੇ ਸਨ

-----

"ਹਾਂ ਬਈ ਗੱਭਰੂਆ?" ਦਰਵਾਜ਼ਾ ਖੋਲ੍ਹਣ ਵਾਲੇ ਸ਼ਖ਼ਸ ਨੇ ਕੁੰਡੀ ਬੰਦ ਕਰਦਿਆਂ ਸਵਾਲੀਆ ਫਿਕਰਾ ਸੁੱਟਿਆ ਜਿਸ ਦਾ ਭਾਵ ਸੀ ਕਿ ਤੂੰ ਜੋ ਧੁੱਸ ਦੇ ਕੇ ਆ ਵੜਿਆ ਹੈਂ, ਆਪਣਾ ਅੱਗਾ ਪਿੱਛਾ ਦੱਸਲਾਡੀ ਨੇ ਇਸ ਦੌਰਾਨ ਬੰਦਿਆਂ ਤੋਂ ਨਜ਼ਰਾਂ ਫੇਰ ਕੇ ਜ਼ਮੀਨ ਤੇ ਗੱਡ ਲਈਆਂ ਸਨਉਸ ਨੂੰ ਬੜਾ ਅਜੀਬ ਲੱਗ ਰਿਹਾ ਸੀ, ਘਰ ਦਾ ਬੰਦਾ ਤੁਰ ਗਿਆ ਹੈ ਤੇ ਇਹ ਲੋਕ ਸੋਫਿਆਂ ਤੇ ਪੱਸਰੇ ਹੋਏ ਬੁੜੇ ਦਾ ਅਫਸੋਸ ਯਾਨੀ ਕਿ ਮਸੋਸ ਕਰ ਰਹੇ ਸਨਇਹ ਤਾਂ ਨਹੀਂ ਸਾਡੀ ਮਰਿਯਾਦਾਸਾਡੇ ਤਾਂ ਮਰਨੇ ਤੇ ਸਫ ਵਿਛਾਈ ਜਾਂਦੀ ਹੈ ਤੇ ਭੁੰਜੇ ਬੈਠਿਆ ਜਾਂਦਾ ਹੈਲਾਡੀ ਸਹਿਜੇ ਜਿਹੇ ਕਾਰਪੈੱਟ ਤੇ ਹੀ ਪਹਿਲਾਂ ਪੈਰਾਂ ਪਰਨੇ ਤੇ ਫਿਰ ਚੌਕੜੀ ਮਾਰ ਕੇ ਬੈਠ ਗਿਆ। "ਓਹ ਨਹੀਂ, ਨਹੀਂ, ਨਹੀਂ ਕਾਕਾ, ਭੁੰਜੇ ਕਿਉਂ ਬੈਠ ਗਿਆ, ਐਧਰ ਆ, ਸੋਫੇ ਤੇ ਬੈਠ।" ਇਕ ਜਣੇ ਨੇ ਸੋਫੇ ਤੇ ਥਾਂ ਬਣਾਉਂਦਿਆਂ ਕਿਹਾ। "ਨਹੀਂ ਜੀ, ਨਹੀਂ, ਮੈਂ ਅਈਥੇ ਈ ਠੀਕ ਆਂ, ਬਜ਼ੁਰਗ ਚਲੇ ਗਏ ਹਨ, ਸਾਡੀ ਰੀਤੀ ਏਹੋ ਕਹਿੰਦੀ ਹੈ, ਮਰਨ ਵਾਲੇ ਨੂੰ ਸਤਿਕਾਰ ਦੇਣਾ ਹੀ ਬਣਦਾ ਹੈ।.... ਕੀ ਹੋਇਆ ਭਲਾ, ਬਾਬੇ ਬਿਮਾਰ ਠਿਮਾਰ ਸੀ?"

-----

ਸੋਫਿਆਂ ਤੋਂ ਝਾਕਦੇ ਸਾਰੇ ਜਣਿਆਂ ਦੇ ਜੋੜ ਹਿੱਲ ਗਏਇਸ ਗੱਲ ਦਾ ਏਥੋਂ ਪਤਾ ਲੱਗਾ ਕਿ ਸਭਨਾਂ ਦੀਆਂ ਦੇਹਾਂ ਨੇ ਆਪਣੀ ਆਪਣੀ ਤਰਾਂ ਪਲਟੇ ਖਾਧੇਕਿਸੇ ਨੇ ਇਕ ਗੋਡਾ ਚੁੱਕ ਕੇ ਦੂਜੇ ਤੇ ਰੱਖ ਦਿੱਤਾ, ਕਿਸੇ ਦੇ ਹੱਥਾਂ ਦੇ ਨਹੁੰ ਸਿਰ ਖੁਰਕਣ ਲੱਗ ਪਏ, ਤੇ ਕਿਸੇ ਨੇ ਆਪਣੀ ਬੈਠਣ ਵਾਲੀ ਜਗ੍ਹਾ ਹੀ ਬਦਲ ਲਈਸਾਰਿਆਂ ਦੀਆਂ ਆਪਸ ਵਿੱਚ ਅੱਖਾਂ ਭਿੜੀਆਂ, ਅੱਖਾਂ ਨੇ ਇਕ ਦੂਜੇ ਨੂੰ ਭਾਵਪੂਰਤ ਗੱਲਾਂ ਆਖੀਆਂ ਪਰ ਮਿਲ਼ਦਿਆਂ ਸਾਰ ਹੀ ਨੀਵੀਆਂ ਹੋ ਗਈਆਂਮਰੇ ਬਜ਼ੁਰਗ ਦੀ ਮੌਤ ਬਾਰੇ ਕਿਸ ਨੂੰ ਚੇਤਾ ਸੀ, ਚਿੰਤਾ ਸੀ ਆਹ ਇਕ ਨਵੀਂ ਬਲਾਅ ਆ ਗਈ ਹੈ ਮੱਤਾਂ ਦੇਣਪਰ ਫਿਰ ਵੀ ਹੱਥ ਤੇ ਹੱਥ ਥੋੜੀ ਧਰਿਆ ਜਾ ਸਕਦਾ ਸੀ, ਸਮੂਹਕ ਕਸ਼ਟ ਵੇਲੇ ਕੋਈ ਸੂਰਮਾ ਜ਼ਰੂਰ ਨਿਤਰਦਾ ਹੈਤੇ ਏਹੀ ਹੋਇਆ: ਇਕ ਜਣੇ ਨੇ ਹੌਸਲਾ ਫੜਿਆ ਤੇ ਆਈ ਬਿਪਤਾ ਦਾ ਸਾਹਮਣਾ ਕਰਨ ਦੀ ਜੁਰਅਤ ਕੀਤੀ, "ਤੇਰੀ ਗੱਲ ਸੌ ਫੀ ਸਦੀ ਠੀਕ ਹੈ ਬਈ, ਕਿਧਰੋਂ ਆਇਆਂ ਕਾਕਾ?... ਕੁੜੀਏ ਚਾਹ ਲਿਆਈਂ ਕਰਕੇ ਜ਼ਰਾ,... ਇਕ ਤਾਂ ਇਨ੍ਹਾਂ ਮੁਲਕਾਂ ਚ ਠੰਡ ਨਹੀਂ ਸਾਹ ਲੈਣ ਦਿੰਦੀ।" ਬੋਲਣ ਵਾਲੇ ਨੇ ਚਤੁਰਾਈ ਨਾਲ ਗੱਲ ਵਿੱਚ ਕਈ ਤੀਰ ਲਪੇਟ ਕੇ ਸੰਕਟ ਨੂੰ ਕਈ ਦਿਸ਼ਾਵਾਂ ਚ ਖਦੇੜਨ ਦੀ ਕੋਸ਼ਿਸ਼ ਕੀਤੀਸਾਰੇ ਜਣੇ ਔਖੇ-ਔਖੇ ਸਾਹ ਲੈਣ ਲੱਗੇਮਰਨ ਵਾਲਾ ਤਾਂ ਮਰਕੇ ਪਰਾਂਹ ਹੋ ਗਿਆ ਪਰ ਆਹ ਇਕ ਓਪਰੇ ਗੱਭਰੂ ਨੇ ਜਿਉਂਦਿਆਂ ਨੂੰ ਮਰਨਹਾਰਾ ਕਰ ਦਿੱਤਾ ਸੀ

----

"ਬੱਸ ਜੀ ਮੈਂ ਤਾਂ ਕੁਝ ਹੀ ਦਿਨ ਹੋਏ ਇੰਡੀਆ ਤੋਂ ਨਵਾਂ ਨਵਾਂ ਆਇਆ ਹਾਂ, ਬਜ਼ੁਰਗਾਂ ਦੀ ਮੌਤ ਬਾਰੇ ਸੁਣਿਆ, ਮੈਂ ਸੋਚਿਆ ਹੋ ਆਵਾਂ।" ਮੀਸਣਾ ਬਣਿਆ ਲਾਡੀ ਇਕ ਗੋਡੇ ਤੇ ਸਿਰ ਰੱਖੀ ਹੇਠਾਂ ਨੂੰ ਝਾਕ ਰਿਹਾ ਸੀ। "ਬਹੁਤ ਮਿਹਰਬਾਨੀ ਬਈ ਕਾਕਾ ਤੇਰੀ, ਕਿਹੜਾ ਪਿੰਡ ਤੇਰਾ?" ਪਿੰਡ ਪੁੰਡ ਦੀ ਕਿਸੇ ਨੂੰ ਕੀ ਰੁਚੀ ਸੀ, ਹਰ ਇਕ ਦੇ ਅੰਦਰ ਧੁਖਧੁਖੀ ਲੱਗ ਚੁੱਕੀ ਸੀ, ਕੱਲ੍ਹ ਦਾ ਛੋਕਰਾ ਭੁੰਜੇ ਬੈਠਾ ਹੋਇਆ, ਸੋਫਿਆਂ ਤੇ ਚੜ੍ਹੇ ਬੈਠਿਆਂ ਨੂੰ ਚਿੜ੍ਹਾ ਰਿਹਾ ਸੀ, ਉਨ੍ਹਾਂ ਨੂੰ ਮਰਨੇ ਪਰਨੇ ਦੀ ਰੀਤ ਸਿਖਾ ਰਿਹਾ ਸੀਲਾਡੀ ਨੇ ਆਪਣੀ ਪਛਾਣ ਦਰਸਾਉਂਦੇ ਕੁਝ ਸ਼ਬਦ ਬੁੜਬੁੜਾਏ ਪਰ ਜਦ ਨੂੰ ਮੱਗਾਂ ਵਾਲੀ ਟਰੇਅ ਫੜੀ ਕੁੜੀ ਚਾਹ ਲੈ ਆਈਕਮਰੇ ਚ ਲੈਚੀ ਵਾਲੀ ਚਾਹ ਦੀ ਚਹਿਚਹਾਟ ਫੈਲ ਗਈਨਿੱਤਰੇ ਹੋਏ ਬੰਦੇ ਨੇ ਫਟਾ ਫੱਟ ਟਰੇਅ ਫੜੀ ਤੇ ਚਾਹ ਦੇ ਮੱਗ ਵਰਤਾੳਣੇ ਸ਼ੁਰੂ ਕਰ ਦਿੱਤੇਅਖੀਰ ਆਪਣੇ ਇਕ ਹੱਥ ਚ ਮੱਗ ਫੜਦੇ ਹੋਏ ਤੇ ਦੂਜੇ ਨਾਲ ਪੱਟਾਂ ਨੂੰ ਸਹਾਰਾ ਦਿੰਦੇ ਹੋਏ, "ਅਈਥੇ ਈ ਠੀਕ ਆ" ਕਹਿੰਦਾ ਹੋਇਆ ਉਹ ਇਕ ਪਾਸੇ ਜਿਹੇ ਕਾਰਪੈਟ ਤੇ ਭੁੰਜੇ ਬਹਿ ਗਿਆ। "ਓਦਾਂ ਬਈ ਥੱਲੇ ਬੈਠਣ ਦਾ ਆਪਣਾ ਹੀ ਮਜ਼ਾ।" ਉਸਨੇ ਆਪਣੇ ਬੈਠਣ ਦੀ ਹਰਕਤ ਨੂੰ ਸਲਾਹੁੰਦਿਆਂ ਆਪਣੇ ਸਿਰ ਦਾ ਭਾਰ ਲਾਹ ਦਿੱਤਾਪਰ ਕਮਰੇ ਚ ਬੈਠੇ ਹੋਏ ਹੋਰ ਬੰਦਿਆਂ ਦੇ ਅੰਦਰੀਂ ਤਰਥੱਲੀ ਮਚ ਗਈਉਹ ਹੋਰ ਹੋਰ ਆਪਣੇ ਅੰਦਰੀਂ ਸਿਮਟ ਗਏਉਨ੍ਹਾਂ ਨੂੰ ਜਾਪਣ ਲੱਗਾ ਸੋਫੇ ਉਨ੍ਹਾਂ ਦੇ ਪਾਪਾਂ ਦੇ ਭਾਰ ਥੱਲੇ ਆ ਕੇ ਟੁੱਟ ਜਾਣਗੇਘੇਸਲ ਵੱਟੀ ਬੈਠਾ ਲਾਡੀ ਸੁੜਾਕੇ ਮਾਰ ਕੇ ਚਾਹ ਪੀਣ ਲੱਗ ਪਿਆਪਰ ਉਹ ਕਮਰੇ ਦੀ ਸਥਿਤੀ ਤੋਂ ਪੂਰੀ ਤਰ੍ਹਾਂ ਬਾਖ਼ਬਰ ਸੀ, ਜਿਥੇ ਉਸਲਵੱਟੇ ਲਏ ਜਾਣ ਲੱਗੇ ਸਨ, ਚਾਹਾਂ ਚ ਬੇਮਤਲਬ ਫੂਕਾਂ ਮਾਰੀਆਂ ਜਾ ਰਹੀਆਂ ਸਨ ਤੇ ਅੱਖਾਂ ਹੀ ਅੱਖਾਂ ਨਾਲ ਗੱਲਾਂ ਹੋ ਰਹੀਆਂ ਸਨਇਕ ਹੋਰ ਐਨਕਾਂ ਵਾਲਾ ਬੰਦਾ ਅਚਾਨਕ ਬੋਲ ਉਠਿਆ, "ਇਕ ਤਾਂ ਸਾਲਾ ਐਸ ਉਮਰੇ ਪਿਸ਼ਾਬ ਨਹੀਂ ਸਾਹ ਲੈਣ ਦਿੰਦਾ।" ਉਹ ਪਿਸ਼ਾਬ ਦਾ ਬਹਾਨਾ ਲਾ ਕੇ ਬਾਥ ਰੂਮ ਵੱਲ ਵੱਧਣ ਲੱਗਾ ਤਾਂ ਇਕ ਹੋਰ ਨੇ ਕਿਹਾ," ਪਿਸ਼ਾਬ ਦੀ ਸ਼ਿਕਾਇਤ ਤਾਂ ਤੁਸੀਂ ਕਦੀ ਪਹਿਲਾਂ ਕੀਤੀ ਨਹੀਂ, ਬਾਹਲ਼ੀ ਨਾ ਪੀਆ ਕਰੋ।" "ਬੱਸ ਆਹ ਥੋੜੇ ਦਿਨਾਂ ਤੋਂ ਹੀ ਹੋਈ ਹੈ।" ਕਹਿੰਦਿਆਂ ਉਹ ਅਹੁਲ ਕੇ ਕਮਰੇ ਤੋਂ ਬਾਹਰ ਹੋਇਆ, ਡਰਦਾ, ਕਿਧਰੇ ਹੋਰ ਦਰਿਆਫ਼ਤ ਹੀ ਨਾ ਹੋ ਜਾਵੇ

-----

ਛੇਤੀ ਹੀ ਵਾਪਿਸ ਆਉਂਦਿਆਂ ਉਹ ਸੋਫੇ ਤੇ ਬੈਠਣ ਦੀ ਬਜਾਏ ਮੇਜ਼ ਤੋਂ ਚਾਹ ਵਾਲਾ ਮੱਗ ਚੁੱਕਦਾ ਲਾਡੀ ਦੇ ਕੋਲ ਕਾਰਪੈਟ ਤੇ ਬੈਠ ਗਿਆ। "ਸੁਣਿਆ ਪੰਜਾਬ ਚ ਐਤਕੀ ਮੀਂਹ ਬੜੇ ਪਏ, ਕੀ ਕਹਿੰਦਾ ਕਾਕਾ, ਤੂੰ ਤਾਂ ਹੁਣੇ ਦੇਸੋਂ ਆਇਆ?" ਦਰਅਸਲ ਉਹ ਮੀਂਹ ਦੀ ਗੱਲ ਥੱਲੇ ਆਪਣਾ ਥੱਲੇ ਬੈਠਣਾ ਕੁਦਰਤੀ ਲਗਦਾ ਦਿਖਾਉਣਾ ਚਾਹੁੰਦਾ ਸੀਸੋਫੇ ਤੇ ਬੈਠੇ ਬਾਕੀ ਜਣਿਆਂ ਦੇ ਭਾਅ ਦੀ ਬਣ ਗਈਹਰ ਕੋਈ ਆਪਣੇ ਦਾਅ ਪੇਚ ਅਜ਼ਮਾਉਣ ਲੱਗ ਪਿਆ ਸੀਸਹਿਵਾਨ ਉਨ੍ਹਾਂ ਵਿਚੋਂ ਇਕ ਜਣੇ ਨੇ ਸਰੀਰ ਸਿਧਾ ਕਰਕੇ ਇਸਦੇ ਵੱਟ ਕੱਢੇ ਤੇ ਦਵਾ ਸੱਟ ਉਠਦਾ ਹੋਇਆ ਬੋਲਿਆ, "ਓਏ ਹੋਏ, ਮੈਂ ਤਾਂ ਲੇਟ ਹੋ ਗਿਆਂ, ਚੱਲਦਾਂ ਬਈ, ਨਿਆਣਿਆਂ ਦੇ ਸਕੂਲੋਂ ਆਉਣ ਦਾ ਟੈਮ ਹੋ ਗਿਆ।" " ਅੱਜ ਤਾਂ ਤੂੰ ਕਹਿੰਦਾ ਸੀ ਉਨ੍ਹਾਂ ਦੀ ਛੁੱਟੀ ਹੈ?" ਇਕ ਜਣੇ ਨੇ ਪ੍ਰਤਿਕਰਮ ਜ਼ਾਹਿਰ ਕੀਤਾ ਪਰ ਜਾਣ ਵਾਲੇ ਨੇ ਸੁਣੀ ਅਣਸੁਣੀ ਕਰ ਦਿੱਤੀ ਤੇ ਫਟਾਫਟ ਕਮਰੇ ਚੋਂ ਨਿਕਲਣ ਦੀ ਕੀਤੀਸੋਫਿਆਂ ਤੇ ਅਜੇ ਵੀ ਤਿੰਨ ਜਣੇ ਰਹਿ ਗਏ ਸਨ ਜਿਵੇਂ ਹਥਿਆਰਾਂ ਤੋਂ ਬਗ਼ੈਰ ਮੋਰਚਿਆਂ ਤੇ ਸਿਪਾਹੀ ਡਟੇ ਬੈਠੇ ਹੋਣਪਰ ਇਕ ਸਿਪਾਹੀ ਨੂੰ ਮੋਰਚਾ ਛੱਡਣ ਦੀ ਜੁਗਤ ਔੜ ਗਈ, "ਕਦੋਂ ਦੇ ਯਾਰ ਸੋਫੇ ਤੇ ਬੈਠੇ ਦਾ ਤਾਂ ਲੱਤਾਂ ਚ ਖ਼ੂਨ ਹੀ ਉਤਰ ਆਇਆਪੈਰ ਸੌਂਦੇ ਲਗਦੇ ਹਨ।" ਤੇ ਉਹ ਪਿਠ ਤੇ ਹੱਥ ਰੱਖਦਿਆਂ ਸੋਫੇ ਨਾਲ਼ ਘਿਸੜਦਾ-ਘਿਸੜਦਾ "ਅਈਥੇ ਈ ਠੀਕ ਆ" ਕਹਿੰਦਿਆਂ ਮਲਕੜੇ ਜਿਹੇ ਸੋਫੇ ਦੇ ਨਾਲ਼ ਹੀ ਢੇਰੀ ਗਿਆਬੁਰੀ ਤਰਾਂ ਖੂੰਜੇ ਲੱਗੇ ਸੋਫੇ ਤੇ ਰਹਿ ਗਏ ਦੋ ਜਣਿਆਂ ਨੇ ਆਪਸ ਵਿੱਚ ਕਰੰਗੜੀ ਪਾ ਲਈ ਮਾਨੋ ਇਕਜੁਟਤਾ ਦਾ ਪ੍ਰਗਟਾਵਾ ਕਰ ਰਹੇ ਹੋਣਉਨ੍ਹਾਂ ਦੀਆਂ ਅੱਖਾਂ ਭੁੰਜੇ ਬੈਠਿਆਂ ਨੂੰ ਕੱਚੇ ਖਾ ਜਾਣਾ ਲੋਚਦੀਆਂ ਸਨਇਕੱਲੇ ਬੈਠੈ ਉਹ ਬਹੁਤ ਹੀ ਕਾਣਸੂਤੇ ਲੱਗ ਰਹੇ ਸਨਪਰ ਪ੍ਰਭੂ ਸਭ ਦਾ ਰਾਖਾ ਹੈ, ਕੋਈ ਬੰਨ੍ਹ-ਸੁੱਬ ਕਰੂਗਾ, ਉਨ੍ਹਾਂ ਦੀ ਵੀ ਪੈਜ ਰੱਖੂਗਾ

-----

ਏਨਾ ਚਿਰ ਬੈਠਿਆਂ ਲਾਡੀ ਦੇ ਸਰੀਰ ਨੂੰ ਵੀ ਹਿਲਜੁਲ ਦੀ ਜ਼ਰੂਰਤ ਮਹਿਸੂਸ ਹੋਈਉਸ ਨੂੰ ਦੋ ਨੰਬਰ ਦੀ ਹਾਜਤ ਹੋਣ ਲੱਗੀ- ਚਾਹ ਤਾਂ ਚੰਗੇ ਭਲਿਆਂ ਦਾ ਕਰੂਰਾ ਕੱਢ ਦਿੰਦੀ ਹੈਉਸਨੇ ਕੈਨੇਡਾ ਆਕੇ ਨਵਾਂ ਨਵਾਂ ਸ਼ਬਦ ਸਿੱਖਿਆ ਸੀ, 'ਵਾਸ਼ ਰੂਮ' ਪਰ ਬੋਲ ਕੇ ਨਹੀਂ ਸੀ ਦੇਖਿਆਉਸਨੇ ਸੋਚਿਆ ਅੱਜ ਪਹਿਲੀ ਵਾਰੀ ਇਸ ਦੀ ਵਰਤੋਂ ਕੀਤੀ ਜਾਵੇ, "ਵਾਸ਼ ਰੂਮ ਕਿਧਰ ਹੈ ਜੀ?" ਉਹ 'ਵਾਸ਼ ਰੂਮ' ਤੇ ਬਲ ਦੇਕੇ ਘਰੋੜਕੇ ਬੋਲਿਆਘਰ ਵਾਲੇ ਬੰਦੇ ਨੂੰ ਇਸ ਅਣਬੁਲਾਈ ਆਫ਼ਤ ਨੂੰ ਖ਼ੁਸ਼ ਕਰਨ ਦਾ ਸੁਨਹਿਰੀ ਮੌਕਾ ਮਿਲਿਆਉਸ ਨੇ ਹੁੱਬ ਕੇ ਲਾਡੀ ਨੂੰ ਹਲਕਾ ਹੋਣ ਵਾਲੀ ਜਗ੍ਹਾ ਦੀ ਦਿਸ਼ਾ ਸਮਝਾਈਉਸਦੇ ਜਾਣ ਦੀ ਦੇਰ ਸੀ, ਲਿਵਿੰਗ ਰੂਮ ਚ ਵਿਗੜਿਆ ਸੰਤੁਲਨ ਮੁੜ ਸਥਾਪਤ ਹੋਣ ਲੱਗਾ, ਜਿਵੇਂ ਕੁਝ ਪਲਾਂ ਲਈ ਸਭ ਨੂੰ ਸੁਖ ਦਾ ਸਾਹ ਆਇਆ ਹੋਵੇਸਭਨਾਂ ਦੇ ਚੇਹਰਿਆਂ ਤੇ ਰੌਣਕ ਆ ਗਈ ਤੇ ਉਨ੍ਹਾਂ ਦੇ ਕੁੰਗੜੇ ਅੰਗ ਫੈਲਰ ਗਏਜਦ ਲਾਡੀ ਹਲਕਾ ਹੋ ਕੇ ਵਾਪਿਸ ਲਿਵਿੰਗ ਰੂਮ ਚ ਆਇਆ ਤਾਂ ਉਸਨੇ ਦੇਖਿਆ, ਕਮਰੇ ਚ ਉਤਲੀ ਹੇਠਾਂ ਆਈ ਪਈ ਸੀਸੋਫੇ ਤੇ ਬੈਠੇ ਰਹਿ ਗਏ ਬਾਕੀ ਦੋ ਨਗ ਵੀ ਉਸ ਦੀ ਗ਼ੈਰ-ਹਾਜ਼ਰੀ ਵਿੱਚ ਮੌਕਾ ਤਾੜਦਿਆਂ 'ਅਈਥੇ ਈ ਠੀਕ ਆ' ਕਰ ਚੁੱਕੇ ਸਨਉਹ ਨਿੰਮਾ ਜਿਹਾ ਮੁਸਕਾਇਆ ਪਰ ਬੈਠਣ ਲਈ ਥੱਲੇ ਵੱਲ ਨਹੀਂ ਝੁਕਿਆਉਹ ਖੜ੍ਹਾ-ਖੜ੍ਹਾ ਘੜੀ ਵੱਲ ਦੇਖਣ ਲੱਗਾ ਤੇ ਫਿਰ ਬੋਲਿਆ, "ਚੰਗਾ ਜੀ ਮਹਾਰਾਜ, ਬਹੁਤ ਚਿਰ ਹੋ ਗਿਆ ਆਏ ਨੂੰ, ਮੈਂ ਤਾਂ ਹੁਣ ਚੱਲਦਾਂ।" ਇਸ ਤਰਾਂ ਸਾਰਿਆਂ ਨੂੰ ਸੋਫਿਆਂ ਤੋਂ ਭੁੰਜੇ ਲਾਹ ਕੇ ਲਾਡੀ ਤੁਰਦਾ ਬਣਿਆਸਾਰੇ ਜਣੇ ਕਦੇ ਇਕ ਦੂਜੇ ਵੱਲ ਤੇ ਕਦੇ ਖ਼ਾਲੀ ਸੋਫਿਆਂ ਵੱਲ ਬਿਟ-ਬਿਟ ਦੇਖ ਰਹੇ ਸਨ


Friday, April 2, 2010

ਬਲਬੀਰ ਸਿੰਘ ਮੋਮੀ - ਕਿਹੋ ਜਿਹਾ ਸੀ ਜੀਵਨ – ਸਵੈ-ਜੀਵਨੀ - ਕਿਸ਼ਤ - 19

ਇਮਤਿਹਾਨ ਦੀਆਂ ਤਿਆਰੀਆਂ

ਸਵੈ-ਜੀਵਨੀ - ਕਿਸ਼ਤ - 19

ਲੜੀ ਜੋੜਨ ਲਈ ਕਿਸ਼ਤ 18 ਪੜ੍ਹੋ ਜੀ।

ਮਾਸਟਰ ਚੰਬਾ ਰਾਮ ਨੇ ਇਕ ਦਿਨ ਫਾਰਸੀ ਨਾ ਆਉਣ ਕਾਰਨ ਮੈਨੂੰ ਕੁੱਟਿਆ ਤੇ ਕਲਾਸ ਵਿਚ ਖੜ੍ਹਾ ਰੱਖਿਆਭਾਵੇਂ ਮੈਟਰਿਕ ਪਾਸ ਕਰਨ ਦਾ ਮੇਰਾ ਮੀਡੀਅਮ ਉਰਦੂ ਸੀ ਅਤੇ ਫਾਰਸੀ ਦੇ ਅੱਖਰ ਜੋ ਉਰਦੂ ਦੀ ਪੜ੍ਹਾਈ ਵਿਚ ਕੰਮ ਆਉਂਦੇ ਸਨ, ਮੇਰੇ ਲਈ ਪੜ੍ਹਨੇ ਕੋਈ ਔਖੇ ਨਹੀਂ ਸਨਹਿਸਾਬ ਦੇ ਮਜ਼ਮੂਨ ਜ਼ੂਆ ਜ਼ਾਫਕਲ ਤੇ ਅਲਜ਼ੈਬਰਾ ਤੋਂ ਇਲਾਵਾ ਹਿਸਟਰੀ ਤੇ ਜਗਰਾਫੀਆ ਵੀ ਉਰਦੂ ਵਿਚ ਸਨਫਾਰਸੀ ਮੈਂ ਪੜ੍ਹ ਲਿਖ ਸਕਦਾ ਸਾਂ ਪਰ ਇਸਦੇ ਅਰਥ ਮੈਨੂੰ ਸਮਝ ਨਹੀਂ ਆਉਂਦੇ ਸਨਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਮੈਂ ਮਾਸਟਰ ਚੰਬਾ ਰਾਮ ਜੀ ਨੂੰ ਹੱਥ ਜੋੜ ਕੇ ਕਿਹਾ ਕਿ ਮੈਨੂੰ ਫਾਰਸੀ ਨਹੀਂ ਆਉਣੀ ਤੇ ਜੇ ਤੁਸੀਂ ਮੈਨੂੰ ਦੋਬਾਰਾ ਕੁੱਟੋਗੇ ਤਾਂ ਮੈਂ ਸਕੂਲੋਂ ਭੱਜ ਜਾਵਾਂਗਾਮੈਂ ਮਾਸਟਰ ਚੰਬਾ ਰਾਮ ਜੀ ਨੂੰ ਇਹ ਵੀ ਦੱਸਿਆ ਕਿ ਸਕੂਲ ਵਿਚ ਉਰਦੂ ਦਾ ਮਜ਼ਮੂਨ ਦਸਵੀਂ ਵਿਚੋਂ ਖ਼ਤਮ ਹੋ ਗਿਆ ਸੀ ਤੇ ਉਸਦੀ ਥਾਂ ਪੰਜਾਬੀ ਦੀਆਂ ਕਿਤਾਬਾਂ ਲੱਗ ਗਈਆਂ ਸਨ ਅਤੇ ਮੈਂ ਪੰਜਾਬੀ ਸਿੱਖ ਲਈ ਸੀਅਗਲੇ ਸਾਲ ਤੋਂ ਫਾਰਸੀ ਤੇ ਉਰਦੂ ਮੈਟਰਿਕ ਲੈਵਲ ਤੇ ਨਾ ਪੜ੍ਹਾਏ ਜਾਣ ਤੇ ਮਾਸਟਰ ਚੰਬਾ ਰਾਮ ਨੇ ਵੀ ਹਾਈ ਸਕੂਲ ਦੀ ਨੌਕਰੀ ਤੋਂ ਪ੍ਰਾਇਮਰੀ ਸਕੂਲ ਵਿਚ ਚਲੇ ਜਾਣਾ ਸੀ ਤੇ ਓਥੇ ਪੰਜਾਬੀ ਵਿਚ ਪੜ੍ਹਾਈ ਕਰਾਉਣੀ ਸੀਉਹ ਹੌਲੀ ਪੰਜਾਬੀ ਵੀ ਸਿੱਖ ਰਿਹਾ ਸੀਮਾਸਟਰ ਚੰਬਾ ਰਾਮ ਕਹਿਣ ਲੱਗਾ ਕਿ ਜੇ ਤੈਨੂੰ ਫਾਰਸੀ ਨਹੀਂ ਆਉਂਦੀ ਤਾਂ ਤੂੰ ਹਾਈਜਨ ਦਾ ਮਜ਼ਮੂਨ ਲੈ ਲਾ

-----

ਮੈਂ ਫਾਰਸੀ ਛੱਡ ਕੇ ਹਾਈਜਨ ਲੈ ਲਈ ਪਰ ਇਹ ਫਾਰਸੀ ਨਾਲੋਂ ਵੀ ਜ਼ਿਆਦਾ ਔਖੀ ਸੀਹਾਈਜਨ ਛੱਡ ਕੇ ਮੈਂ ਫਿਰ ਫਾਰਸੀ ਲੈ ਲਈ ਤੇ ਚੰਬਾ ਰਾਮ ਨੂੰ ਫਿਰ ਹੱਥ ਜੋੜ ਕੇ ਕਿਹਾ ਕਿ ਮਾਪਿਆਂ ਦਾ ਦੋ ਮਾਵਾਂ ਚੋਂ ਇਕੋ ਇਕ ਬੜਾ ਲਾਡਲਾ ਮੁੰਡਾ ਹਾਂਮੈਨੂੰ ਕੁੱਟ ਤੋਂ ਬਹੁਤ ਡਰ ਲਗਦਾ ਹੈਮੇਰਾ ਬਾਪੂ ਮੈਨੂੰ ਐਨਾ ਪਿਆਰ ਕਰਦਾ ਹੈ ਕਿ ਓਸ ਮੈਨੂੰ ਕਦੇ ਹੱਥ ਤਾਂ ਕੀ ਲਾਉਣਾ ਸੀ, ਕਦੇ ਝਿੜਕਿਆ ਤਕ ਵੀ ਨਹੀਂ ਸੀਵੇਖ ਲਓ ਮੈਂ ਪੰਜਾਬੀ ਵਿਚ ਕਹਾਣੀਆਂ ਲਿਖਦਾ ਹਾਂ ਅਤੇ ਮੇਰੀਆਂ ਕਹਾਣੀਆਂ ਪੰਜਾਬੀ ਦੇ ਕਈ ਮਸ਼ਹੂਰ ਰਸਾਲਿਆਂ ਵਿਚ ਛਪ ਚੁੱਕੀਆਂ ਹਨਜਦ ਮਾਸਟਰ ਚੰਬਾ ਰਾਮ ਨੇ ਮੈਨੂੰ ਛਪੀਆਂ ਕਹਾਣੀਆਂ ਲਿਆ ਕੇ ਵਿਖਾਉਣ ਲਈ ਕਿਹਾ ਤਾਂ ਮੈਂ ਅਗਲੇ ਦਿਨ ਰਸਾਲੇ ਲਿਆ ਕੇ ਵਿਖਾ ਦਿਤੇਮਾਸਟਰ ਚੰਬਾ ਰਾਮ ਨੂੰ ਅਜੇ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਸੀ ਤੇ ਮੈਂ ਉਸ ਨੁੰ ਕਹਾਣੀ ਸਦੀਵੀ ਚਾਨਣਪੜ੍ਹ ਕੇ ਸੁਣਾਈ ਜਿਸ ਵਿਚ ਇਕ ਅੰਨ੍ਹੇ ਮੰਗਤੇ ਮੰਗਤੀ ਦੇ ਚੰਗੀਆਂ ਭਲੀਆਂ ਅੱਖਾਂ ਵਾਲੇ ਮੁੰਡੇ ਨੂੰ ਸਕੂਲ ਵਿਚੋਂ ਕੱਢ ਦਿੱਤਾ ਜਾਂਦਾ ਹੈ ਕਿਉਂਕਿ ਉਸਦੇ ਨੀਵੀਂ ਜਾਤੀ ਦੇ ਅੰਨ੍ਹੇ ਮਾਪੇ, ਗ਼ਰੀਬ ਅਤੇ ਮੰਗਤੇ ਹਨਬੱਚੇ ਦੀ ਫੀਸ ਨਹੀਂ ਭਰ ਸਕਦੇਮੁੰਡੇ ਦਾ ਪਿਓ ਵਿਦਰੋਹ ਵਿਚ ਆ ਕੇ ਇਕ ਰਾਤ ਨੂੰ ਮੁੰਡੇ ਦੀਆਂ ਦੋਵੇਂ ਅੱਖਾਂ ਅੰਨ੍ਹੀਆਂ ਕਰ ਦੇਂਦਾ ਹੈ ਕਿ ਹੁਣ ਤੈਨੂੰ ਕੋਈ ਸੁਜਾਖੀਆਂ ਅੱਖਾਂ ਦਾ ਤਾਅਨਾ ਮਿਹਣਾ ਨਹੀਂ ਮਾਰੇਗਾ ਤੇ ਤੂੰ ਵੀ ਆਪਣੇ ਮਾਂ ਪਿਓ ਵਾਂਗ ਸਾਰੀ ਉਮਰ ਸੜਕਾਂ ਤੇ ਮੰਗ ਕੇ ਗੁਜ਼ਾਰਾ ਕਰਦਾ ਰਹੇਂਗਾ

-----

ਕਹਾਣੀ ਸੁਣ ਕੇ ਮਾਸਟਰ ਚੰਬਾ ਰਾਮ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਜਿੱਥੇ ਓਸ ਮੈਨੂੰ ਫਾਰਸੀ ਨਾ ਆਉਣ ਤੇ ਕੁੱਟਣ ਦੀ ਸਜ਼ਾ ਤੋਂ ਮੁਕਤ ਕਰ ਦਿਤਾ, ਓਥੇ ਆਪਣੀ ਉਰਦੂ ਵਿਚ ਲਿਖੀ ਇਕ ਲੰਮੀ ਕਹਾਣੀ ਕਿਸਮਤ ਕੇ ਕੜਛੇ ਪੰਜਾਬੀ ਵਿਚ ਅਨੁਵਾਦ ਕਰਨ ਲਈ ਦੇ ਦਿਤੀ ਜੋ ਮੈਂ ਕੁਝ ਦਿਨਾਂ ਵਿਚ ਪੰਜਾਬੀ ਵਿਚ ਤਰਜੁਮਾ ਕਰ ਕੇ ਜਦੋਂ ਪੜ੍ਹ ਮਾਸਟਰ ਚੰਬਾ ਰਾਮ ਨੂੰ ਸੁਣਾਈ ਤੇ ਓਸ ਮੈਨੂੰ ਬੜੀ ਸ਼ਾਬਾਸ਼ ਦਿਤੀ ਤੇ ਕਿਹਾ ਕਿ ਤੂੰ ਫਾਰਸੀ ਸਿੱਖਣ ਦੀ ਕੋਸ਼ਿਸ਼ ਕਰ ਕਿਓਂਕਿ ਫਾਰਸੀ ਦੇ ਮਜ਼ਮੂਨ ਵਿਚੋਂ ਪਾਸ ਹੋਣ ਨਾਲ ਤੇਰੀ ਮੈਟਰਿਕ ਵਿਚ ਡਿਵੀਜ਼ਨ ਬਣ ਜਾਵੇਗੀ ਜੋ ਸਾਰੀ ਉਮਰ ਕੰਮ ਆਵੇਗੀਉਸ ਨੇ ਇਹ ਵੀ ਦੱਸਿਆ ਕਿ ਫਾਰਸੀ ਵਿਚ ਬਹੁਤ ਉਮਦਾ ਕਿਸਮ ਦਾ ਸਾਹਿਤ ਹੈ ਖ਼ਾਸ ਕਰ ਨਜ਼ਮ ਅਤੇ ਗ਼ਜ਼ਲ ਆਦਿ ਤੋਂ ਇਲਾਵਾ ਫਾਰਸੀ ਦੀਆਂ ਹਕਾਇਤਾਂ ਵੀ ਬੜੀਆਂ ਜ਼ਬਰਦਸਤ ਹਨਫਾਰਸੀ ਵਿਚ ਬੜੇ ਵੱਡੇ ਵੱਡੇ ਲੇਖਕ ਜਿਵੇਂ ਸ਼ੇਖ ਸਾਅਦੀ ਵਗੈਰਾ ਹੋਏ ਹਨ ਜਿਨ੍ਹਾਂ ਦੀਆਂ ਰਚਨਾਵਾਂ ਪੜ੍ਹਨ ਵਾਲੀਆਂ ਹਨਮਾਸਟਰ ਚੰਬਾ ਰਾਮ ਦੀ ਗੱਲ ਬਿਲਕੁਲ ਠੀਕ ਸੀ ਕਿਉਂਕਿ ਓਸ ਜ਼ਮਾਨੇ ਵਿਚ ਦਸਵੀਂ ਤੋਂ ਅੱਗੇ ਬਹੁਤ ਘੱਟ ਲੋਕ ਪੜ੍ਹਾਈ ਕਰਿਆ ਕਰਦੇ ਸਨ ਅਤੇ ਚੰਗੇ ਨੰਬਰਾਂ ਵਿਚ ਦਸਵੀਂ ਪਾਸ ਕਰ ਕੇ ਰੇਲਵੇ, ਟੈਲੀਫੋਨ, ਪੋਸਟ ਆਫਸ, ਪੁਲਿਸ, ਕਨਾਲ ਡੀਪਾਰਟਮੈਂਟ, ਵਿਦਿਆ ਵਿਭਾਗ ਜਾਂ ਮਾਲ ਵਿਭਾਗ ਵਿਚ ਪਟਵਾਰੀ ਆਦਿ ਦੀ ਨੌਕਰੀ ਲੱਭ ਲੈਂਦੇ ਸਨਕਿਸੇ ਹੋਰ ਮਹਿਕਮੇ ਜਿਵੇਂ ਫੌਜ ਆਦਿ ਵਿਚ ਭਰਤੀ ਹੋਣ ਲਈ ਵੀ ਦਸਵੀਂ ਪਾਸ ਹੋਣਾ ਕਾਫੀ ਜ਼ਰੂਰੀ ਸੀਮੈਂ ਉਹਨਾਂ ਨਾਲ ਵਾਅਦਾ ਕੀਤਾ ਕਿ ਮੈਂ ਫਾਰਸੀ ਸਿੱਖਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ

-----

ਭਾਵੇਂ ਮੈਂ ਫਾਰਸੀ ਤਾਂ ਪੂਰੀ ਤਰ੍ਹਾਂ ਸਿੱਖ ਨਾ ਸਕਿਆ ਪਰ ਜਦ ਗੁਰੂ ਨਾਨਕ ਦੇਵ ਯਨੀਵਰਸਿਟੀ ਵਿਚ ਲੈਕਚਰਰ ਲਗਣ ਲਈ ਬੀ. ਏ. ਐਡੀਸ਼ਨਲ ਫਾਰਸੀ ਜਾਂ ਸੰਸਕ੍ਰਿਤ ਦੀ ਡਿਗਰੀ ਦੀ ਲੋੜ ਪਈ ਤਾਂ ਫਾਰਸੀ ਦੀ ਡਿਗਰੀ ਵਿਚ ਮੇਰੇ ਨੰਬਰ ਸਭ ਤੋਂ ਜ਼ਿਆਦਾ ਸਨਫਾਰਸੀ ਦੀ ਅਹਿਮੀਅਤ ਹਿੰਦੋਸਤਾਨ ਵਿਚ ਬਹੁਤ ਰਹੀ ਸੀਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਲਗ ਭਗ ਹਜ਼ਾਰ ਸਾਲ ਤਕ ਹਿੰਦੋਸਤਾਨ ਦੀ ਸਰਕਾਰੀ ਬੋਲੀ ਫਾਰਸੀ ਸੀਇਥੋਂ ਤਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਵੀ ਸਰਕਾਰੀ ਬੋਲੀ ਫਾਰਸੀ ਸੀ ਅਤੇ ਸਰਕਾਰੀ ਫੁਰਮਾਨ ਫਾਰਸੀ ਵਿਚ ਹੁੰਦੇ ਸਨਜਿਸ ਨੂੰ ਫਾਰਸੀ ਆਉਂਦੀ ਸੀ, ਉਹਨੂੰ ਸਰਕਾਰੇ ਦਰਬਾਰੇ ਕੰਮ ਮਿਲ ਜਾਂਦਾ ਸੀਹੁਣ ਵੀ ਜਦ ਪਿਛਲੇ ਕੁਝ ਸਾਲਾਂ ਤੋਂ ਅਫ਼ਗਾਨਿਸਤਾਨ ਅਤੇ ਇਰਾਕ ਨਾਲ ਪੰਗਾ ਪਿਆ ਹੋਇਆ ਹੈ ਤਾਂ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਵੀ ਜਿਨ੍ਹਾਂ ਨੂੰ ਫਾਰਸੀ ਅਤੇ ਅਰਬੀ ਆਉਂਦੀ ਸੀ, ਉਹਨਾਂ ਨੂੰ ਨਾਰਥ ਅਮਰੀਕਾ ਦੇ ਪੋਲੀਸ ਦੇ ਕੁਝ ਖ਼ੁਫ਼ੀਆ ਅਤੇ ਗ਼ੈਰ-ਖ਼ੁਫ਼ੀਆ ਮਹਿਕਮਿਆਂ ਵੱਲੋਂ ਇੰਟਰਪਰੈਟਰ ਆਦਿ ਦਾ ਕੰਮ ਸੌਖਾ ਮਿਲ ਜਾਂਦਾ ਸੀਮੁਸਲਿਮ ਮੁਲਕਾਂ ਨਾਲ ਲੱਗੀ ਲੜਾਈ ਨੇ ਫਾਰਸੀ ਅਤੇ ਅਰਬੀ ਦੀ ਜਾਣਕਾਰੀ ਹੋਣ ਵਿਚ ਸੋਨੇ ਤੇ ਸੁਹਾਗੇ ਦਾ ਕੰਮ ਕਰ ਦਿੱਤਾ ਹੈ

------

1950 ਦਾ ਅਕਤੂਬਰ ਬੀਤ ਗਿਆ ਸੀਦਸਵੀਂ ਦੇ ਇਮਤਿਹਾਨ ਤਾਂ ਮਾਰਚ 1951 ਵਿਚ ਹੋਣੇ ਸਨਨਵੰਬਰ ਤੋਂ ਫਰਵਰੀ ਤਕ ਚਾਰ ਮਹੀਨੇ ਸਖ਼ਤ ਪੜ੍ਹਾਈ ਦੇ ਦਿਨ ਸਨਗੋਨਿਆਣਾ ਮੰਡੀ ਤੋਂ ਨਹਿਰੋਂ ਪਰ੍ਹੇ ਮਹਿਮੇ ਪਿੰਡ ਦੇ ਸਰਦਾਰਾਂ ਦੇ ਮੁੰਡੇ ਭਰਪੂਰ ਬਰਾੜ ਤੇ ਹਰਫੂਲ ਬਰਾੜ ਮੇਰੇ ਜਮਾਤੀ ਸਨ ਅਤੇ ਸ਼ਾਹਾਂ ਦਾ ਦਲਬੇਰ ਵੀਦਲਬੇਰ ਦਾ ਚੁਬਾਰਿਆਂ ਵਾਲਾ ਘਰ ਤਾਂ ਗੋਨਿਆਣਾ ਮੰਡੀ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਪੈਂਦਾ ਸੀ ਤੇ ਮੈਂ ਅਕਸਰ ਆਪਣਾ ਬਸਤਾ ਤੇ ਹੋਰ ਕੋਈ ਸਾਮਾਨ ਉਹਦੀ ਦੁਕਾਨ ਵਿਚ ਹੀ ਰੱਖਦਾ ਹੁੰਦਾ ਸਾਂਬਹੁਤ ਪਿਛੋਂ ਪਤਾ ਲੱਗਾ ਕਿ ਭਰਪੂਰ ਤਾਂ ਅਮਰੀਕਾ ਚਲਾ ਗਿਆ ਸੀ ਤੇ ਹਰਫੂਲ ਚੰਡੀਗੜ੍ਹ ਵਿਚ ਹਾਈ ਕੋਰਟ ਦਾ ਸਰਕਾਰੀ ਵਕੀਲ ਬਣ ਗਿਆ ਸੀਅਲਬੇਲ ਜਿਸ ਨੇ ਜੈਵਨਲ ਥਰੋ ਵਿਚ ਆਪਣਾ ਨਾਂ ਪੈਦਾ ਕੀਤਾ ਸੀ, ਰੇਲਵੇ ਵਿਚ ਪਲੇਟੀਅਰ ਲੱਗ ਗਿਆ ਸੀਦਸਵੀਂ ਪਾਸ ਕਰਨ ਤੋਂ ਬਾਅਦ ਅਲਬੇਲ ਡੀ. ਸੀ. ਜੈਨ ਕਾਲਜ ਫਿਰੋਜ਼ਪੁਰ ਛਾਉਣੀ ਐਫ. ਏ. ਵਿਚ ਦਾਖਲ ਹੋਇਆ ਸੀ ਤੇ ਮੈਂ ਆਰ ਐਸ ਡੀ ਕਾਲਜ ਫਿਰੋਜ਼ਪੁਰ ਸ਼ਹਿਰ ਵਿਚ

-----

ਮੈਂ ਆਪਣੇ ਆਪ ਨੂੰ ਵਧ ਤੋਂ ਵਧ ਪੜ੍ਹਾਈ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਸਾਂ ਤੇ ਮਹਿਤੇ ਕਈ ਵਾਰ ਮਹੀਨੇ ਵਿਚ ਮਸਾਂ ਇਕ ਵਾਰ ਹੀ ਜਾਂਦਾ ਸਾਂਮਹਿਤੇ ਤੋਂ ਮੁੜ ਕੇ ਮਹਿਕ ਦੀਆਂ ਨੀਵੀਆਂ ਅੱਖਾਂ ਤੇ ਬੁੱਲ੍ਹੀਆਂ ਦੀ ਹਲਕੀ ਮੁਸਕਾਨ ਮੈਨੂੰ ਕਈ ਕਈ ਦਿਨ ਚੇਤੇ ਆਉਂਦੀ ਰਹਿੰਦੀ ਸੀ ਅਤੇ ਕਈ ਵਾਰ ਉਹਦਾ ਖ਼ੂਬਸੂਰਤ ਚਿਹਰਾ ਕਿਤਾਬ ਦੇ ਸਫ਼ਿਆਂ ਵਿਚ ਆ ਕੇ ਖਲੋਅ ਜਾਂਦਾ ਸੀਪਰ ਹੁਣ ਮੈਂ ਬਠਿੰਡੇ ਪਿਕਚਰਾਂ ਵੇਖਣ ਵੀ ਘੱਟ ਜਾਂਦਾ ਸਾਂਦਸੰਬਰ ਦੀਆਂ ਛੁੱਟੀਆਂ ਵਿਚ ਵੀ ਮੈਂ ਮਹਿਤੇ ਜਾਣ ਦੀ ਬਜਾਏ ਗੁਦੜਢੰਡੀ ਪਿੰਡ ਦੇ ਬੇਰੀਆਂ ਵਾਲੇ ਖੂਹ ਤੇ ਚਲਾ ਗਿਆ ਸਾਂਸਾਡੇ ਰਾਏ ਸਿੱਖ ਮੁਜ਼ਾਰਿਆਂ ਦੀਆਂ ਔਰਤਾਂ ਨੇ ਮੇਰੇ ਲਈ ਘਿਉ ਵੀ ਜੋੜ ਰਖਿਆ ਸੀਪਰ ਬੇਰੀਆਂ ਵਾਲੇ ਖੂਹ ਵਾਲਾ ਕੱਚਾ ਕੋਠਾ ਜਿਸ ਵਿਚ ਨਾ ਕੋਈ ਬਾਰੀ ਸੀ, ਨਾ ਰੌਸ਼ਨਦਾਨ ਤੇ ਨਾ ਹੀ ਕੋਈ ਮੋਘਾਇਸ ਕੋਠੇ ਅੰਦਰ ਦਿਨੇ ਵੀ ਹਨੇਰਾ ਰਹਿੰਦਾ ਸੀ ਅਤੇ ਚੂਹੇ ਆਮ ਭੱਜੇ ਫਿਰਦੇ ਸਨਇਹ ਚੂਹੇ ਪਲ਼ੇ ਹੋਏ ਵੀ ਬੜੇ ਸਨ ਧਾਈਆਂ ਦੀਆਂ ਬੋਰੀਆਂ ਕੁਤਰ ਦਿੰਦੇ ਸਨ ਅਤੇ ਕਪਾਹ ਵੀ ਖਾ ਜਾਂਦੇ ਸਨਇਸ ਕੋਠੇ ਦੇ ਇਕ ਪਾਸੇ ਕਣਕ ਦੇ ਭੜੋਲੇ ਸਨ ਜਿਨ੍ਹਾਂ ਵਿਚੋਂ ਅਜੀਬ ਕਿਸਮ ਦੀ ਹਵਾੜ ਆਉਂਦੀ ਸੀਇਸ ਹਨੇਰੇ ਕੋਠੇ ਵਿਚ ਰਾਏ ਸਿੱਖਾਂ ਦੀਆਂ ਪੁਰਾਣੀਆਂ ਅਣਧੋਤੀਆਂ ਰਜਾਈਆਂ ਤਲਾਈਆਂ ਤੇ ਜੁੱਲਿਆਂ ਵਿਚ ਹਫ਼ਤਾ ਭਰ ਸੌਂ ਕੇ ਮੇਰੇ ਸਿਰ ਵਿਚ ਜੂੰਆਂ ਪੈ ਗਈਆਂ ਸਨਸਿਰ ਵਿਚ ਬਹੁਤ ਖਾਰਸ਼ ਹੁੰਦੀ ਸੀਮਹਿਤੇ ਆਇਆਂ ਇਹ ਜੂੰਆਂ ਮੇਰੀ ਮਾਂ ਨੇ ਬੜੇ ਵਖ਼ਤਾਂ ਨਾਲ ਮੇਰੇ ਸਿਰ ਵਿਚੋਂ ਕੱਢੀਆਂ ਤੇ ਨਹੁੰਆਂ ਤੇ ਰੱਖ ਰੱਖ ਕੇ ਮਾਰੀਆਂ ਸਨ ਤੇ ਬੜੀ ਬਾਰੀਕ ਲੀਖਾਂ ਵਾਲੀ ਲੱਕੜ ਦੀ ਕੰਘੀ ਨਾਲ ਮੇਰਾ ਸਿਰ ਵਾਹ ਵਾਹ ਕੇ ਮੇਰੀਆਂ ਚੀਕਾਂ ਕਢਾ ਦਿੱਤੀਆਂ ਸਨਧੁੱਪੇ ਬਿਠਾ ਕੇ ਜਦੋਂ ਮਾਂ ਮੇਰੇ ਸਿਰ ਵਿਚੋਂ ਜੂੰਆਂ ਕੱਢ ਕੱਢ ਕੇ ਮਾਰਦੀ ਤਾਂ ਜੂੰਆਂ ਮਰਦੀਆਂ ਵੇਖ ਮਹਿਕ ਦੀਆਂ ਬੁੱਲ੍ਹੀਆਂ ਵਿਚ ਹਾਸਾ ਆ ਜਾਂਦਾਮੇਰਾ ਜੀਅ ਕਰਦਾ ਸੀ ਕਿ ਮਹਿਕ ਵੀ ਮੇਰੇ ਸਿਰ ਵਿਚੋਂ ਜੂੰਆਂ ਕੱਢੇ ਪਰ ਮਾਂ ਨੇ ਸ਼ਾਇਦ ਸ਼ਰਮ ਦੇ ਮਾਰੇ ਉਹਨੂੰ ਨਾ ਕਿਹਾ ਕਿ ਉਹਦਾ ਜਵਾਨ ਜਹਾਨ ਪੁੱਤ ਨਵੀਂ ਅਲਾਟ ਹੋਈ ਜ਼ਮੀਨ ਦੇ ਬੇਰੀਆਂ ਵਾਲੇ ਖੂਹ ਤੋਂ ਸਿਰ ਵਿਚ ਜੂੰਆਂ ਪਵਾ ਲਿਆਇਆ ਸੀ

-----

ਬਾਪੂ ਜੋ ਹੁਣ ਬਹੁਤਾ ਬੇਰੀਆਂ ਵਾਲੇ ਖੂਹ ਤੇ ਰਹਿਣ ਲੱਗ ਪਿਆ ਸੀ, ਨੇ ਮਹਿਤੇ ਤੋਂ ਹੌਲੀ ਹੌਲੀ ਘਰ ਦਾ ਸਾਮਾਨ ਗੁੱਦੜ ਢੰਡੀ ਪੁਚਾਉਣਾ ਸ਼ੁਰੂ ਕਰ ਦਿਤਾ ਸੀਅੰਤਲੇ ਦਿਨਾਂ ਵਿਚ ਤਾਂ ਸਾਡੇ ਮੁਜ਼ਾਰੇ ਹਾਕੂ ਤੇ ਕਾਲੂ ਰਾਏ ਸਿੱਖ ਇਕ ਵਾਰ ਫਿਰ ਮਹਿਤੇ ਆ ਕੇ ਬਾਕੀ ਦਾ ਸਾਰਾ ਮਾਲ ਡੰਗਰ ਤੇ ਕੁਝ ਖੋਤੀਆਂ ਤੋਰ ਕੇ ਬੇਰੀਆਂ ਵਾਲੇ ਖੂਹ ਤੇ ਲੈ ਗਏ ਸਨਘਰ ਦਾ ਕਾਫੀ ਸਾਮਾਨ ਉਹਨਾਂ ਪਸੂਆਂ ਅਤੇ ਖੋਤੀਆਂ ਦੀਆਂ ਵਹਿੰਗੀਆਂ ਤੇ ਲੱਦ ਲਿਆ ਸੀਮੇਰੀ ਮਾਂ ਤੇ ਭੈਣਾਂ ਵੀ ਮਹਿਤਾ ਛੱਡਣ ਦੀ ਤਿਆਰੀ ਵਿਚ ਸਨ ਪਰ ਮੇਰੇ ਦਸਵੀਂ ਦੇ ਪੇਪਰਾਂ ਤੱਕ ਰੁਕੀਆਂ ਹੋਈਆਂ ਸਨਕਾਫੀ ਸਾਮਾਨ ਤਾਂ ਪਹਿਲਾਂ ਹੀ ਗੁਦੜ ਢੰਡੀ ਪਹੁੰਚ ਚੁੱਕਾ ਸੀਇਸ ਵਾਰ ਬਾਪੂ ਨੇ ਬੜੀ ਖ਼ੁਸ਼ੀ ਨਾਲ ਦਸਿਆ ਕਿ ਤੇਰੇ ਤਾਏ ਬੇਲਾ ਸਿੰਘ ਦਾ ਲੜਕਾ ਦਲੀਪ ਸਿੰਘ ਮੋਮੀ ਇਕ ਦਿਨ ਫਿਰੋਜ਼ਪੁਰ ਕਚਹਿਰੀਆਂ ਵਿਚ ਮਿਲ ਗਿਆ ਸੀਉਹ ਫਿਰੋਜ਼ਪੁਰ ਐਗਰੀਕਲਚਰ ਇਨਸਪੈਕਟਰ ਲੱਗਾ ਹੋਇਆ ਹੈਜਦੋਂ ਉਹਨੂੰ ਪਤਾ ਲੱਗਾ ਕਿ ਗੁਦੜਢੰਡੀ ਪਿੰਡ ਵਿਚ ਜ਼ਮੀਨ ਦੀ ਪੱਕੀ ਅਲਾਟਮੈਂਟ ਹੋ ਗਈ ਹੈ ਤਾਂ ਬੜਾ ਖ਼ੁਸ਼ ਹੋਇਆਇਹ ਇਲਾਕਾ ਉਹਦੇ ਹਲਕੇ ਵਿਚ ਹੀ ਪੈਂਦਾ ਹੈਬਾਪੂ ਨੇ ਦੱਸਿਆ ਕਿ ਦਲੀਪ ਸਿੰਘ ਮੋਮੀ ਮਖੂ ਗੇਟ ਦੇ ਅੰਦਰਵਾਰ ਮਹਿਰਿਆਂ ਵਾਲੀ ਬਸਤੀ ਵਿਚ ਰਹਿੰਦਾ ਹੈਮੱਝ ਵੀ ਰੱਖੀ ਹੋਈ ਆ ਤੇ ਤੇਰੀ ਭਰਜਾਈ ਵੀ ਤੈਨੂੰ ਬਹੁਤ ਯਾਦ ਕਰਦੀ ਆਕਹਿੰਦੀ ਪਾਕਿਸਤਾਨ ਬਣਨ ਤੋਂ ਪਹਿਲਾਂ ਜਦ ਉਹਨੇ ਮੈਨੂੰ ਵੇਖਿਆ ਸੀ ਤਾਂ ਮੈਂ ਓਦੋਂ ਛੋਟਾ ਜਿਹਾ ਸਾਂਮੈਨੂੰ ਯਾਦ ਹੈ ਕਿ ਜਦੋਂ ਉਹਨੂੰ ਵਿਆਹ ਕੇ ਲਿਆਏ ਸਾਂ ਤਾਂ ਹੋਰਨਾਂ ਦਿਓਰਾਂ ਵਾਂਗ ਮੈਂ ਵੀ ਉਹਦੀ ਝੋਲੀ ਵਿਚ ਬੈਠਾ ਸਾਂਵੈਸੇ ਮੈਨੂੰ ਏਨਾ ਯਾਦ ਸੀ ਕਿ ਜਦੋਂ ਭਰਾ ਦਲੀਪ ਸਿੰਘ ਦਾ ਵਿਆਹ ਹੋਇਆ ਸੀ ਤੇ ਜੰਞ ਤਰਨ ਤਾਰਨ ਲਾਗੇ ਪਿੰਡ ਫਤਹਿਆ ਬਾਦ ਢੁੱਕੀ ਸੀ ਤਾਂ ਮੈਂ ਭਰਾ ਦੀ ਜੰਞੇ ਗਿਆ ਸਾਂਓਦੋਂ ਮੈਂ ਮਸਾਂ ਨੌਂ ਜਾਂ ਦਸਾਂ ਸਾਲਾਂ ਦਾ ਹੋਵਾਂਗਾਮੈਨੂੰ ਬੜੀ ਖ਼ੁਸ਼ੀ ਹੋਈ ਕਿ ਸਾਡੇ ਸ਼ਰੀਕੇ ਚੋਂ ਭਾਵ ਮੇਰੇ ਤਾਏ ਬੇਲਾ ਸਿੰਘ ਦਾ ਪੁੱਤਰ ਦਲੀਪ ਸਿੰਘ ਮੋਮੀ ਫਿਰੋਜ਼ਪੁਰ ਅਫ਼ਸਰ ਲੱਗਾ ਹੋਇਆ ਸੀਬਾਪੂ ਇਕ ਰਾਤ ਭਰਾ ਦਲੀਪ ਸਿੰਘ ਮੋਮੀ ਦੇ ਮਹਿਰਿਆਂ ਵਾਲੀ ਬਸਤੀ ਵਾਲੇ ਘਰ ਰਹਿ ਵੀ ਆਇਆ ਸੀਭਰਾ ਦਲੀਪ ਸਿੰਘ ਕਹਿੰਦਾ ਸੀ ਕਿ ਜਦ ਮੈਂ ਇਮਤਿਹਾਨ ਦੇ ਕੇ ਪਿੰਡ ਜਾਣ ਲਈ ਫਿਰੋਜ਼ਪੁਰ ਆਵਾਂ ਤਾਂ ਕੁਝ ਦਿਨ ਉਹਨਾਂ ਦੇ ਘਰ ਜ਼ਰੂਰ ਰਹਾਂਉਹਨਾਂ ਦੇ ਬੱਚਿਆਂ ਨਾਲ਼ ਖੇਡਾਂ ਤੇ ਰਚ-ਮਿਚ ਜਾਵਾਂਆਰ ਐਸ ਡੀ ਕਾਲਜ ਵੀ ਉਹਨਾਂ ਦੇ ਘਰ ਦੇ ਬਹੁਤ ਨੇੜੇ ਭਾਵ ਮਖੂ ਗੇਟ ਦੇ ਬਾਹਰ ਵਾਲੇ ਪਾਸੇ ਸੀ ਤੇ ਉਹ ਮੈਨੂੰ ਆਪਣੀ ਦੇਖ-ਰੇਖ ਹੇਠ ਕਾਲਜ ਵਿਚ ਦਾਖਲ ਵੀ ਕਰਵਾ ਦੇਣਗੇਬਾਪੂ ਕੋਲੋਂ ਇਹ ਸਾਰੀਆਂ ਗੱਲਾਂ ਸੁਣ ਕੇ ਮੇਰੇ ਮਨ ਅੰਦਰ ਖ਼ੁਸ਼ੀ ਦੇ ਲਡੂ ਭੁਰ ਰਹੇ ਸਨਸ਼ੇਖ਼ ਚਿਲੀ ਵਾਂਗ ਮੈਂ ਮਨ ਹੀ ਮਨ ਵਿਚ ਉਡੀਕ ਕਰ ਰਿਹਾ ਸਾਂ ਤੇ ਹਵਾਈ ਕਿਲੇ ਬਣਾ ਰਿਹਾ ਸਾਂ ਕਿ ਮੈਂ ਕਦ ਫਿਰੋਜ਼ਪੁਰ ਪਹੁੰਚਾਂਗਾ ਤੇ ਜਾ ਕੇ ਆਪਣੇ ਤਾਏ ਦੇ ਲੜਕੇ ਨੂੰ ਮਿਲਾਂਗਾ

******

ਚਲਦਾ